ਜਾਦੂਮਈ ਜ਼ਿੰਦਗੀ, ਜਾਦੂਮਈ ਮੌਤ •ਏਦੁਆਰਦੋ ਗਾਲਿਆਨੋ

download

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਮੇਰਾ ਖਿਆਲ ਹੈ ਕਿ ਜੋ ਲੋਕ ਆਪਣੀ ਅਜ਼ਾਦੀ ਲਈ ਲੜ ਰਹੇ ਹਨ, ਉਹਨਾਂ ਲਈ ਸਿਰਫ ਹਥਿਆਰਬੰਦ ਸੰਘਰਸ਼ ਹੀ ਇੱਕੋ-ਇੱਕ ਰਸਤਾ ਹੈ ਅਤੇ ਮੈਂ ਆਪਣੇ ਵਿਸ਼ਵਾਸ਼ ‘ਤੇ ਪੱਕਾ ਹਾਂ। ਬਹੁਤ ਸਾਰੇ ਲੋਕ ਮੈਨੂੰ ਰੋਮਾਂਚਵਾਦੀ ਕਹਿਣਗੇ, ਜੋ ਕਿ ਮੈਂ ਹਾਂ; ਪਰ ਇੱਕ ਅਲੱਗ ਤਰਾਂ ਦਾ, ਉਹਨਾਂ ਵਿੱਚੋਂ ਇੱਕ ਜੋ ਸੱਚ ਨੂੰ ਪਰਖਣ ਲਈ ਆਪਣੀ ਚਮੜੀ ਵੀ ਦਾਅ ‘ਤੇ ਲਾ ਦਿੰਦੇ ਨੇ। ਹੋ ਸਕਦਾ ਹੈ ਕਿ ਏਥੇ ਹੀ ਮੇਰਾ ਅੰਤ ਹੋ ਜਾਵੇ। ਮੈਂ ਇਸ ਬਾਰੇ ਨਹੀਂ ਸੋਚਦਾ, ਪਰ ਇਹ ਵੀ ਸੰਭਾਵਨਾਵਾਂ ਦੇ ਤਰਕਸੰਗਤ ਘੇਰੇ ਵਿੱਚ ਹੈ। ਜੇਕਰ ਅਜਿਹਾ ਹੀ ਹੋਣਾ ਹੈ ਤਾਂ ਮੈਂ ਤੁਹਾਨੂੰ ਆਪਣੀ ਆਖਰੀ ਗਲਵੱਕੜੀ ਭੇਜ ਰਿਹਾਂ ਹਾਂ। ਮੈਂ ਤੁਹਾਨੂੰ ਪਿਆਰ ਬਹੁਤ ਕੀਤਾ ਹੈ, ਪਰ ਮੈਂ ਇਹ ਨਹੀ ਜਾਣ ਸਕਿਆ ਕਿ ਪਿਆਰ ਦਾ ਇਜ਼ਹਾਰ ਕਿਵੇਂ ਕੀਤਾ ਜਾਂਦਾ ਹੈ, ਮੈਂ ਆਪਣੀਆਂ ਕਾਰਵਾਈਆਂ ਵਿੱਚ ਬਹੁਤ ਦ੍ਰਿੜ ਹਾਂ ਅਤੇ ਸੋਚਦਾ ਹਾਂ ਕਿ ਤੁਸੀ ਮੈਨੂੰ ਕਦੇ-ਕਦੇ ਸਮਝਿਆ ਨਹੀਂ। ਬੇਸ਼ੱਕ ਮੈਨੂੰ ਸਮਝਣਾ ਸੌਖਾ ਨਹੀ ਸੀ, ਪਰ ਘੱਟ ਤੋਂ ਘੱਟ ਅੱਜ ਮੇਰੇ ‘ਤੇ ਯਕੀਨ ਕਰੋ। ਹੁਣ, ਇੱਕ ਇੱਛਾ, ਜਿਸ ਨੂੰ ਮੈਂ ਇੱਕ ਕਲਾਕਾਰ ਦੀ ਤਰ੍ਹਾਂ ਸੰਵਾਰਿਆ ਹੈ, ਮੇਰੇ ਕਮਜ਼ੋਰ ਪੈਰਾਂ ਅਤੇ ਥੱਕੇ ਹੋਏ ਫੇਫੜਿਆ ਨੂੰ ਸੰਭਾਲ਼ੀ ਰੱਖੇਗੀ। ਮੈਂ ਇਸਨੂੰ ਪੂਰਾ ਕਰਾਗਾਂ, ਵੀਹਵੀ ਸਦੀ ਦੀ ਹੋਣੀ ਦੇ ਇਸ ਛੋਟੇ ਜਿਹੇ ਸਿਪਾਹੀ ‘ਤੇ ਵਿਚਾਰ ਕਰਿਓ।”

ਜਦ ਚੀ ਗਵੇਰਾ ਨੇ ਲੋਪ ਹੋਣ ਤੋਂ ਥੋੜਾ ਸਮਾਂ ਪਹਿਲਾਂ  ਆਪਣੇ ਮਾਤਾ-ਪਿਤਾ ਨੂੰ ਲਿਖੀਆਂ ਇਹ ਸਤਰਾਂ ਬਿਊੇਨਸ ਆਇਰਸ ਪਹੁੰਚੀਆਂ ਤਾਂ ਉਸ ਦੀ ਮਾਂ ਸੀਲਿਆ ਦੀ ਮੌਤ ਹੋ ਚੁੱਕੀ ਸੀ। ਆਪਣੇ ਪੁੱਤਰ ਨਾਲ਼ ਗੱਲਬਾਤ ਕਰਨ ਤੋਂ ਪਹਿਲਾਂ ਹੀ ਉਹ ਜਾ ਚੁੱਕੀ ਸੀ। ਉਹ “ਆਖਰੀ ਗਲਵੱਕੜੀ” ਹਾਸਲ ਨਾ ਕਰ ਸਕੀ। ਇਹ ਵਿਦਾਈ ਜਿਸ ਵਿੱਚ ਇੱਕ ਅਜਿਹੀ ਖ਼ਬਰ ਦਾ ਸੰਕੇਤ ਸੀ ਜਿਸ ਨੇ ਪੂਰੀ ਦੁਨੀਆਂ ਹਿਲਾ ਕੇ ਰੱਖ ਦਿੱਤੀ। ਇਕ ਵਾਰ ਆਪਣੇ ਗੂੜ੍ਹੇ ਮਿੱਤਰ ਦੀ ਮੌਤ ‘ਤੇ ਉਸ ਨੇ ਲਿਖਿਆ, “ਸਾਡੇ ਸਖਤ ਇਨਕਲਾਬੀ ਪੇਸ਼ੇ ਵਿੱਚ ਮੌਤ ਇੱਕ ਵਾਰ-ਵਾਰ ਹੋਣ ਵਾਲ਼ੀ ਦੁਰਘਟਨਾ ਹੈ।” ਟ੍ਰਿਕੋਟੀਨੈਂਟਲ ਨੂੰ ਲਿਖੇ ਆਪਣੇ ਖ਼ਤ ਦੇ ਅੰਤ ਵਿੱਚ ਉਸ ਨੇ ਆਉਣ ਵਾਲ਼ੀ ਮੌਤ ਦਾ ਸਵਾਗਤ ਕਰਦੇ ਹੋਏ ਲਿਖਿਆ ਕਿ ਇਹ “ਯੁੱਧ ਅਤੇ ਜਿੱਤ ਦੀਆਂ ਨਵੀਆਂ ਪੁਕਾਰਾਂ” ਨੂੰ ਜਨਮ ਦੇਵੇਗੀ। ਹਜ਼ਾਰਾਂ ਵਾਰ ਉਸ ਨੇ ਕਿਹਾ ਕਿ ਮੌਤ ਨਾਲ਼ ਉਸ ਦਾ ਸਾਹਮਣਾ ਕਦੀ ਵੀ ਹੋ ਸਕਦਾ ਹੈ, ਫਿਰ ਵੀ ਇਹ ਵਿਅਰਥ ਹੀ ਹੋਵੇਗਾ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ- ਮੌਤ ਨਾਲ਼ ਲਗਾਤਾਰ ਖੇਡਦੇ ਹੋਏ ਅਤੇ ਹਰ ਵਾਰ ਮੁੜ ਜਿਉਂਦੇ ਹੋਏ ਇੱਕ ਵਾਰ ਉਸ ਨੇ ਕਿਹਾ ਸੀ ਕਿ ਉਸ ਦੇ ਕੋਲ਼ ਸੱਤ ਜ਼ਿੰਦਗੀਆਂ ਹਨ। ਆਖਰੀ ਵਾਰ ਉੁਸ ਨੇ ਜਿਸ ਤਰ੍ਹਾਂ ਦੀ ਸੰਭਾਵਨਾ ਜਤਾਈ ਸੀ, ਉਸੇ ਤਰ੍ਹਾਂ ਹੀ ਹੋਇਆ। ਉਸਨੇ ਬਿਨਾਂ ਕਿਸੇ ਵੀ ਮਨਜ਼ੂਰੀ ਦੇ ਜਾਂ ਮੁਆਫੀਨਾਮੇ ਦੇ ਮੌਤ ਦੇ ਰਸਤੇ ‘ਤੇ ਆਪਣੀ ਥਾਂ ਨਿਸ਼ਚਿਤ ਕੀਤੀ। ਉਸਨੇ ਯੂਰੋ ਦੀ ਘੱਟੇ ਨਾਲ਼ ਭਰੀ, ਬੰਜ਼ਰ ਜਮੀਨ ਨੂੰ ਚੁਣਿਆ, ਉਸਦੇ ਸਿਰ ‘ਤੇ ਦੁਸ਼ਮਣ ਦੀ ਫੌਜ ਮੰਡਰਾ ਰਹੀ ਸੀ, ਉਸਦੇ ਪੈਰਾਂ ਦੇ ਹੇਠਲੇ ਹਿੱਸੇ ਵਿੱਚ ਗੋਲ਼ੀ ਲੱਗੀ ਸੀ ਅਤੇ ਉਹ ਲਗਾਤਾਰ ਲੜ੍ਹ ਰਿਹਾ ਸੀ, ਉਸਦੇ ਹੱਥਾਂ ‘ਚੋਂ ਉਸਦੀ ਐੱਮ-ਆਈ ਬੰਦੂਕ ਛੁੱਟਣ ਦੇ ਬਾਵਜੂਦ, ਜੋ ਕਿ ਇੱਕ ਸਟੀਕ ਨਿਸ਼ਾਨੇ ਨਾਲ਼ ਬੇਕਾਰ ਹੋ ਚੁੱਕੀ ਸੀ, ਉਹ ਡਟਿਆ ਰਿਹਾ। ਮੁੱਠੀਭਰ ਗੁਰੀਲਿਆਂ ਦੇ ਅਧਮੋਏ ਹੌਸਲੇ ਦੇ ਬਾਵਜੂਦ, ਜੋ ਕਿ ਉਸ ਜ਼ਖਮੀ ਆਦਮੀ ਲਈ ਸ਼ਾਮ ਤੋਂ ਦੁਪਹਿਰ ਤੱਕ ਲੜਦੇ ਰਹੇ, ਉਸ ਨੂੰ ਸਿਪਾਹੀਆਂ ਦੁਆਰਾ ਜਿੰਦਾ ਗ੍ਰਿਰਫਤਾਰ ਕਰ ਲਿਆ ਗਿਆ। ਚੀ ਦੇ ਜਿਹਨਾਂ ਸਾਥੀਆਂ ਨੇ ਇੱਕਜੁਟ ਹੋ ਸੰੰਘਰਸ਼ ਕੀਤਾ ਸੀ, ਉਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਉਸਦੇ ਨਾਲ਼ ਹੀ ਲੰਮਾ ਪਾ ਕੇ ਨੁਮਾਇਸ਼ ਲਗਾਈ ਗਈ।  ਉਹਨਾਂ ਦੇ ਸਿਰਾਂ ਨੂੰ ਬੰਦੂਕ ਦੇ ਬਟ ਨਾਲ਼ ਮਿੱਧਿਆ ਗਿਆ ਸੀ ਅਤੇ ਪੂਰੇ ਸਰੀਰ ਨੂੰ ਸੰਗੀਨਾਂ ਨਾਲ਼ ਛਾਨਣੀ ਕਰ ਦਿੱਤਾ ਗਿਆ ਸੀ।

ਇੱਕ ਦਿਨ ਤੱਕ ਚੱਲੀ ਇਸ ਲੜਾਈ ਦੇ ਬਾਅਦ ਹਿਗੁਏਰਾ ਦੀ ਘਾਟੀ ਵਿੱਚ ਸਥਿਤ ਫੌਜੀ ਛਾਉਣੀ ਵਿੱਚ ਬੇਚੈਨੀ ਦਾ ਮਹੌਲ ਸੀ। ਲੈਫਟਿਨਟ ਪ੍ਰਾ ਉਸ ਦੱਬੀ ਹੋਈ ਮੁਸਕਾਨ ਅਤੇ ਅਜਿੱਤ, ਦਰਦਭਰੀਆਂ ਨਜ਼ਰਾਂ ਅਤੇ ਚੁਣੌਤੀਪੂਰਨ ਖਮੋਸ਼ੀ ਨੂੰ ਜ਼ਿਆਦਾ ਸਮੇਂ ਤੱਕ ਬਰਦਾਸ਼ਤ ਨਾ ਕਰ ਸਕਿਆ। ਆਪਣੇ 38-ਬੋਰ ਦੇ ਪਿਸਤੌਲ ਨੂੰ ਚੀ ਦੀ ਛਾਤੀ ਦੇ ਖੱਬੇ ਹਿੱਸੇ ‘ਤੇ ਤਾਣਿਆ ਅਤੇ ਉਸ ਦੀਆਂ ਧੜਕਣਾ ਨੂੰ ਹਮੇਸ਼ਾ ਲਈ ਰੋਕ ਦਿੱਤਾ! ਬੇਰਿਅਨਟੋ ਸਰਕਾਰ ਨੇ ਹਾਲੇ ਤੱਕ ਇਹ ਐਲਾਨ ਨਹੀ ਕੀਤਾ ਸੀ ਕਿ ਉਹ ਦੇਸ਼ ਭਗਤ ਲੈਫਟਿਨਟ ਨੂੰ ਇਨਾਮ ਦੇ ਤੌਰ ‘ਤੇ ਐਲਾਨੀ ਗਈ 5,000 ਡਾਲਰ ਦੀ ਰਾਸ਼ੀ ਦਾ ਭੁਗਤਾਨ ਕਰੇਗੀ ਜਾਂ ਨਹੀਂ।  ਕੁਝ ਘੰੰਟੇ ਬਾਅਦ ਉਸ ਦੇ ਸਰੀਰ ਨੂੰ ਜੋ ਕਿ ਹੁਣ ਤੱਕ ਵੀ ਗਰਮ ਸੀ, ਹੈਲੀਕਪਟਰ ਦੇ ਤਖਤੇ ਨਾਲ਼ ਬੰਨ ਕੇ ਉਸ ਬੇਜਾਨ ਜ਼ਮੀਨ ਉੱਤੋਂ ਦੀ ਲਿਜਾਇਆ ਗਿਆ ਜਿਸਨੂੰ ਸੂਰਜ ਦੀ ਤਪਸ਼ ਨੇ ਬੰਜ਼ਰ ਬਣਾ ਦਿੱਤਾ ਸੀ। ਜਿੱਥੇ ਐਮੇਜ਼ੋਨ ਨਦੀ ਘਾਟੀ ਵੱਲ ਪਹਾੜ ਖੜੇ ਸਨ। ਇੱਕ ਛੋਟੇ ਜਿਹੇ ਕਸਬੇ ਵੇਲੇਗ੍ਰਾਂਡ ਦੇ “ਸੀਨੌਰਾ ਮਾਲਟਾ” ਹਸਪਤਾਲ ਵਿੱਚ ਚੀ ਨੂੰ ਕੁਝ ਅਖ਼ਬਾਰ ਵਾਲ਼ਿਆਂ ਅਤੇ ਫੋਟੋਗ੍ਰਾਫਰਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸਤੋਂ ਬਾਅਦ ਇੱਕ ਮੋਟੇ ਅਤੇ ਗੰਜੇ ਆਦਮੀ ਨਾਲ਼, ਜੋ ਕਿ ਅੰਗਰੇਜ਼ੀ ਵਿੱਚ ਹੁਕਮ ਦੇ ਰਿਹਾ ਸੀ, ਉਸਨੂੰ ਓਥੋਂ ਗਾਇਬ ਕਰ ਦਿੱਤਾ ਗਿਆ। ਲਾਸ਼ ਵਿੱਚ ਇੱਕ ਲੀਟਰ ਫਰਮੈਲਡੀਹਾਈਡ ਭਰ ਦਿੱਤਾ ਗਿਆ। ਬੇਰਿਅਨਟੋ ਨੇ ਕਿਹਾ ਕਿ ਉਸ ਨੂੰ ਦਫਨਾ ਦਿੱਤਾ ਗਿਆ ਸੀ, ਜਦਕਿ ਓਵੈਨਡੋ ਨੇ ਐਲਾਨ ਕੀਤਾ ਕਿ ਉਸ ਦਾ ਦਾਹ-ਸੰਸਕਾਰ ਕੀਤਾ ਗਿਆ- ਇੱਕ ਅਜਿਹੀ ਜਗ੍ਹਾ ‘ਤੇ ਜਿੱਥੇ ਅਜਿਹਾ ਕਰਨ ਲਈ ਤਕਨੀਕੀ ਸਾਧਨ ਹੀ ਨਹੀ ਹਨ। ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਨੇ ਉਸ ਦੇ ਹੱਥਾਂ ਨੂੰ ਵੱਢ ਦਿੱਤਾ ਸੀ। ਅਖੀਰ ਵਿੱਚ, ਲੇਪ ਨਾਲ਼ ਸੁਰੱਖਿਅਤ ਦੋ ਉਂਗਲ਼ੀਆਂ ਅਤੇ ਗੁਰਿਲਏਰੋ ਦੀ ਡਾਇਰੀ ਦੀ ਇੱਕ ਫੋਟੋਕਾਪੀ ਬੋਲਿਵੀਆਈ ਸਰਕਾਰ ਨੂੰ ਸੌਂਪ ਦਿੱਤੀ ਗਈ- ਮ੍ਰਿਤਕ ਸਰੀਰ ਅਤੇ ਮੂਲ ਡਾਇਰੀ ਹੁਣ ਤੱਕ ਵੀ ਸੀਆਈਏ ਦਾ ਇੱਕ ਰਹੱਸ ਹੈ।

ਸਾਡੇ ਸਮੇਂ ਦੇ ਇਸ ਨਾਇਕ ਦੀ ਜ਼ਿੰਦਗੀ ਅਤੇ ਮੌਤ ਦੇ ਆਲ਼ੇ-ਦੁਆਲ਼ੇ ਬਹੁਤ ਸਾਰੀਆਂ ਦੰਦ-ਕਥਾਵਾਂ ਪਹਿਲਾਂ ਹੀ ਬੁਣੀਆਂ ਜਾ ਚੁੱਕੀਆਂ ਹਨ, ਜੋ ਵਿਰੋਧਤਾਈਆਂ ਅਤੇ ਭੇਤਾ ਨਾਲ਼ ਭਰੀਆਂ ਪਈਆਂ ਹਨ। ਜਿਹਨਾਂ ਵਿੱਚੋਂ ਕੁਝ ਤਾਂ ਇਹਨਾਂ ਹਰਾਮੀਆਂ ਦੁਆਰਾ ਫੈਲਾਏ ਗਏ ਭੰਡੀ-ਪ੍ਰਚਾਰ ਦਾ ਨਤੀਜਾ ਹਨ, ਜੋ ਮੋਏ ਚੀ ਦੀਆਂ ਯਾਦਾਂ ‘ਤੇ ਕਾਂਵਾ ਵਾਂਗ ਝਪਟਦੇ ਹਨ, ਭਾਵੇਂ ਕਿ ਚੀ ਨੂੰ ਜਿਊਦਾ ਵੇਖਣ ਅਤੇ ਉਹਦੇ ਨਾਲ਼ ਅੱਖ ਮਿਲਾਉਣ ਦੀ ਕਿਸੇ ਦੀ ਹਿੰਮਤ ਨਹੀ ਸੀ, ਦੂਸਰਾ ਸਾਰੀਆਂ ਕਹਾਣੀਆਂ ਉਹਨਾਂ ਕਲਪਨਾਵਾਂ ਦੇ ਅਧਾਰ ‘ਤੇ ਲਿਖੀਆਂ ਗਈਆਂ ਜਿਸ ਵਿੱੱਚ ਲਾਤੀਨੀ ਅਮਰੀਕਾ ਦੀ ਆਖਰੀ, ਅਜਿੱਤ ਬਲੀ ਵੇਦੀ ‘ਤੇ ਇਸ ਮਹਾਨ ਨਾਇਕ ਦੀ ਅਮਰਤਾ ਗੁਣਗਾਨ ਕੀਤਾ ਗਿਆ ਹੈ।

 ਕਿਊਬਾ ਦੇ ਓਰੀਐਂਨਟ ਤਟ ਦੇ ਗ੍ਰਾਨਮਾ ‘ਤੇ ਉੱਤਰਨ ਤੋਂ ਬਾਅਦ ਇੱਕ ਫੈਸਲਾਕੁੰਨ ਕਤਲੇਆਮ ਨੂੰ ਯਾਦ ਕਰਦੇ ਹੋਏ ਚੀ ਨੇ ਲਿਖਿਆ, “ਉਸ ਵੇਲ਼ੇ ਜਦ ਮੈਨੂੰ ਲੱਗਿਆ ਕਿ ਸਭ ਕੁਝ ਖਤਮ ਹੋ ਚੁੱਕਿਆ ਹੈ, ਤਦ ਮੈਂ ਮਰਨ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸੋਚਣਾ ਸ਼ੁਰੂ ਕੀਤਾ। ਮੈਨੂੰ ਜੈਕਲੰਡਨ ਦੀ ਇੱਕ ਕਹਾਣੀ ਯਾਦ ਆਈ, ਜਿਸ ਵਿੱਚ ਮੁੱਖ ਪਾਤਰ ਰੁੱਖ ਦੇ ਇੱਕ ਤਣੇ ਦਾ ਸਹਾਰਾ ਲੈ ਸ਼ਾਨ ਨਾਲ਼ ਆਪਣੇ ਜੀਵਨ ਨੂੰ ਖਤਮ ਕਰਨ ਦਾ ਫੈਸਲਾ ਕਰਦਾ ਹੈ।” ਮੌਤ ਨਾਲ਼ ਹੋਈ ਉਸ ਪਹਿਲੀ ਟੱਕਰ ਨੂੰ ਗਿਆਰਾਂ ਸਾਲ ਬੀਤ ਚੁੱਕੇ ਹਨ। ਅੱਜ ਮੈਂ ਇੱਕ-ਇੱਕ ਕਰਕੇ ਇਹਨਾਂ ਤਸਵੀਰਾਂ ਨੂੰ ਹਰ ਕੋਣ ਤੋਂ ਨਿਹਾਰ ਰਿਹਾ ਹਾਂ, ਜਿਸ ਵਿੱਚ ਉਸ ਦਾ ਬੇਹਤਰ ਸਰੀਰ ਕੈਦ ਹੈ, ਮਾਸ ਨੂੰ ਚੀਰਕੇ ਅੰਦਰ ਆ ਗਏ ਕੱਚ ਦੇ ਟੁਕੜਿਆ ਨਾਲ਼ ਬਣੇ ਜ਼ਖਮਾਂ ਦੇ ਨਿਸ਼ਾਨ, ਮਾਣ ਅਤੇ ਰਹਿਮਦਿਲੀ ਨਾਲ਼ ਭਰੀ ਹੋਈ, ਵਿਅੰਗਮਈ ਅਤੇ ਸਨੇਹਭਰੀ ਮੁਸਕਾਨ, ਜੋ ਉਸ ‘ਤੇ ਹੋਏ ਜ਼ੁਲਮ ਦਾ ਵੀ ਮਖੌਲ ਉਡਾ ਰਹੀ ਹੈ। ਮੇਰੀ ਨਜ਼ਰ ਰਿਓ ਪਲਾਟਾ ਦੇ ਇਸ ਮਸੀਹ ਦੇ ਮਘਦੇ ਹੋਏ ਚਿਹਰੇ ‘ਤੇ, ਦਾ ਗੁਰਿਲਏਰੋ  ਦੇ ਚਿਹਰੇ ‘ਤੇ, ਟਿਕੀ ਹੋਈ ਹੈ ਅਤੇ ਮੈਨੂੰ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਇਸ ਨੂੰ ਵਧਾਈ ਦੇ ਰਿਹਾ ਹਾਂ।

ਕਿਊਬਾ ਦੇ ਓਲੇਗ੍ਰਿਆ ਨਾਮਕ ਜਗ੍ਹਾ ‘ਤੇ ਆਪਣੀ ਦੀਖਿਆ ਦੇ ਸਮੇਂ ਚੀ ਨੇ ਜੋ ਫੈਸਲਾ ਲਿਆ, ਨਿਸ਼ਚਿਤ ਰੂਪ ਵਿੱਚ ਉਸ ਨੇ ਹੀ ਉਸ ਦੀ ਕਿਸਮਤ ਤੈਅ ਕੀਤੀ- “ਮਰੇ ਸਾਹਮਣੇ ਦਵਾਈਆਂ ਨਾਲ਼ ਭਰਿਆ ਇੱਕ ਝੋਲ਼ਾ ਅਤੇ ਗੋਲ਼ੀਆਂ ਦਾ ਇੱਕ ਡੱਬਾ ਸੀ; ਇਕੱਠੇ ਚੁਕੱਣ ਵਿੱਚ ਦੋਵੇਂ ਬਹੁਤ ਭਾਰੇ ਲੱਗ ਰਹੇ ਸੀ। ਮੈਂ ਝੋਲ਼ੇ ਨੂੰ ਪਿੱਛੇ ਛੱਡਦੇ ਹੋਏ ਗੋਲ਼ੀਆਂ ਦਾ ਡੱਬਾ ਚੁੱਕਿਆ ਤੇ ਆਪਣੇ ਅਤੇ ਗੰਨੇ ਦੇ ਖੇਤ ਵਿਚਲੇ ਫਾਸਲੇ ਨੂੰ ਪਾਰ ਕੀਤਾ।” ਆਪਣੇ ਮਾਤਾ ਪਿਤਾ ਨਾਲ਼ ਜਿਸ ਵਿਦਾਈ ਦੀ ਚਰਚਾ ਪਹਿਲਾਂ ਕੀਤੀ ਗਈ ਉਸ ਵਿੱਚ ਚੀ ਨੇ ਕਿਹਾ ਸੀ, “ਲਗਭਗ ਦਸ ਸਾਲ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਵਿਦਾਈ ਖ਼ਤ ਲਿਖਿਆ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ, ਉਸ ਵਿੱਚ ਮੈਂ ਇੱਕ ਬਿਹਤਰ ਸਿਪਾਹੀ ਅਤੇ ਬਿਹਤਰ ਡਾਕਟਰ ਨਾ ਹੋਣ ਲਈ ਖੁਦ ਨੂੰ ਕੋਸਿਆ ਸੀ। ਡਾਕਟਰੀ ਵਿੱਚ ਮੇਰੀ ਕੋਈ ਦਿਲਚਸਪੀ ਨਹੀ ਰਹੀ, ਪਰ ਸਿਪਾਹੀ ਦੇ ਰੂਪ ਵਿੱਚ ਮੈਂ ਏਨਾ ਬੁਰਾ ਵੀ ਨਹੀ।”

ਉਸ ਨੇ ਇਨਕਲਾਬ ਦੀ ਅਗਲੀ ਕਤਾਰ ਲਈ ਆਪਣੀ ਜਗ੍ਹਾ ਚੁਣੀ ਅਤੇ ਉਸ ਨੇ ਇਸ ਨੂੰ ਹਮੇਸ਼ਾ ਲਈ ਚੁਣਿਆ, ਬਿਨਾਂ ਕਿਸੇ ਸ਼ੱਕ ਦੀ ਸੰਭਾਵਨਾ ਦੇ ਅਤੇ ਬਿਨਾਂ ਇਰਾਦਾ ਬਦਲੇ; ਉਸ ਆਦਮੀ ਵਿੱਚ ਇੱਕ ਅਨੋਖੀ ਗੱਲ ਸੀ, ਉਸ ਨੇ ਕੁਝ ਮੁੱਠੀਭਰ ਸਾਥੀਆਂ ਨਾਲ਼ ਮਿਲ਼ ਕੇ ਇੱਕ ਸਫਲ ਇਨਕਲਾਬ ਕੀਤਾ ਅਤੇ ਉਸ ਨੂੰ ਛੱਡ ਕੇ ਇੱਕ ਨਵੇਂ ਇਨਕਲਾਬ ਵਿੱਚ ਆਪਣੇ ਆਪ ਨੂੰ ਝੋਕ ਦਿੱਤਾ। ਉਹ ਜਿੱਤ ਹਾਸਲ ਕਰਨ ਲਈ ਨਹੀ ਸਗੋਂ ਸੰਘਰਸ਼ ਲਈ ਜੀਵਿਆ, ਜਿਸ ਦੀ ਹਮੇਸ਼ਾ ਜ਼ਰੂਰਤ ਹੁੰਦੀ ਹੈ, ਅਪਮਾਨ ਅਤੇ ਭੁੱਖ ਖਿਲਾਫ ਕਦੇ ਨਾ ਖਤਮ ਹੋਣ ਵਾਲਾ ਸੰਘਰਸ਼। ਉਸ ਨੇ ਕਦੇ ਵੀ ਉਸ ਮਹਾਨ ਕੰਮ ਦਾ ਦੋ ਘੜੀਆਂ ਠਹਿਰ ਕੇ ਅਨੰਦ ਨਹੀ ਲਿਆ, ਜਿਸ ਨੂੰ ਉਸ ਨੇ ਸਫਲਤਾ ਦੇ ਮੁਕਾਮ ਤੱਕ ਪਹੁੰਚਾਇਆ ਸੀ। ਚੀ ਨੇ ਕਦੇ ਸਮਾਂ ਨਹੀ ਗਵਾਇਆ।

ਇਸਦਾ ਕਾਰਨ ਦਮਾ ਨਹੀ ਸੀ, ਜਿਵੇਂ ਕਿ ਬਿਊੂਨਸ ਅਇਰਸ ਦੇ ਇੱਕ ਅਖਬਾਰ ਦਾ ਮੰਨਣਾ ਹੈ ਅਤੇ ਨਾ ਹੀ ਇਹ ਸਮਾਜਿਕ ਹੈਸੀਅਤ ਗਵਾ ਚੁੱਕੇ ਇੱਕ ਧਨੀ ਵਿਅਕਤੀ ਵਿੱਚ ਵੱਕਾਰ ਅਤੇ ਨਫਰਤ ਪਨਪਣ ਦਾ ਨਤੀਜਾ ਸੀ, ਜਿਵੇਂ ਕਿ ਇੱਕ ਰਸਾਲੇ ਨੇ ਪ੍ਰਚਾਰਿਆ ਸੀ। ਭਾਈਚਾਰੇ ਵਿੱਚ ਚੀ ਦਾ ਵਿਸ਼ਵਾਸ਼ ਉਸ ਦੀ ਜ਼ਿੰਦਗੀ ਵਿੱਚ ਵੀ ਦੇਖਿਆ ਜਾ ਸਕਦਾ ਹੈ। ‘ਭਾਈਚਾਰਾ’ ਸ਼ਬਦ ਹੀ ਉਸ ਨੂੰ ਸਮਝਣ ਦੀ ਕੁੰਜੀ ਹੈ, ਭਾਵੇਂ ਕਿ ਇਹ ਸ਼ਬਦ ਓਂਗਾਨਿਆ ਦੇ ਪੱਤਰਕਾਰਾਂ ਦੇ ਸ਼ਬਦਕੋਸ਼ ਵਿੱਚ ਦਿਖਾਈ ਨਹੀ ਦਿੰਦਾ।

ਨੌਜਵਾਨ ਗਵੇਰਾ ਦੀਆਂ ਅੱਖਾਂ ਦੇ ਸਾਹਮਣੇ ਕੋਰਡੋਬਾ ਦੇ ਪਹਾੜਾ ਤੋਂ ਲੈ ਕੇ ਬਿਊਨਸ ਆਇਰਸ ਤੱਕ ਅਸੀਮਤ ਸੰਭਾਵਨਾਵਾਂ ਫੈਲੀਆਂ ਹੋਈਆਂ ਸਨ। ਉਹ ਹਰ ਦਿਨ ਬਾਰਾਂ ਘੰਟੇ ਕੰਮ ਕਰਦਾ ਸੀ। ਛੇ ਘੰਟੇ ਖੁਦ ਨੂੰ ਮਜ਼ਬੂਤ ਰੱਖਣ ਲਈ ਅਤੇ ਛੇ ਘੰਟੇ ਅਧਿਐਨ ਲਈ; ਉਹ ਡਾਕਟਰੀ ਦਾ ਇੱਕ ਪ੍ਰਤਿਭਾਸ਼ਾਲੀ ਵਿਦਿਆਰਥੀ ਸੀ, ਪਰ ਉਸ ਦੇ ਨਾਲ਼ ਉਹ ਗਣਿਤ ਦੀਆਂ ਗੁੰਝਲਦਾਰ  ਕਿਤਾਬਾਂ ਵੀ ਪੜ੍ਹਦਾ, ਕਵਿਤਾਵਾਂ ਲਿਖਦਾ ਅਤੇ ਸ਼ੌਕ ਦੇ ਤੌਰ ‘ਤੇ ਪੁਰਾਤੱਤਵ ਖੋਜ  ਦਾ ਕੰਮ ਵੀ ਕਰਦਾ ਸੀ। ਸਤਾਰਾਂ ਸਾਲ ਦੀ ਉਮਰ ਵਿੱਚ ਉਸ ਨੇ “ਫਿਲਾਸਫੀਕਲ ਡਿਕਸ਼ਨਰੀ” ਦਾ ਸੰਪਾਦਨ ਸ਼ੁਰੂ ਕੀਤਾ, ਕਿਉਂਕਿ ਉਸ ਨੂੰ ਲੱਗਿਆ ਕਿ ਦੂਸਰੇ ਵਿਦਿਆਰਥੀਆਂ ਅਤੇ ਖੁਦ ਉਸ ਨੂੰ ਵੀ ਇਸ ਦੀ ਜ਼ਰੂਰਤ ਸੀ।

1950 ਵਿੱਚ ਚੀ ਦੀ ਤਸਵੀਰ ਇੱਕ ਖ਼ਤ ਨਾਲ਼ ਅਲਗ੍ਰੈਫੀਕੋ ਵਿੱਚ ਛਪੀ ਜਿਸਨੂੰ ਉਸ ਨੇ “ਮਾਈਕ੍ਰੋਨ” ਮੋਟਰਸਾਈਕਲ ਦੇ ਨੁਮਾਇੰਦਿਆਂ ਨੂੰ ਭੇਜਿਆ ਸੀ। ਉਸ ‘ਤੇ ਉਸਨੇ ਆਪਣੇ ਨਾਮ “ਅਰਨੈਸਟੋ ਗਵੇਰਾ ਸਰਨਾ” ਦੇ ਦਸਤਖ਼ਤ ਕੀਤੇ ਸਨ। ਇਸ ਵਿੱਚ ਚੀ ਨੇ ਲਿਖਿਆ ਸੀ ਕਿ ਉਹ 4,000 ਕਿਲੋਮੀਟਰ ਦੀ ਯਾਤਰਾ ਕਰ ਚੁੱਕਾ ਸੀ, ਬਾਰਾਂ ਅਰਜਨਟੀਨੀ ਸੂਬਿਆਂ ਦੇ ਬਰਾਬਰ ਅਤੇ ਇਸ ਛੋਟੀ ਮੋਟਰਸਾਇਕਲ ਨੇ ਉਸ ਦਾ ਬਹੁਤ ਸਾਥ ਨਿਭਾਇਆ।

ਚੀ ਦੇ ਮਿੱਤਰ ਅਤੇ ਟ੍ਰੇਡ ਯੂਨੀਅਨ ਆਗੂ ਅਰਮਾਂਡੋ ਮਾਰਚ ਕਿਹਾ ਕਰਦੇ ਹਨ ਕਿ ਜਦ ਅਰਨੈਸਟੋ ਇੱਕ ਵਿਦਿਆਰਥੀ ਸੀ, ਤਦ ਉਸ ਦੀ ਮਾਂ ਦੀ ਛਾਤੀ ਦਾ ਅਪ੍ਰੇਸ਼ਨ ਹੋਇਆ ਸੀ, ਉਹਨਾਂ ਨੂੰ ਕੈਂਸਰ ਹੋਣ ਦਾ ਖਤਰਾ ਵੀ ਸੀ। ਅਰਨੈਸਟੋ ਨੇ ਆਪਣੇ ਘਰ ਵਿੱਚ ਇੱਕ ਛੋਟੀ ਕੰਮ ਚਲਾਊ ਪ੍ਰੋਗਸ਼ਾਲਾ ਬਣਾਈ। ਜਿੱਥੇ ਉਸ ਨੇ ਗਿਨੀ-ਪਿੰਗ ‘ਤੇ ਪ੍ਰਯੋਗ ਕੀਤੇ, ਨਮੂਨੇ ਇਕੱਤਰ ਕੀਤੇ ਅਤੇ ਤੇਲ ਦਾ ਇਸਤੇਮਾਲ ਕੀਤਾ ਤਾਂ ਕਿ ਉਹ ਆਪਣੀ ਮਾਂ ਦੀ ਜ਼ਿੰਦਗੀ ਬਚਾ ਸਕੇ। ਅਰਮਾਂਡੋ ਮਾਰਚ ਦੇ ਨਾਲ਼ ਚੀ ਪੈਰਾਗੁਏ ਜਾਣਾ ਚਾਹੁੰਦਾ ਸੀ ਤਾਂ ਕਿ ਮੋਰਿਨਿਗੋ ਦੇ ਖਿਲਾਫ ਜੰਗ ਛੇੜ ਸਕੇ। ਬਹੁਤ ਸਾਰੀਆਂ ਰੁਚੀਆਂ ਹੋਣ ਦੇ ਨਾਲ਼-ਨਾਲ਼ ਉਹ ਪ੍ਰਤਿਭਾਸ਼ਾਲੀ ਵੀ ਸੀ, ਉਸ ਵਿੱਚ ਇੱਕ ਸੁਭਾਵਿਕ ਖਿੱਚ ਸ਼ਕਤੀ ਸੀ, ਜਿਸ ਨੂੰ ਉਸ ਦੀ ਜ਼ਿਦਗੀ ਦੇ ਆਖਰੀ ਪਲਾਂ ਨੇ ਸਾਬਤ ਕਰ ਦਿੱਤਾ। ਨੌਜਵਾਨ ਅਰਨੈਸਟੋ ਗਵੇਰਾ ਦੀ ਸਖਸ਼ੀਅਤ ਮਨਹੂਸ ਨਹੀ ਸੀ। ਸਗੋਂ ਉਹ ਬਿਨਾਂ ਸਪੱਸ਼ਟ ਸਿਆਸੀ ਵਿਚਾਰਾਂ ਦੇ ਵੀ ਬਹਾਦਰਾਨਾ ਕਾਰਵਾਈਆਂ ਕਰਨ ਲਈ ਤਿਆਰ ਸੀ। ਉਸ ਵਿੱਚ ਅਸੰਭਵ ਕਾਰਜ ਨੂੰ ਸੰਭਵ ਬਣਾ ਦੇਣ ਦੀ ਇੱਕ ਪ੍ਰਭਲ ਭਾਵਨਾ ਸੀ। ਦਮੇ ਦੇ ਲਗਾਤਾਰ ਦੌਰੇ- ਜਿਸ ਕਾਰਨ ਉਸ ਦੇ ਪਿਤਾ ਨੂੰ ਉਸ ਦੇ ਬਿਸਤਰ ਦੇ ਨੇੜੇ ਹੀ ਸੌਣਾ ਪੈਂਦਾ ਸੀ – ਉਸਨੂੰ ਰਘਬੀ ਅਤੇ ਫੁੱਟਬਾਲ ਖੇਡਣ ਤੋਂ ਨਹੀਂ ਰੋਕ ਸਕੇ, ਭਾਵੇਂ ਕਿ ਖੇਡ ਤੋਂ ਬਾਅਦ ਉਸ ਦੇ ਸਾਥੀਆਂ ਨੂੰ ਉਸ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲਿਜਾਣਾ ਪੈਂਦਾ ਸੀ। ਦਮੇ ਕਾਰਨ ਉਹ ਚੌਥੀ ਕਲਾਸ ਤੱਕ ਹੀ ਸਕੂਲ ਜਾ ਸਕਿਆ, ਪਰ ਉਸ ਦੇ ਇਮਤਿਹਾਨ ਦੇਣ ਦਾ ਪ੍ਰਬੰਧ ਕਰ ਦਿੱਤਾ ਗਿਆ ਅਤੇ ਅਖੀਰ ਉਸ ਨੇ ਹਾਈ ਸਕੂਲ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ। ਦਮੇ ਦੇ ਖਿਲਾਫ ਉਸ ਦੀ ਪਹਿਲੀ ਜੰਗ ਸੀ ਜੋ ਉਸ ਨੇ ਜਿੱਤੀ- ਜਿੱਤਣਾ ਇਸ ਲਈ ਕਿਉਂਕਿ ਦਮੇ ਦੇ ਕਾਰਨ ਉਸ ਨੇ ਆਪਣਾ ਕੋਈ ਵੀ ਨਿਰਣਾ ਪ੍ਰਭਾਵਿਤ ਨਹੀ ਹੋਣ ਦਿੱਤਾ।

ਇਸ ਮਹਾਨ ਲਤੀਨੀ ਅਮਰੀਕਾ ਦੇ ਲੜਾਕੇ ਨੂੰ ਅਰਜਨਟੀਨਾ ਦੀ ਫੌਜ ਲਈ ਨਾਕਾਬਿਲ ਐਲਾਨ ਕਰ ਦਿੱਤਾ ਗਿਆ ਸੀ। ਇਸ ਦੇ ਸਿੱਟੇ ਵਜੋਂ, ਚੀ ਨੇ ਮਾਚੂ-ਪਿਚੂ ਦੀ ਦੰਤ-ਕਥਾ ਤੋਂ ਅਕਰਸ਼ਿਤ ਹੋ ਐਡਨੀਜ਼ ਨੂੰ ਮੋਟਰਸਾਇਕਲ ‘ਤੇ ਪਾਰ ਕਰ ਲਿਆ ਅਤੇ ਪੈਦਲ ਹੀ ਪੇਰੂ ਦੀ ਸਰਹੱਦ ਵਿੱਚ ਪ੍ਰਵੇਸ਼ ਕੀਤਾ। ਇੱਕ ਕੋੜ੍ਹ ਆਸ਼ਰਮ ਦੇ ਮਰੀਜ਼ਾਂ ਨੇ ਉਸਦੇ ਅਤੇ ਉਸਦੇ ਮਿੱਤਰ ਅਲਬਰਟੋ ਗ੍ਰੇਨਡੇ ਲਈ ਇੱਕ ਬੇੜੀ ਬਣਾਈ, ਜਿਸ ‘ਤੇ ਉਹ ਇਕੱਠੇ ਨਦੀ ਦੇ ਰਸਤੇ ਬ੍ਰਾਜ਼ੀਲ ਦੇ ਜੰਗਲ਼ ਤੋਂ ਕੋਲੰਬੀਆ ਤੱਕ ਪਹੁੰਚੇ। ਲਿਕਵੀਟੋਸ ਵਿੱਚ ਉਹਨਾਂ ਨੇ ਫੁੱਟਬਾਲ ਦੇ ਕੋਚ ਦਾ ਕੰਮ ਕੀਤਾ। ਬੋਗੇਟਾ ਤੋਂ ਜਲਾਵਤਨੀ ਤੋਂ ਬਾਅਦ ਚੀ ਇੱਕ ਰੇਸ ਦੇ ਘੋੜੇ ਢੋਣ ਵਾਲ਼ੇ ਜ਼ਹਾਜ ਰਾਹੀ ਅਖੀਰ ਮਿਆਮੀ ਪਹੁੰਚਿਆ।

ਲਤੀਨੀ ਅਮਰੀਕਾ ਦੀ ਦੂਸਰੀ ਯਾਤਰਾ ਨੇ ਉਸ ਨੂੰ ਬੋਲਿਵੀਆ- ਲਾ ਪਾਜ ਦੀਆਂ ਸੜਕਾ ‘ਤੇ, ਜਿੱਥੇ ਖਾਣ ਮਜ਼ਦੂਰ ਡਾਇਨਮਾਈਟ ਦੀਆਂ ਛੜਾਂ ਨਾਲ਼ ਜੇਤੂ ਪਰੇਡ ਕਰਦੇ ਸੀ- ਅਤੇ ਬਾਅਦ ਵਿੱਚ ਗਵਾਟੇਮਾਲਾ ਪਹੁੰਚਾ ਦਿੱਤਾ। ਗਵਾਟੇਮਾਲਾ ਉਸਦੀ ਪਹਿਚਾਣ ਦੇ ਕੁਝ ਇਨਕਲਾਬੀਆ ਨੇ ਕੁਝ ਸਮੇਂ ਬਾਅਦ ਮੈਨੂੰ ਦੱਸਿਆ “ਅਸੀ ਅਰਨੈਸਟੋ ਗਵੇਰਾ ਵਿੱਚ ਐੱਲ ਚੀ ਨੂੰ ਨਹੀ ਦੇਖ ਸਕੇ”। ਉਸ ਸਮੇਂ ਉਹ ਭੂਮੀ ਸੁਧਾਰ ਦਾ ਇੱਕ ਮੁਲਾਜ਼ਮ ਸੀ ਜਾਂ ਪੇਰੂ ਦੀ ਏਪੀਆਰਏ (ਅਮੈਰੀਕਨ ਪਾਪੁਲਰ ਰੈਵਲੂਸ਼ਨਰੀ ਏਲਾਇੰਸ) ਦੁਆਰਾ ਬਣਾਏ ਗਏ ਜਲਾਵਤਨਾਂ ਨਾਲ਼ ਭਰੇ ਇੱਕ ਸਸਤੇ ਹੋਟਲ ਵਿੱਚ ਠਹਿਰਿਆ ਸੀ ਅਤੇ ਇੱਕ ਅਰਜਨਟੀਨੀ ਨਾਗਰਿਕ ਦੀ ਤਰਾਂ ਰਹਿ ਰਿਹਾ ਸੀ। ਦੂਸਰੇ ਪਾਸੇ ਅਰਨੈਸਟੋ ਗਵੇਰਾ ਨੇ ਗਵਾਟੇਮਾਲਾ ਵਿੱਚ ਐਲ ਚੀ ਨੂੰ ਪਾਇਆ; ਉਸ ਨੇ ਖੁਦ ਨੂੰ ਸੁਖਦ ਸੁਪਨੇ ਅਤੇ ਗਵਾਟੇਮਾਲਾ ਦੇ ਅਸਫਲ ਇਨਕਲਾਬ, ਜਿੱਤਾਂ ਅਤੇ ਚੱਲ ਰਹੇ ਸੁਧਾਰਾਂ ਦੀਆਂ ਗਲਤੀਆਂ ਅਤੇ ਨਪੁੰਸਕ ਗੁੱਸੇ ਵਿੱਚ ਖੁਦ ਨੂੰ ਘਿਰਿਆ ਹੋਇਆ ਮਹਿਸੂਸ ਕੀਤਾ, ਜਿਸਨੂੰ ਉਸਨੇ ਅਰਬੈਂਜ਼ ਤਖਤਾ ਪਲਟ ਦੇ ਸਮੇਂ ਦੇਖਿਆ ਸੀ। ਉਹ ਯੂਨਾਇਟਡ ਫਰੂਟ ਦੀ ਵਾਈ ਫਲੀਟ ਬੇੜੀ ਸੀ, ਜਿਸਨੇ ਗਵੇਰਾ ਨੂੰ ਉਸ ਦੇਸ਼ ਦੀ ਸਰਹੱਦ ਤੱਕ ਪਹੁੰਚਾਇਆ ਜਿੱਥੇ ਉਸਨੇ ਆਪਣੇ ਫੈਸਲਾਕੁੰਨ ਸਮਾਜਵਾਦੀ ਉਤਸ਼ਾਹ ਨੂੰ ਨਸ਼ਰ ਕੀਤਾ।

ਉਹ ਉੱਤਰੀ ਸਿਰੇ ਦਾ ਇੱਕ ਉੱਘਾ ਡਾਕਟਰ ਜਾਂ ਖੂਨ ਅਤੇ ਚਮੜੀ ਦੇ ਰੋਗਾਂ ਦਾ ਮੰਨਿਆ-ਪ੍ਰਮੰਨਿਆ, ਇੱਕ ਪੇਸ਼ੇਵਰ ਸਿਆਸਤਦਾਨ ਜਾਂ ਤਕਨੀਸ਼ੀਅਨ ਬਣ ਸਕਦਾ ਸੀ, ਇੱਕ ਪ੍ਰਤਿਭਾਵਾਨ ਮਜਾਕੀਆ ਅਤੇ ਨਿਧੜਕ ਵਿਅਕਤੀ ਹੋਣ ਦੇ ਨਾਤੇ ਉਸਨੂੰ ਕਾਫੀ ਹਾਉਸ ਦਾ ਸੇਵਾਦਾਰ ਜਾਂ ਆਪਣੇ ਮਜ਼ੇ ਲਈ ਹਿੰਮਤੀ ਕੰਮ ਕਰਨ ਵਾਲ਼ਾ ਜਾਂਬਾਜ਼ ਬਣ ਸਕਦਾ ਸੀ। ਕੁਝ ਸਾਲਾਂ ਬਾਅਦ ਉਹ ਇੱਕ ਸਫਲ ਇਨਕਲਾਬ ਦਾ ਆਦਰਸ਼ ਆਗੂ ਬਣਿਆ ਰਹਿ ਸਕਦਾ ਸੀ।

ਸੱਜੇਪੱਖੀ ਅਕਸਰ ਇਨਕਲਾਬੀਆਂ ਦਾ ਮਨੋਵਿਸ਼ਲੇਸ਼ਨ ਕਰਨ ਲਈ ਬੇਚੈਨ ਰਹਿੰਦੇ ਹਨ ਤਾਂ ਕਿ ਉਹ ਬਗਾਵਤ ਨੂੰ ਕਲੀਨੀਕਲ ਸਾਂਚੇ ‘ਚ ਢਾਲ਼ ਕੇ ਇਸ ਨੂੰ ਸਿਰਫ ਨਿਰਾਸ਼ਾ ਤੱਕ ਹੀ ਸੀਮਤ ਕਰ ਸਕਣ, ਜਿਵੇਂ ਕਿ ਗੁੱਸਾ ਅਤੇ ਪ੍ਰਤੀਬੱਧਤਾ ਸਿਰਫ, ਬੇਲਗਾਮ ਹਮਲੇ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀ। ਅਤੇ ਇਹ ਵਿਗੜੇ ਹੋਏ ਵਿਅਕਤੀਤਵ ਦੀ ਉਪਜ ਹੈ। ਚੀ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਸੀ ਕਿ ਇਨਕਲਾਬ ਭਾਈਚਾਰੇ ਦਾ ਸਭ ਤੋਂ ਸ਼ੁੱਧ ਰੂਪ ਹੈ, ਪਰ ਸਭ ਤੋਂ ਮੁਸ਼ਕਲ ਅਤੇ ਸਭ ਤੋਂ ਜਰੂਰੀ। “ਚੰਗੇ ਪਰਿਵਾਰ” ਦਾ ਭੱਦਰ ਨੌਜਵਾਨ ਜੋ ਬਿਹਤਰ ਜ਼ਿੰਦਗੀ ਦੇ ਦਿਨਾਂ ਦਾ ਅਨੁਭਵ ਕਰ ਚੁੱਕਾ ਸੀ, ਉਸ ਦੇ ਲਈ ਇਹ ਸਿਰਫ ਮਾਨਸਿਕ ਵਿਕਾਰ ਨੂੰ ਬਾਹਰ ਕੱਢਣ ਦਾ ਸਾਧਨ ਹੀ ਨਹੀਂ, ਸਗੋਂ ਪਿਆਰ ਅਤੇ ਉਦਾਰਤਾ ਨਾਲ਼ ਭਰਪੂਰ ਇੱਕ ਨਿਸ਼ਕਾਮ ਕੰਮ ਸੀ; ਸਾਡੇ ਦੌਰ ਦੇ ਇਤਿਹਾਸ ਵਿੱਚ ਬਹੁਤ ਥੋੜੇ ਲੋਕ ਅਜਿਹੇ ਹਨ ਜੋ ਗਿਣੀਆਂ ਚੁਣੀਆਂ ਉਮੀਦਾਂ ਜਾਂ ਬਿਨਾਂ ਕਿਸੇ ਵਿਅਕਤੀਗਤ ਲਾਭ ਦੇ ਲਗਾਤਾਰ ਤਿਆਗ ਕਰਨ ਲਈ ਤਿਆਰ ਰਹਿੰਦੇ ਹਨ। ਕੁਰਬਾਨੀ ਕਰਨ, ਖਤਰਿਆ ਦਾ ਸਾਹਮਣਾ ਕਰਨ ਵਿੱਚ ਸਭ ਤੋਂ ਅੱਗੇ ਅਤੇ ਇਨਾਮ ਪਾਉਣ ਅਤੇ ਸੁਰੱਖਿਆ ਵਿੱਚ ਸਭ ਤੋਂ ਪਿੱਛੇ ਰਹਿਣਾ। ਸਾਡੇ ਸਮੇਂ ਵਿੱਚ ਬਹੁਤ ਥੋੜੇ ਲੋਕ ਅਜਿਹੇ ਹਨ ਜਿਹਨਾਂ ਦੀ ਚੇਤਨਾ ਵਿੱਚ ਏਨੀ ਡੂੰਘਾਈ ਹੋਵੇ। ਦਮੇ ਦੇ ਲਗਾਤਾਰ ਪੈਂਦੇ ਦੌਰੇ ਹੋਣ ਜਾਂ ਕਿਉਬਾ ਵਿੱਚ ਸਮਾਜਵਾਦ ਨੂੰ ਸਥਾਪਿਤ ਕਰਨ ਵਿੱਚ ਨਿਭਾਈ ਉਸਦੀ ਮਹੱਤਵਪੂਰਨ ਭੂਮਿਕਾ ਹੋਵੇ। ਉਹ ਖੁਦ ਮੰਨਦਾ ਹੈ ਕਿ ਸਿਏਰਾ ਮਇਤ੍ਰਾ ਦੇ ਸਮੇਂ ਪਹਾੜਾ ‘ਤੇ ਚੜਨ ਦੌਰਾਨ ਉਸ ਨੂੰ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, “ਮੈਨੂੰ ਗੁਵਾਜ਼ਿਰੋ ਕ੍ਰੈਸਪੋ ਦੀਆਂ ਉਹ ਕੋਸ਼ਿਸ਼ਾਂ ਯਾਦ ਨੇ ਜੋ ਉਹਨਾਂ ਨੇ ਮੈਨੂੰ ਤੁਰਦੇ ਰੱਖਣ ਲਈ ਕੀਤੀਆਂ ਸਨ; ਜਦ ਮੇਰੇ ਕੋਲ਼ੋਂ ਅੱਗੇ ਨਹੀ ਤੁਰਿਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਉੱਥੇ ਹੀ ਛੱਡ ਕੇ ਚਲੇ ਜਾਣ, ਤਾਂ ਉਹਨਾਂ ਨੇ ਸਾਡੀ ਟੁਕੜੀ ਲਈ ਵਰਤੇ ਜਾਂਦੇ ਸ਼ਬਦਾ ਵਿੱਚ ਕਿਹਾ; ਤੁਸੀ ਅਰਜਨਟੀਨੀ ਗੰਦ ਜਾਂ ਤਾ ਤੁਸੀ ਖੁਦ ਤੁਰੋ ਜਾਂ ਮੇਰੀ ਬੰਦੂਕ ਦੀ ਬੱਟ ਤੁਹਾਨੂੰ ਤੋਰੇਗਾ।” ਦਮੇ ਦੀ ਸਥਾਈ ਚੁਣੌਤੀ ਦੇ ਬਾਵਜੂਦ, ਚੀ ਜਾਣਦਾ ਸੀ ਕਿ ਕਰਨਲ ਬੇਯੋ ਦਾ ਪਿਆਰਾ ਸ਼ਗਿਰਦ ਕਿਵੇਂ ਬਣਿਆ ਜਾਵੇ, ਜਦਕਿ ਮੈਕਸਿਕੋ ਵਿੱਚ ਫਿਦਿਲ ਕਾਸਤਰੋ ਦੀ ਫੌਜ ਖੁਦ ਨੂੰ ਇਨਕਲਾਬ ਲਈ ਤਿਆਰ ਕਰ ਰਹੀ ਸੀ। ਮੈਕਸਿਕੋ ਵਿੱਚ ਉਹਨੀਂ ਦਿਨੀਂ ਚੀ ਨੂੰ ਚੌਂਕ ਵਿੱਚ ਬੱਚਿਆਂ ਦੀ ਤਸਵੀਰ ਖਿੱਚ ਕੇ ਅਤੇ ਗੁਆਲਡੈਲਯੂਪ ਦੀ ਦੇਵੀ ਦੀ ਤਸਵੀਰ ਵੇਚ ਕੇ ਆਪਣਾ ਗੁਜਾਰਾ ਕੀਤਾ; ਸਰਕਾਰ ਦੁਆਰਾ ਕੱਢ ਦਿੱਤੇ ਜਾਣ ‘ਤੇ ਉਹ ਹਵਾਈ ਅੱਡੇ ਤੋਂ ਭੱਜ ਨਿੱਕਲ਼ਿਆ ਅਤੇ ਆਪਣੇ ਸਾਥੀਆ ਨਾਲ਼ ਦੁਬਾਰਾ ਸੰਪਰਕ ਕੀਤਾ।

ਮੈਕਸਿਕੋ ਤੋਂ ਪਹਿਲਾ ਉਹ ਸਨਕੀਪਣ ਅਤੇ ਬੇ-ਯਕੀਨੀ ਖਿਲਾਫ ਇੱਕ ਹੋਰ ਯੁੱਧ ਦਾ ਆਗਾਜ਼ ਕਰ ਚੁੱਕਾ ਸੀ, ਜੋ ਰਿਓ ਪਲਾਟਾ ਦੇ ਹਸਮੁੱਖ ਲੋਕਾਂ ਵਿੱਚ ਸੁਭਾਵਿਕ ਹੀ ਲੱਗ ਰਿਹਾ ਸੀ, ਖਾਸਕਰ ਉਹਨਾਂ ਵਿੱਚ ਜੋ ਬਿਊਨਸ ਆਇਰਸ ਤੋਂ ਸਨ। ਜਦ ਕੌਸਟਾਰਿਕਾ ਦੇ ਇੱਕ ਕਾਫੀ ਹਾਉਸ ਵਿੱਚ ਉਸਨੇ ਕੁਝ ਨੌਜਵਾਨ ਕਿਊਬਾ ਵਾਸੀਆਂ ਨੂੰ ਆਪਸ ਵਿੱਚ ਉੱਚੀ-ਉੱਚੀ ਗੱਲਾਂ ਕਰਦੇ ਹੋਏ ਸੁਣਿਆ, ਜੋ ਮੋਨਕਾਡਾ ਉੱਤੇ ਹਮਲੇ ਅਤੇ ਬਤਿਸਤਾ ਦੇ ਖਿਲਾਫ ਹੋਣ ਵਾਲ਼ੇ ਇਨਕਲਾਬ ਬਾਰੇ ਗੱਲ ਕਰ ਰਹੇ ਸਨ ਤਾਂ ਚੀ ਨੇ ਟਿੱਪਣੀ ਕਰਦੇ ਹੋਏ ਕਿਹਾ; “ਤੁਸੀ ਕਿਸੇ ਮਨਚਲੇ ਚਰਵਾਹੇ ਦਾ ਕਿੱਸਾ ਕਿਉ ਨਹੀ ਸੁਣਾਉਂਦੇ।” ਕੁਝ ਸਮਾਂ ਬਾਅਦ ਮੈਕਸਿਕੋ ਵਿੱਚ ਇਹਨਾਂ ਦੋ ਨੌਜਵਾਨਾਂ ਨੇ ਉਸ ਨੂੰ ਪਾਇਨਸ ਆਈਲੈਂਡ ਦੀ ਜ਼ੇਲ੍ਹ ਤੋਂ ਛੁੱਟੇ ਇੱਕ ਅਸਾਧਾਰਨ ਵਿਅਕਤੀਆ ਨਾਲ਼ ਮਿਲਾਇਆ। ਉਸ ਦਾ ਨਾਮ ਫਿਦੇਲ ਕਾਸਤਰੋ ਸੀ।

ਹੁਣੇ ਹੀ ਮੈਨੂੰ ਇੱਕ ਖ਼ਤ ਪੜ੍ਹਨ ਦਾ ਮੌਕਾ ਮਿਲ਼ਿਆ ਜੋ ਚੀ ਦੀ ਮਾਂ ਨੇ ਆਪਣੀ ਮੌਤ ਤੋਂ ਪਹਿਲਾਂ ਚੀ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਇਹ ਖ਼ਤ ਕਦੀ ਵੀ ਚੀ ਤੱਕ ਨਹੀ ਪਹੁੰਚ ਸਕਿਆ, ਕਿਉਕਿ ਉਹ ਕਾਫੀ ਸਮਾਂ ਪਹਿਲਾਂ ਹੀ ਉਸ ਜਗ੍ਹਾ ਨੂੰ ਛੱਡ ਚੁੱਕਾ ਸੀ। ਸ਼ਾਇਦ ਉਸ ਨੂੰ ਆਪਣੀ ਮੌਤ ਦਾ ਅਹਿਸਾਸ ਹੋ ਚੁੱਕਾ ਸੀ। ਉਸ ਖ਼ਤ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਜੋ ਵੀ ਸੋਚਦੀ ਹੈ, ਉਸਨੂੰ ਜਿੰਨਾ ਸੰਭਵ ਹੋ ਸਕੇ ਸੁਭਾਵਿਕ ਅਤੇ ਸਾਫ-ਸਾਫ ਸ਼ਬਦਾ ਵਿੱਚ ਲਿਖੇਗੀ ਅਤੇ ਉਸ ਨੇ ਚੀ ਨੂੰ ਵੀ ਇਸ ਪ੍ਰਕਾਰ ਜਵਾਬ ਦੇਣ ਲਈ ਕਿਹਾ- “ਮੈਨੂੰ ਨਹੀ ਪਤਾ, ਜਾਂ ਤਾਂ ਅਸੀ ਉਸ ਸਾਫਗੋਈ ਨੂੰ ਭੁੱਲ ਚੁੱਕੇ ਹਾਂ ਜੋ ਸਾਡੇ ਵਿੱਚ ਹਮੇਸ਼ਾ ਰਹੀ ਜਾਂ ਸਾਡੇ ਵਿੱਚ ਅਜਿਹੀ ਸਾਫਗੋਈ ਸੀ ਹੀ ਨਹੀ, ਅਸੀ ਹਮੇਸ਼ਾ ਇੱਕ ਦੂਸਰੇ ਨਾਲ਼ ਉਸ ਵਿਅੰਗਮਈ ਸ਼ੈਲੀ ਵਿੱਚ ਗੱਲ ਕਰਦੇ ਹਾਂ ਜਿਸਨੂੰ ਸਾਡੀ ਪਰਿਵਾਰਕ ਭਾਸ਼ਾ ਸ਼ੈਲੀ ਨੇ ਹੋਰ ਵੀ ਭੈੜਾ ਬਣਾ ਦਿੱਤਾ”। ਨਿਸ਼ਚਿਤ ਹੀ ਚੀ ਨੇ ਉਸ ਨੂੰ ਆਪਣੇ ਤਤਕਾਲੀ ਪੇਸ਼ੇ ਦੀ ਸੂਚਨਾ ਦੇ ਦਿੱਤੀ ਸੀ, ਕਿਉਕਿ ਦੂਸਰੇ ਪੈਰ੍ਹੇ ਵਿੱਚ ਸੀਲੀਆ ਲਿਖਦੀ ਹੈ- “ਹਾਂ, ਤੂੰ ਹਮੇਸ਼ਾ ਇੱਕ ਅਜਨਬੀ ਬਣਿਆ ਰਿਹਾ ਹੈਂ। ਇਹ ਹੀ ਤੇਰਾ ਸਥਾਈ ਪੇਸ਼ਾ ਲੱਗ ਰਿਹਾ ਹੈ।”

ਚੀ ਦੀ ਮਾਂ ਦੇ ਇੱਕ ਨਜ਼ਦੀਕੀ ਮਿੱਤਰ ਨੇ ਮੈਨੂੰ ਇਸ ਤਰ੍ਹਾਂ ਦੱਸਿਆ-

ਕੋਰਡਬਾ ਵਿੱਚ ਚੀ ਦੇ ਮਿੱਤਰਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ, ਉਸ ਦੇ ਕੋਲ਼ ਮਹਿਲਾ ਮਿੱਤਰਾਂ ਦੀ ਭਰਮਾਰ ਹੈ, ਇੱਥੋਂ ਤੱਕ ਕਿ ਚੀ ਦਾ ਜੀਵਨ ਵੀ ਏਨਾ ਲੰਬਾ ਨਹੀਂ ਰਿਹਾ ਕਿ ਉਹ ਉਹਨਾਂ ਵਿੱਚੋਂ ਹਰ ਇੱਕ ਨੂੰ ਦੋ ਵਾਰ ਚੁੰਮ ਸਕੇ। ਪਰ ਸੱਚ ਤਾਂ ਇਹ ਹੈ ਕਿ ਉਸ ਵਿੱਚ ਇੱਕ ਵਚਿੱਤਰ ਖਿੱਚ ਸ਼ਕਤੀ ਸੀ। ਕੀ ਕੋਈ ਅਨੁਭਵ ਕਰ ਸਕਦਾ ਹੈ ਕਿ ਇਹ ਨੌਜਵਾਨ, ਜੋ ਵਿਵਾਲਡੀ ਨੂੰ ਸੁਣਦਾ ਸੀ, ਹੈਡੈਗਰ ਨੂੰ ਪੜ੍ਹਦਾ ਅਤੇ ਪੂਰੇ ਮਹਾਂਦੀਪ ਦੀ ਯਾਤਰਾ ਕਰ ਚੁੱਕਾ ਸੀ, ਹਰ ਇੱਕ ਬਦਲ ‘ਤੇ ਮੋਹਿਤ ਹੋ ਜਾਂਦਾ ਸੀ? ਮੈਨੂੰ ਯਕੀਨ ਹੈ ਕਿ ਉਹ ਤ੍ਰਾਤਸਕੀ ਹੀ ਸੀ ਜਿਸ ਨੇ ਕਿਹਾ ਸੀ ਕਿ ਇੱਕ ਇਨਕਲਾਬੀ ਦੀ ਸਭ ਤੋ ਵੱਡੀ ਖਾਸੀਅਤ ਇਹ ਹੈ ਕਿ ਉਸ ਕੋਲ਼ ਬਿਹਤਰ ਜਿੰਦਗੀ ਦੀਆਂ ਸੰਭਾਵਨਾਵਾਂ ਹੋਣ, ਫਿਰ ਵੀ ਉਹ ਇਨਕਲਾਬ ਨੂੰ ਪਹਿਲ ਦੇਵੇ। ਉਸ ਸਮੇਂ ਤੋਂ ਇਕੱਲਾਪਣ ਉਸ ਲਈ ਇੱਕ ਤਰ੍ਹਾਂ ਦਾ ਫਰਜ਼ ਬਣ ਚੁੱਕਾ ਸੀ। ਉਸ ਨੇ ਕਿਸੇ ਵੀ ਸਬੰਧ ਨੂੰ ਇਨਕਲਾਬ ਲਈ ਆਪਣੇ ਸਬੰਧ ਤੋਂ ਜ਼ਿਆਦਾ ਮਜ਼ਬੂਤ ਨਹੀਂ ਹੋਣ ਦਿੱਤਾ। ਉਹ ਹਮੇਸ਼ਾ ਪੂਰਨਤਾ ਅਤੇ ਸ਼ੁੱਧਤਾ ਦੀ ਜਰੂਰਤ ਮਹਿਸੂਸ ਕਰਦਾ ਸੀ।

ਅਤੇ ਹਕੀਕਤ ਵਿੱਚ ਇਹ ਵਿਅਕਤੀ, ਜਿਸ ਲਈ ਪੇਸ਼ੇਵਰ ਅਤੇ ਦੁਨਿਆਵੀ ਸਫਲਤਾਵਾਂ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ਼ੇ ਸਨ, ਪੱਛਮੀ ਇਨਕਲਾਬੀ ਆਗੂਆਂ ਵਿੱਚ ਮੋਹਰੀ ਬਣ ਗਿਆ। ਕਿਊਬਾ ਵਿੱਚ ਉਹ ਇਨਕਲਾਬ ਦਾ ਜੈਕੋਬਿਨ ਸੀ; ਕਿਊਬਾ ਵਾਸੀ ਮਖੌਲ ਵਿੱਚ ਕਹਿੰਦੇ ਸੀ “ਸਾਵਧਾਨ ਚੀ ਆ ਰਿਹਾ ਹੈ,” ਪੂਰਨਤਾ ਅਤੇ ਸ਼ੁੱਧਤਾ ਦੀ ਇਹ ਤੜਪ ਵਿਅਕਤੀਗਤ ਕੁਰਬਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀ। ਉਹ ਖੁਦ ਪ੍ਰਤੀ ਕਠੋਰ ਸੀ। ਉਸ ਨੇ ਖੁਦ ਨੂੰ ਇਸ ਤਰ੍ਹਾਂ ਢਾਲ਼ਿਆ ਸੀ ਜਿਸ ਤਰ੍ਹਾਂ ਉਹ ਦੂਸਰਿਆਂ ਤੋਂ ਚਾਹੁੰਦਾ ਸੀ ਅਤੇ ਉਸ ਨੇ ਕਿਸੇ ਵੀ ਕਮਜ਼ੋਰੀ ਨੂੰ ਆਪਣੇ ਉੱਪਰ ਹਾਵੀ ਨਹੀ ਹੋਣ ਦਿੱਤਾ। ਉਸ ਕੋਲ਼ ਫਿਦੇਲ ਕਾਸਤਰੋ ਜਿਹਾ ਲਚਕੀਲਾਪਨ ਨਹੀ ਸੀ, ਜੋ ਸਿਆਸੀ ਸਮਝੌਤਿਆਂ ਨਾਲ਼ ਨਿੱਬੜਨ ਦੀ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਾ ਹੈ, ਉਸ ਵੇਲ਼ੇ ਤੋਂ ਜਦ ਪਰਬਤਾਂ ਅਤੇ ਮੈਦਾਨਾਂ ਨੂੰ ਅਜ਼ਾਦ ਕਰਵਾਉਣ ਲਈ ਉਹਨਾਂ ਨੇ ਦੋਸਤ ਅਤੇ ਦੁਸ਼ਮਣਾਂ ਦੋਨਾਂ ਨਾਲ਼ ਸਮਝੌਤਾ ਕੀਤਾ। ਚੀ ਇੱਕ ਗੁਰੀਲਾ ਲੜਾਕਾ ਬਣਨ ਸਮੇਂ ਤੋਂ ਹੀ “ਸਭ ਕੁਝ ਜਾਂ ਕੁਝ ਨਹੀ” ਦੇ ਨਾਅਰੇ ਵਿੱਚ ਵਿਸ਼ਵਾਸ਼ ਰੱਖਦਾ ਸੀ। ਉਹਨਾਂ ਮੁਸ਼ਕਲ ਸੰਘਰਸ਼ਾਂ ਨੂੰ ਕੌਣ ਭੁੱੱਲ ਸਕਦਾ ਹੈ, ਜੋ ਇਸ ਤਪ ਹੋਏੇ ਬੁੱਧੀਜੀਵੀ ਨੇ ਇੱਕ ਸ਼ੰਕੇਵਾਦੀ ਸੋਚ ਦੇ ਖਿਲਾਫ ਜਾਰੀ ਰੱਖੇ, ਤਾਂ ਕਿ ਉਹ ਇਸ ਹੈਰਾਨਕੁੰਨ ਵਿਚਾਰਧਾਰਾ ‘ਤੇ ਮਜਬੂਤ ਪਕੜ ਬਣਾ ਸਕੇ।

ਲੰਦਨ ਟਾਇਮਜ਼ ਨੇ ਲਿਖਿਆ, “ਸ਼ਾਇਦ ਉਹ ਐਲ-ਡੋਰੇਡੋ ਤੋਂ ਬਾਅਦ ਹੁਣ ਤੱਕ ਲਾਤੀਨੀ ਅਮਰੀਕਾ ਦਾ ਸਭ ਤੋਂ ਆਕਰਸ਼ਕ ਪੁਰਖਾ ਸੀ।” ਮੈਡਰਿਡ ਦੇ ਇੱਕ ਫਲੈਂਜ਼ਵਾਦੀ (ਸਪੇਨੀ ਫਾਸੀਵਾਦੀ) ਅਖਬਾਰ ਉਸ ਦੇ ਅਜਿੱਤ ਹੌਂਸਲੇ ਦੇ ਲਈ ਉਸ ਦੀ ਤੁਲਨਾ ਕੰਕਿਸਤਾਦੋਰੇਸ ਨਾਲ਼ ਕਰਦਾ ਹੈ, ਅਰਜਨਟੀਨਾ ਦੀ ਇੱਕ ਸੱਜੇਪੱਖੀ ਰਾਸ਼ਟਰਵਾਦੀ ਜੱਥੇਬੰਦੀ ਨੇ ਪ੍ਰਵਾਨ ਕੀਤਾ ਕਿ ਉਹ “ਉੱਨੀਵੀਂ ਸਦੀ ਦਾ ਇੱਕ ਨਾਇਕ ਸੀ।” ਫਿਦੇਲ ਕਾਸਤਰੋ ਨੇ ਕਿਹਾ ਕਿ ਉਹ ਕਦੀ ਵੀ ਚੀ ਨੂੰ ਬੀਤਿਆ ਹੋਇਆ ਕੱਲ ਮੰਨ ਕੇ ਗੱਲ ਨਹੀ ਕਰ ਸਕਦੇ, ਇੱਥੋਂ ਤੱਕ ਕਿ ਜਨਰਲ ਓਵਾਂਡੋ ਨੇ ਵੀ ਮੰਨਿਆ ਕਿ ਉਹ “ਪੂਰੀ ਦੁਨੀਆਂ ਦਾ ਨਾਇਕ” ਸੀ। ਰਾਸ਼ਟਰਪਤੀ ਰਿਨੀ ਬੇਰਿਅਨਟੋਸ, ਜਿਸ ਨੂੰ ਚੀ ਨੇ ਆਪਣੀ ਯੁੱਧ ਡਾਇਰੀ ਵਿੱਚ “ਮੂਰਖ” ਐਲਾਨਿਆ ਸੀ, ਉਸ ਨੇ ਕਿਹਾ ਕਿ “ਇੱਕ ਆਦਰਸ਼ਵਾਦੀ ਮਰ ਚੁੱਕਾ ਹੈ।” ਐਵਿਟਾ ਪੈਟਾਨ ਦੇ ਪਾਪਮੋਚਕ ਪ੍ਰੋਹਿਤ ਹਰਨਾਨ ਬੇਨੀਟੇਜ਼ ਨੇ ਇਸ ਇਨਕਲਾਬ-ਦੂਤ ਦੀ ਪ੍ਰਸੰਸ਼ਾ ਇਹਨਾਂ ਸ਼ਬਦਾ ਵਿੱਚ ਕੀਤੀ, “ਜਿਵੇਂ ਓਲਡ ਟੈਸਟਾਮੇਂਟ ਦੇ ਯਹੂਦੀ ਪੈਗੰਬਰ ਇਲਿਆਸ ਦੀ ਅਮਰਤਾ ਵਿੱਚ, ਮੱਧਕਾਲੀ ਸਪੇਨੀ ਸਿਡ ਕੈਂਪਿਆਡੋਰ  ਵਿੱਚ ਅਤੇ ਵੇਲਸ ਦੇ ਲੋਕ ਰਾਜਾ ਆਰਥਰ ਵਿੱਚ ਵਿਸ਼ਵਾਸ ਰੱਖਦੇ ਹਨ, ਸੰਭਵ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਤੀਸਰੀ ਦੁਨੀਆਂ ਦੇ ਯੋਧੇ ਵੀ ਗੁਰੀਲਾ ਯੁੱਧ ਵਿੱਚ ਚੀ ਦੀ ਪ੍ਰਕਾਸ਼ਮਾਨ ਮੌਜੂਦਗੀ ਨੂੰ ਮਹਿਸੂਸ ਕਰਨਗੇ।”

ਮੈਨੂੰ ਪਾਅ ਨਿਜਾਨ ਦੇ ਉਹ ਸ਼ਬਦ ਯਾਦ ਹਨ “ਕੋਈ ਵੀ ਅਜਿਹਾ ਮਹਾਨ ਕੰਮ ਨਹੀ ਹੈ ਜੋ ਨਾਲ਼ ਹੀ ਨਾਲ਼ ਦੁਨੀਆਂ ਖਿਲਾਫ ਤੁਹਮਤ ਨਾ ਹੋਵੇ”। ਚੀ ਗਵੇਰਾ ਦਾ ਜੀਵਨ ਵੀ, ਜਿਸ ਦੀ ਸਟੀਕ ਪੁਸ਼ਟੀ ਉਸ ਦੀ ਮੌਤ ਦੇ ਨਾਲ਼ ਹੀ ਹੋ ਸਕੀ, ਦੂਸਰੇ ਮਹਾਨ ਕੰਮਾਂ ਦੀ ਤਰ੍ਹਾਂ ਇੱਕ ਤੁਹਮਤ ਵੀ ਹੈ, ਜਿਸ ਦਾ ਨਿਸ਼ਾਨਾ ਇੱਕ ਦੁਨੀਆ ‘ਤੇ ਸੀ, ਸਾਡੀ ਦੁਨੀਆ ‘ਤੇ, ਜਿੱਥੇ ਮੁੱਠੀਭਰ ਲੋਕ ਇੱਕ ਵੱਡੀ ਅਬਾਦੀ ਨੂੰ ਜਾਨਵਰਾਂ ਦੀ ਤਰ੍ਹਾਂ ਜ਼ਿੰਦਗੀ ਜੀਣ ਲਈ ਮਜ਼ਬੂਰ ਕਰ ਦਿੰਦੇ ਹਨ। ਜਿੱਥੇ ਧਨੀ ਦੇਸ਼ ਆਪਣੇ ਹਿੱਤ ਸਾਧਣ ਲਈ ਛੋਟੇ ਦੇਸ਼ਾ ਨੂੰ ਗੁਲਾਮੀ ਅਤੇ ਕੰਗਾਲੀ ਵਿੱਚ ਧੱਕ ਦਿੰਦੇ ਹਨ, ਇਹ ਤੁਹਮਤ ਮਤਲਬੀਆਂ, ਡਰਪੋਕਾਂ ਅਤੇ ਪ੍ਰੰਪਰਾਵਾਦੀਆ  ਖਿਲਾਫ ਵੀ ਹੈ ਜੋ ਇਸ ਢਾਂਚੇ ਨੂੰ ਬਦਲਣ ਦੇ ਰੋਮਾਂਚ ਵਿੱਚ ਖੁਦ ਨੂੰ ਨਹੀ ਝੋਕਦੇ। 

(ਜਨਵਰੀ, 1968)
ਅਨੁਵਾਦ: ਤਜਿੰਦਰ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 40, ਜੂਨ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s