ਇਤਿਹਾਸ ਤੋਂ ਘਬਰਾਉਂਦੇ ਫ਼ਾਸੀਵਾਦੀ •ਨਮਿਤਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ ਦਲਿਤਾਂ ਅਤੇ ਘੱਟ-ਗਿਣਤੀਆਂ ਉੱਪਰ ਜਿਸ ਤਰਾਂ ਜਬਰ ਵਧਿਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਅੱਜ ਭਾਜਪਾ ਵਾਲੇ ਚਾਹੇ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਦਾ ਕਿੰਨਾ ਵੀ ਨਾਟਕ ਕਿਉਂ ਨਾ ਕਰਨ ਪਰ ਅਸਲੀਅਤ ਇਹ ਹੈ ਕਿ ਉਹ ਦਲਿਤਾਂ, ਘੱਟਗਿਣਤੀਆਂ ਅਤੇ ਔਰਤਾਂ ਨੂੰ ਅਸਲ ਵਿੱਚ ਆਪਣੇ ਪੈਰਾਂ ਹੇਠ ਹੀ ਰੱਖਣਾ ਚਾਹੁੰਦੇ ਹਨ। ਅੱਜ ਲੋਕਾਂ ਨੂੰ ਜੋ ਵੀ ਥੋੜੇ-ਬਹੁਤੇ ਜਮਹੂਰੀ ਹੱਕ ਹਾਸਲ ਹਨ ਉਹਨਾਂ ਵਾਸਤੇ ਸਾਡੀਆਂ ਪਿਛਲੀਆਂ ਪੀੜੀਆਂ ਨੇ ਬਹੁਤ ਸੰਘਰਸ਼ ਅਤੇ ਅਥਾਹ ਕੁਰਬਾਨੀਆਂ ਕੀਤੀਆਂ ਹਨ। ਪਰ ਇਹ ਭਗਵੇ ਫ਼ਾਸੀਵਾਦੀ ਇਤਿਹਾਸ ਤੋਂ ਇਸ ਕਦਰ ਡਰਦੇ ਹਨ ਕਿ ਉਹ ਇਤਿਹਾਸ ਨੂੰ ਤੋੜ-ਮਰੋੜ ਕੇ ਸਿਲੇਬਸਾਂ ਵਿੱਚ ਬਦਲਾਓ ਕਰਕੇ ਦਲਿਤਾਂ ਅਤੇ ਔਰਤਾਂ ਦੇ ਸੰਘਰਸ਼ਾਂ ਦੇ ਇਤਿਹਾਸ ਨੂੰ ਵੀ ਦਬਾਅ ਦੇਣਾ ਚਾਹੁੰਦੇ ਹਨ। ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਆਪਣੇ ਹੱਕਾਂ-ਅਧਿਕਾਰਾਂ ਪ੍ਰਤੀ ਜਾਗਰੂਕ ਹੋਵੇ। ਜੇਕਰ ਅਜਿਹਾ ਹੋ ਗਿਆ ਤਾਂ ਉਹਨਾਂ ਦੀ ਹੋਂਦ ਕੌਣ ਬਚਾਵੇਗਾ?

ਅੱਜ ਸਾਰੀਆਂ ਵਿੱਦਿਅਕ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਅੰਦਰ ਕੇਸਰੀਆ ਭਗਵੇਂ ਦੇ ਫਾਸੀਵਾਦੀ ਟੱਟੂਆਂ ਨੂੰ ਭਰਿਆ ਜਾ ਰਿਹਾ ਹੈ, ਪਾਠ-ਪੁਸਤਕਾਂ ਵਿੱਚ ਮਨਮਾਨੀਆਂ ਤਬਦੀਲੀਆਂ ਕਰਕੇ ਉਹਨਾਂ ਨੂੰ ਆਪਣੇ ਹਿਸਾਬ ਨਾਲ਼ ਬਦਲਿਆ ਜਾ ਰਿਹਾ ਹੈ। ਇਸੇ ਲੜੀ ਵਿੱਚ ਇੱਕ ਹੋਰ ਕੋਸ਼ਿਸ਼ ਕੀਤੀ ਹੈ ਭਾਰਤ ਸਰਕਾਰ ਵੱਲੋਂ ਸੰਚਾਲਿਤ ਕੀਤੇ ਜਾਂਦੇ ਸੀ.ਬੀ.ਐੱਸ.ਈ ਬੋਰਡ ਨੇ। ਸੀ.ਬੀ.ਐੱਸ.ਈ ਨੇ ਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਔਰਤਾਂ ਵੱਲੋਂ ਆਪਣੇ ਸਰੀਰ ਦੇ ਉਤਲੇ ਹਿੱਸੇ ਨੂੰ ਢਕਣ ਦੇ ਹੱਕ ਲਈ ਲੜਨ ਵਾਲੀ ਨੰਗੋਲੀ ਨਾਮ ਦੀ ਔਰਤ ਦੀ ਕਹਾਣੀ ਨੂੰ ਸਿਲੇਬਸ ਵਿੱਚੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ।

ਜਿਕਰਯੋਗ ਹੇ ਕਿ ਸੀ.ਬੀ.ਐੱਸ.ਈ ਨੇ 2006-07 ਦੇ ਆਪਣੇ ਸਿਲੇਬਸ ਵਿੱਚ ‘Caste, Conflict and dress change’ ਨਾਮ ਤੋਂ ਇੱਕ ਕਹਾਣੀ ਸ਼ਾਮਲ ਕੀਤੀ ਸੀ। ਉਸ ਵੇਲ਼ੇ ਕੁੱਝ ਸਿਆਸੀ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਇੱਕ ਔਰਤ ਦਾ ਆਪਣੇ ਉੱਪਰੀ ਹਿੱਸੇ ਨੂੰ ਢਕਣ ਨੂੰ ਲੈ ਕੇ ਸੰਘਰਸ਼ ਅਤੇ ਉਸ ਦੀ ਛਾਤੀ ਨੂੰ ਕੱਟ ਲਏ ਜਾਣ ਦੀ ਕਹਾਣੀ ਸ਼ਰਮਨਾਕ ਹੈ ਅਤੇ ਇਸ ਲਈ ਇਸ ਨੂੰ ਬੱਚਿਆਂ ਲਈ ਨਹੀਂ ਪੜ੍ਹਾਉਣਾ ਚਾਹੀਦਾ।

ਔਰਤਾਂ ਨੂੰ ਅਰਧ-ਨਗਨ ਅਵਸਥਾ ਵਿੱਚ ਰੱਖਣਾ ਅਤੇ ਉਹਨਾਂ ਦੀਆਂ ਛਾਤੀਆਂ ਨੂੰ ਕੱਟਣਾ ਉਸ ਸਮੇਂ ਦੇ ਬਰਬਰ ਜਗੀਰੂ ਜੁਲਮ ਨੂੰ ਬਿਆਨਦਾ ਹੈ। ਲੋਕਾਂ ਨੇ ਇਸ ਜੁਲਮ ਨੂੰ ਚੁੱਪਚਾਪ ਬਰਦਾਸ਼ਤ ਨਹੀਂ ਕੀਤਾ ਸਗੋਂ ਇਸ ਖਿਲਾਫ ਸੰਘਰਸ਼ ਕੀਤਾ। ਫਾਸੀਵਾਦੀ ਇਸ ਜੁਲਮ ਨੂੰ ਅਤੇ ਲੋਕਾਂ ਵੱਲੋਂ ਇਸ ਜੁਲਮ ਖਿਲਾਫ ਕੀਤੇ ਸੰਘਰਸ਼ ਨੂੰ ਲੋਕਾਂ ਦੀਆਂ ਯਾਦਾਂ ਵਿੱਚੋਂ ਮਿਟਾ ਦੇਣਾ ਚਾਹੁੰਦੇ ਹਨ ਕਿਉਂਕਿ ਇਹ ਖੁਦ ਇਹਨਾਂ ਮੱਧ-ਯੁਗੀ ਜਾਲਮਾਂ ਦੇ ਵਾਰਸ ਹਨ ਅਤੇ ਅੱਜ ਵੀ ਧਾਰਮਿਕ ਘੱਟ-ਗਿਣਤੀਆਂ, ਦਲਿਤਾਂ, ਮਜ਼ਦੂਰਾਂ ਅਤੇ ਔਰਤਾਂ ਉੱਪਰ ਬਰਬਰ ਜੁਲਮ ਕਰ ਰਹੇ ਹਨ। ਅਤੇ ਆਉਣ ਵਾਲ਼ੇ ਸਮੇਂ ਵਿੱਚ ਹੋਰ ਵੀ ਭਿਅੰਕਰ ਜੁਲਮੀ ਕਾਰਿਆਂ ਦੀ ਤਿਆਰੀ ਕਰ ਰਹੇ ਹਨ।

ਲੋਕਾਂ ਨੂੰ ਹਾਕਮਾਂ ਦੇ ਇਸ ਤਰਾਂ ਦੇ ਗੈਰ-ਮਨੁੱਖੀ ਬਰਬਰ ਜੁਲਮਾਂ ਦੀ ਯਾਦ ਅਤੇ ਮੌਜੂਦਾ ਸਮੇਂ ਵਿੱਚ ਹੋ ਰਹੇ ਜੁਲਮ, ਇਹਨਾਂ ਹਾਕਮਾਂ ਖਿਲਾਫ਼ ਨਫ਼ਰਤ ਅਤੇ ਗੁੱਸੇ ਨਾਲ ਭਰ ਦਿੰਦੀ ਹੈ। ਹਰ ਤਰਾਂ ਦੇ ਜ਼ੋਰ-ਜੁਲਮ ਦੇ ਖਿਲਾਫ ਆਪਣੇ ਪੁਰਖਿਆਂ ਦੇ ਅਜਿਹੇ ਸੰਘਰਸ਼ ਲੋਕਾਂ ਨੂੰ ਅੱਜ ਦੇ ਸਮੇਂ ਵਿੱਚ ਅਨਿਆਂ ਅਤੇ ਅੱਤਿਆਚਾਰ ਖ਼ਿਲਾਫ਼ ਲੜਨ ਲਈ ਪ੍ਰੇਰਦੇ ਹਨ।

ਕਿੰਨਾ ਘਿਰਣਾਮਈ ਹੈ ਕਿ ਇਹਨਾਂ ਜਥੇਬੰਦੀਆਂ ਨੂੰ ਔਰਤਾਂ ਦੇ ਸੰਘਰਸ਼ ਦੀ ਕਹਾਣੀ ਤਾਂ ਸ਼ਰਮਨਾਕ ਲਗਦੀ ਹੈ ਪਰ ਆਏ ਦਿਨ ਔਰਤਾਂ ਦੇ ਨਾਲ ਹੁੰਦੀਆਂ ਬਲਾਤਕਾਰ, ਛੇੜ-ਛਾੜ, ਜਿਣਸੀ ਸੋਸ਼ਣ ਅਤੇ ਅਸ਼ਲੀਲ ਫਬਤੀਆਂ ਕੱਸਦੇ ਹੋਏ, ਇੱਕ ਮਾਲ ਦੇ ਰੂਪ ਵਿੱਚ ਉਹਨਾਂ ਨੂੰ ਪੇਸ਼ ਕਰਕੇ ਇਹ ਜਥੇਬੰਦੀਆਂ ਆਪਣੀ “ਸੰਸਕ੍ਰਿਤੀ” ਦੀ ਰੱਖਿਆ ਕਰਦੇ ਹੋਏ ਮਾਣ ਮਹਿਸੂਸ ਕਰਦੀਆਂ ਹਨ। ਇਹਨਾਂ ਨੂੰ ਰੱਤੀ ਭਰ ਵੀ ਸ਼ਰਮ ਨਹੀਂ ਆਉਂਦੀ।

ਨੰਗੋਲੀ ਕੇਰਲਾ ਦੇ ਟਰਾਵਨਕੋਰ ਦੀ ਇੱਕ ਦਲਿਤ ਔਰਤ ਸੀ ਜਿਸ ਨੇ 19ਵੀਂ ਸਦੀ ਵਿੱਚ ਦਲਿਤ ਜਾਤੀ ਦੀਆਂ ਔਰਤਾਂ ਦੇ ਛਾਤੀ ਢਕਣ ਦੇ ਹੱਕ ਲਈ ਉੱਥੋਂ ਦੇ ਰਾਜੇ ਦੇ ਖਿਲਾਫ਼ ਲੜਾਈ ਲੜੀ ਸੀ। ਸਿਲੇਬਸ ਵਿੱਚ ਸ਼ਾਮਲ ਨੰਗੋਲੀ ਦੀ ਕਹਾਣੀ ਇਸ ਤਰਾਂ ਹੈ .

ਕੇਰਲਾ ਦੇ ਟਰਾਵਨਕੋਰ ਵਿੱਚ 19ਵੀਂ ਸਦੀ ਵਿੱਚ ਦਲਿਤ ਔਰਤਾਂ ਨੂੰ ਆਪਣੇ ਸਰੀਰ ਦਾ ਉੱਪਰੀ ਹਿੱਸਾ ਢਕਣ ਦੀ ਇਜਾਜ਼ਤ ਨਹੀਂ ਸੀ। ਇਸ ਦਾ ਉਲੰਘਣ ਕਾਰਨ ਉੱਤੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ ਅਤੇ ਛਾਤੀਆਂ ਨੂੰ ਢਕਣ ਲਈ ਰਾਜੇ ਨੂੰ ਟੈਕਸ ਵੀ ਅਦਾ ਕਰਨਾ ਪੈਂਦਾ ਸੀ ਜਿਸ ਨੂੰ ਬਹੁਤ ਸਖ਼ਤੀ ਨਾਲ ਵਸੂਲਿਆ ਜਾਂਦਾ ਸੀ। ਨੰਗੋਲੀ ਨੇ ਰਾਜੇ ਦੇ ਇਸ ਗੈਰ-ਮਨੁੱਖੀ ਟੈਕਸ ਦਾ ਵਿਰੋਧ ਕੀਤਾ। ਉਸਨੇ ਆਪਣੀਆਂ ਛਾਤੀਆਂ ਢਕਣ ਲਈ ਟੈਕਸ ਨਹੀਂ ਦਿੱਤਾ ਤਾਂ ਟਰਾਵਨਕੋਰ ਦੇ ਰਾਜੇ ਨੇ ਉਸ ਦੀਆਂ ਛਾਤੀਆਂ ਨੂੰ ਕਟਵਾ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ।

ਨੰਗੋਲੀ ਦੀ ਮੌਤ ਨੇ ਦੱਖਣ ਭਾਰਤ ਵਿੱਚ ਇੱਕ ਸਮਾਜਕ ਲਹਿਰ ਦੀ ਜਵਾਲਾ ਭੜਕਾ ਦਿੱਤੀ। ਸਾਰੀਆਂ ਦਲਿਤ ਜਾਤਾਂ ਨੇ ਇਸ ਅਪਮਾਨ ਭਰੇ ਕਾਨੂੰਨ ਦੇ ਖਿਲਾਫ਼ ਬਗ਼ਾਵਤ ਕਰ ਦਿੱਤੀ। ਨੰਗੋਲੀ ਦੀ ਸ਼ਹਾਦਤ ਦੇ ਸਿੱਟੇ ਵਜੋਂ ਔਰਤਾਂ ਖਿਲਾਫ਼ ਇਸ ਕਾਲੇ ਕਨੂੰਨ ਨੂੰ ਖ਼ਤਮ ਕੀਤਾ ਗਿਆ।

ਹੁਣ ਇਸ ਕਹਾਣੀ ਨੂੰ ਕਿਸ ਤਰਾਂ ਸ਼ਰਮਨਾਕ ਕਿਹਾ ਜਾ ਸਕਦਾ ਹੈ ਇਹ ਤਾਂ ਇਹਨਾਂ ਬੇਸ਼ਰਮਾਂ ਨੂੰ ਹੀ ਪਤਾ ਹੋਵੇਗਾ। ਕਿੰਨਾਂ ਭੱਦਾ ਮਜ਼ਾਕ ਹੈ ਕਿ ਜੋ ਲਗਾਤਾਰ ਔਰਤਾਂ ਨੂੰ ਭੱਦੀਆਂ ਅਤੇ ਗੰਦੀਆਂ ਟਿੱਪਣੀਆਂ ਕਰਕੇ ਉਹਨਾਂ ਨੂੰ ਮਾਨਸਿਕ ਪੀੜਾ ਪਹੁੰਚਾਉਂਦੇ ਹਨ, ਸੰਸਦ ਵਿੱਚ ਬੈਠਕੇ ਪੋਰਨ ਫ਼ਿਲਮਾਂ ਦੇਖ-ਦੇਖ ਕੇ ਆਪਣੀ ਕਾਮ-ਵਾਸਨਾ ਨੂੰ ਤ੍ਰਿਪਤ ਕਰਦੇ ਹਨ, ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਕੁਕਰਮ ਹੋਣ ਮਗਰੋਂ ਕਹਿੰਦੇ ਹਨ ਕਿ ਮੁੰਡੇ ਹਨ, ਇਹਨਾਂ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ, ਕਿ ਕੁੜੀਆਂ ਨੂੰ ਖ਼ੁਦ ਜ਼ਾਬਤੇ ਵਿੱਚ ਰਹਿਣਾ ਚਾਹੀਦਾ ਹੈ, ਇਹਨਾਂ ਲੋਕਾਂ ਨੂੰ ਔਰਤਾਂ ਵੱਲੋਂ ਆਪਣੇ ਖਿਲਾਫ਼ ਹੁੰਦੇ ਜੁਲਮਾਂ ਦਾ ਵਿਰੋਧ ਕਰਨਾ ਸ਼ਰਮਨਾਕ ਲੱਗ ਰਿਹਾ ਹੈ।

ਉਹਨਾਂ ਵੇਲਿਆਂ ਵਿੱਚ ਸਮਾਜ ਵਿੱਚ ਮੌਜੂਦ ਜਾਤੀਗਤ ਅਪਮਾਨ, ਜ਼ਬਰ ਅਤੇ ਨੀਚਤਾ ਦੀ ਕੋਈ ਹੱਦ ਨਹੀਂ ਸੀ। “ਸੱਭਿਅਕ” ਅਤੇ “ਸੁਸੰਸਕ੍ਰਿਤ” ਕਹੇ ਜਾਣ ਵਾਲੇ ਅਖੌਤੀ ਉੱਚ ਜਾਤੀ ਦੇ ਜਗੀਰਦਾਰ ਦਲਿਤਾਂ ਨੂੰ ਅਪਮਾਨਿਤ ਕਰਨ ਅਤੇ ਉਹਨਾਂ ਨੂੰ ਦਬਾਈ ਰੱਖਣ ਲਈ ਔਰਤਾਂ ਨੂੰ ਅਰਧ-ਨਗਨ ਰਹਿਣ ਲਈ ਮਜਬੂਰ ਕਰਦੇ ਸਨ।

ਇਤਿਹਾਸ ਨੂੰ ਆਪਣੇ ਢੰਗ ਨਾਲ ਤੋੜ-ਮਰੋੜ ਕੇ ਪਰੋਸਣਾ ਇਹਨਾਂ ਭਗਵਾ ਫਾਸੀਵਾਦੀਆਂ ਦੀ ਆਮ ਫ਼ਿਤਰਤ ਹੈ ਕਿਉਂਕਿ ਇਤਿਹਾਸ ਅਤੇ ਤਰਕ ਇਹਨਾਂ ਦੇ ਖਿਲਾਫ਼ ਖੜ੍ਹੇ ਹਨ। ਕਿਉਂਕਿ ਇਹਨਾਂ ਦਾ ਖ਼ੁਦ ਦਾ ਇਤਿਹਾਸ ਹੀ ਬਹੁਤ ਘਿਣਾਉਣਾ, ਸ਼ਰਮਨਾਕ ਅਤੇ ਨਾਕਾਬਲੇ ਬਰਦਾਸ਼ਤ ਹੈ, ਇਸੇ ਲਈ ਇਹ ਸੱਚਾਈ ਉੱਤੇ ਪਰਦਾ ਪਾਉਣ, ਲੋਕ ਸੰਘਰਸ਼ਾਂ ਦੇ ਸੇਕ ਤੋਂ ਖ਼ੁਦ ਦੀ ਰਾਖੀ ਕਰਨ ਲਈ ਇਤਿਹਾਸ ਨਾਲ਼ ਖਿਲਵਾੜ ਕਰ ਰਹੇ ਹਨ, ਇਸ ਨੂੰ ਮਿੱਟੀ ਹੇਠ ਦੱਬ ਦੇਣਾ ਚਾਹੁੰਦੇ ਹਨ।

ਇਹ ਸਾਰੇ ਕਾਰੇ ਨੌਜਵਾਨ ਤਬਕੇ ਦੇ ਵਿਵੇਕ ਨੂੰ ਕੁੰਠਿਤ ਕਰਨ, ਉਹਨਾਂ ਨੂੰ ਠੰਡਾ, ਕਾਇਰ, ਬੁਜ਼ਦਿਲ ਅਤੇ ਦੁਨੀਆਂਦਾਰ ਬਣਾਉਣ ਦੀ ਸਾਜਿਸ਼ ਤਹਿਤ ਕੀਤੇ ਜਾ ਰਹੇ ਹਨ। ਇਤਿਹਾਸ ਗਵਾਹ ਹੈ ਕਿ ਹਰ ਜ਼ਿੰਦਾ ਕੌਮ ਦੇ ਪੁੱਤਰ-ਪੁੱਤਰੀਆਂ ਨੇ ਆਪਣੀ ਅਜ਼ਾਦੀ ਅਤੇ ਸਮਾਜਕ ਨਿਆਂ ਦੇ ਆਦਰਸ਼ ਲਈ ਨਿਰੰਤਰ ਸੰਘਰਸ਼ ਕੀਤਾ ਅਤੇ ਅਥਾਹ ਕੁਰਬਾਨੀਆਂ ਕੀਤੀਆਂ ਹਨ। ਇੱਕ-ਇੱਕ ਹੱਕ ਸੰਘਰਸ਼ ਕਰਕੇ ਹਾਸਲ ਕੀਤਾ ਹੈ, ਇਸ ਲਈ ਇਹ ਹੁਕਮਰਾਨ ਉਸ ਇਤਿਹਾਸ ਨੂੰ ਹੀ ਮਿਟਾ ਦੇਣਾ ਚਾਹੁੰਦੇ ਹਨ ਜੋ ਆਪਣੇ ਹੱਕਾਂ-ਅਧਿਕਾਰਾਂ ਲਈ ਸਾਨੂੰ ਲੜਨਾ ਸਿਖਾਵੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ