ਜੈ ਭੀਮ ਕਾਮਰੇਡ •ਛਿੰਦਰਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਾਫੀ ਸਾਰੇ ਸਮਾਜਿਕ ਮਸਲਿਆਂ ‘ਤੇ ਡਾਕੂਮੈਂਟਰੀਆਂ ਬਨਾਉਣ ਤੋਂ ਬਾਅਦ ਅਨੰਦ ਪਟਵਰਧਨ ਦੀ ਬਣਾਈ ਫਿਲਮ ਜੈ ਭੀਮ ਕਾਮਰੇਡ ਬੌਧਿਕ ਹਲਕਿਆਂ ‘ਚ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ। ਅਨੰਦ ਪਟਵਰਧਨ ਦੀ ਇਹ ਫਿਲਮ ਭਾਰਤੀ ਸਮਾਜ ਦੀ ਸਭ ਤੋਂ ਗੰਭੀਰ ਤੇ ਭਿਅੰਕਰ ਸਮੱਸਿਆਂਵਾਂ ਚੋਂ ਇੱਕ ਜਾਤ-ਪਾਤ ‘ਤੇ ਕੇਂਦਰਤ ਹੈ। ਇਹ ਸੱਚਾਈ ਹੈ ਕਿ ਭਾਰਤ ਦੇ ਦਲਿਤ ਅੱਜ ਵੀ ਜਾਤ-ਪਾਤੀ ਦਾਬੇ ਦੇ ਭਿਅੰਕਰ ਸ਼ਿਕਾਰ ਹਨ। ਨਿਰਦੇਸ਼ਕ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਉਹ ਆਪਣੀ ਇਸ ਰਚਨਾ ਜਰੀਏ ਬੌਧਿਕ ਹਲਕਿਆਂ ‘ਚ ਸੰਵਾਦ ਰਚਾਉਣ ‘ਚ ਕਾਮਯਾਬ ਰਿਹਾ ਹੈ ਤੇ ਨਿਰਦੇਸ਼ਕ ਨੇ ਬੰਦ ਕਮਰਿਆਂ ‘ਚ ਬੈਠਕੇ ਰਚਨਾ ਕਰਨ ਦੀ ਪ੍ਰੰਪਰਾ ਨੂੰ ਵੀ ਤੋੜਿਆ ਹੈ ਅਤੇ ਨਿਰਦੇਸ਼ਕ ਨੇ ਉਹਨਾਂ ਲੋਕਾਂ ਦੇ ਵਿਚਕਾਰ ਜਾਕੇ ਫਿਲਮਾਂਕਣ ਕੀਤਾ, ਜਿਹੜੇ ਭਾਰਤੀ ਸਮਾਜ ਦੀ ਸਭ ਤੋਂ ਵੱਡੀ ਬਿਮਾਰੀ ਦਾ ਸੰਤਾਪ ਭੋਗ ਰਹੇ ਹਨ। ਲੋਕਾਂ ‘ਚ ਰਹਿਕੇ ਉਹਨਾਂ ਦੇ ਨਾਲ਼ ਜੁੜਕੇ ਹੀ ਇਸ ਮਸਲੇ ਦੀ ਏਨੀ ਜੀਵੰਤ ਪੇਸ਼ਕਾਰੀ ਕੀਤੀ ਜਾ ਸਕਦੀ ਹੈ, ਜਿੰਨੀ ਫਿਲਮ ‘ਚ ਵੇਖਣ ਨੂੰ ਮਿਲ਼ਦੀ ਹੈ।

ਇਸ ਫਿਲਮ ‘ਚ ਨਿਰਦੇਸ਼ਕ ਨੇ 21ਵੀਂ ਸਦੀ ਦੇ ਭਾਰਤ ਦੇ ਦਲਿਤਾਂ ਦੀ ਜ਼ਿੰਦਗੀ ਨੂੰ ਕਈ ਪੱਖਾਂ ਤੋਂ ਪੇਸ਼ ਕੀਤਾ ਹੈ। ਇਸ ਤੋਂ ਬਿਨਾਂ ਨਿਰਦੇਸ਼ਕ ਫਾਸੀਵਾਦੀ ਪ੍ਰਤੀਕ ਪੁਰਖਾਂ ਬਾਲ ਠਾਕਰੇ, ਨਰਿੰਦਰ ਮੋਦੀ ਤੇ ਹੋਰ ਫਾਸਿਸਟ ਟੱਟੂਆਂ ਦੇ ਭਾਸ਼ਣਾਂ ਦੀਆਂ ਕਲਿਪਾਂ ਰਾਹੀਂ ਫਾਸੀਵਾਦੀ ਸਿਆਸਤ ਨੂੰ ਵੀ ਕਾਫੀ ਹੱਦ ਤੱਕ ਨੰਗਿਆਂ ਕਰਨ ‘ਚ ਕਾਮਯਾਬ ਰਿਹਾ ਹੈ। ਅਨੰਦ ਪਟਵਰਧਨ ਦੀ ਇਹ ਫਿਲਮ ਦਲਿਤ ਮੁਕਤੀ ਦੇ ਸਵਾਲ ਨੂੰ ਗੰਭੀਰਤਾ ਨਾਲ਼ ਸੰਬੋਧਿਤ ਹੁੰਦੀ ਹੋਈ ਅੰਤ ‘ਚ ਨੀਲੇ ਤੇ ਲਾਲ ਦਾ ਸੁਮੇਲ਼ ਕਰਾਉਣ ਦਾ ਸੁਨੇਹਾ ਦਿੰਦੀ ਹੈ, ਕਿ ਅੰਬੇਡਕਰੀ ਤੇ ਕਮਿਊਨਿਸਟ ਸਿਧਾਂਤਾਂ ਦੇ ਸੁਮੇਲ਼ ਨਾਲ਼ ਹੀ ਦਲਿਤ ਮੁਕਤੀ ਦਾ ਸਵਾਲ ਹੱਲ ਕੀਤਾ ਜਾ ਸਕਦਾ ਹੈ। ਇਹੋ ਇਸ ਫਿਲਮ ਦਾ ਕੇਂਦਰੀ ਸੁਨੇਹਾ ਹੈ। ਇਹ ਫਿਲਮ ਇਸ ਗੱਲ ਨੂੰ ਵੀ ਉਭਾਰਦੀ ਹੈ ਕਿ ਕਮਿਊਨਿਸਟਾਂ ਨੇ ਦਲਿਤਾਂ ਲਈ ਕੁੱਝ ਨਹੀਂ ਕੀਤਾ। ਇਹ ਭਾਰਤ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਦੀ ਗ਼ਲਤ ਪੇਸ਼ਕਾਰੀ ਹੈ।

ਫਿਲਮ ਦੀ ਸ਼ੁਰੂਆਤ ਸ਼ਾਇਰ ਵਿਲਾਸ ਘੋਗਰੇ ਦੇ ਗੀਤ ਤੋਂ ਹੁੰਦੀ ਜੋ ਪ੍ਰਲੇਤਾਰੀ ਇਨਕਲਾਬ ਦਾ ਪੱਖ ਪੂਰਦਾ ਹੈ। ਫਿਲਮ ਵਿਲਾਸ ਘੋਗਰੇ, ਜੋ ਆਹਵਾਨ ਨਾਟਕ ਮੰਚ (ਕਮਿਊਨਿਸਟ ਜਥੇਬੰਦੀ ਦੀ ਸੱਭਿਆਚਾਰਕ ਮੰਡਲੀ) ਨਾਲ਼ ਜੁੜਿਆ ਹੋਇਆ ਹੈ, ਦੀ ਖੁਦਕੁਸ਼ੀ ਤੋਂ ਅੱਗੇ ਵਧਦੀ ਹੈ। ਸ਼ਾਇਰ ਵਿਲਾਸ ਘੋਗਰੇ ਨੇ ਖੁਦਕੁਸ਼ੀ ਕਰਨ ਵੇਲ਼ੇ ਮੱਥੇ ‘ਤੇ ਨੀਲੀ ਪੱਟੀ ਬੰਨੀ ਹੋਈ ਸੀ ਅਤੇ ਕੰਧ ‘ਤੇ ਅੰਬੇਡਕਰੀ ਇੱਕਜੁੱਟਤਾ ਦਾ ਨਾਹਰਾ ਲਿਖਿਆ ਹੋਇਆ ਸੀ। ਇਸ ਫਿਲਮ ‘ਚ ਨਿਰਦੇਸ਼ਕ ਵਿਲਾਸ ਘੋਗਰੇ ਨੂੰ ਇੱਕ ਪ੍ਰਤੀਕ ਦੇ ਤੌਰ ‘ਤੇ ਇਸਤੇਮਾਲ ਕਰਦਾ ਹੈ ਤੇ ਉਸ ਜਰੀਏ ਕਮਿਊਨਿਸਟਾਂ ਦੀ ਜਾਤ-ਪਾਤ ਬਾਰੇ ਪਹੁੰਚ ‘ਤੇ ਸਵਾਲ ਉਠਾਉਂਦਾ ਹੈ। ਇਸਤੋਂ ਮਗਰੋਂ ਵਿਲਾਸ ਘੋਗਰੇ ਨਿਰਾਸ਼ ਹੋਕੇ ਦਲਿਤ ਮੁਕਤੀ ਦੇ ਅੰਬੇਡਕਰੀ ਸਿਧਾਂਤ ਦਾ ਹਮੈਤੀ ਬਣਿਆ ਵਿਖਾਇਆ ਗਿਆ ਹੈ। ਪਰ ਅੰਬੇਡਕਰ ਲਹਿਰ ਦਾ ਵੀ ਨਿਘਾਰ ਤੇ ਖਿੰਡਾਅ ਸਪੱਸ਼ਟ ਹੀ ਫਿਲਮ ‘ਚ ਵਿਖਾਈ ਦਿੰਦਾ ਹੈ ਤੇ ਕਿਵੇਂ ਰਿਪਬਲੀਕਨ ਪਾਰਟੀ ਆਫ ਇੰਡੀਆ ਦੀ ਸਿਆਸਤ ਨਿੱਘਰਕੇ ਅੰਤ ਨੂੰ ਕਾਂਗਰਸੀਆਂ ਤੇ ਸੰਘੀਆਂ ਦੀ ਝੋਲੀ ‘ਚ ਬੈਠ ਜਾਂਦੀ ਹੈ ਤੇ ਅੱਜ ਦਲਿਤਵਾਦੀਆਂ ਦੀ ਪੂਰੀ ਕੋਸ਼ਿਸ਼ ਸਿਰਫ ਸੰਸਦ ‘ਚ ਕੁਰਸੀਆਂ ਹਾਸਲ ਕਰਨ ਤੱਕ ਹੀ ਸੀਮਤ ਰਹਿ ਗਈ ਹੈ। ਫਿਲਮ ‘ਚ ਮਸਲੇ ਦੀ ਪੂਰੀ ਪੇਸ਼ਕਾਰੀ ਇਸ ਤਰ੍ਹਾਂ ਹੁੰਦੀ ਹੈ ਕਿ ਦਲਿਤ ਮੁਕਤੀ ਦੇ ਮਸਲੇ ਨੂੰ ਨਾ ਤਾਂ ਪੂਰੀ ਤਰ੍ਹਾਂ ਮਾਰਕਸਵਾਦ ਤੇ ਨਾ ਹੀ ਪੂਰੀ ਤਰਾਂ ਅੰਬੇਡਕਰਵਾਦ ਹੱਲ ਕਰ ਸਕਦਾ ਹੈ ਤੇ ਇਸ ਲਈ ਮਾਰਕਸਵਾਦ ਤੇ ਅੰਬੇਡਕਰਵਾਦ (ਲਾਲ ਤੇ ਨੀਲੇ) ਦੇ ਸੁਮੇਲ ਨਾਲ਼ ਹੀ ਇਸ ਮਸਲੇ ਨਾਲ਼ ਦੋ ਚਾਰ ਹੋਇਆ ਜਾ ਸਕਦਾ ਹੈ। ਹੁਣ ਸਾਡੇ ਸਾਹਮਣੇ ਸਵਾਲ ਹੈ ਕਿ ਵਾਕਿਆ ਹੀ ਦਲਿਤ ਮੁਕਤੀ ਲਈ ਮਾਰਕਸਵਾਦ ਕੋਲ਼ ਪਰਿਯੋਜਨਾ ਨਹੀਂ? ਕੀ ਦਲਿਤ ਮੁਕਤੀ ਲਈ ਇਸਨੂੰ ਅੰਬੇਡਕਰਵਾਦ ਨਾਲ ਸੁਮੇਲਣਾ ਜਰੂਰੀ ਹੈ?

ਇਹ ਪੂਰੀ ਫਿਲਮ ਮਹਾਂਰਾਸ਼ਟਰ ਦੀ ਪਿੱਠਭੂਮੀ ਵਿੱਚ ਚਲਦੀ ਹੈ। ਮਹਾਂਰਾਸ਼ਟਰ ਅੱਜ ਵੀ ਇੱਕ ਐਸਾ ਸੂਬਾ ਹੈ ਜਿੱਥੇ ਦਲਿਤਾਂ ‘ਤੇ ਅੱਤਿਆਚਾਰ ਅੱਜ ਵੀ ਭਿਅੰਕਰ ਰੂਪ ‘ਚ ਮੌਜੂਦ ਹੈ। ਇਸਤੋਂ ਇਲਾਵਾ ਇਹ ਗੱਲ ਵੀ ਧਿਆਨ ਦੇਣਯੋਗ ਹੈ ਕਿ ਮਹਾਂਰਾਸ਼ਟਰ ਹੀ ਅੰਬੇਡਕਰ ਦੇ ਦਲਿਤ ਮੁਕਤੀ ਸਿਧਾਂਤ ਦੀ ਪ੍ਰਯੋਗ ਭੂਮੀ ਰਿਹਾ ਹੈ। ਇੱਥੋਂ ਦੇ ਦਲਿਤਾਂ ‘ਤੇ ਅੰਬੇਡਕਰ ਦਾ ਪ੍ਰਭਾਵ ਵੀ ਬਹੁਤ ਜਬਰਦਸਤ ਹੈ, ਜੋ ਦਸਤਾਵੇਜੀ ਵਿੱਚ ਵੀ ਸਪੱਸ਼ਟ ਵਿਖਾਈ ਦਿੰਦਾ ਹੈ ਕਿ ਕਿਵੇਂ ਮਹਾਂਰਾਸ਼ਟਰ ‘ਚ ਅੰਬੇਡਕਰ ਨੂੰ ਰੱਬ ਵਾਂਗ ਪੂਜਿਆ ਜਾਂਦਾ ਹੈ, ਉਸਦੇ ਭਜਨ ਗਾਏ ਜਾਂਦੇ ਹਨ। ਮਹਾਂਰਾਸ਼ਟਰ ‘ਚ ਦਲਿਤਾਂ ਦੀ ਹਾਲਤ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅੰਬੇਡਕਰ ਦਾ ਦਲਿਤ ਮੁਕਤੀ ਸਿਧਾਂਤ ਦਲਿਤਾਂ ਦੇ ਜੀਵਨ ਚ ਕੋਈ ਬਿਹਤਰੀ ਨਹੀਂ ਲਿਆਇਆ। ਇਸਦੇ ਬਰਕਸ ਜਿੱਥੇ ਵੀ ਕਮਿਊਨਿਸਟਾਂ ਦਾ ਕੰਮ ਰਿਹਾ ਹੈ, ਉੱਥੇ ਜਾਤੀ ਦਾਬਾ ਕਿਤੇ ਘੱਟ ਹੈ। ਇਸਦੇ ਮੁੱਖ ਕਾਰਨਾਂ ਚੋਂ ਇੱਕ ਕਿ ਅੰਬੇਡਕਰ ਨੇ ਕਦੇ ਵਿਸ਼ਾਲ ਲੋਕਾਈ ਦੀ ਤਾਕਤ ਵਿੱਚ ਭਰੋਸਾ ਹੀ ਨਹੀਂ ਕੀਤਾ। ਅੰਬੇਡਕਰ ਦੀ ਬਹੁਤ ਦ੍ਰਿੜ ਧਾਰਨਾ ਸੀ ਕਿ ਰਾਜਸੱਤਾ ਰਾਹੀਂ ਸੁਧਾਰ ਕਰਕੇ ਦਲਿਤਾਂ ਦੀ ਹਾਲਤ ਨੂੰ ਬਦਲਿਆ ਜਾ ਸਕਦਾ ਹੈ। ਅੰਬੇਡਕਰ ਇਸੇ ਢਾਂਚੇ ਅੰਦਰ ਸੁਧਾਰਾਂ ਦੇ ਪੱਕੇ ਹਿਮਾਇਤੀ ਸਨ। ਇਸੇ ਕਰਕੇ ਸੰਵਿਧਾਨਿਕ ਸੁਧਾਰ ਜਿਵੇਂ ਰਿਜਰਵੇਸ਼ਨ ਉਹਨਾਂ ਦੀ ਇਸੇ ਧਾਰਨਾ ਦਾ ਠੋਸ ਰੂਪ ਹੈ। ਜਿਸਨੂੰ ਫਿਲਮ ‘ਚ ਵੀ ਇੱਕ ਮੁੱਦੇ ਦੇ ਤੌਰ ‘ਤੇ ਪੇਸ਼ ਕੀਤਾ ਹੈ।।ਫਿਲਮ ‘ਚ ਹੀ ਸਪੱਸ਼ਟ ਹੈ ਕਿਵੇਂ ਰਿਜਰਵੇਸ਼ਨ ਦਾ ਮੁੱਦਾ ਦੇਸ਼ ਦੇ ਨੌਜਵਾਨਾਂ ਨੂੰ ਸਾਂਝੇ ਦੁਸ਼ਮਣ ਨਾਲ ਲੜਨ ਦੀ ਬਜਾਏ ਆਪਸ ਵਿੱਚ ਭਿੜਾ ਦਿੰਦਾ ਹੈ ਤੇ ਭਾਰਤੀ ਹਾਕਮਾਂ ਦੇ ਹੱਕ ‘ਚ ਭੁਗਤ ਜਾਂਦਾ ਹੈ। ਇਸ ਮਸਲੇ ਰਾਹੀਂ ਨੌਜਵਾਨ ਜਾਤੀਗਤ ਲੀਹਾਂ ‘ਤੇ ਵੰਡੇ ਜਾਂਦੇ ਹਨ। ਦਲਿਤ ਮੁਕਤੀ ਦੇ ਨੁਕਤੇ ਦਿੰਦਿਆਂ ਉਹਨਾਂ ਜਿਹੜਾ ਇੱਕ ਹੋਰ ਸੁਝਾਅ ਦਿੱਤਾ ਉਹ ਸੀ ਧਰਮ ਪਰਿਵਰਤਨ ਦਾ। ਉਹਨਾਂ 1936 ਵਿੱਚ ਹਿੰਦੂ ਧਰਮ ਛੱਡਣ ਦੀ ਗੱਲ ਕੀਤੀ। ਪਰ ਆਪਣੀ ਇਸ ਗੱਲ ਤੇ ਅਮਲ ਉਹਨਾਂ ਖੁਦ 20 ਸਾਲਾਂ ਬਾਅਦ 1956 ਚ ਬੁੱਧ ਧਰਮ ਅਪਣਾਕੇ ਕੀਤਾ। ਸਾਰੀ ਉਮਰ ਉਹਨਾਂ ਦੀ ਧਾਰਮਿਕ ਸ਼ਰਧਾ ਬਣੀ ਰਹੀ। ਸਾਰੀ ਉਮਰ ਉਹਨਾਂ ਦਾ ਨਜ਼ਰੀਆਂ ਵਿਚਾਰਵਾਦੀ ਬਣਿਆ ਰਿਹਾ। ਫਿਲਮ ‘ਚ ਦਲਿਤਾਂ ਵੱਲੋਂ ਆਪਣਾ ਧਰਮ ਪਰਿਵਰਤਨ ਕਰਕੇ ਬੋਧ ਸਮਾਜੀ ਬਣਨ ਦੀ ਗੱਲ ਕੀਤੀ ਗਈ-ਪਰ ਇਸਦੇ ਬਾਵਜੂਦ ਉਹਨਾਂ ਦੀ ਜ਼ਿੰਦਗੀ ‘ਚ ਕਿਸੇ ਵੀ ਤਰਾਂ ਦੀ ਤਬਦੀਲੀ ਵਿਖਾਈ ਨਹੀਂ ਦਿੰਦੀ, ਉਹ ਅੱਜ ਵੀ ਉਸੇ ਤਰਾਂ ਦੀ ਨਰਕੀ ਜਿੰਦਗੀ ਭੋਗਦੇ ਹਨ। ਭਾਵੇਂ ਅੰਬੇਡਕਰ ਨੇ ਦਲਿਤ ਲੋਕਾਈ ਨੂੰ ਦਾਬੇ ਦੇ ਵਿਰੁੱਧ ਜਗਾਇਆ ਪਰ ਕਦੇ ਵੀ ਲਾਮਬੰਦ ਨਹੀਂ ਕੀਤਾ। ਅੰਬੇਡਕਰ ਨੇ ਲੋਕਾਂ ਨੂੰ ਸੰਵਿਧਾਨਿਕ ਲੜਾਈਆਂ ਤੱਕ ਸੀਮਿਤ ਕਰਕੇ ਉਹਨਾਂ ਦੇ ਹੱਥ ਬੰਨ ਦਿੱਤੇ। ਵੈਸੇ ਅੰਬੇਡਕਰ ਦਾ ਸਮੁੱਚਾ ਸਿਧਾਂਤ ਹੀ ਦਲਿਤ ਮੁਕਤੀ ਦੀ ਕੋਈ ਠੋਸ ਪਰਿਯੋਜਨਾ ਪੇਸ਼ ਨਹੀਂ ਕਰਦਾ ਤੇ ਫਿਲਮ ‘ਚ ਵਿਖਾਈ ਦਲਿਤਾਂ ਦੀ ਹਾਲਤ ਇਸੇ ਗੱਲ ਦੀ ਸ਼ਾਹਦੀ ਭਰਦੀ ਹੈ।

ਜਿਹੜਾ ਦੂਜਾ ਸਵਾਲ ਦਸਤਾਵੇਜੀ ‘ਚ ਵਾਰ-ਵਾਰ ਪੇਸ਼ ਕੀਤਾ ਜਾਂਦਾ ਹੈ-ਉਹ ਹੈ ਕਮਿਊਨਿਸਟ ਲਹਿਰ ਦੇ ਇਤਿਹਾਸ ਸਬੰਧੀ ਤੇ ਮਾਰਕਸਵਾਦ ਰਾਹੀਂ ਜਾਤ ਦੇ ਸਵਾਲ ਨੂੰ ਨਜਿੱਠਣ ਦੇ ਮਸਲੇ ਸਬੰਧੀ। ਹਰੇਕ ਰਚਨਾ ‘ਚ ਤੱਥਾਂ ਦੀ ਚੋਣ ਬਹੁਤ ਮਹੱਤਵਪੂਰਨ ਹੁੰਦੀ ਹੈ, ਤੇ ਇਸੇ ਤੋਂ ਹੀ ਨਿਰਦੇਸ਼ਕ ਦੇ ਸੰਸਾਰ ਨਜ਼ਰੀਏ ਤੇ ਉਸਦੀ ਸਮਝ ਬਾਰੇ ਵੀ ਪਤਾ ਲੱਗਦਾ ਹੈ। ਫਿਲਮ ‘ਚ ਵਿਲਾਸ ਘੋਗਰੇ ਦੇ ਨਾਲ਼ ਕੰਮ ਕਰਦਾ ਸੰਭਾਜੀ ਭਗਤ ਇੰਟਰਵਿਊ ਵਿੱਚ ਕਹਿੰਦਾ ਹੈ ਕਿ “ਵਿਲਾਸ ਆਪਣੀ ਆਰਥਕ ਲਾਚਾਰੀ ਕਾਰਨ ਦੁਖੀ ਰਹਿੰਦਾ ਸੀ ਤੇ ਦੂਜਾ ਇਸ ਗੱਲ ਤੋਂ ਨਿਰਾਸ਼ ਵੀ ਰਹਿੰਦਾ ਸੀ ਕਿ ਕਮਿਉਨਿਸਟਾਂ ਨੇ ਜਾਤ-ਪਾਤ ਦੇ ਮਸਲੇ ਸਬੰਧੀ ਕੁਝ ਨਹੀਂ ਕੀਤਾ।” ਨਿਰਦੇਸ਼ਕ ਅਸਲ ‘ਚ ਖੁਦ ਵੀ ਅਜਿਹਾ ਹੀ ਮੰਨਦਾ ਹੈ ਕਿ ਕਮਿਉਨਿਸਟ ਲਹਿਰ ਦਲਿਤਾਂ ਦੀ ਮੁਕਤੀ ‘ਚ ਭੂਮਿਕਾ ਅਸਫਲ ਰਹੀ ਹੈ। ਪਹਿਲਾਂ ਸ਼ਾਇਰ ਵਿਲਾਸ ਘੋਗਰੇ ਦਾ ਕਹਿਣਾ ਕਿ ਕਮਿਊਨਿਸਟਾਂ ਨੇ ਜਾਤੀ-ਪਾਤੀ ਮਸਲੇ ਲਈ ਕੁੱਝ ਨਹੀਂ ਕੀਤਾ ਅਤੇ ਉਸਤੋਂ ਮਗਰੋਂ ਕੈਪਸ਼ਨਾਂ ਰਾਹੀਂ ਵਿਖਾਉਣਾ ਕਿ ”ਖੱਬੇਪੱਖੀਆਂ ਨੂੰ ਇਤਰਾਜ ਸੀ ਕਿ ਡਾ. ਅੰਬੇਡਕਰ ਜਾਤ ਦੇ ਮਸਲੇ ਨੂੰ ਜਮਾਤ ਨਾਲ਼ੋਂ ਜ਼ਿਆਦਾ ਮਹੱਤਵ ਦਿੰਦੇ ਸਨ” ਤੇ ਦੂਜੀ ਕੈਪਸ਼ਨ ‘ਚ ਕਿਹਾ ਜਾਂਦਾ ਕਿ ”ਅੱਜ ਵੀ ਬਹੁਤੇ ਕਮਿਊਨਿਸਟ ਉੱਚੀਆਂ ਜਾਤਾਂ ਦੇ ਹਨ”। ਇਸ ਸਭ ਤੋਂ ਨਿਰਦੇਸ਼ਕ ਦੁਆਰਾ ਕਮਿਊਨਿਸਟਾਂ ਨੂੰ ਦੋਸ਼ੀ ਮੰਨੇ ਜਾਣ ਦੀ ਗੱਲ ਸਿੱਧ ਹੁੰਦੀ ਹੈ। ਪਰ ਜੇ ਕਮਿਊਨਿਸਟ ਲਹਿਰ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਕਮਿਊਨਿਸਟ ਹਮੇਸ਼ਾ ਹੀ ਵੀਹਵੀਂ ਸਦੀ ਵਿੱਚ ਦਲਿਤਾਂ ਤੇ ਹੋਰ ਪਸਿੱਤੀਆਂ ਜਾਤਾਂ ‘ਤੇ ਜ਼ਬਰ ਅਤੇ ਵਿਤਕਰੇ ਦੇ ਖਿਲਾਫ਼ ਬਹਾਦਰੀ ਨਾਲ ਲੜੇ ਹਨ। ਕਮਿਊਨਿਸਟਾਂ ਦਾ ਮੁੱਖ ਸਮਾਜਿਕ ਅਧਾਰ ਹੀ ਪਿੰਡਾਂ ਦੇ ਬੇਜਮੀਨਿਆਂ ‘ਚ ਰਿਹਾ, ਜਿਹੜੇ ਜ਼ਿਆਦਾਤਰ ਦਲਿਤ ਸਨ। ਦੇਸ਼ ‘ਚ ਸੈਂਕੜੇ ਥਾਵਾਂ ‘ਤੇ ਕਮਿਊਨਿਸਟਾਂ ਨੇ ਦਲਿਤਾਂ ਨਾਲ਼ ਵਿਤਕਰੇ ਤੇ ਦਾਬੇ ਖਿਲਾਫ਼ ਲਹਿਰਾਂ ਚਲਾਈਆਂ। ਜਦੋਂ ਤੱਕ ਭਾਰਤ ਦੀ ਕਮਿਊਨਿਸਟ ਪਾਰਟੀ ਦਾ ਖਾਸਾ ਇਨਕਲਾਬੀ ਸੀ, ਸਵਰਣ ਜਾਤਾਂ ‘ਚੋਂ ਆਏ ਕਾਰਕੁੰਨ ਵੀ ਦਲਿਤ ਬਸਤੀਆਂ ‘ਚ ਹੀ ਰਹਿੰਦੇ ਸਨ। ਜਿਕਰਯੋਗ ਹੈ ਕਿ ਤੇਲੰਗਾਨਾ ਕਿਸਾਨ ਘੋਲ਼ ਦੀ ਜ਼ਮੀਨ ਤਿਆਰ ਕਰਦੇ ਹੋਏ ਆਂਧਰਾ ਮਹਾਂਸਭਾ ਚ ਕੰਮ ਦੌਰਾਨ ਕਮਿਊਨਿਸਟਾਂ ਨੇ ਹੋਰਨਾਂ ਸਮਾਜਿਕ ਬੁਰਾਈਆਂ ਤੋਂ ਇਲਾਵਾ ਜਾਤੀਗਤ ਵਿਤਕਰੇ, ਛੂਆਛਾਤ, ਧਾਰਮਿਕ ਰੂੜੀਆਂ, ਔਰਤਾਂ ਦੀ ਗੁਲਾਮੀ ਨੂੰ ਵੀ ਮੁੱਦਾ ਬਣਾਇਆ। ਕਮਿਊਨਿਸਟ ਲਹਿਰ ‘ਤੇ ਹੂੰਝਾ ਫੇਰਨਾ ਕਿ ਕਮਿਊਨਿਸਟਾਂ ਨੇ ਜਾਤੀ-ਪਾਤੀ ਦਾਬੇ ਵਿਰੁੱਧ ਕੁੱਝ ਨਹੀਂ ਕੀਤਾ ਜਾਂ ਸਾਰੇ ਕਮਿਊਨਿਸਟ ਉੱਪਰਲੀਆਂ ਜਾਤਾਂ ਤੋਂ ਆਏ ਸਨ-ਬਿਲਕੁਲ ਗਲਤ ਹੈ।

ਇੱਕ ਹੋਰ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਫਿਲਮ ਬਣਨ ਦਾ ਕਾਲ 1996-2011 ਦਾ ਹੈ ਤੇ ਇਹੀ ਉਹ ਵਰ੍ਹਾ (1996) ਸੀ ਜਦੋਂ ਪਛਾਣ ਦੀ ਸਿਆਸਤ ਆਪਣੇ ਪੂਰੇ ਜਲੌਅ ਵਿੱਚ ਸੀ। ਸੰਸਾਰ ਸਾਮਰਾਜੀ ਸੰਸਥਾਵਾਂ ਭਾਰਤ ਵਰਗੇ ਤੀਜੀ ਦੁਨੀਆਂ ਦੇ ਦੇਸ਼ਾਂ ‘ਚ ਅਲੱਗ-ਅਲੱਗ ਪਛਾਣਾਂ ਨੂੰ ਉਭਾਰ ਕੇ ਜਮਾਤੀ ਪਛਾਣ ਨੂੰ ਧੂੜ ‘ਚ ਢਕਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਸਨ ਤੇ ਹਰ ਤਰਾਂ ਦੀ ਸਰਵਵਿਆਪਕਤਾ ਨੂੰ ਜਾਬਰ ਦੱਸਕੇ ਜਾਤੀ ਪਛਾਣ, ਔਰਤ ਪਛਾਣ, ਧਰਮ, ਨਸਲ, ਫਿਰਕੇ, ਭਾਸ਼ਾ, ਖੇਤਰ ਦੀ ਪਛਾਣ ਉਭਾਰਕੇ ਟੁਕੜਿਆਂ ਦਾ ਜਸ਼ਨ ਮਨਾਉਣ ਦਾ ਨਾਹਰਾ ਦੇ ਰਹੀਆਂ ਸਨ ਤੇ ਫਿਲਮ ਦੇ ਬਨਣ ਦਾ ਕਾਲ (1996-2011) ਵੀ ਇਹੀ ਹੈ ਤੇ ਫਿਲਮ ਚ ਨਿਰਦੇਸ਼ਕ ਦੇ ਵਿਚਾਰ ਵੀ ਇਹਨਾਂ ਉੱਤਰ-ਆਧੁਨਿਕਤਾਵਾਦੀ ਵਿਚਾਰ ਵੰਨਗੀਆਂ ਤੋਂ ਕਾਫ਼ੀ ਪ੍ਰਭਾਵਿਤ ਹਨ। ਫਿਲਮ ਇੱਕ ਕੈਪਸ਼ਨ ਤੋਂ ਸ਼ੁਰੂ ਹੁੰਦਾ ਹੈ-”ਵਰਣ ਵਿਵਸਥਾ ਨੇ ਸਮਾਜ ਨੂੰ ਜਾਤਾਂ ਚ ਵੰਡ ਦਿੱਤਾ, ਸਭ ਤੋਂ ਹੇਠਲੇ ਪਾਏਦਾਨ ਦੇ ਲੋਕ ਅਛੂਤ ਕਹਾਏ।” ਇਹ ਗੱਲ ਇਤਿਹਾਸ ਦੀ ਇੱਕ ਵਿਚਾਰਵਾਦੀ ਪੇਸ਼ਕਾਰੀ ਹੈ। ਵਰਣ ਵਿਵਸਥਾ ਦੇ ਕਾਰਨ ਜਾਤਾਂ ਨਹੀਂ ਬਣੀਆਂ। ਭਾਰਤ ਵਿੱਚ ਜਾਤਾਂ ਕਿਰਤ ਵੰਡ ਦਾ ਹੀ ਇੱਕ ਰੂਪ ਸਨ/ਹਨ।

ਨਿਰਦੇਸ਼ਕ ਫਿਲਮ ਦੀ ਸ਼ੁਰੂਆਤ ਮਜ਼ਦੂਰ ਇਨਕਲਾਬ ਦੇ ਗੀਤ ਤੋਂ ਤੇ ਇਸਦਾ ਅੰਤ ਕਬੀਰ ਕਲਾ ਮੰਚ ਦੇ ਗੀਤ ਨਾਲ਼ ਕਰਦਾ, ਜੋ ਸਮੁੱਚੀ ਢਾਂਚਾ ਤਬਦੀਲੀ ਦੇ ਨਾਲ਼-ਨਾਲ਼ ਭੀਮ (ਅੰਬੇਡਕਰ) ਦੀ ਵਾਪਸੀ ਦੀ ਗੱਲ਼ ਵੀ ਕਰਦਾ ਹੈ। ਯਾਨਿ ਲਾਲ ਤੇ ਨੀਲੇ ਦੀ ਏਕਤਾ ਦੀ ਗੱਲ ਕਰਦਾ ਹੈ। ਅਸਲ ‘ਚ ਸਿਰਫ ਨਿਰਦੇਸ਼ਕ ਹੀ ਨਹੀਂ ਭਾਰਤੀ ਕਮਿਊਨਿਸਟਾਂ ਦੇ ਕੁੱਝ ਧੜਿਆਂ ਨਾਲ਼-ਨਾਲ਼ ਕਾਫ਼ੀ ਸਾਰੇ ਬੁੱਧੀਜੀਵੀ ਵੀ ਅਜਿਹਾ ਹੀ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਮਾਰਕਸਵਾਦ ਜਰੂਰੀ ਹੈ ਪਰ ਅੰਬਡਕਰਵਾਦ ਦੇ ਨਾਲ਼-ਨਾਲ਼। ਮਹਾਂਰਾਸ਼ਟਰ ‘ਚ ਸ਼ਰਦ ਪਾਟਿਲ ਦੀ ਅਗਵਾਈ ‘ਚ ਸੱਤਿਆਸੋਧਕ ਕਮਿਊਨਿਸਟ ਪਾਰਟੀ ਵੀ ਬਣੀ ਸੀ, ਜੋ ਮਾਰਕਸਵਾਦ-ਫੂਲੇ-ਅੰਬਡਕਰ ਨੂੰ ਆਪਣਾ ਰਾਹ ਦਸੇਰਾ ਦਰਸ਼ਨ ਮੰਨਦੀ ਸੀ। ਇਸਤੋਂ ਇਲਾਵਾ ਮੈਨੇਜਰ ਪਾਂਡੇ, ਥਾਮਸ ਮੈਥਿਊ ਤੇ ਅਨੰਦ ਤੇਲਤੁੰਬੜੇ ਵੀ ਥੋੜੇ ਜਿਹੇ ਫਰਕਾਂ ਨਾਲ ਇਸੇ ਧਾਰਾ ਦੇ ਹਮਾਇਤੀ ਹਨ। ਪਰ ਕੀ ਐਸਾ ਸੰਭਵ ਹੈ?

ਮਾਰਕਸਵਾਦ ਦਾ ਦਾਰਸ਼ਨਿਕ ਅਧਾਰ ਅੰਬੇਡਕਰਵਾਦ ਤੋਂ ਬਿਲਕੁਲ ਵੱਖਰਾ ਹੈ, ਮਾਰਕਸਵਾਦ ਦਵੰਦਵਾਦੀ ਪਦਾਰਥਵਾਦੀ ਵਿਗਿਆਨ ਹੈ ਜਦੋਂ ਕਿ ਅੰਬੇਡਕਰਵਾਦ ਅੰਤਿਮ ਵੇਲ਼ਿਆਂ ਚ ਸਿਰਫ਼ ਕੱਚਘਰਜ਼ ਪਦਾਰਥਵਾਦੀ ਫਲਸਫੇ (ਬੋਧੀ ਫਲਸਫੇ) ਤੱਕ ਹੀ ਪਹੁੰਚ ਸਕਿਆ। ਸਮਾਜਿਕ ਸਬੰਧਾਂ ਨੂੰ ਸਮਝਣ ‘ਚ ਅੰਬੇਡਕਰ ਦਾ ਦਰਸ਼ਨ ਵਿਚਾਰਵਾਦ ਹੀ ਸੀ। ਦਵੰਦਵਾਦ ਪਦਾਰਥਵਾਦ ਅਗਾਂਹਵਧੂ ਜਮਾਤਾਂ ਦੀ ਸੇਵਾ ਕਰਦਾ ਹੈ ਤੇ ਵਿਚਾਰਵਾਦ ਅੰਤਿਮ ਤੌਰ ‘ਤੇ ਲੋਟੂ ਜਮਾਤਾਂ ਦੇ ਹੱਕ ‘ਚ ਭੁਗਤਦਾ ਹੈ। ਸਿਆਸਤ ਦੀ ਗੱਲ ਕਰੀਏ ਮਾਰਕਸਵਾਦ ਜਮਾਤੀ ਘੋਲ਼ ਦੇ ਜਰੀਏ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਗੱਲ ਕਰਦਾ ਹੈ ਤੇ ਇਸੇ ਜਰੀਏ ਸਾਰੇ ਜਮਾਤੀ ਭੇਦਾਂ ਨੂੰ ਮਿਟਾਉਣ ਦੀ ਗੱਲ ਕਰਦਾ ਹੈ। ਦੂਜੇ ਪਾਸੇ ਅੰਬਡਕਰ ਸਿਆਸਤ ‘ਚ ਲੁਟੇਰੀਆਂ ਜਮਾਤਾਂ ਨਾਲ ਮੇਲ਼-ਜੋਲ਼ ਦੀ ਗੱਲ਼ ਕਰਦਾ, ਕੁੱਲ ਮਿਲ਼ਾਕੇ ਕਹੀਏ ਇਹ ਕਿਰਤੀ ਲੋਕਾਂ ਨੂੰ ਇਸੇ ਲੋਟੂ ਢਾਂਚੇ ‘ਚ ਰਹਿ ਕੇ ਛੋਟੇ-ਮੋਟੇ ਸੁਧਾਰਾਂ ਰਾਹੀਂ ਉਹਨਾਂ ਨੂੰ ਭਰਮਾਉਣ ਤੇ ਅਸਲੀ ਮਕਸਦ ਤੋਂ ਭਟਕਾਉਣ ਦੀ ਗੱਲ ਕਰਦਾ ਹੈ। ਸਿਆਸੀ ਆਰਥਿਕਤਾ ਦੇ ਖੇਤਰ ‘ਚ ਵੀ ਮਾਰਕਸਵਾਦ ਤੇ ਅੰਬੇਡਕਰਵਾਦ ਇੱਕ-ਦੂਜੇ ਦੇ ਵਿਰੋਧੇ ਹਨ- ਮਾਰਕਸਵਾਦ ਸਰਮਾਏਦਾਰਾਂ ਦੇ ਮੁਨਾਫੇ ਦਾ ਸ੍ਰੋਤ ਮਜ਼ਦੂਰਾਂ ਦੀ ਕਿਰਤ ਦੀ ਲੁੱਟ ਦੱਸਦਾ ਹੈ ਤੇ ਇਸਦਾ ਹੱਲ ਕਮਿਊਨਿਸਟ ਪਾਰਟੀ ਦੀ ਅਗਵਾਈ ਸਰਮਾਏਦਾਰਾਂ ਦੀ ਸੱਤ੍ਹਾ ਪੁੱਟਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸਥਾਪਤ ਕਰਕੇ ਤੇ ਸੰਪੱਤੀ ਦੇ ਸਾਰੇ ਰੂਪਾਂ ਦਾ ਸਮਾਜੀਕਰਨ ਕਰਕੇ ਦਿੰਦਾ ਹੈ। ਜਦੋਂ ਕਿ ਅੰਬੇਡਕਰ ਪਬਲਿਕ ਸੈਕਟਰ ਸਰਮਾਏਦਾਰੀ ਦੀ ਗੱਲ ਕਰਦਾ ਹੈ, ਜੋਕਿ ਇੱਕ ਯੂਟੋਪਿਆ ਹੈ ਤੇ ਸਰਮਾਏਦਾਰਾਂ ਦੁਆਰਾ ਕਿਰਤੀ ਲੋਕਾਂ ਦੀ ਲੁੱਟ ਦੀ ਵਕਾਲਤ ਹੀ ਕਰਦਾ ਹੈ। ਮਾਰਕਸਵਾਦ ਸਮਾਜਿਕ ਸੱਭਿਆਚਰਕ ਵਿਤਕਰਿਆ ਦਾ ਕਾਰਨ ਪਦਾਰਥਕ ਦੇਖਦਾ ਹੈ, ਤੇ ਪੈਦਾਵਾਰੀ ਸਬੰਧਾਂ ਦੀ ਸਮਾਜਵਾਦ ਰੂਪਬਦਲੀ ਤੇ ਉਸ ਮਗਰੋਂ ਲੰਬੇ ਸੱਭਿਆਚਰਕ ਇਨਕਲਾਬ ਚਲਾਉਂਦੇ ਹੋਏ (ਸਬੰਧਾਂ ਨੂੰ ਬਦਲਣ ਦੀ ਪ੍ਰਕਿਰਿਆ ਤੋਂ ਪਹਿਲਾਂ ਵੀ ਤੇ ਇਸਤੋਂ ਬਾਅਦ ਵੀ), ਕਮਿਊਨਿਜਮ ਦੀ ਸਥਾਪਤੀ ‘ਚ ਇਸਦਾ ਹੱਲ ਵੇਖਦਾ ਹੈ। ਪਰ ਇਸਦੇ ਬਰਕਸ ਅੰਬੇਡਕਰ ਕੋਲ਼ ਸਮਾਜਿਕ ਸੱਭਿਆਚਾਰਕ ਵਿਤਕਰਾ ਖ਼ਤਮ ਕਰਨ ਦਾ ਕੋਈ ਪ੍ਰੋਗਰਾਮ ਹੀ ਨਹੀਂ। ਅੰਤਿਮ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਮਾਰਕਸਵਾਦ ਇਨਕਲਾਬੀ ਮਜਦੂਰ ਜਮਾਤ ਦੀ ਵਿਚਾਰਧਾਰਾ ਹੈ ਤੇ ਅੰਬਡਕਰਵਾਦ ਇੱਕ ਬੁਰਜੂਆ ਉਦਾਰਵਾਦ ਦਾ ਹੀ ਰੂਪ ਹੈ। ਇਹ ਦੋਵੇਂ ਦਰਸ਼ਨ ਦੋ ਆਪਸ ‘ਚ ਦੁਸ਼ਮਣ ਜਮਾਤਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀਆਂ ਹਨ,ਇਹਨਾਂ ਦਾ ਮੇਲ਼ ਵਿਚਾਰਧਾਰਾ ਦੇ ਪੱਧਰ ‘ਤੇ ਅਸੰਭਵ ਹੈ। ਭਾਵੇਂ ਕਿ ਘੋਲ਼ਾਂ ਦੇ ਮੈਦਾਨ ‘ਚ ਇਹਨਾਂ ਦੀ ਆਪਸੀ ਏਕਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਵਿਚਾਰਧਾਰਾ ਦੇ ਮੈਦਾਨ ‘ਚ ਇਹ ਦੋਵੇਂ ਇੱਕ-ਦੂਜੇ ਦੇ ਵਿਰੋਧੀ ਹੀ ਹਨ।

ਕੁੱਲ ਮਿਲਾ ਕਿ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ ਭਾਰਤ ਦੀ ਕਮਿਊਨਿਸਟ ਲਹਿਰ ਦੀ ਗਲਤ ਪੇਸ਼ਕਾਰੀ ਕਰਦੀ ਹੈ ਅਤੇ ਲਾਲ ਅਤੇ ਨੀਲੇ ਦੇ ਸੁਮੇਲ ਦੇ ਰੂਪ ‘ਚ ਗਲ਼ਤ ਸੰਦੇਸ਼ ਦਿੰਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements