ਇੰਝ ਬਣਦਾ ਹੈ ਤੁਹਾਡਾ ਮੋਬਾਇਲ ਫੋਨ •ਰਵਿੰਦਰ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਤੁਹਾਡੇ ਹੱਥਾਂ ਵਿੱਚ ਜਾਂ ਜੇਬਾਂ ਵਿੱਚ ਵਿਗਿਆਨ ਦੀ ਉਹ ਖੋਜ ਹੈ ਜੋ ਤੁਹਾਨੂੰ ਦੁਨੀਆ ਦੇ ਇੱਕ-ਇੱਕ ਕੋਨੇ ਨਾਲ਼ ਜੋੜ ਦਿੰਦੀ ਹੈ। ਹਾਂ ਤੁਸੀਂ ਸਹੀ ਸਮਝੇ ਮੈਂ ਮੌਬਾਇਲ ਫੋਨ ਦੀ ਗੱਲ ਕਰ ਰਹੀ ਹਾਂ। ਜਦੋਂ ਵੀ ਕੋਈ ਮਾਰਕਿਟ ਵਿੱਚ ਆਉਂਦਾ ਹੈ ਤਾਂ, ਜੰਗਲ ਦੀ ਅੱਗ ਵਾਂਗ ਮੱਧਵਰਗ ਵਿੱਚ ਉਸ ਦੇ ਐਪ, ਫੀਚਰ ਜਾਨਣ ਦੀ, ਖਰੀਦਣ ਦੀ ਲਹਿਰ ਦੌੜ ਜਾਂਦੀ ਹੈ। ਫਿਰ ਤੁਸੀਂ ਉਸ ਨੂੰ ਆਪਣੇ ਹੱਥਾਂ ਨਾਲ਼ ਛੂੰਹਦੇਂ, ਉਗਲਾਂ ਨਾਲ਼ ਉਸਦੇ ਫੀਚਰ ਜਾਣਦੇ ਹੋ, ਦੇਖਦੇ ਹੋ ਇਸ ਦਾ ਕੈਮਰਾ ਸੈਲਫੀ (ਫੋਟੋ) ਕਿੰਨੀ ਕ ਵਧੀਆ ਖਿੱਚ ਸਕਦਾ ਹੈ। ਇਸਦੀ ਬੈਟਰੀ ਕਿੰਨੇ ਘੰਟੇ ਚੱਲ ਸਕਦੀ ਹੈ। ਕੋਈ-ਕੋਈ ਆਪਣੀ ਜਿਗਿਆਸਾ ਦਾ ਪ੍ਰਗਟਾਵਾ ਕਰਦਾ ਹੋਇਆ ਇਹ ਵੀ ਜਾਨਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹਨਾਂ ਮਹਿੰਗੀਆਂ ਵੱਡੀਆਂ ਕੰਪਨੀਆਂ ਦੇ ਬਣਾਏ ਐਂਡਰਾਇਡ, ਸਮਾਰਟਫੋਨ, ਆਈ-ਫੋਨ ਦੀ ਮੈਨੁਫੈਕਚਰਿੰਗ ਕਿਵੇਂ ਹੁੰਦੀ ਹੈ। ਚਲੋ ਅੱਜ ਆਪਾਂ ਇਹਨਾਂ ਮੋਬਾਇਲ ਫੋਨ, ਲੈਪਟਾਪ ਵਿੱਚ ਵਰਤੀਆਂ ਜਾਣ ਵਾਲ਼ੀਆਂ ਬੈਟਰੀਆਂ ਪਿੱਛੇ ਲੁਕੀ, ਅਣਦੇਖੀ, ਮੌਤ ਜਿੰਨੀ ਭਿਆਨਕ ਜ਼ਿੰਦਗੀ ਦੀ ਗੱਲ ਕਰਦੇ ਹਾਂ। ਇਹਨਾਂ ਬੈਟਰੀਆਂ (ਲੀਥੀਅਮ-ਆਇਨ ਬੈਟਰੀਆਂ) ਨੂੰ ਬਣਾਉਣ ਲਈ ਕੋਬਾਲਟ ਨਾਮ ਦੀ ਧਾਤੂ ਵਰਤੀ ਜਾਂਦੀ ਹੈ। ਇਹਨਾਂ ਲੀਥੀਅਮ-ਆਇਨ ਬੈਟਰੀਆਂ ਦੀ ਵਰਤੋਂ ਐਪਲ, ਸੈਮਸੰਗ, ਸੋਨੀ, ਮਾਈਕਰੋਸਾਫਟ, ਡੈੱਲ ਅਤੇ ਹੋਰ ਕੰਪਨੀਆਂ ਕਰਦੀਆਂ ਹਨ। ਹੁਣ ਗੱਲ ਕਰੀਏ ਕਿ ਕੋਬਾਲਟ ਦਾ ਸ੍ਰੋਤ ਕਿੱਥੇ ਹੈ ਤਾਂ ਦੁਨੀਆਂ ਦੇ ਗਰੀਬ ਦੇਸ਼ਾਂ ਵਿੱਚੋਂ ਇੱਕ ਦੇਸ਼ (ਪਰ ਕੋਬਾਲਟ ਦਾ ਅਮੀਰ ਸ੍ਰੋਤ) ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਡੈਮੋਕਰੈਟਕ ਰੀਪਬਲਿਕ ਆਫ ਕੌਂਗੋ ਦੇਸ਼ ਜਿਸਦੀ ਅਬਾਦੀ 67 ਮੀਲੀਅਨ ਹੈ ਅਤੇ 2014 ਵਿੱਚ ਵਰਲਡ ਬੈਂਕ ਨੇ ਇਸ ਦੇਸ਼ ਨੂੰ ਮਨੁੱਖੀ ਵਿਕਾਸ ਸੂਚਕਅੰਕ ‘ਤੇ ਪਿੱਛਿਓਂ ਦੂਜਾ ਨੰਬਰ ਦਿੱਤਾ ਹੈ।

ਦੁਨੀਆ ਭਰ ਵਿੱਚ ਜਿੰਨਾ ਕੋਬਾਲਟ ਪੈਦਾ ਹੁੰਦਾ ਹੈ, ਉਸ ਦਾ ਅੱਧ ਕੌਂਗੋ ਤੋਂ ਆਉਂਦਾ ਹੈ ਅਤੇ ਉਸ ਦਾ 20% ਆਰਟੀਸਨਲ ਖਾਣਾਂ ਤੋਂ ਕੱਢਿਆ ਜਾਂਦਾ ਹੈ। ਕਿਸੇ ਵਿਅਕਤੀ ਜਾਂ ਕੁਝ ਵਿਅਕਤੀਆਂ ਦੇ ਸਮੂਹ ਦੁਆਰਾ ਗੈਰ ਕਨੂੰਨੀ ਤਰੀਕੇ ਨਾਲ਼ ਚੱਲਣ ਵਾਲ਼ੀਆਂ ਛੋਟੇ ਪੱਧਰ ਦੀਆਂ ਖਾਣਾਂ ਨੂੰ ਆਰਟੀਸਨਲ ਖਾਣਾਂ ਕਿਹਾ ਜਾਂਦਾ ਹੈ। ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਘੱਟ ਤੋਂ ਘੱਟ ਮਸ਼ੀਨਰੀ, ਤਕਨਾਲੋਜੀ ਨਾਲ਼ ਇਹ ਖਾਣਾਂ ਚਲ਼ਦੀਆਂ ਹਨ, ਜਿਹਨਾਂ ਵਿੱਚ ਉੱਥੇ ਕੰਮ ਕਰ ਰਹੇ, ਮਰਦ-ਔਰਤ, ਬੱਚੇ ਹੀ ਮਸ਼ੀਨਾਂ ਹੁੰਦੇ ਹਨ। ਜੋ ਆਪਣੇ ਹੱਥਾਂ ਪੈਰਾਂ ਨੂੰ ਵਰਤ ਕੇ ਖਾਣਾ ਪੁੱਟਦੇ ਹਨ, ਉਨਾਂ ਵਿੱਚ ਹੇਠਾਂ ਉੱਤਰਦੇ ਹਨ ਅਤੇ ਧਾਤੂ ਦੀ ਖੋਜ ‘ਚ ਖੁਦਾਈ ਕਰਦੇ ਹਨ। ਬੱਚੇ ਮਿੱਟੀ ਵਿੱਚ ਮਿਲ਼ੇ ਹੋਏ ਕੋਬਾਲਟ ਨੂੰ ਅਲੱਗ ਕਰਦੇ ਹਨ। ਇੱਥੇ ਜਿਸ ਹੱਦ ਤੱਕ ਇੱਕ ਮਨੁੱਖ ਤੋਂ ਕੰਮ ਕਰਵਾਇਆ ਜਾ ਸਕਦਾ ਹੈ, ਉਹ ਕਰਵਾਇਆ ਜਾਂਦਾ ਹੈ। 4500 ਕੌਂਗੋ ਵਾਸੀ ਇਹਨਾਂ ਖਾਣਾ ‘ਚ ਕੰਮ ਕਰਦੇ ਹਨ। ਇਹ ਖਾਣਾ ਕਿਸੇ ਦੇ ਅਧੀਨ ਨਹੀਂ ਆਉਂਦੀਆਂ, ਦੇਸ਼ ਦੇ ਖਾਣਾ ਨਾਲ਼ ਸਬੰਧਤ ਕਨੂੰਨ ਇਸ ਤੇ ਲਾਗੂ ਨਹੀਂ ਹੁੰਦੇ, ਇਹਨਾਂ ਖਾਣਾਂ ਨੂੰ ਚਲਾਉਣ ਵਾਲ਼ੇ ਆਪਣੀ ਮਰਜ਼ੀ ਨਾਲ਼ ਥੱਪੜ ਮਾਰਦੇ, ਕੋੜੇ ਮਾਰਦੇ, ਭੁੱਖੇ ਰੱਖ ਕੇ ਜਿਵੇਂ ਚਾਹੇ ਉਹਨਾਂ ਲੋਕਾਂ ਤੋਂ ਕੰਮ ਲੈ ਸਕਦੇ ਹਨ। ਇਹਨਾਂ ਖਾਣਾ ਵਿੱਚ ਖੁਦਾਈ ਲਈ ਉੱਤਰਨਾ ਹੀ ਮਨੁੱਖ ਲਈ ਜਹਿਰ ਉਗਲਣ ਦੇ ਬਰਾਬਰ ਹੈ। ਜਿਹੜੇ ਮਜ਼ਦੂਰ ਔਰਤਾਂ, ਮਰਦ, ਬੱਚੇ ਖਾਣਾ ਵਿੱਚ ਕੰਮ ਕਰਦੇ ਹਨ, ਭਿਆਨਕ ਬਿਮਾਰੀਆਂ ਨਾਲ਼ ਗ੍ਰਸਤ ਹਨ। ਸੰਯੁਕਤ ਰਾਸ਼ਟਰ ਅਨੁਸਾਰ ਇਹਨਾਂ ਖਾਣਾਂ ਵਿੱਚ 40,000 ਬੱਚੇ ਕੰਮ ਕਰਦੇ ਹਨ, ਸਭ ਤੋਂ ਛੋਟੇ ਮਜ਼ਦੂਰ 6-7 ਸਾਲ ਦੇ ਬੱਚੇ ਹਨ, ਜੋ ਬੋਰੀਆਂ ਵਿੱਚ ਭਰੀ ਕੱਚੀ ਧਾਤ ਚੁੱਕਦੇ ਹਨ, ਜਿਹਨਾਂ ਦਾ ਭਾਰ ਉਹਨਾਂ ਬੱਚਿਆਂ ਦੇ ਭਾਰ ਤੋਂ ਵੀ ਜ਼ਿਆਦਾ ਹੁੰਦਾ ਹੈ। 12-14 ਘੰਟੇ ਕੰਮ ਕਰਨ ਤੋਂ ਬਾਅਦ ਵੀ ਮਾਂ-ਪਿਓ ਬੱਚਿਆਂ ਨੂੰ ਸਕੂਲ ਭੇਜਣ ਦੇ ਯੋਗ ਨਹੀਂ ਹੋ ਪਾਉਂਦੇ। ਜ਼ਿਆਦਾਤਰ ਬੱਚੇ, ਨੌਜਵਾਨ ਛੋਟੀ ਉਮਰੇ ਹੀ ਮਰ ਜਾਂਦੇ ਹਨ। ਦਿਨ ਭਰ ਦੀ ਮਜ਼ਦੂਰੀ ਦੀ 2 ਡਾਲਰ ਦਿਹਾੜੀ ਮਿਲ਼ਦੀ ਹੈ।

ਕੌਂਗੋਂ ਦੇ ਜ਼ਿਆਦਾਤਰ ਵਸਨੀਕ ਸਾਹ ਰੋਗਾਂ, ਹੱਡਾਂ ਦਾ ਦੁਖਣਾ, ਹਨੇਰੇ ਵਿੱਚ ਰਹਿਣ ਕਰਕੇ ਅੱਖਾਂ ਦੀ ਰੌਸ਼ਨੀ ਦਾ ਚਲੇ ਜਾਣਾ ਵਰਗੀਆਂ ਬਿਮਾਰੀਆਂ ਨਾਲ਼ ਗ੍ਰਸਤ ਹਨ। ਲੱਖਾਂ ਲੋਕ ਏਡਜ਼ ਤੋਂ ਪੀੜਤ ਹਨ। ਜਿਹੜੇ ਮਜ਼ਦੂਰ ਲਗਾਤਾਰ ਖੁਦਾਈ ਕਰਦੇ ਹਨ, ਕੋਬਾਲਟ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹਨਾਂ ਨੂੰ “ਹਾਰਡ ਮੈਟਲ ਲੰਗ ਡਜ਼ੀਜ਼” ਫੇਫੜਿਆਂ ਦਾ ਰੋਗ ਹੋ ਜਾਂਦਾ ਹੈ। ਉਥੋਂ ਦੇ ਇੱਕ ਪ੍ਰੋਫੈਸਰ, ਆਰਥਰ ਕਨੀਕੀ ਜੋ ਕਿ ਇਹਨਾਂ ਖਾਣਾ ਦੇ ਵਾਤਾਵਰਣ ਉੱਪਰ ਪ੍ਰਭਾਵ ਬਾਰੇ ਅਧਿਐਨ ਕਰ ਰਹੇ ਹਨ, ਉਹਨਾਂ ਦਾ ਕਹਿਣਾ ਹੈ ਕਿ ਇਹ ਕੰਪਨੀਆਂ ਜਦੋਂ ਸਾਡੇ ਦੇਸ਼ ਵਿੱਚ ਆਉਂਦੀਆਂ ਹਨ, ਤਾਂ ਲੈ ਕੇ ਤਾਂ ਬਹੁਤ ਕੁਝ ਜਾਂਦੀਆਂ ਹਨ, ਪਰ ਦੇ ਕੇ ਕੁਝ ਵੀ ਨਹੀਂ ਜਾਂਦੀਆਂ ਸਿਵਾਏ ਗੰਦਗੀ, ਬਿਮਾਰੀਆਂ, ਭਿਆਨਕ ਜ਼ਿੰਦਗੀ ਦੇ।

ਉੱਥੇ ਲਗਾਤਾਰ ਖੁਦਾਈ ਹੋਣ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਖਤਮ ਹੋ ਚੁੱਕੀ ਹੈ, ਉਥੋਂ ਦੇ ਪਾਣੀ ਨੂੰ ਪੀਣਯੋਗ ਪਾਣੀ ਹੀ ਨਹੀਂ ਕਿਹਾ ਜਾ ਸਕਦਾ, ਕੌਂਗੋ ਵਾਸੀ ਨਾ ਹੀ ਖੇਤੀ ਕਰ ਸਕਦੇ ਹਨ ਤੇ ਨਾ ਹੀ ਕੋਈ ਹੋਰ ਕੰਮ, ਕਿਉਂਕਿ ਕੌਂਗੋ ਅਥਾਹ ਧਾਤਾਂ ਦਾ ਭੰਡਾਰ (ਕੋਬਾਲਟ, ਤਾਂਬਾ, ਸੋਨਾ, ਯੂਰੇਨੀਅਮ ਆਦਿ) ਹੋਣ ਕਾਰਨ ਖਾਣਾਂ ਦੀ ਧਰਤੀ ਬਣ ਚੁੱਕਾ ਹੈ, ਉਥੋਂ ਦੇ ਲੋਕਾਂ ਕੋਲ ਖਾਣ ਮਜ਼ਦੂਰ ਬਣਨ ਤੋਂ ਸਿਵਾ ਕੋਈ ਰਾਹ ਨਹੀਂ, ਕੌਂਗੋ ਦੀ ਇੱਕ ਮਹਿਲਾ ਵਾਸੀ ਨੇ ਦੱਸਿਆ ਕਿ ਇੱਥੋਂ ਦਾ ਪਾਣੀ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ, ਬੱਚੇ ਇਸ ਪਾਣੀ ਕਾਰਨ ਬਿਮਾਰ ਹੋ ਜਾਂਦੇ ਹਨ…।

ਅੰਕੜਿਆਂ ਮੁਤਾਬਕ ਦੇਖੀਏ ਤਾਂ ਇੱਥੇ 30 ਲੱਖ ਕੇਸ ਡਾਈਰੀਏ ਦੇ ਹਨ ਅਤੇ ਹਰ ਸਾਲ ਇੱਕ ਲੱਖ ਮਨੁੱਖੀ ਜਾਨਾਂ ਡਾਈਰੀਏ ਕਾਰਨ ਚਲ਼ੀਆਂ ਜਾਂਦੀਆਂ ਹਨ।

ਹਰ ਸਾਲ ਅਨੇਕਾਂ ਮਨੁੱਖੀ ਜਾਨਾਂ ਜਾਂਦੀਆਂ ਹਨ ਅਤੇ ਇਹ ਕੋਬਾਲਟ ਦੁਨੀਆਂ ਭਰ ਵਿੱਚ ਜਾਂਦਾ ਹੈ । ਕੌਂਗੋ ਤੋਂ ਕੋਬਾਲਟ ਦੁਨੀਆ ਭਰ ਵਿੱਚ ਸੀ. .ਡੀ.ਐੱਮ (Congo dongfanf minig international) ਕੰਪਨੀ ਦੁਆਰਾ ਚੀਨ ਜਾਂਦਾ ਹੈ, ਚੀਨ ਦੀ ਕੰਪਨੀ ਹੁਆਏਊ ਕੋਬਾਲਟ ਬੈਟਰੀਆਂ ਬਣਾਉਂਦੀ ਹੈ ਵੱਡੇ ਪੱਧਰ ‘ਤੇ ਅਤੇ ਅਲੱਗ-ਅਲੱਗ ਕੰਪਨੀਆਂ ਜੋ ਮੋਬਾਇਲ, ਲੈਪਟਾਪ ਤਿਆਰ ਕਰਦੀਆਂ ਹਨ, ਉਹਨਾਂ ਨੂੰ ਭੇਜਦੀ ਹੈ।

ਚੀਨੀ, ਅਮਰੀਕਨ, ਯੂਰਪੀਅਨ ਕੰਪਨੀਆਂ ਜੋ ਵੱਡੇ ਪੱਧਰ ਤੇ ਮੁਨਾਫਾ ਕਮਾਉਂਦੀਆਂ ਹਨ, ਇਹਨਾਂ ਕੰਪਨੀਆਂ ਨੂੰ ਚਲਾਉਂਣ ਲਈ ਹਰ ਕੋਸ਼ਿਸ਼ ਕਰਦੀਆਂ ਹਨ ਕਿ ਕਿਵੇਂ ਨਾ ਕਿਵੇਂ ਕਰਕੇ ਵੱਡੇ ਮੁਨਾਫੇ ਕਮਾਈਏ ਤੇ ਇੱਕ ਦੂਜੇ ਤੋਂ ਅੱਗੇ ਲੰਘ ਜਾਈਏ, ਪਰ ਨਾਲ਼ ਹੀ ਇਸਦੇ ਪਿੱਛੇ ਉਹ ਘੋਰ ਮਨੁੱਖਤਾ ਵਿਰੋਧੀ ਕਿਰਦਾਰ ਨੂੰ ਬਖੂਬੀ ਨਿਭਾਉਂਦੇ ਹਨ। ਭਾਵੇਂ ਉਹ ਲੁੱਟ ਕੁਦਰਤੀ ਸ੍ਰੋਤਾਂ ਦੀ ਹੋਵੇ, ਮਨੁੱਖ ਨੂੰ ਮਸ਼ੀਨ ਬਣਾਉਣ ਦੀ ਦੌੜ ਹੋਵੇ, ਮਨੁੱਖ ਤੋਂ ਉਸਦੀ ਰੋਟੀ ਦਾ ਆਖ਼ਰੀ ਟੁਕੜਾ, ਉਸਦਾ ਆਖ਼ਰੀ ਸਾਹ ਤੱਕ ਖੋਹ ਲੈਣ ਦੀ ਗੱਲ ਕਿਉਂ ਨਾ ਹੋਵੇ, ਉਹ ਇਸੇ ਦੋੜ ਵਿੱਚ ਲੱਗੇ ਰਹਿੰਦੇ ਹਨ। ਆਪਣੇ ਇਸ ਮਨੁੱਖਤਾ ਵਿਰੋਧੀ ਕਿਰਦਾਰ ਨੂੰ ਛੁਪਾਉਣ ਲਈ ਭਾਵੇਂ ਉਹ ਜਿੰਨੇ ਮਰਜ਼ੀ ਢੰਗ ਤਰੀਕੇ ਅਪਨਾਉਣ, ਪਰ ਸਚ ਇਹੀ ਹੈ ਕਿ ਖੂਨ ਪੀਣੀਆਂ ਜੋਕਾਂ ਵਾਗੂੰ ਇਹ ਮੁਨਾਫਾਖੋਰ ਮਨੁੱਖੀ ਜ਼ਿੰਦਗੀਆਂ ਨੂੰ ਨਿਗਲ਼ ਰਹੇ ਹਨ। ਖੈਰ ਭਾਵੇਂ ਕੋਈ ਵੀ ਖਾਣ ਹੋਵੇ, ਕੋਈ ਵੀ ਕਾਰਖਾਨਾ ਹੋਵੇ, ਫੈਕਟਰੀਆਂ ਹੋਣ। ਲੱਖਾਂ ਹੀ ਮਜ਼ਦੂਰਾਂ ਨੂੰ ਅਪਾਹਜ ਬਣਾ ਚੁੱਕੇ ਹਨ, ਲੱਖਾਂ ਮਜ਼ਦੂਰਾਂ ਨੂੰ ਮਾਰ ਕੇ ਨਿਗਲ਼ ਚੁੱਕੇ ਹਨ। ਖਾਣਾਂ, ਫੈਕਟਰੀਆਂ ‘ਚ ਕੰਮ ਕਰ ਰਹੇ ਮਜ਼ਦੂਰ ਜਿਹਨਾਂ ਬਦੌਲਤ ਆਪਾਂ ਆਪਣੀ ਜ਼ਿੰਦਗੀ ਅਰਾਮ ਨਾਲ਼ ਜੀਅ ਰਹੇ ਹਾਂ, ਭਾਵੇਂ ਉਹ ਮੋਬਾਇਲ ਦੀ ਸਹੂਲਤ ਹੋਵੇ ਜਾਂ ਆਪਣੇ ਜਿਸਮ ‘ਤੇ ਰੰਗਦਾਰ ਕੱਪੜੇ ਹੋਣ। ਉਹਨਾਂ ਮਜ਼ਦੂਰਾਂ ਦੀ ਸਿਹਤ, ਉਹਨਾਂ ਦੀ ਜ਼ਿੰਦਗੀ ਕੀੜੇ-ਮਕੌੜਿਆਂ ਨਾਲੋਂ ਵੀ ਭੈੜੀ ਹੈ। ਬੱਚੇ ਜੋ ਕਹਿਣ ਨੂੰ ਤਾਂ ਸੰਵਿਧਾਨ ਦੀਆਂ ਪੋਥੀਆਂ ਵਿੱਚ ਪੜਨ ਦੇ ਹੱਕਦਾਰ ਹਨ, ਖੇਡਣ ਦੇ ਹੱਕਦਾਰ ਹਨ, ਬਾਲ-ਮਜ਼ਦੂਰੀ ਗੈਰ-ਕਨੂੰਨੀ ਹੈ। ਉੱਥੇ ਹੀ ਵੱਡੀ ਗਿਣਤੀ ਵਿੱਚ ਇਹ ਬੱਚੇ ਆਪਣੀ ਉਮਰ ਨਾਲੋਂ ਜ਼ਿਆਦਾ ਕੰਮ, ਆਪਣੇ ਭਾਰ ਨਾਲੋਂ ਜ਼ਿਆਦਾ ਭਾਰ ਢੋਂਦੇ ਹਨ।

ਸੱਚਾਈ ਤਾਂ ਇਹ ਹੈ ਕਿ ਮੁਨਾਫੇ ‘ਤੇ ਟਿਕੇ ਢਾਂਚੇ ਵਿੱਚ ਕਿਰਤੀਆਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ। ਉਹਨਾਂ ਨੂੰ ਨਾ ਤਾਂ ਕਿਤਿਉਂ ਕੋਈ ਮਦਦ ਮਿਲ਼ਦੀ ਹੈ ਅਤੇ ਨਾ ਹੀ ਕਿਤਿਉਂ ਇਨਸਾਫ਼ ਮਿਲ਼ਦਾ ਹੈ। ਨਾ ਉਸਦੀ ਸੁਣਵਾਈ ਸਰਕਾਰ ਕਰਦੀ ਹੈ, ਨਾ ਅਦਾਲਤ ਕਰਦੀ ਹੈ, ਨਾ ਹੀ ਪ੍ਰਸ਼ਾਸ਼ਨ। ਅਜਿਹੇ ਵਿੱਚ ਉਹਨਾਂ ਕੋਲ ਜਥੇਬੰਦ ਹੋਕੇ ਆਪਣੇ ਹੱਕਾਂ ਲਈ ਆਪਣੇ ਆਪ ਲੜਨ ਤੋਂ ਇਲਾਵਾ ਕੋਈ ਰਾਸਤਾ ਨਹੀ ਹੈ। ਇਹ ਕਿਸੇ ਇੱਕ ਦੇਸ਼ ਦੀ ਕਹਾਣੀ ਨਹੀ ਹੈ, ਹਰ ਥਾਂ ਅੱਜ ਮਨੁੱਖੀ ਕਿਰਤ ਨੂੰ ਲੁੱਟਿਆ ਜਾ ਰਿਹਾ ਹੈ, ਉਹਨਾਂ ਨੂੰ ਵੀ ਤਾਂ ਜ਼ਿੰਦਗੀ ਜਿਉਂਣ ਦਾ ਹੱਕ ਹੈ, ਉਹਨਾਂ ਨੂੰ ਸਿਹਤ ਸਹੂਲਤਾਂ ਮਿਲ਼ਣ, ਮੁਆਵਜੇ ਮਿਲ਼ਣ। ਪਰ ਸਿਰਫ ਏਨਾ ਹੀ ਕਾਫੀ ਨਹੀਂ ਹੋਵੇਗਾ। ਸਰਮਾਏਦਾਰਾ ਢਾਂਚਾ ਜਦੋਂ ਤੱਕ ਕਾਇਮ ਰਹੇਗਾ ਕਿਰਤੀਆਂ ਦੀ ਜ਼ਿੰਦਗੀ ਵਿੱਚ ਕੋਈ ਬੁਨਿਆਦੀ ਸੁਧਾਰ ਨਹੀਂ ਆਣ ਵਾਲ਼ਾ। ਇਸ ਲਈ ਜਰੂਰੀ ਹੈ ਕਿ ਮਨੁੱਖਦੋਖੀ, ਮੁਨਾਫੇ ‘ਤੇ ਟਿਕੇ ਹੋਏ ਇਸ ਸਰਮਾਏਦਾਰਾ ਢਾਂਚੇ ਨੂੰ ਉਖਾੜ ਸੁੱਟਿਆ ਜਾਵੇ ਅਤੇ ਚੰਗਾ ਸਮਾਜ ਬਣਾਇਆ ਜਾਵੇ, ਜਿਸ ਵਿੱਚ ਸਭ ਨੂੰ ਜੀਣ ਦਾ ਹੱਕ ਹੋਵੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements