ਇਸਤਰੀ ਮਜ਼ਦੂਰ ਸੰਗਠਨ ਵੱਲੋਂ ਕੌਮਾਂਤਰੀ ਔਰਤ ਦਿਵਸ 8 ਮਾਰਚ ਮਨਾਇਆ ਗਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸਤਰੀ ਮਜ਼ਦੂਰ ਸੰਗਠਨ ਵੱਲੋਂ ਕੌਮਾਂਤਰੀ ਔਰਤ ਦਿਵਸ 8 ਮਾਰਚ ਮੌਕੇ ਲੁਧਿਆਣਾ ਦੇ ਈ.ਡਬਲਯੂ.ਐੱਸ. ਕਲੋਨੀ, ਸੰਜੇਗਾਂਧੀ ਕਲੋਨੀ, ਢੰਡਾਰੀ ਆਦਿ ਇਲਾਕਿਆਂ ‘ਚ ਪਰਚਾ ਵੰਡਿਆ ਗਿਆ ਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ। ਇਸੇ ਸਬੰਧੀ 5 ਮਾਰਚ ਨੂੰ ਮਜ਼ਦੂਰ ਲਾਇਬ੍ਰੇਰੀ ਵਿੱਚ ਵਿਚਾਰ-ਚਰਚਾ ਕਰਵਾਈ ਗਈ। ਜਿਸ ਵਿੱਚ ਔਰਤਾਂ ਦੀ ਬਹਾਦਰੀ ਤੇ ਸੰਘਰਸ਼ਾਂ ਦੇ ਪ੍ਰਤੀਕ ਕੌਮਾਂਤਰੀ ਔਰਤ ਦਿਵਸ 8 ਮਾਰਚ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਗੱਲਬਾਤ ਕੀਤੀ ਗਈ ਕਿ ਕਿਸ ਤਰਾਂ ਔਰਤਾਂ ਨੇ ਆਪਣੇ ਹੱਕਾਂ ਲਈ ਆਪਣੇ ਦਮ ‘ਤੇ ਵੱਡੇ-ਵੱਡੇ ਸੰਘਰਸ਼ ਲੜੇ ਤੇ ਸਮਾਜ ਵਿੱਚ ਹਰ ਤਰਾਂ ਦੀ ਲੁੱਟ, ਜ਼ਬਰ ਤੇ ਅਨਿਆਂ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਅੱਜ ਤੱਕ ਕੋਈ ਵੀ ਸਮਾਜਿਕ ਤਬਦੀਲੀ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਨਹੀ ਆਈ। ਔਰਤਾਂ ਸੰਸਾਰ ਦੀ ਅੱਧੀ ਅਬਾਦੀ ਹਨ ਤੇ ਸਭ ਤੋਂ ਵੱਧ ਦੱਬਿਆ-ਕੁਚਲਿਆ ਤਬਕਾ ਹਨ ਤੇ ਇਹਨਾਂ ਵਿੱਚੋ ਮਜ਼ਦੂਰ ਔਰਤਾਂ ਤਾਂ ਹੋਰ ਵੀ ਵੱਧ ਦਾਬੇ ਦਾ ਸ਼ਿਕਾਰ ਹਨ, ਪਰ ਉਹ ਮਨੁੱਖਤਾ ਦੀ ਆਜ਼ਾਦੀ ਲਈ ਲੜੇ ਜਾਂਦੇ ਹਰ ਸੰਘਰਸ਼ ‘ਚ ਸਦਾ ਸ਼ਮਿਲ ਰਹੀਆਂ ਹਨ। ਇਸੇ ਤਰਾਂ ਅੱਜ ਦੇ ਸਮੇਂ ਵੀ ਉਹਨਾਂ ਨੂੰ ਰਵਾਇਤੀ ਜ਼ੰਜੀਰਾਂ ਤੋੜ ਕੇ ਆਪਣੇ ਹੱਕਾਂ ਲਈ ਇੱਕਜੁੱਟ ਹੋਣ ਦੀ ਲੋੜ ਹੈ। ਕਿਉਂਕਿ ਸਾਡੇ ਸਮਾਜ ਵਿੱਚ ਅੱਜ ਔਰਤਾਂ ਦੀਆਂ ਹਾਲਤਾਂ ਬਦ ਤੋਂ ਬਦਤਰ ਹੁੰਦੀਆਂ ਜਾ ਰਹੀਆਂ ਹਨ। ਉਹਨਾਂ ਨੂੰ ਮਨੁੱਖ ਨਾ ਸਮਝ ਕੇ ਕਿਸੇ ਵਸਤੂ ਦੀ ਤਰਾਂ ਪੇਸ਼ ਕੀਤਾ ਜਾਂਦਾ ਹੈ। ਔਰਤਾਂ ਵਿਰੁੱਧ ਹੋਣ ਵਾਲ਼ੇ ਅਪਰਾਧ ਦਿਨੋ-ਦਿਨ ਵਧਦੇ ਜਾ ਰਹੇ ਹਨ। ਹਰ ਰੋਜ਼ ਬਲਾਤਕਾਰ, ਦਹੇਜ਼ ਲਈ ਮਾਰ ਦੇਣ, ਤੇਜ਼ਾਬ ਸੁੱਟਣ ਤੇ ਛੇੜਛਾੜ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ਼ਦੀਆਂ ਹਨ। ਔਰਤਾਂ ਸਮਾਜ ਵਿੱਚ ਅਜ਼ਾਦੀ ਨਾਲ਼ ਘਰੋਂ ਬਾਹਰ ਨਹੀਂ ਜਾ ਸਕਦੀਆਂ। ਹਜ਼ਾਰਾਂ ਵਹਿਸ਼ੀ ਨਿਗਾਹਾਂ ਉਹਨਾਂ ਨੂੰ ਘਟੀਆ ਤਰੀਕੇ ਨਾਲ਼ ਦੇਖਦੀਆਂ ਹਨ। ਮਜ਼ਦੂਰ ਔਰਤਾਂ ਦੀਆਂ ਹਾਲਤਾਂ ਤਾਂ ਹੋਰ ਵੀ ਮਾੜੀਆਂ ਹਨ। ਉਹਨਾਂ ਨੂੰ ਫੈਕਟਰੀਆਂ ਵਿੱਚ ਸਸਤੇ ਮਜ਼ਦੂਰਾਂ ਦੇ ਰੂਪ ‘ਚ ਵਰਤਿਆ ਜਾਂਦਾ ਹੈ। ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਤਨਖਾਹ, ਛੁੱਟੀਆਂ ਦੇ ਪੈਸੇ, ਗਰਭਕਾਲ ਦੌਰਾਨ ਛੁੱਟੀ ਆਦਿ ਦਾ ਕੋਈ ਪ੍ਰਬੰਧ ਨਹੀਂ । ਘਰਾਂ ਵਿੱਚ ਪੀਸ ਰੇਟ ਤੇ ਕੰਮ ਕਰਨ ਵਾਲ਼ੀਆਂ ਔਰਤਾਂ ‘ਤੇ ਕੋਈ ਕਿਰਤ ਕਨੂੰਨ ਲਾਗੂ ਨਹੀਂ ਹੁੰਦਾ ਨਾ ਹੀ ਉਹਨਾਂ ਦੇ ਕੰਮ ਦੇ ਘੰਟੇ ਤੈਅ ਹਨ। ਅੱਜ ਔਰਤਾਂ ਆਪਣੀ ਇਕਜੁੱਟਤਾ ਤੋਂ ਬਿਨਾਂ ਹੋਰ ਕਿਸੇ ਤੋਂ ਵੀ ਆਪਣੀ ਅਜ਼ਾਦੀ ਦੀ ਆਸ ਨਹੀਂ ਕਰ ਸਕਦੀਆਂ। ਉਹਨਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਲੋੜ ਹੈ ਤੇ ਇੱਕ ਬਰਾਬਰੀ ਤੇ ਅਜ਼ਾਦੀ ਵਾਲ਼ਾ ਸਮਾਜ ਉਸਾਰਨ ਲਈ ਹਰ ਸੰਘਰਸ਼ ‘ਚ ਡਟ ਕੇ ਸ਼ਾਮਲ ਹੋਣਾ ਚਾਹੀਦਾ ਹੈ। ਵਿਚਾਰ-ਚਰਚਾ ਵਿੱਚ ਸ਼ਾਮਲ ਸਾਰੀਆਂ ਔਰਤਾਂ ਨੇ ਗੱਲਬਾਤ ਵਿੱਚ ਹਿੱਸਾ ਲਿਆ। ਉਹਨਾਂ ਨੇ ਔਰਤ ਵਿਰੋਧੀ ਮਾਨਸਿਕਤਾ ਖਤਮ ਕਰਨ ਲਈ ਤੇ ਔਰਤਾਂ ਨਾਲ਼ ਹੁੰਦੇ ਅਪਰਾਧਾਂ ਦਾ ਡਟ ਕੇ ਸਾਹਮਣਾ ਕਰਨ ਤੇ ਕਿਸੇ ਵੀ ਹਾਲਤ ‘ਚ ਡਰ ਕੇ ਚੁੱਪ ਕਰ ਜਾਣ ਦੀ ਥਾਂ ਆਪਣੀ ਅਵਾਜ਼ ਬੁਲੰਦ ਕਰਨ ਦੀ ਗੱਲ ਕੀਤੀ। 8 ਮਾਰਚ ਨੂੰ ਮਜ਼ਦੂਰ ਲਾਇਬ੍ਰੇਰੀ ਵਿੱਚ ਮਜ਼ਦੂਰ ਔਰਤਾਂ ਦੀ ਜ਼ਿੰਦਗੀ ਨਾਲ਼ ਸਬੰਧਿਤ ਫਿਲਮ ‘ਮਿਰਚ-ਮਸਾਲਾ’ ਪਰਦਾਪੇਸ਼ ਕੀਤੀ ਗਈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements