ਇਕਲਾਪੇ ਉਦਾਸੀ ਅਤੇ ਬੇਚੈਨੀ ਦਾ ਯੁੱਗ : ਸਰਮਾਏਦਾਰੀ ਢਾਂਚੇ ਅੰਦਰ ਮਨੁੱਖ ਦੀ ਆਪਣੇ ਹੀ ਮਾਨਵੀ ਸਾਰ ਤੋਂ ਬੇਗਾਨਗੀ •ਡਾ। ਸੁਖਦੇਵ ਹੁੰਦਲ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਅਸੀਂ ਇਸ ਸਮੇਂ ਨੂੰ ਕੀ ਆਖਾਂਗੇ? ਇਹ ਸੂਚਨਾ ਦਾ ਯੁੱਗ ਨਹੀਂ ਹੈ : ਜਨਤਕ ਸਿੱਖਿਆ ਦੀ ਮੁਹਿੰਮ ਦੇ ਢਹਿ-ਢੇਰੀ ਹੋਣ ਨਾਲ਼ ਪੈਦਾ ਹੋਇਆ ਖਲਾਅ, ਬਜ਼ਾਰੀ ਅਤੇ ਸਾਜਸ਼ੀ ਸਿਧਾਂਤਾਂ ਨਾਲ਼ ਭਰ ਗਿਆ ਹੈ। ਪੱਥਰ ਯੁੱਗ, ਲੋਹਾ ਯੁੱਗ ਅਤੇ ਪੁਲਾੜੀ ਯੁੱਗ ਵਾਂਗ, ਸੂਚਨਾ ਦਾ ਯੁੱਗ ਸਾਡੀਆਂ ਕਲਾਕਿਰਤਾਂ ਬਾਰੇ ਤਾਂ ਬਹੁਤ ਕੁਝ ਦੱਸਦਾ ਹੈ, ਪਰ ਸਮਾਜ ਬਾਰੇ ਬਹੁਤ ਘੱਟ। ਐਂਥਰੋਪੋਸੀਨ ਕਾਲ(ਧਰਤੀ ਦੇ ਵਾਤਾਵਰਨ ‘ਤੇ ਮਨੁੱਖੀ ਕਾਰਵਾਈਆਂ ਦੇ ਅਸਰ ਦਾ ਯੁੱਗ) ਜਿਸ ਯੁੱਗ ਵਿੱਚ ਮਨੁੱਖ ਨੇਂ ਜੀਵ ਮੰਡਲ ‘ਤੇ ਭਾਰੀ ਅਸਰ ਛੱਡਿਆ ਇਸ ਸਦੀ ਦਾ ਪਿਛਲੀਆਂ 20 ਸਦੀਆਂ ਨਾਲੋਂ ਨਿਖੇੜਾ ਕਰਨ ਵਿੱਚ ਅਸਫਲ ਹੈ। ਉਹ ਕਿਹੜੀ ਸਪਸ਼ਟ ਸਮਾਜਕ ਤਬਦੀਲੀ ਹੈ ਜੋ ਸਾਡੇ ਸਮੇਂ ਨੂੰ ਪਹਿਲਿਆਂ ਸਮਿਆਂ ਤੋਂ ਵੱਖ ਕਰਦੀ ਹੈ? ਮੇਰੇ ਲਈ ਇਹ ਸਪਸ਼ਟ ਹੈ, ਇਹ ਇਕਲਾਪੇ ਦਾ ਯੁੱਗ ਹੈ।”-(ਅੰਗ੍ਰੇਜੀ ਅਖਬਾਰ ‘ਗਾਰਡੀਅਨ’ ਵਿੱਚ ਲਿਖੇ, ਜਾਰਜ ਮੋਨਬਿਉਟ ਦੇ ਲੇਖ ‘ਇਕਲਾਪੇ ਦਾ ਯੁੱਗ ਸਾਨੂੰ ਮਾਰ ਰਿਹਾ ਹੈ’ ਵਿੱਚੋਂ, ਅਕਤੂਬਰ 2014)।

ਇਸ ਲੇਖ ਵਿੱਚ ਉਹ ਹੋਰ ਵੀ ਦਿਲਚਸਪ ਗੱਲਾਂ ਲਿਖਦਾ ਹੈ। ਉਸ ਅਨੁਸਾਰ ਇੰਗਲੈਂਡ ਵਿੱਚ 50 ਸਾਲ ਤੋਂ ਵਧ ਉਮਰ ਵਾਲ਼ੇ 7 ਲੱਖ ਮਰਦ ਅਤੇ 11 ਲੱਖ ਔਰਤਾਂ ਗੰਭੀਰ ਇਕੱਲਤਾ ਦਾ ਸ਼ਿਕਾਰ ਹਨ। ਸਮਾਜਕ ਬੇਗਾਨਗੀ, ਸਮੇਂ ਤੋਂ ਪਹਿਲਾਂ ਮੌਤਾਂ ਦਾ ਵੱਡਾ ਕਾਰਨ ਹੈ। ਪਾਗਲਪਣ, ਖੂਨ ਦੇ ਦਬਾਅ ਦਾ ਵਧਣਾ, ਸ਼ਰਾਬ ਦੀ ਲੱਤ, ਹਾਦਸੇ, ਉਦਾਸੀ ਰੋਗ, ਬੇਚੈਨੀ ਅਤੇ ਆਤਮ ਹਤਿਆਵਾਂ ਵਿੱਚ ਵਾਧਾ ਹੋ ਰਿਹਾ ਹੈ। ਵਿਅਕਤੀਵਾਦ ਅਤੇ ਮੁਕਾਬਲੇਬਾਜੀ, ਅੱਜ ਦੇ ਯੁੱਗ ਦਾ ਧਰਮ ਬਣ ਗਿਆ ਹੈ। ਲੋਕ ਬੱਸ ਜਾਂ ਜਨਤਕ ਆਵਾਜਾਈ ਦੇ ਸਾਧਨਾਂ ਦੀ ਥਾਂ, ਕਾਰ ਵਿੱਚ ਸਫਰ ਕਰਨਾਂ ਪਸੰਦ ਕਰਦੇ ਹਨ। ਬਰਤਾਨੀਆਂ ਦੇ ਪੰਜਵਾਂ ਹਿੱਸਾ ਬੱਚਿਆਂ ਨੇਂ ਕਿਹਾ ਕਿ ਉਹ ਸਿਰਫ ਅਮੀਰ ਬਣਨਾ ਚਾਹੁੰਦੇ ਹਨ। ਉਹਨਾਂ ਨੇਂ ਕਿੱਤਿਆਂ ਸਬੰਧੀ ਆਪਣੀ ਕੋਈ ਦਿਲਚਸਪੀ ਨਹੀਂ ਵਿਖਾਈ। ਅਜੋਕੇ ਸਮੇਂ ਦੀ ਅਮੀਰ ਬਣਨ ਦੀ ਦੌੜ ਅਤੇ ਮੁਕਾਬਲੇਬਾਜੀ ਬਾਰੇ, ਲੇਖਕ ਲਿਖਦਾ ਹੈ ਕਿ ਸਾਡੀ ਹਾਲਤ ਕੂੜੇਦਾਨ ‘ਤੇ ਲੜਦੇ ਅਵਾਰਾ ਕੁੱਤਿਆਂ ਵਾਲ਼ੀ ਹੈ। ਇਸ ਕੁੱਤਾ ਦੌੜ ਵਿੱਚ, ਥੋੜੇ ਜਿਹੇ ਲੋਕਾਂ ਦੀ ਆਮਦਨ ਵਿੱਚ, ਬੇਹਿਸਾਬ ਵਾਧਾ ਹੋ ਰਿਹਾ ਹੈ ਪਰ ਵੱਡੀ ਗਿਣਤੀ ਵਿੱਚ ਲੋਕ ਕੰਗਾਲੀ ਦੀ ਦਲਦਲ ਵਿੱਚ ਧੱਕੇ ਜਾ ਰਹੇ ਹਨ।

ਇਹ ਵਰਤਾਰਾ ਸੰਸਾਰਵਿਆਪੀ ਹੈ। ਸਾਡੇ ਇਥੇ ਵੀ ਹਾਲਤ ਕੋਈ ਵਖਰੀ ਨਹੀਂ। ਕਿਸਾਨ ਆਤਮ-ਹੱਤਿਆਵਾਂ ਕਰ ਰਹੇ ਹਨ। ਪਿੱਛੇ ਜਿਹੇ ਇੱਕ ਸਰਵੇ ਵਿੱਚ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ-ਹੱਤਿਆਵਾਂ ਦੀ ਗੱਲ ਕੀਤੀ ਗਈ ਹੈ। ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀ ਭਾਰੀ ਮਾਨਸਿਕ ਤਨਾਅ ਦਾ ਸ਼ਿਕਾਰ ਹਨ। ਖਾਲਸਾ ਕਾਲਜ ਅਮ੍ਰਿਤਸਰ ਵਿੱਚ ਇੱਕ ਵਿਦਿਆਰਥੀ ਵੱਲੋਂ ਕੀਤੀ ਗਈ ਆਤਮ-ਹੱਤਿਆ, ਇਸ ਦੀ ਤਾਜਾ ਮਿਸਾਲ ਹੈ।

ਬੱਚੇ, ਕਿਸ਼ੋਰ ਉਮਰ ਦੇ ਨੌਜਵਾਨ ਅਤੇ ਵਿਦਿਆਰਥੀ, ਭਵਿਖ ਦੇ ਪ੍ਰਤਿਭਾਵਾਨ ਨਾਗਰਿਕ ਬਣਨ ਦੀ ਥਾਂ, ਇੱਕ ਦੂਸਰੇ ਨੂੰ ਲਤਾੜ ਕੇ, ਅੱਗੇ ਵਧਣ ਦੀ ਇਸ ਦੌੜ ਵਿੱਚ, ਮਾਨਸਿਕ ਰੋਗੀਆਂ ਦੇ ਸਮੂਹ ਬਣਦੇ ਜਾ ਰਹੇ ਹਨ। ਭਾਰੀ ਮਾਨਸਿਕ ਦਬਾਅ ਨਾਂ ਸਹਿ ਸਕਣ ਕਾਰਨ, ਉੱਚ ਵਿੱਦਿਆ ਦੀ ਕੋਚਿੰਗ ਦੇਣ ਵਾਲ਼ੇ ਸੈਂਟਰਾਂ ਵਿੱਚ, ਆਤਮ-ਹੱਤਿਆਵਾਂ ਦਾ ਗ੍ਰਾਫ ਉੱਚਾ ਹੁੰਦਾ ਜਾ ਰਿਹਾ ਹੈ। ਮਜ਼ਦੂਰ ਅਤੇ ਕਿਰਤੀ ਅਬਾਦੀ ਦੇ ਬਹੁਤ ਵੱਡੇ ਹਿੱਸੇ ਨੂੰ ਤਾਂ ਮਹਿੰਗੀ ਉੱਚ ਵਿੱਦਿਆ ਦੀ ਸੰਭਾਵਨਾਂ, ਬਹੁਤ ਪਹਿਲਾਂ ਹੀ ਖਤਮ ਹੋ ਗਈ ਹੈ। ਫਿਰ ਵੀ ਆਪਣੀਆਂ ਘਰੇਲੂ ਲੋੜਾਂ ਦੀ ਕੀਮਤ ਤੇ ਕਿਸੇ ਤਰੀਕੇ ਨਾਲ਼ ਗਰੀਬ ਅਤੇ ਮੱਧ-ਵਰਗੀ ਅਬਾਦੀ ਵਾਲ਼ੇ ਮਾਪੇ, ਆਪਣੇ ਬੱਚਿਆਂ ਨੂੰ ਪੜਾਉਣ ਲਈ ਸੰਘਰਸ਼ ਕਰਦੇ ਹਨ। ਚੰਗੇ ਭਵਿੱਖ ਦਾ ਸੁਫਨਾ ਲੈ ਕੇ, ਇਹ ਨੌਜਵਾਨ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜਾਈ ਦੇ ਮੋਰਚੇ ਤੇ ਸਖਤ ਮਿਹਨਤ ਕਰਦੇ ਹਨ। ਮੁਕਾਬਲੇ ਦੀ ਇਸ ਨਾਂ ਬਰਾਬਰ ਦੌੜ ਵਿੱਚ ਜਦੋਂ ਇਹ ਨੌਜਵਾਨ ਅਸਫਲ ਹੋ ਜਾਂਦੇ ਹਨ ਤਾਂ ਇਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਇਸ ਦੇ ਲਈ ਉਹ ਖੁਦ ਹੀ ਦੋਸ਼ੀ ਹਨ, ਉਹ ਦੂਜਿਆਂ ਦੇ ਮੁਕਾਬਲੇ ਨਲਾਇਕ ਹਨ। ਉਹਨਾਂ ਦੇ ਦਿਮਾਗ ਵਿੱਚ ਜਚਾਇਆ ਜਾਂਦਾ ਹੈ ਕਿ ਉਹਨਾਂ ਕੋਲ ਸਹੀ ਸਮੇਂ, ਸਹੀ ਫੈਸਲਾ ਲੈ ਕੇ, ਮੌਕੇ ਦਾ ਫਾਇਦਾ ਉਠਾ ਸਕਣ ਵਾਲ਼ਾ ਦਿਮਾਗ ਨਹੀਂ ਹੈ। ਸਰਮਾਏਦਾਰੀ ਪ੍ਰਬੰਧ ਦੇ ਵਿਚਾਰਧਾਰਕ ਗਲਬੇ ਲਈ, ਪ੍ਰਬੰਧ ਦੇ ਟੁਕੜਿਆਂ ‘ਤੇ ਪਲਣ ਵਾਲ਼ੇ ਬੁੱਧੀਜੀਵੀ, ਸਮਾਜਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਸਰਮਾਏਦਾਰੀ ਪ੍ਰਚਾਰ ਤੰਤਰ ਦਿਨ ਰਾਤ ਇੱਕ ਕਰ ਰਿਹਾ ਹੈ। ਨੌਜਵਾਨਾਂ ਵਿੱਚ ਅਸਫਲਤਾ ਦਾ ਭੈਅ, ਸਰਮਾਏਦਾਰਾ ਮੰਡੀ ਲਈ ਮੁਨਾਫ਼ੇ ਕਮਾਉਣ ਦੇ ਮੌਕੇ ਮੁਹਈਆ ਕਰਾਉਂਦਾ ਹੈ। ਸਫਲਤਾ ਦੇ ਨੁਸਖੇ ਦੱਸਣ ਵਾਲ਼ੇ ਸਿਖਲਾਈ ਕੇਂਦਰ ਖੁੱਲ ਜਾਂਦੇ ਹਨ। ਅਸਫਲਤਾ ਦੇ ਡਰ ਦੀ ਮਾਨਸਿਕਤਾ ਇੱਕ ਲਾਹੇਵੰਦੇ ਕਾਰੋਬਾਰ ਨੂੰ ਪੈਦਾ ਕਰਦੀ ਹੈ। ਸਾਡੇ ਬਚਪਨ ਦੇ ਸਮੇਂ ਸਰਕਾਰੀ ਸਕੂਲਾਂ ਦੀਆਂ ਕੰਧਾਂ ‘ਤੇ ਲਿਖਿਆ ਹੁੰਦਾ ਸੀ ਕਿ ‘ਵਿੱਦਿਆ ਹੀ ਦੌਲਤ ਹੈ।’ ਸਾਡੇ ਵੇਖਦਿਆਂ ਹੀ ਵਿੱਦਿਆ ਸੱਚੀਂ ਹੀ ਦੌਲਤ ਕਮਾਉਣ ਦਾ ਕਾਰੋਬਾਰ ਬਣ ਗਈ ਹੈ। ਇਸ ਸਾਰੀ ਜੱਦੋ ਜਹਿਦ ਦੇ ਬਾਅਦ ਵੀ, ਬਹੁਤਿਆਂ ਦੀ ਹੋਣੀ ਵਿੱਚ ਅਸਫਲਤਾ ਤੈਅ ਹੈ। ਕਿਉਂਕਿ ਦਾਖਲਿਆਂ ਅਤੇ ਨੌਕਰੀਆਂ ਲਈ ਬੇਹਦ ਸੀਮਤ ਸੀਟਾਂ ਲਈ ਲੱਖਾਂ ਉਮੀਦਵਾਰ ਮੁਕਾਬਲੇ ਵਿੱਚ ਹੁੰਦੇ ਹਨ। ਅਸਫਲ ਹੋਣ ਵਾਲ਼ੇ ਨੌਜਵਾਨ, ਆਪਣੀ ਬਦਕਿਸਮਤੀ ਲਈ, ਪ੍ਰਬੰਧ ਦੀ ਥਾਂ ਖੁਦ ਨੂੰ ਦੋਸ਼ੀ ਮੰਨਣ ਲੱਗ ਪੈਂਦੇ ਹਨ। ਸਰਮਾਏਦਾਰਾ ਪ੍ਰਚਾਰ ਤੰਤਰ ਉਹਨਾਂ ਨੂੰ ਦੱਸਦਾ ਹੈ ਕਿ ਤੁਹਾਡੀ ਅਸਫਲਤਾ ਲਈ, ਤੁਹਾਡੇ ਤੋਂ ਬਾਅਦ ਕੋਈ ਕਸੂਰਵਾਰ ਹੈ ਤਾਂ ਉਹ ਹਨ ਤੁਹਾਡੇ ਮੁਕਾਬਲੇ ਵਿੱਚ ਆਉਣ ਵਾਲ਼ੇ ਤੁਹਾਡੇ ਸਾਥੀ। ਜੇ ਉਹ ਤੁਹਾਡੇ ਮੁਕਾਬਲੇ ਵਿੱਚ ਨਾਂ ਹੁੰਦੇ ਤਾਂ ਤੁਸੀਂ ਸਫਲ ਹੋ ਸਕਦੇ ਸੀ। ਨਿਰਾਸ਼ ਅਤੇ ਪਰੇਸ਼ਾਨ ਨੌਜਵਾਨ, ਫਿਰਕੂ, ਜਾਤੀਵਾਦੀ, ਸੌੜੇ ਦਾਇਰੇ ਦੀ ਪਛਾਣ ਦੀ ਸਿਆਸਤ ਦਾ ਚਾਰਾ ਬਣ ਜਾਂਦੇ ਹਨ। ਮਜ਼ਦੂਰ ਅਤੇ ਕਿਰਤੀ ਜਮਾਤ ਵਿੱਚ ਜਮਾਤੀ ਚੇਤਨਾ ਦੀ ਘਾਟ, ਸਰਮਾਏਦਾਰੀ ਢਾਂਚੇ ਵਾਸਤੇ ਢਾਲ ਦਾ ਕੰਮ ਕਰਦੀ ਹੈ। ਜਾਤ-ਧਰਮ ਦੇ ਨਾਂ ਤੇ ਲੋਕਾਂ ਵਿੱਚ ਫੁੱਟ ਪਾਈ ਜਾਂਦੀ ਹੈ। ਫ਼ਾਸੀਵਾਦ ਦੇ ਇਸ ਦੌਰ ਵਿੱਚ, ਘੱਟ-ਗਿਣਤੀਆਂ ਅਤੇ ਖਾਸ ਕਰਕੇ ਮੁਸਲਮਾਨ ਅਬਾਦੀ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਵੱਖ-ਵੱਖ ਧਰਮਾਂ, ਜਾਤਾਂ ਅਤੇ ਫਿਰਕਿਆਂ ਵਿੱਚ ਪਛਾਣ ਦੀ ਸਿਆਸਤ ਨੂੰ ਹਵਾ ਦੇਣ ਨਾਲ਼, ਕਿਰਤੀ ਲੋਕਾਂ ਵਿੱਚ ਸਮਾਜਕ ਬੇਗਾਨਗੀ ਦੀ ਕਿਰਿਆ ਤੇਜ ਹੁੰਦੀ ਹੈ। ਮਜ਼ਦੂਰਾਂ ਅਤੇ ਹੋਰ ਕਿਰਤੀ ਜਮਾਤਾਂ ਦੀ ਅਸਲ ਦੁਸ਼ਮਣ, ਸਰਮਾਏਦਾਰ ਜਮਾਤ, ਆਪਣੇ ਵੇਲਾ ਵਿਹਾ ਚੁੱਕੇ, ਮਨੁੱਖ ਦੋਖੀ ਸਮਾਜਕ ਆਰਥਿਕ ਢਾਂਚੇ ਦੀ ਮੌਤ ਨੂੰ ਟਾਲਣ ਵਿੱਚ ਕਾਮਯਾਬ ਹੋ ਜਾਂਦੀ ਹੈ।

ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਨੇ, ਇੰਗਲੈਂਡ ਵਿੱਚ ਇੱਕ ਭਾਸ਼ਣ ਦੌਰਾਨ ਸਰਮਾਏਦਾਰਾਂ ਨੂੰ ਕਿਹਾ ਸੀ ਕਿ ਤੁਹਾਡਾ ਵੱਸ ਚੱਲੇ ਤਾਂ ਤੁਸੀਂ ਮਜਦੂਰਾਂ ਦੀਆਂ ਹੱਡੀਆਂ ਦਾ ਵੀ ਚੂਰਨ ਬਣਾ ਕੇ ਵੇਚ ਦਿਓਗੇ। ਮੁਨਾਫਾ ਸਰਮਾਏ ਦਾ ਧਰਮ ਹੈ। ਮਜ਼ਦੂਰ ਜਮਾਤ ਦੀ ਕਿਰਤ ਸ਼ਕਤੀ ਦੀ ਲੁੱਟ ‘ਤੇ ਟਿਕਿਆ ਇਹ ਢਾਂਚਾ, ਹਰ ਚੀਜ਼ ਵਿੱਚੋਂ ਮੁਨਾਫ਼ੇ ਦੀਆਂ ਸੰਭਾਵਨਾਵਾਂ ਤਲਾਸ਼ਦਾ ਰਹਿੰਦਾ ਹੈ। ਜੰਗ ਯੁੱਧ ਅਤੇ ਹੋਰ ਭਿਆਨਕ ਮਨੁੱਖੀ ਤ੍ਰਾਸਦੀਆਂ ਨੂੰ ਵੀ, ਇਹ ਆਪਣੇ ਮੁਨਾਫ਼ੇ ਲਈ ਵਰਤਦੇ ਹਨ। ਸਾਡੇ ਸਮੇਂ ਦੇ ਇਸ ਜੁਆਰੀ ਤੇ ਜੁਗਾੜੀ ਸਰਮਾਏਦਾਰੀ ਢਾਂਚੇ ਨੇਂ, ਲੋਕਾਂ ਦੀ ਉਦਾਸੀ, ਮਾਨਸਿਕ ਰੋਗਾਂ ਤੇ ਇਕਲਾਪੇ ਵਿੱਚੋਂ ਵੀ ਮੁਨਾਫ਼ੇ ਦੀ ਸੰਭਾਵਨਾਂ ਸੁੰਘ ਲਈ ਹੈ। ਗਾਰਡੀਅਨ ਦੇ ਇੱਕ ਲੇਖ ਵਿੱਚ ਐਮਿਲੀ ਵਾਈਟ ਲਿਖਦੇ ਹਨ “ਇਹ ਸਰਕਾਰੀ ਨੀਤੀ ਨਹੀਂ, ਨਿੱਜੀ ਮੰਡੀ ਹੈ ਜੋ ਸਾਰੇ ਤਨਾਵਾਂ ਪ੍ਰਤੀ ਹੁੰਗਾਰਾ ਭਰ ਰਹੀ ਹੈ। ਬਰਕਲੇ ਯੂਨਿਵਰਸਿਟੀ ਦੇ ਸਮਾਜ ਸ਼ਾਸਤਰੀ ‘ਅਰਲੀ ਰੱਸਲ ਹੌਸਚਾਈਲਡ’ ਲਿਖਦੇ ਹਨ ਕਿ ਕਿਵੇਂ- ਜਿਵੇਂ-ਜਿਵੇਂ ਸਾਡੀ ਜ਼ਿੰਦਗੀ ਵੱਧ ਮੁਸ਼ਕਲਾਂ ਭਰੀ ਤੇ ਇਕੱਲਤਾ ਵਾਲ਼ੀ ਬਣ ਰਹੀ ਹੈ, ਇਹ ਮੰਡੀ ਹੈ ਜੋ ਹੱਲ ਪੇਸ਼ ਕਰ ਰਹੀ ਹੈ। ਹੁਣ ਅਸੀਂ ਆਪਣੇ ਕੁੱਤਿਆਂ ਨੂੰ ਸੈਰ ਕਰਾਉਣ ਲਈ, ਆਪਣੇ ਬੁੱਢੇ ਹੋ ਰਹੇ ਮਾਪਿਆਂ ਦੀ ਸੰਭਾਲ ਲਈ, ਜਨਮਦਿਨ ਪਾਰਟੀਆਂ ਦੀ ਮਹਿਮਾਨ ਨਿਵਾਜੀ ਲਈ ਅਤੇ ਆਪਣੀਆਂ ਪਰਿਵਾਰਕ ਕਬਰਾਂ ਦੀ ਦੇਖਭਾਲ ਲਈ, ਅਜਨਬੀਆਂ ਨੂੰ ਭੁਗਤਾਨ ਕਰ ਸਕਦੇ ਹਾਂ।”(‘ਇਕਲਾਪਾ, ਅਗਲੀ ਵੱਡੀ ਧਨ-ਕਮਾਉ ਚੀਜ਼ ਹੋਵੇਗੀ’-ਐਮਿਲੀ ਵਾਈਟ 20 ਸਤੰਬਰ 2016) ਮੱਧ ਵਰਗੀ ਜਮਾਤਾਂ, ਭਾਰੀ ਅਸੁਰੱਖਿਆ ਮਹਿਸੂਸ ਕਰ ਰਹੀਆਂ ਹਨ। ਅੱਗੇ ਵਧਣ ਦੀ ਦੌੜ ਵਿੱਚ, ਉਹਨਾਂ ‘ਤੇ ਹਰ ਵੇਲੇ ਤਬਾਹੀ ਦਾ ਖਤਰਾ ਬਣਿਆ ਰਹਿੰਦਾ ਹੈ। ਆਪਣੇ ਗਾਹਕ ਦੇ ਤੌਰ ‘ਤੇ ਮੰਡੀ ਉਹਨਾਂ ਲਈ ਨਵੀਆਂ ਨਵੀਆਂ ਸਕੀਮਾਂ ਪੇਸ਼ ਕਰਦੀ ਹੈ। ਜੇ ਤੁਸੀਂ ਅਦਾਇਗੀ ਕਰ ਸਕਦੇ ਹੋ ਤਾਂ ਤੁਹਾਡਾ ਜੀ ਲਾਉਣ ਲਈ, ਤੁਸੀਂ ਦੋਸਤ ਕਿਰਾਏ ਤੇ ਕਰ ਸਕਦੇ ਹੋ। ਤੁਹਾਨੂੰ ਸੈਰ ਕਰਨ ਲਈ, ਸਹਿਯੋਗੀ ਕਿਰਾਏ ਤੇ ਮਿਲ਼ ਸਕਦਾ ਹੈ। ਇਕਲਾਪਾ, ਉਦਾਸੀ ਅਤੇ ਬੇਚੈਨੀ, ਇਸ ਬੋ ਮਾਰਦੇ, ਸਰਮਾਏਦਾਰੀ ਸੱਭਿਆਚਾਰ ਦਾ ਅਟੁੱਟ ਅੰਗ ਬਣ ਗਏ ਹਨ। ਇਹਨਾਂ ਸਕੀਮਾਂ ਦਾ ਦੂਹਰਾ ਮਕਸਦ ਹੈ। ਇੱਕ ਪਾਸੇ ਇਹ ਮੁਨਾਫਾ ਕਮਾਉਣ ਦਾ ਕਮੀਨਾ ਤਰੀਕਾ ਹਨ ਦੂਜੇ ਪਾਸੇ ਇਸ ਦਾ ਮਕਸਦ, ਲੋਕਾਂ ਵਿੱਚ ਇਹ ਪ੍ਰਚਾਰ ਕਰਨਾ ਵੀ ਹੈ ਕਿ ਇਸ ਢਾਂਚੇ ਦੇ ਅੰਦਰ ਹੀ ਹੱਲ ਸੰਭਵ ਹੈ। ਵੱਡੇ ਵੱਡੇ ਨਿੱਜੀ ਕਾਰਪੋਰੇਟ ਹਸਪਤਾਲ, ਧਾਰਮਿਕ ਸੰਸਥਾਵਾਂ, ਜਿਊਣ ਦੀ ਕਲਾ ਸਿਖਾਉਣ, ਯੋਗ ਆਦਿ ਦੇ ਨਾਂ ਤੇ ਵੰਨ ਸੁਵੰਨੇ ਕਾਰੋਬਾਰ ਤੁਹਾਡੀ ਸੇਵਾ ਵਿੱਚ ਹਾਜਰ ਹਨ। ਕੀਮਤ ਅਦਾ ਕਰੋ ਤੇ ਸੇਵਾਵਾਂ ਹਾਸਲ ਕਰੋ। ਜੇ ਤੁਸੀਂ ਕੀਮਤ ਅਦਾ ਨਹੀਂ ਕਰ ਸਕਦੇ ਤਾਂ ਤੁਹਾਡੀ ਬਦਕਿਸਮਤੀ ਦੇ ਹੱਲ ਦੱਸਣ ਲਈ ਤੁਹਾਨੂੰ ਉਪਦੇਸ਼ ਦੇਣ ਲਈ, ਥਾਂ-ਥਾਂ ਦੁਕਾਨਾਂ ਖੁੱਲੀਆਂ ਹੋਈਆਂ ਹਨ।

ਇਸ ਘੋਰ ਨਿਰਾਸ਼ਾਵਾਦੀ ਹਾਲਤ ਦਾ ਦੂਜਾ ਪੱਖ ਵੀ ਹੈ। ਮਨੁੱਖ ਜਾਤੀ ਦੇ ਇਤਿਹਾਸ ਵਿੱਚ ਮਨੁੱਖ ਨੂੰ ਜਦੋਂ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਇਸ ਦੇ ਸਭ ਤੋਂ ਵਧੀਆ ਧੀਆਂ ਪੁੱਤਰਾਂ ਨੇਂ, ਸਮੇਂ ਦੀਆਂ ਵੰਗਾਰਾਂ ਨੂੰ ਕਬੂਲ ਕੀਤਾ ਹੈ। ਜਮਾਤੀ ਸੰਘਰਸ਼ ਇਤਿਹਾਸ ਦੀ ਚਾਲਕ ਸ਼ਕਤੀ ਹੈ। ਹਰੇਕ ਯੁੱਗ ਵਿੱਚ ਇਤਿਹਾਸ ਦੀ ਅਗਾਂਹਵਧੂ ਜਮਾਤ ਨੇਂ, ਆਪਣੇਂ ਸਮੇਂ ਦੇ ਸੱਚ ਨੂੰ ਸਾਹਮਣੇ ਲਿਆ ਕੇ, ਮਨੁੱਖੀ ਇਤਿਹਾਸ ਨੂੰ ਗਤੀ ਦੇਣ ਵਾਲ਼ੇ ਸੰਘਰਸ਼ਾਂ ਦੀ ਅਗਵਾਈ ਕੀਤੀ ਹੈ। ਸਾਡੇ ਸਮਿਆਂ ਵਿੱਚ ਇਹ ਮਜ਼ਦੂਰ ਜਮਾਤ ਹੈ ਜਿਸ ਦਾ ਇਤਿਹਾਸਕ ਮਿਸ਼ਨ ਜਮਾਤੀ ਪ੍ਰਬੰਧਾਂ ਦੇ ਇਤਿਹਾਸ ਦੇ ਇਸ ਆਖਰੀ ਪੜਾਅ, ਸਰਮਾਏਦਾਰੀ ਪ੍ਰਬੰਧ ਦਾ ਖਾਤਮਾ ਕਰਨਾ ਹੈ। ਸਰਮਾਏਦਾਰੀ ਸੱਭਿਆਚਾਰ ਦੇ ਇਸ ਦੌਰ ਵਿੱਚ, ਸਮਾਜ ਦੇ ਬਹਾਦਰ, ਇਮਾਨਦਾਰ ਅਤੇ ਉੱਨਤ ਦਿਮਾਗਾਂ ਵਾਲ਼ੇ ਸਾਰੇ ਦੇ ਸਾਰੇ ਨੌਜਵਾਨਾਂ ਨੂੰ ਮੰਡੀ ਸੱਭਿਆਚਾਰ ਪਲੀਤ ਨਹੀਂ ਕਰ ਸਕਦਾ। ਜਿਸ ਘੋਰ ਨਿਰਾਸ਼ਾਜਨਕ ਹਾਲਤ ਦਾ ਇਸ ਲੇਖ ਵਿੱਚ ਜ਼ਿਕਰ ਆਇਆ ਹੈ, ਉਸ ਨੂੰ ਬਦਲਿਆ ਜਾ ਸਕਦਾ ਹੈ, ਉਸ ਨੂੰ ਬਦਲਿਆ ਜਾਏਗਾ। ਇਹ ਐਸੀ ਹਾਲਤ ਹੈ ਜੋ ਮਨੁੱਖ ਦੇ ਮਨੁੱਖੀ ਸਾਰ ‘ਤੇ ਹਮਲਾ ਹੈ। ਮਨੁੱਖ ਦਾ ਸਾਰ ਕੀ ਹੈ ? ਜੀਵ ਵਿਕਾਸ ਦੇ ਦੌਰ ਵਿੱਚ ਉਹ ਕਿਹੜੀ ਇਤਿਹਾਸਕ ਚੀਜ਼ ਵਾਪਰੀ ਜਿਸ ਨੇੰ ਮਨੁੱਖ ਨੂੰ ਪਸ਼ੂ ਜਗਤ ਨਾਲੋਂ ਵੱਖ ਕਰ ਦਿੱਤਾ? ਮਹਾਨ ਵਿਗਿਆਨੀ ਚਾਰਲਸ ਡਾਰਵਿਨ ਦੀ ਖੋਜ ਅਨੁਸਾਰ ‘ਏਪ’ ਸਾਡਾ ਵਡੇਰਾ ਸੀ। ਇਹ ਬਾਂਦਰਹਾਰ ਜਾਨਵਰ, ਕੁਦਰਤ ਦੀ ਸਭ ਤੋਂ ਉੱਤਮ ਤੇ ਸੁੰਦਰ ਪੈਦਾਵਾਰ, ਮਹਾਂਬਲੀ ਮਨੁੱਖ ਵਿੱਚ ਕਿਵੇਂ ਬਦਲ ਗਿਆ? ਇਹ ਇੱਕ ਐਸਾ ਜਾਨਵਰ ਸੀ ਜਿਸ ਦੇ ਦੋ ਅਗਲੇ ਪੈਰ ਸੁਤੰਤਰ ਹੋ ਕੇ ਹੱਥਾਂ ਦੇ ਰੂਪ ਵਿੱਚ ਕੰਮ ਕਰਨ ਲੱਗ ਪਏ, ਇਹ ਹੌਲੀ ਹੌਲੀ ਸਿੱਧਾ ਖੜਾ ਹੋਣ ਵਿੱਚ ਕਾਮਯਾਬ ਹੋ ਗਿਆ। ਹੱਥਾਂ ਦੀ ਵਰਤੋਂ ਕਰਨ ਦੇ ਸਮਰਥ ਹੋਣ ‘ਤੇ ਇਸ ਨੇ ਸੰਦਾਂ ਦੀ ਮਦਦ ਨਾਲ਼, ਕੁਦਰਤ ਨੂੰ ਆਪਣੇ ਹਿੱਤ ਅਨੁਸਾਰ ਤਬਦੀਲ ਕਰਨਾ ਸ਼ੁਰੂ ਕੀਤਾ। ਝੁੰਡ ਵਿੱਚ ਰਹਿਣ ਵਾਲ਼ੇ ਸਾਡੇ ਵੱਡੇ ਵਡੇਰੇ ਦੀ ਇਹ ਕਾਰਵਾਈ , ਸਮੂਹਕ ਕਾਰਵਾਈ ਸੀ। ਇਹ ਹੱਥਾਂ ਦੀ ਮਦਦ ਨਾਲ਼, ਸੰਦਾ ਦੀ ਵਰਤੋਂ, ਕਿਰਤ ਦੀ ਕਾਰਵਾਈ ਹੈ। ਸਾਡਾ ਵਡੇਰਾ ਮਨੁੱਖ ਬਣ ਗਿਆ ਕਿਉਂਕਿ ਹੁਣ ਇਹ ਕਿਰਤ ਕਰਨ ਵਾਲ਼ਾ ਅਤੇ ਸੰਦ ਬਣਾਉਣ ਵਾਲ਼ਾ ਜਾਨਵਰ ਸੀ। ਏਂਗਲਜ਼ ਨੇ ਮਨੁੱਖ ਦੇ ਏਪ ਤੋਂ ਮਨੁੱਖ ਬਣਨ ਦੀ ਕਿਰਿਆ ਵਿੱਚ ਕਿਰਤ ਦੀ ਭੂਮਿਕਾ ਬਾਰੇ ਲਿਖਿਆ ਹੈ। ਕਿਰਤ ਦੀ ਕਾਰਵਾਈ ਦੌਰਾਨ, ਆਪਸੀ ਤਾਲ ਮੇਲ ਦੀ ਜਰੂਰਤ ਨੇ ਇਸ ਨੂੰ ਆਪਸੀ ਸਬੰਧਾਂ ਵਿੱਚ ਬੰਨ ਦਿੱਤਾ। ਇਹ ਸਬੰਧ ਇਸ ਦੇ ਸਮਾਜਕ ਸਬੰਧ ਸਨ। ਹੁਣ ਇਹ ਸਮਾਜਕ ਜੀਵ ਸੀ। ਕਿਰਤ ਦੀ ਕਾਰਵਾਈ ਵਿੱਚ ਹੀ, ਬੋਲੀ ਨੇ ਜਨਮ ਲਿਆ। ਇਸ ਲਈ ਇਹ ਮਨੁੱਖੀ ਕਿਰਤ ਹੀ ਹੈ ਜਿਸ ਨੇ ਮਨੁੱਖ ਨੂੰ ਜਾਨਵਰ ਜਗਤ ਤੋਂ ਵੱਖ ਕੀਤਾ। ਸਮਾਜਕ ਪ੍ਰਾਣੀ ਦੇ ਤੌਰ ਤੇ ਮਨੁੱਖ ਜਾਤੀ ਦੇ ਇਤਿਹਾਸ ਦੀ ਵਿਆਖਿਆ ਸਾਡੇ ਵਿਸ਼ੇ ਦਾ ਹਿੱਸਾ ਨਹੀਂ। ਪਰ ਮੁੱਖ ਗੱਲ ਇਹ ਹੈ, ਕਿਰਤ ਹੀ ਮਨੁੱਖ ਦਾ ਸਾਰ ਹੈ। ਸਮਾਜਕ ਵਿਕਾਸ ਦੇ ਇਸ ਖਾਸ ਪੜਾਅ ਤੇ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਸਰਮਾਏਦਾਰੀ ਪ੍ਰਬੰਧ ਲੁੱਟ ਜ਼ਬਰ ਅਧਾਰਿਤ ਜਮਾਤੀ ਸਮਾਜ ਦਾ ਆਖਰੀ ਪੜਾਅ ਹੈ। ਜਮਾਤੀ ਸਮਾਜਾਂ ਦੇ ਆਉਣ ਤੋਂ ਹੀ, ਕਿਰਤ ਦੀ ਪੈਦਾਵਾਰ ਮਨੁੱਖ ਆਪਣੇ ਮਨੁੱਖੀ ਸਾਰ ਤੋਂ ਦੂਰ ਹੋਣ ਲੱਗਾ। ਸਰਮਾਏਦਾਰੀ ਢਾਂਚਾ ਮਨੁੱਖੀ ਬੇਗਾਨਗੀ ਦੀ ਸਿਖਰ ਹੈ।

ਕੀ ਹੈ ਇਹ ਬੇਗਾਨਗੀ? ਮਨੁੱਖ ਜਦੋਂ ਕਿਸੇ ਚੀਜ਼ ਦੀ ਪੈਦਾਵਾਰ ਕਰਦਾ ਹੈ, ਉਸ ਵਸਤੂ ਵਿੱਚ ਆਪਣੀ ਮਿਹਨਤ ਨਾਲ਼ ਆਪਣੇ ਸਾਰ ਨੂੰ ਸਾਕਾਰ ਕਰਦਾ ਹੈ। ਆਪਣੀ ਇਸ ਸਿਰਜਣਾਂ ਨਾਲ਼, ਸੰਦਾਂ ਦੀ ਵਰਤੋਂ ਕਰਦਾ ਹੋਇਆ, ਕੁਦਰਤ ਨੂੰ ਆਪਣੇ ਹਿੱਤ ਵਿੱਚ ਬਦਲਦਾ ਹੈ। ਇਸ ਲਈ, ਕਿਰਤ ਮਨੁੱਖ ਲਈ ਸੁੱਖ ਅਤੇ ਖੁਸ਼ੀ ਦਾ ਸੋਮਾ ਸੀ। ਸਰਮਾਏਦਾਰੀ ਸਮਾਜ ਵਿੱਚ ਮਜ਼ਦੂਰ ਆਪਣੀ ਪੈਦਾਵਾਰ ਦਾ ਮਾਲਕ ਨਹੀਂ ਹੁੰਦਾ। ਉਹ ਆਪਣੀ ਕਿਰਤ ਦੇ ਫਲ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਮਾਰਕਸ ਨੇ ਸਰਮਾਏਦਾਰਾ ਪੈਦਾਵਾਰੀ ਪ੍ਰਣਾਲੀ ਵਿੱਚ ਮਜ਼ਦੂਰ ਦੀ ਬੇਗਾਨਗੀ ਦੇ ਰਹੱਸ ਨੂੰ ਲੱਭਿਆ। ਸਾਡੇ ਆਲੇ ਦੁਆਲੇ ਦੀਆਂ ਸਾਰੀਆਂ ਵਸਤੂਆਂ ਮਜ਼ਦੂਰ ਦੀ ਮਿਹਨਤ ਦਾ ਫਲ ਹਨ। ਮਜ਼ਦੂਰ ਆਪਣੇ ਹੀ ਪੈਦਾ ਕੀਤੇ ਸੰਸਾਰ ਵਿੱਚ ਅਜਨਬੀ ਦੀ ਤਰਾਂ ਹੈ। ਮਜ਼ਦੂਰ ਦੀ ਆਪਣੀ ਹੀ ਪੈਦਾਵਾਰ, ਸਰਮਾਇਆ ਉਸ ਤੇ ਹਕੂਮਤ ਕਰਨ ਲੱਗ ਪੈਂਦਾ ਹੈ। ਕਿਸੇ ਵੀ ਮਨੁੱਖ ਲਈ ਕਿਰਤ ਕਰਨੀ ਬੰਧਨ ਨਹੀਂ ਸਗੋਂ ਉਸ ਦੀ ਇੱਛਾ ਦਾ ਸਵਾਲ ਹੋਣਾ ਚਾਹੀਦਾ ਹੈ। ਸ਼ੁਰੂ ਵਿੱਚ ਸਾਰੇ ਹੀ ਮਨੁੱਖ ਆਪਣੇ ਸੰਦਾਂ ਦੀ ਵਰਤੋਂ ਆਪਣੀ ਮਰਜੀ ਮੁਤਾਬਕ ਕਰਦੇ ਸਨ। ਮੱਧ ਕਾਲ ਦੇ ਗਿਲਡਾਂ ਵਿੱਚ ਵੀ ਕਾਰੀਗਰ ਜਦੋਂ ਕੋਈ ਵਸਤੂ ਤਿਆਰ ਕਰਦੇ ਸਨ ਤਾਂ ਉਸ ਨੂੰ ਮੁਕੰਮਲ ਤਿਆਰ ਕਰਦੇ ਸਨ। ਸਰਮਾਏਦਾਰਾ ਪੈਦਾਵਾਰੀ ਪ੍ਰਣਾਲੀ ਵਿੱਚ, ਮਜ਼ਦੂਰ ਕਿਸੇ ਚੀਜ਼ ਨੂੰ ਬਣਾਉਣ ਸਮੇਂ ਉਸ ਦੇ ਇੱਕ ਹਿੱਸੇ ਨੂੰ ਬਨਾਉਣ ਦਾ ਹੀ ਕੰਮ ਕਰਦਾ ਹੈ। ਪਹਿਲਾਂ ਸਾਰੇ ਕਾਰੀਗਰ ਲਗਭਗ ਹਰੇਕ ਕੰਮ ਜਾਣਦੇ ਸਨ ਅੱਜ ਦਾ ਉਜਰਤੀ ਗੁਲਾਮ ਕੰਮ ਦੇ ਇੱਕ ਹਿੱਸੇ ਦਾ ਹੀ ਮਾਹਰ ਹੈ। ਇਹ ਮਜ਼ਦੂਰ ਦੀ ਪੈਦਾਵਾਰ ਦੇ ਅਮਲ ਤੋਂ ਹੀ ਬੇਗਾਨਗੀ ਹੈ। ਉਹ ਬਣਨ ਵਾਲ਼ੀ ਵਸਤੂ ਨੂੰ ਆਪਣੀ ਸਿਰਜਣਾ ਨਹੀਂ ਕਹਿ ਸਕਦਾ। ਪੈਦਾ ਕਰਨ ਵਾਲ਼ਾ ਆਪਣੇ ਲਈ ਨਹੀਂ ਪੈਦਾ ਕਰਦਾ। ਨਾਂ ਹੀ ਉਹ ਆਪਣੀ ਪੈਦਾ ਕੀਤੀ ਚੀਜ਼ ਦੀ ਵਰਤੋਂ ਕਰਨ ਵਾਲਿਆਂ ਨੂੰ ਮਿਲਣ ਵਾਲ਼ੇ ਸੁੱਖ ਲਈ, ਉਹਨਾਂ ਤੋਂ ਕਿਸੇ ਸ਼ੁਕਰਾਨੇ ਦੀ ਆਸ ਕਰ ਸਕਦਾ ਹੈ। ਉਸ ਨੂੰ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਆਪਣੀ ਕਿਰਤ ਸ਼ਕਤੀ ਨੂੰ ਵੇਚਣਾਂ ਪੈਂਦਾ ਹੈ। ਉਹ ਕਿਰਤ ਸ਼ਕਤੀ ਦੇ ਮਾਲਕ ਦੇ ਤੌਰ ‘ਤੇ ਸਰਮਾਏ ਦੇ ਮਾਲਕ ਕੋਲ ਆਪਣੀ ਕਿਰਤ ਸ਼ਕਤੀ ਵੇਚਦਾ ਹੈ। ਜਿਹੜਾ ਸਰਮਾਇਆ ਉਸ ਦੀ ਕਿਰਤ ਸ਼ਕਤੀ ਖਰੀਦਦਾ ਹੈ, ਉਹ ਵੀ ਉਸੇ ਦੀ ਸਰਮਾਏਦਾਰ ਵੱਲੋਂ ਪਹਿਲਾਂ ਹੜੱਪੀ ਹੋਈ ਜੰਮੀ ਹੋਈ ਕਿਰਤ ਸ਼ਕਤੀ ਹੁੰਦੀ ਹੈ। ਮੰਡੀ ਵਿੱਚ ਉਸ ਦੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਚੀਜ਼ਾਂ ਉਸ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ। ਇਸ ਤਰਾਂ ਮਨੁੱਖ ਆਪਣੀ ਹੀ ਪੈਦਾਵਾਰ ਤੋਂ, ਆਪਣੇ ਮਨੁੱਖੀ ਸਾਰ ਤੋਂ ਬੇਗਾਨਾ ਹੋ ਜਾਂਦਾ ਹੈ।

ਲੇਖ ਦੇ ਸ਼ੁਰੂ ਵਿੱਚ ਜਿਸ ਇਕਲਾਪੇ, ਉਦਾਸੀ ਅਤੇ ਬੇਚੈਨੀ ਦੀ ਚਰਚਾ ਕੀਤੀ ਗਈ ਹੈ, ਉਹ ਸਰਮਾਏਦਾਰੀ ਢਾਂਚੇ ਵਿੱਚ ਤੇਜੀ ਨਾਲ਼ ਵਧ ਰਹੀ ਇਸ ਬੇਗਾਨਗੀ ਦਾ ਹੀ ਪ੍ਰਗਟਾਵਾ ਹੈ। ਬੇਗਾਨਗੀ ਦੇ ਇਸ ਬੁਨਿਆਦੀ ਕਾਰਨ ਨੂੰ ਸੰਬੋਧਤ ਹੋਏ ਬਿਨਾਂ, ਇਹਨਾਂ ਸਮੱਸਿਆਵਾਂ ਦਾ ਹੱਲ ਸੰਭਵ ਨਹੀਂ। ਇਹਨਾਂ ਸਮੱਸਿਆਵਾਂ ਦਾ ਕਾਰਨ ਮਨੁੱਖੀ ਸੁਭਾ ਨਹੀਂ। ਉਹ ਉਸ ਚੀਜ ਦੀ ਸਜਾ ਭੁਗਤ ਰਹੇ ਹਨ ਜੋ ਗੁਨਾਹ ਉਹਨਾਂ ਨੇ ਕੀਤਾ ਹੀ ਨਹੀਂ। ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਵਿੱਚ ਜੋ ਮਾਨਸਿਕ ਵਿਗਾੜ ਨਜ਼ਰ ਆ ਰਹੇ ਹਨ, ਇਹ ਇਸ ਗਲੇ ਸੜੇ ਸਮਾਜਕ ਪ੍ਰਬੰਧ ਦੀ ਪੈਦਾਵਾਰ ਹਨ। ਜਾਤੀ ਤੌਰ ‘ਤੇ ਉਹ ਏਨੇ ਕੁ ਹੀ ਜਿੰਮੇਵਾਰ ਹਨ ਕਿ ਉਹ ਆਪਣੀ ਇਸ ਹਾਲਤ ਨੂੰ ਬਦਲਣ ਲਈ ਗੰਭੀਰ ਨਹੀਂ ਹਨ। ਇਸ ਹਾਲਤ ਨੂੰ ਬਦਲਣ ਵਿੱਚ ਜਿੰਨੀ ਦੇਰ ਹੋਏਗੀ ਓਨੀ ਹੀ ਤੇਜੀ ਨਾਲ਼ ਇਕੱਲਤਾ, ਬੇਚੈਨੀ, ਪਾਗਲਪਣ ਅਤੇ ਅਪਰਾਧੀ ਪ੍ਰਵਿਰਤੀਆਂ ਵਿੱਚ ਵਾਧਾ ਹੁੰਦਾ ਰਹੇਗਾ। ਮਨੁੱਖ ਦਾ ਮਾਨਵੀ ਸਾਰ ਹੀ ਦਾਅ ‘ਤੇ ਲੱਗਾ ਹੋਇਆ ਹੈ। ਇੱਕ ਪਾਸੇ ਕਿਰਤੀ ਆਬਾਦੀ ਨੂੰ, ਜੀਵਨ ਦੀਆਂ ਗੈਰ ਮਨੁੱਖੀ ਹਲਤਾਂ ਵਿੱਚ ਰਹਿਣਾ ਪੈ ਰਿਹਾ ਹੈ। ਦੂਜੇ ਪਾਸੇ ਹਰ ਮਨੁੱਖੀ ਚੰਗਿਆਈ ਤੋਂ ਸੱਖਣੇ ਹੁੰਦੇ ਜਾ ਰਹੇ, ਉਤਪਾਦਨ ਦੇ ਸੰਦਾਂ ਸਾਧਨਾਂ ਦੇ ਵੱਡੇ ਹਿੱਸੇ ਦੇ ਮਾਲਕ ਧਨਪਸ਼ੂ ਆਪਣੇ ਪ੍ਰਬੰਧ ਦੀ ਨੇੜੇ ਆ ਰਹੀ ਮੌਤ ਤੋਂ ਡਰੇ ਹੋਏ ਫ਼ਾਸੀਵਾਦ ਦਾ ਆਸਰਾ ਲੈ ਰਹੇ ਹਨ। ਉਹਨਾਂ ਦੀਆਂ ਕਾਰਵਾਈਆਂ ਹੋਰ ਮਨੁੱਖ ਦੋਖੀ ਹੋ ਰਹੀਆਂ ਹਨ। ਮਜ਼ਦੂਰ ਜਮਾਤ ਸਿਰ ਹੀ ਮਨੁੱਖ ਜਾਤੀ ਨੂੰ ਇਹਨਾਂ ਹਾਲਤਾਂ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਹੈ। ਸਭ ਕੁਝ ਦੀ ਸਿਰਜਣਹਰ ਮਜ਼ਦੂਰ ਜਮਾਤ ਹੀ ਆਪਣੀਆਂ ਅਤੇ ਸਾਰੇ ਸਮਾਜ ਦੀਆਂ ਜੰਜੀਰਾਂ ਤੋੜਨ ਦੇ ਸਮਰੱਥ ਹੈ। ਮਨੁੱਖ ਜਾਤੀ ਦੀ ਮੁਕਤੀ ਦੇ ਇਸ ਪ੍ਰੋਜੈਕਟ ਦਾ ਮਕਸਦ ਹੀ ਮਨੁੱਖ ਦੁਆਰਾ ਆਪਣੇ ਸਾਰ ਨੂੰ ਦੁਬਾਰਾ ਹਾਸਲ ਕਰਨਾ ਹੈ।

– 10 ਮਈ 2017

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

 

Advertisements