ਜਮਹੂਰੀਅਤ ਦੀ ਬਹਾਲੀ ਲਈ ਜੰਗਾਂ ਦੀ ਦਹਿਸ਼ਤਗਰਦੀ •ਰੌਸ਼ਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਸਾਲ ਦੀ ਇੱਕ ਅਮਰੀਕੀ ਰਿਪੋਰਟ ਮੁਤਾਬਕ 11 ਸਤੰਬਰ 2001 ਤੋਂ ਬਾਅਦ ਅਮਰੀਕੀ ਜੰਗਾਂ ‘ਚ 13 ਲੱਖ ਲੋਕ ਮਾਰੇ ਗਏ ਹਨ। ਪਰ ਪੱਤਰਕਾਰ ਨਫੀਜ ਅਹਿਮਦ ਨੇ ਆਪਣੀ ਇੱਕ ਰਿਪੋਰਟ ‘ਚ ਖੁਲਾਸਾ ਕੀਤਾ ਹੈ ਕਿ ਇਹ ਅੰਕੜੇ ਅਧੂਰੇ ਹਨ ਤੇ ਅਮਰੀਕਾ ਵੱਲੋਂ ਥੋਪੀਆਂ ਜੰਗਾਂ ਕਾਰਨ ਹੁਣ ਤੱਕ 40 ਲੱਖ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਉਸਨੇ ਦੱਸਿਆ ਕਿ ਮਿਸਾਲ ਵਜੋਂ ਇਰਾਕ ਦੇ ਸ਼ਹਿਰ ਨਜਾਫ ‘ਚ ਅਮਰੀਕੀ ਅੰਕੜੇ ਸਿਰਫ 1354 ਮੌਤਾਂ ਵਿਖਾਉਂਦੇ ਹਨ। ਜਦਕਿ ਇਰਾਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਉੱਥੇ 40,000 ਸਿਪਾਹੀ ਦਫਨਾਏ ਜਾ ਚੁੱਕੇ ਹਨ। ਇਸ ਮਾਮਲੇ ਚ ਅਮਰੀਕੀ ਅੰਕੜਿਆਂ ਨਾਲੋਂ ਅਸਲ ਅੰਕੜੇ 30 ਗੁਣਾ ਵੱਧ ਹਨ। ਜੇ ਦੂਜੀ ਸੰਸਾਰ ਜੰਗ ਤੋਂ ਬਾਅਦ ਦੀ ਗੱਲ ਕਰੀਏ ਤਾਂ ਅਮਰੀਕਾ ਵੱਲੋਂ ਵੱਖ-ਵੱਖ ਦੇਸ਼ਾਂ ਚ ਥੋਪੀਆਂ ਜੰਗਾਂ ‘ਚ 3 ਕਰੋੜ ਲੋਕ ਮਾਰੇ ਜਾ ਚੁੱਕੇ ਹਨ।

ਨਫੀਜ ਅਹਿਮਦ ਦਾ ਕਹਿਣਾ ਹੈ ਕਿ ਸਿਰਫ ਇਰਾਕ ਤੇ ਅਫਗਾਨਿਸਤਾਨ ਦੀ ਜੰਗ ਵਿੱਚ ਮਾਰੇ ਗਏ ਲੋਕਾਂ ਦੀ ਹੀ ਗਿਣਤੀ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਉੱਪਰ ਲੱਗੀਆਂ ਪਾਬੰਦੀਆਂ ਕਾਰਨ ਮਾਰੇ ਗਏ ਲੋਕਾਂ ਨੂੰ ਵੀ ਜੰਗ ਦੇ ਖਾਤੇ ਪਾਇਆ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਵੀ ਇਕੱਲੇ ਇਰਾਕ ‘ਚ 17 ਲੱਖ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਜਿਹਨਾਂ ਵਿੱਚੋਂ ਅੱਧੇ ਬੱਚੇ ਹਨ। ਸਭ ਤੋਂ ਵੱਧ ਮੌਤਾਂ ਇਰਾਕ ਤੇ ਅਫਗਾਨਿਸਤਾਨ ਦੀ ਜੰਗ ਦੌਰਾਨ ਹੋਈਆਂ ਹਨ। ਅਮਰੀਕਾ ਵੱਲੋਂ ਕਤਲ ਕੀਤੇ ਇਹਨਾਂ 40 ਲੱਖ ਲੋਕਾਂ ‘ਚ ਸਿੱਧੀ ਮੁੱਠਭੇੜ ‘ਚ ਮਾਰੇ ਗਏ ਵਿਰੋਧੀ ਜਾਂ ਦਹਿਸ਼ਤਗਰਦ ਥੋੜੇ ਹਨ ਤੇ ਬਹੁਤੇ ਆਮ ਨਿਹੱਥੇ ਲੋਕ ਹਨ ਜਿਹਨਾਂ ਦੀ ਨਸਲਕੁਸ਼ੀ ਕੀਤੀ ਗਈ ਹੈ। ਆਪਣੇ ਬਦਨਾਮ ਡਰੋਨ ਹਮਲਿਆਂ ਵਿੱਚ ਵੀ ਅਮਰੀਕਾ ਨੇ ਬੇਦੋਸ਼ੇ ਲੋਕਾਂ ਦਾ ਬਹੁਤ ਲਹੂ ਵਹਾਇਆ ਹੈ।

ਇਹਨਾਂ ਮੌਤਾਂ ਤੋਂ ਬਿਨਾਂ ਜਿਹੜੇ ਦੇਸ਼ਾਂ ‘ਚ ਅਮਰੀਕਾ ਦਾ ਅਸਿੱਧਾ ਦਖਲ ਹੈ ਉੱਥੇ ਵੀ ਅਮਰੀਕਾ ਨੇ ਆਪਣੇ ਹਿੱਤਾਂ ਲਈ ਲੱਖਾਂ ਲੋਕਾਂ ਦਾ ਲਹੂ ਵਹਾਇਆ ਹੈ। ਸੀਰੀਆ ਤੇ ਫਿਲਸਤੀਨ ਇਸਦੀਆਂ ਦੋ ਵੱਡੀਆਂ ਉਦਾਹਰਨਾਂ ਹਨ। ਇਹਨਾਂ ਦੋਵਾਂ ਮੁਲਕਾਂ ਦੇ ਲੋਕ ਅੱਜ ਵੀ ਅਮਰੀਕਾ ਦੀ ਸਾਮਰਾਜੀ ਦਖਲਅੰਦਾਜ਼ੀ ਕਾਰਨ ਇੱਕ ਖੌਫਨਾਕ ਜ਼ਿੰਦਗੀ ਜਿਉਂ ਰਹੇ ਹਨ। ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਸੀਰੀਆ ‘ਚੋਂ ਉੱਜੜ ਰਹੇ ਲੋਕ ਸਮੁੰਦਰ ‘ਚ ਡੁੱਬ ਕੇ ਜਾਨ ਗਵਾ ਰਹੇ ਹਨ, ਬੱਚਿਆਂ ਦੀ ਲਾਸ਼ਾਂ ਸਮੁੰਦਰ ਦੇ ਕੰਢਿਆਂ ‘ਤੇ ਰੁਲ ਰਹੀਆਂ ਹਨ।

ਆਪਣੇ-ਆਪ ਨੂੰ ਜਮਹੂਰੀਅਤ ਦਾ ਸਭ ਤੋਂ ਵੱਡਾ ਠੇਕੇਦਾਰ ਦੱਸਣ ਵਾਲੇ ਅਮਰੀਕਾ ਆਪਣੀਆਂ ਇਹ ਸਭ ਕਾਰਵਾਈਆਂ ਦਹਿਸ਼ਗਰਦੀ ਵਿਰੋਧੀ ਜੰਗ ਤੇ ਜਮਹੂਰੀਅਤ ਦੀ ਬਹਾਲੀ ਦੇ ਨਾਮ ‘ਤੇ ਕਰਦਾ ਹੈ। ਪਰ ਪਿਛਲੇ ਸਮਿਆਂ ‘ਚ ਅਮਰੀਕਾ ਨੇ ਜਿੰਨੇ ਬੇਦੋਸ਼ੇ ਲੋਕਾਂ ਦਾ ਲਹੂ ਵਹਾਇਆ ਹੈ ਉਸ ਤੋਂ ਇਹ ਸਾਫ ਹੋ ਗਿਆ ਹੈ ਕਿ ਇਹ ਦਹਿਸ਼ਗਤਰਦੀ ਵਿਰੋਧੀ ਜੰਗ ਨਹੀਂ ਹੈ ਸਗੋਂ ਆਪਣੇ ਮੁਫਾਦ ਲਈ ਕੀਤੀ ਜਾ ਰਹੀ ਦਹਿਸ਼ਤਗਰਦੀ ਹੈ। ਅਮਰੀਕਾ ਅੱਜ ਜਿਹੜੀਆਂ ਇਸਲਾਮਿਕ ਕੱਟੜਪੰਥੀ ਦਹਿਸ਼ਤਰਦ ਤਾਕਤਾਂ ਖਿਲਾਫ ਲੜਨ ਦਾ ਦਾਅਵਾ ਕਰ ਰਿਹਾ ਹੈ ਉਹਨਾਂ ਵਿੱਚੋਂ ਬਹੁਤੀਆਂ ਤਾਂ ਖੁਦ ਅਮਰੀਕਾਂ ਦੀਆਂ ਹੀ ਖੜੀਆਂ ਕੀਤੀਆਂ ਹੋਈਆਂ ਹਨ ਤੇ ਕਈਆਂ ਨੂੰ ਹਾਲੇ ਵੀ ਅਮਰੀਕਾ ਵੱਲੋਂ ਫੌਜੀ ਤੇ ਆਰਥਿਕ ਇਮਦਾਦ ਦਿੱਤੀ ਜਾ ਰਹੀ ਹੈ। ਇਹ ਤਾਂ ਅੱਜ ਜੱਗ ਜਾਹਿਰ ਹੈ ਕਿ ਸਤੰਬਰ 2001 ਦਾ ਹਮਲਾ ਕਰਨ ਵਾਲਾ ਉਸਾਮਾ ਬਿਨ ਲਾਦਿਨ ਅਮਰੀਕਾ ਦੀ ਹੀ ਆਪਣੇ ਸਾਮਰਾਜੀ ਹਿੱਤਾਂ ਲਈ ਪੈਦਾ ਕੀਤਾ ਦੈਂਤ ਸੀ। 2001 ਦੇ ਹਮਲੇ ਨੂੰ ਅਧਾਰ ਬਣਾ ਕੇ ਮੁਸਲਿਮ ਲੋਕਾਂ ਨੂੰ ਸਭ ਤੋਂ ਵੱਡੇ ਦਹਿਸ਼ਤਗਰਦ ਦੱਸਣ ‘ਚ ਵੀ ਅਮਰੀਕਾ ਸਭ ਤੋਂ ਮੋਹਰੀ ਹੈ। ਪਰ ਖੁਦ ਅਮਰੀਕਾ ਅੰਦਰ ਹੁੰਦੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਅਮਰੀਕਾ ਦੇ ਮੂੰਹ ‘ਤੇ ਚਪੇੜ ਜੜਦੀਆਂ ਹਨ। ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿੱਚੋਂ ਹੋਏ ਦਹਿਸ਼ਤਗਰਦ ਹਮਲਿਆਂ ਵਿੱਚੋਂ 90 ਫੀਸਦੀ ਦੇ ਕਰੀਬ ਅਮਰੀਕਾ ਅੰਦਰੋਂ ਪੈਦਾ ਹੋਏ ਦਹਿਸ਼ਤਗਰਦਾਂ ਨੇ ਕੀਤੇ ਹਨ ਤੇ ਸਿਰਫ 10 ਫੀਸਦੀ ਦੇ ਕਰੀਬ ਹੀ ਇਸਲਾਮਿਕ ਦਹਿਸ਼ਤਰਦਾਂ ਨੇ ਕੀਤੇ ਹਨ। ਅਮਰੀਕਾ ਅੰਦਰੋਂ ਪੈਦਾ ਹੋਏ ਇਹਨਾਂ ਦਹਿਸ਼ਤਰਦਾਂ ਵਿੱਚੋਂ ਇਸਾਈ, ਯਹੂਦੀ ਧਾਰਮਿਕ ਕੱਟੜਪੰਥੀਆਂ ਤੋਂ ਲੈ ਕੇ ਅਮਰੀਕੀ ਸਮਾਜ ਦੇ ਨਿਘਾਰ ਨਾਲ ਪੈਦਾ ਹੋਏ ਮਾਨਸਿਕ ਰੋਗੀ, ਬੇਗਾਨਗੀ ਤੇ ਅਮਾਨਵੀਕਰਨ ਦਾ ਸ਼ਿਕਾਰ ਬਿਮਾਰ ਲੋਕ ਹਨ ਜਿਹਨਾਂ ਦਾ ਕਾਰਨ ਵੀ ਖੁਦ ਅਮਰੀਕਾ ਦਾ ਸਮਾਜਿਕ ਢਾਂਚਾ ਹੀ ਹੈ।

ਅੱਜ ਇਸ ਬਾਰੇ ਕੋਈ ਤੱਥ ਗਿਣਾਉਣ ਦੀ ਲੋੜ ਨਹੀਂ ਕਿ ਦਹਿਸ਼ਤਰਦੀ ਦੇ ਨਾਮ ‘ਤੇ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਨਸਲਕੁਸ਼ੀਆਂ ਪਿੱਛੇ ਅਸਲ ਕਾਰਨ ਤੇਲ, ਗੈਸ ਜਿਹੇ ਊਰਜਾ ਭੰਡਾਰਾਂ, ਕੱਚੇ ਮਾਲ ਤੇ ਤਿਆਰ ਮਾਲ ਲਈ ਮੰਡੀਆਂ ਨੂੰ ਹਥਿਆਉਣਾ ਹੈ। ਅਮਰੀਕੀ ਸਰਮਾਏਦਾਰ ਜਮਾਤ ਦੇ ਮੁਨਾਫਿਆਂ ਦੀ ਰਾਖੀ ਲਈ ਅਮਰੀਕਾ ਨਾ ਸਿਰਫ ਸੰਸਾਰ ਦੇ ਇੱਕ ਵੱਡੇ ਹਿੱਸੇ ‘ਚ ਬੇਦੋਸ਼ੇ ਲੋਕਾਂ ਦਾ ਲਹੂ ਵਹਾਇਆ ਹੈ ਸਗੋਂ ਖੁਦ ਅਮਰੀਕਾ ਦੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਦਿਨੋਂ-ਦਿਨ ਹੋਰ ਬਦਹਾਲੀ ਤੇ ਨਿਘਾਰ ਦੇ ਪੱਧਰ ‘ਤੇ ਲਿਆਂਦਾ ਹੈ। ਮੌਜੂਦਾ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਕਿੰਨਾਂ ਨਿਘਾਰਮੁਖੀ, ਮਨੁੱਖਦੋਖੀ ਹੈ, ਅਮਰੀਕੀ ਸਾਮਰਾਜ ਵੱਲੋਂ ਥੋਪੀਆਂ ਜੰਗਾਂ ਤੇ ਨਸਲਕੁਸ਼ੀਆਂ ਇਸਦੀ ਵੱਡੀ ਮਿਸਾਲ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements