ਜਲਿ੍ਹਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸਾਂਝੀ ਮੁਹਿੰਮ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਇਸ ਸਾਕੇ ਤੋਂ ਪ੍ਰੇਰਣਾ ਲੈਂਦੇ ਹੋਏ ਲੁੱਟ, ਜਬਰ ਵਾਲੇ ਮੌਜੂਦਾ ਸਰਮਾਏਦਾਰਾ-ਸਾਮਰਾਜੀ ਪ੍ਰਬੰਧ
ਖਿਲਾਫ ਸੰਘਰਸ਼ ਤੇਜ ਕਰਨ ਦਾ ਹੋਕਾ ਦਿੱਤਾ ਗਿਆ

ਮਨੁੱਖਤਾ ਦੇ ਇਤਿਹਾਸ ਲੁੱਟ, ਜਬਰ ਤੇ ਬੇਇਨਸਾਫੀ ਦੇ ਖਿਲਾਫ ਬਹਾਦਰੀ ਤੇ ਕੁਰਬਾਨੀਆਂ ਭਰੇ ਸੰਘਰਸ਼ਾਂ ਦੀ ਅਹਿਮ ਥਾਂ ਹਾਂ ਜਿਹਨਾਂ ਤੋਂ ਸਿੱਖ ਕੇ ਅਸੀਂ ਅੱਜ ਦੇ ਚੁਣੌਤੀਪੂਰਨ ਸਵਾਲਾਂ ਨੂੰ ਸੰਬੋਧਿਤ ਹੁੰਦੇ ਹਾਂ। ਅੰਗਰੇਜਾਂ ਹੇਠ ਕਿਸਾਨ-ਮਜਦੂਰ ਅਬਾਦੀ ਦੀ ਵਧਦੀ ਬਦਹਾਲੀ, ਪਹਿਲੀ ਸੰਸਾਰ ਜੰਗ ’ਚ ਜਬਰੀ ਭਰਤੀ ਜਿਹੀਆਂ ਘਟਨਾਵਾਂ ਨਾਲ ਬੇਚੈਨ ਭਾਰਤ ਅੰਗਰੇਜਾਂ ਖਿਲਾਫ ਗਦਰ ਲਹਿਰ ਜਿਹੇ ਦਸਤਪੰਜੇ ਲੈਣੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਸਮੇਂ ਅੰਗਰੇਜਾਂ ਦੇ ਕਾਲੇ ਕਨੂੰਨ ਰੌਲਟ ਐਕਟ ਖਿਲਾਫ ਚੱਲ ਰਹੇ ਸੰਘਰਸ਼ ਦੇ ਦਿਨਾਂ ਵਿੱਚ 13 ਅਪ੍ਰੈਲ 1919 ਨੂੰ ਅੰਮਿ੍ਰਤਸਰ ਦੇ ਜਲਿ੍ਹਆਂ ਵਾਲੇ ਬਾਗ ਵਿੱਚ ਇਕੱਠੇ ਹੋਏ ਲੋਕਾਂ ਉੱਪਰ ਜਨਰਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦੇਕੇ ਨਿਹੱਥੇ ਲੋਕਾਂ ਨੂੰ ਸ਼ਹੀਦ ਕੀਤਾ। ਇਹ ਘਟਨਾ ਸਾਮਰਾਜੀ ਲੁੱਟ, ਜਬਰ ਤੇ ਵਹਿਸ਼ਤ ਤੇ ਉਸ ਖਿਲਾਫ ਲੋਕਾਂ ਦੇ ਜੁਝਾਰੂ ਸੰਘਰਸ਼ ਦੀ ਪ੍ਰਤੀਕ ਹੈ। ਅੱਜ ਸਾਡੇ ਦੇਸ਼ ਦੀ ਕਿਰਤੀ-ਮਜਦੂਰ ਅਬਾਦੀ ਨੂੰ ਲੁੱਟਣ ਵਿੱਚ ਦੇਸੀ ਸਰਮਾਏਦਾਰ ਵੀ ਸਮਾਰਾਜੀਆਂ ਦੇ ਭਾਈਵਾਲ ਬਣ ਗਏ ਹਨ। 1947 ਤੋਂ ਬਾਅਦ ਗੱਦੀ ਸੰਭਾਲਣ ਵਾਲੇ ਭਾਰਤੀ ਸਰਮਾਏਦਾਰਾ ਹਾਕਮ ਵੀ ਅੰਗੇਰਜਾਂ ਵਾਂਗ ਅਨੇਕਾਂ ਖੂਨੀ ਸਾਕੇ ਕਰਦੇ ਆ ਰਹੇ ਹਨ ਤੇ ਰੌਲਟ ਐਕਟ ਜਿਹੇ ਕਾਲੇ ਕਨੂੰਨ ਵੀ ਵਾਰ-ਵਾਰ ਲੋਕਾਂ ਉੱਪਰ ਮੜ੍ਹਦੇ ਆ ਰਹੇ ਹਨ। ਜਿਵੇਂ ਅੰਗਰੇਜਾਂ ਦੇ ਇਸ ਜੁਲਮ ਤੋਂ ਬਾਅਦ ਵੀ ਅਜਾਦੀ ਦੀ ਮਸ਼ਾਲ ਬੁਝਣ ਦੀ ਥਾਂ ਤੇਜ ਹੋਈ ਤੇ ਕਿਰਤੀ ਲੋਕਾਂ ਨੇ ਕੁਰਬਾਨੀਆਂ ਦੇਕੇ ਦੇਸ਼ ਨੂੰ ਅੰਗਰੇਜਾਂ ਤੋਂ ਅਜਾਦ ਕਰਵਾਇਆ। ਉਸੇ ਤਰ੍ਹਾਂ ਅੱਜ ਦੇਸੀ-ਵਿਦੇਸੀ ਸਰਮਾਏ ਦੀ ਸਾਂਝੀ ਲੁੱਟ ਖਿਲਾਫ ਵੀ ਉਸੇ ਤਰ੍ਹਾਂ ਕੁਰਬਾਨੀਆਂ ਭਰੇ ਸੰਘਰਸ਼ਾਂ ਦੀ ਨਵੀ ਗਾਥਾ ਲਿਖੇ ਜਾਣ ਦੀ ਲੋੜ ਹੈ ਤਾਂ ਜੋ ਇਸ ਸਾਮਰਾਜੀ-ਸਰਮਾਏਦਾਰਾ ਲੁਟੇਰੇ ਪ੍ਰਬੰਧ ਦੀ ਗੁਲਾਮੀ ਤੋਂ ਮੁਕਤੀ ਹਾਸਲ ਕੀਤੀ ਜਾ ਸਕੇ। ਜਲਿ੍ਹਆਂਵਾਲੇ ਬਾਗ ਦੀ ਘਟਨਾ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਬਹੁਤ ਨੇੜੇ ਹੈ ਇਸ ਕਰਕੇ ਲੋਕਾਂ ਅੰਦਰ ਇਹਨਾਂ ਸ਼ਹੀਦਾਂ ਦੀ ਯਾਦ ਤਾਜਾ ਕਰਕੇ ਮੌਜੂਦਾ ਪ੍ਰਬੰਧ ਖਿਲਾਫ ਸੰਘਰਸ਼ ਤੇਜ ਕਰਨ ਦਾ ਸੁਨੇਹਾ ਦਿੱਤਾ ਜਾ ਸਕਦਾ ਹੈ। ਇਸ ਕਰਕੇ ਇਸ ਸੌਵੀਂ ਵਰ੍ਹੇਗੰਢ ਦਾ ਆਪਣਾ ਵਿਸ਼ੇਸ਼ ਸਿਆਸੀ ਮਹੱਤਵ ਹੈ।

ਇਸ ਮਹੱਤਵ ਨੂੰ ਮੁੱਖ ਰੱਖਦੇ ਹੋਏ 16 ਮਾਰਚ, 2019 ਨੂੰ ਸ਼ਹੀਦ ਭਗਤ ਸਿੰਘ ਭਵਨ ਰਾਏਕੋਟ ਵਿਖੇ ਪੰਜ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ), ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਅਤੇ ਕਾਰਖਾਨਾ ਮਜਦੂਰ ਯੂਨੀਅਨ ਦੇ ਸੂਬਾਈ ਆਗੂਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿੱਚ ਜਲਿ੍ਹਆਂਵਾਲੇ ਬਾਗ ਦੇ ਸਾਕੇ ਦੀ ਸ਼ਤਾਬਦੀ ਦੇ ਸਿਆਸੀ ਮਹੱਤਵ ਨੂੰ ਲੋਕਾਂ ਤੱਕ ਲਿਜਾਣ ਤੇ 13 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਿਆਸੀ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਕਨਵੈਨਸ਼ਨ ਲਈ ਪੰਜਾਬੀ ਤੇ ਹਿੰਦੀ ਵਿਚ 80,000 ਤੋਂ ਵੱਧ ਹੱਥ ਪਰਚਾ ਜਾਰੀ ਕੀਤਾ ਗਿਆ।

ਇਸਤੋਂ ਬਾਅਦ ਪੰਜਾਂ ਜਥੇਬੰਦੀਆਂ ਵੱਲੋਂ ਹੇਠਲੇ ਪੱਧਰ ਤੱਕ ਸਥਾਨਕ ਇਕਾਈਆਂ ਦੀਆਂ ਮੀਟਿੰਗਾਂ ਕਰਕੇ ਇਸ ਸ਼ਤਾਬਦੀ ਦੇ ਮਹੱਤਵ ’ਤੇ ਭਰਵੀਂ ਚਰਚਾ ਕਰਕੇ ਸਭ ਸਾਥੀਆਂ ਅੰਦਰ ਇਸ ਮੁਹਿੰਮ ਦੀ ਲੋੜ ਤੇ ਮਹੱਤਵ ਨੂੰ ਉਹਨਾਂ ਦੀ ਸੋਚ ਤੇ ਅਹਿਸਾਸ ਦਾ ਹਿੱਸਾ ਬਣਾਇਆ ਗਿਆ। ਇਸ ਮਗਰੋਂ ਸਭ ਸਾਥੀਆਂ ਨੇ ਉਤਸ਼ਾਹ ਨਾਲ ਆਪੋ-ਆਪਣੇ ਇਲਾਕੇ ਵਿੱਚ ਇਸ ਮੁਹਿੰਮ ਤਹਿਤ ਸਰਗਰਮੀ ਦੀਆਂ ਯੋਜਨਾਵਾਂ ਬਣਾਈਆਂ ਤੇ ਪੂਰੇ ਜੋਸ਼ ਨਾਲ ਕਰੀਬ 20 ਦਿਨ ਇਹਨਾਂ ਨੂੰ ਨੇਪਰ੍ਹੇ ਚਾੜਿਆ।

ਲੁਧਿਆਣਾ ਦੇ ਸਨਅਤੀ ਕੇਂਦਰ ਦੀਆਂ ਜਥੇਬੰਦੀਆਂ ਵਿੱਚੋਂ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਨੇ ਈਡਬਲਯੂਐਸ ਕਲੋਨੀ, ਬਾਲਮੀਕੀ ਕਲੋਨੀ, ਸੰਜੇ ਗਾਂਧੀ ਕਲੋਨੀ, ਸ਼ਕਤੀ ਨਗਰ, ਟਿੱਬਾ ਰੋਡ, ਗੀਤਾ ਨਗਰ, ਗਊਸ਼ਾਲਾ, ਟੋਕਾ ਮੁਹੱਲਾ, ਢੋਲੇਵਾਲ, ਕਸ਼ਮੀਰ ਨਗਰ, ਮਿਹਰਾਬਾਨ ਚੂੰਗੀ, ਸੁੰਦਰ ਨਗਰ ਅਤੇ ਵੱਖ-ਵੱਖ ਲੇਬਰ ਚੌਂਕ ਵਿੱਚ ਨੁੱਕੜ ਸਭਾਵਾਂ ਕਰਦੇ ਹੋਏ ਜਲਿ੍ਹਆਂਵਾਲਾ ਬਾਗ ਦੇ ਸਾਕੇ ਤੋਂ ਮੌਜੂਦਾ ਲੁੱਟ, ਜਬਰ ਖਿਲਾਫ ਪ੍ਰੇਰਣਾ ਲੈਣ ਦਾ ਹੋਕਾ ਦਿੱਤਾ ਗਿਆ ਤੇ ਪਰਚਾ ਵੰਡਿਆ ਗਿਆ। ਪੰਜਾਬੀ ਮਜਦੂਰ ਅਬਾਦੀ ਨੇ ਇਸ ਘਟਨਾ ਤੋਂ ਜਾਣੂ ਹੋਣ ਕਾਰਨ ਇਸ ਪ੍ਰਚਾਰ ਨੂੰ ਡੂੰਘੀ ਉਤਸੁਕਤਾ ਨਾਲ ਸੁਣਿਆ। ਪਰਵਾਸੀ ਮਜਦੂਰਾਂ ਦਾ ਇੱਕ ਹਿੱਸਾ ਇਤਿਹਾਸ ਦੇ ਇਸ ਲਹੂ ਭਿੱਜੇ ਵਰਕੇ ਤੋਂ ਅਣਜਾਣ ਸੀ ਤੇ ਉਹਨਾਂ ਨੇ ਇਸ ਘਟਨਾ ਨੂੰ ਹੋਰ ਜਾਨਣ ਵਿੱਚ ਰੁਚੀ ਵਿਖਾਈ। ਇਹਨਾਂ ਮਜਦੂਰਾਂ ਆਪਣੀ ਕਿਰਤ ਦੀ ਕਮਾਈ ਸੀਮਤ ਜਿਹੀ ਵਿੱਚੋਂ ਹਰ ਖਰਚਾ ਮੁੱਠੀ ਘੁੱਟ ਕੇ ਕਰਨਾ ਪੈਂਦਾ ਹੈ, ਇਸਦੇ ਬਾਵਜੂਦ ਉਹਨਾਂ ਇਸ ਮੁਹਿੰਮ ਲਈ ਫੰਡ ਵੀ ਦਿੱਤਾ। ਇਸੇ ਤਰ੍ਹਾਂ ਦਾ ਤਜਰਬਾ ਕਾਰਖਾਨਾ ਮਜਦੂਰ ਯੂਨੀਅਨ ਦਾ ਵੀ ਰਿਹਾ। ਇਹਨਾਂ ਸਾਥੀਆਂ ਨੇ ਢੰਡਾਰੀ, ਸ਼ੇਰਪੁਰ, ਕੰਗਣਵਾਲ, ਜੋਗਿਆਣਾ, ਜਮਾਲਪੁਰ ਕਲੋਨੀ, ਰਾਜੀਵ ਗਾਂਧੀ ਕਲੋਨੀ, ਫੋਕਲ ਪੁਆਂਇਟ, ਜੀਵਨ ਨਗਰ ਦੇ ਮਜਦੂਰ ਵਿਹੜਿਆਂ, ਵੱਧ ਆਵਾਜਾਈ ਵਾਲੀਆਂ ਨੁੱਕੜਾਂ ਤੇ ਬਜਾਰਾਂ ਵਿੱਚ ਇਸ ਸਾਕੇ ਦਾ ਸੁਨੇਹਾ ਮਜਦੂਰਾਂ ਤੱਕ ਪਹੁੰਚਾਇਆ।

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਅੰਮਿ੍ਰਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਸਰੂਪ ਰਾਣੀ ਕਾਲਜ, ਅੰਮਿ੍ਰਤਸਰ ਕਾਲਜ ਆਫ ਇੰਜਨਿਅਰਿੰਗ, ਸਰਕਾਰੀ ਬਹੁਤਕਨੀਕੀ ਕਾਲਜ, ਸੀਆਈਪੀਈਟੀ, ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ, ਵਿਕਰਮ ਕਾਲਜ, ਮੋਦੀ ਕਾਲਜ, ਸਟੇਟ ਕਾਲਜ, ਫੀਜੀਕਲ ਕਾਲਜ, ਖਾਲਸਾ ਕਾਲਜ, ਆਈਟੀਆਈ, ਬਹੁਤਕਨੀਕੀ ਕਾਲਜ ਤੇ ਸਰਕਾਰੀ ਮਹਿੰਦਰਾ ਕਾਲਜ, ਲੁਧਿਆਣਾ ਵਿੱਚ ਸਰਕਾਰੀ ਕਾਲਜ ਲੁਧਿਆਣਾ, ਆਈਟੀਆਈ ਲੁਧਿਆਣਾ, ਜੀਐਨਈ ਕਾਲਜ, ਖਾਲਸਾ ਕਾਲਜ ਗੁੱਜਰਾਂਵਾਲਾ, ਆਈਟੀਆਈ ਸਮਰਾਲਾ, ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ, ਡੀਏਵੀ ਕਾਲਜ, ਸੰਗਰੂਰ ਵਿੱਚ ਸਰਕਾਰੀ ਰਣਬੀਰ ਕਾਲਜ, ਮਸਤੂਆਣਾ ਦੇ ਅਕਾਲ ਡਿਗਰੀ ਕਾਲਜ, ਐਜੂਕੇਸ਼ਨ ਕਾਲਜ, ਫਾਰਮੇਸੀ ਕਾਲਜ, ਸ਼ਹੀਦ ਊਧਮ ਸਿੰਘ ਕਾਲਜ ਸੁਨਾਮ, ਸਰਕਾਰੀ ਆਈਟੀਆਈ ਸੁਨਾਮ, ਯੂਨੀਵਰਸਿਟੀ ਕਾਲਜ ਬੇਨੜਾ, ਬਰਨਾਲਾ ਵਿੱਚ ਐਸ ਡੀ ਕਾਲਜ, ਸਰਕਾਰੀ ਆਈਟੀਆਈ, ਬਹੁਤਕਨੀਕੀ ਕਾਲਜ ਬਡਬਰ, ਫਰੀਦਕੋਟ ਵਿੱਚ ਸਰਕਾਰੀ ਕਾਲਜ ਜੈਤੋਂ ਤੇ ਸਰਕਾਰੀ ਬਰਜਿੰਦਰਾ ਕਾਲਜ ਆਦਿ ਵਿੱਚ ਪਰਚੇ, ਕਲਾਸ ਪ੍ਰਚਾਰ, ਰੈਲੀਆਂ ਤੇ ਕੁੱਝ ਥਾਂ ਨਾਟਕਾਂ ਜਰੀਏ ਮੁਹਿੰਮ ਚਲਾਉਂਦੇ ਹੋਏ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਸਾਮਰਾਜ ਸਰਮਾਏਦਾਰੀ ਵਿਰੁੱਧ ਘੋਲ ਨੂੰ ਤਿੱਖਿਆਂ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ 10 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿੱਚ ਗੀਤਾਂ, ਕਵਿਤਾਵਾਂ ਤੇ ਸ਼ਹੀਦ ਗੈਲਰੀ ਨਾਲ ਵਿਸ਼ੇਸ਼ ਸਭਾ ਕੀਤੀ ਗਈ, 11 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਮੁੱਖ ਬੁਲਾਰੇ ਸਨ। 12 ਅਪ੍ਰੈਲ ਦੀ ਸ਼ਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ।

ਵਿਦਿਆਰਥੀਆਂ ਤੋਂ ਬਿਨਾਂ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨਾਂ ਤੇ ਹੋਰ ਆਮ ਅਬਾਦੀ ਵਿੱਚ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਵੱਲੋਂ ਲੁਧਿਆਣਾ ਦੇ ਹੰਭੜਾਂ, ਭੂੰਦੜੀ, ਭੱਠਾ ਥੂਹਾ, ਲੀਲ੍ਹਾਂ, ਧਾਲੀਆਂ, ਰਾਜਗੜ੍ਹ, ਨੰਗਲ ਕਲਾਂ, ਨੰਗਲ ਖੁਰਦ, ਪੱਖੋਵਾਲ, ਖੰਡੂਰ, ਅਲੌੜ, ਬੁੱਲ੍ਹੇਪੁਰ, ਵਜੀਦਪੁਰ, ਗਲਵੱਢੀ, ਅਜਮੇਰ, ਬੂਥਗੜ, ਕੋਟਲੀ ਅਜਮੇਰ, ਰਾਮਗੜ੍ਹ, ਮਹੌਣ ਤੇ ਜੰਡਿਆ, ਫਰੀਦਕੋਟ ਦੇ ਰੋੜੀ ਕਪੂਰਾ, ਖੱਚੜ, ਸੂਰਘਰੀ, ਮੱਤਾ, ਚੈਨਾ, ਵਾਂਦਰ ਅਤੇ ਸੰਗਰੂਰ, ਮਾਨਸਾ ਦੇ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਰੈਲੀਆਂ, ਘਰ-ਘਰ ਜਾ ਕੇ ਗੱਲ ਕਰਨ, ਪਰਚਾ ਵੰਡਣ, ਨਾਟਕਾਂ, ਮੀਟਿੰਗਾਂ ਤੇ ਮਾਰਚਾਂ ਆਦਿ ਰੂਪਾਂ ਚ ਮੁਹਿੰਮ ਚਲਾਈ ਗਈ ਜਿਸਨੂੰ ਲੋਕਾਂ ਨੂੰ ਚੰਗਾ ਹੁੰਘਾਰਾ ਦਿੱਤਾ।

ਇਸੇ ਤਰ੍ਹਾਂ ਸ਼ਹਿਰਾਂ ਵਿੱਚੋਂ ਅੰਮਿ੍ਰਤਸਰ, ਪਟਿਆਲਾ, ਸੰਗਰੂਰ, ਸੁਨਾਮ, ਲਹਿਰਾਗਾ, ਲੁਧਿਆਣਾ ਤੇ ਖੰਨਾ ਆਦਿ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ, ਚੌਕਾਂ, ਬਜਾਰਾਂ ਵਿੱਚ ਮੁਹਿੰਮ ਚਲਾਉਂਦੇ ਹੋਏ ਲੋਕਾਂ ਨੂੰ ਜਲਿ੍ਹਆਂਵਾਲੇ ਬਾਗ ਤੋਂ ਪ੍ਰੇਰਣਾ ਲੈਂਦੇ ਹੋਏ ਮੌਜੂਦਾ ਲੁੱਟ, ਜਬਰ ਖਿਲਾਫ ਸੰਘਰਸ਼ ਤੇਜ ਕਰਨ ਦਾ ਹੋਕਾ ਦਿੱਤਾ ਗਿਆ ਤੇ ਇਸ ਮੁਹਿੰਮ ਲਈ ਫੰਡ ਵੀ ਇਕੱਠਾ ਕੀਤਾ ਗਿਆ।

ਹਰਿਆਣਾ ਦੇ ਪੰਜਾਬ ਨਾਲ ਲਗਦੇ ਤੇ ਪੰਜਾਬੀ ਬੋਲਦੇ ਇਲਾਕੇ ਸਿਰਸਾ ਜਿਲ੍ਹ੍ਹੇ ਵਿੱਚ ਨੌਜਵਾਨ ਭਾਰਤ ਸਭਾ ਤੇ ਦਿਸ਼ਾ ਸਟੂਡੈਂਟਸ ਆਰਗੇਨਾਈਜੇਸ਼ਨ ਦੀਆਂ ਜਿਲ੍ਹਾ ਕਮੇਟੀਆਂ ਵੱਲੋਂ ਵੀ ਇਸ ਇਲਾਕੇ ਵਿੱਚ ਜਲਿ੍ਹਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਿਪਤ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ ਤੇ 13 ਅਪ੍ਰੈਲ ਨੂੰ ਪੰਜਾਬ ਪੈਲਸ ਸਿਰਸਾ ਵਿਖੇ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੁਹਿੰਮ ਤਹਿਤ ਜਿਲ੍ਹੇ ਦੇ ਕਰੀਬ 50 ਪਿੰਡਾਂ ਤੇ ਵਿੱਦਿਅਕ ਸੰਸਥਾਵਾਂ ਵਿੱਚ ਜੋਰਦਾਰ ਮੁਹਿੰਮ ਚਲਾਈ ਗਈ। ਵਿੱਦਿਅਕ ਸੰਸਥਾਵਾਂ ਵਿੱਚ ਚੌਧਰੀ ਦੇਵੀਲਾਲ ਯੂਨੀਵਰਸਿਟੀ, ਸਰਕਾਰੀ ਨੈਸ਼ਨਲ ਕਾਲਜ, ਸਰਕਾਰੀ ਆਈਟੀਆਈ, ਸਰਕਾਰੀ ਬਹੁਤਕਨੀਕੀ ਕਾਲਜ, ਸ਼ਾਹ ਸਤਨਾਮ ਕਾਲਜ ਤੇ ਹੋਰ ਅਦਾਰਿਆਂ ਵਿੱਚ ਵਿਦਿਆਰਥੀਆਂ ਨਾਲ ਜਲਿ੍ਹਆਂਵਾਲੇ ਬਾਗ ਦੇ ਸਾਕੇ ਬਾਰੇ ਗੱਲਬਾਤ ਕਰਦਿਆਂ ਇਸਤੋਂ ਪ੍ਰੇਰਣਾ ਲੈ ਕੇ ਮੌਜੂਦਾ ਲੁੱਟ, ਜਬਰ ਖਿਲਾਫ ਜਥੇਬੰਦ ਹੋਣ ਦਾ ਹੋਕਾ ਦਿੱਤਾ ਗਿਆ ਤੇ 13 ਅਪ੍ਰੈਲ ਦੀ ਕਨਵੈਨਸ਼ਨ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਨਾਟਕਾਂ, ਰੈਲੀਆਂ, ਮੀਟਿੰਗਾਂ ਆਦਿ ਜਰੀਏ ਲੋਕਾਂ ਨੂੰ ਸ਼ਹੀਦਾਂ ਦੀ ਯਾਦ ਤਾਜਾ ਕਰਵਾ ਕੇ ਸੰਘਰਸ਼ ਦੇ ਰਾਹ ਪੈਣ ਦਾ ਸੁਨੇਹਾ ਦਿੱਤਾ ਗਿਆ।

ਇਸ ਪੂਰੀ ਮੁਹਿੰਮ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ 13 ਅਪ੍ਰੈਲ ਦੇ ਇਸ ਖੂਨੀ ਸਾਕੇ ਦੀ ਘਟਨਾ ਲੋਕਾਂ ਦੇ ਦਿਲਾਂ ਅੰਦਰ ਵਸੀ ਹੋਈ ਤੇ ਉਹ ਅੱਜ ਵੀ ਇਹਦੀ ਪੀੜ ਮਹਿਸੂਸ ਕਰਦੇ ਹਨ। ਇਸ ਨਾਲ ਜੋੜ ਕੇ ਹੋਈ ਗੱਲਬਾਤ ਨੂੰ ਲੋਕਾਂ ਨੇ ਸੋਘਵਾਨੀ ਤੇ ਉਤਸੁਕਤਾ ਨਾਲ ਸੁਣਿਆ ਤੇ ਅੱਗੋਂ ਆਪਣੇ ਵਿਚਾਰ ਵੀ ਦਿੱਤੇ। ਖੁਦ ਲੋਕਾਂ ਅੰਦਰੋਂ ਵੀ ਇਹ ਵਿਚਾਰ ਆਏ ਮੌਜੂਦਾ ਆਰਥਿਕ, ਸਿਆਸੀ ਪ੍ਰਬੰਧ ਅੰਗਰੇਜਾਂ ਦੇ ਵੇਲੋ ਤੋਂ ਕੋਈ ਬਹੁਤਾ ਚੰਗਾ ਨਹੀਂ ਹੈ ਤੇ ਲੋਕ ਬੇਰੁਜਗਾਰੀ, ਗਰੀਬੀ, ਮਹਿੰਗਾਈ ਜਿਹੀਆਂ ਸਮੱਸਿਆਵਾਂ ਕਾਰਨ ਇਸ ਸਿਆਸੀ ਪ੍ਰਬੰਧ ਤੋਂ ਦੁਖੀ ਹਨ। ਉਹ ਸਿਆਸਦਾਨਾਂ ਦੇ ਝੂਠੇ ਲਾਰਿਆਂ, ਫੋਕੇ ਲੋਕ ਲੁਭਾਉਣੇ ਵਾਅਦਿਆਂ ਤੇ ਲੋਕ ਵਿਰੋਧੀ ਨੀਤੀਆਂ ਤੋਂ ਅੱਕੇ ਪਏ ਹਨ। ਪਰ ਆਪਣੇ ਸਾਹਮਣੇ ਕੋਈ ਠੋਸ ਬਦਲ ਨਾ ਹੋਣ ਦੀ ਨਿਰਾਸ਼ਾ, ਦਿਸ਼ਾਹੀਣਤਾ ਵਿੱਚੋਂ ਉਹ ਜਿੰਦਗੀ ਨੂੰ ਇਸੇ ਤਰ੍ਹਾਂ ਗਲੇ ਲਾਈ ਬੈਠੇ ਹਨ। ਲੋਕਾਂ ਨੇ ਇਹ ਵੀ ਮੰਨਿਆ ਕਿ ਲੋਕਾਂ ਦੇ ਸ਼ਹੀਦਾਂ ਨੂੰ ਭੁਲਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਇਨਕਲਾਬੀ ਵਿਰਸੇ ਤੋਂ ਤੋੜਿਆ ਜਾ ਰਿਹਾ ਹੈ ਤੇ ਜਦਕਿ ਇਸੇ ਤੋਂ ਪ੍ਰੇਰਣਾ ਲੈ ਕੇ ਹੀ ਅੱਜ ਦੇ ਸਮਾਜ ਨੂੰ ਕੋਈ ਦਿਸ਼ਾ ਦੇਣ ਦਾ ਉਪਰਾਲਾ ਹੋ ਸਕਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 5, 16 ਤੋਂ 30 ਅਪੈਰ੍ਲ 2019 ਵਿੱਚ ਪਰ੍ਕਾਸ਼ਿਤ