ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਪੇਸ਼ ਹੈ ਹਿੰਦੂ ਕੱਟੜਪੰਥੀਆਂ ਦੁਆਰਾ ਜਨਚੇਤਨਾ ਅਦਾਰੇ (ਪੰਜਾਬੀ ਭਵਨ ਲੁਧਿਆਣਾ) ਦੀ ਦੁਕਾਨ ਤੇ ਕੀਤੇ ਹੱਲੇ-ਗੁੱਲੇ ਸਬੰਧੀ ਜਾਂਚ ਰਿਪੋਰਟ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਾਂਚ ਕਮੇਟੀ ਮੈਂਬਰ :  ਪ੍ਰੋ.ਏ.ਕੇ. ਮਲੇਰੀ, ਪ੍ਰੋ. ਜਗਮੋਹਨ ਸਿੰਘ, ਡਾ. ਹਰਬੰਸ ਗਰੇਵਾਲ, ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਹਰਪ੍ਰੀਤ ਜੀਰਖ ਐਡਵੋਕੇਟ।

ਪੰਜਾਬੀ ਭਵਨ ਲੁਧਿਆਣਾ ਵਿਖੇ ਜਨ ਚੇਤਨਾ ਪਬਲੀਕੇਸ਼ਨ ਕੇਂਦਰ ‘ਚ ਹੋਈ ਘਟਨਾ ਬਾਰੇ ਮੌਕੇ ਤੇ ਹਾਜ਼ਰ ਲੜਕੀ ਬਿੰਨੀ ਜੋ ਇਸ ਕੇਂਦਰ ਦੀ ਮੈਨੇਜਰ ਹੈ ਨੇ ਦੱਸਿਆ ਕਿ ਮਿਤੀ 02.01.2017 ਨੂੰ ਸਵੇਰੇ 11:30 ਵਜੇ ਦੇ ਕਰੀਬ ਇੱਕ ਬੀ ਐਸ ਸੀ ਕਰ ਰਹੀ 21 ਸਾਲਾ ਵਿਦਿਆਰਣ ਸ਼ਿਵਾਨੀ ਦੇ ਪਿਤਾ ਨਾਲ ਕਈ ਹੋਰ ਬੰਦੇ ਦੁਕਾਨ ਤੇ ਆਏ। ਇਹਨਾਂ ਦੀ ਅਗਵਾਈ ਰੋਹਿਤ ਸਾਹਨੀ ਨਾਮ ਦਾ ਵਿਅਕਤੀ ਕਰ ਰਿਹਾ ਸੀ ਜੋ ਆਪਣੇ ਨੂੰ ਹਿੰਦੂ ਤਖਤ ਦਾ ਆਗੂ ਦੱਸ ਰਿਹਾ ਸੀ । ਉਹਨਾਂ ਆ ਕੇ ਦੁਕਾਨ ਵਿੱਚ ਪਈਆਂ ਕਿਤਾਬਾਂ ਦੀ ਫੋਲਾ-ਫਰਾਲ਼ੀ ਕਰਦਿਆਂ ਕਿਹਾ ਕਿ ਤੁਹਾਡੀਆਂ ਕਿਤਾਬਾਂ ਸਾਨੂੰ ਪਸੰਦ ਨਹੀਂ ਜੋ ਅਸੀਂ ਲੋਕਾਂ ਨੂੰ ਪੜ੍ਹਨ ਨਹੀਂ ਦੇਣੀਆਂ । ਇਸ ਸਮੇਂ ਉਹਨਾਂ ਬਿੰਨੀ ਦੀ ਬੇਇਜਤੀ ਵੀ ਕੀਤੀ ਤੇ ਲਲਕਾਰੇ ਮਾਰਦੇ ਹੋਏ ਅਸ਼ਲੀਲ ਗਾਲ੍ਹਾ ਕੱਢੀਆਂ ਤੇ ਦੁਕਾਨ ਅੰਦਰ ਜਬਰੀ ਦਾਖਲ ਹੋਕੇ ਅਤੇ ਕਿਤਾਬਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਧਮਕੀਆਂ ਦੇ ਲਹਿਜੇ ਵਿੱਚ ਬੋਲਣ ਲੱਗੇ ਕਿ ਤੁਸੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਨੌਜਵਾਨਾਂ ਨੂੰ ਵਿਗਾੜ ਰਹੇ ਹੋ। ਮੈਨੇਜਰ ਲੜਕੀ ਬਿੰਨੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੰਗਾਮਾ ਨਾ ਕਰੋ ਜੋ ਗੱਲ ਹੈ ਬੈਠਕੇ ਕਰੋ। ਪਰ ਜਦੋਂ ਉਹ ਹੱਲਾ ਗੁੱਲਾ ਕਰਨੋ ਨਾ ਹਟੇ ਤਾਂ ਬਿੰਨੀ ਨੇ 100 ਨੰਬਰ ਤੇ ਫੋਨ ਕੀਤਾ ਜੋ ਕਿਸੇ ਨੇ ਨਹੀਂ ਚੁੱਕਿਆ, ਇਸੇ ਸਮੇਂ ਉਸ ਨੇ ਲਖਵਿੰਦਰ, ਸਮਰ ਤੇ ਸਤਬੀਰ ਨੂੰ ਵੀ ਫੋਨ ਕੀਤਾ ਜੋ ਕੁੱਝ ਸਮੇਂ ਬਾਅਦ ਉੱਥੇ ਆ ਗਏ। ਸ਼ਿਵਾਨੀ ਦੇ ਪਾਪਾ ਹੋਰਾਂ ਚੋਂ ਵੀ ਕਿਸੇ ਨੇ ਪੁਲੀਸ ਨੂੰ ਫੋਨ ਕੀਤਾ ਜਿਸ ਤੇ ਪੁਲੀਸ ਕੁਲਵੰਤ ਚੰਦ ਏ.ਐੱਸ.ਆਈ. ਦੀ ਅਗਵਾਈ ‘ਚ ਮੌਕੇ ਤੇ ਆ ਗਈ ਜਿਸ ਵਿੱਚ ਦੋ ਲੇਡੀ ਸਿਪਾਹੀ ਵੀ ਸਨ। ਪੁਲੀਸ ਦੀ ਹਾਜ਼ਰੀ ਵਿੱਚ ਵੀ ਉਹ ਗਾਲੀ ਗਲੋਚ ਕਰਦੇ ਰਹੇ ਅਤੇ ਲੇਡੀ ਪੁਲੀਸ ਨੇ ਵੀ ਬਿੰਨੀ ਨਾਲ ਹੱਥੋ ਪਾਈ ਕੀਤੀ। ਪੁਲੀਸ ਨੇ ਵੀ ਬਿੰਨੀ ਦੀ ਗੱਲ ਸੁਣਨ ਦੀ ਬਜਾਏ ਹੱਲਾ ਗੁੱਲਾ ਕਰਨ ਵਾਲਿਆਂ ਦਾ ਹੀ ਸਾਥ ਦਿੱਤਾ । ਮੌਕੇ ਦੇ ਹੋਰ ਚਸਮਦੀਦ ਵਿਆਕਤੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਜਦੋਂ ਬਿੰਨੀ ਨੇ ਪੁਲੀਸ ਨੂੰ ਕਿਹਾ ਕਿ ਤੁਸੀਂ ਦੁਕਾਨ ਤੇ ਆਕੇ ਹੁਲੜਬਾਜੀ ਕਰਨ ਵਾਲਿਆਂ ਖਿਲਾਫ ਮੇਰੀ ਸ਼ਕਾਇਤ ਤੇ ਕਾਰਵਾਈ ਕਰੋ, ਤਾਂ ਪੁਲੀਸ ਨੇ ਕਿਹਾ ਕਿ ਤੇਰੀ ਸ਼ਕਾਇਤ ਤੇ ਕਾਰਵਾਈ ਕਿਉਂ ਕਰੀਏ ?

ਜਿਸ ਸ਼ਿਵਾਨੀ ਨਾਂ ਦੀ ਲੜਕੀ ਦਾ ਇਸ ਘਟਨਾ ਵਿੱਚ ਹਵਾਲਾ ਆਇਆ ਹੈ ਉਸ ਬਾਰੇ ਪਤਾ ਲੱਗਾ ਕਿ ਉਹ ਬੀ ਐਸ ਸੀ ਦੀ ਵਿਦਿਆਰਥਣ ਹੈ ਅਤੇ ਇਸ ਦੁਕਾਨ ਤੇ ਆਕੇ ਕਿਤਾਬਾਂ ਪੜ੍ਹਦੀ ਹੈ। ਦੇਸ਼ ਪ੍ਰਤੀ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀਆਂ ਜੀਵਨੀਆਂ ਪੜ੍ਹਕੇ ਉਹ ਚਾਹੁੰਦੀ ਹੈ ਕਿ ਮੈਂ ਵੀ ਸਮਾਜ ਬਾਰੇ ਗਿਆਨ ਹਾਸਲ ਕਰਕੇ ਗਰੀਬ ਬੱਚਿਆਂ ਨੂੰ ਪੜ੍ਹਾਵਾਂ। ਪਰ ਉਸਦੇ ਮਾਂ ਬਾਪ ਉਸ ਨੂੰ ਅਜਿਹਾ ਨਹੀਂ ਕਰਨ ਦੇਣਾ ਚਾਹੁੰਦੇ। ਦੁਕਾਨ ਤੇ ਇਹ ਹੰਗਾਮਾ 3-4 ਘੰਟੇ ਚੱਲਦਾ ਰਿਹਾ ਪਰ ਪੁਲੀਸ ਨੇ ਉਹਨਾਂ ਨੂੰ ਨਹੀਂ ਰੋਕਿਆ ਸਗੋਂ ਬਿੰਨੀ, ਲਖਵਿੰਦਰ, ਸਮਰ ਤੇ ਸਤਬੀਰ ਨੂੰ ਸ਼ਾਮ 3 ਵਜੇ ਦੇ ਕਰੀਬ ਚੁਕਕੇ ਥਾਣਾ ਨੰਬਰ 5 ਵਿੱਚ ਲੈ ਗਏ । ਹੁਲੜਬਾਜ ਕਈ ਕਿਤਾਬਾਂ ਵੀ ਚੁੱਕਕੇ ਲੈ ਗਏ, ਉਹਨਾਂ ਨੂੰ ਵੀ ਪੁਲੀਸ ਨੇ ਨਹੀਂ ਰੋਕਿਆ ਅਤੇ ਨਾ ਹੀ ਲੁੱਟੀਆਂ ਗਈਆਂ ਕਿਤਾਬਾਂ ਵਾਪਸ ਲਈਆਂ । ਪੁਲੀਸ ਜਬਰੀ ਦੁਕਾਨ ਬੰਦ ਕਰਕੇ ਚਾਬੀਆਂ ਵੀ ਆਪਣੇ ਨਾਲ ਲੈ ਗਈ। ਜਦੋਂ ਸ਼ਾਮ ਤੱਕ ਇਸ ਘਟਨਾ ਦਾ ਸ਼ਹਿਰ ਦੀਆਂ ਹੋਰ ਇਨਕਲਾਬੀ, ਜਮਹੂਰੀ ਜੱਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਵੀ ਥਾਣੇ ਪਹੁੰਚ ਗਏ ਅਤੇ ਸਾਰੀ ਘਟਨਾ ਬਾਰੇ ਪੁਲੀਸ ਨਾਲ ਗੱਲਬਾਤ ਕੀਤੀ । ਸਿਵਾਨੀ ਵੀ ਇਸ ਸਮੇਂ ਤੱਕ ਆਪਣੇ ਆਪ ਹੀ ਥਾਣੇ ਪਹੁੰਚ ਗਈ ਸੀ । ਇਥੇ ਵੀ ਕਈ ਹਿੰਦੂ ਕੱਟੜਵਾਦੀ ਮੌਜੂਦ ਸਨ ਜੋ ਹੱਲਾ-ਗੁੱਲਾ ਕਰ ਰਹੇ ਸਨ ਪਰ ਪੁਲੀਸ ਉਹਨਾਂ ਨੂੰ ਨਹੀਂ ਰੋਕ ਰਹੀ ਸੀ । ਜਿਹੜੀਆਂ ਕਿਤਾਬਾਂ ਬਾਰੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਆਈ ਹੈ ਉਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਮੈਂ ਨਾਸਤਿਕ ਕਿਉਂ ਹਾਂ, ਰਾਧਾ ਮੋਹਨ ਗੋਕੁਲ ਦੀਆਂ ਈਸ਼ਵਰ ਦਾ ਵਹਿਸ਼ਕਾਰ, ਧਰਮ ਦਾ ਢਕੌਂਸਲਾ ਅਤੇ ਲੈਨਿਨ ਦੀਆਂ ਕੁੱਝ ਕਿਤਾਬਾਂ ਹਨ ।

ਇਸ ਸਮੇਂ ਪੁਲੀਸ ਨੇ ਜੱਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਇਤਰਾਜ ਯੋਗ ਕਿਤਾਬਾਂ ਚੁੱਕਣ ਅਤੇ ਦੁਕਾਨ ਬੰਦ ਕਰਵਾਉਣ ਲਈ ਕਾਰਵਾਈ ਕਰਨ ਲਈ ਦੁਕਾਨ ਦਾ ਜ਼ੁੰਮੇਵਾਰ ਇੱਕ ਬੰਦਾ ਪੁਲੀਸ ਨਾਲ ਭੇਜੋ। ਇਹ ਗੱਲ ਵਰਨਣਯੋਗ ਹੈ ਕਿ ਪੁਲੀਸ ਦੁਕਾਨ ਪਹਿਲਾਂ ਹੀ ਬੰਦ ਕਰਕੇ ਚਾਬੀਆਂ ਆਪਣੇ ਨਾਲ ਲੈ ਆਈ ਸੀ । ਉਸ ਸਮੇਂ ਪੁਲੀਸ ਨੇ ਪੰਜਾਬੀ ਭਵਨ ਆਕੇ ਦੁਕਾਨ ਚੋਂ ਸਬੰਧਤ ਕਿਤਾਬਾਂ ਚੁੱਕਕੇ ਦੁਕਾਨ ਨੂੰ ਜ਼ਿੰਦਰਾ ਮਾਰਕੇ ਚਾਬੀ ਫਿਰ ਥਾਣੇ ਲੈ ਆਈ । ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪੁਲੀਸ ਦੀ ਹੋਈ ਵਾਰਤਾ ਉਪਰੰਤ ਪੁਲੀਸ ਨੇ ਲਖਵਿੰਦਰ, ਸਮਰ, ਸਤਵੀਰ ਤੇ ਬਿੰਨੀ ਨੂੰ ਇਸ ਸ਼ਰਤ ਤੇ ਰਿਹਾ ਕਰ ਦਿੱਤਾ ਕਿ ਉਹ ਕੱਲ 12 ਵਜੇ ਪੁਲੀਸ ਸਟੇਸ਼ਨ ਆਉਣਗੇ ਅਤੇ ਲੜਕੀ ਸਿਵਾਨੀ ਦੇ ਮਾਂ-ਪਿਤਾ ਨੂੰ ਵੀ ਇਸ ਸਮੇਂ ਬੁਲਾਇਆ ਗਿਆ। ਸਿਵਾਨੀ ਨੂੰ ਉਸ ਦੀ ਵੱਡੀ ਭੈਣ ਨਾਲ ਇਸ ਸ਼ਰਤ ਤੇ ਭੇਜ ਦਿੱਤਾ ਗਿਆ ਕਿ ਉਹ ਵੀ ਕੱਲ ਸਿਵਾਨੀ ਨੂੰ ਨਾਲ ਲੈ ਕੇ 12 ਵਜੇ ਥਾਣੇ ਆਉਣਗੇ ।

ਦੂਜੇ ਦਿਨ ਪੁਲੀਸ ਵੱਲੋਂ ਦਿੱਤੇ ਸਮੇਂ ਅਨੁਸਾਰ 12 ਵਜੇ ਕਈ ਅਗਾਂਹਵਧੂ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਥਾਣੇ ਆਕੇ ਮੁਜਾਹਰਾ ਕੀਤਾ ਅਤੇ ਦੁਕਾਨ ਤੇ ਧਮਕੀਆਂ ਦੇਣ, ਅੱਗ ਲਗਾਉਣ ਤੇ ਭੰਨਤੋੜ ਕਰਨ ਦਾ ਇਰਾਦਾ ਰੱਖਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ । ਅਗਾਂਹ ਵਧੂ ਸਾਹਿਤ ਛਾਪਣ, ਵੰਡਣ ਨੂੰ ਫਿਰਕੂ ਰੰਗਤ ਦੇਣ ਲਈ ਜ਼ੁੰਮੇਵਾਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ।  

ਪੁਲੀਸ ਨੇ ਇਸ ਵੇਲੇ ਵਾਅਦਾ ਕੀਤਾ ਕਿ ਉਹ 24 ਘੰਟੇ ਦੇ ਅੰਦਰ ਗਲਤ ਰੰਗਤ ਦੇਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਉਸੇ ਵੇਲੇ ਦੁਕਾਨ ਦੀਆਂ ਚਾਬੀਆਂ ਵੀ ਵਾਪਸ ਦੇ ਦਿੱਤੀਆਂ ਗਈਆਂ।

ਸਭਾ ਦੀ ਸਮਝ

ਸਭਾ ਸਮਝਦੀ ਹੈ ਕਿ ਕੋਈ ਵੀ ਸਮਾਜ ਜਜ਼ਬਾਤਾਂ ਨਾਲ ਨਹੀਂ ਚੱਲਦਾ ਸਗੋਂ ਸੂਝਬੂਝ ਨਾਲ ਚੱਲਦਾ ਹੈ ਜਿਸ ਬਾਰੇ ਸਵਿਧਾਨ ਵਿੱਚ ਹਰ ਬੰਦੇ ਨੂੰ ਜਮਹੂਰੀ ਹੱਕ, ਪੜ੍ਹਨ, ਲਿਖਣ, ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਹੈ । ਇਸ ਦੇ ਨਾਲ ਹੀ ਸਵਿਧਾਨ ਦੀ ਧਾਰਾ 42-ਏ ਤਹਿਤ ਹਰ ਸ਼ਹਿਰੀ ਦੀਆਂ ਜ਼ੁੰਮੇਵਾਰੀਆਂ ਵੀ ਨਿਯਤ ਕੀਤੀਆਂ ਹੋਈਆਂ ਹਨ ਜਿਵੇਂ ਅਜ਼ਾਦੀ ਸੰਗਰਾਮ ਦੇ ਅਸੂਲਾ ਤੇ ਵਿਚਾਰਾਂ ਤੇ ਚੱਲਣਾ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਕਰਨਾ।

ਦੂਜਾ ਵਿਗਿਆਨਕ ਵਿਚਾਰਧਾਰਾ ਬਣਾਉਣ ਤੇ ਉਸ ਉਪਰ ਚੱਲਣ ਵਰਗੀਆਂ ਜ਼ੁੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਿਹੜੇ ਲੋਕ ਇਹਨਾਂ ਜ਼ੁੰਮੇਵਾਰੀਆਂ ਨੂੰ ਨਿਭਾਉਣ ਵਿੱਚ ਅੜਿੱਕਾ ਬਣਦੇ ਹਨ ਉਹ ਦੇਸ਼ ਦੇ ਭਵਿੱਖ ਲਈ ਇੱਕ ਵੱਡਾ ਖਤਰਾ ਹਨ ਅਤੇ ਲੋਕ ਵਿਰੋਧੀ ਹਨ।  

ਲੜਕੀ ਸ਼ਿਵਾਨੀ ਜੋ ਕਿ ਬਾਲਗ ਹੈ ਤੇ ਉਪਰੋਕਤ ਅਧਿਕਾਰਾਂ ਦਾ ਹੱਕ ਰੱਖਦੀ ਹੈ, ਨੂੰ ਜਬਰਦਸਤੀ ਰੋਕਣਾ ਸੰਵਿਧਾਨਕ ਉਲੰਘਣਾ ਹੈ

ਜਿਹੜੀਆਂ ਕਿਤਾਬਾਂ ਤੇ ਹਿੰਦੂ ਕੱਟੜਪੰਥੀਆਂ ਨੇ ਕਿੰਤੂ ਪ੍ਰੰਤੂ ਕੀਤਾ ਹੈ ਉਹਨਾਂ ਵਿੱਚ ਸ਼ਹੀਦ ਭਗਤ ਸਿੰਘ ਦੀ ‘ਮੈਂ ਨਾਸਤਿਕ ਕਿਉਂ ਹਾਂ’ ਇੱਕ ਇਤਿਹਾਸਕ ਅਤੇ ਵਿਗਿਆਨਕ ਵਿਚਾਰਧਾਰਾ ਦੀ ਪ੍ਰੋੜਤਾ ਕਰਦਾ ਲੇਖ ਹੈ।

ਦੂਜੇ ਜਿਸ ਲੇਖਕ ਰਾਧਾ ਮੋਹਨ ਗੋਕੁਲ ਦੀਆਂ ਦੋ ਕਿਤਾਬਾਂ ‘ਈਸ਼ਵਰ ਦਾ ਵਹੀਸ਼ਕਾਰ’ ਅਤੇ ‘ਧਰਮ ਦਾ ਢਕੋਂਸਲਾ’ ਹਨ। ਇਹ ਲੇਖਕ ਇੰਨਕਲਾਬੀ ਰਾਮ ਪ੍ਰਸ਼ਾਦ ਬਿਸਮਲ, ਅਸਫਾਕ ਉਲਾ, ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਦੇ ਇੰਨਕਲਾਬੀ ਗੁਰੂ ਸਨ, ਜਿਨ੍ਹਾਂ ਨੇ ਦਿਮਾਗੀ ਗੁਲਾਮੀ ਤੋਂ ਮੁਕਤੀ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਦੇ ਘੋਲ ਦਾ ਅਹਿਮ ਅੰਗ ਬਣਾਇਆ ਸੀ। ਅਜ਼ਾਦੀ ਦੀ ਲੜਾਈ ਵਿੱਚ ਇੱਕ ਅਹਿਮ ਹਿੱਸਾ ਇਸ ਗੱਲ ਦਾ ਸੀ ਕਿ ਜਦੋਂ ਤੱਕ ਨੌਜਵਾਨ ਦਿਮਾਗੀ ਗੁਲਾਮੀ ਤੋਂ ਮੁਕਤ ਨਹੀਂ ਹੁੰਦੇ ਉਦੋਂ ਤੱਕ ਆਜ਼ਾਦੀ ਸੰਘਰਸ਼ ਨੂੰ ਕਾਮਯਾਬੀ ਨਹੀਂ ਮਿਲ ਸਕਦੀ।

ਭਗਤ ਸਿੰਘ ਤੇ ਸਾਥੀਆਂ ਨੇ ਦੁਨੀਆਂ ਦੇ ਉਸ ਤਜਰਬੇ ਤੋਂ ਜਿਸ ਨੂੰ ਰੂਸੀ ਇੰਨਕਲਾਬ ਕਿਹਾ ਜਾਂਦਾ ਹੈ ਜਿਸ ਵਿੱਚ ਲੈਨਨ ਦਾ ਬਹੁਤ ਵੱਡਾ ਯੋਗਦਾਨ ਹੈ। ਲੈਨਿਨ ਦੀਆਂ ਕਿਤਾਬਾਂ ਤੇ ਕਿੰਤੂ ਪ੍ਰੰਤੂ ਕਰਨਾ ਮਹਾਂਮੂਰਖਤਾ ਦੀ ਨਿਸ਼ਾਨੀ ਹੈ ।

ਇਹ ਘਟਨਾ ਔਰਤਾਂ ਨੂੰ ਅਜ਼ਾਦਾਨਾ ਤੌਰ ਤੇ ਵਿਕਸਤ ਹੋਣ ਤੋਂ ਰੋਕਣ ਵਾਲੇ ਇਕ ਸਮਾਜਕ ਵਰਤਾਰੇ ਨੂੰ ਵੀ ਨੰਗਿਆਂ ਕਰਦੀ ਹੈ। ਜਿਸ ਸੋਚ ਦੀ ਜੜ੍ਹ ਮੰਨੂ ਸਮਰਿਤੀ ਵਿੱਚ ਪਈ ਹੈ ਜਿਸ ਨੂੰ ਕਿ ਇਹ ਕੱਟੜਵਾਦੀ ਲਾਗੂ ਕਰਨਾ ਚਾਹੁੰਦੇ ਹਨ।

ਸਭਾ ਮੰਗ ਕਰਦੀ ਹੈ ਕਿ ਪੁਲੀਸ ਨੂੰ ਇਹੋ ਜਿਹੀ ਅਸਵਿੰਧਾਨਕ ਹਰਕਤ ਕਰਨ ਅਤੇ ਜ਼ੁੰਮੇਵਾਰੀ ਤੋਂ ਕੁਤਾਹੀ ਵਰਤਣ ਲਈ ਬਣਦੀ ਸਜਾ ਦਿੱਤੀ ਜਾਣੀ ਚਾਹੀਦੀ ਹੈ।  

ਮੰਗਾਂ

1. ਜਨਚੇਤਨਾ ਦੀ ਕਾਰਨੂੰਨ ਬਿੰਨੀ ਨਾਲ ਬਦਸਲੂਕੀ ਕਰਨ, ਸ਼ਰੇਆਮ ਇੱਜ਼ਤ ਦੀ ਤੋਹੀਨ ਕਰਨ, ਅਸ਼ਲੀਲ ਗਾਲ੍ਹਾਂ ਕੱਢਣ, ਧੱਕਾਮੁੱਕੀ ਕਰਨ, ਦੇਸ਼ ਭਗਤਾਂ ਦੀਆਂ ਰਚਨਾਵਾਂ ਨੂੰ ਅੱਗ ਲਗਾਉਣ ਦੀ ਧਮਕੀ ਦੇਣ, ਦੰਗਾਂ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਹਿੰਦੂ ਕੱਟੜਪੰਥੀਆਂ ਦੇ ਆਗੂਆਂ ਅਤੇ ਉਹਨਾਂ ਦੇ ਸਾਥੀਆਂ ਉਪਰ ਸੰਵਿਧਾਨਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

2. ਪੁਲੀਸ ਦੁਆਰਾ ਜਨਚੇਤਨਾ ਦੇ ਕਾਰਕੁੰਨਾਂ ਨੂੰ ਨਜਾਇਜ਼ ਤੇ ਜਬਰੀ ਤਰੀਕੇ ਨਾਲ ਦੁਕਾਨ ਨੂੰ ਤਾਲਾ ਲਾਉਣ, ਗ਼ੈਰਕਾਨੂੰਨੀ ਤਰੀਕੇ ਨਾਲ ਗ਼ੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਣ ਅਤੇ ਦੁਕਾਨ ਨੂੰ ਜਬਰੀ ਤਾਲਾ ਲਗਾਉਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਜਾਰੀ ਕਰਤਾ
ਪ੍ਰੋ.ਏ.ਕੇ ਮਲੇਰੀ ਮਿਤੀ    7 ਜਨਵਰੀ 2017    ਪ੍ਰੋ ਜਗਮੋਹਨ ਸਿੰਘ
ਮੋਬਾ : 98557-00310       ਮੋਬਾ : 98140-01836

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ