ਇਨਕਲਾਬੀ ਜੱਥੇਬੰਦੀਆਂ ਨੇ ਅਮਰ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਇਆ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸ਼ਹੀਦ ਸੁਖਦੇਵ ਦਾ ਜਨਮ ਸਥਾਨ ਨੌਘਰਾ ਮੁਹੱਲਾ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ਼ ਗੂੰਜਿਆ

ਲੰਘੀ 15 ਮਈ ਦੀ ਸ਼ਾਮ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਨੌਘਰਾ ਮੁਹੱਲਾ ਲੁਧਿਆਣਾ ਵਿਖੇ ਬਿਗੁਲ ਮਜ਼ਦੂਰ ਦਸਤਾ, ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਇਆ ਗਿਆ। ਘੰਟਾ ਘਰ ਚੌਂਕ ਨੇੜੇ ਨਗਰ ਨਿਗਮ ਦਫਤਰ ਤੋਂ ਲੈ ਕੇ ਨੌਘਰੇ ਮੁਹੱਲੇ ਤੱਕ ਪੈਦਲ ਮਾਰਚ ਕੀਤਾ ਗਿਆ। ਸ਼ਹੀਦ ਸੁਖਦੇਵ ਦੀ ਯਾਦਗਾਰ ‘ਤੇ ਇਨਕਲਾਬੀ ਆਗੂਆਂ ਤੇ ਹੋਰ ਲੋਕਾਂ ਨੇ ਫੁੱਲ ਭੇਂਟ ਕੀਤੇ। ਇਲਾਕੇ ਵਿੱਚ ਜੱਥੇਬੰਦੀਆਂ ਵੱਲੋਂ ਜਾਰੀ ਇੱਕ ਪਰਚਾ ਵੀ ਵੰਡਿਆ ਗਿਆ। ਕਈ ਥਾਵਾਂ ‘ਤੇ ਨੁੱਕੜ ਸਭਾਵਾਂ ਕੀਤੀਆਂ। ਇਸ ਮੌਕੇ ਬਿਗੁਲ ਮਜ਼ਦੂਰ ਦਸਤਾ ਦੇ ਆਗੂ ਲਖਵਿੰਦਰ, ਬਲਜੀਤ, ਲੋਕ ਮੋਰਚਾ ਪੰਜਾਬ ਦੇ ਆਗੂ ਕਸਤੂਰੀ ਲਾਲ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਸੁਖਦੇਵ ਭੂੰਦੜੀ ਤੇ ਜਸਵੰਤ ਜੀਰਖ ਨੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਲੋਕਾਂ ਨੂੰ ਸੰਬੋਧਿਤ ਹੁੰਦੇ ਹੋਏ ਆਗੂਆਂ ਨੇ ਕਿਹਾ ਕਿ ਉਹਨਾਂ ਲਈ ਸ਼ਹੀਦ ਸੁਖਦੇਵ ਨੂੰ ਯਾਦ ਕਰਨਾ, ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਦਾ ਅਰਥ ਕੋਈ ਰਸਮ ਪੂਰਤੀ ਜਾਂ ਕਰਮਕਾਂਡ ਨਹੀਂ ਹੈ। ਇਨਕਲਾਬੀ ਸ਼ਹੀਦਾਂ ਦੀਆਂ ਕੁਰਬਾਨੀਆਂ ਮਨੁੱਖਤਾ ਦੀ ਲੁੱਟ, ਜ਼ਬਰ, ਅਨਿਆਂ ਤੋਂ ਮੁਕਤੀ ਚਾਹੁਣ ਵਾਲ਼ੇ ਅਤੇ ਇਸ ਮਕਸਦ ਖਾਤਰ ਜੂਝਣ ਵਾਲ਼ੇ ਲੋਕਾਂ ਨੂੰ ਹਮੇਸ਼ਾਂ ਹੀ ਅਥਾਹ ਪ੍ਰੇਰਣਾ ਦਿੰਦੀਆਂ ਰਹੀਆਂ ਹਨ। ਸ਼ਹੀਦ ਸੁਖਦੇਵ ਦੀ ਕੁਰਬਾਨੀਆਂ ਭਰੀ ਸ਼ਾਨਦਾਰ ਜ਼ਿੰਦਗੀ ਅਤੇ ਹੱਸਦਿਆਂ ਹੋਇਆਂ ਫਾਂਸੀ ਦਾ ਰੱਸਾ ਚੁੰਮਣਾ ਤਬਦੀਲੀ ਪਸੰਦ ਨੌਜਵਾਨਾਂ-ਕਿਰਤੀਆਂ ਨੂੰ ਸਮਾਜ ਦੀ ਬਿਹਤਰੀ ਲਈ ਜੂਝਣ ਲਈ ਪ੍ਰੇਰਿਤ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਉਹਨਾਂ ਕਿਹਾ ਕਿ ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਸ਼ਹੀਦ ਸੁਖਦੇਵ ਅਤੇ ਉਸਦੇ ਸਾਥੀ ਸਿਰਫ਼ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਲਈ ਹੀ ਲੜ ਰਹੇ ਸਨ। ਇਹ ਸੱਚ ਨਹੀਂ ਹੈ। ਆਪਣੀ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਪੰਜਾਬ ਦੇ ਗਵਰਨਰ ਨੂੰ ਲਿਖੇ ਖ਼ਤ ਵਿੱਚ ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਨੇ ਲਿਖਿਆ ਸੀ – ”ਇੱਕ ਯੁੱਧ ਛਿੜਿਆ ਹੋਇਆ ਹੈ ਅਤੇ ਇਹ ਯੁੱਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੁੱਝ ਤਾਕਤਵਰ ਵਿਅਕਤੀ ਭਾਰਤੀ ਲੋਕਾਂ ਅਤੇ ਕਿਰਤੀਆਂ ਦੀ ਆਮਦਨ ਦੇ ਸਾਧਨਾਂ ‘ਤੇ ਕਬਜ਼ਾ ਜਮਾਈ ਰੱਖਣਗੇ। ਇਹ ਵਿਅਕਤੀ ਅੰਗਰੇਜ਼ ਸਰਮਾਏਦਾਰ ਹੋਣ, ਸ਼ੁੱਧ ਭਾਰਤੀ ਹੋਣ ਜਾਂ ਭਾਵੇਂ ਆਪਸ ਵਿੱਚ ਮਿਲ਼ੇ ਹੋਏ … ਹਾਲਤ ਵਿੱਚ ਕੋਈ ਫ਼ਰਕ ਨਹੀਂ ਪੈਂਦਾ।”

ਬੁਲਾਰਿਆਂ ਨੇ ਕਿਹਾ ਕਿ ਸੁਖਦੇਵ ਅਤੇ ਉਸਦੇ ਸਾਥੀਆਂ ਦਾ ਇਹ ਸਪੱਸ਼ਟ ਮੰਨਣਾ ਸੀ ਕਿ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਦਾ ਖਾਤਮਾ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਨਾਲ਼ ਹੀ ਲੋਕਾਂ ਦੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ। ਸੁਖਦੇਵ ਨੇ ਲਿਖਿਆ ਸੀ ਕਿ – ”ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਨਕਲਾਬੀਆਂ ਦਾ ਉਦੇਸ਼ ਇਸ ਦੇਸ਼ ਵਿੱਚ ਸਮਾਜਵਾਦੀ ਜਮਹੂਰੀ ਪ੍ਰਣਾਲ਼ੀ ਸਥਾਪਿਤ ਕਰਨਾ ਹੈ।”

ਆਗੂਆਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਨੂੰ ਧਰਮ, ਜਾਤ, ਬਰਾਦਰੀ, ਖੇਤਰ ਆਦਿ ਨਾਲ਼ ਜੋੜ ਕੇ ਉਹਨਾਂ ਦੀ ਕੁਰਬਾਨੀ ਦੇ ਮਹੱਤਵ ਨੂੰ ਘਟਾਉਣ ਅਤੇ ਉਹਨਾਂ ਦੀ ਇਨਕਲਾਬੀ ਸੋਚ ‘ਤੇ ਪਰਦਾ ਪਾਉਣ ਦੀਆਂ ਜਾਣੇ-ਅਣਜਾਣੇ ਵਿੱਚ ਕੋਸ਼ਿਸ਼ਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਅਤੇ ਅੱਜ ਵੀ ਹੋ ਰਹੀਆਂ ਹਨ। ਪਰ ਉਹਨਾਂ ਦੀ ਲੜਾਈ ਤਾਂ ਸਮੁੱਚੀ ਮਨੁੱਖਤਾ ਨੂੰ ਹਰ ਤਰ੍ਹਾਂ ਦੀ ਆਰਥਿਕ, ਸਿਆਸੀ, ਸਮਾਜਿਕ ਗੁਲਾਮੀ, ਲੁੱਟ, ਦਾਬੇ, ਜ਼ਬਰ ਤੋਂ ਮੁਕਤ ਕਰਾਉਣ ਦੀ ਸੀ। ਇਸ ਲਈ ਜਾਣੇ-ਅਣਜਾਣੇ ਵਿੱਚ ਕੀਤੀਆਂ ਜਾ ਰਹੀਆਂ ਅਜਿਹੀਆਂ ਕੋਸ਼ਿਸ਼ਾਂ ਦਾ ਡਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਕਿਰਤੀ ਲੋਕਾਂ ਦਾ ਗਰੀਬੀ, ਬਦਹਾਲੀ, ਬੇਰੁਜ਼ਗਾਰੀ ਤੋਂ ਛੁਟਕਾਰਾ ਧਰਮਾਂ, ਜਾਤਾਂ, ਖੇਤਰਾਂ ਆਦਿ ਦੀਆਂ ਵੰਡੀਆਂ ਖਤਮ ਕਰਕੇ ਇੱਕਮੁੱਠ ਹੋ ਕੇ ਲੁਟੇਰੇ ਹਾਕਮਾਂ ਖਿਲਾਫ਼ ਇਨਕਲਾਬੀ ਜਮਾਤੀ ਘੋਲ਼ ਰਾਹੀਂ ਹੀ ਹੋ ਸਕਦਾ ਹੈ।

ਅੱਜ ਦੇਸ਼ ਦੇ ਆਮ ਕਿਰਤੀ ਲੋਕਾਂ ਦੀਆਂ ਹਾਲਤਾਂ ਬਹੁਤ ਬੁਰੀਆਂ ਹੋ ਚੁੱਕੀਆਂ ਹਨ। ਅਮੀਰੀ-ਗਰੀਬੀ ਦੇ ਵਧਦੇ ਪਾੜੇ, ਬੇਰੁਜ਼ਗਾਰੀ, ਪੈਸੇ ਦੀ ਥੁੜ ਕਾਰਨ ਇਲਾਜਯੋਗ ਬਿਮਾਰੀਆਂ ਨਾਲ਼ ਵੀ ਮੌਤਾਂ, ਬਾਲ ਮਜ਼ਦੂਰੀ, ਔਰਤਾਂ ਖਿਲਾਫ਼ ਵਧਦੇ ਅਪਰਾਧ, ਗਰੀਬਾਂ ਦੀ ਸਿੱਖਿਆ ਤੋਂ ਵਧਦੀ ਜਾ ਰਹੀ ਦੂਰੀ, ਵੋਟਾਂ ਲਈ ਲੋਕਾਂ ਨੂੰ ਧਾਰਮਿਕ-ਜਾਤ ਅਧਾਰਤ ਫਿਰਕਾਪ੍ਰਸਤੀ ਦੀ ਅੱਗ ਵਿੱਚ ਝੋਕ ਦੇਣ ਦੀਆਂ ਪਹਿਲਾਂ ਤੋਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਘਿਣੌਣੀਆਂ ਸਾਜ਼ਿਸ਼ਾਂ, ਕਦਮ-ਕਦਮ ‘ਤੇ ਆਮ ਲੋਕਾਂ ‘ਤੇ ਵਧਦਾ ਜਾ ਰਿਹਾ ਜ਼ਬਰ-ਜ਼ੁਲਮ  ਆਦਿ ਹੀ ਉਹ ਅਜ਼ਾਦੀ ਹੈ ਜਿਸਦੇ ਗੁਣਗਾਣ ਪਿਛਲੇ 70 ਸਾਲਾਂ ਤੋਂ ਦੇਸ਼ ਦੇ ਹਾਕਮ ਕਰਦੇ ਆਏ ਹਨ। ਲੋਕਾਂ ਦੇ ਹੱਕਾਂ ਲਈ ਲੜਦੇ ਲੋਕਾਂ ਨੂੰ ਦੇਸ਼ਧ੍ਰੋਹੀ ਕਰਾਰ ਦੇ ਕੇ ਦੇਸ਼ ਦੇ ਹਾਕਮ ਜ਼ਬਰ ਢਾਹ ਰਹੇ ਹਨ। ਜਦ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ ਤਦ ਤੋਂ ਲੋਕਾਂ ਦੇ ਹੱਕਾਂ ‘ਤੇ ਹਮਲਾ ਹੋਰ ਵੀ ਤੇਜ਼ ਹੋ ਗਿਆ ਹੈ।

ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਅਤੇ ਉਸਦੇ ਸਾਥੀਆਂ ਦੇ ਸੁਪਨਿਆਂ ਦਾ ਸਮਾਜ ਬਣਨਾ ਅਜੇ ਬਾਕੀ ਹੈ। ਇਸ ਖਾਤਰ ਲੋਕਾਂ ਨੂੰ ਅੱਗੇ ਆਉਣਾ ਹੀ ਪਵੇਗਾ। ਉਨ੍ਹਾਂ ਲੋਕਾਂ ਨੂੰ ਸ਼ਹੀਦ ਸੁਖਦੇਵ ਦੇ ਜਨਮ ਦਿਨ ‘ਤੇ ਇਨਕਲਾਬੀ ਸ਼ਹੀਦਾਂ ਦੀ ਸੋਚ ਅਪਣਾਉਣ ਅਤੇ ਫੈਲਾਉਣ ਦਾ ਪ੍ਰਣ ਕਰਨ, ਉਹਨਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਦੀ ਜ਼ੋਰਦਾਰ ਤਿਆਰੀ ਵਿੱਚ ਲੱਗ ਜਾਣ ਦਾ ਪ੍ਰਣ ਕਰਨ ਦਾ ਸੱਦਾ ਦਿੱਤਾ ਹੈ।

-ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ