ਇੰਟਰਨੈੱਟ ਅਡਿਕਸ਼ਨ ਦਾ ਵਧਦਾ ਰੁਝਾਨ •ਸ਼੍ਰਿਸ਼ਟੀ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

1950ਵਿਆਂ ‘ਚ ਕੰਪਿਊਟਰ ਦੇ ਆਉਣ ਤੋਂ ਬਾਅਦ ਇੰਟਰਨੈੱਟ ਨੇ ਦੁਨੀਆਂ ਦੇ ਦਰਵਾਜ਼ੇ ‘ਤੇ ਦਸਤਕ ਦਿੱਤੀ। ਵਿਗਿਆਨ ਦੀ ਇਹ ਖੋਜ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।

ਜਿੱਥੇ ਇੱਕ ਪਾਸੇ ਮਨੁੱਖਾਂ ਵਿਚਲੀ ਹਜ਼ਾਰਾਂ ਮੀਲਾਂ ਦੀ ਦੂਰੀ ਨੂੰ ਸਕਿੰਟਾਂ ਤੱਕ ਸੀਮਤ ਕਰਕੇ ਇਸਨੇ ਮਨੁੱਖੀ ਮੇਲ ਜ਼ੋਲ ਨੂੰ ਵਧੇਰੇ ਬਿਹਤਰ ਬਣਾਇਆ ਹੈ ਉੱਥੇ ਹੀ ਦੂਜੇ ਪਾਸੇ ਦੁਨੀਆਂ ਭਰ ਦੇ ਗਿਆਨ ਨੂੰ ਸਿਰਫ ਇੱਕ ਕਲਿੱਕ ‘ਤੇ ਮਨੁੱਖ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤਾ।

ਪਰ ਇੰਟਰਨੈੱਟ ‘ਤੇ ਇਹ ਨਿਰਭਰਤਾ ਅਡਿਕਸ਼ਨ (ਆਦੀ ਹੋਣਾ) ਜਾਂ ਇੰਟਰਨੈੱਟ ਅਡਿਕਸ਼ਨ ਡਿਸਔਰਡਰ ਦੇ ਰੂਪ ਵਿੱਚ ਵੀ ਸਾਹਮਣੇ ਆ ਰਹੀ ਹੈ। ਇਹ ਅੱਜ ਸੰਸਾਰ ਪੱਧਰ ‘ਤੇ ਸੋਚਣ, ਵਿਚਾਰਨ ਤੇ ਬਹਿਸ ਦਾ ਮੁੱਦਾ ਬਣ ਚੁੱਕਾ ਹੈ। ‘ਅਮੈਰਿਕਨ ਸੁਸਾਇਟੀ ਆਫ ਅਡਿਕਸ਼ਨ ਮੈਡੀਸਨ’ ਨੇ ਅਡਿਕਸ਼ਨ ਦੀ ਨਵੀਂ ਪ੍ਰੀਭਾਸ਼ਾ ਦਿੰਦੇ ਹੋਏ ਕਿਹਾ ਕਿ ਅਡਿਕਸ਼ਨ ਇੱਕ ਗੰਭੀਰ ਦਿਮਾਗੀ ਰੋਗ ਹੈ ਜੋ ਇੱਕ ਪਦਾਰਥ ਤੱਕ ਸੀਮਤ ਨਹੀਂ ਹੈ। ਇੰਟਰਨੈੱਟ ਹੈਰੋਇਨ ਦਾ ਕੰਮ ਕਰ ਰਿਹਾ ਹੈ। ਸਮਾਜ ਦਾ ਸ਼ਾਇਦ ਹੀ ਕੋਈ ਅਜਿਹਾ ਤਬਕਾ ਹੋਵੇਗਾ ਜੋ ਇਲੈਕਟ੍ਰਾਨਿਕ ਹੈਰੋਇਨ ਦੇ ਅਸਰ ਤੋਂ ਬਚਿਆ ਹੋਵੇ। ਖਾਸ ਕਰਕੇ ਮੱਧਵਰਗੀ ਅਬਾਦੀ,  ਵਿਦਿਆਰਥੀਆਂ ਤੇ ਨੌਜਵਾਨਾਂ ਵਿੱਚ ਇਸਦਾ ਅਸਰ ਸਭ ਤੋਂ ਵੱਧ ਹੈ।

ਇੱਕ ਸਰਵੇਖਣ ਮੁਤਾਬਕ 13 ਤੋਂ 17 ਸਾਲ ਦੀ ਉਮਰ ਵਰਗ ਵਿੱਚ ਹਰ 4 ਵਿੱਚੋਂ 3, 18-24 ਵਰਗ ਵਿੱਚੋਂ 71 ਫੀਸਦੀ ਅਤੇ 34-44 ਦੇ ਉਮਰ ਵਰਗ ਦਾ ਅੱਧ ਇੰਟਰਨੈੱਟ ਅਡਿਕਸ਼ਨ ਦਾ ਸ਼ਿਕਾਰ ਹੈ। ਇੱਕ ਹੋਰ ਸਰਵੇਖਣ ਅਨੁਸਾਰ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਕਿਸ਼ੋਰ ਅਵਸਥਾ ਵਿੱਚ ਦਾਖਲ ਹੋਏ ਬੱਚੇ ਇਸਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਇਸਦੇ ਅਨੁਸਾਰ ਚੀਨ ਦੇ 11 ਫੀਸਦੀ, ਯੂਨਾਨ ਦੇ 8 ਫੀਸਦੀ, ਕੋਰੀਆ ਦੇ 18.4 ਫੀਸਦੀ ਅਤੇ ਅਮਰੀਕਾ ਦੇ 8.2 ਫੀਸਦੀ ਨੌਜਵਾਨ ਇੰਟਰਨੈੱਟ ਦੇ ਗੁਲਾਮ ਹਨ।

ਕਿਸ਼ੋਰ ਅਵਸਥਾ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੀ ਹੈ। ਇਸ ਉਮਰ ਵਿੱਚ ਇਨਸਾਨ ਦੇ ਵਿਚਾਰ ਇੱਕ ਦਿਸ਼ਾ ਲੈਂਦੇ ਹਨ ਤੇ ਉਸਦੀ ਸਖਸ਼ੀਅਤ ਇੱਕ ਰੂਪ ਲੈਂਦੀ ਹੈ। ਪਰ ਮੌਜੂਦਾ ਮੁਨਾਫੇ ‘ਤੇ ਅਧਾਰਤ ਸਰਮਾਏਦਾਰਾ ਪ੍ਰਬੰਧ ਦੇ ਫਲਸਰੂਪ ਸਮਾਜ ਵਿੱਚ ਪਸਰ ਰਹੀ ਬੇਗਾਨਗੀ ਤੋਂ ਬਚਣ ਲਈ ਨੌਜਵਾਨ ਸੋਸ਼ਲ ਨੈੱਟਵਰਕਿੰਗ ਸਾਈਟਸ ਅਤੇ ਆਨਲਾਈਨ ਵੀਡੀਓ ਗੇਮਿੰਗ ਤੋਂ ਰਾਹਤ ਦੀ ਭਾਲ ਕਰਦੇ ਹਨ ਜੋ ਉਹਨਾਂ ਨੂੰ ਦੱਬੂ, ਡਰਪੋਕ ਅਤੇ ਨਿਰਬਲ ਬਣਾ ਦਿੰਦੀ ਹੈ। ਫੇਸਬੁੱਕ ਤੇ ਇੰਸਟਾਗਰਾਮ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। 13-17 ਸਾਲ ਦੇ ਕਿਸ਼ੋਰਾਂ ਵਿੱਚ 71 ਫੀਸਦੀ ਫੇਸਬੁੱਕ ਤੇ 52 ਫੀਸਦੀ ਇੰਸਟਾਗਰਾਮ ਦੀ ਵਰਤੋਂ ਕਰਦੇ ਹਨ।

ਪੂਨੇ ਯੂਨੀਵਰਸਿਟੀ ਦੀ ਦੂਜੇ ਸਾਲ ਦੀ ਵਿਦਿਆਰਥਣ ਅਕਾਂਕਸ਼ਾ ਸਾਹਨੀ ਦੱਸਦੀ ਹੈ ਕਿ ਮੈਨੂੰ ਇੰਸਟਾਗਰਾਮ ਦੀ ਲੱਤ ਨਹੀਂ ਹੈ ਪਰ ਮੈਂ ਇਸ ਨਾਲ਼ ਜੁੜੀ ਹੋਈ ਹਾਂ। ਇੱਥੋਂ ਤੱਕ ਕਿ ਹਰ ਦਿਨ ਦੀ ਜਾਣਕਾਰੀ ਬਹੁਤ ਜੀਵੰਤ ਲੱਗਦੀ ਹੈ ਜਦੋਂ ਉਸਨੂੰ ਫੋਟੋ ਖਿੱਚ ਕੇ ਅਪਲੋਡ ਕੀਤਾ ਜਾਂਦਾ ਹੈ। ਮੈਂ ਫੋਟੋ ਨੂੰ ਅਲੱਗ-ਅਲੱਗ ਤਰ੍ਹਾਂ ਐਡਿਟ ਕਰਕੇ ਉਸਦੀ ਖੂਬਸੂਰਤੀ ਨੂੰ ਵਧਾ ਕੇ ਨਿੱਕੇ-ਨਿੱਕੇ ਸਿਰਲੇਖਾਂ ਨਾਲ ਅਪਲੋਡ ਕਰਦੀ ਹਾਂ। ਜਦੋਂ ਉਸਨੂੰ ਪੁੱਛਿਆ ਗਿਆ ਕਿ ਕਿਸ ਚੀਜ਼ ਦੀ ਫੋਟੋ ਖਿੱਚ ਕੇ ਅਪਲੋਡ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਬਹੁਤ ਫਜ਼ੂਲ ਲੱਗੇਗਾ ਪਰ ਮੈਂ ਹਰ ਚੀਜ਼ ਦੀ ਅਤੇ ਮੈਨੂੰ ਦਿਲਚਸਪ ਲੱਗਣ ਵਾਲੀ ਹਰ ਜਗ੍ਹਾ ਦੀ ਫੋਟੋ ਖਿੱਚਦੀ ਹਾਂ। ਸਵੇਰ ਦੀ ਆਪਣੀ ਚਾਹ ਦੇ ਗਿਲਾਸ ਤੋਂ ਲੈ ਕੇ ਮੀਂਹ ਤੋਂ ਬਾਅਦ ਪਾਰਕ ਵਿੱਚ ਮਿੱਟੀ ਦੇ ਕਿਨਾਰੇ ਤੱਕ ਦੀ ਫੋਟੋ ਖਿੱਚਦੀ ਹਾਂ। ਮੈਨੂੰ ਇਹ ਸਾਰੀਆਂ ਚੀਜਾਂ ਨੂੰ ਆਪਣੇ ਫੋਨ ‘ਚ ਰੱਖਣਾ ਵਧੀਆ ਲੱਗਦਾ ਹੈ। ਇਸ ਤੋਂ ਵੀ ਜ਼ਰੂਰੀ, ਜਦੋਂ ਮੇਰੇ ਫੋਨ ਦੀ ਬੱਤੀ ਜਗਦੀ ਹੈ ਤੇ ਉੱਥੇ ਮੁੱਠੀ ਭਰ ਨੋਟੀਫਿਕੇਸ਼ਨ ਹੁੰਦੀਆਂ ਹਨ ਜੋ ਦੱਸਦੀਆਂ ਨੇ ਕਿ 23 ਲੋਕਾਂ ਨੇ ਮੇਰੀ ਫੋਟੋ ਨੂੰ ਪਸੰਦ ਕੀਤਾ ਹੈ ਤੇ ਇੱਕ ਬਹੁਤ ਖੂਬਸੂਰਤ ਟਿੱਪਣੀ ਵੀ ਕੀਤੀ ਹੈ ਤਾਂ ਮੈਂ ਬਹੁਤ ਉਤਸ਼ਾਹਿਤ ਮਹਿਸੂਸ ਕਰਦੀ ਹਾਂ।

ਬਾਕੀ ਨਸ਼ਿਆਂ ਵਾਂਗ ਹੀ ਇੰਟਰਨੈੱਟ ਦੀ ਵਰਤੋਂ ਦਿਮਾਗ ਵਿੱਚ ‘ਡੋਪਾਮਾਈਨ’ ਦੀ ਮਾਤਰਾ ਵਧਾਉਂਦੀ ਹੈ ਤੇ ਮਨੁੱਖ ਖੁਸ਼ੀ ਮਹਿਸੂਸ ਕਰਦਾ ਹੈ। ਇੰਟਰਨੈੱਟ ਛੁਡਾਊ ਕੇਂਦਰ ਵਿੱਚ ਇਲਾਜ਼ ਕਰਵਾਉਂਦਾ 21 ਸਾਲਾ ਨੌਜਵਾਨ ਦੱਸਦਾ ਹੈ : “ਮੈਂ ਮਹਿਸੂਸ ਕਰਦਾ ਹਾਂ ਕਿ ਇਹ ਤਕਨੀਕ ਮੇਰੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਲੈ ਕੇ ਆਈ ਹੈ। ਹੋਰ ਕੋਈ ਵੀ ਕੰਮ ਮੈਨੂੰ ਇੰਨਾ ਉਤੇਜਿਤ ਨਹੀਂ ਕਰਦਾ ਤੇ ਅਰਾਮ ਨਹੀਂ ਦਿੰਦਾ ਜਿੰਨਾ ਕਿ ਇਹ ਤਕਨੀਕ ਦਿੰਦੀ ਹੈ। ਜਦੋਂ ਮੈਂ ਉਦਾਸ ਹੁੰਦਾ ਹਾਂ ਤਾਂ ਮੈਂ ਖੁਦ ਨੂੰ ਇਕੱਲਾ ਕਰਨ ਤੇ ਮੁੜ ਖੁਸ਼ ਹੋਣ ਲਈ ਇਸ ਤਕਨੀਕ ਦੀ ਵਰਤੋਂ ਕਰਦਾ ਹਾਂ।”

ਜਿਹੜਾ ਨੌਜਵਾਨ ਤਬਕਾ ‘ਨਵੇਂ’ ਵਰਗੇ ਪਿਆਰੇ ਸ਼ਬਦ ਨੂੰ ਜਿੰਦਾ ਰੱਖਦਾ ਹੈ, ਜਿਨ੍ਹਾਂ ਕੋਲ ਨਵੇਂ ਕੱਲ ਦੇ ਸੁਪਨੇ, ਨਵੇਂ ਸੰਕਲਪ, ਨਵੀਆਂ ਇੱਛਾਵਾਂ, ਨਵਾਂ ਪਿਆਰ ਅਤੇ ਨਵੇਂ ਵਿਸ਼ਵਾਸ਼ ਹੁੰਦੇ ਹਨ ਉਹੀ ਨੌਜਵਾਨ ਅੱਜ ਬੇਗਾਨਗੀ ਤੇ ਇਕੱਲੇਪਣ ਤੋਂ ਦੁਖੀ ਹੋ ਕੇ ਵਰਚੁਅਲ ਰਿਐਲਿਟੀ ਦੀਆਂ ਰਾਹਾਂ ‘ਤੇ ਤੁਰ ਰਹੇ ਹਨ ਜਿਸਦਾ ਅੰਤ ਵਧੇਰੇ ਬੇਗਾਨਗੀ ਵਿੱਚ ਹੁੰਦਾ ਹੈ।

ਸੋਸ਼ਲ ਨੈਟਵਰਕਿੰਗ ਸਾਈਟਸ ਤੋਂ ਬਾਅਦ ਨੌਜਵਾਨਾਂ ਵਿੱਚ ਪ੍ਰਚੱਲਿਤ ਚੀਜ ਹੈ ਆਨਲਾਈਨ ਵੀਡੀਓ ਗੇਮਿੰਗ। 1970-80ਵਿਆਂ ‘ਚ ਹੋਂਦ ‘ਚ ਆਉਣ ਮਗਰੋਂ ਵੀਡੀਓ ਗੇਮ ਇੰਡਸਟਰੀ ਨੇ 2002 ਤੱਕ 10.3 ਬਿਲੀਅਨ ਡਾਲਰ ਕਮਾਏ। ਵੀਡੀਓ ਗੇਮਾਂ ਵੱਲ ਲੋਕਾਂ ਦਾ ਵਧਦਾ ਰੁਝਾਨ ਵੀ ਅੱਜ ਵੀਡੀਓ ਗੇਮ ਅਡਿਕਸ਼ਨ ਦਾ ਰੂਪ ਧਾਰ ਚੁੱਕਾ ਹੈ। ਇੱਕ ਰਸਾਲੇ ਵਿੱਚ ਛਪੀ ਖੋਜ ਮੁਤਾਬਕ 3034 ਬੱਚਿਆਂ ਵਿੱਚੋਂ 9 ਫੀਸਦੀ ਬੱਚੇ ਆਨਲਾਈਨ ਵੀਡੀਓ ਗੇਮ ਅਡਿਕਸ਼ਨ ਦੇ ਸ਼ਿਕਾਰ ਹਨ ਅਤੇ 4 ਫੀਸਦੀ ਬੱਚੇ ਅਜਿਹੇ ਹਨ ਜੋ 50 ਘੰਟੇ ਪ੍ਰਤੀ ਹਫਤੇ ਦੀ ਔਸਤ ਨਾਲ ਇਸਦੀ ਵਰਤੋਂ ਕਰਦੇ ਹਨ।

ਅੱਜ ਇਹ ਮਨੋਰੰਜਨ ਤੋਂ ਕਿਤੇ ਦੂਰ ਹੋਕੇ ਮੌਤ ਦੇ ਨੇੜੇ ਅੱਪੜ ਚੁੱਕੀ ਹੈ। ਕੋਰੀਅਨ ਮੀਡੀਆ ਵੱਲੋਂ ਦਿੱਤੀ ਇੱਕ ਖਬਰ ਮੁਤਾਬਕ ਇੱਕ ਜੋੜੇ ਨੇ, ਜੋ ਪ੍ਰਤੀ ਦਿਨ 12 ਘੰਟੇ ਕੰਪਿਊਟਰ ‘ਤੇ ‘ਵਰਚੁਅਲ’ ਬੱਚੇ ਦਾ ਪਾਲਣ-ਪੋਸ਼ਣ ਕਰਦੇ ਸਨ, ਉਹਨਾਂ ਨੇ ਆਪਣੀ 3 ਮਹੀਨੇ ਦੀ ਬੱਚੀ ਨੂੰ ਨਜ਼ਰ ਅੰਦਾਜ਼ ਕੀਤਾ ਤੇ ਕੁਪੋਸ਼ਣ ਕਾਰਨ ਜਿਸਦੀ ਮੌਤ ਹੋ ਗਈ। ਇਹ ਘਟਨਾ ਬਾਖੂਬੀ ਦਰਸਾਉਂਦੀ ਹੈ ਕਿ ਅੱਜ ਇਨਸਾਨ ਵਿੱਚ ਬੇਗਾਨਗੀ ਦਾ ਭਾਵ ਇੰਨਾ ਡੂੰਘਾ ਹੋ ਚੁੱਕਾ ਹੈ ਕਿ ਅਸਲੀ ਇਨਸਾਨਾਂ ਨੂੰ ਅਣਗੌਲਿਆਂ ਕਰਕੇ ਆਪਣੀ ਊਰਜਾ ਉਸ ਦੁਨੀਆਂ ‘ਤੇ ਲਾਉਂਦਾ ਹੈ ਜੋ ਕਦੇ ਹੋਂਦ ਵਿੱਚ ਨਹੀਂ ਆਈ।

ਇੰਨਟਰਨੈੱਟ ਅਡਿਕਸ਼ਨ ਦਾ ਦਿਮਾਗੀ ਰੋਗ ਜਿੰਨਾਂ ਆਸੇ ਪਾਸੇ ਲਈ ਘਾਤਕ ਹੈ, ਇਸ ਤੋਂ ਵੀ ਕਿਤੇ ਵੱਧ ਇਹ ਉਸ ਇਨਸਾਨ ਲਈ ਪ੍ਰੇਸ਼ਾਨੀ ਹੈ ਜੋ ਇਸਦਾ ਸ਼ਿਕਾਰ ਹੈ। ਚੀਨ ਦੇ ਇੱਕ ਨੌਜਵਾਨ ਨੂੰ ਜਦੋਂ ਇਹ ਅਹਿਸਾਸ ਹੋਇਆ ਕਿ ਉਸ ਨੂੰ ਇੰਨਰਨੈੱਟ ਦੀ ਲਤ ਲੱਗ ਚੁੱਕੀ ਹੈ ਤਾਂ ਉਸ ਨੇ ਇਸ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਪਰ ਅਸਫਲ ਹੋਣ ‘ਤੇ ਉਸ ਨੇ ਆਪਣਾ ਖੱਬਾ ਹੱਥ ਇਹ ਸੋਚ ਕੇ ਵੱਢ ਲਿਆ ਕਿ ਹੱਥ ਨਹੀਂ ਰਹੁਗਾ ਤਾਂ ਇੰਟਰਨੈੱਟ ਇਸਤੇਮਾਲ ਵੀ ਨਹੀਂ ਕਰ ਸਕਾਂਗਾ।

ਇੰਟਰਨੈੱਟ ਅਡਿਕਸ਼ਨ ਅੱਜ ਇੱਕ ਗੰਭੀਰ ਸਮੱਸਿਆ ਹੈ। ਨੌਜਵਾਨਾਂ ਨੂੰ ਇਸ ਦੀ ਜਕੜ ਤੋਂ ਬਚਾਉਣ ਲਈ ਦੁਨੀਆਂ ਭਰ ਵਿੱਚ ਅਲੱਗ-ਅਲੱਗ ਤਰੀਕੇ ਅਪਣਾਏ ਜਾ ਰਹੇ ਹਨ। ਚੀਨ ਵਿੱਚ ਇੰਟਰਨੈੱਟ ਛੁਡਾਓ ਕੈਂਪ ਚਲਾਏ ਜਾ ਰਹੇ ਹਨ ਜਿੱਥੇ 1500 ਦੇ ਕਰੀਬ ਸਿੱਖਿਅਤ ਨਿਰਦੇਸ਼ਕ ਹਨ ਜੋ ਨੌਜਵਾਨਾਂ ਦੀ ਇੰਟਰਨੈੱਟ ਛੁਡਾਉਣ ਵਿੱਚ ਮਦਦ ਕਰਦੇ ਹਨ। ‘ਵੈੱਬ ਜੰਕੀਜ਼’ (Web junkies) ਨਾਮੀ ਡਾਕਿਊਮੈਂਟਰੀ ਇਨ੍ਹਾਂ ਕੈਂਪਾ ਦੀ ਤਸਵੀਰ ਪੇਸ਼ ਕਰਦੀ ਹੈ। ਕੋਰੀਆ ਦੇ ਸਕੂਲਾਂ ਵਿੱਚ ਪੜ੍ਹਾਏ ਜਾ ਰਹੇ ਪਾਠਕ੍ਰਮ ਵਿੱਚ ਇੰਟਰਨੈੱਟ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਵਰਗੇ ਵਿਸ਼ੇ ਸ਼ਾਮਲ ਕੀਤੇ ਗਏ ਹਨ। 3 ਸਾਲ ਦੇ ਬੱਚੇ ਨਾਲ਼ ਵੀ ਇਸ ਬਾਰੇ ਗੱਲ ਕੀਤੀ ਜਾਂਦੀ ਹੈ।

ਸਵਾਲ ਇਹ ਹੈ ਕਿ ਇਸਦਾ ਜ਼ਿੰਮੇਵਾਰ ਕੌਣ ਹੈ? ਕੀ ਉਹ ਨੌਜਵਾਨ ਇਸ ਦੇ ਜ਼ਿੰਮੇਵਾਰ ਹਨ ਜੋ ਇਸਦਾ ਸੰਤਾਪ ਹੰਢਾ ਰਹੇ ਹਨ ਜਾਂ ਵਿਗਿਆਨ ਵੱਲੋਂ ਸਮਾਜ ਨੂੰ ਭੇਟ ਕੀਤੀ ਇਹ ਤਕਨੀਕ ਇਸ ਦੀ ਜ਼ਿੰਮੇਵਾਰ ਹੈ। ਇਸ ਲਈ ਜ਼ਿੰਮੇਵਾਰ ਨਾ ਤਾਂ ਤਕਨੀਕ ਹੈ ਨਾ ਹੀ ਉਹ ਨੌਜਵਾਨ। ਇਸ ਦੀ ਜੜ੍ਹ ਮੌਜੂਦਾ ਸਰਮਾਏਦਾਰਾ ਪ੍ਰਬੰਧ ਵਿੱਚ ਹੈ। ਵਿਗਿਆਨ ਜੋ ਮਨੁੱਖ ਦੀ ਸੇਵਾ ਲਈ ਸਿਰਜਿਆ ਜਾਂਦਾ ਹੈ ਜਦੋਂ ਮੁਨਾਫੇ ਦੀ ਜਕੜ ਵਿੱਚ ਆਉਂਦਾ ਹੈ ਤਾਂ ਆਪਣੇ ਉਲਟ ਵਿੱਚ ਬਦਲ ਜਾਂਦਾ ਹੈ। ਮਨੁੱਖ ਦੁਆਰਾ ਵਿਕਸਿਤ ਕੀਤਾ ਵਿਗਿਆਨ ਮਨੁੱਖ ਨੂੰ ਹੀ ਗੁਲਾਮ ਬਣਾ ਲੈਂਦਾ ਹੈ। ਇੰਟਰਨੈੱਟ ਅਡਿਕਸ਼ਨ ਦਾ ਦੂਜਾ ਅਤੇ ਮੁੱਖ ਕਾਰਨ ਸਮਾਜ ਵਿੱਚ ਪਸਰ ਰਹੀ ਬੇਗਾਨਗੀ ਹੈ। ਬੇਗਾਨਗੀ ਇਸ ਪ੍ਰਬੰਧ ਦਾ ਅਟੁੱਟ ਅੰਗ ਹੈ। ਗਲ ਸੜ ਰਹੇ ਸਰਮਾਏਦਾਰਾ ਪ੍ਰਬੰਧ ਤੋਂ ਮਿਲੀ ਆਤਮਿਕ ਕੰਗਾਲੀ ਅਤੇ ਬੇਗਾਨਗੀ ਨੌਜਵਾਨਾਂ ਨੂੰ ਇੰਟਰਨੈੱਟ ਦਾ ਸਹਾਰਾ ਲੈਣ ਲਈ ਮਜ਼ਬੂਰ ਕਰਦੀ ਹੈ ਅਤੇ ਇਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਰਾਹਤ ਕੈਂਪ, ਦਵਾਈਆਂ, ਮਨੋਵਿਗਿਆਨਕ ਹੱਲ ਫੌਰੀ ਰਾਹਤ ਤਾਂ ਦੇ ਸਕਦੇ ਹਨ ਪਰ ਅੰਤਮ ਰੂਪ ਵਿੱਚ ਇਸ ਸਮੱਸਿਆ ਨੂੰ ਖਤਮ ਨਹੀਂ ਕਰ ਸਕਦੇ। ਇੰਟਰਨੈੱਟ ਅਡਿਕਸ਼ਨ ਵਰਗੇ ਮਾਨਸਿਕ ਰੋਗਾਂ ਦਾ ਖਾਤਮਾ ਸਰਮਾਏਦਾਰਾ ਪ੍ਰਬੰਧ ਦੇ ਖਾਤਮੇ ਨਾਲ਼ ਹੀ ਹੋਵੇਗਾ। ਇਹ ਧਨ ਪਸ਼ੂਆਂ ਲਈ ਬਣੇ ਇਸ ਪ੍ਰਬੰਧ ਨੂੰ ਉਖਾੜ ਸੁੱਟਣ ‘ਤੇ ਹੀ ਇੱਕ ਤੰਦਰੁਸਤ ਸਮਾਜ ਸਿਰਜਿਆ ਜਾ ਸਕਦਾ ਹੈ ਅਤੇ ਇੰਟਰਨੈੱਟ ਅਡਿਕਸ਼ਨ ਵਰਗੀਆਂ ਸਮੱਸਿਆਵਾਂ ਨਾਲ਼ ਨਜਿੱਠਿਆ ਜਾ ਸਕਦਾ ਹੈ।  

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements