‘ਜਾਤਪਾਤ ਦੀ ਸਮੱਸਿਆ ਤੇ ਇਸਦਾ ਹੱਲ’ ਵਿਸ਼ੇ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

11 ਜੁਲਾਈ 2016 ਨੂੰ ਬਿਗੁਲ ਮਜ਼ਦੂਰ ਦਸਤਾ ਵੱਲੋਂ ਡਾ. ਅੰਬੇਡਕਰ ਧਰਮਸ਼ਾਲਾ ਵਿਖੇ ‘ਜਾਤਪਾਤ ਦੀ ਸਮੱਸਿਆ ਤੇ ਇਸਦਾ ਹੱਲ’ ਵਿਸ਼ੇ ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮੇਂ ‘ਮਜ਼ਦੂਰ ਬਿਗੁਲ’ ਦੇ ਸੰਪਾਦਕ ਸਾਥੀ ਸੁਖਵਿੰਦਰ ਨੇ ਮੁੱਖ ਬੁਲਾਰੇ ਦੇ ਤੌਰ ‘ਤੇ ਗੱਲ ਰੱਖੀ। ਉਹਨਾਂ ਨੇ ਕਿਹਾ ਕਿ ਸੰਸਾਰ ‘ਚ ਸਿਰਫ਼ ਭਾਰਤੀ ਉਪਮਹਾਂਦੀਪ ਤੋਂ ਬਿਨਾਂ ਹੋਰ ਕਿਤੇ ਵੀ ਜਾਤ-ਪਾਤ ਮੌਜੂਦ ਨਹੀਂ ਹੈ। ਉਹਨਾਂ ਕਿਹਾ ਕਿ 1990ਵਿਆਂ ਦੇ ਸ਼ੁਰੂ ਵਿੱਚ ਹੋਏ ਇੱਕ ਸਰਵੇਖਣ ਮੁਤਾਬਿਕ ਭਾਰਤ ਸਮਾਜ 3539 ਜਾਤਾਂ ਵਿੱਚ ਵੰਡਿਆ ਹੋਇਆ ਹੈ। ਲੱਗਭਗ ਢਾਈ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ ਜਾਤ ਦੇ ਅਧਾਰ ‘ਤੇ ਭੇਦਭਾਵ, ਲੁੱਟ, ਜ਼ਬਰ ਅੱਜ ਵੀ ਭਾਰਤੀ ਸਮਾਜ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ। ਮੌਜੂਦਾ ਜਾਤ-ਪਾਤ ਸਰਮਾਏਦਾਰਾ ਪ੍ਰਬੰਧ ਦੀ ਸੇਵਾ ਕਰ ਰਹੀ ਹੈ ਤੇ ਇਹ ਸਰਮਾਏਦਾਰਾ ਜਾਤ-ਪਾਤ ਹੈ। ਜਾਤ ਪਾਤ ਦੇ ਤਿੰਨ ਥੰਮ ਹਨ-ਦਰਜ਼ਾਬੰਦੀ, ਕੰਮ ਅਧਾਰਿਤ ਵੰਡ ਤੇ ਜਾਤ ਅੰਦਰ ਵਿਆਹ। ਇਹਨਾਂ ਵਿੱਚੋਂ ਮੁੱਖ ਰੂਪ ‘ਚ ਤੀਸਰਾ ਥੰਮ ਹੀ ਅੱਜ ਬਚਿਆ ਹੋਇਆ ਹੈ ਜੋ ਕਿ ਸਰਮਾਏਦਾਰਾ ਪ੍ਰਬੰਧ ਦੇ ਅਨੁਕੂਲ ਹੈ।

ਸਾਥੀ ਸੁਖਵਿੰਦਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਭਾਰਤ ‘ਤੇ ਅੰਗਰੇਜ਼ੀ ਹਕੂਮਤ ਦੇ ਸੋਹਲੇ ਗਾਉਂਦੇ ਹੋਏ ਦਾਅਵਾ ਕਰਦੇ ਹਨ ਕਿ ਇਸ ਕਾਰਨ ਜਾਤ-ਪਾਤ ਖਤਮ ਹੋ ਰਹੀ ਸੀ। ਉਹਨਾਂ ਕਿਹਾ ਕਿ ਅਸਲ ਵਿੱਚ ਤੱਥ ਇਸ ਤੋਂ ਉਲਟ ਹਨ। ਭਾਰਤ ਦੀ ਬਸਤੀ ਬਣ ਜਾਣ ਕਾਰਨ ਜਗੀਰੂ ਪ੍ਰਬੰਧ ਦੀ ਉਮਰ ਲੰਮੀ ਹੋਈ। ਇਸ ਕਾਰਨ ਜਾਤ-ਪਾਤ ਵੀ ਬਚੀ ਰਹੀ। ਜੇਕਰ ਭਾਰਤ ਬਸਤੀ ਨਾ ਬਣਦਾ ਤਾਂ ਇੱਥੋਂ ਸੁਭਾਵਿਕ ਤੌਰ ‘ਤੇ ਜੋ ਸਰਮਾਏਦਾਰਾ ਵਿਕਾਸ ਹੋਣਾ ਸੀ ਉਸਨੇ ਜਾਤਪਾਤ ‘ਤੇ ਬਹੁਤ ਵੱਡੀ ਸੱਟ ਮਾਰਨੀ ਸੀ।

ਸੁਖਵਿੰਦਰ ਨੇ ਕਿਹਾ ਜਾਤ-ਪਾਤ ਦੇ ਖਾਤਮੇ ਦਾ ਹੱਲ ਮਾਰਕਸਵਾਦ ਕੋਲ ਹੀ ਹੈ। ਮਾਰਕਸਵਾਦ ਅਤੇ ਅੰਬੇਡਕਰਵਾਦ ਨੂੰ ਆਪਸ ‘ਚ ਮਿਲਾਉਣ ਦੀਆਂ ਕੋਸ਼ਿਸ਼ਾਂ ਫਜ਼ੂਲ ਹਨ, ਇਹਨਾਂ ਦਾ ਫਾਇਦਾ ਨਹੀਂ ਸਗੋਂ ਨੁਕਸਾਨ ਹੀ ਹੋ ਰਿਹਾ ਹੈ। ‘ਜੈ ਭੀਮ ਲਾਲ ਸਲਾਮ’ ਦਾ ਨਾਅਰਾ ਇੱਕਦਮ ਗਲਤ ਨਾਅਰਾ ਹੈ। ਅੰਬੇਡਕਰ ਨੇ ਜਾਤ-ਪਾਤ ਦੇ ਖਾਤਮੇ ਦੇ ਮੁੱਦੇ ਨੂੰ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਰ ਇਸਦੇ ਬਾਵਜੂਦ ਵੀ ਉਹਨਾਂ ਕੋਲ਼ ਜਾਤਪਾਤ ਦੇ ਖਾਤਮੇ ਦਾ ਰਾਹ ਨਹੀਂ ਸੀ। ਉਹ ਵਿਚਾਰਵਾਦੀ ਫਲਸਫੇ ਦੇ ਧਾਰਨੀ ਸਨ, ਤੇ ਉਹ ਸਰਮਾਏਦਾਰਾ ਅਰਥਸ਼ਾਸਤਰ ਤੇ ਸਿਆਸਤ ਦੇ ਪੈਰੋਕਾਰ ਸਨ। ਡਾ. ਅੰਬੇਡਕਰ ਨੇ ‘ਜਾਤ-ਪਾਤ ਦਾ ਖਾਤਮਾ’ ਕਿਤਾਬਚੇ ਵਿੱਚ ਖੁਦ ਹੀ ਕਿਹਾ ਸੀ ਕਿ ਜਾਤਪਾਤ ਦਾ ਖਾਤਮਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਅਤੀਤ ਵਿੱਚ ਜਾਤਪਾਤ ਦੀ ਸਮੱਸਿਆ ਨੂੰ ਸਮਝਣ ਵਿੱਚ ਭਾਰਤੀ ਕਮਿਊਨਿਸਟਾਂ ਦੀ ਕਮਜ਼ੋਰੀ ਰਹੀ ਹੈ (ਹੋਰ ਸਮੱਸਿਆਵਾਂ ਨੂੰ ਸਮਝਣ ਵਾਂਗ) ਪਰ ਕਮਿਊਨਿਸਟ ਹੀ ਹਨ ਜਿਹਨਾਂ ਜਾਤਪਾਤ ਖਿਲਾਫ਼ ਸਭ ਤੋਂ ਵੱਧ ਸੰਘਰਸ਼ ਕੀਤਾ ਹੈ, ਲਾਮਿਸਾਲ ਲੜ੍ਹਾਈਆਂ ਲੜ੍ਹੀਆਂ ਹਨ, ਕੁਰਬਾਨੀਆਂ ਕੀਤੀਆਂ ਹਨ। ਜਾਤ-ਪਾਤ ਖਿਲਾਫ਼ ਲੜ੍ਹਾਈ ਨਾ ਲੜਨ ਦਾ ਦੋਸ਼ ਲਾਉਂਦੇ ਹੋਏ ਜੋ ਲੋਕ ਕਮਿਊਨਿਸਟਾਂ ਖਿਲਾਫ਼ ਚਿੱਕੜ ਉਛਾਲੀ ਕਰ ਰਹੇ ਹਨ ਉਹ ਪੂਰੀ ਤਰ੍ਹਾਂ ਗਲਤ ਹਨ।  ਸੁਖਵਿੰਦਰ ਨੇ ਕਿਹਾ ਕਿ ਜਾਤ-ਪਾਤ ਦਾ ਮੁਕੰਮਲ ਖਾਤਮਾ ਨਿੱਜੀ ਸੰਪੱਤੀ ਦੇ ਖਾਤਮੇ ਨਾਲ਼ ਹੀ ਹੋ ਸਕਦਾ ਹੈ। ਪਰ ਇਸਦਾ ਇਹ ਮਤਲਬ ਨਹੀਂ ਕਿ ਅੱਜ ਹੱਥ ਤੇ ਹੱਥ ਧਰ ਕੇ ਬੈਠ ਜਾਇਆ ਜਾਵੇ। ਜੇਕਰ ਅਸੀਂ ਅੱਜ ਜਾਤ ਪਾਤ ਖਿਲਾਫ਼ ਸੰਘਰਸ਼ ਨਹੀਂ ਕਰਦੇ ਤਾਂ ਕਦੇ ਵੀ ਲੋਕਾਂ ਦਾ ਸਰਮਾਏਦਾਰਾ ਪ੍ਰਬੰਧ ਖਿਲਾਫ਼ ਇਨਕਲਾਬੀ ਸੰਘਰਸ਼ ਇਕਮੁੱਠ ਨਹੀਂ ਕਰ ਪਾਵਾਂਗੇ। ਸਾਨੂੰ ਜਾਤ ਅਧਾਰਿਤ ਲੁੱਟ, ਜ਼ਬਰ, ਅਨਿਆਂ, ਵਿਤਕਰੇ ਖਿਲਾਫ਼ ਜ਼ੋਰਦਾਰ ਸੰਘਰਸ਼ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਾਤਪਾਤੀ ਕਦਰਾਂ ਕੀਮਤਾਂ ਤੋਂ ਤੋੜ ਵਿਛੋੜਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਕਮਿਊਨਨਿਸਟ ਇਨਕਲਾਬੀ ਨੂੰ ਜਾਤਪਾਤੀ ਕਦਰਾਂ ਕੀਮਤਾਂ ਤੋਂ ਤੋੜ ਵਿਛੋੜਾ ਕਰਨ ਦਾ ਅਸੂਲ ਸਖਤੀ ਨਾਲ਼ ਨਿੱਜੀ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ ਜੋ ਕਿ ਕਮਿਊਨਿਸਟ ਲਹਿਰ ਦੀ ਇੱਕ ਵੱਡੀ ਘਾਟ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਜਾਤ ਅਧਾਰਿਤ ਜੱਥੇਬੰਦੀਆਂ ਬਣਨ ਦਾ ਵਿਰੋਧ ਕਰਨਾ ਚਾਹੀਦਾ ਹੈ ਪਰ ਜਾਤ ਪਾਤ ਵਿਰੋਧੀ ਜੱਥੇਬੰਦੀਆਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਹਨ ਜਿਸ ਵਿੱਚ ਜਾਤਪਾਤ ਵਿਰੋਧੀ ਸਭਨਾਂ ਜਾਤਾਂ ਨਾਲ਼ ਸਬੰਧਤ ਵਿਅਕਤੀ ਸ਼ਾਮਲ ਹੋਣ। ਦਲਿਤਵਾਦੀ ਜੱਥੇਬੰਦੀਆਂ ਨਾਲ਼ ਮੁੱਦਾ ਅਧਾਰਿਤ ਸਾਂਝੇ ਸੰਘਰਸ਼ ਕੀਤੇ ਜਾ ਸਕਦੇ ਹਨ। ਅੰਤਰਜਾਤੀ ਪ੍ਰੇਮ ਵਿਆਹਾਂ ਨੂੰ ਪੁਰਜ਼ੋਰ ਸਮਰਥਨ ਦੇਣਾ ਚਾਹੀਦਾ ਹੈ। ਅੰਤਰਜਾਤੀ ਵਿਆਹ ਜਾਤਪਾਤ ‘ਤੇ ਕਰਾਰੀ ਸੱਟ ਮਾਰਦੇ ਹਨ।

ਇਸਤੋਂ ਬਾਅਦ ਰਾਮਸੇਵਕ, ਛੋਟੇਲਾਲ ਨਿਰਭੈ, ਤਾਜਮੁਹੰਮਦ, ਰਜਿੰਦਰ ਜੰਡਿਆਲੀ, ਤੁਲਸੀ ਪ੍ਰਸਾਦ, ਮਸਤਰਾਮ, ਰਾਜੇਂਦਰ,  ਸੁਨੀਲ ਸਿੰਘ, ਘਨਸ਼ਿਆਮ, ਲੱਕੀ, ਜਸਪ੍ਰੀਤ ਤੇ ਹੋਰ ਸਾਥੀਆਂ ਨੇ ਮਹੱਤਵਪੂਰਣ ਵਿਚਾਰ ਪੇਸ਼ ਕੀਤੇ, ਸੁਆਲ-ਜੁਆਬ ਕੀਤੇ। ਮੰਚ ਸੰਚਾਲਨ ਲਖਵਿੰਦਰ ਨੇ ਕੀਤਾ। ਇਸ ਮੌਕੇ ਜਨਚੇਤਨਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। 

•ਪੱਤਰ ਪ੍ਰੇਰਕ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements