‘ਇਨਾਮ ਵਾਪਸੀ’ ਖਿਲਾਫ਼ ਸੰਘੀ ਟੋਲੇ ਦੀ ਮੁਹਿੰਮ ਦਾ ਕੱਚ-ਸੱਚ •ਰਣਬੀਰ

9

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦੇਸ਼ ਵਿੱਚ ਹਿੰਦੂਤਵੀ ਫਿਰਕਾਪ੍ਰਸਤ ਫਾਸੀਵਾਦ ਤੇਜ਼ੀ ਨਾਲ਼ ਵੱਧ-ਫੁੱਲ ਰਿਹਾ ਹੈ। ਇਸ ਖਿਲਾਫ਼ ਲੋਕਾਂ ਦੇ ਵੱਖ-ਵੱਖ ਹਿੱਸਿਆਂ ‘ਚੋਂ ਅਵਾਜ਼ ਉੱਠ ਰਹੀ ਹੈ। ਹਿੰਦੂਤਵੀ ਕੱਟੜਪੰਥੀ ਤਾਕਤਾਂ ਵੱਲ਼ੋਂ ਮਚਾਈ ਹਨੇਰਗਰਦੀ ਖਿਲਾਫ਼ ਸਾਹਿਤਕਾਰਾਂ, ਇਤਿਹਾਸਕਾਰਾਂ, ਫ਼ਿਲਮਾਕਾਰਾਂ, ਕਲਾਕਾਰਾਂ ਤੇ ਵਿਗਿਆਨੀਆਂ ਨੇ ਵੀ ਵਿਰੋਧ ਦਰਜ਼ ਕਰਾਇਆ ਹੈ। ਇਨ੍ਹਾਂ ਵੱਲ਼ੋਂ ਪਦਮਸ਼੍ਰੀ, ਸਾਹਿਤ ਤੇ ਸੰਗੀਤ ਅਕਾਦਮੀ ਤੇ ਕੌਮੀ ਇਨਾਮ ਵਾਪਿਸ ਕੀਤੇ ਜਾਣਾ ਪਿਛਲੇ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੈ। ਇਨਾਮ ਵਾਪਿਸ ਕਰਨ ਵਾਲ਼ੇ ਸਾਹਿਤਕਾਰਾਂ, ਫ਼ਿਲਮਕਾਰਾਂ, ਕਲਾਕਾਰਾਂ, ਇਤਿਹਾਸਕਾਰਾਂ ਤੇ ਵਿਗਿਆਨੀਆਂ ਦਾ ਕਹਿਣਾ ਹੈ ਦੇਸ਼ ਵਿੱਚ ਅਸਹਿਣਸ਼ੀਲਤਾ ਕਾਫ਼ੀ ਵੱਧ ਗਈ ਹੈ। ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ‘ਤੇ ਹਮਲੇ ਕੀਤੇ ਜਾ ਰਹੇ ਹਨ। ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ, ਪ੍ਰੇਮ, ਵਿਆਹ ਜਿਹੇ ਬੇਹੱਦ ਨਿੱਜੀ ਘੇਰੇ ਦੇ ਮਸਲਿਆਂ ਤੱਕ ਵਿੱਚ ਫਾਸੀਵਾਦੀ ਟੋਲੇ ਦਖ਼ਲਅੰਦਾਜ਼ੀ ਕਰ ਰਹੇ ਹਨ। ਮੁਸਲਮਾਨਾਂ ਖਿਲਾਫ਼ ਵੱਡੇ ਪੱਧਰ ‘ਤੇ ਨਫ਼ਰਤ ਭੜਕਾਈ ਜਾ ਰਹੀ ਹੈ। ਗਊ ਰੱਖਿਆ ਦੇ ਨਾਂ ‘ਤੇ ਬੇਗੁਨਾਹ ਲੋਕਾਂ ਨੂੰ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ। ਇਸ ਇਨਾਮ ਵਾਪਸੀ ਮੁਹਿੰਮ ਨੂੰ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਵਿੱਚ ਵੀ ਇੱਕ ਹੱਦ ਤੱਕ ਥਾਂ ਮਿਲੀ ਹੈ। ਸੋਸ਼ਲ ਮੀਡੀਆ ‘ਤੇ ਇਸ ਮੁਹਿੰਮ ਸਦਕਾ ਮੋਦੀ ਸਰਕਾਰ ਤੇ ਸਮੁੱਚੇ ਹਿੰਦੂਤਵੀ ਫਾਸੀਵਾਦੀ ਟੋਲੇ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਵੱਡੀ ਗਿਣਤੀ ਵਿੱਚ ਹੋਰਨਾਂ ਫਿਲਮੀ ਹਸਤੀਆਂ, ਸਾਹਿਤਕਾਰਾਂ, ਸੰਸਥਾਵਾਂ ਵੱਲ਼ੋਂ ਇਨਾਮ ਵਾਪਸੀ ਮੁਹਿੰਮ ਦੀ ਹਿਮਾਇਤ ਕੀਤੀ ਗਈ ਹੈ।  ‘ਇਨਾਮ ਵਾਪਸੀ’ ਦੇ ਵਿਰੋਧ ਵਿੱਚ ਫ਼ਾਸੀਵਾਦੀ ਟੋਲੇ ਨੇ ਵੀ ਮੁਹਿੰਮ ਛੇੜ ਦਿੱਤੀ ਹੈ।

ਇਨਾਮ ਵਾਪਸੀ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਅਸਲ ਵਿੱਚ ਸਭਨਾਂ ਧਰਮ ਨਿਰਪੱਖ ਤੇ ਜਮਹੂਰੀ ਲੋਕਾਂ ਖਿਲਾਫ਼ ਮੁਹਿੰਮ ਹੈ ਜੋ ਹਿੰਦੂਤਵੀ ਫਿਰਕਾਪ੍ਰਸਤੀ ਦਾ ਵਿਰੋਧ ਕਰ ਰਹੇ ਹਨ। ਅਖ਼ਬਾਰਾਂ ਵਿੱਚ ਇਸ ਬਾਰੇ ਹਿੰਦੂਤਵੀ ਫਾਸੀਵਾਦੀਆਂ ਦੇ ਲੇਖ ਪ੍ਰਮੁੱਖਤਾ ਨਾਲ਼ ਛਾਪੇ ਜਾ ਰਹੇ ਹਨ। ਆਰ.ਐਸ.ਐਸ., ਵਿਸ਼ਵ ਹਿੰਦੂ ਪ੍ਰੀਸ਼ਦ, ਬਾਬਾ ਰਾਮਦੇਵ ਆਦਿ ਦੇ ਪ੍ਰੋਗਰਾਮਾਂ ਵਿੱਚ ‘ਇਨਾਮ ਵਾਪਸੀ’ ਖਿਲਾਫ਼ ਰੱਜ ਕੇ ਭੜਾਸ ਕੱਢੀ ਜਾ ਰਹੀ ਹੈ। ਰਾਸਟਰਪਤੀ ਤੋਂ ਇਨਾਮ ਵਾਪਿਸ ਨਾ ਕਰਨ ਦੀਆਂ ਅਪੀਲਾਂ ਵਾਲ਼ੇ ਭਾਸ਼ਣ ਦੁਆਏ ਜਾ ਰਹੇ ਹਨ। ਵਿਸ਼ੇਸ਼ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਸੰਘੀ ਟੋਲੇ ਦਾ ਵਿਰੋਧ ਕਰਨ ਵਾਲ਼ਿਆਂ ਅਤੇ ‘ਇਨਾਮ ਵਾਪਸੀ’ ਦੀ ਹਮਾਇਤ ਕਰਨ ਵਾਲ਼ੇ ਮਸ਼ਹੂਰ ਵਿਅਕਤੀਆਂ ਖਿਲਾਫ਼ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਟਵਿਟਰ, ਫੇਸਬੁੱਕ ਆਦਿ ‘ਤੇ ਮੋਦੀ ਭਗਤਾਂ ਦੀਆਂ ਗਾਲ੍ਹਾਂ ਦਾ ਹੜ੍ਹ ਆ ਗਿਆ ਹੈ। ਇਸ ਦੌਰਾਨ ਅਨੁਪਮ ਖੇਰ ਨੇ ਮੋਦੀ ਭਗਤਾਂ ਨੂੰ ਇਕੱਠਾ ਕਰਕੇ ਦਿੱਲੀ ਵਿੱਚ ਇੱਕ ਮਾਰਚ ਵੀ ਕੱਢਿਆ ਹੈ ਜਿਸ ਨੂੰ ‘ਮਾਰਚ ਫ਼ਾਰ ਇੰਡੀਆ’ ਦਾ ਨਾਂ ਦਿੱਤਾ ਗਿਆ ਜਿਸਨੂੰ ਸਰਮਾਏਦਾਰਾ ਮੀਡੀਆ ਨੇ ਵੱਡੇ ਪੱਧਰ ‘ਤੇ ਪ੍ਰਚਾਰਿਆ ਹੈ। ਲੇਖਕਾਂ ਵੱਲ਼ੋਂ ਇਨਾਮ ਵਾਪਸੀ ਮੁਹਿੰਮ ਖਿਲਾਫ਼ ਸੰਘੀ ਟੋਲੇ ਨੇ ”ਕਿਤਾਬ ਵਾਪਸੀ” ਮੁਹਿੰਮ ਵੀ ਛੇੜੀ ਹੈ।

ਸੰਘੀ ਟੋਲਾ ਇਨਾਮ ਵਾਪਸੀ ਦਾ ਵਿਰੋਧ ਕਰਦੇ ਹੋਏ ਆਪਣੀ ਔਕਾਤ ਮੁਤਾਬਿਕ ਬੇਸਿਰਪੈਰ ਦੇ ”ਤਰਕ” ਦੇ ਰਿਹਾ ਹੈ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਿਰੇ ਦੇ ਝੂਠ ਬੋਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ”ਭਾਰਤ ਦੁਨੀਆਂ ਦਾ ਸਭ ਤੋਂ ਸਹਿਣਸ਼ੀਲ ਦੇਸ਼ ਹੈ”। ਕਿ ਭਾਰਤ ਵਿੱਚ ”ਛੋਟੀਆਂ-ਛੋਟੀਆਂ” ਘਟਨਾਵਾਂ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਕਹਿ ਰਹੇ ਹਨ ਕਿ ‘ਇਨਾਮ ਵਾਪਸੀ’ ਦੇ ਬਹਾਨੇ ”ਕੌਮਵਾਦੀ” ਮੋਦੀ ਅਤੇ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਨਾਮ ਵਾਪਿਸ ਕਰਨ ਵਾਲ਼ਿਆਂ ਖਿਲਾਫ਼ ਦੂਸ਼ਣਬਾਜ਼ੀ ਕਰਦੇ ਹੋਏ ਵਿਦੇਸ਼ੀ ਤਾਕਤਾਂ ਤੋਂ ਪੈਸੇ ਲੈ ਕੇ ਸੰਸਾਰ ਪੱਧਰ ‘ਤੇ ਭਾਰਤ ਦਾ ਅਕਸ ਖਰਾਬ ਕਰਨ ਦੇ ”ਦੇਸ਼ ਧ੍ਰੋਹ” ਦੇ ਬੇਸਿਰਪੈਰ ਦੇ ਦੋਸ਼ ਲਗਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਇਨਾਮ ਵਾਪਸ ਕਰਨ ਵਾਲ਼ਿਆਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਮੋਦੀ ਨਾਲ਼ ਗੱਲ ਕਰਨ, ਕਿ ”ਮਿਲ-ਬੈਠ” ਕੇ ਮਤਭੇਦਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਪੁੱਛਿਆ ਜਾ ਰਿਹਾ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਵੇਲ਼ੇ ਹੋਈਆਂ ਫਿਰਕਾਪ੍ਰਸਤ ਘਟਨਾਵਾਂ ਸਮੇਂ ਇਨਾਮ ਵਾਪਿਸ ਕਿਉਂ ਨਹੀਂ ਕੀਤੇ ਗਏ? ਇਨ੍ਹਾਂ ਦਾ ਕਹਿਣਾ ਹੈ ਕਿ ”ਅਖੌਤੀ ਧਰਮ ਨਿਰਪੱਖ ਲੋਕ” ਹਿੰਦੂਆਂ ਦੇ ਕਤਲਾਂ ਖਿਲਾਫ਼ ਕਦੇ ਅਵਾਜ਼ ਨਹੀਂ ਉਠਾਉਂਦੇ। ਝੂਠੇ ਦਾਅਵਿਆਂ ਦੀ ਪੁਰਾਣੀ ਆਦਤ ਮੁਤਾਬਿਕ ਹੀ ਇਹਨਾਂ ਵੱਲ਼ੋ ਮੋਦੀ ਸਰਕਾਰ ਵੇਲ਼ੇ ਫਿਰਕਾਪ੍ਰਸਤੀ ਦੀਆਂ ਘਟਨਾਵਾਂ ਵਿੱਚ ਕਮੀ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਇਨਾਮ ਵਾਪਸੀ ਰਾਹੀਂ ਰੋਸ ਪ੍ਰਗਟਾਵੇ ਦੀ ਮੁਹਿੰਮ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਵੱਲ਼ੋਂ ਫਿਰਕਾਪ੍ਰਸਤੀ ਅਤੇ ਫਾਸੀਵਾਦ ਖਿਲਾਫ਼ ਜ਼ਾਰੀ ਘੋਲ਼ ਦਾ ਹੀ ਇੱਕ ਅੰਗ ਹੈ। 1947 ‘ਚ ਅੰਗਰੇਜ਼ੀ ਬਸਤੀਵਾਦ ਤੋਂ ਮੁਕਤੀ ਤੋਂ ਬਾਅਦ ਭਾਰਤ ਵਿੱਚ ਉਸਰੇ ਸਰਮਾਏਦਾਰਾ ਪ੍ਰਬੰਧ ਵਿੱਚ ਹਮੇਸ਼ਾਂ ਤੋਂ ਜਮਹੂਰੀਅਤ ਦਾ ਘੇਰਾ ਬਹੁਤ ਤੰਗ ਰਿਹਾ ਹੈ। ਵੱਖ-ਵੱਖ ਫਿਰਕਾਪ੍ਰਸਤ, ਖੇਤਰਵਾਦੀ ਤੇ ਜਾਤਵਾਦੀ ਤਾਕਤਾਂ ਵੱਲ਼ੋਂ ਲੋਕਾਂ ਦੇ ਜਮਹੂਰੀ ਹੱਕਾਂ ‘ਤੇ ਹਮਲੇ ਹੁੰਦੇ ਰਹੇ ਹਨ। ਲੋਕਾਂ ਨੂੰ ਧਰਮ ਦੇ ਨਾਂ ‘ਤੇ ਆਪਸ ਵਿੱਚ ਵੰਡਣ-ਲੜਾਉਣ ਦਾ ਕੰਮ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ। ਭਾਰਤ ਪੱਧਰ ‘ਤੇ ਸਮੁੱਚੇ ਤੌਰ ‘ਤੇ ਵੇਖਿਆਂ ਇਹਨਾਂ ਵਿੱਚ ਵੀ ਹਿੰਦੂਤਵੀ ਕੱਟੜਪੰਥੀਆਂ ਦੀ ਚੜਾਈ ਰਹੀ ਹੈ। ਧਰਮ ਨਿਰਪੱਖ, ਜਮਹੂਰੀਅਤ ਪਸੰਦ ਲੋਕਾਂ (ਸਮੇਤ ਸਾਹਿਤਕਾਰਾਂ, ਕਲਾਕਾਰਾਂ, ਇਤਿਹਾਸਕਾਰਾਂ, ਵਿਗਿਆਨੀਆਂ, ਫ਼ਿਲਮਕਾਰਾਂ) ਵੱਲ਼ੋਂ ਇਨ੍ਹਾਂ ਲੋਕ ਵਿਰੋਧੀ ਤਾਕਤਾਂ ਦੀ ਵੱਖੋ-ਵੱਖਰੇ ਰੂਪਾਂ ਵਿੱਚ ਖਿਲਾਫ਼ਤ ਹੁੰਦੀ ਰਹੀ ਹੈ। ਸੰਘੀ ਟੋਲਾ ਇਹ ਪੂਰੀ ਤਰ੍ਹਾਂ ਝੂਠਾ ਪ੍ਰਚਾਰ ਕਰ ਰਿਹਾ ਹੈ ਕਿ ਧਰਮ ਨਿਰਪੱਖ ਲੋਕਾਂ ਨੇ ਭਾਜਪਾ ਵਿਰੁੱਧ ਹੀ ਅਵਾਜ਼ ਉਠਾਈ ਹੈ। ਕਾਂਗਰਸ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਜਾਤਵਾਦ, ਖੇਤਰਵਾਦ ਸਮੇਤ ਧਾਰਮਿਕ ਫਿਰਕਾਪ੍ਰਸਤੀ ਦੀ ਗੰਦੀ ਖੇਡ ਖੇਡਦੀ ਰਹੀ ਹੈ। ਜਿਵੇਂ ਕਿ ਅਰੁੰਧਤੀ ਰਾਏ ਨੇ ਕੌਮੀ ਇਨਾਮ ਸਮੇਤ ਹੋਰ ਇਨਾਮ ਵਾਪਿਸ ਕਰਦੇ ਹੋਏ ਲਿਖਿਆ ਹੈ – ”ਭਾਜਪਾ ਜੋ ਦਿਨ ‘ਚ ਕਰਦੀ ਹੈ, ਕਾਂਗਰਸ ਉਹ ਰਾਤ ਵੇਲ਼ੇ ਕਰਦੀ ਹੈ”। ਹਿੰਦੂਤਵੀ ਫਿਰਕਾਪ੍ਰਸਤ ਕਾਂਗਰਸੀ ਗੁੰਡਾ ਟੋਲ਼ਿਆਂ (ਸੰਘੀ ਟੋਲੇ ਨੇ ਇਹਨਾਂ ਦਾ ਸਾਥ ਦਿੱਤਾ ਸੀ) ਵੱਲ਼ੋਂ ਸੰਨ ਚੁਰਾਸੀ ਦੇ ਸਿੱਖ ਕਤਲੇਆਮ ਵੇਲ਼ੇ ਧਰਮ ਨਿਰਪੱਖ ਤੇ ਜਮਹੂਰੀਅਤ ਪਸੰਦ ਲੋਕਾਂ ਨੇ ਅਵਾਜ਼ ਉਠਾਈ ਸੀ ਅਤੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਅਤੇ ਦੋਸ਼ੀ ਕਾਂਗਰਸੀ ਲੀਡਰਾਂ ਨੂੰ ਸਜਾ ਕਰਾਉਣ ਲਈ ਅੱਜ ਤੱਕ ਲਗਾਤਾਰ ਅਵਾਜ਼ ਉਠਾਉਂਦੇ ਆਏ ਹਨ।

ਧਰਮ ਨਿਰਪੱਖ ਜਮਹੂਰੀ ਤਾਕਤਾਂ ਹੀ ਹਮੇਸ਼ਾਂ ਤੋਂ ਸਭਨਾਂ ਫਿਰਕਾਪ੍ਰਸਤਾਂ ਖਿਲਾਫ਼ ਲੜਦੀਆਂ ਰਹੀਆਂ ਹਨ। ਇਸਲਾਮਿਕ ਤੇ ਖਾਲਿਸਤਾਨੀ ਫਿਰਕਾਪ੍ਰਸਤਾਂ ਵੱਲ਼ੋਂ ਹਿੰਦੂਆਂ ਦੇ ਵਹਾਏ ਜਾਂਦੇ ਰਹੇ ਲਹੂ ਖਿਲਾਫ਼ ਇਨ੍ਹਾਂ ਤਾਕਤਾਂ ਨਾਲ਼ ਧਰਮ ਨਿਰਪੱਖ ਜਮਹੂਰੀ ਤੇ ਖੱਬੇਪੱਖੀ ਤਾਕਤਾਂ ਹੀ ਲੋਹਾ ਲੈਂਦੀਆਂ ਰਹੀਆਂ ਹਨ ਨਾ ਕਿ ਇਹ ਕਾਇਰ ਹਿੰਦੂਤਵੀ ਸੰਘੀ ਟੋਲਾ। ਭਾਰਤ ਹੋਵੇ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਾਂ ਦੁਨੀਆਂ ਦਾ ਕੋਈ ਵੀ ਹੋਰ ਦੇਸ਼ ਮੁਸਲਿਮ ਕੱਟੜਪੰਥੀਆਂ ਵੱਲ਼ੋਂ ਬੇਗੁਨਾਹ ਹਿੰਦੂਆਂ ਤੇ ਜਮਹੂਰੀਅਤ ਪਸੰਦ ਲੋਕਾਂ ‘ਤੇ ਢਾਹੇ ਜ਼ਬਰ ਵਿਰੁੱਧ ਭਾਰਤ ਦੀਆਂ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਹਮੇਸ਼ਾਂ ਅਵਾਜ਼ ਉਠਾਉਂਦੀਆਂ ਰਹੀਆਂ ਹਨ। ਸੰਘੀ ਫਾਸੀਵਾਦੀ ਟੋਲਾ ਤਾਂ ਹੋਰ ਧਰਮਾਂ ਦੇ ਕੱਟੜਪੰਥੀਆਂ ਵੱਲ਼ੋਂ ਆਮ ਹਿੰਦੂ ਲੋਕਾਂ ਦੇ ਖੂਨ ਵਹਾਏ ਜਾਣ ‘ਤੇ ਢਿੱਡੋਂ ਖੁਸ਼ ਹੁੰਦਾ ਹੈ ਕਿਉਂਕਿ ਇਸ ਨਾਲ਼ ਉਸਨੂੰ ਹਿੰਦੂਆਂ ਨੂੰ ਘੱਟਗਿਣਤੀਆਂ ਖਿਲਾਫ਼ ਭੜਕਾ ਕੇ ਆਪਣੀ ਹਿੰਦੂਤਵੀ ਫਾਸੀਵਾਦੀ ਸਿਆਸਤ ਅੱਗੇ ਵਧਾਉਣ ਦਾ ਮੌਕਾ ਮਿਲਦਾ ਹੈ। ਘੱਟ ਗਿਣਤੀ ਧਾਰਮਿਕ ਫਿਰਕਾਪ੍ਰਸਤੀ ਤਾਂ ਅਸਲ ਵਿੱਚ ਹਿੰਦੂਤਵੀ ਫਿਰਕਾਪ੍ਰਸਤੀ ਦੀ ਪੂਰਕ ਹੈ। ਇਸਨੂੰ ਵੱਧਣ-ਫੁੱਲਣ ਲਈ ਖਾਦ ਪਾਣੀ ਦਿੰਦੀ ਹੈ। ਇਸੇ ਤਰ੍ਹਾਂ ਹਿੰਦੂਤਵੀ ਫਿਰਕਾਪ੍ਰਸਤੀ ਵੀ ਘੱਟ ਗਿਣਤੀ ਫਿਰਕਾਪ੍ਰਸਤੀ ਲਈ ਖਾਦ-ਪਾਣੀ ਦਾ ਪ੍ਰਬੰਧ ਕਰਦੀ ਹੈ। ਬਾਹਰੀ ਤੌਰ ‘ਤੇ ਦੁਸ਼ਮਣ ਨਜ਼ਰ ਆਉਂਦੇ ਇਹ ਫਿਰਕਾਪ੍ਰਸਤ ਟੋਲੇ ਅਸਲ ਵਿੱਚ ਮਿੱਤਰ ਹਨ।

ਇਸ ਲਈ ਅੱਜ ਜੋ ਤਾਕਤਾਂ ਦੇਸ਼ ‘ਚ ਬਣੇ ਫਾਸੀਵਾਦੀ ਮਹੌਲ ਦਾ ਵਿਰੋਧ ਕਰ ਰਹੀਆਂ ਹਨ ਉਹਨਾਂ ਦੀ ਲੜਾਈ ਨੂੰ ”ਭਾਜਪਾ ਬਨਾਮ ਕਾਂਗਰਸ” ਜਾਂ ”ਹਿੰਦੂ ਬਨਾਮ ਮੁਸਲਿਮ” ਜਿਹੇ ਚੌਖਟਿਆਂ ਵਿੱਚ ਰੱਖਣਾ ਬਿਲਕੁਲ ਨਜਾਇਜ਼ ਹੈ।

ਭਾਰਤ ਪੱਧਰ ‘ਤੇ ਹਿੰਦੂਤਵੀ ਕੱਟੜਪੰਥੀਆਂ ਦੀ ਤਾਕਤ ਵੱਧ ਹੋਣ ਕਰਕੇ ਫਿਰਕੂ ਮਹੌਲ ਪੈਦਾ ਕਰਨ ਵਿੱਚ, ਲੋਕਾਂ ਦੇ ਜਮਹੂਰੀ ਹੱਕਾਂ ‘ਤੇ ਹਮਲਿਆਂ, ਹੋਰਨਾਂ ਧਰਮਾਂ ਦੇ ਲੋਕਾਂ ਦਾ ਕਤਲੇਆਮ, ਸਾਹਿਤਕਾਰਾਂ, ਕਲਾਕਾਰਾਂ, ਸਮਾਜਿਕ ਕਾਰਕੁੰਨਾਂ ਦੇ ਕਤਲਾਂ, ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ‘ਤੇ ਹਮਲਿਆਂ, ਦੇਸ਼ ਦੇ ਕੋਨੇ-ਕੋਨੇ ਵਿੱਚ ਵੱਖ-ਵੱਖ ਕਿਸਮ ਦੀਆਂ ਫਿਰਕੂ ਘਟਨਾਵਾਂ ਨੂੰ ਅੰਜ਼ਾਮ ਦੇਣ, ਦਲਿਤਾਂ ‘ਤੇ ਜਾਤਵਾਦੀ ਜ਼ਬਰ ਢਾਹੁਣ ਆਦਿ ਵਿੱਚ ਹਿੰਦੂਤਵੀ ਕੱਟੜਪੰਥੀ ਸਭ ਤੋਂ ਅੱਗੇ ਰਹੇ ਹਨ। ਇਹਨਾਂ ਵੱਲ਼ੋਂ ਕੀਤੇ ਗਏ ਕੁੱਲ ਫਿਰਕੂ ਕਾਰੇ ਹੋਰਾਂ ਦੇ ਕੁੱਲ ਫਿਰਕੂ ਕਾਰਿਆਂ ਤੋਂ ਕਈ ਗੁਣਾ ਵੱਧ ਹਨ। ਇਸ ਲਈ ਸੁਭਾਵਿਕ ਤੌਰ ‘ਤੇ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਨੂੰ ਸਭ ਤੋਂ ਵਧੇਰੇ ਹਿੰਦੂਤਵੀ ਕੱਟੜਪੰਥੀਆਂ ਖਿਲਾਫ਼ ਹੀ ਲੜਨਾ ਪੈਂਦਾ ਹੈ। ਸਭਨਾਂ ਫਿਰਕਾਪ੍ਰਸਤਾਂ ਵਿੱਚੋਂ ਹਿੰਦੂਤਵੀ ਕੱਟੜਪੰਥੀ ਹੀ ਸਭ ਤੋਂ ਵੱਡਾ ਖਤਰਾ ਰਹੇ ਹਨ ਇਸ ਲਈ ਮੁੱਖ ਲੜਾਈ ਵੀ ਹਿੰਦੂਤਵੀ ਕੱਟੜਪੰਥੀਆਂ ਖਿਲਾਫ਼ ਰਹੀ ਹੈ ਪਰ ਲੜਾਈ ਸਿਰਫ਼ ਇਹਨਾਂ ਖਿਲਾਫ ਹੀ ਨਹੀਂ ਲੜੀ ਗਈ ਹੈ। ਹਿੰਦੂਤਵੀ ਕੱਟੜਪੰਥੀਆਂ ਵੱਲ਼ੋਂ ਕੀਤਾ ਜਾਂਦਾ ਇਹ ਪ੍ਰਚਾਰ ਪੂਰੀ ਤਰ੍ਹਾਂ ਝੂਠ ਹੈ ਕਿ ”ਅਖੌਤੀ ਧਰਮ ਨਿਰਪੱਖ ਲੋਕ” ਘੱਟ ਗਿਣਤੀਆਂ ‘ਤੇ ਜੁਲਮਾਂ ਖਿਲਾਫ਼ ਹੀ ਬੋਲ਼ਦੇ ਹਨ।

ਅੱਜ ਜਿਸ ਪੱਧਰ ‘ਤੇ ਹਿੰਦੂਤਵੀ ਕੱਟੜਪੰਥੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸਦਾ ਕਾਰਨ ਕੋਈ ਸਾਜ਼ਿਸ਼ ਨਹੀਂ ਹੈ ਜਿਵੇਂ ਕਿ ਮੋਦੀ ਭਗਤ ਪ੍ਰਚਾਰ ਰਹੇ ਹਨ ਸਗੋਂ ਇਹ ਤਾਂ ਸਮੇਂ ਦੀ ਲੋੜ ਹੈ। ਜੋ ਹਾਲਤਾਂ ਬਣ ਚੁੱਕੀਆਂ ਹਨ ਉਸ ਨੂੰ ਵੇਖਦੇ ਹੋਏ ਤਾਂ ਇਹ ਵਿਰੋਧ ਇਸਤੋਂ ਕਿਤੇ ਵਧੇਰੇ ਤਕੜਾ ਹੋਣਾ ਚਾਹੀਦਾ ਹੈ। ਕਲਮਾਂ ਤੇ ਕਲਾ ਵਾਲ਼ਿਆਂ ਵੱਲ਼ੋਂ ਇਨਾਮ ਵਾਪਸੀ ਰਾਹੀਂ ਫਿਰਕੂ ਫ਼ਾਸੀਵਾਦ ਖਿਲਾਫ਼ ਜ਼ੋਰਦਾਰ ਮੁਹਿੰਮ ਦਾ ਜ਼ੋਰਦਾਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਪਹਿਲਾਂ ਵੀ ਟੁੱਟਵੇਂ ਰੂਪ ਵਿੱਚ ਇਨਾਮ ਵਾਪਿਸ ਵੀ ਹੁੰਦੇ ਰਹੇ ਹਨ ਅਤੇ ਇਨਾਮ ਲੈਣ ਤੋਂ ਨਾਂਹ ਵੀ ਕੀਤੀ ਜਾਂਦੀ ਰਹੀ ਹੈ। ਪਰ ਏਨੇ ਵੱਡੇ ਪੱਧਰ ‘ਤੇ ਇਨਾਮ ਵਾਪਸੀ ਰਾਹੀਂ ਵਿਰੋਧ ਦਾ ਇਸ ਪੱਧਰ ਦਾ ਪ੍ਰਗਟਾਵਾ ਪਹਿਲੀ ਵਾਰ ਵੇਖਣ ਵਿੱਚ ਮਿਲਿਆ ਹੈ।

ਫਿਰਕੂ ਫਾਸੀਵਾਦ ਦੇਂ ਵੱਧਦੇ ਜਾ ਰਹੇ ਵਿਰੋਧ ਨੂੰ ਵੱਧਦੇ ਜਾ ਰਹੇ ਫਿਰਕੂ ਫਾਸੀਵਾਦੀ ਹੱਲੇ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਮੌਜੂਦਾ ਹਾਲਤਾਂ ਪਹਿਲਾਂ ਦੇ ਸਮੇਂ ਤੋਂ ਗੁਣਾਤਮਕ ਤੌਰ ‘ਤੇ ਵੱਖਰੀਆਂ ਹਨ। ਅੱਜ ਹਿੰਦੂਤਵੀ ਕੱਟੜਪੰਥੀਆਂ ਦੀ ਤਾਕਤ ਬਹੁਤ ਜਿਆਦਾ ਵੱਧ ਚੁੱਕੀ ਹੈ। ਅੱਜ ਦੇਸ਼ ਵਿੱਚ ਇਹਨਾਂ ਵੱਲੋਂ ਵੱਡੇ ਪੱਧਰ ‘ਤੇ ਘੱਟ ਗਿਣਤੀਆਂ ਖਿਲਾਫ਼ ਫਿਰਕੂ ਨਫ਼ਰਤ ਦਾ ਜ਼ਹਿਰੀਲਾ ਵਾਤਾਵਰਣ ਬਣਾ ਦਿੱਤਾ ਗਿਆ ਹੈ, ਗਊ ਹੱਤਿਆ, ਧਰਮ ਪਰਿਵਰਤਨ, ਲਵ-ਜਿਹਾਦ, ਹਿੰਦੂ ਧਰਮ ਦੀ ਰੱਖਿਆ ਆਦਿ ਅਨੇਕਾਂ ਬਹਾਨਿਆਂ ਹੇਠ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਤੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਦੂਤਵੀ ਕੱਟੜਪੰਥੀਆਂ ਵੱਲੋਂ ਦਲਿਤਾਂ ‘ਤੇ ਜ਼ਬਰ ਵਿੱਚ ਵਾਧਾ ਹੋਇਆ ਹੈ। ਫਿਰਕੂ ਫਾਸੀਵਾਦ ਖਿਲਾਫ਼ ਅਵਾਜ਼ ਉਠਾਉਣ ਵਾਲ਼ੇ ਸਾਹਿਤਾਕਾਰਾਂ, ਸਮਾਜਿਕ ਕਾਰਕੁੰਨਾਂ ਆਦਿ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਾਨਲੇਵਾ ਹਮਲੇ ਹੋ ਰਹੇ ਹਨ, ਗੁਲਾਮ ਅਲੀ ਜਿਹੇ ਗਾਇਕਾਂ ਨੂੰ ਭਾਰਤ ਵਿੱਚ ਆਪਣੇ ਸ਼ੋਅ ਕਰਨ ਤੋਂ ਰੋਕਿਆ ਜਾ ਰਿਹਾ ਹੈ, ਹਰ ਦਿਨ ਅਨੇਕਾਂ ਫਿਰਕੂ ਕਾਰਵਾਈਆਂ ਹਿੰਦੂਤਵੀ ਕੱਟੜਪੰਥੀਆਂ ਵੱਲ਼ੋਂ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ।

ਲੁਟੇਰੀ ਸਰਮਾਏਦਾਰ ਜਮਾਤ ਦੀ ਸੇਵਾ ਹਿੱਤ ਹਿਟਲਰ-ਮੁਸੋਲਿਨੀ ਦੀ ਤਰਜ਼ ‘ਤੇ ਭਾਰਤ ਵਿੱਚ ਫ਼ਾਸੀਵਾਦੀ ਰਾਜ ਲਾਗੂ ਕਰਕੇ ਲੋਕਾਂ ਦੇ ਸਾਰੇ ਜਮਹੂਰੀ ਹੱਕ ਖੋਹਣ ਦਾ ਸੁਪਨਾ ਵੇਖਣ ਵਾਲ਼ੀ ਆਰ.ਐਸ.ਐਸ. ਦੀ ਮੈਂਬਰਸ਼ਿਪ ਦੀ ਗਿਣਤੀ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਛੜੱਪੇਮਾਰ ਵਾਧਾ ਹੋਇਆ ਹੈ। ਅਗਸਤ 2015 ਦੀ ਇੱਕ ਰਿਪੋਰਟ ਮੁਤਾਬਿਕ ਪੰਜ ਸਾਲਾਂ ਦੌਰਾਨ ਇਸਦੀਆਂ ਦੇਸ਼ ਦੇ ਕੋਨੇ-ਕੋਨੇ ਵਿੱਚ ਲੱਗਣ ਵਾਲ਼ੀਆਂ ਸ਼ਾਖਾਵਾਂ ਦੀ ਗਿਣਤੀ 61 ਫੀਸਦੀ ਵਧੀ ਹੈ। ਦੇਸ਼ ਵਿੱਚ ਰੋਜ਼ਾਨਾ ਇਸਦੀਆਂ 51,335 ਸ਼ਾਖਾਵਾਂ ਲੱਗਦੀਆਂ ਹਨ। ਆਰ.ਐਸ.ਐਸ. ਨਾਲ਼ ਸਬੰਧਤ ਕਰੀਬ ਚਾਲ਼ੀ ਜੱਥੇਬੰਦੀਆਂ ਦਾ ਅਧਾਰ ਤੇਜ਼ੀ ਨਾਲ਼ ਵਧਿਆ ਹੈ। ਇਸਦਾ ਸਿਆਸੀ ਵਿੰਗ ਭਾਰਤ ਜਨਤਾ ਪਾਰਟੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਭਾਰੀ ਬਹੁਮਤ ਨਾਲ਼ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਇਆ ਹੈ।

ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਸੰਘ ਪਰਿਵਾਰ (ਆਰ.ਐਸ.ਐਸ. ਅਤੇ ਇਸ ਨਾਲ਼ ਸਬੰਧਤ ਜੱਥੇਬੰਦੀਆਂ ਜਿਵੇਂ ਕਿ ਭਾਜਪਾ, ਬਜਰੰਗ ਦਲ, ਏ.ਬੀ.ਵੀ.ਪੀ., ਸੇਵਾ ਭਾਰਤੀ ਆਦਿ) ਦੇ ਫੈਲਾਅ ਵਿੱਚ ਹੋਰ ਵੀ ਤੇਜ਼ੀ ਆਈ ਹੈ। ਸੰਘ ਪਰਿਵਾਰ ਦੀ ਇਸ ਵਧੀ ਸਮਾਜਕ-ਸਿਆਸੀ ਤਾਕਤ ਮੁਤਾਬਿਕ ਇਸਦੇ ਕਾਲ਼ੇ ਕਾਰਿਆਂ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ ਪੰਜ ਸਾਲਾਂ ਵਿੱਚ ਸੰਘ ਪਰਿਵਾਰ ਦੀ ਤਾਕਤ ਵਿੱਚ ਹੋਏ ਛੜੱਪੇਮਾਰ ਵਾਧੇ ਦੇ ਨਾਲ਼-ਨਾਲ਼ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਮੁਤਾਬਿਕ ਸੰਨ 2011 ਤੋਂ ਸੰਨ 2014 ਦੇ ਚਾਰ ਸਾਲਾਂ ਦੌਰਾਨ 2175 ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਸੰਘ ਪਰਿਵਾਰ ਵੱਲ਼ੋਂ ਯੋਜਨਾਬੱਧ ਢੰਗ ਨਾਲ਼ ਮੁਜੱਫ਼ਰ ਨਗਰ ਵਿੱਚ ਮੁਸਲਮਾਨਾਂ ਦਾ ਕਤਲੇਆਮ ਇਸੇ ਸਮੇਂ ਦੌਰਾਨ ਸੰਨ 2013 ਵਿੱਚ ਕੀਤਾ ਗਿਆ ਸੀ। ਇਸ ਕਤਲੇਆਮ 100 ਤੋਂ ਵਧੇਰੇ ਮੁਸਲਮਾਨ ਮਾਰੇ ਗਏ ਸਨ ਅਤੇ ਪੰਜਾਹ ਹਜ਼ਾਰ ਤੋਂ ਵਧੇਰੇ ਮੁਸਲਮਾਨਾਂ ਨੂੰ ਉਜਾੜੇ ਦਾ ਸ਼ਿਕਾਰ ਹੋਣਾ ਪਿਆ ਸੀ। ਦੇਸ਼ ਭਰ ਵਿੱਚ ਫ਼ਿਰਕੂ ਨਫ਼ਰਤ ਫੈਲਾ ਕੇ ਭਾਜਪਾ ਵੱਲ਼ੋਂ ਕੇਂਦਰ ਸਰਕਾਰ ‘ਤੇ ਕਬਜ਼ੇ ਤੋਂ ਬਾਅਦ ਦੇ ਅਗਲੇ ਦੋ ਮਹੀਨਿਆਂ ਵਿੱਚ ਹੀ ਫ਼ਿਰਕੂ ਹਿੰਸਾ ਦੀਆਂ 600 ਘਟਨਾਵਾਂ ਵਾਪਰ ਗਈਆਂ ਸਨ। ਹਿੰਦੂ ਧਰਮ ਦੀ ਰੱਖਿਆ, ਗਊ ਰੱਖਿਆ, ”ਲਵ ਜਿਹਾਦ” ਵਿਰੋਧ, ”ਧਰਮ ਪਰਿਵਤਨ” ਵਿਰੋਧ ਆਦਿ ਬਹਾਨਿਆਂ ਹੇਠ ਪਿਛਲੇ ਡੇਢ ਸਾਲ ਵਿੱਚ ਫ਼ਿਰਕੂ ਹਿੰਸਾ ਦਾ ਇਹ ਮਾਹੌਲ ਲਗਾਤਾਰ ਵੱਧਦਾ ਹੀ ਗਿਆ ਹੈ। ਦੇਸ਼ ਵਿੱਚ ਧਾਰਮਿਕ ਘੱਟਗਿਣਤੀ ਲੋਕ ਖਾਸਕਰ ਮੁਸਲਮਾਨ ਅਤੇ ਇਸਾਈ ਬੇਹੱਦ ਡਰ-ਭੈਅ ਦੇ ਮਾਹੌਲ ਵਿੱਚ ਰਹਿ ਰਹੇ ਹਨ। ਖਾਣ-ਪੀਣ, ਰਹਿਣ-ਸਹਿਣ, ਤਿਉਹਾਰਾਂ, ਰੀਤੀ-ਰਿਵਾਜਾਂ ਸਬੰਧੀ ਉਹਨਾਂ ਦੇ ਮਨ ਵਿੱਚ ਵਿਆਪਕ ਪੱਧਰ ‘ਤੇ ਡਰ ਫੈਲਿਆ ਹੈ। ਦਾਦਰੀ (ਉੱਤਰ ਪ੍ਰਦੇਸ਼), ਊਧਮਪੁਰ (ਜੰਮੂ), ਸਿਰਮੌਰ (ਹਿਮਾਚਲ) ਆਦਿ ਥਾਵਾਂ ‘ਤੇ ਗਊ ਹੱਤਿਆਵਾਂ ਦਾ ਬਹਾਨਾ ਬਣਾ ਕੇ ਮੁਸਲਮਾਨਾਂ ਨੂੰ ਮਾਰੇ ਜਾਣ ਦੀਆਂ ਤਾਜ਼ਾ ਘਟਨਾਵਾਂ ਆਉਣ ਵਾਲ਼ੇ ਬੇਹੱਦ ਔਖੇ ਦਿਨਾਂ ਦਾ ਸੰਕੇਤ ਦਿੰਦੀਆਂ ਹਨ। ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕੁੱਝ ਦਿਨ ਪਹਿਲਾਂ ਟੀਪੂ ਸੁਲਤਾਨ ਜਯੰਤੀ ਦੇ ਆਯੋਜਨਾ ਮੌਕੇ ਕਟਨਾਟਕ ‘ਚ ਸੰਘੀ ਟੋਲੇ ਵੱਲ਼ੋਂ ਹਿੰਸਾ ਭੜਕਾਈ ਗਈ ਹੈ।

ਇਸ ਲਈ ਸੰਘੀ ਟੋਲੇ ਵੱਲ਼ੋਂ ਕੀਤਾ ਜਾ ਰਿਹਾ ਇਹ ਪ੍ਰਚਾਰ ਕੋਰਾ ਝੂਠ ਹੈ ਕਿ ਦੇਸ਼ ਵਿੱਚ ”ਸਹਿਣਸ਼ੀਲਤਾ” ਵਾਲ਼ਾ ਮਹੌਲ ਹੈ। ਇਹ ਵੀ ਕੋਰਾ ਝੂਠ ਹੈ ਕਿ ਮੋਦੀ ਸਰਕਾਰ ਦੌਰਾਨ ਫ਼ਿਰਕਾਪ੍ਰਸਤੀ ਵਿੱਚ ਕਮੀ ਆਈ ਹੈ। ਹਿਟਲਰ-ਮੁਸੋਲਿਨੀ ਦੀਆਂ ਭਾਰਤੀ ਔਲਾਦਾਂ ”ਇੱਕ ਝੂਠ ਸੌ ਵਾਰ ਝੂਠ ਬੋਲ਼ ਕੇ ਸੱਚ ਬਣਾਉਣ” ਦੀ ਨੀਤੀ ‘ਤੇ ਚੱਲ ਰਹੀਆਂ ਹਨ। ਪਰ ਸੱਚ ਨੂੰ ਨਾ ਤਾਂ ਇਹਨਾਂ ਦਾ ਪੁਰਖੇ ਬਦਲ ਸਕੇ ਸਨ ਤੇ ਨਾ ਹੀ ਇਹ ਬਦਲ ਸਕਣਗੇ।

ਭਾਜਪਾ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਹਿੰਦੂਤਵੀ ਕੱਟੜਪੰਥੀਆਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਇਸਦੇ ਵੱਖ-ਵੱਖ ਕੇਂਦਰੀ ਮੰਤਰੀਆਂ, ਮੁੱਖ ਮੰਤਰੀਆਂ, ਸੰਸਦ ਮੈਂਬਰ, ਵਿਧਾਇਕਾਂ ਤੇ ਹੋਰ ਲੀਡਰਾਂ ਵੱਲ਼ੋਂ ਮੁਸਲਮਾਨਾਂ ਖਿਲਾਫ਼ ਭੜਕਾਊ ਬਿਆਨ ਲਗਾਤਾਰ ਆ ਰਹੇ ਹਨ। ਨਰਿੰਦਰ ਮੋਦੀ ਫ਼ਿਰਕਾਪ੍ਰਸਤੀ ਬਾਰੇ ਘੱਟ ਹੀ ਬੋਲਦਾ ਹੈ। ਪਰ ਕਦੇ ਕਦਾਈਂ ਉਸ ਵੱਲ਼ੋਂ ਇਸ ਬਾਰੇ ਦਿੱਤੇ ਜਾਂਦੇ ਗੋਲ਼-ਮੋਲ਼ ਬਿਆਨਾਂ ਤੋਂ ਹਿੰਦੂਤਵੀ ਕੱਟੜਪੰਥੀਆਂ ਨੂੰ ਸਪੱਸ਼ਟ ਸੁਨੇਹਾ ਜਾਂਦਾ ਹੈ ਕਿ ਉਹ ਆਪਣੇ ਕਾਲ਼ੇ ਕਾਰਿਆਂ ਵਿੱਚ ਜ਼ੋਰ-ਸ਼ੋਰ ਨਾਲ਼ ਲੱਗੇ ਰਹਿਣ, ਕਿ ਉਹਨਾਂ ਖਿਲਾਫ਼ ਕਾਰਵਾਈ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਸੰਨ 2002 ਵਿੱਚ ਗੁਜਰਾਤ ਵਿੱਚ ਮੁੱਖ ਮੰਤਰੀ ਹੋਣ ਦੌਰਾਨ ਮੁਸਲਮਾਨਾਂ ਦੇ ਕਤਲੇਆਮ ਦੀ ਕਮਾਂਡ ਸੰਭਾਲਣ ਵਾਲ਼ੇ ਮੋਦੀ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ?

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਮੁਸਲਮਾਨਾਂ ਨੇ ਜੇਕਰ ਭਾਰਤ ਵਿੱਚ ਰਹਿਣਾ ਹੈ ਤਾਂ ਉਹਨਾਂ ਨੂੰ ਗਊ ਦਾ ਮਾਸ ਖਾਣਾ ਬੰਦ ਕਰਨਾ ਪਏਗਾ। ਸਾਕਸ਼ੀ ਮਹਾਰਾਜ, ਯੋਗੀ ਅਦਿੱਤਯ ਨਾਥ, ਸੰਗੀਤ ਸੋਮ, ਸਾਥਵੀ ਪ੍ਰਾਚੀ ਜਿਹੇ ਭਾਜਪਾ ਦੇ ਸੰਸਦ ਮੈਂਬਰ ਤੇ ਵਿਧਾਇਕ ਲਗਾਤਾਰ ਮੁਸਲਮਾਨਾਂ ਖਿਲਾਫ਼ ਜ਼ਹਿਰੀਲੇ ਬਿਆਨ ਦੇ ਰਹੇ ਹਨ। ਭਾਜਪਾ ਦੇ ਉੱਤਰ-ਪਦ੍ਰੇਸ਼ ਤੋਂ ਸੰਸਦ ਮੈਂਬਰ ਯੋਗੀ ਅਦਿੱਤਯ ਨਾਥ ਨੇ ਦਾਦਰੀ ਕਾਂਡ ਤੋਂ ਬਾਅਦ ਹਿੰਦੂਆਂ ਵਿੱਚ ਹਥਿਆਰ ਵੰਡਣ ਦਾ ਐਲਾਨ ਕੀਤਾ ਸੀ। ਗਊ ਰੱਖਿਆ ਦੇ ਨਾਂ ‘ਤੇ ਗੈਰ-ਮੁਸਲਿਮਾਂ ਨੂੰ ਵੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਸੰਘ ਪਰਿਵਾਰ ਹੀ ਨਹੀਂ ਸਗੋਂ ਇਸਤੋਂ ਵੱਖਰੀਆਂ ਅਨੇਕਾਂ ਹਿੰਦੂਤਵੀ ਕੱਟੜਪੰਥੀ ਜੱਥੇਬੰਦੀਆਂ-ਗਰੁੱਪ ਫ਼ਿਰਕੂ ਨਫ਼ਰਤ ਭੜਕਾ ਰਹੇ ਹਨ ਅਤੇ ਫ਼ਿਰਕੂ ਹਿੰਸਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਤੇ ਸਥਾਨਕ ਪੁਲਿਸ-ਪ੍ਰਸ਼ਾਸਨ ਇਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ।

ਫ਼ਿਰਕਾਪ੍ਰਸਤੀ ਖਿਲਾਫ਼ ਬੋਲ਼ਣ ਵਾਲ਼ੇ, ਲੋਕ ਹੱਕਾਂ ਲਈ ਅਵਾਜ਼ ਉਠਾਉਣ ਵਾਲ਼ੇ ਸਾਹਿਤਕਾਰਾਂ-ਸਮਾਜਿਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰੋ. ਐਮ.ਐਮ. ਕਲਬੁਰਗੀ, ਕਾ. ਪਾਨਸਰੇ, ਡਾ. ਦਾਭੋਲਕਰ ਦੇ ਕਤਲ ਹੋ ਚੁੱਕੇ ਹਨ। ਪੱਤਰਕਾਰ ਰਵਿਸ਼ ਕੁਮਾਰ ਤੇ ਹੋਰਨਾਂ ਜਮਹੂਰੀਅਤ ਪਸੰਦ ਵਿਅਕਤੀਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਹਿੰਦੂਤਵਵਾਦੀ ਸੋਚ ਨਾਲ਼ ਗ੍ਰਸਤ, ਰਮਾਇਣ ਅਤੇ ਮਹਾਂਭਾਰਤ ਦੀਆਂ ਗੈਰ-ਇਤਿਹਾਸਿਕ ਭਾਵ ਮਿਥਿਹਾਸਿਕ ਵਿਆਖਿਆਵਾਂ ਕਰਨ ਸਹਾਰੇ ”ਇਤਿਹਾਸਕਾਰ” ਬਣੇ ਪ੍ਰੋ. ਵਾਈ. ਸੁਦਰਸ਼ਨ ਰਾਓ ਨੂੰ ਭਾਰਤੀ ਇਤਿਹਾਸ ਖੋਜ਼ ਪ੍ਰੀਸ਼ਦ ਦਾ ਮੁਖੀ ਥਾਪ ਦਿੱਤਾ ਗਿਆ ਹੈ। ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ, ਸੈਂਸਰ ਬੋਰਡ, ਨੈਸ਼ਨਲ ਬੁੱਕ ਟਰੱਸਟ, ਲਲਿਤ ਕਲਾ ਅਕਾਦਮੀ, ਜਿਹੀਆਂ ਸੰਸਥਾਵਾਂ ਦੇ ਪ੍ਰਮੁੱਖ ਅਹੁਦਿਆਂ ‘ਤੇ ਹਿੰਦੂਤਵੀ ਫਾਸੀਵਾਦ ਪੱਖੀ ਵਿਅਕਤੀਆਂ ਨੂੰ ਬਿਠਾਇਆ ਜਾ ਰਿਹਾ ਹੈ। ਸਿੱਖਿਆ ਦੇ ਭਗਵੇਂਕਰਨ ਵਿੱਚ ਤੇਜ਼ੀ ਲਿਆਂਦੀ ਗਈ ਹੈ। ਐਨ.ਸੀ.ਈ.ਆਰ.ਟੀ. ਦੀਆਂ ਇਤਿਹਾਸ ਦੀਆਂ ਕਿਤਾਬਾਂ ਹਿੰਦੂਤਵੀ ਫਾਸੀਵਾਦੀ ਵਿਚਾਰਧਾਰਾ ਮੁਤਾਬਿਕ ਦੁਬਾਰਾ ਲਿਖਣ ਦੀ ਤਿਆਰੀ ਹੈ। ਇਸਦੇ ਨਾਲ਼ ਹੀ ਅਫ਼ਸਰਸ਼ਾਹੀ ਤੇ ਅਦਾਲਤੀ ਪ੍ਰਬੰਧ ਵਿੱਚ ਕੱਟੜ ਭਗਵੀ ਸੋਚ ਵਾਲ਼ੇ ਵਿਅਕਤੀਆਂ ਦੀ ਭਰਮਾਰ ਕਰਨ ਦੀ ਪ੍ਰਕਿਰਿਆ ਜ਼ਾਰੀ ਹੈ।

ਇਨਾਮ ਵਾਪਸ ਕਰਨ ਵਾਲ਼ੇ ਲੇਖਕਾਂ ਖਿਲਾਫ਼ ਦਿੱਤਾ ਜਾ ਰਿਹਾ ਇੱਕ ਕੁਤਰਕ ਇਹ ਹੈ ਕਿ ਸਾਹਿਤ ਅਕਾਦਮੀ ਜਿਹੇ ਇਨਾਮ ਸਰਕਾਰ ਨੇ ਨਹੀਂ ਦਿੱਤੇ ਸਨ ਸਗੋਂ ”ਖੁਦਮੁਖਤਿਆਰ” ਸੰਸਥਾਵਾਂ ਵੱਲ਼ੋਂ ਦਿੱਤੇ ਗਏ ਸਨ। ਇਸ ਲਈ ਵਾਪਿਸ ਨਹੀਂ ਕੀਤੇ ਜਾਣੇ ਚਾਹੀਦੇ। ਪਰ ਅਸਲ ਵਿੱਚ ਸਾਹਿਤ ਅਕਾਦਮੀ ਜਿਹੀਆਂ ਸੰਸਥਾਵਾਂ ਦੀ ”ਖੁਦਮੁਖਤਿਆਰੀ” ਨਕਲੀ ਹੈ। ਸਾਹਿਤ ਅਕਾਦਮੀ ਇਨਾਮ ਪ੍ਰਾਪਤ ਲੇਖਕ ਪ੍ਰੋ. ਐਮ.ਐਮ. ਕਲਬੁਰਗੀ ਦੀ ਹਿੰਦੂਤਵੀ ਕੱਟੜਪੰਥੀਆਂ ਵੱਲ਼ੋਂ ਹੱਤਿਆ ਤੋਂ ਬਾਅਦ ਸਾਹਿਤ ਅਕਾਦਮੀ ਨੇ ਇਸਦੇ ਵਿਰੋਧ ਵਿੱਚ ਕੋਈ ਬਿਆਨ ਤੱਕ ਨਹੀਂ ਜ਼ਾਰੀ ਕੀਤਾ। ਦਿੱਲੀ ਵਿੱਚ ਸੋਗ ਸਭਾ ਤੱਕ ਨਹੀਂ ਕੀਤੀ ਗਈ। ਸਤੰਬਰ ਵਿੱਚ ਵੱਖ-ਵੱਖ ਸਾਹਿਤਕ-ਸੱਭਿਆਚਾਰਕ ਜੱਥੇਬੰਦੀਆਂ ਦੇ ਨੁਮਾਇੰਦੇ ਸਾਹਿਤ ਅਕਾਦਮੀ ਦੇ ਪ੍ਰਧਾਨ ਨੂੰ ਮਿਲੇ ਸਨ ਅਤੇ ਸ਼ੋਕ ਸਭਾ ਕਰਾਉਣ ਦੀ ਅਪੀਲ ਕੀਤੀ ਸੀ। ਸਾਹਿਤਕਾਰਾਂ ਵੱਲ਼ੋਂ ਵਾਰ-ਵਾਰ ਅਪੀਲ ਕਰਨ ‘ਤੇ ਵੀ ਅਜਿਹਾ ਨਹੀਂ ਕੀਤਾ ਗਿਆ। ਸਾਹਿਤ ਅਕਾਦਮੀ ਦੇ ਇਸ ਰਵੱਈਏ ਨੂੰ ਕਿਸ ਰੂਪ ਵਿੱਚ ਲਿਆ ਜਾਵੇ? ਵਿਚਾਰਾਂ ਦੀ ਅਜ਼ਾਦੀ ‘ਤੇ ਹੋ ਰਹੇ ਹਮਲਿਆਂ ਤੇ ਸਾਹਿਤਕਾਰਾਂ ਨੂੰ ਜਾਨ ਤੋਂ ਮਾਰੇ ਜਾਣ ਖਿਲਾਫ਼ ਕੇਂਦਰ ਸਰਕਾਰ ਦੀ ਇੱਛਾ ਤੋਂ ਉਲ਼ਟ ਸਾਹਿਤ ਅਕਾਦਮੀ ਜੇਕਰ ਇੱਕ ਬਿਆਨ ਵੀ ਜ਼ਾਰੀ ਨਹੀਂ ਕਰਦੀ ਤਾਂ ਉਹ ਖੁਦਮੁਖਤਿਆਰ ਕਿਵੇਂ ਹੋਈ?

ਇਸ ਸਾਰਾ ਮਾਹੌਲ ਹਿੰਦੂਤਵੀ ਤੇ ਹੋਰਨਾਂ ਫ਼ਿਰਕਾਪ੍ਰਸਤਾਂ ਲਈ ਤਾਂ ਚੰਗਾ ਤੇ ਲਾਹੇਵੰਦ ਹੋ ਸਕਦਾ ਹੈ ਪਰ ਲੋਕਾਂ ਲਈ ਇਹ ਕਿਸੇ ਵੀ ਪ੍ਰਕਾਰ ”ਚੰਗਾ” ਤੇ ”ਸ਼ਹਿਣਸ਼ੀਲਤਾ ਭਰਿਆ” ਨਹੀਂ ਹੈ ਜਿਸਦੇ ਦਾਅਵੇ ਕਿ ਸੰਘੀ ਟੋਲਾ ‘ਇਨਾਮ ਵਾਪਸੀ’ ਖਿਲਾਫ਼ ਪ੍ਰਚਾਰ ਦੌਰਾਨ ਕਰ ਰਿਹਾ ਹੈ। ਇਸ ਲਈ ਦੇਸ਼ ਵਿੱਚ ਫੈਲੇ ਫ਼ਿਰਕੂ ਮਾਹੌਲ ਖਿਲਾਫ਼ ਤੇ ਫਾਸੀਵਾਦੀ ਮੋਦੀ ਸਰਕਾਰ ਵੱਲ਼ੋਂ ਹਿੰਦੂਤਵੀ ਫ਼ਿਰਕਾਪ੍ਰਸਤੀ ਨੂੰ ਹੱਲਾਸ਼ੇਰੀ ਦੇਣ ਖਿਲਾਫ਼ ਧਰਮ-ਨਿਰਪੱਖ ਤੇ ਜਮਹੂਰੀ ਲੋਕਾਂ ਦਾ ਘੋਲ਼ ਪੂਰੀ ਤਰ੍ਹਾਂ ਜਾਇਜ਼ ਹੈ। ਇਨਾਮ ਵਾਪਿਸ ਕਰਨ ਵਾਲ਼ੇ ਅਤੇ ਇਨਾਮ ਵਾਪਸੀ ਦੀ ਹਿਮਾਇਤ ਕਰਨ ਵਾਲ਼ੇ ਸਾਹਿਤਕਾਰਾਂ, ਇਤਿਹਾਸਕਾਰਾਂ, ਵਿਗਿਆਨੀਆਂ, ਫ਼ਿਲਮਕਾਰਾਂ ਦਾ ਸਰਕਾਰ ਖਿਲਾਫ਼ ਜ਼ਾਹਿਰ ਕੀਤਾ ਗਿਆ ਰੋਸ ਕੋਈ ਸਾਜਿਸ਼ ਨਹੀਂ ਸਗੋਂ ਸਮੇਂ ਦੀ ਲੋੜ ਹੈ। ਇਹ ਕੋਈ ਦੇਸ਼ ਧ੍ਰੋਹ ਨਹੀਂ ਸਗੋਂ ਭਾਰਤ ਦੇ ਲੋਕਾਂ ਦੇ ਹੱਕ ਵਿੱਚ ਚੁੱਕਿਆ ਗਿਆ ਇੱਕ ਜ਼ਰੂਰੀ ਕਦਮ ਹੈ ਜਿਸਦੀ ਜ਼ੋਰਦਾਰ ਹਿਮਾਇਤ ਕੀਤੀ ਜਾਣੀ ਚਾਹੀਦੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements