ਜਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ •ਅਰਜਨ ਸਿੰਘ ‘ਗੜਗੱਜ’

bhagat_singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲਲਕਾਰ ਦੇ ਪਿਛਲੇ ਅੰਕ ਤੋਂ ਸ਼ੁਰੂ ਕੀਤੀ ਇਸ ਲੇਖ ਲੜੀ ਵਿੱਚ ਲੋਕਾਂ ਖਾਤਰ ਜੂਝਣ ਵਾਲ਼ਿਆਂ ਦੀਆਂ ਲਿਖਤਾਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਅੰਕ ਵਿੱਚ ਅਰਜਨ ਸਿੰਘ  ‘ਗੜਗੱਜ’ ਦੀ ਸ਼ਹੀਦ ਭਗਤ ਸਿੰਘ ਨਾਲ਼ ਮੁਲਾਕਾਤ ਬਾਰੇ ਤੁਸੀਂ ਪੜ੍ਹ ਚੁੱਕੇ ਹੋ। ਇਸ ਅੰਕ ਵਿੱਚ ਪੜ੍ਹੋ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਦੇ ਖਿਲਾਫ਼ ਪੈਦਾ ਹੋਈ ਲੋਕ ਲਹਿਰ ‘ਤੇ ਝਾਤ ਪਾਉਂਦਾ ਇਹ ਲੇਖ) -ਸੰਪਾਦਕ

”ਬੱਚਿਓ ! ਮੇਰੇ ਮੱਥੇ ‘ਤੇ ਇਹ ਕਾਲਾ ਦਾਗ਼ ਕਾਇਮ ਰਹੇਗਾ।”

ਮਹਾਤਮਾ ਗਾਂਧੀ ਦੇ ਇਹ ਸ਼ਬਦ ਮੇਰੀ ਯਾਦ ਵਿਚ ਅਜੇ ਵੀ ਤਾਜ਼ਾ ਹਨ। ਇਹ ਗੱਲ ਮਹਾਤਮਾ ਜੀ ਨੇ ਉਸ ਵੇਲੇ ਕਹੀ ਸੀ ਜਦ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਪਾਰਟੀ ਦੀ ਅਗਵਾਈ ਵਿਚ 1931 ਦੇ ਕਰਾਚੀ ਕਾਂਗਰਸ ਸੈਸ਼ਨ ਸਮੇਂ ਉਨ੍ਹਾਂ ਵਿਰੁੱਧ ਬੜਾ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ ਸੀ। ਇਹ ਮੁਜ਼ਾਹਰਾ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਸ਼ਹੀਦੀਆਂ ਬਾਰੇ ਸੀ ਜਿਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਨੇ ਫਾਂਸੀ ਦੇ ਦਿਤੀ ਸੀ। ਅਸਾਂ ਇਹ ਮੁਜ਼ਾਹਰਾ ਗਾਂਧੀ ਜੀ ਦੀ ਜ਼ਾਤ ਵਿਰੁੱਧ ਨਹੀਂ ਕੀਤਾ ਸੀ ਸਗੋਂ ਉਨ੍ਹਾਂ ਦੀ ਉਸ ਪਾਲਸੀ ਵਿਰੁੱਧ ਕੀਤਾ ਸੀ ਜਿਸ ‘ਤੇ ਚੱਲ ਕੇ ਉਹ ਇਹਨੀਂ ਦਿਨੀਂ ਹਿੰਦੁਸਤਾਨ ਦੇ ਵਾਇਸਰਾਇ ਲਾਰਡ ਇਰਵਨ ਨਾਲ ਹਿੰਦੁਸਤਾਨ ਦੀ ਆਜ਼ਾਦੀ ਬਾਰੇ ਇਕ ਸਮਝੌਤਾ ਕਰ ਰਹੇ ਸਨ। ਇਹ ਸਮਝੌਤਾ ‘ਗਾਂਧੀ ਇਰਵਨ ਪੈਕਟ’ ਦੇ ਨਾਂ ਨਾਲ ਪ੍ਰਸਿਧ ਹੈ। ਇਹੋ ਕਾਰਨ ਹੈ ਕਿ ਜਦ ਦੇਸ਼ ਦੇ ਸਰਮਾਇਆ ਪ੍ਰਸਤ ਅਖ਼ਬਾਰਾਂ ਅਤੇ ਖ਼ਾਸ ਕਰਕੇ ਪੰਜਾਬ ਦੇ ਅਖ਼ਬਾਰਾਂ ਨੇ ਇਹ ਲਿਖਿਆ ਕਿ ਕਰਾਚੀ ਵਿਚ ਨੌਜਵਾਨਾਂ ਨੇ ਗਾਂਧੀ ਜੀ ਉਤੇ ਡੰਡਿਆਂ ਨਾਲ ਹਮਲਾ ਕਰ ਦਿਤਾ ਤਾਂ ਖ਼ੁਦ ਗਾਂਧੀ ਜੀ ਨੇ ਕਰਾਚੀ ਕਾਂਗਰਸ ਦੇ ਖੁੱਲ੍ਹੇ ਅਜਲਾਸ ਵਿਚ ਇਸ ਦੀ ਜ਼ੋਰਦਾਰ ਤਰਦੀਦ ਕੀਤੀ ਤੇ ਕਿਹਾ :

”ਨੌਜਵਾਨਾਂ  ਨੇ ਮੇਰੇ ਵਿਰੁੱਧ ਮੁਜ਼ਾਹਰਾ ਜ਼ਰੂਰ ਕੀਤਾ ਕਿਉਂਕਿ ਉਨ੍ਹਾਂ ਦੇ ਦਿਲ ਭਗਤ ਸਿੰਘ ਨੂੰ ਫਾਂਸੀ ਦਿਤੇ ਜਾਣ ਕਰਕੇ ਬੜੇ ਦੁਖੀ ਹਨ, ਪਰ ਮੈਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨਹੀਂ ਪਹੁੰਚਣ ਦਿਤੀ। ਮੇਰੀ ਬੜੀ ਹਿਫ਼ਾਜ਼ਤ ਕੀਤੀ ਅਤੇ ਆਰਾਮ ਨਾਲ ਮੈਨੂੰ ਸਟੇਸ਼ਨ ਤੋਂ ਬਾਹਰ ਲਿਜਾ ਕੇ ਕਾਰ ਵਿਚ ਸਵਾਰ ਕਰਾ ਦਿਤਾ।”

ਮੁਜ਼ਾਹਰਾ ਕਿਉਂ ਹੋਇਆ?

ਮਹਾਤਮਾ ਗਾਂਧੀ ਹਿੰਦੁਸਤਾਨ ਦੇ ਨੁਮਾਇੰਦੇ ਵਜੋਂ ਲਾਰਡ ਇਰਵਨ ਨਾਲ ਗੱਲਬਾਤ ਕਰ ਰਹੇ ਸਨ ਤਾਂ ਜਨਤਾ ਵਲੋਂ ਉਨ੍ਹਾਂ ਨੂੰ ਅਤੇ ਪੰਡਤ ਮੋਤੀ ਲਾਲ ਨਹਿਰੂ ਨੂੰ (ਜਿਹੜੇ ਇਸ ਗੱਲ ਬਾਤ ਵਿਚ ਗਾਂਧੀ ਜੀ ਨਾਲ ਸ਼ਾਮਲ ਸਨ) ਰੋਜ਼ਾਨਾ ਤਾਰ ‘ਤੇ ਤਾਰ ਮਿਲ ਰਹੇ ਸਨ ਜਿਨ੍ਹਾਂ ਵਿਚ ਇਹ ਮੰਗ ਕੀਤੀ ਜਾਂਦੀ ਕਿ ਜਦ ਤੋੜੀ ਸਾਰੇ ਰਾਜਸੀ ਕੈਦੀਆਂ ਨੂੰ ਭਾਵੇਂ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਵੀ ਅਲਜ਼ਾਮ ਕਿਉਂ ਨਾ ਹੋਵੇ, ਹਕੂਮਤ ਰਿਹਾ ਨਾ ਕਰ ਦੇਵੇ ਤਦ ਤਕ ਸਮਝੌਤੇ ਦੀ ਕੋਈ ਗੱਲ ਬਾਤ ਨਹੀਂ ਹੋਣੀ ਚਾਹੀਦੀ। ਇਨ੍ਹਾਂ ਤਾਰਾਂ ਵਿਚ ਜਿਨ੍ਹਾਂ ਰਾਜਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਸੀ ਉਨ੍ਹਾਂ ਵਿਚ 1914-15 ਦੇ ਗ਼ਦਰ ਪਾਰਟੀ ਦੇ ਬਹਾਦਰ ਵੀ ਸ਼ਾਮਲ ਸਨ। ਬੱਬਰ ਅਕਾਲੀ ਲਹਿਰ, ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰ, ਭਗਤ ਸਿੰਘ ਸਾਜ਼ਸ਼ ਕੇਸ, ਮੇਰਠ ਸਾਜ਼ਸ਼ ਕੇਸ, ਅਹਿਮਦਗੜ੍ਹ ਟਰੇਨ ਡਕੈਤੀ ਕੇਸ ਆਦਿ ਦੇ ਸਾਰੇ ਰਾਜਸੀ ਕੈਦੀ ਸ਼ਾਮਲ ਸਨ। ਪਰ ਇਨ੍ਹਾਂ ਤਾਰਾਂ ਵਿਚ ਖ਼ਾਸ ਤੌਰ ‘ਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ‘ਤੇ ਜ਼ੋਰ ਦਿਤਾ ਗਿਆ ਸੀ। ਗਾਂਧੀ ਜੀ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਉਹ ਭਗਤ ਸਿੰਘ ਆਦਿ ਨੂੰ ਛੁਡਾ ਲੈਣਗੇ। ਗਾਂਧੀ ਜੀ ਜਿਹਨੀ ਦਿਨੀਂ ਅੰਗਰੇਜ਼ ਸਰਕਾਰ ਨਾਲ ਗੱਲਬਾਤ ਕਰ ਰਹੇ ਸਨ, ਉਸ ਸਮੇਂ ਅੰਗਰੇਜ਼ ਹਾਕਮਾਂ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸੈਂਟਰਲ ਜੇਲ ਵਿਚ ਫਾਂਸੀ ‘ਤੇ ਲਟਕਾ ਦਿੱਤਾ। ਇਹ ਮਾਮਲਾ ਅਜਿਹਾ ਸੀ ਜਿਸ ਨੇ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਗ ਲਾ ਦਿੱਤੀ। ਕਰਾਚੀ ਵਿਚ ਗਾਂਧੀ ਜੀ ਵਿਰੁੱਧ ਮੁਜ਼ਾਹਰਾ ਏਸੇ ਜੋਸ਼ ਖਰੋਸ਼ ਦਾ ਇਕ ਹਿੱਸਾ ਸੀ।

ਲੋਕਾਂ ਦੇ ਜੋਸ਼ ਦਾ ਦ੍ਰਿਸ਼

ਅਸੀਂ ਜਿਸ ਗੱਡੀ ਰਾਹੀਂ ਲਾਹੌਰੋਂ ਕਰਾਚੀ ਜਾ ਰਹੇ ਸਾਂ, ਉਹ ਜਦ ਸੱਖਰ ਦੇ ਲਾਗੇ ਕਿਸੇ ਸਟੇਸ਼ਨ ‘ਤੇ ਠਹਿਰੀ ਤਾਂ ਅਸਾਂ ਸੁਣ ਲਿਆ ਕਿ ਹਕੂਮਤ ਨੇ ਰਾਤੋ ਰਾਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਚੜ੍ਹਾ ਦਿਤਾ ਹੈ। ਇਹ ਖ਼ਬਰ ਨਾ ਸਿਰਫ਼ ਅਸਾਂ ਨੌਜਵਾਨਾਂ ਲਈ ਕਿਆਮਤ ਭਰੀ ਸੀ ਸਗੋਂ ਰੇਲ ਦੇ ਸਾਰੇ ਮੁਸਾਫ਼ਰਾਂ ਵਿਚ ਵੀ ਰੰਜ ਤੇ ਗ਼ਮ ਦੀ ਲਹਿਰ ਦੌੜ ਗਈ — ਸਿਰਫ਼ ਮੁਸਾਫ਼ਰਾਂ ਵਿਚ ਹੀ ਨਹੀਂ ਰੇਲ ਦੇ ਗਾਰਡ ਤੇ ਡਰਾਈਵਰ ਅਤੇ ਉਨ੍ਹਾਂ ਦੇ ਸਾਥੀਆਂ ਵਿਚ ਵੀ। ਇਸ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਏਥੋਂ ਤਕ ਕਹਿ ਦਿਤਾ ਕਿ ਗੱਡੀ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਦਾ ਦਿਲ ਨਹੀਂ ਕਰਦਾ। ਇਹੋ ਖ਼ਬਰ ਸੁਣਦਿਆਂ ਹਰ ਥਾਂ ਲੋਕਾਂ ਨੇ ਹੜਤਾਲਾਂ ਕਰ ਦਿੱਤੀਆਂ ਤੇ ਅੰਗਰੇਜ਼ੀ ਹਕੂਮਤ ਵਿਰੁੱਧ ਮੁਜ਼ਾਹਰੇ ਸ਼ੁਰੂ ਹੋ ਗਏ ਸਨ।

ਅਸੀਂ ਜਦ ਕਰਾਚੀ ਪੁੱਜੇ ਤਾਂ ਸਾਰਾ ਸ਼ਹਿਰ ਭਗਤ ਸਿੰਘ ਦੇ ਮਾਤਮ ਵਿਚ ਮਸਰੂਫ਼ ਸੀ। ਕਰਾਚੀ ਦੇ ਵੱਡੇ-ਵੱਡੇ ਬਾਜ਼ਾਰਾਂ ਵਿਚ ਨੰਗੇ ਸਿਰ ਜਲੂਸ ਨਿਕਲ ਰਹੇ ਸਨ। ਅਸਾਂ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਇਕ ਬਹੁਤ ਵੱਡਾ ਜਲੂਸ ਕੱਢਿਆ। ਜਲਸੇ ਵਿਚ ਸਭ ਤੋਂ ਅੱਗੇ ਭਗਤ ਸਿੰਘ ਦੀ ਇਕ ਬੜੀ ਵੱਡੀ ਤਸਵੀਰ ਸੀ। ਅਸੀਂ ਵਾਰੀ-ਵਾਰੀ ਭਗਤ ਸਿੰਘ ਦੀ ਅਰਥੀ ਨੂੰ ਕੰਧਾਂ ਦੇ ਰਹੇ ਸਾਂ ਸਾਡੀਆਂ ਜ਼ਬਾਨਾਂ ‘ਤੇ ਗੀਤ ਸੀ :

‘ਦੇਖੋ ਜਾਤਾ ਹੈ ਜਨਾਜ਼ਾ
ਹਿੰਦ ਕੇ ਸਰਦਾਰ ਕਾ”

ਲੋਕ ਇਹ ਸੁਣਦਿਆਂ ਹੀ ਧਾਹੀਂ ਮਾਰ-ਮਾਰ ਰੋਣ ਲੱਗ ਜਾਂਦੇ ਤੇ ਭਗਤ ਸਿੰਘ ਦੀ ਤਸਵੀਰ ‘ਤੇ ਫੁੱਲਾਂ ਦੀ ਬਾਰਸ਼ ਕਰਦੇ। ਅਰਥੀ ਦੇ ਅੱਗੇ ਤੇ ਪਿੱਛੇ ਪੰਜਾਬ, ਬੰਗਾਲ, ਸੂਬਾ ਸਰਹੱਦ, ਯੂ. ਪੀ. ਅਤੇ ਹੋਰ ਸੂਬਿਆਂ ਦੇ ਨੌਜਵਾਨ ਲਾਲ ਵਰਦੀਆਂ ਵਿਚ ਮਾਰਚ ਕਰਦੇ ਜਾ ਰਹੇ ਸਨ। ਸੁਰਖ਼ ਬਾਲਸ਼ਵਿਕੀ ਕੋਟ, ਖ਼ਾਕੀ ਪੈਂਟ ਪਹਿਨੀ ਅਤੇ ਛਾਤੀ ਉਤੇ ਪਿੱਤਲ ਦੇ ਦਾਤੀ-ਹਥੌੜੇ ਦੇ ਨਿਸ਼ਾਨ ਅਤੇ ਬਾਹਾਂ ‘ਤੇ ਕਾਲੇ ਬਿੱਲੇ ਲਾਈ, ਮਾਨੋਂ ਲਾਲ ਦਰਿਆ ਚੜ੍ਹਿਆ ਆ ਰਿਹਾ ਲੱਗਦਾ ਸੀ। ਮਾਤਮੀ ਜਲੂਸ ਨੇ ਕਾਂਗਰਸ ਡੈਲੀਗੇਟਾਂ ਦੇ ਕੈਂਪ ਦਾ ਚੱਕਰ ਲਗਾਇਆ। ਉਸ ਮਾਤਮੀ ਜਲੂਸ ਦੇ ਖ਼ਾਸ ਨਾਅਰੇ ਇਹ ਸਨ :

”ਇਨਕਲਾਬ ਜ਼ਿੰਦਾਬਾਦ”
”ਗਾਂਧੀ ਇਰਵਨ ਪੈਕਟ ਮੁਰਦਾਬਾਦ”
”ਬਰਤਾਨਵੀ ਸਾਮਰਾਜ ਮੁਰਦਾਬਾਦ”
”ਸਾਮਰਾਜ ਮੁਰਦਾਬਾਦ”
”ਲੈਨਿਨਇਜ਼ਮ ਜ਼ਿੰਦਾਬਾਦ”
”ਗਾਂਧੀਇਜ਼ਮ ਮੁਰਦਾਬਾਦ”
”ਲਾਲ ਝੰਡਾ ਊਂਚਾ ਹੋ”
”ਯੂਨੀਅਨ ਜੈਕ ਨੀਵਾਂ ਹੋ”
”ਭਗਤ ਸਿੰਘ ਨੂੰ ਫਾਂਸੀ ਕਿਸ ਨੇ ਦਵਾਈ-ਗਾਂਧੀ ਇਰਵਨ ਪੈਕਟ ਨੇ।”
”ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਜ਼ਿੰਦਾਬਾਦ”
”ਭਾਰਤ ਤੇ ਸ਼ਹੀਦ ਜ਼ਿੰਦਾਬਾਦ”

ਪਰਧਾਨ ਕਾਂਗਰਸ ਦਾ ਮਾਤਮੀ ਜਲੂਸ

ਨੌਜਵਾਨਾਂ ਵਿਚ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਫਾਂਸੀ ਨੇ ਅੱਗ ਲਾ ਦਿਤੀ ਸੀ। ਕਰਾਚੀ ਵਿਚ ਅਸਾਂ ਫ਼ੈਸਲਾ ਕੀਤਾ ਕਿ ਹਕੂਮਤ ਤੋਂ ਇਲਾਵਾ ਕਾਂਗਰਸ ਦੀ ਉਸ ਲੀਡਰਸ਼ਿਪ ਵਿਰੁੱਧ ਵੀ ਮੁਜ਼ਾਹਰਾ ਕੀਤਾ ਜਾਵੇ ਜਿਹੜੀ ਦੇਸ਼ ਨੂੰ ਗਾਂਧੀ ਇਰਵਨ ਪੈਕਟ ਵਿਚ ਫਸਾ ਰਹੀ ਹੈ। ਅਸਾਂ ਮੁਜ਼ਾਹਰੇ ਦੀ ਤਿਆਰੀ ਅਰੰਭ ਦਿਤੀ। ਉਧਰ ਜਦੋਂ ਕਾਂਗਰਸੀ ਲੀਡਰਾਂ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਭਗਤ ਸਿੰਘ ਦੀ ਫਾਂਸੀ ਨੂੰ ਆੜ ਬਣਾ ਕੇ ਐਲਾਨ ਕਰ ਦਿਤਾ ਕਿ ਕਾਂਗਰਸ ਸੈਸ਼ਨ ਦੇ ਪਰਧਾਨ ਸਰਦਾਰ ਪਟੇਲ ਦਾ ਪਰਧਾਨਗੀ ਜਲੂਸ ਨਹੀਂ ਕੱਢਿਆ ਜਾਵੇਗਾ। ਇਸ ਵਿਚ ਭਗਤ ਸਿੰਘ ਨਾਲ ਹਮਦਰਦੀ ਦਾ ਜਜ਼ਬਾ ਨਹੀਂ ਸੀ ਸਗੋਂ ਲੋਕਾਂ ਦੀ ਉਸ ਬੇਚੈਨੀ ਦਾ ਅਸਰ ਸੀ ਜਿਸ ਨੂੰ ਨੌਜਵਾਨਾਂ ਦੀ ਲਹਿਰ ਨੇ ਬੜੀ ਭਾਰੀ ਹਵਾ ਦੇ ਦਿਤੀ ਸੀ।

ਕਾਂਗਰਸ ਵਾਲਿਆਂ ਦੂਜੀ ਚਾਲ ਇਹ ਚੱਲੀ ਕਿ ਲੀਡਰਾਂ ਦੀ ਆਮਦ ਨੂੰ ਗੁਪਤ ਰੱਖਿਆ ਜਾਵੇ ਤਾਕਿ ਨੌਜਵਾਨ ਜਥੇਬੰਦ ਹੋ ਕੇ ਮੁਜ਼ਾਹਰਾ ਕਰਨ ਵਿਚ ਸਫਲ ਨਾ ਹੋ ਸਕਣ।

ਅਸਾਂ ਪਰੋਗਰਾਮ ਬਣਾਇਆ ਕਿ ਕੁਝ ਨੌਜਵਾਨ ਕਰਾਚੀ ਦੇ ਵੱਡੇ ਸਟੇਸ਼ਨ ‘ਤੇ ਪੁੱਜ ਜਾਣ ਅਤੇ ਕੁਝ ਕਰਾਚੀ ਵਲੋਂ ਲਾਹੌਰ ਵੱਲ ਅਗਲੇ ਸਟੇਸ਼ਨ ‘ਤੇ ਚਲੇ ਜਾਣ ਤਾਕਿ ਕਾਂਗਰਸ ਵਾਲਿਆਂ ਦੀ ਇਹ ਚਾਲ ਵੀ ਨਾਕਾਮ ਬਣਾ ਦਿੱਤੀ ਜਾਵੇ। ਮੈਂ ਆਪ ਉਨ੍ਹਾਂ ਵਿਚ ਸਾਂ ਜਿਹੜੇ ਸ਼ਹਿਰ ਤੋਂ ਦੂਜੇ ਨਿੱਕੇ ਸਟੇਸ਼ਨ ‘ਤੇ ਗਏ ਸਨ। ਮੇਰੇ ਨਾਲ ਪੰਜਾਬ ਤੋਂ ਛੁਟ ਬੰਗਾਲ ਤੇ ਸੂਬਾ ਸਰਹੱਦ ਦੇ ਨੌਜਵਾਨ ਸਨ।

ਗਾਂਧੀ ਪਟੇਲ ਜਵਾਹਰ ਵਾਪਸ ਜਾਓ

ਜਦ ਮੈਂ ਆਪਣੇ ਸਾਥੀਆਂ ਨਾਲ ਉਸ ਸਟੇਸ਼ਨ ‘ਤੇ ਪਹੁੰਚਾ ਤਾਂ ਅਜੀਬ ਨਜ਼ਾਰਾ ਵੇਖਿਆ। ਸੈਂਕੜੇ ਕਾਂਗਰਸੀ ਵਾਲੰਟੀਅਰ ਪੁਲਸ ਸਟੇਸ਼ਨ ਦਾ ਦਰਵਾਜ਼ਾ ਰੋਕ ਕੇ ਅੰਦਰ ਤੇ ਬਾਹਰ ਮੌਜੂਦ ਸਨ। ਕੁਝ ਇਧਰ ਉਧਰ ਫਿਰ ਰਹੇ ਸਨ। ਸਾਨੂੰ ਸਟੇਸ਼ਨ ਦੇ ਅੰਦਰ ਜਾਣੋਂ ਰੋਕ ਦਿਤਾ ਗਿਆ। ਪਰ ਅਸੀਂ ਸਾਰੇ ਜੰਗਲੇ ਟੱਪ ਕੇ ਕਾਂਗਰਸੀਆਂ ਤੇ ਪੁਲਸ ਵਾਲਿਆਂ ਦੀਆਂ ਕਤਾਰਾਂ ਨੂੰ ਤੋੜ ਕੇ ਉਸ ਪਲੇਟ ਫ਼ਾਰਮ ‘ਤੇ ਜਾ ਪੁਜੇ ਜਿਥੇ ਕਾਂਗਰਸੀ ਲੀਡਰਾਂ ਨੂੰ ਲੈ ਕੇ ਗੱਡੀ ਨੇ ਆਣ ਕੇ ਰੁਕਣਾ ਸੀ। ਪੁਲਸ ਤੋਂ ਇਲਾਵਾ ਸੀ.ਆਈ. ਡੀ. ਵਾਲਿਆਂ ਦੀ ਭਾਰੀ ਗਿਣਤੀ ਵੀ ਸਾਡੇ ਆਲੇ ਦੁਆਲੇ ਮੌਜੂਦ ਸੀ। ਸਾਡੀਆਂ ਲਾਲ ਵਰਦੀਆਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਸਾਡੇ ਬਾਲਸ਼ਵਿਕ ਹੋਣ ਦੀ ਨਿਸ਼ਾਨੀ ਸਨ। ਉਹ ਬੜੀ ਚੋਰ ਨਜ਼ਰ ਤੇ ਘਬਰਾਈ ਹੋਈ ਨਿਗਾਹ ਨਾਲ ਸਾਨੂੰ ਵੇਖ ਰਹੇ ਸਨ।

ਸਰੋਜਨੀ ਨਾਈਡੋ ਦੀ ਹੈਰਾਨੀ

ਅਸੀਂ ਪਲੇਟ ਫ਼ਾਰਮ ‘ਤੇ ਲਾਲ ਵਰਦੀ ਵਿਚ ਕਤਾਰਾਂ ਬਣਾ ਕੇ ਖੜੇ ਹੋ ਗਏ। ਇਉਂ ਲੱਗ ਰਿਹਾ ਸੀ ਜਿਵੇਂ ਮਜ਼ਦੂਰਾਂ ਦੀ ਲਾਲ ਫ਼ੌਜ ਪਰੇਡ ਕਰ ਰਹੀ ਹੋਵੇ।

ਕਾਂਗਰਸ ਹਾਈ ਕਮਾਂਡ ਦੀ ਇਕ ਸਤਿਕਾਰ ਯੋਗ ਮੈਂਬਰ ਸਰੋਜਨੀ ਨਾਈਡੋ ਨੇ ਮੁਸਕਰਾਉਂਦਿਆਂ ਹੋਇਆਂ ਆਖਿਆ—

”ਬੱਚਿਓ! ਇਹ ਕੀ ਕਰ ਰਹੇ ਹੋ?”
”ਜੋ ਨੌਜਵਾਨਾਂ ਨੂੰ ਕਰਨਾ ਚਾਹੀਦਾ ਹੈ” ਅਸਾਂ ਉੱਤਰ ਦਿਤਾ।

ਗਾਂਧੀ ਜੀ ਆ ਗਏ

ਅਸੀਂ ਸਾਰੇ ਡਟ ਕੇ ਖੜੇ ਸਾਂ ਅਟਲ ਚੱਟਾਨਾਂ ਵਾਂਗ। ਗੜ-ਗੜ ਕਰਦੀ ਗੱਡੀ ਆ ਗਈ। ਪ੍ਰਧਾਨ ਕਾਂਗਰਸ ਸਰਦਾਰ ਪਟੇਲ ਤਾਂ ਨਜ਼ਰ ਨਾ ਆਏ। ਉਹ ਲੋਕਾਂ ਦੀ ਅੱਖ ਬਚਾ ਕੇ ਗੱਡੀ ਦੇ ਦੂਜੇ ਪਾਸੇ ਉਤਰ ਗਏ ਤੇ ਮੂੰਹ ਸਿਰ ‘ਤੇ ਕੱਪੜਾ ਲਪੇਟ ਕੇ ਚੁੱਪ ਕੀਤਿਆਂ ਬਾਹਰ ਨਿਕਲ ਗਏ ਤੇ ਕਾਂਗਰਸੀ ਮੋਟਰ ਵਿਚ ਜਾ ਬੈਠੇ ਸਨ। ਪੰਡਤ ਜਵਾਹਰ ਲਾਲ ਨਹਿਰੂ ਗੱਡੀ ਵਿਚ ਹੀ ਰਹੇ, ਉਨ੍ਹਾਂ ਉਤਰਨ ਦੀ ਦਲੇਰੀ ਹੀ ਨਾ ਕੀਤੀ। ਪਰ ਗਾਂਧੀ ਜੀ ਉਤਰ ਆਏ। ਅਸਾਂ ਉਨ੍ਹਾਂ ਨੂੰ ਚਹੁੰਆਂ ਪਾਸਿਆਂ ਤੋਂ ਘੇਰ ਲਿਆ ਤੇ ਖੱਦਰ ਦੇ ਕਾਲੇ ਫ਼ੁੱਲ ਪੇਸ਼ ਕਰਦਿਆਂ ਕਿਹਾ :

”ਮਹਾਤਮਾ ਜੀ! ਇਹ ਕਾਲੇ ਫੁੱਲ ਅਸੀਂ ਤੁਹਾਨੂੰ ਇਸ ਲਈ ਭੇਟ ਕਰ ਰਹੇ ਹਾਂ ਕਿ ਤੁਸੀਂ ਆਪਣੇ ਵਾਅਦੇ ਅਨੁਸਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਛੁਡਾ ਲਿਆਏ ਹੋ।”

ਗਾਂਧੀ ਜੀ ਨੇ ਆਪਣੇ ਮੱਥੇ ‘ਤੇ ਹੱਥ ਮਾਰ ਕੇ ਕਿਹਾ :
”ਬੱਚਿਓ ਮੇਰੇ ਮੱਥੇ ‘ਤੇ ਇਹ ਕਾਲਾ ਦਾਗ਼ ਕਾਇਮ ਰਹੇਗਾ।”
ਅਸੀਂ ਨਾਅਰਾ ਲਾ ਰਹੇ ਸਾਂ ”ਗਾਂਧੀ ਪਟੇਲ ਜਵਾਹਰ ਵਾਪਸ ਜਾਓ।”

ਇਨ੍ਹਾਂ ਤੇ ਹੋਰ ਨਾਅਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ। ਪਰ ਗਾਂਧੀ ਜੀ ਨੂੰ ਕੋਈ ਤਕਲੀਫ਼ ਨਹੀਂ ਪਹੁੰਚਣ ਦਿਤੀ। ਅਸੀਂ ਉਨ੍ਹਾਂ ਦੇ ਉਦਾਲੇ ਤਿੰਨ ਤਿੰਨ ਗਜ਼ ਦੀ ਵਿੱਥ ‘ਤੇ ਘੇਰਾ ਪਾ ਰੱਖਿਆ ਸੀ, ਇਸ ਖ਼ਿਆਲ ਨਾਲ ਕਿ ਉਨ੍ਹਾਂ ਨੂੰ ਕੋਈ ਧੱਕਾ ਨਾ ਲੱਗੇ। ਗਾਂਧੀ ਜੀ ਨੂੰ ਅਸਾਂ ਇਸੇ ਤਰ੍ਹਾਂ ਮੁਜ਼ਾਹਰਾ ਕਰਦਿਆਂ ਸਟੇਸ਼ਨੋਂ ਬਾਹਰ ਲਿਆਂਦਾ ਤੇ ਉਨ੍ਹਾਂ ਲਈ ਆਈ ਕਾਰ ਵਿਚ ਬਹਾ ਦਿਤਾ। ਏਸੇ ਕਾਰ ਵਿਚ ਸਰਦਾਰ ਪਟੇਲ ਪਹਿਲਾਂ ਹੀ ਆਣ ਕੇ ਬੈਠੇ ਹੋਏ ਸਨ। ਉਨ੍ਹਾਂ ਨੂੰ ਵੇਖ ਕੇ ਨਾਅਰੇ ਹੋਰ ਵੀ ਤੇਜ਼ ਹੋ ਗਏ। ਗਾਂਧੀ ਜੀ ਦੀ ਕਾਰ ਰਵਾਨਾ ਹੋਈ। ਸਾਡੀਆਂ ਲਾਰੀਆਂ ਵੀ ਉਨ੍ਹਾਂ ਦੇ ਪਿੱਛੇ ਚੱਲ ਪਈਆਂ। ਰੇਲ ਵੀ ਸਾਡੇ ਨਾਲ-ਨਾਲ ਜਾ ਰਹੀ ਸੀ। ਪੰਡਤ ਨਹਿਰੂ ਜਦ ਕਦੇ ਰੇਲ ‘ਚੋਂ ਬਾਹਰ ਝਾਕਦੇ ਤਾਂ ਸਾਡੇ ਨਾਅਰੇ ਫੇਰ ਤੇਜ਼ ਹੋ ਜਾਂਦੇ। ਕਈ ਹੱਥਾਂ ਵੱਲੋਂ ਕਾਲੀਆਂ ਝੰਡੀਆਂ ਫੇਰ ਲਹਿਰਾਈਆਂ ਜਾਂਦੀਆਂ। ਕੁਝ ਦੂਰ ਤਕ ਰੇਲਵੇ ਲਾਈਨ ਤੇ ਦੂਸਰੀ ਸੜਕ ਨਾਲ ਨਾਲ ਚਲਦੀਆਂ ਰਹੀਆਂ। ਰੇਲ ਤੇ ਲਾਰੀਆਂ ਨਾਲ ਨਾਲ ਜਾ ਰਹੀਆਂ ਸਨ, ਭਾਵ ਅਸੀਂ ਤੇ ਪੰਡਤ ਨਹਿਰੂ ਨਾਲ-ਨਾਲ ਚਲ ਰਹੇ ਸਾਂ। ਫ਼ਿਰ ਰੇਲਵੇ ਲਾਈਨ ਸੜਕ ਤੋਂ ਅੱਡ ਹੋ ਗਈ। ਰੇਲ ਲਾਰੀਆਂ ਤੋਂ ਦੂਰ ਹੋ ਗਈ, ਸਾਡਾ ਤੇ ਪੰਡਤ ਜੀ ਦਾ ਸਾਥ ਛੁੱਟ ਗਿਆ। ਅਸੀਂ ਇਕ ਤਰਫ਼ ਚਲੇ ਗਏ ਤੇ ਪੰਡਤ ਨਹਿਰੂ ਦੂਜੀ ਤਰਫ਼।

ਪਰ ਏਨੀ ਦੂਰ ਦੀ ਯਾਤਰਾ ਦਾ ਇਹ ਅਸਰ ਜ਼ਰੂਰ ਹੋਇਆ ਕਿ ਕਰਾਚੀ ਸੈਸ਼ਨ ਵਿਚ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕਾਂ ਦੀ ਹਿਫ਼ਾਜ਼ਤ ਲਈ ਇਕ ਇਤਿਹਾਸਕ ਮਤਾ ਪ੍ਰਵਾਨ ਕੀਤਾ ਗਿਆ।

ਕੌਣ ਕਹਿ ਸਕਦਾ ਹੈ ਕਿ ਇਸ ਵਿਚ ਭਗਤ ਸਿੰਘ ਦੀ ਸ਼ਹੀਦੀ ਨੌਜਵਾਨਾਂ ਦੇ ਮੁਜ਼ਾਹਰੇ ਦਾ ਅਤੇ ਦੇਸ਼ ਭਰ ਵਿਚ ਅੱਗੇ-ਵਧੂ ਲਹਿਰ ਦੇ ਉਭਾਰ ਦਾ ਹੱਥ ਨਹੀਂ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements