ਇੱਕੀਵੀਂ ਸਦੀ ਦੇ ”ਮਹਾਨ ਭਾਰਤ” ਦੇ ਮੱਥੇ ‘ਤੇ ਜਾਤ ਪਾਤ ਦਾ ਕਲੰਕ •ਰਣਬੀਰ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

”ਮਹਾਨ ਭਾਰਤ” ਇੱਕੀਵੀਂ ਸਦੀ ਦਾ ਡੇਢ ਦਹਾਕਾ ਪਾਰ ਚੁੱਕਾ ਹੈ। ਪਰ ਸਦੀਆਂ ਤੋਂ ਭਾਰਤੀ ਸਮਾਜ ਦੇ ਪਿੰਡੇ ਨੂੰ ਚਿੰਬੜਿਆ ਜਾਤਪਾਤ ਦਾ ਕੋਹੜ ਅਜੇ ਵੀ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਿਹਾ। ਪੰਦਰਾਂ ਅਗਸਤ ਦੀ ਅਜ਼ਾਦੀ, ਛੱਬੀ ਜਨਵਰੀ ਦਾ ਗਣਤੰਤਰ ਇਸ ਨਾਮੁਰਾਦ ਬਿਮਾਰੀ ਦਾ ਇਲਾਜ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਜਾਤਪਾਤ ਅਧਾਰਿਤ ਭੇਦਭਾਵ, ਜ਼ਬਰ-ਜੁਲਮ, ਅਨਿਆਂ ਸਾਡੇ ਸਮਾਜ ਦੇ ਪੋਰ-ਪੋਰ ਵਿੱਚ ਸਮੋਇਆ ਹੈ। ਇਸਨੂੰ ਸ਼ਬਦਾਂ ਵਿੱਚ ਹੂ-ਬ-ਹੂ ਬਿਆਨ ਕਰ ਸਕਣਾ ਅਸੰਭਵ ਹੈ। ਜਾਤਪਾਤ ਕਾਰਨ ਰੋਜ਼ਾਨਾ ਭਿਆਨਕ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਦਿਲ ਦਹਿਲਾ ਦਿੰਦੀਆਂ ਹਨ। ਸੋਚਣ ‘ਤੇ ਮਜ਼ਬੂਰ ਕਰ ਦਿੰਦੀਆਂ ਹਨ ਕਿ ਆਖਰ ਕਦ ਤੱਕ ਜਾਤ ਪਾਤ ਦਾ ਦੈਂਤ ਕਹਿਰ ਵਰ੍ਹਾਉਂਦਾ ਰਹੇਗਾ, ਆਖਰ ਕਿਸ ਤਰ੍ਹਾਂ ਇਸ ਨੂੰ ਕਾਬੂ ਕਰਕੇ ਡੂੰਘੇ ਪਤਾਲ ਵਿੱਚ ਪਹੁੰਚਾਇਆ ਜਾਵੇਗਾ।

ਮੱਧ ਪ੍ਰਦੇਸ਼ ਦੇ ਤੇਂਦੂਖੇੜਾ ਜਿਲ੍ਹੇ ਵਿੱਚ ਖਮਰੀਆ ਕਲਾਂ ਨਾਂ ਦਾ ਇੱਕ ਪਿੰਡ ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਤੀਜੀ ਜਮਾਤ ਵਿੱਚ ਪੜ੍ਹਨ ਵਾਲ਼ਾ ਅੱਠ ਸਾਲ ਦਾ ਇੱਕ ਬੱਚਾ ਜਦ ਸਕੂਲ ਦੇ ਨਲਕੇ ਤੋਂ ਪਾਣੀ ਪੀਣ ਗਿਆ ਤਾਂ ਅਧਿਆਪਕ ਨੇ ਉਸਨੂੰ ਝਾੜ ਪਾਉਂਦੇ ਹੋਏ ਰੋਕ ਦਿੱਤਾ। ਇਹ ਮਾਸੂਮ ਬੱਚਾ ਆਪਣੀ ਬੋਤਲ ਲੈ ਕੇ ਖੂਹ ‘ਤੇ ਗਿਆ। ਰੱਸੀ ਨਾਲ਼ ਬੋਤਲ ਬੰਨ੍ਹ ਕੇ ਜਦ ਖੂਹ ਵਿੱਚ ਲਟਕਾਈ ਤਾਂ ਉਸਦਾ ਸਤੁੰਲਨ ਵਿਗੜ ਗਿਆ ਤੇ ਖੂਹ ਵਿੱਚ ਡਿੱਗ ਪਿਆ। ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।  

ਬੱਚੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਦਲਿਤ ਬੱਚਿਆਂ ਨਾਲ਼ ਭਿਆਨਕ ਭੇਦਭਾਵ ਕੀਤਾ ਜਾਂਦਾ ਹੈ। ਬੱਚੇ ਵਾਰ-ਵਾਰ ਘਰ ਆ ਕੇ ਇਸ ਬਾਰੇ ਸ਼ਿਕਾਇਤ ਕਰਦੇ ਹਨ। ਜਾਤ-ਪਾਤੀ ਭੇਦਭਾਵ ਕਾਰਨ ਉਹ ਸਕੂਲ ਜਾਣੋਂ ਮਨ੍ਹਾਂ ਕਰ ਦਿੰਦੇ ਹਨ। ਮਾਰੇ ਗਏ ਬੱਚੇ ਦਾ ਵੱਡਾ ਭਰਾ ਵੀ ਉਸੇ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸਨੇ ਦੱਸਿਆ ਕਿ ਦਲਿਤ ਬੱਚਿਆਂ ਨੂੰ ਸਕੂਲ ਦੇ ਨਲਕੇ ਤੋਂ ਪਾਣੀ ਭਰਨ ਜਾਂ ਪੀਣ ਦੀ ਮਨਾਹੀ ਹੈ, ਇਸ ਲਈ ਉਹਨਾਂ ਨੂੰ ਖੂਹ ਤੋਂ ਹੀ ਪਾਣੀ ਲੈਣਾ ਪੈਂਦਾ ਹੈ।

ਇਹ ਦਰਦਨਾਕ ਕਹਾਣੀ ਭਾਰਤ ਦੇ ਕਿਸੇ ਇੱਕ ਪਰਿਵਾਰ, ਕਿਸੇ ਇੱਕ ਸਕੂਲ ਜਾਂ ਕਿਸੇ ਇੱਕ ਪਿੰਡ ਦੀ ਨਹੀਂ ਹੈ। ਪਿਛਲੇ ਦਿਨੀਂ ਮੱਧ ਪ੍ਰੇਦਸ਼ ਦੇ ਪੰਜ ਪ੍ਰਮੁੱਖ ਖੇਤਰਾਂ ਬਘੇਲਖੰਡ, ਬੁੰਦੇਲਖੰਡ, ਚੰਬਲ, ਮਹਾਕੌਸ਼ਲ ਅਤੇ ਨਿਮਾੜ ਦੇ 10 ਜਿਲ੍ਹਿਆਂ ਦੇ 30 ਪਿੰਡਾਂ ਵਿੱਚ 412 ਦਲਿਤ ਪਰਿਵਾਰਾਂ ਦਾ ਸਰਵੇਖਣ ਕੀਤਾ ਹੈ। ਇਹ ਸਰਵੇਖਣ ‘ਚਾਈਲਡ ਰਾਈਟ ਆਬਜ਼ਰਵੇਟਰੀ’ ਅਤੇ ‘ਮੱਧ ਪ੍ਰਦੇਸ਼ ਦਲਿਤ ਅਭਿਆਨ ਸੰਘ’ ਵੱਲ਼ੋਂ ਕੀਤਾ ਗਿਆ ਹੈ। ਇਸ ਸਰਵੇਖਣ ਰਾਹੀਂ ਬੇਹੱਦ ਭਿਆਨਕ ਸੱਚਾਈਆਂ ਸਾਹਮਣੇ ਆਈਆਂ ਹਨ। ਸਰਵੇਖਣ ਦੇ ਨਤੀਜੇ ਇਸ ਪ੍ਰਕਾਰ ਹਨ –

-92 ਫੀਸਦੀ ਦਲਿਤ ਬੱਚੇ ਸਕੂਲ ਵਿੱਚਲੇ ਪਾਣੀ ਦੇ ਸ੍ਰੋਤ ਤੋਂ ਖੁਦ ਪਾਣੀ ਨਹੀਂ ਲੈ ਸਕਦੇ।

-88 ਫੀਸਦੀ ਬੱਚਿਆਂ ਨੇ ਕਿਹਾ ਕਿ ਮਿਡ-ਡੇ ਮੀਲ ਦੌਰਾਨ ਉਹਨਾਂ ਨੂੰ ਵੱਖਰੀ ਲਾਈਨ ਵਿੱਚ ਬਿਠਾਇਆ ਜਾਂਦਾ ਹੈ।

-57 ਫੀਸਦੀ ਦਲਿਤ ਬੱਚਿਆਂ ਦਾ ਕਹਿਣਾ ਹੈ ਕਿ ਉਹ ਸਕੂਲ ਵਿੱਚ ਤਦ ਹੀ ਪਾਣੀ ਪੀ ਸਕਦੇ ਹਨ ਜਦੋਂ ਗੈਰ ਦਲਿਤ ਬੱਚੇ ਉਹਨਾਂ ਨੂੰ ਉਪਰੋਂ ਪਾਣੀ ਪਿਆਉਂਦੇ ਹਨ।

– 28 ਫੀਸਦੀ ਦਲਿਤ ਮਾਪਿਆਂ ਦਾ ਕਹਿਣਾ ਹੈ ਕਿ ਪਿਆਸ ਲੱਗਣ ‘ਤੇ ਉਹਨਾਂ ਦੇ ਬੱਚੇ ਘਰ ਆ ਕੇ ਪਾਣੀ ਪੀਂਦੇ ਹਨ।

– 15 ਫੀਸਦੀ ਬੱਚਿਆਂ ਨੂੰ ਸਕੂਲ ਵਿੱਚ ਪਿਆਸੇ ਰਹਿਣਾ ਪੈਂਦਾ ਹੈ।

– 93 ਫੀਸਦੀ ਦਲਿਤ ਬੱਚਿਆਂ ਨੇ ਦੱਸਿਆ ਕਿ ਜਮਾਤ ਵਿੱਚ ਉਹਨਾਂ ਨੂੰ ਮੂਹਰੇ ਨਹੀਂ ਬੈਠਣ ਦਿੱਤਾ ਜਾਂਦਾ। 79 ਫੀਸਦੀ ਸਭ ਤੋਂ ਪਿੱਛੇ ਬੈਠਦੇ ਹਨ ਅਤੇ 14 ਫੀਸਦੀ ਵਿਚਕਾਰਲੀਆਂ ਲਾਈਨਾਂ ਵਿੱਚ।

-88 ਫੀਸਦੀ ਦਲਿਤ ਬੱਚਿਆਂ ਨੇ ਕਿਹਾ ਕਿ ਉਹਨਾਂ ਨੂੰ ਅਧਿਆਪਕਾਂ ਵੱਲੋਂ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ। 42 ਫੀਸਦੀ ਦਲਿਤ ਬੱਚਿਆਂ ਨੂੰ ਅਧਿਆਪਕ ਜਾਤ ਸੂਚਕ ਸ਼ਬਦਾਂ ਨਾਲ਼ ਬੁਲਾਉਂਦੇ ਹਨ।

”ਡਿਜੀਟਲ ਇੰਡੀਆ” ਬਣਨ ਜਾ ਰਹੇ ”ਮਹਾਨ ਭਾਰਤ” ਦੀ ਇੱਕੀਵੀਂ ਸਦੀ ਵਿੱਚ ਇਹ ਸ਼ਕਲ-ਸੂਰਤ ਹੈ। ਇਹ ਸ਼ਕਲ-ਸੂਰਤ ਬਦਲਣੀ ਚਾਹੀਦੀ ਹੈ ਭਾਂਵੇਂ ਕਿੰਨਾਂ ਵੀ ਲੰਮਾਂ ਤੇ ਕਰੜਾ ਸੰਘਰਸ਼ ਕਿਉਂ ਨਾ ਕਰਨਾ ਪਵੇ। ਜਾਤ ਪਾਤ ਨੂੰ ਖਤਮ ਕਰਨ ਲਈ ਢੁੱਕਵੇਂ ਰਾਹ ਖੋਜਣੇ ਪੈਣਗੇ। ਮੌਜੂਦਾ ਸਰਮਾਏਦਾਰਾ ਪ੍ਰਬੰਧ ਦੀਆਂ ਆਰਥਿਕ, ਸਮਾਜਿਕ ਤੇ ਸਿਆਸੀ ਹਾਲਤਾਂ ਅਧੀਨ ਜਾਤ-ਪਾਤ ਖਤਮ ਹੁੰਦੀ ਦਿਖਾਈ ਨਹੀਂ ਦਿੰਦੀ। ਰਾਖਵੇਂਕਰਨ ਜਿਹੇ ਜਿਹੇ ਨੀਮ-ਹਕੀਮੀ ਇਲਾਜਾਂ ਦਾ ਬੜਾ ਭੈੜਾ ਜਲੂਸ ਨਿਕਲਿਆ ਹੈ। ਵਾਰ-ਵਾਰ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਜਾਤਪਾਤ ਵਿਰੋਧੀ ਕਨੂੰਨਾਂ, ਸੰਵਿਧਾਨਕ ਅਜ਼ਾਦੀਆਂ ਨੇ ਜਾਤ ਪਾਤ ਨੂੰ ਖਤਮ ਨਹੀਂ ਕਰ ਸਕਣਾ। ਜਾਤ ਪਾਤ ਨੂੰ ਖਤਮ ਕਰਨ ਲਈ ਇਸ ਤੋਂ ਅਗਾਂਹ ਸੋਚਣਾ ਪਏਗਾ। ਇਸਤੋਂ ਵੱਖਰਾ ਇੱਕ ਢੁੱਕਵਾਂ ਇਨਕਲਾਬੀ ਰਾਹ ਅਪਣਾਉਣਾ ਪਏਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements