ਇਟਲੀ ਵਿੱਚ ਫਾਸੀਵਾਦ ਦੇ ਉਭਾਰ ਤੋਂ ਸਾਡੇ ਲਈ ਅਹਿਮ ਸਬਕ •ਖੁਸ਼ਬੂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਫਿਰਕੂ ਦੰਗਿਆਂ ਦੀ ਚੁਣਾਵੀ ਵੋਟ-ਬਟੋਰੂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਸਿਆਸੀ ਤੌਰ ‘ਤੇ ਸੰਕਟਗ੍ਰਸਤ ਭਾਰਤੀ ਸਰਮਾਏਦਾਰੀ ਫਾਸੀਵਾਦੀ ਤਾਕਤਾਂ ਨੂੰ ਵਧਣ-ਫੁੱਲਣ ਦਾ ਪੂਰਾ ਮੌਕਾ ਦੇ ਰਹੀਆਂ ਹਨ ਤਾਂ ਕਿ ਲੋਕਾਂ ਦਾ ਧਿਆਨ ਜ਼ਿੰਦਗੀ ਦੇ ਮੁੱਖ ਸਵਾਲਾਂ ਜਿਵੇਂ — ਸਿੱਖਿਆ, ਰੁਜ਼ਗਾਰ, ਇਲਾਜ਼, ਭੁੱਖਮਰੀ, ਬੇਕਾਰੀ ਵੱਲ ਨਾ ਜਾਵੇ। ਇਸ ਲਈ ਉਹਨਾਂ ਨੂੰ ਇੱਕ ਕਾਲਪਨਿਕ ਦੁਸ਼ਮਣ ਦੇ ਨਾਂ ‘ਤੇ ਭਾਸ਼ਾ, ਧਰਮ, ਖੇਤਰ, ਨਸਲ ਵਿੱਚ ਵੰਡ ਦਿੱਤਾ ਜਾਂਦਾ ਹੈ। ਫਾਸੀਵਾਦੀ ਉਭਾਰ ਦੀ ਜ਼ਮੀਨ ਸਦਾ ਸਰਮਾਏਦਾਰੀ ਵਿਕਾਸ ਵਿੱਚੋਂ ਪੈਦਾ ਹੋਣ ਵਾਲ਼ੀ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਅਸਥਿਰਤਾ, ਅਸੁਰੱਖਿਆ, ਬੇਚੈਨੀ ਅਤੇ ਆਰਥਿਕ ਸੰਕਟ ਨਾਲ਼ ਤਿਆਰ ਹੁੰਦੀ ਹੈ। ਫਾਸੀਵਾਦੀ ਪ੍ਰਤੀਕਿਰਿਆ ਦਾ ਖ਼ਤਰਾ ਉਹਨਾਂ ਦੇਸ਼ਾਂ ਵਿੱਚ ਸਭ ਤੋਂ ਵੱਧ ਹੁੰਦਾ ਹੈ ਜਿੱਥੇ ਸਰਮਾਏਦਾਰੀ ਵਿਕਾਸ ਕਿਸੇ ਇਨਕਲਾਬੀ ਪ੍ਰਕਿਰਿਆ ਦੁਆਰਾ ਨਹੀਂ, ਸਗੋਂ ਇੱਕ ਵਿਗੜੀ, ਧੀਮੀ ਅਤੇ ਖੜੋਤਗ੍ਰਸਤ ਪ੍ਰਕਿਰਿਆ ਨਾਲ਼ ਹੁੰਦਾ ਹੈ। ਭਾਰਤ ਇੱਕ ਅਜਿਹਾ ਹੀ ਦੇਸ਼ ਹੈ ਜਿੱਥੇ ਸਰਮਾਏਦਾਰੀ ਰੋਗੀ, ਵਿਗੜੀ ਤੇ ਬੌਨੀ ਕਿਸਮ ਦੀ ਹੈ। ਇੱਥੋਂ ਦੀ ਸਰਮਾਏਦਾਰੀ ਨੇ ਜਗੀਰੂ ਸਬੰਧਾਂ ਨਾਲ਼ ਸਾਂਝ ਕਾਇਮ ਕੀਤੀ ਹੈ। ਭਾਰਤੀ ਫਾਸੀਵਾਦ ਜਰਮਨੀ ਤੇ ਇਟਲੀ ਦੇ ਫਾਸੀਵਾਦ ਦਾ ਰਲਿਆ ਮਿਲਿਆ ਐਡੀਸ਼ਨ ਹੈ। 

ਮੁਸੋਲਿਨੀ ਦੇ ਭਾਰਤੀ ਵਾਰਿਸਾਂ ਪੁੱਤਰਾਂ ਦੇ ਪੈਦਾ ਹੋਣ ਦੇ ਕਾਰਨਾਂ ਨੂੰ ਸਮਝਣ ਲਈ ਇਟਲੀ ਵਿੱਚ ਫਾਸੀਵਾਦੀ ਉਭਾਰ ਨੂੰ ਸਮਝਣਾ ਜ਼ਰੂਰੀ ਹੈ। ਪਹਿਲੀ ਸੰਸਾਰ ਜੰਗ ਦੀ ਸਮਾਪਤੀ ਤੋਂ ਬਾਅਦ ਬੇਨਿਟੋ ਮੁਸੋਲਿਨੀ ਦੀ ਅਗਵਾਈ ਵਿੱਚ 1919 ਵਿੱਚ ਇਟਲੀ ਵਿੱਚ ਫਾਸੀਵਾਦੀ ਉਭਾਰ ਪੈਦਾ ਹੋਇਆ। ਮੁਸੋਲਿਨੀ ਪਹਿਲਾਂ ਇਤਾਲਵੀ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਸੀ। ਇਹ ਸਮਾਜਵਾਦੀ ਪਾਰਟੀ ਆਪਣੇ ਜਨਮ ਤੋਂ ਹੀ ਸੱਜੇਪੱਖੀ ਭਟਕਾਅ ਦਾ ਸ਼ਿਕਾਰ ਸੀ ਅਤੇ ਇੱਕ ਇਨਕਲਾਬੀ ਕਮਿਊਨਿਸਟ ਪਾਰਟੀ ਨਾਲ਼ੋਂ ਬਿਲਕੁਲ ਵੱਖਰੀ ਸੀ। ਗ੍ਰਾਮਸ਼ੀ ਵੀ ਪਹਿਲਾਂ ਇਸ ਪਾਰਟੀ ਵਿੱਚ ਸੀ, ਪਰ ਬਾਅਦ ਵਿੱਚ ਉਹ ਇਤਾਲਵੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਬਣੇ। ਇਤਾਲਵੀ ਸਮਾਜਵਾਦੀ ਪਾਰਟੀ ਵਿੱਚ ਸ਼ੁਰੂ ਤੋਂ ਹੀ ਅਰਾਜਕਤਾਵਾਦੀ ਸੰਘਵਾਦੀ, ਸੁਧਾਰਵਾਦ ਅਤੇ ਆਰਥਿਕਤਾਵਾਦ ਦੇ ਤੱਤ ਸਨ। ਮੁਸੋਲਿਨੀ ਇਸੇ ਸਮਾਜਵਾਦੀ ਪਾਰਟੀ ਵਿੱਚੋਂ ਨਿੱਕਲ਼ਿਆ ਅਤੇ ਫਿਰ ਉਸਨੇ ਫਾਸੀਵਾਦੀ ਪਾਰਟੀ ਦੀ ਸਥਾਪਨਾ ਕੀਤੀ।

ਪਹਿਲੀ ਸੰਸਾਰ ਜੰਗ ਵਿੱਚ ਮਿੱਤਰ ਦੇਸ਼ਾਂ ਵੱਲੋਂ ਜੰਗ ਵਿੱਚ ਹਿੱਸਾ ਲੈਣ ਦੇ ਬਾਵਜੂਦ ਇਟਲੀ ਨੂੰ ਕੁੱਝ ਖਾਸ ਫਾਇਦਾ ਨਹੀਂ ਮਿਲ਼ਿਆ ਸੀ, ਜਦੋਂ ਕਿ ਜੰਗ ਵਿੱਚ ਉਸਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਸੀ। ਇਸ ਨੁਕਸਾਨ ਕਾਰਨ ਇਟਲੀ ਵਿੱਚ ਆਰਥਿਕ ਅਰਾਜਕਤਾ ਅਤੇ ਅਵਿਵਸਥਾ ਵੀ ਫੈਲੀ ਅਤੇ ਨਾਲ਼ ਹੀ ਇਟਲੀ ਦੇ ਲੋਕਾਂ ਵਿੱਚ ਇੱਕ ਰੋਸ ਦਾ ਮਹੌਲ ਪੈਦਾ ਹੋਇਆ। ਸਮੁੱਚੇ ਦੇਸ਼ ਵਿੱਚ ਇੱਕ ਪ੍ਰਤੀਕਿਰਿਆ ਦਾ ਮਹੌਲ ਸੀ। ਖਾਸ ਕਰਕੇ, ਫੌਜੀ ਤਬਕੇ ਵਿੱਚ ਜਿਆਦਾ ਰੋਸ ਸੀ। ਉੱਥੇ ਦੂਜੇ ਪਾਸੇ ਦੇਸ਼ ਦੇ ਆਰਥਿਕ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਸਨ। ਮੌਜੂਦਾ ਸਰਕਾਰ ਕਮਜ਼ੋਰ ਹੋਣ ਦੇ ਨਾਲ਼-ਨਾਲ਼ ਬਿਲਕੁਲ ਅਪ੍ਰਭਾਵੀ ਵੀ ਹੋ ਗਈ ਸੀ। ਅਜਿਹੇ ਸਮੇਂ ਵਿੱਚ ਲੋਕਾਂ ਦੇ ਵਿਆਪਕ ਹਿੱਸੇ ਵਿੱਚ ਬੇਚੈਨੀ ਮੌਜੂਦ ਸੀ ਜਿਸ ਨਾਲ਼ ਮਜ਼ਦੂਰ ਉਭਾਰ ਹੋ ਰਹੇ ਸਨ। ਉਦੋਂ ਹੀ ਮੁਸੋਲਿਨੀ ਨੇ ਫਾਸੀਵਾਦੀ ਲਹਿਰ ਦੀ ਸ਼ੁਰੂਆਤ ਕੀਤੀ।

ਇਹ ਯਾਦ ਰੱਖਣਾ ਜ਼ਰੂਰੀ ਹੋਵੇਗਾ ਕਿ ਇਹੀ ਉਹ ਸਮਾਂ ਸੀ ਜਦੋਂ ਸਾਮਰਾਜ ਆਪਣੇ ਪਹਿਲੇ ਸੰਕਟ ਵੱਲ ਵਧ ਰਿਹਾ ਸੀ। ਨਾਲ਼ ਹੀ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਜਦੋਂ ਇਟਲੀ ਦਾ ਏਕੀਕਰਨ ਹੋ ਰਿਹਾ ਸੀ ਅਤੇ ਉੱਥੇ ਸਾਮਰਾਜ ਵਿਕਾਸ ਦੀਆਂ ਹਾਲਤਾਂ ਪੈਦਾ ਹੋ ਰਹੀਆਂ ਸਨ, ਉਸ ਸਮੇਂ ਦੁਨੀਆਂ ਵਿੱਚ ਸੰਸਾਰ ਸਰਮਾਏਦਾਰੀ ਢਾਂਚਾ ਸਾਮਰਾਜ ਦੇ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਸੀ। ਇਸ ਵਜ੍ਹਾ ਕਰਕੇ ਇਟਲੀ ਵਿੱਚ ਸਰਮਾਏਦਾਰੀ ਵਿਕਾਸ ਬਹੁਤ ਹੀ ਤੇਜ ਗਤੀ ਨਾਲ਼ ਹੋਇਆ ਜਿਸਨੇ ਆਮ ਕਿਰਤੀ ਲੋਕਾਈ, ਨਿਮਨ ਮੱਧਵਰਗੀ ਅਬਾਦੀ ਅਤੇ ਆਮ ਮੱਧਵਰਗੀ ਅਬਾਦੀ ਨੂੰ ਇਸ ਗਤੀ ਨਾਲ਼ ਉਜਾੜਿਆ ਜਿਸਨੂੰ ਵਿਵਥਿਤ ਕਰਨ ਦੀ ਯੋਗਤਾ ਇਸ ਦੇਸ਼ ਦੇ ਅਵਿਕਸਿਤ ਸਰਮਾਏਦਾਰੀ ਜਮਹੂਰੀਅਤ ਵਿੱਚ ਨਹੀਂ ਸੀ। ਉੱਥੇ ਦੂਜੇ ਪਾਸੇ, ਸੰਸਾਰ ਵਿਆਪੀ ਸਰਮਾਏਦਾਰੀ ਮੰਦੀ (1921-1923) ਨੇ ਇਸ ਦੇਸ਼ ਦੀ ਸਰਮਾਏਦਾਰ ਜਮਾਤ ਦੀ ਹਾਲਤ ਖਸਤਾ ਦਿੱਤੀ ਸੀ। ਜਿਸਤੋਂ ਸਿੱਟਾ ਇਹ ਨਿੱਕਲ਼ਿਆ ਕਿ ਸਰਮਾਏਦਾਰ ਜਮਾਤ ਹੁਣ ਉਦਾਰ ਸਰਮਾਏਦਾਰਾ ਜਮਹੂਰੀਅਤ ਅਤੇ ਉਸਦੀਆਂ ਕਲਿਆਣਕਾਰੀ ਨੀਤੀਆਂ ਦੇ ਖਰਚੇ ਉਠਾਉਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਇਸ ਲਈ ਸਾਰੇ ਜਮਹੂਰੀ ਹੱਕਾਂ ਨੂੰ ਖੋਹਣ ਅਤੇ ਮਜ਼ਦੂਰ ਲਹਿਰ ਨੂੰ ਕੁਚਲਣਾ ਜ਼ਰੂਰੀ ਸੀ। ਇਸ ਲਹਿਰ ਨੂੰ ਇੱਕ ਪਿਛਾਖੜੀ ਲਹਿਰ ਦੇ ਜ਼ਰੀਏ ਹੀ ਕੁਚਲ਼ਿਆ ਜਾ ਸਕਦਾ ਸੀ।

ਫਾਸੀਵਾਦੀ ਉਭਾਰ ਹਮੇਸ਼ਾਂ ਮੁੱਖ ਤੌਰ ‘ਤੇ ਦੋ ਜਮਾਤਾਂ ਨੂੰ ਹੀ ਫਾਇਦਾ ਪਹੁੰਚਾਉਂਦਾ ਹੈ—1) ਵਿੱਤੀ ਅਤੇ ਸੱਨਅਤੀ ਵੱਡੀ ਸਰਮਾਏਦਾਰੀ ਅਤੇ ਧਨੀ ਕਿਸਾਨ, 2) ਕੁਲਕ ਅਤੇ ਫਾਰਮਰਾਂ ਦੀ ਜਮਾਤ, ਯਾਣੀ ਵੱਡੀ ਪੇਂਡੂ ਸਰਮਾਏਦਾਰੀ। ਇਟਲੀ ਵਿੱਚ ਅਜਿਹਾ ਹੀ ਹੋਇਆ। ਸਰਮਾਏਦਾਰੀ ਦੇ ਸੰਕਟ ਨਾਲ਼ ਸਿੱਝਣ ਲਈ ਇਹਨਾਂ ਲੋਟੂਆਂ ਨੂੰ ਇੱਕ ਅਜਿਹੀ ਪਿਛਾੜੀ ਸਿਆਸੀ ਧਾਰਾ ਦੀ ਲੋੜ ਹੁੰਦੀ ਹੈ ਜੋ ਕਿ ਮਜ਼ਦੂਰ ਉਭਾਰ ਅਤੇ ਗਰੀਬ ਕਿਸਾਨਾਂ ਦੀ ਬਗਾਵਤ ਨਾਲ਼ ”ਸਖਤੀ ਅਤੇ ਫੈਸਲਾਕੁੰਨ ਢੰਗ ਨਾਲ਼” ਨਾਲ਼ ਸਿੱਝ ਕੇ ”ਦੇਸ਼ ਦੇ ਗਵਾਚੇ ਹੋਏ ਗੌਰਵ ਨੂੰ ਮੁੜਸਥਾਪਿਤ ਕਰ ਸਕਦਾ ਹੈ।” ਇਟਲੀ ਵਿੱਚ 1890 ਦੇ ਦਹਾਕੇ ਵਿੱਚ ਸੱਨਅਤੀਕਰਨ ਦੀ ਸ਼ੁਰੂਆਤ ਹੋਈ। ਇਸਦੀ ਰਫਤਾਰ ਕਾਫ਼ੀ ਤੇਜ਼ ਹੋਣ ਦੇ ਬਾਵਜੂਦ ਵੀ ਇਹ ਵਿਕਾਸ ਖੇਤਰੀ ਤੌਰ ‘ਤੇ ਬਹੁਤ ਹੀ ਅਸਾਂਵਾ ਰਿਹਾ। ਉੱਤਰੀ ਇਟਲੀ ਵਿੱਚ ਮਿਲਾਨ, ਤੁਰਿਨ ਅਤੇ ਰੋਮ ਦੇ ਮਿਲਣ ਨਾਲ਼ ਬਣੇ ਤਿਕੋਨੇ ਇਲਾਕੇ ਵਿੱਚ ਸੱਨਅਤਾਂ ਦਾ ਜਬਰਦਸਤ ਵਿਕਾਸ ਹੋਇਆ ਅਤੇ ਇਤਾਲਵੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਿੱਚ ਇੱਕ ਮਜ਼ਦੂਰ ਲਹਿਰ ਵੀ ਪੈਦਾ ਹੋਈ। ਬਾਅਦ ਵਿੱਚ ਇਸਦੀ ਅਗਵਾਈ ਵਿੱਚ ਇਤਾਲਵੀ ਕਮਿਊਨਿਸਟ ਪਾਰਟੀ ਦਾ ਵੀ ਪ੍ਰਵੇਸ਼ ਹੋਇਆ। ਉੱਤਰੀ ਇਟਲੀ ਦੇ ਖੇਤਰ ਵਿੱਚ ਭੂਮੀ-ਸੁਧਾਰ ਵੀ ਇੱਕ ਹੱਦ ਤੱਕ ਲਾਗੂ ਹੋਇਆ। ਨਤੀਜੇ ਦੇ ਤੌਰ ‘ਤੇ, ਸਨਅਤੀ ਅਤੇ ਖੇਤੀ ਖੇਤਰ, ਦੋਵਾਂ ਵਿੱਚ ਹੀ ਇੱਕ ਮਜ਼ਦੂਰ ਲਹਿਰ ਪੈਦਾ ਹੋਈ।

ਉੱਥੇ ਦੂਜੇ ਪਾਸੇ ਦੱਖਣੀ ਇਟਲੀ ਸੀ ਜਿੱਥੇ ਜਗੀਰੂ ਪੈਦਾਵਾਰੀ ਸਬੰਧਾਂ ਦਾ ਢਾਂਚਾ ਕਾਇਮ ਸੀ। ਇੱਥੇ ਕੋਈ ਭੂਮੀ ਸੁਧਾਰ ਲਾਗੂ ਨਹਂੀਂ ਹੋਏ ਸਨ ਅਤੇ ਵਿਸ਼ਾਲ ਜਗੀਰਾਂ ਸਨ ਜਿਹਨਾਂ ‘ਤੇ ਵੱਡੇ ਭੂਮੀਪਤੀਆਂ ਦਾ ਕਬਜ਼ਾ ਸੀ। ਇਹਨਾਂ ਜਗੀਰਾਂ ਨੂੰ ਹੀ ਲਾਤਿਫੁੰਦੀਆ ਕਿਹਾ ਜਾਂਦਾ ਸੀ। ਇਸਤੋਂ ਬਿਨ੍ਹਾਂ, ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਇੱਕ ਵਿਸ਼ਾਲ ਅਬਾਦੀ ਸੀ ਜੋ ਪੂਰੀ ਤਰ੍ਹਾਂ ਇਹਨਾਂ ਵੱਡੇ ਭੂਮੀਪਤੀਆਂ ਦੇ ਕੰਟਰੋਲ ਵਿੱਚ ਸੀ। ਇਹ ਭੂਮੀਪਤੀ ਆਪਣੇ ਹਥਿਆਰਬੰਦ ਗਰੋਹਾਂ ਦੁਆਰਾ ਇਸ ਕੰਟਰੋਲ ਨੂੰ ਕਾਇਮ ਰੱਖਦੇ ਸਨ। ਇਹਨਾਂ ਗਰੋਹਾਂ ਨੂੰ ਇਟਲੀ ਵਿੱਚ ਮਾਫੀਆ ਕਿਹਾ ਜਾਂਦਾ ਸੀ ਜੋ ਬਾਅਦ ਵਿੱਚ ਆਪਣੇ ਆਪ ‘ਚ ਇੱਕ ਤਾਕਤ ਬਣ ਗਏ ਅਤੇ ਚੋਟ ਪਹੁੰਚਾਉਣ ਦਾ ਕੰਮ ਕਰਨ ਲੱਗੇ। ਫਾਸੀਵਾਦੀਆਂ ਨੇ ਇਹਨਾਂ ਮਾਫੀਆ ਗਰੋਹਾਂ ਦਾ ਪੂਰਾ ਲਾਭ ਉਠਾਇਆ। ਪਰ 1919-20 ਦੇ ਮਜ਼ਦੂਰ ਉਭਾਰ ਨੇ ਜਾਇਦਾਦਧਾਰੀ ਜਮਾਤਾਂ ਦੇ ਦਿਲ ਵਿੱਚ ਡਰ ਪੈਦਾ ਕਰ ਦਿੱਤਾ ਸੀ। ਉਸ ਸਮੇਂ ਇਟਲੀ ਦੇ ਮਜ਼ਦੂਰਾਂ ਨੇ ਕਾਰਖਾਨਿਆਂ ‘ਤੇ ਕਬਜ਼ਾ ਕਰਨਾ, ਆਪਣੀਆਂ ਪ੍ਰੀਸ਼ਦਾਂ ਬਣਾਉਣਾ ਅਤੇ ਸੱਤ੍ਹਾ ਦਾ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਮੁਸੋਲਿਨੀ ਨੇ ਸੱਨਅਤਕਾਰਾਂ ਨਾਲ਼ ਵਾਅਦਾ ਕੀਤਾ ਕਿ ਉਹ ਉਸਦੀ ਹਮਾਇਤ ਕਰਨ ਅਤੇ ਬਦਲੇ ਵਿੱਚ ਸੱਨਅਤੀ ਅਨੁਸ਼ਾਸ਼ਨ ਪ੍ਰਾਪਤ ਕਰਨ। (ਕੀ ਅੱਜ ਮੋਦੀ ਨੂੰ ਅੰਬਾਨੀ, ਮਿੱਤਲ, ਜਿੰਦਲ ਜਿਹੇ ਸਰਮਾਏਦਾਰਾਂ ਤੋਂ ਮਿਲ਼ ਰਹੀ ਹਮਾਇਤ ਵਿੱਚ ਇਟਲੀ ਵਿੱਚ ਮੁਸੋਲਿਨੀ ਨੂੰ ਸਰਮਾਏਦਾਰਾਂ ਦੇ ਮਿਲ ਰਹੀ ਹਮਾਇਤ ਦੀ ਝਲਕ ਨਹੀਂ ਦਿਖ ਰਹੀ?) ਨਤੀਜੇ ਦੇ ਤੌਰ ‘ਤੇ ਮੁਸੋਲਿਨੀ ਨੂੰ ਸੱਨਅਤਕਾਰਾਂ ਤੋਂ ਭਾਰੀ ਆਰਥਿਕ ਮਦਦ ਮਿਲਣੀ ਸ਼ੁਰੂ ਹੋ ਗਈ ਅਤੇ ਇਸੇ ਆਰਥਿਕ ਮਦਦ ਦੇ ਸਹਾਰੇ ਫਾਸੀਵਾਦੀਆਂ ਦੇ ਹਥਿਆਰਬੰਦ ਦਸਤਿਆਂ ਨੇ ਸ਼ਹਿਰਾਂ ਵਿੱਚ ਮਜ਼ਦੂਰ ਕਾਰਕੁੰਨਾਂ, ਟ੍ਰੇਡ ਯੂਨੀਅਨ ਕਾਰਕੁੰਨਾਂ, ਕਮਿਊਨਿਸਟਾਂ, ਹੜਤਾਲੀਆਂ ਆਦਿ ‘ਤੇ ਹਮਲੇ ਕੀਤੇ ਅਤੇ ਉਨਾਂ ਦੀਆਂ ਕਤਲ ਕਰਨੇ ਸ਼ੁਰੂ ਕਰ ਦਿੱਤੇ।

ਰੋਮ ‘ਤੇ ਚੜ੍ਹਾਈ ਕਰਨ ਤੋਂ ਬਾਅਦ 1922 ਵਿੱਚ ਮੁਸੋਲਿਨੀ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਉਸਦੇ ਗੱਠਜੋੜ ਸਰਕਾਰ ਵਿੱਚ ਇਤਾਲਵੀ ਸੋਧਵਾਦੀ ਵੀ ਸ਼ਾਮਲ ਸਨ। ਉਹਨਾਂ ਦਾ ਮੰਨਣਾ ਸੀ ਕਿ ਮੁਸੋਲਿਨੀ ਨੂੰ ਉਹ ਉਦਾਰਵਾਦੀ ਧਾਰਾ ਦਾ ਅੰਗ ਬਣਾ ਲੈਣਗੇ। ਪਰ ਅਜਿਹਾ ਹੋ ਨਾ ਸਕਿਆ। ਸਮਾਂ ਬੀਤਣ ਮੁਸੋਲਿਨੀ ਨੇ ਫਾਸੀਵਾਦੀ ਰਾਜ ਨੂੰ ਪੱਕੇ ਤੌਰ ‘ਤੇ ਸਥਾਪਿਤ ਕਰਨ ਦੇ ਸਾਰੇ ਹੱਥਕੰਡਿਆਂ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ। ਉਸਨੇ ਸਾਰੀਆਂ ਮਜ਼ਦੂਰ ਯੁਨੀਅਨਾਂ ਦੀ ਵਾਗਡੋਰ ਫਾਸੀਵਾਦੀ ਪੁਜਾਰੀਆਂ ਦੇ ਹੱਥਾਂ ਵਿੱਚ ਦੇ ਦਿੱਤੀ, ਜਿਸਦਾ ਸਿੱਟਾ ਇਹ ਸੀ ਕਿ ਮਜ਼ਦੂਰਾਂ ਦੀ ਜਬਰਦਸਤ ਲੁੱਟ ਜ਼ਾਰੀ ਰਹੀ। ਇਤਾਲਵੀ ਫਾਸੀਵਾਦ ਨੂੰ ਕਿਸਾਨ ਸਰਮਾਏਦਾਰਾਂ ਦੀ ਵੀ ਪੂਰੀ ਹਮਾਇਤ ਪ੍ਰਾਪਤ ਸੀ।

ਇਟਲੀ ਵਿੱਚ ਫਾਸੀਵਾਦੀ ਉਭਾਰ ਦਾ ਇੱਕ ਬਹੁਤ ਵੱਡਾ ਕਾਰਨ ਮਜ਼ਦੂਰ ਜਮਾਤ ਦੇ ਗੱਦਾਰ ਸਮਾਜਿਕ ਜਮਹੂਰੀਆਂ ਦੀਆਂ ਹਰਕਤਾਂ ਰਹੀਆਂ ਜਦੋਂ ਕਿ ਦੇਸ਼ ਵਿੱਚ ਇਨਕਲਾਬੀ ਸੰਭਾਵਨਾ ਜਬਰਦਸਤ ਰੂਪ ਵਿੱਚ ਮੌਜੂਦ ਸੀ। ਪਰ ਸਮਾਜਿਕ ਜਮਹੂਰੀਆਂ ਨੇ ਮਜ਼ਦੂਰ ਲਹਿਰ ਨੂੰ ਆਰਥਿਕਤਾਵਾਦ, ਸੁਧਾਰਵਾਦ, ਸੰਸਦਵਾਦ ਅਤੇ ਟ੍ਰੇਡ ਯੁਨੀਅਨਵਾਦ ਦੀ ਚੌਹੱਦੀ ਵਿੱਚ ਹੀ ਕੈਦ ਰੱਖਿਆ ਅਤੇ ਉਦੋਂ ਅਜਿਹਾ ਸਮਾਂ ਸੀ ਜਦੋਂ ਕਿਰਤੀ ਲੋਕਾਈ ਸਰਮਾਏਦਾਰੀ ਦੇ ਸੰਕਟ ਦੇ ਇੱਕ ਢਾਂਚਾਗਤ ਬਦਲ ਦੀ ਤਲਾਸ਼ ਕਰ ਰਹੀ ਸੀ। ਕੋਈ ਠੋਸ ਬਦਲ ਮੌਜੂਦ ਨਾ ਹੋਣ ਕਰਕੇ ਇਨਕਲਾਬੀ ਸੰਭਾਵਨਾ ਨੇ ਆਪਣਾ ਰੁਖ ਪਿਛਾਖੜ ਵੱਲ ਕਰ ਲਿਆ ਜਿਸਦੀ ਭਰਪੂਰ ਵਰਤੋਂ ਕਰਨ ਲਈ ਇੱਥੇ ਫਾਸੀਵਾਦੀ ਪਾਰਟੀ ਤਿਆਰ ਖੜ੍ਹੀ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਫਾਸੀਵਾਦੀ ਉਭਾਰ ਦੀ ਸੰਭਾਵਨਾ ਖਾਸ ਤੌਰ ‘ਤੇ ਉਹਨਾਂ ਸਰਮਾਏਦਾਰੀ ਦੇਸ਼ਾਂ ਵਿੱਚ ਪੈਦਾ ਹੋਵੇਗੀ, ਜਿੱਥੇ ਸਰਮਾਏਦਾਰੀ ਬੁਰਜੂਆ ਜਮਹੂਰੀ ਇਨਕਲਾਬ ਦੇ ਜ਼ਰੀਏ ਨਹੀਂ ਆਈ ਸਗੋਂ ਕਿਸੇ ਤਰਾਂ ਦੀ ਕ੍ਰਮਵਾਰ ਪ੍ਰਕਿਰਿਆ ਜ਼ਰੀਏ ਆਈ, ਜਿੱਥੇ ਇਨਕਲਾਬੀ ਭੂਮੀ ਸੁਧਾਰ ਲਾਗੂ ਨਹੀਂ ਹੋਏ, ਜਿੱਥੇ ਸਰਮਾਏਦਾਰੀ ਦਾ ਵਿਕਾਸ ਕਿਸੇ ਲੰਬੀ, ਵਿਵਸਥਿਤ, ਡੂੰਘੀ ਪੈਠੀ ਪ੍ਰਕਿਰਿਆ ਦੇ ਜ਼ਰੀਏ ਨਹੀਂ ਸਗੋਂ ਅਸਧਾਰਨ ਤੌਰ ‘ਤੇ ਅਵਿਵਸਥਿਤ ਅਰਾਜਕ ਅਤੇ ਪ੍ਰਕਿਰਿਆ ਨਾਲ਼ ਹੋਇਆ, ਜਿੱਥੇ ਪੇਂਡੂ ਖੇਤਰਾਂ ਵਿੱਚ ਸਰਮਾਏਦਾਰੀ ਇਸ ਤਰ੍ਹਾਂ ਵਿਕਸਿਤ ਹੋਈ ਕਿ ਜਗੀਰੂ ਰਹਿੰਦ-ਖੂੰਹਦ ਕਿਸੇ ਨਾ ਕਿਸੇ ਮਾਤਰਾ ਵਿੱਚ ਬਚੀ ਰਹਿ ਗਈ। ਇਸ ਕਰਕੇ ਸਾਰੇ ਦੇਸ਼ਾਂ ਵਿੱਚ ਸਰਮਾਏਦਾਰੀ ਦਾ ਸੰਕਟ ਬੇਹੱਦ ਜਲਦੀ ਉਥਲ-ਪੁਥਲ ਦੀ ਸਥਿਤੀ ਪੈਦਾ ਕਰ ਦਿੰਦਾ ਹੈ ਜਿਸ ਕਾਰਨ ਸਮਾਜ ਵਿੱਚ ਬੇਰੁਜ਼ਗਾਰੀ, ਗਰੀਬੀ, ਬੇਚੈਨੀ, ਅਸੁਰੱਖਿਆ ਦਾ ਪੈਦਾ ਹੋਣਾ ਅਤੇ ਕਰੋੜਾਂ ਦੀ ਸੰਖਿਆ ਵਿੱਚ ਲੋਕਾਂ ਦਾ ਆਰਥਿਕ, ਸਮਾਜਿਕ ਅਤੇ ਭੂਗੋਲਿਕ ਤੌਰ ‘ਤੇ ਉਜੜਨਾ ਬਹੁਤ ਤੇਜ਼ੀ ਨਾਲ਼ ਹੁੰਦਾ ਹੈ। ਉਂਝ ਹੁਣ ਇਹ ਗੱਲ ਸਿਰਫ ਅਜਿਹੇ ਪਿਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਲਾਗੂ ਨਹੀਂ ਹੋ ਰਹੀ ਸਗੋਂ ਕੁੱਝ ਉੱਨਤ ਸਰਮਾਏਦਾਰੀ ਦੇਸ਼ਾਂ ਵਿੱਚ ਵੀ ਸਰਮਾਏਦਾਰੀ ਦੇ ਸੰਕਟ ਦੇ ਡੂੰਘੇ ਹੋਣ ਨਾਲ਼ ਇੱਕ ਅਲੱਗ ਰੂਪ ਵਿੱਚ ਫਾਸੀਵਾਦੀ ਉਭਾਰ ਹੋ ਰਹੇ ਹਨ। ਫਿਲਹਾਲ, ਇਸ ਕਰਕੇ ਪੈਦਾ ਹੋਣ ਵਾਲ਼ੀ ਇਨਕਲਾਬੀ ਸਥਿਤੀ ਨੂੰ ਕੋਈ ਹੰਡੀ-ਵਰਤੀ ਇਨਕਲਾਬੀ ਪਾਰਟੀ ਹੀ ਸੰਭਾਲ਼ ਸਕਦੀ ਹੈ। ਫਾਸੀਵਾਦੀ ਉਭਾਰ ਹਮੇਸ਼ਾਂ ਸਮਾਜਿਕ ਜਮਹੂਰੀਆਂ ਦੀ ਘਿਨਾਉਣੀ ਗੱਦਾਰੀ ਕਾਰਨ ਅਤੇ ਇਨਕਲਾਬੀ ਕਮਿਊਨਿਸਟਾਂ ਦੀ ਅਕੁਸ਼ਲਤਾ ਦੇ ਕਾਰਨ ਸੰਭਵ ਹੋਇਆ ਹੈ। ਇਹਨਾਂ ਤੱਥਾਂ ਦਾ ਗਵਾਹ ਖੁਦ ਇਟਲੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements