ਇੱਕ ਤਰਾਸਦੀ ਜੋ ਕਿਸੇ ਦੀਆਂ ਅੱਖਾਂ ਵਿੱਚ ਕੱਚ ਵਾਂਗ ਨਹੀਂ ਖੁੱਭਦੀ •ਡਾ. ਅੰਮ੍ਰਿਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਾਲ-ਵਿਆਹ ਭਾਰਤ ਦੀ ਸਦੀਆਂ ਪੁਰਾਣੀ ਅਣਮਨੁੱਖੀ ਰਵਾਇਤ ਰਹੀ ਹੈ, ਪਰ ਜੇ ਕਿਸੇ ਨੂੰ ਲੱਗਦਾ ਹੈ ਕਿ ਹੁਣ ਅਜਿਹਾ ਕੁਝ ਨਹੀਂ ਰਿਹਾ ਜਾਂ ਇਹ ਕੋਈ ਬਹਤੀ ਵੱਡੀ ਸਮੱਸਿਆ ਨਹੀਂ ਰਹੀ ਤਾਂ ਇਹ ਭੁਲੇਖਾ ਉਹ ਆਪਣੇ ਮਨੋਂ ਕੱਢ ਦੇਵੇ। ਅੱਜ ਵੀ ਇਹ ਅਣਮਨੁੱਖੀ ਰਵਾਇਤ ਬਾਦਸਤੂਰ ਜਾਰੀ ਹੈ, ਬੱਸ ਫ਼ਰਕ ਇੰਨਾ ਹੈ ਕਿ ਹੁਣ ਇਸਦੀਆਂ ਸ਼ਿਕਾਰ ਸਿਰਫ਼ ਬਾਲੜੀਆਂ ਤੇ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਹੀ ਹੁੰਦੀਆਂ ਹਨ। ਤੀਜੇ ‘ਨੈਸ਼ਨਲ ਫੈਮਿਲੀ ਹੈਲਥ ਸਰਵੇ’ ਅਨੁਸਾਰ ਭਾਰਤ ਵਿੱਚ 8.52 ਕਰੋੜ ਕੁੜੀਆਂ ਦਾ ਵਿਆਹ ਕਾਨੂੰਨੀ ਤੌਰ ‘ਤੇ ਤੈਅ ਉਮਰ ਭਾਵ 18 ਸਾਲ ਤੋਂ ਘੱਟ ਉਮਰ ਵਿੱਚ ਕਰ ਦਿੱਤਾ ਗਿਆ ਜਿਸ ਵਿੱਚ ਮਾਪੇ, ਪੰਚਾਇਤਾਂ ਅਤੇ ਸਰਕਾਰੀ ਅਫ਼ਸਰਾਂ ਤੱਕ, ਸਭ ਦੀ ਮਿਲੀਭੁਗਤ ਹੁੰਦੀ ਹੈ। 18 ਸਾਲ ਤੋਂ ਘੱਟ ਉਮਰ ਵਿੱਚ ਵਿਆਹੀਆਂ ਜਾਣ ਵਾਲੀਆਂ ਕੁੜੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਵਿੱਚ ਹੈ ਜਿੱਥੇ ਇਹ ਕੁਲ ਦਾ 15% ਹੈ। ਬਿਹਾਰ, ਰਾਜਸਥਾਨ, ਓਡੀਸ਼ਾ, ਮੱਧਪ੍ਰਦੇਸ਼, ਤਮਿਲਨਾਡੂ ਅਤੇ ਮਹਾਂਰਾਸ਼ਟਰ ਵੀ ਇਸ ਅਣਮਨੁੱਖੀ ਕਾਰੇ ਵਿੱਚ ਮੂਹਰਲੇ ਸੂਬਿਆਂ ਵਿੱਚ ਹਨ। ਪਰ ਇੱਕ ਕੁੜੀ ਲਈ ਇਹ ਤਰਾਸਦੀ ਇੱਥੇ ਹੀ ਖਤਮ ਨਹੀਂ ਹੋ ਜਾਂਦੀ, ਉਸ ਲਈ ਵਿਆਹ ਤੋਂ ਬਾਅਦ ਜੋ ਕੁਝ ਉਸ ਨਾਲ ਹੁੰਦਾ ਹੈ ਉਹ ਉਸਦੀ ਰੂਹ ਅਤੇ ਸਰੀਰ ਉੱਤੇ ਰਹਿੰਦੀ ਜ਼ਿੰਦਗੀ ਲਈ ਡੂੰਘਾ ਅਸਰ ਪਾਉਂਦਾ ਹੈ। ਵਿਆਹ ਤੋਂ ਬਾਅਦ ਸੈਕਸ ਸਬੰਧ ਬਣਾਉਣੇ ਕੁੜੀ ਲਈ ਲਾਜ਼ਮੀ ਹਨ, ਚਾਹੇ ਉਸਦੀ ਇੱਛਾ ਹੋਵੇ ਜਾਂ ਨਾਂਹ, ਅਤੇ ਬਹੁਗਿਣਤੀ ਕੁੜੀਆਂ ਜਿੰਨ੍ਹਾਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿੱਚ ਹੋਇਆ ਹੁੰਦਾ ਹੈ, ਲਈ ਇਹ ਕਿਰਿਆ ਇੱਕ ਤਸ਼ੱਦਦ ਬਣ ਜਾਂਦੀ ਹੈ ਤੇ ਕਿੰਨੀਆਂ ਹੀ ਕੁੜੀਆਂ ਇਸ ਤੋਂ ਬਾਅਦ ਮਾਨਸਿਕ ਰੂਪ ਵਿੱਚ ਬੀਮਾਰ ਹੋ ਜਾਂਦੀਆਂ ਹਨ ਜੋ ਕਿਸੇ ਨਾ ਰੂਪ ਵਿੱਚ ਪੂਰੀ ਜਿੰਦਗੀ ਉਹਨਾਂ ਦਾ ਪਿੱਛਾ ਨਹੀਂ ਛੱਡਦੀ।

ਇਹਨਾਂ 8.52 ਕਰੋੜ ਕੁੜੀਆਂ ਜਿੰਨ੍ਹਾਂ ਦਾ ਉਮਰ ਤੋਂ ਪਹਿਲਾਂ ਹੀ ਵਿਆਹ ਹੋ ਗਿਆ ਹੁੰਦਾ ਹੈ, ਵਿੱਚੋਂ 16% ਭਾਵ 1.36 ਕਰੋੜ ਕੁੜੀਆਂ ਵਿਆਹ ਤੋਂ ਤੁਰੰਤ ਬਾਅਦ ਹੀ ਗਰਭਵਤੀ ਕਰ ਦਿੱਤੀਆਂ ਜਾਂਦੀਆਂ ਹਨ (ਸ਼ਬਦ “ਕਰ ਦਿੱਤੀਆਂ ਜਾਂਦੀਆਂ ਹਨ” ਇਸ ਲਈ ਵਰਤੇ ਗਏ ਹਨ ਕਿਉਂਕਿ ਇਹ ਉਹਨਾਂ ਨਾਲ ਇੱਕ ਧੱਕਾ ਹੁੰਦਾ ਹੈ, ਨਾ ਕਿ ਕੁਦਰਤੀ ਪ੍ਰਕਿਰਿਆ ਤੇ ਨਾ ਹੀ ਉਹਨਾਂ ਦੀ ਇੱਛਾ ਅਨੁਸਾਰ), ਭਾਵੇਂ ਕਿ ਉਹ ਸਰੀਰਕ ਰੂਪ ਵਿੱਚ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲ਼ਣ ਤੇ ਫਿਰ ਜਨਮ ਦੇਣ ਦੀ ਪ੍ਰਕਿਰਿਆ ਵਿੱਚੋਂ ਲੰਘਣ ਦੇ ਯੋਗ ਨਹੀਂ ਹੁੰਦੀਆਂ। 18 ਸਾਲ ਤੋਂ ਘੱਟ ਉਮਰ ‘ਚ ਵਿਆਹੀਆਂ ਬਾਕੀ ਕੁੜੀਆਂ ਵਿੱਚੋਂ ਵੀ ਬਹੁਗਿਣਤੀ ਵਿਆਹ ਤੋਂ ਬਾਅਦ ਸਾਲ ਦੇ ਅੰਦਰ-ਅੰਦਰ ਗਰਭਵਤੀ ਕਰ ਦਿੱਤੀਆਂ ਜਾਂਦੀਆਂ ਹਨ। 18 ਸਾਲ ਤੋਂ ਘੱਟ ਉਮਰ ‘ਚ ਵਿਆਹੀਆਂ ਕੁੜੀਆਂ ਜਦੋਂ ਪਹਿਲੇ ਬੱਚੇ ਨੂੰ ਜਨਮ ਦਿੰਦੀਆਂ ਹਨ ਤਾਂ ਉਹਨਾਂ ਦੀ ਉਮਰ 19 ਸਾਲ ਤੋਂ ਘੱਟ ਹੁੰਦੀ ਹੈ। ਕਿਉਂਕਿ ਭਾਰਤ ਦੀਆਂ 70% ਔਰਤਾਂ, ਸਮੇਤ ਕੁੜੀਆਂ ਦੇ, ਖੂਨ ਦੀ ਕਮੀ ਦੀਆਂ ਸ਼ਿਕਾਰ ਹੁੰਦੀਆਂ ਹਨ, ਇਸ ਤਰ੍ਹਾਂ ਸਰੀਰਕ ਤੌਰ ‘ਤੇ ਪੱਕਿਆਂ ਨਾ ਹੋਣਾ ਖੂਨ ਦੀ ਕਮੀ ਨਾਲ ਜੁੜ ਕੇ ਅਜਿਹੀਆਂ ਕੁੜੀਆਂ ਲਈ ਮੌਤ ਬਣ ਜਾਂਦਾ ਹੈ। ਇਹਨਾਂ 8.52 ਕਰੋੜ ਕੁੜੀਆਂ ਵਿੱਚੋਂ 7%, ਭਾਵ 9.54 ਲੱਖ ਜਣੇਪੇ ਦੀ ਪ੍ਰਕਿਰਿਆ ਦੌਰਾਨ ਮੌਤ ਦੇ ਮੂੰਹ ਜਾ ਪੈਂਦੀਆਂ ਹਨ, ਭਾਵੇਂ  ਸਰਕਾਰੀ ਰਜਿਸਟਰਾਂ ਵਿੱਚ ਇਹ ਮੌਤਾਂ ਜਣੇਪੇ ਦੌਰਾਨ ਮੌਤਾਂ ਵਜੋਂ ਦਰਜ ਹੁੰਦੀਆਂ ਹਨ, ਪਰ ਅਸਲ ਵਿੱਚ ਇਹ ਸਮਾਜ ਵੱਲੋਂ ਕੀਤੇ ਗਏ ਕਤਲ ਹਨ ਜਿੰਨ੍ਹਾਂ ਲਈ ਕਿਸੇ ਉੱਤੇ ਕੋਈ ਮੁਕੱਦਮਾ ਦਰਜ ਨਹੀਂ ਹੁੰਦਾ ਅਤੇ ਮੁੰਡੇ ਦੇ ਮਾਪੇ ਉਸ ਲਈ ਦੂਜਾ ਸ਼ਿਕਾਰ ਲੱਭਣਾ ਸ਼ੁਰੂ ਕਰ ਦਿੰਦੇ ਹਨ। ਇਹਨਾਂ ਮੌਤਾਂ ਦਾ ਸਿੱਧਾ ਕਾਰਨ ਉਮਰ ਤੋਂ ਪਹਿਲਾਂ ਗਰਭਵਤੀ ਹੋਣਾ ਹੈ ਅਤੇ ਇਹ ਮੌਤਾਂ ਪੂਰੀ ਤਰ੍ਹਾਂ ਰੋਕੀਆਂ ਜਾ ਸਕਦੀਆਂ ਹਨ ਜੇ ਕੁੜੀਆਂ ਨਾਲ ਹੁੰਦਾ ਇਹ ਧੱਕਾ ਬੰਦ ਕੀਤਾ ਜਾਵੇ।

ਜਿਹੜੀਆਂ ਕੁੜੀਆਂ ਮੌਤ ਦੇ ਮੂੰਹ ਪੈ ਜਾਂਦੀਆਂ ਹਨ, ਉਹ ਤਾਂ ਹੈ ਹੀ, ਇਸ ਤੋਂ ਬਿਨਾਂ ਜਿਹਨਾਂ ਦੀ ਜਿੰਦਗੀ ਮੌਤ ਤੋਂ ਬਦਤਰ ਹੋ ਜਾਂਦੀ ਹੈ, ਉਹਨਾਂ ਦੀ ਗਿਣਤੀ ਵੀ ਘੱਟ ਨਹੀਂ ਹੋਵੇਗੀ ਭਾਵੇਂ ਇਹਨਾਂ ਦੀ ਗਿਣਤੀ ਬਾਰੇ ਕੋਈ ਵਿਸਥਾਰਤ ਅੰਕੜੇ ਉਪਲਬਧ ਨਹੀਂ ਹਨ। ਛੋਟੀ ਉਮਰੇ ਜਣੇਪੇ ਦੀ ਪ੍ਰਕਿਰਿਆ ਕਿੰਨੀਆਂ ਹੀ ਹੋਰ ਅਲਾਮਤਾਂ ਨੂੰ ਜਨਮ ਦਿੰਦੀ ਹੈ ਜਿਹਨਾਂ ਦਾ ਸਾਹਮਣਾ ਇਹਨਾਂ ਕੁੜੀਆਂ ਨੂੰ ਕਰਨਾ ਪੈਂਦਾ ਹੈ। ਸਭ ਤੋਂ ਪਹਿਲੀ ਬਿਮਾਰੀ ਜਿਹੜੀ ਇਹਨਾਂ ਕੁੜੀਆਂ ਨੂੰ ਲੱਗਭੱਗ ਪੱਕੇ ਤੌਰ ‘ਤੇ ਘੇਰ ਲੈਂਦੀ ਹੈ, ਉਹ ਹੈ ਖੂਨ ਦੀ ਕਮੀ ਭਾਵ ਅਨੀਮੀਆ, ਕਿਉਂਕਿ ਜਣੇਪੇ ਦੀ ਪ੍ਰਕਿਰਿਆ ਦੇ ਇਸ ਉਮਰ ਵਿੱਚ ਮੁਸ਼ਕਿਲ ਹੋਣ ਕਰਕੇ ਅਕਸਰ ਬਹੁਤ ਸਾਰਾ ਖੂਨ ਵਹਿ ਜਾਂਦਾ ਹੈ ਜਿਸਦੀ ਕਮੀ ਨੂੰ ਪਹਿਲਾਂ ਤੋਂ ਅਨੀਮੀਆ ਦੀਆਂ ਸ਼ਿਕਾਰ ਇਹ ਕੁੜੀਆਂ ਪੂਰੀ ਜ਼ਿੰਦਗੀ ਪੂਰਾ ਨਹੀਂ ਕਰ ਪਾਉਂਦੀਆਂ। ਦੂਸਰਾ, ਸਰੀਰਕ ਤੌਰ ਉੱਤੇ ਪੂਰੀ ਤਰ੍ਹਾਂ ਤਿਆਰ ਨਾ ਹੋਣ ਕਰਕੇ ਇਹਨਾਂ ਕੁੜੀਆਂ ਲਈ ਅਕਸਰ ਨਾਰਮਲ ਜਣੇਪਾ ਸੰਭਵ ਹੀ ਨਹੀਂ ਹੁੰਦਾ, ਇਸ ਲਈ ਕਿੰਨੀਆਂ ਨੂੰ ਵੱਡੇ ਅਪਰੇਸ਼ਨ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਅਕਸਰ ਪਹਿਲਾ ਬੱਚਾ ਵੱਡੇ ਅਪਰੇਸ਼ਨ ਨਾਲ ਹੋਣ ਤੋਂ ਬਾਅਦ ਦੂਜਾ ਜਾਂ ਤੀਜਾ ਬੱਚਾ ਵੀ ਅਪਰੇਸ਼ਨ ਨਾਲ ਹੀ ਹੁੰਦੇ ਹਨ, ਜਿਸਦਾ ਦਾ ਮਾਨਸਿਕ ਟ੍ਰਾਮਾ ਔਰਤ ਨੂੰ ਝੱਲਣਾ ਪੈਂਦਾ ਹੈ। ਗਰਭ ਦੌਰਾਨ ਬਲੱਡ ਪ੍ਰੈਸ਼ਰ ਵਧਣ ਅਤੇ ਗੁਰਦਿਆਂ ਦਾ ਫੇਲ੍ਹ ਹੋਣਾ, ਇਹ ਇੱਕ ਹੋਰ ਭਿਅੰਕਰ ਮੈਡੀਕਲ ਬਿਮਾਰੀ ਹੈ, ਜਿਸ ਦਾ ਸ਼ਿਕਾਰ ਆਮ ਤੌਰ ਉੱਤੇ ਉਮਰੋਂ ਪਹਿਲਾਂ ਗਰਭਵਤੀ ਕਰ ਦਿੱਤੀਆਂ ਗਈਆਂ ਕੁੜੀਆਂ ਹੀ ਹੁੰਦੀਆਂ ਹਨ।

ਇੱਕ ਹੋਰ ਬਹੁਤ ਹੀ ਭਿਆਨਕ ਬਿਮਾਰੀ ਜਿਹੜੀ ਜਣੇਪੇ ਦੌਰਾਨ ਇਹਨਾਂ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਉਹ ਹੈ “ਫਿਸਚੁਲਾ”। ਇੱਕ ਅਧਿਐਨ ਮੁਤਾਬਕ ਹਰ ਸਾਲ ਸੰਸਾਰ ਵਿੱਚ 1,00,000 ਤੋਂ ਉੱਪਰ ਕੁੜੀਆਂ ਇਸ ਬੀਮਾਰੀ ਦਾ ਸ਼ਿਕਾਰ ਹੁੰਦੀਆਂ ਹਨ, ਇਹ ਲੱਗਭਗ ਸਾਰੀਆਂ ਦੀਆਂ ਸਾਰੀਆਂ ਅਫ਼ਰੀਕਾ ਦੇ ਗਰੀਬ ਦੇਸ਼, ਭਾਰਤ, ਬੰਗਲਾਦੇਸ਼ ਜਿਹੇ ਦੇਸ਼ਾਂ ‘ਚ ਹੁੰਦੀਆਂ ਹਨ। ਇਸ ਬਿਮਾਰੀ ਵਿੱਚ ਔਰਤਾਂ ਦੇ ਜਣਨ ਅੰਗ ਦਾ ਮੂਤਰ ਮਸਾਨੇ ਜਾਂ ਰੈਕਟਮ (ਵੱਡੀ ਅੰਤੜੀ ਦਾ ਆਖ਼ਰੀ ਭਾਗ ਜਿਸ ਵਿੱਚ ਮਲ ਇਕੱਠਾ ਹੁੰਦਾ ਹੈ) ਨਾਲ ਜੁੜ ਜਾਂਦਾ ਹੈ ਅਤੇ ਪੇਸ਼ਾਬ ਜਾਂ ਟੱਟੀ ਔਰਤਾਂ ਦੇ ਜਣਨ ਅੰਗ ਵਿੱਚੋਂ ਬਾਹਰ ਆਉਣ ਲੱਗਦਾ ਹੈ। ਇਹ ਬਿਮਾਰੀ ਦਾ ਸਭ ਤੋਂ ਵੱਡਾ ਅਤੇ ਲੱਗਭੱਗ ਇੱਕੋ-ਇੱਕ ਕਾਰਨ ਉਮਰੋਂ ਪਹਿਲਾਂ ਗਰਭਵਤੀ ਕੀਤਾ ਜਾਣਾ ਹੈ। ਭਾਵੇਂ ਇਸ ਦਾ ਅਪਰੇਸ਼ਨ ਰਾਹੀਂ ਇਲਾਜ ਵੀ ਬਹੁਤੇ ਮਾਮਲਿਆਂ ਵਿੱਚ ਸੰਭਵ ਹੈ ਪਰ ਕਿੰਨੀਆਂ ਹੀ ਔਰਤਾਂ ਨੂੰ ਇਹ ਇਲਾਜ ਮਿਲਦਾ ਹੀ ਨਹੀਂ ਅਤੇ ਬਹੁਤ ਸਾਰੀਆਂ ਔਰਤਾਂ ਤਾਂ ਸਮਾਜਕ ਦਬਾਅ ਤੇ ਸ਼ਰਮ ਕਰਕੇ ਇਸ ਬਿਮਾਰੀ ਬਾਰੇ ਕਿਸੇ ਨਾਲ਼ ਗੱਲ ਹੀ ਨਹੀਂ ਕਰਦੀਆਂ। ਸੰਸਾਰ ਸਿਹਤ ਸੰਗਠਨ (WHO) ਮੁਤਾਬਕ ਹੀ ਪੂਰੀ ਦੁਨੀਆਂ ਵਿੱਚ 20 ਲੱਖ ਤੋਂ ਉੱਪਰ ਅਜਿਹੀਆਂ ਔਰਤਾਂ ਇਸ ਬੀਮਾਰੀ ਤੋਂ ਬਿਨਾਂ ਇਲਾਜ ਤੋਂ ਰਹਿ ਰਹੀਆਂ ਹਨ ਅਤੇ ਇੱਕ ਵਾਰ ਫਿਰ ਇਹ ਸਭ ਅਫਰੀਕੀ ਗਰੀਬ ਦੇਸ਼ਾਂ, ਭਾਰਤ, ਬੰਗਲਾਦੇਸ਼ ਜਿਹੇ ‘ਚ ਹੀ ਹਨ। ਸਿੱਟੇ ਵਜੋਂ ਅਕਸਰ ਇਹ ਬਿਮਾਰੀ ਔਰਤ ਲਈ ਉਮਰ ਭਰ ਦਾ ਸਰਾਪ ਬਣ ਜਾਂਦੀ ਹੈ ਅਤੇ ਜੋ ਸਰੀਰਕ ਤੇ ਮਾਨਸਿਕ ਪਰੇਸ਼ਾਨੀ ਇਹਨਾਂ ਔਰਤਾਂ ਨੂੰ ਝੱਲਣੀ ਪੈਂਦੀ ਹੈ ਉਸ ਬਾਰੇ ਸਿਰਫ਼ ਕਿਆਸਿਆ ਹੀ ਜਾ ਸਕਦਾ ਹੈ।

ਛੋਟੀ ਉਮਰ ਵਿੱਚ ਕੁੜੀਆਂ ਦਾ ਵਿਆਹ ਕਰਨ ਪਿੱਛੇ ਸਾਡੇ ਸਮਾਜ ਵਿੱਚ ਪ੍ਰਚਲਿਤ ਗੈਰ-ਵਿਗਿਆਨਕ ਧਾਰਨਾਵਾਂ ਅਤੇ ਉਸ ਤੋਂ ਉੱਤੇ ਔਰਤ-ਵਿਰੋਧੀ ਮਾਨਸਿਕਤਾ ਹੈ। ਜਦੋਂ ਹੀ ਕਿਸੇ ਬੱਚੀ ਨੂੰ ਮਹਾਂਵਾਰੀ ਆਉਣੀ ਸ਼ੁਰੂ ਹੁੰਦੀ ਤਾਂ ਸਾਡੇ “ਸਿਆਣੇ” ਔਰਤਾਂ ਤੇ ਮਰਦ ਕੁੜੀ ਨੂੰ ਬੱਚਾ ਪੈਦਾ ਕਰਨ ਲਾਇਕ, ਵਿਆਹ ਲਾਇਕ ਸਮਝਣ ਲੱਗਦੇ ਹਨ ਜਦਕਿ ਵਿਗਿਆਨਕ ਪੱਖੋਂ ਇਹ ਇਕਦਮ ਗ਼ਲਤ ਧਾਰਨਾ ਹੈ। ਮਹਾਂਵਾਰੀ ਆਉਣਾ ਸ਼ੁਰੂ ਹੋਣ ਦਾ ਇੱਕ ਕੁੜੀ ਦੇ ਵਿਆਹ ਤੇ ਬੱਚਾ ਪੈਦਾ ਕਰਨ ਲਈ ਜ਼ਰੂਰੀ ਸਰੀਰਕ ਸਮਰੱਥਾ ਦੇ ਵਿਕਸਤ ਹੋਣ ਨਾਲ਼ ਕੋਈ ਸਬੰਧ ਨਹੀਂ ਹੈ ਪਰ ਜ਼ਾਹਲਤਾ ਨੂੰ ਕੋਈ ਵਿਗਿਆਨ ਨਹੀਂ ਸਮਝਾ ਸਕਦਾ। ਪਰ ਅਸਲ ਗੱਲ ਇਸ ਤੋਂ ਕੁਝ ਜ਼ਿਆਦਾ ਹੈ, ਇੱਕ ਕੁੜੀ ਦੀ ਜਿਜ਼ਦਗੀ ਵਿੱਚ ਇਹ ਪੜਾਅ ਆ ਜਾਣ ਤੋਂ ਬਾਅਦ ਸਾਡੇ ਸਮਾਜ ਦਾ ਮਰਦ ਉਸਨੂੰ ਇੱਕ ਭੋਗਣ-ਯੋਗ ਵਸਤ ਵਜੋਂ ਦੇਖਣਾ ਸ਼ੁਰੂ ਕਰ ਦਿੰਦਾ ਹੈ, 50-50 ਸਾਲਾਂ ਦੇ ਮਰਦਾਂ ਤੋਂ ਬਹੁਤ ਹੀ ਭੱਦੇ ਲਫਜ਼ਾਂ ਵਿੱਚ ਇਸ ਸਬੰਧੀ ਸੁਣਿਆ ਜਾ ਸਕਦਾ ਹੈ ਜਦੋਂ ਉਹ ਛੋਟੀਆਂ-ਛੋਟੀਆਂ ਬੱਚੀਆਂ ਬਾਰੇ ਅਜਿਹੀ ਗੱਲ ਕਰਦੇ ਹਨ। ਸਾਡੇ ਸਮਾਜ ਵਿੱਚ ਕੁੜੀ ਤਾਂ 5-7 ਸਾਲ ਦੀ ਉਮਰੇ ਵੀ ਮਰਦ ਦੀ ਵਹਿਸ਼ੀ ਨਿਗਾਹ ਤੋਂ ਸੁਰੱਖਿਅਤ ਨਹੀਂ, ਪਰ ਇਹ ਪੜਾਅ ਟੱਪਣ ਤੋਂ ਬਾਅਦ ਤਾਂ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਰਹਿੰਦੀ। ਮਾਪਿਆਂ ਲਈ ਹੁਣ ਕੁੜੀ ਇੱਕ ਵੱਡੀ ਜ਼ਿੰਮੇਵਾਰੀ ਤੇ ਭਾਰੀ ਬੋਝ ਬਣ ਜਾਂਦੀ ਹੈ ਜਿਹੜੀ ਕਿਸੇ ਵੀ ਸਮੇਂ ਉਹਨਾਂ ਦੀ “ਹੇਠੀ” ਕਰਵਾ ਸਕਦੀ ਹੈ ਕਿਉਂਕਿ ਉਸ ਦੇ ਮਨ ਵਿੱਚ ਕਿਸੇ ਹਮਉਮਰ ਲਈ ਪਿਆਰ ਦੀ ਭਾਵਨਾ ਪੈਦਾ ਹੋ ਸਕਦੀ ਹੈ ਜਾਂ ਕਿਸੇ ਮਰਦ ਦੀ ਹਵਸ ਦਾ ਸ਼ਿਕਾਰ ਬਣ ਕੇ ਖਾਨਦਾਨ ਦੀ “ਇੱਜਤ” ਉੱਤੇ ਧੱਬਾ ਲਗਵਾ ਸਕਦੀ ਹੈ। ਇਸ ਉਮਰੇ ਆ ਕੇ ਤਾਂ ਸਾਡੇ ਸਮਾਜ ਨੂੰ ਕੁੜੀ ਦਾ ਕਿਸੇ ਮੁੰਡੇ ਨਾਲ ਗੱਲ ਕਰਨਾ ਵੀ ਬੇਇੱਜਤੀ, ਕੁਲੱਛਣ ਲੱਗਣ ਲਗਦਾ ਹੈ। ਮਾਪੇ ਇਸ ਬੋਝ ਨੂੰ ਜਲਦੀ ਤੋਂ ਜਲਦੀ ਕਿਸੇ ਹੋਰ ਸਿਰ ਸੁੱਟ ਕੇ ਸੁਰਖਰੂ ਹੋਣਾ ਚਾਹੁੰਦੇ ਹਨ। ਜੇ ਕੁੜੀ ਪੜ੍ਹਨ ਨਾ ਜਾ ਰਹੀ ਹੋਵੇ, ਜਾਂ ਫਿਰ ਕਿਤੇ ਉਸਦੇ ਕਿਸੇ ਮੁੰਡੇ ਨਾਲ ਕਿਸੇ ਤਰ੍ਹਾਂ ਦੇ ਰਿਸ਼ਤੇ ਦੀ ਕਨਸੋਅ ਤੱਕ ਵੀ ਕੁੜੀ ਦੇ ਘਰਦਿਆਂ ਨੂੰ ਲੱਗ ਜਾਵੇ ਤਾਂ 18 ਸਾਲ ਤੋਂ ਪਹਿਲਾਂ ਹੀ ਉਸਨੂੰ ਵਿਆਹ ਦੇਣਾ ਪੰਜਾਬ ਵਰਗੇ ਸੂਬੇ ਵਿੱਚ ਕੋਈ ਘੱਟ ਆਮ ਗੱਲ ਨਹੀਂ ਹੈ। ਸਿੱਟੇ ਵਜੋਂ ਛੋਟੀ ਉਮਰੇ ਵਿਆਹ, ਕੱਚੀ ਉਮਰੇ ਬੱਚਾ ਪੈਦਾ ਕਰਨ ਤੇ ਪਾਲਣ ਜਿਹੇ ਤਸ਼ੱਦਦ ਵਿੱਚੋਂ ਭਾਰਤ ਵਿੱਚ ਕਿੰਨੀਆਂ ਹੀ ਕੁੜੀਆਂ ਨੂੰ ਲੰਘਣਾ ਪੈਂਦਾ ਹੈ। ਇਸ ਸਮੱਸਿਆ ਦਾ ਇਲਾਜ ਨਾ ਸਿਰਫ਼ ਸਹੀ ਵਿਗਿਆਨਕ ਜਾਣਕਾਰੀ ਦਾ ਲੋਕਾਂ ਤੱਕ ਪਸਾਰ ਕਰਨਾ ਹੈ, ਸਗੋਂ ਸਮਾਜ ਵਿੱਚ ਮੌਜੂਦ ਔਰਤ-ਵਿਰੋਧੀ ਮਾਨਸਿਕਤਾ ਦਾ ਵਿਰੋਧ ਕਰਨਾ ਵੀ ਸ਼ਾਮਲ ਹੈ, ਅਜਿਹੇ ਵਿਆਹਾਂ ਨੂੰ ਰੋਕਣ ਲਈ ਸੰਸਥਾਵਾਂ ਖੜੀਆਂ ਕਰਨੀਆਂ, ਕਾਨੂੰਨੀ ਤੇ ਸਮਾਜਕ ਦਬਾਅ ਬਣਾ ਕੇ ਅਜਿਹੀ ਰਵਾਇਤ ਨੂੰ ਖਤਮ ਕਰਨਾ ਅਤੇ ਨਾਲ ਹੀ ਕੁੜੀਆਂ ਨੂੰ ਇਸ ਖਿਲਾਫ਼ ਲੜਨ ਲਈ ਪ੍ਰੇਰਨਾ ਵੀ ਜ਼ਰੂਰੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements