ਇਨਕਲਾਬ ਲਈ ਜੂਝੀ ਜਵਾਨੀ •ਗੁਰਪ੍ਰੀਤ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਜ਼ਾਦੀ ਲਈ ਮਨੁੱਖਤਾ ਦੀਆਂ ਜੱਦੋਜਹਿਦਾਂ ਦਾ ਇਤਿਹਾਸ ਨੌਜਵਾਨ ਪੀੜ੍ਹੀਆਂ ਦਾ ਵੀ ਇਤਿਹਾਸ ਹੈ। ਨੌਜਵਾਨ ਪੂਰੀ ਮਨੁੱਖਤਾ ਲਈ, ਬਿਹਤਰ ਸਮਾਜ ਦੇ ਇੱਕ ਅਦਾਰਸ਼ ਲਈ ਹਮੇਸ਼ਾਂ ਘਾਲਣਾ ਘਾਲਦੇ ਆਏ ਹਨ। ਹਰ ਨਵੇਂ ਸਮਾਜ ਦੇ ਬੂਟੇ ਨੂੰ ਨੌਜਵਾਨਾਂ ਨੇ ਆਪਣੇ ਲਹੂ ਨਾਲ਼ ਸਿੰਜਿਆ ਹੈ। ਮਨੁੱਖੀ ਇਤਿਹਾਸ ਦੀ ਬੇਮਿਸਾਲ ਘਟਨਾ ਰੂਸੀ ਇਨਕਲਾਬ ਅਤੇ ਸਮਾਜਵਾਦੀ ਸਮਾਜ ਦੀ ਉਸਾਰੀ ਵੀ ਕਰੋੜਾਂ ਨੌਜਵਾਨਾਂ ਦੀ ਅਦੁੱਤੀ ਕੁਰਬਾਨੀ, ਇੱਕ ਆਦਰਸ਼ ਪ੍ਰਤੀ ਸਰਮਪਣ ਦੀ ਭਾਵਨਾ, ਲਗਨ ਅਤੇ ਬਹਾਦਰੀ ਕਾਰਨ ਹੀ ਸੰਭਵ ਹੋਈ। ਇਹ ਨੌਜਵਾਨ ਕਈ ਨਾਵਲਾਂ, ਕਹਾਣੀਆਂ, ਲੇਖਾਂ ਤੇ ਕਿਤਾਬਾਂ ਵਿੱਚ ਪਾਠਕਾਂ ਸਾਹਮਣੇ ਸਾਕਾਰ ਹੋਏ ਹਨ। ਕਬਹੂ ਨਾ ਛਾਡੇ ਖੇਤ, ਪਹਿਲਾ ਅਧਿਆਪਕ, ਮਾਂ, ਅਸਲੀ ਇਨਸਾਨ ਦੀ ਕਹਾਣੀ, ਯੰਗ ਗਾਰਡ ਜਿਹੇ ਅਨੇਕਾਂ ਨਾਵਲ ਅਜਿਹੇ ਨੌਜਵਾਨਾਂ ਦੀ ਹੀ ਨੁਮਾਇੰਦਗੀ ਕਰਦੇ ਹਨ। ਅਜਿਹੀ ਹੀ ਇੱਕ ਹੋਰ ਪੁਸਤਕ ਹੈ ‘ਇਨਕਲਾਬ ਲਈ ਜੂਝੀ ਜਵਾਨੀ’ ਜੋ ਸ਼ਹੀਦ ਭਗਤ ਸਿੰਘ ਯਾਦਕਾਰੀ ਪ੍ਰਕਾਸ਼ਨ ਵੱਲ਼ੋਂ ਛਾਪੀ ਗਈ ਹੈ। ਇਸ ਪੁਸਤਕ ਵਿੱਚ ਰੂਸੀ ਇਨਕਲਾਬ, ਸਮਾਜਵਾਦੀ ਉਸਾਰੀ ਅਤੇ ਦੂਜੀ ਸੰਸਾਰ ਜੰਗ ਵੇਲ਼ੇ ਜਰਮਨ ਨਾਜੀਆਂ ਨੂੰ ਮਿੱਟੀ ਵਿੱਚ ਮਿਲਾਉਣ ਵਾਲ਼ੇ ਨੌਜਵਾਨਾਂ ਦੀਆਂ ਡਾਇਰੀਆਂ, ਚਿੱਠੀਆਂ, ਕਹਾਣੀਆਂ ਅਤੇ ਦਸਤਾਵੇਜ਼ ਸ਼ਾਮਲ ਹਨ। ਇਸਦੇ ਨਾਲ਼ ਹੀ ਲੈਨਿਨ ਦੀ ਨੌਜਵਾਨ ਕਮਿਊਨਿਸਟ ਲੀਗ ਵਿੱਚ ਦਿੱਤੀ ਤਕਰੀਰ, ਗੋਰਕੀ ਦੀਆਂ ਲੈਨਿਨ, ਮਜ਼ਦੂਰ ਇਨਕਲਾਬੀ ਕਾਮੋ ਤੇ ਮਿਖਾਇਲ ਵਿਲੋਨੋਵ ਬਾਰੇ ਲਿਖਤਾਂ ਵੀ ਸ਼ਾਮਲ ਹਨ।

ਪੁਸਤਕ ਵਿੱਚ ਜੰਗ ਦੇ ਮੋਰਚੇ ਤੋਂ ਆਪਣੀ ਪਤਨੀ ਨੂੰ ਲਿਖੀ ਦਰੇਜਿੰਸਕੀ ਦੀ ਚਿੱਠੀ ਹੈ ਜਿਸ ਵਿੱਚ ਉਹ ਬੁੱਧੀਜੀਵੀ ਵਰਗ ਦੀਆਂ ਬੁਰਾਈਆਂ ਦੀ ਗੱਲ ਕਰਦਾ ਹੋਇਆ ਕਾਮਨਾ ਕਰਦਾ ਹੈ ਕਿ ਉਸਦਾ ਪੁੱਤਰ ਘਰੇਲੂ ਸੁੱਖ ਤਿਆਗਦਾ ਹੋਇਆ ਬੁੱਧੀਜੀਵੀ ਵਰਗ ਦੇ ਔਗੁਣਾਂ ਤੋਂ ਬਿਨਾਂ ਬੁੱਧੀਜੀਵੀ ਬਣੇ ਜੋ ਆਪਣੀ ਜ਼ਿੰਦਗੀ ਮਜਦੂਰ ਜਮਾਤ ਦੀ ਸੇਵਾ ਵਿੱਚ ਅਰਪਣ ਕਰ ਦੇਵੇ। ਅਸੀਂ ਅਕਤੂਬਰ ਇਨਕਲਾਬ ਵੇਲ਼ੇ ਨਾਕਾਬੰਦੀ ਉਸਾਰਨ, ਜ਼ਖ਼ਮੀਆਂ ਦੀ ਸੰਭਾਲ ਕਰਨ ਤੇ ਵਰ੍ਹਦੀਆਂ ਗੋਲ਼ੀਆਂ ਦੀ ਛਾਂ ਹੇਠ ਸੁਨੇਹੇ ਪਹੁੰਚਾਉਣ ਜਿਹੇ ਬਹਾਦਰੀ ਭਰੇ ਕਾਰਨਾਮੇ ਕਰਨ ਵਾਲੀ 19 ਸਾਲਾ ਲਿਸੀਨੋਵਾ ਦੀਆਂ ਆਪਣੀ ਭੈਣ ਨੂੰ ਲਿਖੀਆਂ ਚਿੱਠੀਆਂ ਪੜ੍ਹਦੇ ਹਾਂ ਜਿਸ ਵਿੱਚ ਨਵੇਂ ਸਮਾਜ ਦੀ ਉਸਾਰੀ ਲਈ ਨੌਜਵਾਨਾਂ ਦੀ ਮਿਹਨਤ ਤੇ ਸੁਨਹਿਰੇ ਭਵਿੱਖ ਵਿੱਚ ਉਹਨਾਂ ਦਾ ਯਕੀਨ ਝਲਕਦਾ ਹੈ। ਅਸੀਂ ਇੱਕ ਮੁਖਬਰ ਦੀ ਗੱਦਾਰੀ ਕਾਰਨ 30 ਸਾਲ ਦੀ ਉਮਰੇ ਦੁਸ਼ਮਣਾਂ ਹੱਥੋਂ ਮਾਰੇ ਗਏ ਬੂਇਨਾਕਸਕੀ ਦੀਆਂ ਆਪਣੀ ਪ੍ਰੇਮਿਕਾ ਨੂੰ ਲਿਖੀਆਂ ਚਿੱਠੀਆਂ ਪੜ੍ਹਦੇ ਹਾਂ ਜਿਸ ਵਿੱਚ ਉਹ ਉਸਨੂੰ ਆਪਣੀ ਜ਼ਿੰਦਗੀ ਕਿਰਤੀ ਲੋਕਾਂ ਨੂੰ ਪਿਆਰ ਕਰਨ ਤੇ ਉਹਨਾਂ ਦੀ ਬਿਹਤਰੀ ਲਈ ਹਰ ਤਰ੍ਹਾਂ ਦੇ ਦੁੱਖ ਝੱਲਣ ਲਈ ਤਿਆਰ ਰਹਿਣ ਲਈ ਪ੍ਰੇਰਦਾ ਹੈ। ਆਪਣੀ ਗ੍ਰਿਫਤਾਰੀ ਮਗਰੋਂ ਜੇਲ੍ਹ ਵਿੱਚੋਂ ਲਿਖੀ ਚਿੱਠੀ ਵਿੱਚ ਉਹ ਲਿਖਦਾ ਹੈ “ਆਪਣਾ ਸਿਰ ਉੱਚਾ ਰੱਖ ਕੇ ਚਮਕੀਲੇ ਭਵਿੱਖ ਵੱਲ ਮਜ਼ਬੂਤੀ ਨਾਲ਼ ਵਧੀ ਚੱਲ…। ਜੇ ਤੂੰ ਮੈਨੂੰ ਪੂਰੇ ਦਿਲੋਂ ਪਿਆਰ ਕਰਦੀ ਏਂ, ਮੇਰੇ ਲਈ ਇੱਕ ਵੀ ਹੰਝੂ ਨਾ ਕੇਰੀਂ ਅਤੇ ਸਾਡੇ ਦੁਸ਼ਟ ਦੁਸ਼ਮਣਾਂ ਨੂੰ ਸਾਡੇ ਉੱਤੇ ਖਿੱਲੀ ਨਾ ਉਡਾਉਣ ਦੇਵੀਂ।…ਸਿਰ ਉੱਚਾ ਰੱਖੀਂ ਅਤੇ ਲੋਕਾਂ ਦੀ ਭਲਾਈ ਲਈ ਜੀਵੀਂ, ਜਿਨ੍ਹਾਂ ਨੂੰ ਤੂੰ ਏਨਾ ਪਿਆਰ ਕਰਦੀ ਏਂ।”

ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਲੂਨਾਚਾਰਸਕੀ ਦੀਆਂ ਚਿੱਠੀਆਂ ਹਨ ਜਿਸ ਵਿੱਚ ਉਹ ਇੱਕ ਪਾਸੇ ਜਰਮਨਾਂ ਵਿਰੁੱਧ ਲੜਦਿਆਂ ਹੋਇਆਂ ਲਿਖਦਾ ਹੈ “ਚਾਨਣ ਤੇ ਹਨੇਰੇ ਦੀ ਟੱਕਰ ਵਿੱਚ ਤਬਾਹ ਹੋ ਜਾਣਾ ਕੋਈ ਡਰਨ ਵਾਲ਼ੀ ਗੱਲ ਨਹੀਂ ਹੈ। ਕੋਈ ਗੱਲ ਨਹੀਂ ਜੇ ਤੁਸੀਂ ਇੱਕ ਅਤਿ ਚਮਕੀਲੀ ਲਾਟ ਵਾਂਗ ਨਹੀਂ ਬਲੇ। ਸਾਡੇ ਵਿੱਚੋਂ ਹਰ ਕੋਈ ਜਿਹੜਾ ਸਰੀਰਕ ਤੌਰ ‘ਤੇ ਜੰਗ ਦੇ ਮੈਦਾਨ ਨੂੰ ਨਹੀਂ ਛੱਡੇਗਾ ਸਾਡੇ ਲੋਕਾਂ ਦੀ ਯਾਦਾਸ਼ਤ ਵਿੱਚ ਤੇ ਗੀਤਾਂ ਵਿੱਚ, ਸੁਤੰਤਰ ਕੌਮ ਦੀਆਂ, ਕਮਿਊਨਿਜ਼ਮ ਦੀ ਕੌਮ ਦੀਆਂ ਹਜ਼ਾਰਾਂ ਪੀੜ੍ਹੀਆਂ ਦੇ ਫਤਹਿਯਾਬ ਖੁਸ਼ੀਆਂ ਭਰਪੂਰ ਜੀਵਨ ਵਿੱਚ ਹਮੇਸ਼ਾ ਲਈ ਜੀਵੇਗਾ।” ਤੇ ਦੂਜੇ ਪਾਸੇ ਮੋਰਚੇ ਵਿੱਚ ਬੈਠਾ ਵਿਹਲ ਸਮੇਂ ਆਪਣੇ ਵੱਲੋਂ ਲਿਖੀਆਂ ਤੇ ਸੰਪਾਦਿਤ ਕੀਤੀਆਂ ਜਾ ਰਹੀਆਂ ਸਾਹਿਤਕ ਰਚਨਾਵਾਂ ਦੀ ਚਰਚਾ ਕਰਦਾ ਹੈ। ਲੂਨਾਚਾਰਸਕੀ ਹੀ ਨਹੀਂ ਜੰਗ ਜਾਂ ਸਮਾਜਵਾਦੀ ਰੂਸ ਦੀ ਉਸਾਰੀ ਦੇ ਕੰਮਾਂ ਵਿੱਚ ਰੁੱਝੇ ਹੋਰਨਾਂ ਨੌਜਵਾਨਾਂ ਦੀਆਂ ਡਾਇਰੀਆਂ, ਚਿੱਠੀਆਂ ਵਿੱਚ ਦਿਨ-ਭਰ ਹੱਡ-ਭੰਨਵੀਂ ਮਿਹਨਤ ਕਰਨ ਮਗਰੋਂ ਵੀ ਚਾਅ ਨਾਲ਼ ਸਾਹਿਤ ਪੜ੍ਹਨਾ, ਸੰਗੀਤ, ਸਿਨੇਮਾ ਤੇ ਥੀਏਟਰ ਨੂੰ ਮਾਨਣਾ ਤੇ ਇਹਨਾਂ ਬਾਰੇ ਆਪਣੀਆਂ ਟਿੱਪਣੀਆਂ ਦੇਣਾ ਉਹਨਾਂ ਦੇ ਕਲਾ, ਸਾਹਿਤ ਨਾਲ਼ ਅਥਾਹ ਪਿਆਰ ਨੂੰ ਦਰਸਾਉਂਦਾ ਹੈ।

ਸੇਰਗਈ ਚੇਕਮਾਰੀਓਵ ਦੀ ਡਾਇਰੀ ਦੇ ਪੰਨੇ ਇਸ ਪੁਸਤਕ ਦੇ ਦਿਲਚਸਪ ਹਿੱਸਿਆਂ ਵਿੱਚੋਂ ਇੱਕ ਹਨ ਜਿਨ੍ਹਾਂ ਵਿੱਚ ਉਹ ਖੁਸ਼ੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੋਇਆ ਲਿਖਦਾ ਹੈ “ਅਸੀਂ ਸਾਰੇ ਇੱਕ ਵਾਰ ਜੀਉਂਦੇ ਹਾਂ ਅਤੇ ਸਾਨੂੰ ਇਸ ਜੀਵਨ ਨੂੰ ਖੁਸ਼ ਰਹਿਣਾ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਪਰ ਖੁਸ਼ੀ ਹੈ ਕੀ? ਖੁਸ਼ੀ ਕਲਪਨਾ ਵਿੱਚ ਮੌਜੂਦ ਨਹੀਂ ਹੁੰਦੀ। ਖੁਸ਼ ਹੋਣ ਲਈ, ਇਹ ਨਿੱਜੀ ਖੁਸ਼ੀ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਨੂੰ ਇੱਕ ਉਦੇਸ਼, ਇੱਕ ਸਮੱਸਿਆ, ਇੱਕ ”ਵਿਚਾਰ” ਨੂੰ ਦ੍ਰਿੜ ਰੂਪ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ।…ਬੰਦਾ ਇੱਕ ਉਦੇਸ਼ ਦੀ ਸੇਵਾ ਕਰਨ ਵਿੱਚ ਖੁਸ਼ੀ ਲੱਭਦਾ ਹੈ, ਜਿਹੜਾ ਉਦੇਸ਼ ਅਖੀਰ ਵਿੱਚ, ਸਾਰੀ ਮਨੁੱਖਤਾ ਲਈ ਜੀਵਨ ਦੀ ਅਮੀਰੀ ਦਾ ਵਚਨ ਦੇਂਦਾ ਹੈ। ਕੇਵਲ ਬੇਹੂਦਾ ਵਹਿਸ਼ੀ ਅਜਿਹੀਆਂ ਗੱਲਾਂ ਕਰਨ ਵਿੱਚ ਖੁਸ਼ੀ ਲੱਭ ਸਕਦੇ ਹਨ, ਜੋ ਬੱਚਿਆਂ ਨੂੰ ਕੁਮਲਾ ਦੇਂਦੀਆਂ ਹਨ ਤੇ ਵੱਡਿਆਂ ਦੀਆਂ ਅੱਖਾਂ ਨੂੰ ਨਿਰਾਸ਼ਾ ਨਾਲ਼ ਨੀਰਸ ਬਣਾ ਦੇਂਦੀਆਂ ਹਨ।”

ਰੂਸੀ ਇਨਕਲਾਬ ਨੇ ਹਰ ਤਰ੍ਹਾਂ ਦੇ ਗਿਆਨ-ਵਿਗਿਆਨ ਦੀ ਪੜ੍ਹਾਈ ਸਮਾਜ ਦੇ ਉਹਨਾਂ ਤਬਕਿਆਂ ਤੱਕ ਵੀ ਪਹੁੰਚਾ ਦਿੱਤੀ ਜੋ ਰੂਸੀ ਇਨਕਲਾਬ ਤੋਂ ਪਹਿਲਾਂ ਇਸਦਾ ਸੁਪਨਾ ਵੀ ਨਹੀਂ ਲੈ ਸਕਦੇ ਸਨ ਤੇ ਅੱਜ ਵੀ ਸਭ ਸਰਮਾਏਦਾਰਾ ਦੇਸ਼ਾਂ ਵਿੱਚ ਉਹਨਾਂ ਲਈ ਸੁਪਨਾ ਹੈ। ਇਨਕਲਾਬ ਸਦਕਾ ਇੱਕ ਮਜਦੂਰ ਦੇ ਪੁੱਤਰ ਤੋਂ ਡਾਕਟਰ ਬਣੇ ਵਾਲਾਦੀਮੀਰ ਕੋਵਾਨੇਵ ਦੀ ਲਿਖਤ ‘ਉਹ ਅਭੁੱਲ ਵਿਦਿਆਰਥੀ ਦਿਹਾੜੇ’ ਸੋਵੀਅਤ ਯੂਨੀਅਨ ਵਿੱਚ ਵਿਗਿਆਨ ਦੀ ਪੜ੍ਹਾਈ ਦੇ ਆਮ ਕਿਰਤੀਆਂ ਤੱਕ ਪਹੁੰਚਣ ਤੇ ਇਸਦੇ ਤਰੀਕਿਆਂ ਵਿੱਚ ਵਿਕਾਸ ਦਾ ਦਸਤਾਵੇਜ ਹੈ।

ਪੁਸਤਕ ਦੇ ਕੁੱਝ ਵਰਕੇ ਅੱਗੇ ਫਰੋਲਣ ‘ਤੇ 18 ਸਾਲ ਦੀ ਉਮਰ ਵਿੱਚ ਮਾਰੇ ਗਏ ਮਿਖਾਇਲ ਗਰਿਨਿਨ ਦੀ ਡਾਇਰੀ ਦੇ ਪੰਨੇ ਪੜ੍ਹਨ ਨੂੰ ਮਿਲਦੇ ਹਨ। ਜਵਾਨੀ ਨੂੰ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਆਖਦਾ ਹੋਇਆ ਉਹ ਸਾਡੇ ਸਾਹਮਣੇ ਸੂਰਮਗਤੀ ਦੇ ਨਵੇਂ ਅਰਥ ਲਿਆ ਧਰਦਾ ਹੈ। ਉਹ ਆਖਦਾ ਹੈ ਕਿ ਦਲੇਰੀ ਦਾ ਇੱਕ ਮਹਾਨ ਕਾਰਨਾਮਾ ਸੂਰਮਗਤੀ ਦਾ ਸਿਖ਼ਰਲਾ ਪ੍ਰਗਟਾਵਾ ਹੈ ਪਰ ਇਸਦੇ ਹੋਰਨਾਂ ਰੂਪਾਂ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਉਹ ਲਿਖਦਾ ਹੈ ਕਿ “ਸੂਰਮਗਤੀ ਦੇ ਇੱਕ ਕਾਰਨਾਮੇ ਦਾ ਅਰਥ ਨਿਸ਼ਕਾਮ ਕਿਰਤ, ਨਿਰੰਤਰ ਕੰਮ, ਕਿਸੇ ਉਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿਣਾ ਹੈ।” ਇਸ ਲਈ ਇੱਕ ਅਧਿਆਪਕ ਵੱਲੋਂ ਇੱਕ ਨਵੀਂ ਊਰਜਾਵਾਨ ਪੀੜ੍ਹੀ ਤਿਆਰ ਕਰਨ ਲਈ ਆਪਣਾ ਦਿਲ ਤੇ ਰੂਪ ਅਰਪਣ ਕਰ ਦੇਣਾ ਵੀ ਸੂਰਮਗਤੀ ਹੈ। ਅੱਗੇ ਉਹ ਲਿਖਦਾ ਹੈ, “ਸੂਰਮਗਤੀ ਦੇ ਕਾਰਨਾਮੇ ਅਸਲੀ ਮਨੁੱਖ ਨੇਪਰੇ ਚਾੜ੍ਹਦੇ ਹਨ, ਅਤੇ ਇੱਕ ਅਸਲੀ ਮਨੁੱਖ ਬਣਨਾ ਔਖੀ ਗੱਲ ਹੈ। ਬੰਦੇ ਦਾ ਜੀਵਨ ਇੱਕ ਰਚਨਾਤਮਕ, ਖੋਜ, ਸ਼ੰਕਿਆਂ ਤੇ ਗਲ਼ਤੀਆਂ ਨਾਲ਼ ਨਿਰੰਤਰ ਭਰਪੂਰ ਹੋਣਾ ਚਾਹੀਦਾ ਹੈ। ਇਹ ਕੋਈ ਅਸਲ ਮਹੱਤਤਾ ਵਾਲ਼ੀ ਗੱਲ ਨਹੀਂ ਕਿ ਕੋਈ ਇੱਕ ਭਜਨ ਲਿਖ ਰਿਹਾ ਹੈ, ਐਟਮੀ ਖੋਜ ਕਰ ਰਿਹਾ ਹੈ ਜਾਂ ਕੱਟਣ ਵਾਲ਼ਾ ਇੱਕ ਨਵਾਂ ਔਜ਼ਾਰ ਤਿਆਰ ਕਰ ਰਿਹਾ ਹੈ। ਮੁੱਖ ਗੱਲ ਆਪਣੇ ਨਿਸ਼ਾਨ ਨਾਲ਼ ਤੁਰਦੇ ਰਹਿਣ ਦੀ ਹੈ।

ਇੱਕ ਹੋਰ ਬਹੁਤ ਜ਼ਰੂਰੀ ਸ਼ਰਤ ਹੈ। ਇੱਕ ਕਾਰਨਾਮਾ ਕੇਵਲ ਉਦੋਂ ਕਾਰਨਾਮਾ ਹੁੰਦਾ ਹੈ ਜਦੋਂ ਉਹ ਲੋਕਾਂ ਲਈ, ਸਮਾਜ ਲਈ ਕੀਤਾ ਜਾਂਦਾ ਹੈ।

ਪੈਸਾ ਕਮਾਉਣਾ ਵੀ ਇੱਕ ਪ੍ਰਕਾਰ ਦੀ ਕਿਰਤ ਹੈ। ਪੈਸਾ ਕਮਾਉਣ ਵਾਲ਼ੇ ਦੇ ਸਬਰ ਤੇ ਸਖ਼ਤ ਕੰਮ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਇਹ ਹਉਮੇਵਾਦ, ਨਿਰੋਲ ਨਿੱਜੀ ਅਮੀਰੀ ਦੀ ਇੱਕ ਇੱਛਾ ਅਫ਼ਸੋਸਨਾਕ ਤੇ ਭੱਦੀ ਹੈ। ਇੱਕ ਮਹਾਨ ਉਦੇਸ਼ ਲਈ ਜੱਦੋ-ਜਹਿਦ ਸੂਰਮਗਤੀ ਦਾ ਇੱਕ ਸੱਚਾ ਕਾਰਨਾਮਾ ਹੈ।”

ਪੁਸਤਕ ਦੇ ਆਖਰੀ ਸਫ਼ਿਆਂ ਨੂੰ ਮਿਕੂਲੀਨਾ ਦੀਆਂ ਆਪਣੇ ਮਰ ਚੁੱਕਾ ਦੋਸਤ ਬੋਰਿੰਸ ਦੀਆਂ ਯਾਦਾਂ ਹਨ ਜਿਨ੍ਹਾਂ ਬਾਰੇ ਉਹ ਲਿਖਦੀ ਹੈ “ਉਹ ਇੱਕ ਨਿਧੜਕ ਤੇ ਲਾਪਰਵਾਹ ਜੁਆਨ ਸੀ, ਇੱਕ ਅੰਤਾਂ ਦਾ ਸਖ਼ਤ ਮਿਹਨਤੀ ਮਜ਼ਦੂਰ ਸੀ, ਇੱਕ ਦਿਆਲੂ ਪਤੀ ਤੇ ਪਿਤਾ ਸੀ ਅਤੇ ਮੁੰਡਿਆਂ ਵਰਗਾ ਗੱਪੀ ਸੀ। ਉਸ ਦੇ ਜੀਵਨ ਵਿੱਚ ਨਿਰਾਸ਼ਾ ਦੇ ਦਿਨ ਵੀ ਆਉਂਦੇ ਜਦੋਂ ਉਸ ਨੂੰ ਹਰ ਚੀਜ਼ ਹਨੇਰੀ ਵਿਖਾਈ ਦੇਂਦੀ ਅਤੇ ਖੁਸ਼ੀਆਂ ਦੇ ਦਿਨ ਵੀ ਆਉਂਦੇ ਜਦੋਂ ਕੋਈ ਵੀ ਹੋਰ ਉਸ ਤੋਂ ਵੱਧ ਖੁਸ਼ ਨਹੀਂ ਸੀ ਹੁੰਦਾ ਤੇ ਫਿਰ ਉਹ…। ਗੱਲ ਕੀ, ਉਹ ਸਾਰੀਆਂ ਮਨੁੱਖੀ ਕਮਜ਼ੋਰੀਆਂ ਵਾਲ਼ਾ ਇੱਕ ਮਨੁੱਖ ਸੀ, ਪਰ ਇੱਕ ਅਜਿਹਾ ਮਨੁੱਖ ਜਿਸ ਨੂੰ ਸੋਵੀਅਤ ਪ੍ਰਬੰਧ ਨੇ ਪ੍ਰਵਾਨ ਚੜ੍ਹਾਇਆ ਸੀ, ਅਤੇ ਜਿਸ ਨੇ ਉਸ ਤੋਂ ਇੱਕ ਅੰਤਰੀਵ ਨਿਸ਼ਚਾ ਪ੍ਰਾਪਤ ਕੀਤਾ ਸੀ ਕਿ ਉਸ ਨੂੰ ਆਪਣੇ ਦੇਸ਼ ਉੱਤੇ ਰਾਜ ਕਰਨ ਦਾ ਹੱਕ ਹੈ।”

ਉਪਰੋਕਤ ਲਿਖਤਾਂ ਤੋਂ ਇਲਾਵਾ ਪੁਸਤਕ ਵਿੱਚ ਹੋਰ ਵੀ ਕਈ ਲਿਖਤਾਂ ਹਨ। ਇਹ ਲਿਖਤਾਂ ਜਿੰਨੀਆਂ ਦਿਲਚਸਪ ਹਨ ਉਨੀਆਂ ਹੀ ਪ੍ਰੇਰਣਾਦਾਇਕ ਵੀ ਹਨ। ਇਸ ਪੁਸਤਕ ਵਿਚਲੇ ਨਾਇਕ ਅਤੇ ਨਾਇਕਾਵਾਂ ਆਮ ਲੋਕਾਂ ਜਿਹੇ ਹੀ ਸਨ, ਜੋ ਗੱਲ ਉਹਨਾਂ ਵਿੱਚ ਸਾਂਝੀ ਹੈ ਤੇ ਉਹਨਾਂ ਨੂੰ ਹੋਰਨਾਂ ਆਮ ਲੋਕਾਂ ਤੋਂ ਵਖਰਿਆਉਂਦੀ ਹੈ ਉਹ ਹੈ ਦਿਲ ਵਿੱਚ ਕਿਰਤੀ ਲੋਕਾਂ ਲਈ ਅਮੁੱਕ ਪਿਆਰ, ਮਨੁੱਖਤਾ ਦੇ ਚੰਗੇਰੇ ਭਵਿੱਖ ਵਿੱਚ ਯਕੀਨ ਅਤੇ ਇਹਦੇ ਲਈ ਆਪਾ ਵਾਰਨ ਦੀ ਭਾਵਨਾ। ਭਾਵੇਂ ਇਹਨਾਂ ਨੌਜਵਾਨਾਂ ਦੀਆਂ ਲਿਖਤਾਂ ਵਿੱਚੋਂ ਕੁਝ ਹੋ ਸਕਦਾ ਹੈ ਵਿਚਾਰਧਾਰਕ ਤੌਰ ‘ਤੇ ਜਾਂ ਸਾਹਿਤਕ ਸ਼ੈਲੀ ਪੱਖੋਂ ਕਮਜ਼ੋਰ ਜਾਪਣ ਪਰ ਉਹਨਾਂ ਵਿੱਚ ਆਪਣੇ ਉਦੇਸ਼ ਵਿੱਚ ਨਿਸ਼ਚਾ, ਦ੍ਰਿੜਤਾ ਤੇ ਲਗਨ ਸਪੱਸ਼ਟ ਝਲਕਦੀ ਹੈ। ਇਹਨਾਂ ਲਿਖਤਾਂ ਦੀ ਸਾਦਗੀ, ਸੱਚਾਈ ਤੇ ਸਾਫ਼ਗੋਈ ਤੇ ਇਹਨਾਂ ਦੇ ਲੇਖਕਾਂ ਦਾ ਇੱਕ ਮਹਾਨ ਉਦੇਸ਼ ਪ੍ਰਤੀ ਸਮਰਪਣ ਇਹਨਾਂ ਲਿਖਤਾਂ ਨੂੰ ਸੋਹਣੀਆਂ ਤੇ ਦਿਲ-ਟੁੰਬਵੀਆਂ ਬਣਾ ਦਿੰਦੇ ਹਨ। ਇਹਨਾਂ ਕੁੱਝ ਨੌਜਵਾਨਾਂ ਦੀਆਂ ਲਿਖਤਾਂ ਰੂਸੀ ਨੌਜਵਾਨਾਂ ਦੀਆਂ ਉਹਨਾਂ ਸਾਰੀਆਂ ਪੀੜ੍ਰੀਆਂ ਦੀ ਨੁਮਾਇੰਦਗੀ ਕਰਦੀਆਂ ਹਨ ਜਿਨ੍ਹਾਂ ਨੇ ਸਮਾਜਵਾਦ, ਮਨੁੱਖਤਾ ਦੇ ਬਿਹਤਰ ਭਵਿੱਖ ਦੇ ਆਦਰਸ਼ ਨੂੰ ਜਿਉਂਦੀ-ਜਾਗਦੀ ਹਕੀਕਤ ਬਣਾਇਆ, ਜੋ ਅੱਜ ਵੀ ਪੂਰੇ ਸੰਸਾਰ ਵਿੱਚ ਮਨੁੱਖਤਾ ਦੀ ਮੁਕਤੀ ਲਈ ਜੂਝ ਰਹੇ ਲੋਕਾਂ, ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਣਾਸ੍ਰੋਤ ਹੈ। ਅੱਜ ਮਨੁੱਖਤਾ ਦੀ ਮੁਕਤੀ ਲਈ ਜੂਝ ਰਹੇ ਨੌਜਵਾਨਾਂ ਲਈ ਇਸ ਪੁਸਤਕ ਰਾਹੀਂ ਉਹਨਾਂ ਦੇ ਰੂਸੀ ਨੌਜਵਾਨ ਦੋਸਤਾਂ ਦੇ ਜੀਵਨ ਅੰਦਰ ਝਾਤ ਮਾਰਨੀ ਤੇ ਉਹਨਾਂ ਦੇ ਨਿੱਖੇ ਜਜ਼ਬਿਆਂ ਨਾਲ਼ ਇੱਕ ਸਾਂਝ ਮਹਿਸੂਸ ਕਰਨੀ ਬੇਹੱਦ ਲਾਭਦਾਇਕ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements