ਇਤਿਹਾਸ ਦੀ ਲੋਅ ਵਿੱਚ ਔਰਤ ਦਿਵਸ ਦੀ ਸਾਰਥਿਕਤਾ •ਸ਼੍ਰਿਸ਼ਟੀ

Frauentag_1914_Heraus_mit_dem_Frauenwahlrecht1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

8 ਮਾਰਚ, ਕੌਮਾਂਤਰੀ ਔਰਤ ਦਿਵਸ, ਭਾਵ ਅਜਿਹਾ ਦਿਨ ਜੋ ਦੁਨੀਆਂ ਭਰ ਦੀਆਂ ਔਰਤਾਂ ਲਈ ਇਤਿਹਾਸਕ, ਬੇਹੱਦ ਖਾਸ ਅਤੇ ਪ੍ਰੇਰਨਾਯੋਗ ਦਿਨ ਹੈ। ਸਾਡੇ ਸਮਾਜ ਵਿੱਚ ਇਹ ਧਾਰਨਾਵਾਂ ਆਮ ਹੀ ਪ੍ਰਚੱਲਿਤ ਹਨ ਕਿ ਔਰਤਾਂ ਨੂੰ ਲੜਨਾ ਨਹੀਂ ਚਾਹੀਦਾ, ਔਰਤਾਂ ਜਥੇਬੰਦ ਨਹੀਂ ਹੋ ਸਕਦੀਆਂ, ਔਰਤਾਂ ਤਾਂ ਸਿਰਫ ਰੋ ਹੀ ਸਕਦੀਆਂ ਹਨ ਆਦਿ। ਪਰ ਔਰਤ ਦਿਵਸ ਦਾ ਇਤਿਹਾਸ ਜਾਨਣ ਤੋਂ ਬਾਅਦ ਇਹ ਲਗਦਾ ਹੈ ਕਿ ਜਿਵੇਂ ਇਹ ਸਰਮਾਏਦਾਰਾ ਸਮਾਜ ਚਾਹੁੰਦਾ ਹੋਵੇ ਕਿ ਔਰਤਾਂ ਕਦੇ ਲੜਨ ਹੀ ਨਾ ਅਤੇ ਬਿਨਾਂ ਸ਼ੱਕ ਇਹ ਔਰਤ ਵਿਰੋਧੀ ਢਾਂਚਾ ਹੋਰ ਚਾਹ ਵੀ ਕੀ ਸਕਦਾ ਹੈ। ਅੱਜ ਆਪਾਂ ਇੱਕ ਅਜਿਹੇ ਦੌਰ ਵਿੱਚ ਜੀਅ ਰਹੇ ਹਾਂ ਜਦੋਂ ਔਰਤਾਂ ਦੂਹਰੀ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜੀਆਂ ਹੋਈਆਂ ਹਨ। ਇਸ ਲਈ ਅਜੋਕੇ ਸਮੇਂ ਵਿੱਚ ਔਰਤਾਂ ਦੇ ਇਤਿਹਾਸ ਦੀ ਭੂਮਿਕਾ ਕਈ ਗੁਣਾ ਵਧ ਜਾਂਦੀ ਹੈ।

ਔਰਤ ਦਿਵਸ ਦਾ ਮੁੱਢ

ਔਰਤ ਦਿਵਸ ਦਾ ਮੁੱਢ 1908 ਦੀ ਇੰਟਰਨੈਸ਼ਨਲ ਲੇਡੀਜ਼ ਗਾਰਮੈਂਟਸ ਵਰਕਰਜ ਯੂਨੀਅਨ ਵੱਲੋਂ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਅਤੇ ਕੰਮ ਦੇ ਘੰਟੇ ਘਟਾਉਣ, ਬਰਾਬਰੀ ਅਤੇ ਬਰਾਬਰ ਉਜਰਤਾਂ ਲਈ ਹੜਤਾਲ ਤੋਂ ਬੰਨਿਆ ਗਿਆ ਸੀ। 14 ਹਫਤੇ ਦੀ ਇਸ ਲੰਬੀ ਹੜਤਾਲ ਵਿੱਚ 20,000 ਮਜ਼ਦੂਰ ਸ਼ਾਮਲ ਹੋਏ ਜਿਸ ਵਿੱਚ ਜ਼ਿਆਦਾਤਰ ਔਰਤਾਂ ਸਨ। ਪੁਲਿਸ ਵੱਲੋਂ ਕੀਤੇ ਲਗਾਤਾਰ ਜਬਰ ਨੇ ਇਸ ਇਤਿਹਾਸਕ ਹੜਤਾਲ ਨੂੰ ਕੁਚਲ ਦਿੱਤਾ। ਅਮਰੀਕਾ ਦੀ ਸਮਾਜਵਾਦੀ ਪਾਰਟੀ ਨੇ ਇਸ ਸੰਘਰਸ਼ ਨੂੰ ਯਾਦ ਕਰਦੇ ਹੋਏ 28 ਫਰਵਰੀ 1909 ਨੂੰ ਦੇਸ਼ ਪੱਧਰ ‘ਤੇ ਪਹਿਲਾ ਔਰਤ ਦਿਵਸ ਮਨਾਇਆ। ਇਸ ਦਿਨ ਦੇਸ਼ ਭਰ ਵਿੱਚ ਔਰਤਾਂ ਲਈ ਵੋਟ ਦਾ ਹੱਕ ਮੰਗਦੇ ਹੋਏ ਵੱਡੇ ਪੱਧਰ ‘ਤੇ ਮੀਟਿੰਗਾਂ ਅਤੇ ਮੁਜਾਹਰੇ ਕੀਤੇ ਗਏ। ਇਸ ਤਰਾਂ ਔਰਤ ਦਿਵਸ ਜਥੇਬੰਦ ਕਰਨ ਦਾ ਸਿਹਰਾ ਅਮਰੀਕਾ ਦੀਆਂ ਕਿਰਤੀ ਔਰਤਾਂ ਨੂੰ ਜਾਂਦਾ ਹੈ।

ਅਮਰੀਕਾ ਦੀ ਸਮਾਜਵਾਦੀ ਪਾਰਟੀ ਤੋਂ ਪ੍ਰੇਰਿਤ ਹੋਕੇ 1910 ਵਿੱਚ ਦੂਜੀ ਕਮਿਊਨਿਸਟ ਇੰਟਰਨੈਸ਼ਲ ਔਰਤ ਕਾਨਫਰੰਸ ਵਿੱਚ ਜਰਮਨੀ ਦੀ ਕਮਿਊਨਿਸਟ ਪਾਰਟੀ ਦੀ ਆਗੂ ਕਲਾਰਾ ਜੈਟਕਿਨ ਨੇ ਔਰਤ ਦਿਵਸ ਨੂੰ ਕੌਮਾਂਤਰੀ ਪੱਧਰ ‘ਤੇ ਮਨਾਉਣ ਦਾ ਸੁਝਾਅ ਪੇਸ਼ ਕੀਤਾ। 11 ਦੇਸ਼ਾਂ ਤੋਂ ਆਈਆਂ 100 ਔਰਤ ਡੈਲੀਗੇਟਾਂ ਨੇ ਕਲਾਰਾ ਜੈਟਕਿਨ ਦੇ ਇਸ ਸੁਝਾਅ ਨੂੰ ਔਰਤਾਂ ਲਈ ਬਰਾਬਰ ਦੇ ਹੱਕ ਅਤੇ ਵੋਟ ਪਾਉਣ ਦੇ ਹੱਕ ਦੀ ਮੰਗ ਵਜੋਂ ਪ੍ਰਵਾਨ ਕੀਤਾ। ਇਸ ਕਾਨਫਰੰਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰ ਸਾਲ ਸਾਰੇ ਹੀ ਦੇਸ਼ਾਂ ਵਿੱਚ ਇੱਕੋ ਹੀ ਦਿਨ ਔਰਤ ਦਿਵਸ ਮਨਾਇਆ ਜਾਵੇਗਾ। ਪਰ ਇਸ ਲਈ ਕੋਈ ਪੱਕੀ ਤਾਰੀਕ ਨਹੀਂ ਮਿੱਥੀ ਗਈ ਸੀ।

ਪਹਿਲਾ ਕੌਮਾਂਤਰੀ ਔਰਤ ਦਿਵਸ

ਦੂਜੀ ਕਾਨਫਰੰਸ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਉਣ ਦਾ ਜੋ ਫੈਸਲਾ ਲਿਆ ਗਿਆ ਸੀ ਉਸਨੂੰ ਅਮਲੀ ਜਾਮਾ 19 ਮਾਰਚ 1911 ਨੂੰ ਪਵਾਉਣ ਦਾ ਫੈਸਲਾ ਕੀਤਾ ਗਿਆ। ਇਹ ਦਿਨ ਇਸ ਲਈ ਚੁਣਿਆ ਗਿਆ ਕਿਉਂਕਿ 1848 ਵਿੱਚ ਇਸੇ ਦਿਨ ਜਰਮਨ ਵਿੱਚ ਪਰਸ਼ੀਅਨ ਰਾਜੇ ਨੂੰ ਕਿਰਤੀ ਲੋਕਾਂ ਦੀ ਬਗਾਵਤ ਅੱਗੇ ਗੋਡੇ ਟੇਕਣੇ ਪਏ ਸਨ। 19 ਮਾਰਚ 1911 ਨੂੰ ਪਹਿਲੀ ਵਾਰ ਲੱਖਾਂ ਲੋਕਾਂ ਵੱਲੋਂ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿੱਟਜਰਲੈਂਡ ਵਿਖੇ ਪਹਿਲਾ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਇਸ ਦਿਨ ਪਿੰਡਾਂ ‘ਚ ਤੇ ਸ਼ਹਿਰਾਂ ‘ਚ ਥਾਂ-ਥਾਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਜਿਹਨਾਂ ਵਿੱਚ ਕੰਮ-ਕਾਜੀ ਔਰਤਾਂ ਅਤੇ ਘਰੇਲੂ ਔਰਤਾਂ ਨੇ ਆਪਣੀ ਬਾਰਬਰੀ ਦੇ ਹੱਕ ਅਤੇ ਵੋਟ ਪਾਉਣ ਦੇ ਹੱਕ ਦੀ ਮੰਗ ਕਰਦੇ ਹੋਰ ਜੋਰਾਂ-ਸ਼ੋਰਾਂ ਨਾਲ਼ ਹਿੱਸਾ ਲਿਆ। ਇਕੱਲੇ ਆਸਟਰੋ ਹੰਗੇਰੀਅਨ ਵਿੱਚ ਹੀ 300 ਮੁਜਾਹਰੇ ਕੀਤੇ ਗਏ। ਇਸ ਦੌਰਾਨ 30,000 ਲੋਕਾਂ ਵੱਲੋਂ ਕੱਢੇ ਲੰਬੇ ਮਾਰਚ ਉਪਰ ਪੁਲਿਸ ਨੇ ਹਮਲਾ ਕਰਕੇ ਮੁਜਾਹਰਾਕਾਰੀਆਂ ਦੇ ਬੈਨਰ ਖੋਹਣ ਦੀ ਕੋਸ਼ਿਸ਼ ਕੀਤੀ ਜਿਸਦਾ ਔਰਤਾਂ ਨੇ ਡਟ ਕੇ ਮੁਕਾਬਲਾ ਕੀਤਾ।

ਰੂਸ ਦੀਆਂ ਔਰਤਾਂ ਨੇ 8 ਮਾਰਚ 1913 ਨੂੰ ਆਪਣਾ ਪਹਿਲਾ ਕੌਮਾਂਤਰੀ ਦਿਵਸ ਮਨਾਇਆ ਜਿਸਦੇ ਲਈ ਕਈ ਔਰਤਾਂ ਨੂੰ ਜਲਾਵਤਨੀ ਦੀ ਸਜ਼ਾ ਕੱਟਣੀ ਪਈ ਤੇ ਕਈਆਂ ਨੂੰ ਜੇਲ ਦੀ ਕਾਲ-ਕੋਠੜੀ ਦੀ ਹਵਾ ਖਾਣੀ ਪਈ। ਉਦੋਂ ਤੋਂ ਹੀ ਔਰਤ ਦਿਵਸ 8 ਮਾਰਚ ਨੂੰ ਮਨਾਇਆ ਜਾਣ ਲੱਗਾ। 1914 ਵਿੱਚ ਔਰਤ ਦਿਵਸ ਦੇ ਮੌਕੇ ਲੰਡਨ ਵਿਖੇ ਵੋਟ ਪਾਉਣ ਦੇ ਹੱਕ ਦੀ ਮੰਗ ਕਰਦੇ ਹੋਏ ਔਰਤਾਂ ਨੇ ਇੱਕ ਮਾਰਚ ਕੱਢਿਆ ਸੀ। ਇਸ ਦੌਰਾਨ ਸਿਲਵੀਆ ਪੈਨਖੁਸ਼ਤ, ਇੱਕ ਕਮਿਊਨਿਸਟ ਆਗੂ ਜਿਸਨੇ ਲੋਕਾਂ ਨੂੰ ਸੰਬੋਧਨ ਕਰਨਾ ਸੀ, ਨੂੰ ਚੌਂਕ ਵਿੱਚ ਪੁੱਜਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰਾਂ ਹੋਰ ਕਈ ਦੇਸ਼ਾਂ ਵਿੱਚ ਔਰਤ ਦਿਵਸ ਮਨਾਏ ਜਾਣ ਲੱਗੇ।

ਔਰਤ ਦਿਵਸ ਅਤੇ ਪਹਿਲੀ ਸੰਸਾਰ ਜੰਗ

1915 ਅਤੇ 1916 ਵਿੱਚ ਔਰਤ ਦਿਵਸ ਮੌਕੇ ‘ਯੁੱਧ ਦੇ ਖਾਤਮੇ’ ਲਈ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਵਿਸ਼ਵ ਯੁੱਧ ਕਾਰਨ ਬਣੀਆਂ ਹਾਲਤਾਂ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। 1915 ਵਿੱਚ ਸਿਰਫ ਨਾਰਵੇ ਵਿੱਚ ਹੀ ਔਰਤ ਦਿਵਸ ਮਨਾਇਆ ਗਿਆ ਸੀ। ਸੰਸਾਰ ਜੰਗ ਦੇ ਸਿੱਟੇ ਵਜੋਂ ਹੋਈ ਆਮ ਲੋਕਾਂ ਦੀ ਬਦਹਾਲੀ ਤੋਂ ਅੱਕ ਚੁੱਕੀਆਂ ਰੂਸ ਦੀਆਂ ਔਰਤਾਂ ਨੇ 1917 ਦੇ ਔਰਤ ਦਿਵਸ ਮੌਕੇ ਦਲੇਰੀ ਅਤੇ ਬਹਾਦਰੀ ਨਾਲ਼ ‘ਬੱਚਿਆਂ ਲਈ ਰੋਟੀ’ ਅਤੇ ‘ਯੁੱਧ ਦਾ ਖਾਤਮਾ’ ਵਰਗੀਆਂ ਮੰਗਾਂ ਲੈ ਕੇ ਪੀਤਰੋਗ੍ਰਾਦ ਦੀਆਂ ਸੜਕਾਂ ‘ਤੇ ਉਤਰ ਆਈਆਂ ਔਰਤਾਂ ਦੇ ਜੋਸ਼ ਅਤੇ ਗੁੱਸੇ ਅੱਗੇ ਜਾਰ ਦੀ ਪੁਲਿਸ ਵੀ ਕੁੱਝ ਨਾ ਕਰ ਸਕੀ ਅਤੇ ਇਸ ਘਟਨਾ ਨੇ ਰੂਸ ਦੇ ਫਰਵਰੀ ਇਨਕਲਾਬ ਦੀ ਸ਼ੁਰੂਆਤ ਕੀਤੀ। ਇਹਨਾਂ ਮਾਅਨਿਆਂ ਵਿੱਚ ਔਰਤ ਦਿਵਸ ਇੱਕ ਇਤਿਹਾਸਕ ਯਾਦ ਬਣ ਗਿਆ।

1917 ਦੇ ਇਨਕਲਾਬ ਤੋਂ ਬਾਅਦ ਵਲਾਦੀਮੀਰ ਲੈਨਿਨ ਤੇ ਅਲੈਗਜਾਂਦਰ ਕੋਲਨਤਾਈ ਨੇ ਸੋਵੀਅਤ ਰੂਸ ਵਿੱਚ ਔਰਤ ਦਿਵਸ ਦੇ ਮੌਕੇ ਛੁੱਟੀ ਦਾ ਐਲਾਨ ਕਰਕੇ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਦੇ ਨਾਂ ‘ਤੇ ਸਥਾਪਤ ਕਰ ਦਿੱਤਾ। ਇਸ ਤੋਂ ਮਗਰੋਂ 1922 ਵਿੱਚ ਚੀਨ ਦੇ ਕਮਿਉਨਿਸਟਾਂ ਨੇ ਅਤੇ ਫਿਰ 1936 ਵਿੱਚ ਸਪੇਨ ਦੇ ਕਮਿਊਨਿਸਟਾਂ ਨੇ ਇਸਨੂੰ ਮਨਾਉਣਾ ਸ਼ੁਰੂ ਕੀਤਾ। ਇਸ ਤਰਾਂ ਦੁਨੀਆਂ ਭਰ ਵਿੱਚ ਕਿਰਤੀ ਔਰਤਾਂ ਦੇ ਸੰਘਰਸ਼ਾਂ ਦੀ ਯਾਦ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਜਾਣ ਲੱਗਾ।

ਵਰਤਮਾਨ ਸਮੇਂ ਵਿੱਚ ਔਰਤ ਦਿਵਸ ਦੀ ਪ੍ਰਸੰਗਿਕਤਾ

ਔਰਤ ਦਿਵਸ ਦਾ ਇਤਿਹਾਸ ਔਰਤ ਮੁਕਤੀ ਦਾ ਇਤਿਹਾਸ ਹੈ। ਪਰ ਅੱਜ ਇਸ ਸਰਮਾਏਦਾਰਾ ਢਾਂਚੇ ‘ਚ ਔਰਤ ਦਿਵਸ ਮਨਾਉਣ ਦਾ ਮਤਲਬ ਮਹਿਜ ਫੁੱਲਾਂ, ਤੋਹਫਿਆਂ ਅਤੇ ਪਾਰਟੀਆਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਹ ਫੁੱਲ, ਤੋਹਫੇ ਅਤੇ ਪਾਰਟੀਆਂ ਔਰਤਾਂ ਦੀ ਮੁਕਤੀ ਦਾ ਤਾਂ ਪਤਾ ਨਹੀਂ ਪਰ ਔਰਤਾਂ ਦੀ ਗੁਲਾਮੀ ਦੀ ਉਸ ਗੰਢ ਨੂੰ ਹੋਰ ਵੀ ਕਸ ਦਿੰਦੀਆਂ ਹਨ ਜਿਸ ਵਿੱਚ ਇਸ ਔਰਤ ਵਿਰੋਧੀ ਢਾਂਚੇ ਨੇ ਉਸਨੂੰ ਜਕੜਿਆ ਹੋਇਆ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਔਰਤ ਦਿਵਸ ਮਨਾਉਣ ਦਾ ਮਤਲਬ ਇਤਿਹਾਸ ਦੇ ਮਾਰਗ ਦਰਸ਼ਨ ਵਿੱਚ ਵਰਤਮਾਨ ਸਮੇਂ ਵਿੱਚ ਔਰਤ ਦਿਵਸ ਲਈ ਕੁੱਝ ਟੀਚੇ ਮਿੱਥਣਾ ਹੋਵੇਗਾ।

ਸਭ ਤੋਂ ਪਹਿਲਾਂ ਔਰਤਾਂ ਨੂੰ ਆਪਣੀ ਵਿਰਾਸਤ ਨਾਲ਼ ਇੱਕਜੁੱਟ ਹੋਕੇ ਇਹ ਸਮਝਣਾ ਪਵੇਗਾ ਕਿ ਔਰਤ ਦਿਵਸ ਦੇ ਇਸ ਲੰਬੇ ਇਤਿਹਾਸ ‘ਚ ਔਰਤਾਂ ਨੇ ਬਹੁਤ ਕੁੱਝ ਹਾਸਲ ਕੀਤਾ ਹੈ, ਪਰ ਉਸ ਤੋਂ ਵੱਡਾ ਸੱਚ ਇਹ ਹੈ ਕਿ ਹਾਲੇ ਬਹੁਤ ਕੁੱਝ ਹਾਸਲ ਕਰਨਾ ਬਾਕੀ ਹੈ। ਔਰਤ ਦਿਵਸ ਦੀ ਲੜਾਈ ਔਰਤਾਂ ਲਈ ਵੋਟ ਦਾ ਹੱਕ ਹਾਸਲ ਕਰਨ ਤੱਕ ਹੀ ਖਤਮ ਨਹੀਂ ਹੋਈ। ਦੂਜੀ ਗੱਲ, ਔਰਤਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੀ ਮੁਕਤੀ ਲਈ ਖੁਦ ਹੀ ਅੱਗੇ ਆਉਣਾ ਪਵੇਗਾ। ਸੰਗ, ਸ਼ਰਮ ਦੇ ਸਾਰੇ ਬੰਧਨ ਅਤੇ ਰੀਤੀ-ਰਿਵਾਜਾਂ ਦੀਆਂ ਜੰਜੀਰਾਂ ਨੂੰ ਤੋੜ ਕੇ ਉਹਨਾਂ ਨੂੰ ਆਪਣੀ ਅਜ਼ਾਦੀ ਲਈ ਲੜਨਾ ਪਵੇਗਾ। ਤੀਜੀ ਅਤੇ ਸਭ ਤੋਂ ਮੁੱਖ ਗੱਲ, ਔਰਤ ਦੀ ਗੁਲਾਮੀ ਦੀਆਂ ਜੜਾਂ ਇਸੇ ਮੌਜੂਦਾ ਢਾਂਚੇ ਵਿੱਚ ਹਨ। ਇਸ ਲਈ ਅੱਜ ਔਰਤ ਆਪਣੀ ਮੁਕਤੀ ਸਮੁੱਚੇ ਸਮਾਜ ਦੀ ਮੁਕਤੀ ਤੋਂ ਬਿਨਾਂ ਹਾਸਲ ਨਹੀਂ ਕਰ ਸਕਦੀ। ਅੱਜ ਕੌਮਾਂਤਰੀ ਔਰਤ ਦਿਵਸ ‘ਤੇ ਔਰਤਾਂ ਨੂੰ ਆਪਣੀ ਲੜਾਈ ਲਈ ਵਧੇ ਹੋਏ ਕਦਮਾਂ ਨੂੰ ਇਸ ਢਾਂਚੇ ਵਿਰੁੱਧ ਸੰਘਰਸ਼ ਕਰ ਰਹੀ ਮਜ਼ਦੂਰ ਜਮਾਤ ਦੇ ਕਦਮਾਂ ਨਾਲ਼ ਮਿਲ਼ਾ ਕੇ ਲੜਨਾ ਪਵੇਗਾ। ਇਹੀ ਔਰਤ ਦਿਵਸ ਦਾ ਇਤਿਹਾਸ ਰਚਣ ਵਾਲ਼ੀਆਂ ਕਿਰਤੀ ਔਰਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements