ਇੱਕ ਪ੍ਰਤਿਭਾ ਦਾ ਜਨਮ

ik-pratibha-da-janam

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜੰਗਲ਼ ਵਿੱਚ ਭਟਕਦੇ ਰਾਹੀ ਨੂੰ ਜਦੋਂ ਕੋਈ ਪਗਡੰਡੀ ਜਾਂ ਨਦੀ ਲੱਭ ਪੈਂਦੀ ਹੈ ਤਾਂ ਇਹ ਉਸਦੀ ਭਟਕਣ ਦਾ ਇੱਕ ਅਹਿਮ ਮੋੜ ਨੁਕਤਾ ਹੁੰਦਾ ਹੈ ਤੇ ਉਸਦੇ ਬਾਹਰ ਨਿੱਕਲ਼ਣ ਦੀ ਆਸ ਬੱਝ ਜਾਂਦੀ ਹੈ। ਜਿਸ ਪਲ ਕਿਸੇ ਖੋਜ ਕਾਰਜ ਵਿੱਚ ਬੁਰੀ ਤਰ੍ਹਾਂ ਖੌਝਲ਼ ਰਹੇ ਵਿਗਿਆਨੀ ਦੇ ਹੱਥ ਉਸਦੀ ਅੜਾਉਣੀ ਦੀ ਕੁੰਜੀ ਦਾ ਸਿਰਾ ਆ ਜਾਂਦਾ ਹੈ, ਉਹ ਪਲ ਉਸ ਲਈ ਅਹਿਮ ਹੁੰਦਾ ਹੈ। ਮਨੁੱਖੀ ਸਮਾਜ ਵਿੱਚ ਵੀ ਇੰਝ ਹੀ ਵਾਪਰਦਾ ਹੈ। ਸਦੀਆਂ ਤੋਂ ਸਮਾਜਿਕ ਲੁੱਟ ਅਤੇ ਬੇਇਨਸਾਫੀ ਖਿਲਾਫ ਜੂਝ ਰਹੀ ਮਨੁੱਖਤਾ ਦੇ ਇਤਿਹਾਸ ਵਿੱਚ ਕਾਰਲ ਮਾਰਕਸ ਉਹ ਪਗਡੰਡੀ ਸਾਬਤ ਹੋਇਆ ਹੈ ਜਿਸਨੇ ਬਿਹਤਰ ਸਮਾਜ ਸਿਰਜਣ ਦੀ ਭਟਕਣ ਨੂੰ ਵਿਗਿਆਨਕ ਲੀਹ ‘ਤੇ ਪਾਇਆ। ਉਸਨੇ ਸਮਾਜ ਦੀ ਬਣਤਰ ਤੇ ਇਸਦੇ ਵਿਕਾਸ ਦੇ ਨੇਮਾਂ ਨੂੰ ਸਮਝਿਆ, ਇਹਨਾਂ ਦੀ ਵਿਆਖਿਆ ਕੀਤੀ ਤੇ ਇਸਦੇ ਅਧਾਰ ‘ਤੇ ਲੁੱਟ ਅਤੇ ਬੇਇਨਸਾਫੀ ਰਹਿਤ ਸਮਾਜ ਸਿਰਜਣ ਦੀ ਵਿਗਿਆਨਕ ਸੂਝ ਵਿਕਸਤ ਕੀਤੀ। ਜੇ ਸਿਰਫ਼ ਕਾਰਲ ਮਾਰਕਸ ਦੀ ਜ਼ਿੰਦਗੀ ਦੀ ਹੀ ਗੱਲ ਕਰੀਏ ਤਾਂ 1835 ਤੋਂ 1844 ਤੱਕ ਦੇ 8-9 ਵਰ੍ਹਿਆਂ ਦੇ ਸਮੇਂ ਨੂੰ, ਭਾਵ ਉਸਦੇ ਸਕੂਲੀ ਪੜ੍ਹਾਈ ਮੁਕਾਉਣ ਤੋਂ ਲੈ ਕੇ ਵਿਗਿਆਨਕ ਪ੍ਰਪੱਕਤਾ ਵਾਲ਼ੀਆਂ ਪਹਿਲੀਆਂ ਰਚਨਾਵਾਂ ਲਿਖੇ ਜਾਣ ਤੱਕ ਦੇ ਸਮੇਂ ਨੂੰ ਵੀ ਅਜਿਹੀ ਹੀ ਪਗਡੰਡੀ ਕਿਹਾ ਜਾ ਸਕਦਾ ਹੈ। ਕਾਰਨ ਇਹ ਕਿ ਇਹ ਸਮਾਂ ਸਕੂਲੀ ਜੀਵਨ ਦੀਆਂ ਆਖਰੀ ਬਰੂਹਾਂ ‘ਤੇ ਖੜ੍ਹੇ ਉਤਸ਼ਾਹੀ, ਹਿੰਮਤੀ, ਭਵਿੱਖ ਲਈ ਆਸਵੰਦ ਤੇ ਮਨੁੱਖਤਾ ਦੀਆਂ ਤਕਲੀਫ਼ਾਂ ਲਈ ਕੁੱਝ ਕਰਨ ਦੀ ਪੀੜ ਨਾਲ਼ ਧੜਕਦੇ ਦਿਲ, ਪਰ ਨਾਲ਼ ਹੀ ਫਲਸਫੇ, ਸਿਆਸਤ ਤੇ ਸਮਾਜ ਵਿਗਿਆਨ ਦੀ ਬੜੀ ਸਧਾਰਨ ਜਾਣਕਾਰੀ ਰੱਖਣ ਵਾਲ਼ੇ 17 ਸਾਲਾਂ ਦੇ ਨੌਜਵਾਨ ਤੋਂ 26 ਵਰ੍ਹਿਆਂ ਦੇ ਇੱਕ ਦ੍ਰਿੜ ਇਨਕਲਾਬੀ ਨੌਜਵਾਨ ਤੱਕ ਦੀ ਯਾਤਰਾ ਦਾ ਸਫਰ ਹੈ ਜੋ ਆਪਣੇ ਭਵਿੱਖੀ ਰਾਹ ਦੇ ਨਕਸ਼ ਘੜ ਚੁੱਕਾ ਹੈ ਤੇ ਫਲਸਫੇ, ਸਮਾਜ ਵਿਗਿਆਨ ਦੇ ਖੇਤਰ ਵਿੱਚ ਉਸਦੇ ਵਿਚਾਰ ਇੱਕ ਠੋਸ ਰੂਪ ਧਾਰ ਚੁੱਕੇ ਹਨ ਅਤੇ ਅੱਗੇ ਸਾਰੀ ਉਮਰ ਉਹਨਾਂ ਹੋਰ ਵਿਕਸਤ ਹੁੰਦੇ ਜਾਣਾ ਹੈ। ਰੂਸੀ ਸਮਾਜ ਵਿਗਿਆਨੀ ਪ੍ਰੋ. ਗੈਨਰਿਖ ਵੋਲਕੋਵ ਦੀ ਕਿਤਾਬ ‘ਇੱਕ ਪ੍ਰਤਿਭਾ ਦਾ ਜਨਮ – ਕਾਰਲ ਮਾਰਕਸ ਦੀ ਸਖ਼ਸ਼ੀਅਤ ਅਤੇ ਉਸਦੇ ਸੰਸਾਰ ਨਜ਼ਰੀਏ ਦਾ ਵਿਕਾਸ’ ਇਸੇ ਸਫ਼ਰ ਦਾ ਦਿਲ ਟੁੰਬਵਾਂ ਤੇ ਡੂੰਘਾ ਵਰਨਣ ਹੈ।

ਜਿਵੇਂ ਕਿ ਕਿਤਾਬ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਕਾਰਲ ਮਾਰਕਸ ਦੀ ਸਖਸ਼ੀਅਤ ਅਤੇ ਉਸਦੇ ਵਿਚਾਰਾਂ, ਇਨਕਲਾਬੀ ਸੂਝ-ਬੂਝ ਨੂੰ ਨਾਲ਼ੋ-ਨਾਲ਼ ਲੈ ਕੇ ਚੱਲਦੀ ਹੈ ਕਿਉਂਕਿ ਦੋਵਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ, ਦੋਵੇਂ ਚੀਜ਼ਾਂ ਇੱਕ-ਦੂਜੀ ਉੱਤੇ ਪ੍ਰਭਾਵ ਪਾਉਂਦੀਆਂ ਨਾਲ਼ੋ-ਨਾਲ਼ ਵਿਕਸਤ ਹੁੰਦੀਆਂ ਗਈਆਂ। ਇਹ ਕਿਤਾਬ ਲਿਖੇ ਜਾਣ ਦਾ ਉਦੇਸ਼, ਖੁਦ ਲੇਖਕ ਦੇ ਸ਼ਬਦਾਂ ਵਿੱਚ ਹੈ ਕਿ ”ਉਹ ਪਾਠਕ ਨੂੰ ਆਪਣੇ ਨਾਲ਼ ਨੌਜਵਾਨ ਮਾਰਕਸ ਦੀਆਂ ਖੋਜਾਂ, ਵਿਚਾਰਾਂ ਅਤੇ ਜਜ਼ਬਿਆਂ ਦੇ ਸੰਸਾਰ ਵਿੱਚ, ਉਸ ਰਚਨਾਤਮਕ ਪ੍ਰਯੋਗਸ਼ਾਲਾ ਵਿੱਚ ਲੈ ਜਾਵੇ ਜਿੱਥੇ ਉਸ ਦੇ ਜੋਸ਼ੀਲੇ ਵਿਚਾਰਾਂ ਨੇ ਰੂਪ ਧਾਰਿਆ ਸੀ; ਤਾਂ ਜੋ ਪਾਠਕ ਨੂੰ ਖ਼ੁਦ ਇਸ ਸੰਸਾਰ ਵਿੱਚ ਡੁੱਬ ਜਾਣ ਲਈ ਉਤਸ਼ਾਹ ਮਿਲ਼ੇ ਕਿਉਂਕਿ ਇੱਕ ਪ੍ਰਤਿਭਾ ਨਾਲ਼ ਆਤਮਕ ਸਾਂਝ — ਭਾਵੇਂ ਕਿਸੇ ਵਸੀਲੇ ਰਾਹੀਂ — ਨਾਲ਼ੋਂ, ਉਸ ਦੀਆਂ ਖੋਜਾਂ ਦੇ ਰਾਹ ‘ਤੇ ਚੱਲਣ ਨਾਲ਼ੋਂ, ਵਧੇਰੇ ਕੋਈ ਹੋਰ ਗੱਲ ਸਾਡੇ ਦਿਲ ਦਿਮਾਗ਼ ਨੂੰ ਭਰਪੂਰ ਨਹੀਂ ਬਣਾਉਂਦੀ।”

ਇਸ ਪੁਸਤਕ ਨੂੰ 11 ਪਾਠਾਂ ਵਿੱਚ ਵਿਉਂਤਿਆ ਗਿਆ ਹੈ ਤੇ ਅੰਤ ਵਿੱਚ ਪੂਰਕ ਵਜੋਂ ਇੱਕ ਹੋਰ ਪਾਠ ‘ਨਿਰਣਾ’ ਜੋੜਿਆ ਗਿਆ ਹੈ। ਲੇਖਕ ਨੇ ਆਪਣੀ ਗੱਲ ਦੀ ਪ੍ਰੋੜਤਾ ਲਈ ਬੜੀ ਖੂਬਸੂਰਤੀ ਨਾਲ਼ ਮਾਰਕਸ ਅਤੇ ਹੋਰਨਾਂ ਦੀਆਂ ਟੂਕਾਂ ਨੂੰ ਗੁੰਦਿਆ ਹੈ। ਕਈ ਥਾਵਾਂ ‘ਤੇ ਉਸਨੇ ਨੌਜਵਾਨ ਮਾਰਕਸ ਦੀਆਂ ਕਵਿਤਾਵਾਂ ਦੇ ਹਵਾਲੇ ਵੀ ਦਿੱਤੇ ਹਨ। ਕਾਵਿਕ ਪੱਖੋਂ ਬਹੁਤੀਆਂ ਪ੍ਰਪੱਕ ਨਾ ਹੋਣ ਦੇ ਬਾਵਜੂਦ ਉਹਨਾਂ ਨੂੰ ਇਸ ਤਰ੍ਹਾਂ ਵਰਤਿਆ ਗਿਆ ਹੈ ਜਿਸ ਨਾਲ਼ ਨੌਜਵਾਨ ਮਾਰਕਸ ਦੀ ਸੋਚਣੀ ‘ਚ ਆ ਰਹੇ ਬਦਲਾਅ ਅਤੇ ਵਿਕਾਸ ਬੜੀ ਸਪੱਸ਼ਟਤਾ ਨਾਲ਼ ਨਜ਼ਰ ਆਉਂਦੇ ਹਨ। ਲੇਖਕ ਦੀ ਭਾਸ਼ਾ ਵਿੱਚ ਰਵਾਨਗੀ ਅਤੇ ਵਿਸ਼ੇ ਵਿੱਚ ਲੈਅਬੱਧਤਾ ਹੈ ਜਿਸ ਕਾਰਨ ਪਾਠਕ ਦੀ ਅੰਤ ਤੱਕ ਦਿਲਚਸਪੀ ਬਣੀ ਰਹਿੰਦੀ ਹੈ। ਉਹ ਪੁਸਤਕ ਵਿੱਚ ਵਿਅੰਗ ਅਤੇ ਰੋਹ ਭਰੇ ਕਟਾਖ ਦੀ ਖੁੱਲ ਕੇ ਵਰਤੋਂ ਕਰਦਾ ਹੈ, ਖਾਸ ਕਰਕੇ ਜਦੋਂ ਉਹ ਮਾਰਕਸ ਤੋਂ ਪਹਿਲਾਂ ਦੇ ਦੌਰ ਦੇ ਬੌਧਿਕ ਜਗਤ ਦੇ ਪੰਡਤਾਉਪੁਣੇ, ਕਮਜ਼ੋਰ ਦਿਲੀ, ਸਵੈ-ਮਗਨਤਾ, ਖੂਹ ਦੇ ਡੱਡੂਪੁਣੇ ਅਤੇ ਉਹਨਾਂ ਦੇ ਆਪਣੀ ਬੌਧਿਕ ਸਮਰੱਥਾ ਨੂੰ ਵੇਲ਼ੇ ਦੇ ਹਾਕਮ ਦਰਬਾਰਾਂ ਦੀ ਚਾਕਰੀ ਵਿੱਚ ਲਾਉਣ ਦੀ ਗੱਲ ਕਰਦਾ ਹੈ ਜਾਂ ਫਿਰ ਜਦੋਂ ਮਾਰਕਸ ਦੇ ਦੌਰ ਵਿੱਚ ਮੌਜੂਦ ਪਖੰਡੀਆਂ, ਸਾਜਸ਼ੀਆਂ, ਮੌਕਾਪ੍ਰਸਤਾਂ ਤੇ ਲੁਟੇਰੇ ਹਾਕਮਾਂ ਦੀ ਗੱਲ ਕਰਦਾ ਹੈ। ਇਸ ਤਰ੍ਹਾਂ ਉਹ ਪਾਠਕ ਨੂੰ ਉਹਨਾਂ ਖੂਹ ਦੇ ਡੱਡੂਆਂ ਦੇ ਬੌਧਿਕ ਪੰਡਤਾਊਪੁਣੇ ਤੇ ਤੰਗਨਜ਼ਰੀ ਅਤੇ ਅਮਲੀ ਨਿੱਸਲ਼ਤਾ ਨਾਲ਼ ਉਸੇ ਤਰ੍ਹਾਂ ਨਫਰਤ ਕਰਨੀ ਸਿਖਾਉਂਦਾ ਹੈ ਜਿਵੇਂ ਕਦੇ ਮਾਰਕਸ ਨੇ ਕੀਤੀ ਸੀ ਤੇ ਇਹ ਵੀ ਇੱਕ ਕਾਰਨ ਸੀ ਕਿ ਉਹ ਉਹਨਾਂ ਨਾਲ਼ੋਂ ਆਪਣਾ ਨਿਵੇਕਲਾ ਰਾਹ ਖੋਜਣ ਵਿੱਚ ਕਾਮਯਾਬ ਰਿਹਾ।

ਕਿਤਾਬ ਵਿੱਚ ਲੇਖਕ ਨੇ ਇੰਨੇ ਮੁੱਦਿਆਂ ਤੇ ਪੱਖਾਂ ਨੂੰ ਛੋਹਿਆ ਹੈ ਕਿ ਹਰੇਕ ਦੀ ਚਰਚਾ ਕਰਨੀ ਬਣਦੀ ਹੈ, ਪਰ ਇੱਥੇ ਅਸੀਂ ਕੁੱਝ ਨੁਕਤਿਆਂ ਤੱਕ ਸੀਮਤ ਰਹਿੰਦੇ ਹੋਏ ਗੱਲ ਕਰਾਂਗੇ ਜਿਸ ਨਾਲ਼ ਕਿਤਾਬ ਦੀ ਇੱਕ ਸੰਖੇਪ ਰੂਪ-ਰੇਖਾ ਵੀ ਉੱਭਰ ਆਵੇ ਤੇ ਪਾਠਕਾਂ ਦੀ ਦਿਲਚਸਪੀ ਵੀ ਬਣੀ ਰਹੇ। ਪਹਿਲੇ ਪਾਠ ਵਿੱਚ ਲੇਖਕ ਲਗਭਗ 18ਵੀਂ ਦੇ ਅੰਤ ਤੋਂ ਦੂਜੇ ਅੱਧ ਤੋਂ 1840ਵਿਆਂ ਤੱਕ ਦੇ ਜਰਮਨੀ ਦੇ ਸਿਆਸੀ ਤੇ ਬੌਧਿਕ ਮਹੌਲ, ਫਰਾਂਸੀਸੀ ਇਨਕਲਾਬ ਦੇ ਪ੍ਰਭਾਵ ਵਜੋਂ ਇਸ ਵਿੱਚ ਆ ਰਹੀਆਂ ਤਬਦੀਲੀਆਂ ਦੀ ਚਰਚਾ ਕਰਦਾ ਹੈ। ਉਸ ਵੇਲ਼ੇ ਦੇ ਸਮਾਜਕ ਤੇ ਬੌਧਿਕ ਮਹੌਲ ‘ਤੇ ਤਿੱਖੇ ਵਿਅੰਗ ਕਰਦਾ ਉਹ ਲਿਖਦਾ ਹੈ, “ਗ਼ੁਲਾਮੀ (ਹਰ ਕਿਸਮ ਦੀ) ਅਤੇ ਦੰਭੀ ਸਦਾਚਾਰ ਵਾਲ਼ੇ, ਸਦਾਚਾਰਕ ਬੇੜੀਆਂ ਦੇ ਜ਼ਾਬਤੇ ਵਾਲ਼ੇ ਧਰਮ ਦੀ ਜਾਇਜ਼ ਔਲਾਦ, ਖੂਹ-ਦੇ-ਡੱਡੂ ਦੇ ਸੌੜੇ ਭਰਵੱਟਿਆਂ ਉੱਤੇ ਦੋਹਾਂ ਮਾਪਿਆਂ ਦੀ ਮੋਹਰ ਛਾਪ ਹੈ। ਉਹ ਕਈ ਰੋਲ ਨਿਭਾਉਂਦਾ ਲੱਭਦਾ ਸੀ। ਉਹ ਮਾਲਕ ਹੋ ਸਕਦਾ ਸੀ ਜਾਂ ਨੌਕਰ, ਇੱਕ ਸਧਾਰਨ ਕਬਾੜੀਆਂ ਜਾਂ ਸਸਤੇ ਵਿਚਾਰਾਂ ਦਾ ਛਾਬਾ ਲਾਉਣ ਵਾਲ਼ਾ। ਸਭਨਾਂ ਹਾਲਤਾਂ ਵਿੱਚ ਉਹ ਆਪਣੇ ਵੱਡਿਆਂ ਦੀ ਇਹ ਭਾਵੇਂ ਮਾਲਕ ਹੋਵੇ, ਬਾਦਸ਼ਾਹ ਜਾਂ ਰੱਬ ਖੁਸ਼ਾਮਦ ਅਤੇ ਚਾਪਲੂਸੀ ਕਰਨ ਵਾਲ਼ਾ ਕਮਾਲ ਦਾ ਬੰਦਾ ਸੀ। ਸਦੀਆਂ ਤੋਂ ਵਿਕਸਤ ਤੇ ਪੱਕੀ ਹੋਈ ਇਹ ਗ਼ੁਲਾਮੀ ਖੂਹ-ਦੇ-ਡੱਡੂ ਲਈ ਇੱਕ ਅੰਦਰੂਨੀ ਅਚੇਤ ਲੋੜ, ਉਸ ਦੀ ਮਾਨਸਿਕਤਾ, ਉਸ ਦੀ ਆਤਮਕ ਦੁਨੀਆਂ ਬਣ ਗਈ ਹੈ। ਉਸ ਦੇ ਵਿਚਾਰਾਂ ਅਤੇ ਭਾਵਾਂ ਦੀਆਂ ਅੱਖਾਂ ਉੱਤੇ ਕੱਟੜਪੰਥ ਦੀ ਪੱਟੀ ਬੱਧੀ ਹੋਈ ਹੈ, ਉਸ ਦੇ ਦਿਲ ਦਿਮਾਗ਼ ਨੂੰ ਬੇੜੀਆਂ ਪਈਆਂ ਹੋਈਆਂ ਹਨ, ਇਸ ਲਈ ਉਹ ਇਹਨਾਂ ਦਾ ਆਦਰ ਕਰਦਾ ਹੈ। ਉਹ ਕੁਝ ਧਾਰਮਿਕ ਹੁਕਮ ਬਿਨਾਂ, ਉਪਰੋਂ ਆਉਂਦੇ ਗਸ਼ਤੀ ਪੱਤਰਾਂ ਅਤੇ ਹਦਾਇਤਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਹੀ ਨਹੀਂ ਕਰ ਸਕਦਾ। ਜਦੋਂ ਆਪਣੇ ਸਿਰ-ਬੇਸਿਰ ਅਮਲ ਕਰਨ ਦੀ ਲੋੜ ਆ ਬਣਦੀ ਹੈ ਤਾਂ ਉਹ ਬੇਅਰਾਮੀ ਮਹਿਸੂਸ ਕਰਦਾ ਹੈ। ਜੇ ਉਸ ਨੂੰ ਚੋਣ ਕਰਨ ਦੀ ਅਜ਼ਾਦੀ ਦਿੱਤੀ ਜਾਏ, ਤਾਂ ਉਹ ਕਦੇ ਵੀ ਅਜ਼ਾਦੀ ਦੀ ਚੋਣ ਨਹੀਂ ਕਰੇਗਾ।”

ਫਰਾਂਸੀਸੀ ਇਨਕਾਲਬ ਤੋਂ ਬਾਅਦ ਆਈਆਂ ਤਬਦੀਲੀਆਂ ਦੇ ਮਹੌਲ ਵਿੱਚ ਜਰਮਨੀ ਆਪਣੀ ਨੀਂਦ ਤੋੜਦਾ ਹੈ ਤੇ ਕਾਂਟ ਤੇ ਹੀਗੇਲ ਦੇ ਰੂਪ ਵਿੱਚ ਅੰਗੜਾਈ ਲੈਂਦਾ ਹੈ, ਦਰਸ਼ਨ ਦੇ ਖੇਤਰ ਵਿੱਚ ਮਹਾਨ ਸਖਸ਼ੀਅਤਾਂ ਹੋਣ ਦੇ ਬਾਵਜੂਦ ਉਹ ਯੁੱਗ ਪਟਲਾਊ ਨਤੀਜਿਆਂ ਤੱਕ ਨਾ ਪਹੁੰਚ ਸਕੇ, ਇਸ ਕੰਮ ਨੂੰ ਪੂਰਾ ਕਰਨ ਲਈ “ਹੀਗਲ ਦੀ ਮੌਤ ਦੇ ਸਾਲ ਵਿੱਚ ਕਾਰਲ ਮਾਰਕਸ ਨਾਂ ਦਾ ਤੇਰਾ ਸਾਲਾਂ ਦੀ ਉਮਰ ਦਾ ਮੁੰਡਾ ਟਰੀਅਰ ਦੇ ਹਾਈ ਸਕੂਲ ਵਿੱਚ ਪੜ੍ਹ ਰਿਹਾ ਸੀ ਅਤੇ ਇਸ ਸ਼ਹਿਰ ਤੋਂ ਥੋੜ੍ਹਾ ਹੀ ਦੂਰ ਬਰਮਨ ਵਿੱਚ ਗਿਆਰਾਂ ਵਰ੍ਹਿਆਂ ਦਾ ਫ਼੍ਰੈਡਰਿਕ ਏਂਗਲਜ਼ ਰਹਿੰਦਾ ਸੀ।”

ਦੂਜਾ ਤੇ ਤੀਜਾ ਪਾਠ ਕਾਰਲ ਮਾਰਕਸ ਦੇ ਆਤਮਕ ਵਿਕਾਸ ਅਤੇ ਸਕੂਲ ਦੀ ਪੜ੍ਹਾਈ ਮੁਕਾ ਕੇ ਕਾਲਜ ਪੁੱਜਣ ਤੇ ਦਰਸ਼ਨ ਤੇ ਸਿਆਸਤ ਦੇ ਖੇਤਰ ਵਿੱਚ ਅਧਿਐਨ ਕਰਨ ਤੱਕ ਪੁੱਜਣ ਦਾ ਸਫਰ ਹੈ। ਬਚਪਨ ਵਿੱਚ ਜਿੱਥੇ ਮਾਰਕਸ ਆਪਣੇ ਪਿਤਾ ਕੋਲੋਂ ਵਾਲਟੇਅਰ, ਰੂਸੋ, ਲੇਸਿੰਗ, ਸ਼ਿੱਲਰ ਤੇ ਕਾਂਟ ਦੀ ਬੌਧਿਕ ਵਿਰਾਸਤ ਹਾਸਲ ਕਰਦਾ ਹੈ ਉੱਥੇ ਉਸਦੇ ਪਿਤਾ ਦਾ ਦੋਸਤ ਤੇ ਉਸਦੀ ਭਵਿੱਖੀ ਪਤਨੀ ਜੈਨੀ ਦਾ ਪਿਤਾ ਲੁਡਵਿਗ ਵਾਨ ਵੈਸਟਫਾਲੇਨ ਉਸਨੂੰ ਜੁਬਾਨੀ ਹੋਮਰ ਤੇ ਸ਼ੇਕਸਪੀਅਰ ਸੁਣਾ ਕੇ ਉਸ ਵਿੱਚ ਕਲਾਤਮਕ ਤੇ ਸੁਹਜਾਤਮਕ ਰੁਚੀਆਂ ਜਗਾਉਂਦਾ ਹੈ। ਇਹੋ ਮਾਰਕਸ ਸਕੂਲ ਦੇ ਅੰਤਲੇ ਸਮੇਂ ਵਿੱਚ ‘ਕਿੱਤੇ ਦੀ ਚੋਣ ਸਬੰਧੀ ਇੱਕ ਨੌਜਵਾਨ ਦੇ ਵਿਚਾਰ’ ਲੇਖ ਲਿਖਕੇ ਆਪਣੇ ਭਵਿੱਖ ਦਾ ਇੱਕ ਖਾਕਾ ਪੇਸ਼ ਕਰਦਾ ਹੈ ਤੇ ਮੁੜ ਉਹਨਾਂ ਵਿਚਾਰਾਂ ਨੂੰ ਸਾਰੀ ਉਮਰ ਨਿਭਾਉਂਦਾ ਹੈ। ਉਹ ਲਿਖਦਾ ਹੈ, “ਜੇ ਅਸੀਂ ਜ਼ਿੰਦਗੀ ਵਿੱਚ ਅਜਿਹੇ ਕਿੱਤੇ ਦੀ ਚੋਣ ਕਰ ਲਈ ਹੈ ਜਿਸ ਵਿੱਚ ਅਸੀਂ ਮਨੁੱਖਤਾ ਲਈ ਬਹੁਤਾ ਕੰਮ ਕਰ ਸਕਦੇ ਹਾਂ ਤਾਂ ਕੋਈ ਵੀ ਮੁਸੀਬਤਾਂ ਸਾਨੂੰ ਝੁਕਾ ਨਹੀਂ ਸਕਦੀਆਂ ਕਿਉਂਕਿ ਉਹ ਤਾਂ ਸਭਨਾਂ ਦੇ ਲਾਭ ਲਈ ਕੀਤੀਆਂ ਕੁਰਬਾਨੀਆਂ ਹਨ।”

ਕਾਲਜ ਵਿੱਚ ਪਹਿਲਾਂ ਮਾਰਕਸ ਸਾਹਿਤ ਦੇ ਖੇਤਰ ਵਿੱਚ ਉੱਤਰਦਾ ਹੈ ਪਰ ਜਲਦੀ ਹੀ ਉਹ ਖੁਦ ਹੀ ਆਪਣੀਆਂ ਕਵਿਤਾਵਾਂ ਦੀ ਅਲੋਚਨਾ ਕਰਦਾ ਹੈ, ਆਪਣੀਆਂ ਕਈ ਕਵਿਤਾਵਾਂ ਦੇ ਖਾਕੇ ਸਾੜ ਦਿੰਦਾ ਹੈ ਤੇ ਫਿਰ ਦਰਸ਼ਨ ਦੇ ਅਧਿਐਨ ਵਿੱਚ ਉੱਤਰ ਜਾਂਦਾ ਹੈ। ਆਪਣੀ ਵਿਸ਼ਾਲ ਬੌਧਿਕ ਸਮਰੱਥਾ ਤੇ ਵਿਸ਼ਲੇਸ਼ਣ ਦੀ ਬੇਜੋੜ ਸੂਝ ਕਾਰਨ ਮਾਰਕਸ ਦੀ ਕਦੇ ਸੰਤੁਸ਼ਟੀ ਨਹੀਂ ਹੁੰਦੀ, “ਜੋ ਕੁਝ ਪ੍ਰਾਪਤ ਕੀਤਾ ਜਾ ਚੁੱਕਾ ਸੀ ਉਸ ਤੋਂ ਲਗਾਤਾਰ ਅਸੰਤੁਸ਼ਟੀ, ਸੰਪੂਰਨਤਾ ਲਈ ਨਿਰੰਤਰ ਖੋਜ, ਪ੍ਰੌਢ ਉਮਰ ਦੇ ਸਾਲਾਂ ਵਿੱਚ ਵੀ ਉਸ ਦੇ ਵਿਲੱਖਣ ਲੱਛਣ ਸਨ। ਉਸ ਦਾ ਚਿੰਤਨ ਮਸਾਂ ਰੂਪ ਧਾਰਦਾ ਹੀ ਸੀ ਕਿ ਇਹ ਪ੍ਰਾਪਤ ਹੋ ਚੁੱਕੇ ਤੋਂ ਅੱਗੇ ਲੰਘ ਜਾਂਦਾ, ਅਜੇ ਤੱਕ ਅਜਿੱਤ ਸਿਖ਼ਰਾਂ ਤੋਂ ਜੋ ਕੁਝ ਲਿਖਿਆ ਸੀ ਉਸ ਦਾ ਜਾਇਜ਼ਾ ਲੈਂਦਾ ਅਤੇ ਇਸ ਤੋਂ ਪਿੱਛੋਂ ਨਵੀਂ ਸਿਖ਼ਰ ਵੱਲ ਤੁਰ ਪੈਂਦਾ। ਉਸ ਦਾ ਉਦੇਸ਼ ਇਹ ਨਹੀਂ ਸੀ ਸਿਖ਼ਰਾਂ ਨੂੰ ਮਾਣਮੱਤੇ ਢੰਗ ਨਾਲ਼ ਆਪਣੇ ਕਦਮਾਂ ‘ਤੇ ਲਿਆ ਸੁੱਟੇ, ਸਗੋਂ ਉਸ ਨਿਸ਼ਚਿਤ ਸਿਖ਼ਰ ਉੱਤੇ ਪੁੱਜਣਾ ਸੀ ਜਿੱਥੇ ਸੱਚ ਆਪਣੇ ਪੂਰੇ ਪ੍ਰਕਾਸ਼ ਨਾਲ਼ ਉਸ ਦੇ ਸਾਹਵੇਂ ਸਾਕਾਰ ਹੋ ਜਾਵੇ।” ਇਸੇ ਦੌਰਾਨ ਮਾਰਕਸ ਹੀਗਲ ਦੇ ਅਧਿਐਨ ਵੱਲ ਮੁੜਦਾ ਹੈ ਤੇ ਨੌਜਵਾਨ ਹੀਗਲਵਾਦੀਆਂ ‘ਚ ਸ਼ਾਮਲ ਹੋ ਜਾਂਦਾ ਹੈ।

ਚੌਥਾ ਪਾਠ ਮਾਰਕਸ ਦੇ ਪਿਤਾ ਨਾਲ਼ ਟਕਰਾਅ, ਨੌਜਵਾਨ ਹੀਗਲਵਾਦੀਆਂ ਦੀ ਅਮਲੀ ਨਿੱਸਲਤਾ ਤੋਂ ਅੱਕਣ ਤੇ ਉਹਨਾਂ ਤੋਂ ਅੱਗੇ ਵਧਣ ਤੇ ਦਾਰਸ਼ਨਿਕ ਪੱਧਰ ‘ਤੇ ਧਰਮ ਦੀ ਅਲੋਚਨਾ ਵੱਲ ਆਉਣ ਦਾ ਵਰਨਣ ਹੈ। ਜਦੋਂ ਨੌਜਵਾਨ ਮਾਰਕਸ ਦੇ ਵਿਚਾਰ ਠੋਸ ਰੂਪ ਧਾਰਦੇ ਗਏ ਤਾਂ ਪਿਤਾ ਇਹਨਾਂ ਤੋਂ ਡਰਨ ਲੱਗਾ ਤੇ ਕਿਉਂਕਿ ਇਹਨਾਂ ਤੋਂ ਨਿੱਕਲ਼ਦੇ ਸਿਆਸੀ ਤੂਫਾਨ ਖੜੇ ਕਰਨ ਦੇ ਸਮਰੱਥ ਸਨ। ਪਿਤਾ ਚਾਹੁੰਦਾ ਸੀ ਕਿ ਕਾਰਲ ਆਪਣੇ ਵਿਚਾਰਾਂ ਨੂੰ ਨਰਮ ਕਰੇ ਤੇ ਇੱਕ ਸਾਊ ਸ਼ਹਿਰੀ ਵਾਲ਼ਾ ਪਰਿਵਾਰਕ ਜੀਵਨ ਬਿਤਾਵੇ, ਪਰ ਮਾਰਕਸ ਤਾਂ ਬਹੁਤ ਪਹਿਲਾਂ ਹੀ ‘ਕਿੱਤੇ ਦੀ ਚੋਣ’ ਕਰ ਚੁੱਕਾ ਸੀ। ਆਪਣੀ ਅਜ਼ਾਦ ਚਿੰਤਨ ਦੀ ਦਲੇਰੀ ਕਾਰਨ ਮਾਰਕਸ ਕਦੇ ਹੀਗਲ ਦਾ ਸ਼ਰਧਾਲੂ ਨਾ ਬਣਿਆ ਸਗੋਂ ਅਲੋਚਨਾਤਮਕ ਢੰਗ ਨਾਲ਼ ਉਸਦਾ ਅਧਿਐਨ ਕਰਦਾ ਰਿਹਾ। ਜਲਦੀ ਹੀ ਉਸਦਾ ਰਾਹ ਨੌਜਵਾਨ ਹੀਗਲਪੰਥੀਆਂ ਤੋਂ ਵੱਖਰਾ ਹੋ ਗਿਆ। 1838-39 ਦੇ ਇਸੇ ਸਮੇਂ ਉਸਨੇ ਆਪਣੇ ਡਾਕਟਰੀ ਦੇ ਥੀਸਸ ਲਈ ਐਪੀਕਿਊਰਿਸ ਤੇ ਡੈਮੋਕ੍ਰੀਟਸ ਸਮੇਤ ਪੁਰਾਤਨ ਯੂਨਾਨੀ ਦਾਰਸ਼ਨਿਕਾਂ ਦੇ ਅਧਿਐਨ ਵੱਲ ਵਧਦਾ ਹੈ ਤੇ ਨਾਲ਼ ਹੀ ਧਰਮ ਦੀ ਅਲੋਚਨਾ ਵੱਲ ਵੀ ਆਪਣਾ ਮੂੰਹ ਕਰਦਾ ਹੈ। ਧਰਮ ਦੀ ਅਲੋਚਨਾ ਵਿੱਚ ਉਹ ਅਰਨਾਲਡ ਰੂਗੇ ਤੇ ਬਰੂਨੋ ਬਾਵੇਰ ਵਰਗੇ ਆਪਣੇ ਦੋਸਤਾਂ ਨਾਲ਼ੋਂ ਵੀ ਅੱਗੇ ਚਲਿਆ ਜਾਂਦਾ ਹੈ। ਮਾਰਕਸ ਦਾ ਕਹਿਣਾ ਸੀ ਕਿ ਕੁਦਰਤ ਦੀ ਤਰਕਸ਼ੀਲ ਜਥੇਬੰਦੀ ਇਹ ਸਿੱਧ ਕਰਦੀ ਹੈ ਕਿ ਰੱਬ ਬੇਲੋੜਾ ਹੈ ਤੇ ਮਨੁੱਖ ਦੀ ਆਤਮ-ਚੇਤੰਨਤਾ ਹੀ ਸਭ ਤੋਂ ਉੱਪਰ ਹੈ। ਲੇਖਕ ਮੁਤਾਬਕ “ਪਰੋਮੀਥੀਅਸ (ਯੂਨਾਨੀ ਕਥਾਵਾਂ ਦਾ ਪਾਤਰ) ਦਾ ਦਲੇਰੀ ਭਰਿਆ ਇਕਬਾਲ, ”ਸਰਲ ਸ਼ਬਦਾਂ ਵਿੱਚ, ਮੈਂ ਦੇਵ ਢਾਣੀ ਨੂੰ ਨਫ਼ਰਤ ਕਰਦਾ ਹਾਂ” ਮਾਰਕਸ ਨੇ ”ਸਾਰੇ ਅਰਸ਼ੀ ਅਤੇ ਫਰਸ਼ੀ ਰੱਬਾਂ ਵਿਰੁੱਧ” ਸੇਧ ਦਿੱਤਾ। ਇਹ ਦਲੇਰ ਕਥਨ ਕੇਵਲ ਧਰਮ-ਵਿਰੋਧੀ ਹੀ ਨਹੀਂ ਸਗੋਂ ਸਿਆਸੀ ਖਾਸੇ ਵਾਲ਼ਾ ਵੀ ਸੀ।” ਜਦੋਂ ਮਾਰਕਸ ਦੇ ਵਿਚਾਰਾਂ ਦੇ ਇਹਨਾਂ ਨਤੀਜਿਆਂ ਤੋਂ ਡਰਦਿਆਂ ਆਰਨਾਲਡ ਰੂਗੇ ਤੇ ਬਰੂਨੋ ਬਾਵੇਰ (ਜੋ ਆਪਣੇ ਸਿਧਾਂਤ ਦੀ ਦਹਿਸ਼ਤਪਸੰਦੀ ਲਈ ਮਸ਼ਹੂਰ ਸੀ) ਨੇ ਆਪਣੇ ਵਿਚਾਰ ਨਰਮ ਕਰਨ ਤੇ ਸਰਕਾਰੀ ਦਰਬਾਰ ਤੋਂ ਮਾਫੀ ਮੰਗਣ ਦੀ ਸਲਾਹ ਦੇਣ ਲੱਗੇ ਤਾਂ ਉਹਨਾਂ ਦੀ ਦੋਸਤੀ ਵਿੱਚ ਤ੍ਰੇੜ ਆ ਗਈ। ਪਰ ਹਾਲੇ ਪਦਾਰਥਵਾਦ ਤੱਕ ਪਹੁੰਚਣ ਤੋਂ ਪਹਿਲਾਂ ਮਾਰਕਸ ਨੇ ਕਾਫੀ ਯਾਤਰਾ ਕਰਨੀ ਸੀ।

ਪੰਜਵਾਂ ਪਾਠ ਉਸਦੇ 1841 ਵਿੱਚ ਪੂਰੇ ਕੀਤੇ ਡਾਕਟਰੀ ਦੇ ਥੀਸਸ ‘ਕੁਦਰਤ ਸਬੰਧੀ ਐਪੀਕਿਊਰੀਅਸ ਤੇ ਡੈਮੋਕ੍ਰੀਟਸ ਦੇ ਦਰਸ਼ਨ ਵਿਚਕਾਰ ਅੰਤਰ’ ਦੁਆਲ਼ੇ ਘੁੰਮਦਾ ਹੈ। ਇਸਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਇੱਥੇ ਆ ਕੇ ਮਾਰਕਸ ਵਿੱਚ ਵਿਚਾਰਵਾਦ ਤੋਂ ਅਸੰਤਸ਼ੁਟੀ ਆਪਣੇ ਸਿਖਰ ‘ਤੇ ਪਹੁੰਚਦੀ ਹੈ ਤੇ ਉਹ ਅਗਲੇਰੇ ਸਾਲਾਂ ਵਿੱਚ ਪਦਾਰਥਵਾਦ ਵੱਲ ਮੁੜਦਾ ਹੈ। ਇਸੇ ਸਮੇਂ ਹੀ ਮਾਰਕਸ ਹੀਗਲ ਦੇ ਚੇਲਿਆਂ ਨੌਜਵਾਨ ਹੀਗਲਪੰਥੀਆਂ ਵਿਚਲੇ ਵੱਖੋ-ਵੱਖਰੇ ਦਾਰਸ਼ਨਿਕ ਰੁਝਾਨਾਂ ਦੀ ਵੀ ਅਲੋਚਨਾ ਕਰਦਾ ਹੈ। ਇਸ ਪਾਠ ਵਿੱਚ ਪਾਠਕ ਨੂੰ ਸੁਕਰਾਤ, ਐਪੀਕਿਊਰੀਅਸ, ਡੈਮੋਕ੍ਰੀਸਟ ਤੇ ਪਲੂਟਾਰਕ ਜਿਹੇ ਯੂਨਾਨੀ ਦਾਰਸ਼ਿਨਕਾਂ ਦੇ ਦਰਸ਼ਨ ਬਾਰੇ ਥੋੜੀ ਥਾਂ ਵਿੱਚ ਹੀ ਕਾਫੀ ਵਿਉਂਤੀ ਤੇ ਬੱਝਵੀਂ ਜਾਣਕਾਰੀ ਹਾਸਲ ਹੁੰਦੀ ਹੈ।

ਛੇਵਾਂ ਪਾਠ 1841 ਵਿੱਚ ਪੜ੍ਹਾਈ ਪੂਰੀ ਕਰਨ ਤੇ 1842-43 ਦੇ ਮਾਰਕਸ ਦੇ ਸਿਆਸੀ ਲੇਖਣ ਦੇ ਪਿੜ ਵਿੱਚ ਪੈਰ ਧਰਨ ਦਾ ਵਰਨਣ ਹੈ। 1840 ਵਿੱਚ ਜਦੋਂ ਪ੍ਰਸ਼ੀਆ ਦੀ ਗੱਦੀ ‘ਤੇ ਨਵਾਂ ਬਾਦਸ਼ਾਹ ਬੈਠਾ ਤਾਂ ਉਸਨੇ ਲੋਕਾਂ ਨੂੰ “ਮਠਿਆਈ ਅਤੇ ਡੰਡੇ ਨਾਲ਼ ਸਿੱਖਿਆ ਦੇਣੀ” ਸ਼ੁਰੂ ਕੀਤੀ। ਇਸ ਡੰਡੇ ਮਗਰੋਂ ਬਹੁਤ ਸਾਰੇ “ਦਲੇਰ” ਤੇ “ਖਾੜਕੂ” ਨੌਜਵਾਨ ਹੀਗਲਪੰਥੀ ਅਤੇ ਧਰਮ ਅਲੋਚਕ ਮੈਦਾਨ ਛੱਡ ਕੇ ਭੱਜ ਗਏ ਜਾਂ ਸਰਕਾਰੀ ਦਰਬਾਰ ਦੇ ਵਫਦਾਰ ਬਣ ਗਏ। ਇਸ ਸਮੇਂ ਮਾਰਕਸ ਨੇ ‘ਪ੍ਰਸ਼ੀਆਈ ਸੈਂਸਰਸ਼ਿਪ ਦੀ ਸੱਜਰੀ ਹਦਾਇਤ ਉੱਤੇ ਟਿੱਪਣੀਆਂ’, ‘ਪ੍ਰੈੱਸ ਦੀ ਅਜ਼ਾਦੀ ਬਾਰੇ ਸੰਵਾਦ’ ਅਤੇ ‘ਲੱਕੜ ਦੀਆਂ ਚੋਰੀਆਂ ਸਬੰਧੀ ਕਨੂੰਨ ਬਾਰੇ ਬਹਿਸਾਂ’ ਆਦਿ ਜਿਹੇ ਲੇਖਾਂ, ਜੋ ਸਿਆਸੀ ਪੱਖ ਤੋਂ ਕਾਫੀ ਖਾੜਕੂ ਤੇ ਸੱਤ੍ਹਾ ਵਿਰੋਧੀ ਸਨ, ਨਾਲ਼ ਪ੍ਰਸ਼ੀਆਈ ਰਾਜਤੰਤਰ ਖਿਲਾਫ ਖੁੱਲ੍ਹੇਆਮ ਲੜਾਈ ਵਿੱਚ ਨਿੱਤਰ ਪਿਆ। ਇਹਨਾਂ ਲੇਖਾਂ ਵਿੱਚ ਨਾ ਸਿਰਫ ਆਪਣੇ ਸਮੇਂ ਦੀਆਂ ਬਹੁਤ ਖਾੜਕੂ ਤੇ ਅਗਾਂਹਵਧੂ ਗੱਲਾਂ ਸਨ ਸਗੋਂ ਸਮਾਜ ਵਿਗਿਆਨ ਦੇ ਖੇਤਰ ਵਿਚਲੇ ਉਹਨਾਂ ਵਿਚਾਰਾਂ ਦੇ ਭਰੂਣ ਵੀ ਸਨ ਜਿਨ੍ਹਾਂ ਨੇ ਭਵਿੱਖ ਵਿੱਚ ਵਿਕਸਤ ਹੋਣਾ ਸੀ। ਮਾਰਕਸ ਨੇ ਇਹਨਾਂ ਲੇਖਾਂ ਵਿੱਚ ਰਾਜਸੀ ਕਨੂੰਨਾਂ, ਨਿੱਜੀ ਜਾਇਦਾਦ, ਰਾਜ ਦੀ ਬਣਤਰ ਤੇ ਰਾਜ ਦਾ ਗਰੀਬਾਂ ਦੀ ਥਾਂ ਮਾਲਕਾਂ ਦੇ ਹਿੱਤਾਂ ਵਿੱਚ ਹੋਣਾ ਆਦਿ ਜਿਹੇ ਸਵਾਲਾਂ ‘ਤੇ ਬੜੀਆਂ ਅਹਿਮ ਟਿੱਪਣੀਆਂ ਕੀਤੀਆਂ ਜਿਨ੍ਹਾਂ ਦਾ ਦਿਲਚਸਪ ਵੇਰਵਾ ਲਾਜ਼ਮੀ ਹੀ ਇਸ ਕਿਤਾਬ ਵਿੱਚੋਂ ਧਿਆਨ ਨਾਲ਼ ਪੜ੍ਹਿਆ ਜਾਣਾ ਚਾਹੀਦਾ ਹੈ।

ਸੱਤਵਾਂ ਪਾਠ ਮਾਰਕਸ ਦੇ ਪਦਾਰਥਵਾਦ ਵੱਲ ਵਧਣ ਅਤੇ ਅਖ਼ਬਾਰ ਵਿੱਚ ਕੰਮ ਕਰਨ ਦੇ ਤਜ਼ਰਬਿਆਂ ਬਾਰੇ ਹੈ। ਮਾਰਕਸ 1841 ਵਿੱਚ ਹੀ ਫਿਊਰਬਾਖ ਦੇ ਪ੍ਰਭਾਵ ਵਿੱਚ ਆ ਗਿਆ ਸੀ। 1842 ਵਿੱਚ ਅਖ਼ਬਾਰ ਲਈ ਲਿਖਦੇ ਸਮੇਂ ਮਾਰਕਸ ਨੂੰ ਇਹ ਅਹਿਸਾਸ ਹੋਇਆ ਕਿ ਸਮਾਜਕ ਸਬੰਧਾਂ ਦੀ ਨੇਮਬੱਧ ਤੇ ਸਰਬੰਗੀ ਵਿਆਖਿਆ ਲਈ ਉਸਦਾ ਫਲਸਫੇ ਤੇ ਸਮਾਜ ਵਿਗਿਆਨ ਦਾ ਗਿਆਨ ਕਾਫੀ ਨਹੀਂ ਹੈ। ਇਸੇ ਦੌਰਾਨ ਅਖ਼ਬਾਰ ਵਿੱਚ ਲਿਖਦਿਆਂ ਸਮੇਂ ਉਸਦੇ ਅਖ਼ਬਾਰ ਦਾ ਕਮਿਊਨਿਜ਼ਮ ਦੇ ਸਵਾਲ ‘ਤੇ ਇੱਕ ਹੋਰ ਅਖ਼ਬਾਰ ਨਾਲ਼ ਵਿਵਾਦ ਖੜਾ ਹੋਣ ਮਗਰੋਂ ਸੰਪਾਦਕ ਹੋਣ ਦੇ ਨਾਤੇ ਮਾਰਕਸ ਨੂੰ ਯੂਟੋਪੀਆਈ ਸਮਾਜਵਾਦ ‘ਤੇ ਸਵਾਲ ਖੜ੍ਹੇ ਹੋਣ ਮਗਰੋਂ ਕੋਈ ਠੋਸ ਸਟੈਂਡ ਲੈਣਾ ਪਿਆ। ਇਸਨੇ ਕਾਰਨਾਂ ਨੇ ਮਾਰਕਸ ਨੂੰ ਫਲਸਫੇ ਤੇ ਸਮਾਜ ਵਿਗਿਆਨ ਦਾ ਹੋਰ ਡੂੰਘੇਰਾ ਅਧਿਐਨ ਕਰਨ ਲਈ ਮਜ਼ਬੂਰ ਕੀਤਾ। ਅਖ਼ਬਾਰ ਵਿੱਚ ਕੰਮ ਕਰਨ ਦੌਰਾਨ ਮਾਰਕਸ ਨੇ “ਅਜ਼ਾਦ” ਮੰਡਲੀ ਦੇ ਨੌਜਵਾਨ ਹੀਗਲਪੰਥੀਆਂ ਨਾਲ਼ ਵੀ ਬੇਕਿਰਕ ਸੰਘਰਸ਼ ਚਲਾਇਆ ਜੋ ਢੇਰਾਂ ਦੇ ਢੇਰ ਲੇਖ ਭੇਜਦੇ ਰਹਿੰਦੇ ਸਨ ਜੋ ”ਸੰਸਾਰ ਵਿੱਚ ਇਨਕਲਾਬ ਕਰਨ ਨਾਲ਼ ਆਫਰੇ ਅਤੇ ਵਿਚਾਰਾਂ ਤੋਂ ਸੱਖਣੇ ਹੁੰਦੇ” ਸਨ। ਅਤਿਅੰਤ “ਅੱਤਵਾਦੀ” ਢੰਗ ਨਾਲ਼ ਲਿਖਣ ਵਾਲੀ ਇਹ ਟੋਲੀ ਅਮਲੀ ਜੀਵਨ ਵਿੱਚ ਢੇਰ ਸਾਰੀ ਸ਼ਰਾਬ ਪੀਣ, ਗੱਪਾਂ ਮਾਰਨ ਤੇ ਮੌਜਾਂ ਲੁੱਟਣ ਤੋਂ ਬਿਨਾਂ ਕੁੱਝ ਨਹੀਂ ਸੀ ਕਰਦੀ। “ਉਸ ਨੂੰ ਖ਼ਾਸ ਕਰਕੇ ਇਹ ਗੁੱਸਾ ਸੀ ਕਿ ਵਿਸ਼ਵਾਸੋਂ-ਬਾਹਰੇ ਵਿਖਾਵੇ ਅਤੇ ਦੰਭ ਵਾਲ਼ੇ ”ਬਰਲਿਨ ਗਪੌੜਸੰਖ” ਸੱਚੇ ਇਨਕਲਾਬੀਆਂ, ਕਮਿਊਨਿਸਟਾਂ ਅਤੇ ਮਨੁੱਖ ਦੇ ਮੁਕਤੀਦਾਤਿਆਂ ਵਜੋਂ ਆਪਣੀ ਇਸ਼ਤਿਹਾਰਬਾਜ਼ੀ ਕਰਦੇ ਸਨ ਤੇ ਇਸ ਪ੍ਰਕਾਰ ਮਹਾਨ ਉਦੇਸ਼ ਨੂੰ ਬੱਦੂ ਕਰਦੇ ਸਨ।” ਅਖ਼ਬਾਰ ‘ਤੇ ਦਿਨੋਂ-ਦਿਨ ਲਗਦੀਆਂ ਪਬੰਦੀਆਂ ਕਾਰਨ ਮਾਰਕਸ ਨੂੰ ਅਖ਼ਬਾਰ ਛੱਡਣਾ ਪਿਆ ਤੇ ਜੂਨ 1843 ‘ਚ ਮਾਰਕਸ ਜੈਨੀ ਨਾਲ਼ ਵਿਆਹ ਕਰਵਾ ਕੇ ਅਗਲੀਆਂ ਯੋਜਨਾਵਾਂ ਲਈ ਪੈਰਿਸ ਲਈ ਰਵਾਨਾ ਹੋ ਗਿਆ।

ਅੱਠਵਾਂ ਪਾਠ ਮਾਰਕਸ ਦੇ ਜੀਵਨ ਦੇ ਅਹਿਮ ਦੌਰ ਦਾ ਵਰਨਣ ਹੈ ਜਦੋਂ 1843 ‘ਚ ਪੈਰਿਸ ਆਉਣ ਮਗਰੋਂ ਜਦੋਂ ਉਸ ਅੱਗੇ ਮਨੁੱਖਤਾ ਦੀ ਮੁਕਤੀ ਦੀ ਲੜਾਈ ਨੂੰ ਸੂਤਰਬੱਧ ਕਰਨ, ਇਸਦਾ ਅਸਲ ਨਾਹਰਾ ਖੋਜਣ ਅਤੇ ਸਮਾਜ ਦੀ ਇਨਕਲਾਬੀ ਤਾਕਤ ਨੂੰ ਪਛਾਣਨ ਦਾ ਪਹਾੜ ਜਿੱਡਾ ਕਾਰਜ ਪਿਆ ਸੀ। ਇਹਦੇ ਲਈ ਮਾਰਕਸ ਨੇ ਦਰਸ਼ਨ ਦੇ ਖੇਤਰ ਵਿੱਚ ਹੀਗਲ ਅਤੇ ਸਮਾਜ ਵਿਗਿਆਨ ਵਿੱਚ ਯੂਟੋਪਿਆਈ ਸਮਾਜਵਾਦੀਆਂ ਦਾ ਡੂੰਘਾ ਅਧਿਐਨ ਕੀਤਾ। “ਮਨੁੱਖੀ ਚਿੰਤਨ ਦੀਆਂ ਇਹਨਾਂ ਮਹਾਨ ਪ੍ਰਾਪਤੀਆਂ ਵਿੱਚੋਂ ਕੋਈ ਵੀ ਸੰਸਾਰ ਨੂੰ ਬਦਲਣ ਲਈ ਸਾਧਨ ਬਣਨ ਦੇ ਯੋਗ ਨਹੀਂ ਸੀ। ਪਰ ਦੋਹਾਂ ਮਤਾਂ ਦੇ ਖ਼ੁਦ ਆਪਣੇ ਅੰਦਰ ਹੀ ਆਪਣਾ ਨਿਖੇਧ ਸ਼ਾਮਲ ਸੀ। ਹੀਗਲ ਦੇ ਮਾਮਲੇ ਵਿੱਚ ਇਹ ਨਿਖੇਧ ਸੀ ਚਿੰਤਨ ਕਰਨ ਦੀ ਦਵੰਦਾਤਮਕ ਵਿਧੀ, ਯੂਟੋਪੀਆਈ ਸਮਾਜਵਾਦ ਦੇ ਮਾਮਲੇ ਵਿੱਚ ਇਹ ਬੁਰਜੂਆ ਜਾਇਦਾਦੀ ਸਬੰਧਾਂ ਦੀ ਅਜਿਹੇ ਸਬੰਧਾਂ ਵਜੋਂ ਅਲੋਚਨਾ ਸੀ ਜਿਹੜੇ ਮਨੁੱਖ ਨੂੰ ਲੂਲ੍ਹਾ ਬਣਾਉਂਦੇ ਹਨ ਅਤੇ ਉਸ ਦੇ ਤੱਤ ਦੇ ਅਨੁਸਾਰੀ ਨਹੀਂ।” ਇਸ ਲਈ ਮਾਰਕਸ ਲਈ ਇਹਨਾਂ ਤੋਂ ਅੱਗੇ ਲੰਘਣਾ ਜਰੂਰੀ ਸੀ ਤੇ ਆਖਰ ਉਹ ਇਸ ਵਿੱਚ ਕਾਮਯਾਬ ਹੋ ਗਿਆ। ਇੱਥੇ ਮਾਰਕਸ ਆਪਣਾ ਪ੍ਰਸਿੱਧ ਲੇਖ ‘ਕਨੂੰਨ ਸਬੰਧੀ ਹੀਗਲ ਦੇ ਦਰਸ਼ਨ ਦੀ ਅਲੋਚਨਾ ਨੂੰ ਦੇਣ ਦੀ ਭੂਮਿਕਾ’ ਲਿਖਦਾ ਹੈ ਜਿਸ ਵਿੱਚ ਪ੍ਰਗਟ ਹੋਏ ਵਿਚਾਰਾਂ ਨੂੰ ਲੈਨਿਨ ਵਿਚਾਰਵਾਦ ਤੋਂ ਪਦਾਰਥਵਾਦ ਅਤੇ ਇਨਕਲਾਬੀ ਜਮਹੂਰੀਅਤ ਤੋਂ ਕਮਿਊਨਿਜ਼ਮ ਵੱਲ ਉਸਦੀ ਅੰਤਿਮ ਤਬਦੀਲੀ ਦੱਸਦਾ ਹੈ। ਇੱਥੇ ਮਾਰਕਸ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ ਮਨੁੱਖਤਾ ਦੀ ਮੁਕਤੀ ਹਰ ਕਿਸਮ ਦੇ ਬੰਧਨ ਤੋੜੇ ਬਿਨਾਂ ਅਸੰਭਵ ਹੈ ਅਤੇ ਮਜਦੂਰ ਜਮਾਤ ਹੀ ਉਹ ਜਮਾਤ ਹੈ ਜਿਹੜੀ ਆਪਣੇ ਨਾਲ਼ ਮਨੁੱਖਤਾ ਦੇ ਹਰ ਕਿਸਮ ਦੇ ਬੰਧਨਾਂ ਨੂੰ ਤੋੜੇਗੀ, ”ਇਸ ਮੁਕਤੀ ਦਾ ਦਿਮਾਗ਼ ਦਰਸ਼ਨ ਹੈ, ਪ੍ਰੋਲੇਤਾਰੀ ਇਸ ਦਾ ਦਿਲ ਹੈ।”

ਅਗਲੀ ਚੁਣੌਤੀ ਇਹਨਾਂ ਨਵੇਂ ਸਿੱਟਿਆਂ ਦਾ ਸਿਧਾਂਤ ਦੇ ਖੇਤਰ ਵਿੱਚ ਝੰਡਾ ਲਹਿਰਾਉਣ ਦੀ ਸੀ ਜਿਸ ਲਈ ਲਾਜ਼ਮੀ ਹੀ ਲੰਬੀ ਤੇ ਤਿੱਖੀ ਸਿਧਾਂਤਕ ਪੜਚੋਲ ਦਾ ਸਾਹਮਣਾ ਕਰਨਾ ਪੈਣਾ ਸੀ। ਇਸ ਲਈ ਮਾਰਕਸ ਹੋਰ ਕੰਮ ਛੱਡ ਕੇ ਹੋਰ ਜੋਰ-ਸ਼ੋਰ ਨਾਲ਼ ਅਧਿਐਨ ਦੇ ਖੇਤਰ ਵਿੱਚ ਕੁੱਦ ਗਿਆ। “ਉਸ ਦਾ ਮਨ ਇੰਨੀ ਤੀਬਰਤਾ ਨਾਲ਼ ਕੰਮ ਕਰ ਰਿਹਾ ਸੀ ਕਿ ਜੋ ਕੁਝ ਉਸ ਨੇ ਮਸਾਂ ਹਾਲੇ ਲਿਖਿਆ ਹੁੰਦਾ ਉਹ ਝੱਟ ਉਸ ਤੋਂ ਅਗਾਂਹ ਲੰਘ ਜਾਂਦਾ। ਜੋ ਕੁਝ ਉਸ ਨੇ ਕਰ ਲਿਆ ਹੁੰਦਾ ਉਹ ਉਸ ਤੋਂ ਕਦੇ ਸੰਤੁਸ਼ਟ ਨਹੀਂ ਸੀ ਹੁੰਦਾ : ਉਹ ਜਿੰਨਾਂ ਵਧੇਰੇ ਗਿਆਨ ਪ੍ਰਾਪਤ ਕਰਦਾ ਅਗਿਆਨ ਦਾ ਮਹਾਂਸਾਗਰ ਓਨਾ ਹੀ ਵਧੇਰੇ ਅਥਾਹ ਜਾਪਣ ਲੱਗਦਾ। ਆਪਣੇ ਲਈ ਉਹ ਜਿੰਨੇ ਵਧੇਰੇ ਮਸਲੇ ਨਜਿੱਠਦਾ, ਓਨੀਆਂ ਹੀ ਵਧੇਰੇ ਨਵੀਆਂ ਸਮੱਸਿਆਵਾਂ ਉਹਦੇ ਸਾਹਮਣੇ ਆ ਖੜੀਆਂ ਹੁੰਦੀਆਂ।

ਹੱਥ-ਲਿਖਤਾਂ ਅਧੂਰੀਆਂ ਰਹਿ ਜਾਂਦੀਆਂ, ਉਸ ਦਾ ਚਿੰਤਨ ਹੋਰ ਅੱਗੇ ਵੱਧ ਜਾਂਦਾ ਅਤੇ ਨਵੇਂ ਵਿਚਾਰ ਜਨਮ ਲੈਂਦੇ ਜਾਂਦੇ। ਆਤਮ-ਅਲੋਚਨਾ ਦਾ ਦੈਂਤ ਮਾਰਕਸ ਨੂੰ ਇਸ ਗੱਲ ਦੀ ਆਗਿਆ ਨਾ ਦੇਂਦਾ ਕਿ ਕੋਈ ਵੀ ਗੱਲ ਓਨਾਂ ਚਿਰ ਦੁਨੀਆਂ ਸਾਹਮਣੇ ਨਾ ਰੱਖੇ ਜਿੰਨਾਂ ਚਿਰ ਉਹ ਸਵਾਲ ਦੇ ਸਾਰੇ ਮਹੀਨ ਨੁਕਤਿਆਂ ਸਹਿਤ ਉਸ ਦਾ ਪੂਰਾ-ਪੂਰਾ ਅਧਿਐਨ ਨਾ ਕਰ ਲੈਂਦਾ।”

ਇਸ ਅਧਿਐਨ ਦਾ ਨਤੀਜਾ ਇੱਕ ਵੱਡੀ ਪਰ ਪੂਰੀ ਨਾ ਹੋ ਸਕੀ ਕਿਰਤ ‘1844 ਦੀਆਂ ਦਾਰਸ਼ਨਿਕ ਤੇ ਆਰਥਿਕ ਹੱਥ-ਲਿਖਤਾਂ’ ਸੀ ਜਿਸ ਵਿੱਚ “ਪਹਿਲੀ ਵਾਰ ਸਮਾਜ ਦੇ ਵਿਸ਼ਲੇਸ਼ਣ ਲਈ ਆਰਥਿਕ, ਦਾਰਸ਼ਨਿਕ ਅਤੇ ਸਮਾਜਿਕ-ਸਿਆਸੀ ਪਹੁੰਚਾਂ ਦਾ ਵੱਡੇ ਪੈਮਾਨੇ ਉੱਤੇ ਸੰਸਲੇਸ਼ਣ ਹੁੰਦਾ ਹੈ। ਇੱਥੇ ਮਨੁੱਖ ਨੂੰ ਸਮੁੱਚੀ ਜਾਂਚ-ਪੜਤਾਲ ਦੇ ਕੇਂਦਰ ਵਿੱਚ ਰੱਖਿਆ ਜਾਂਦਾ ਹੈ ਅਤੇ ਉਹ ਕੁਦਰਤ ਤੇ ਸਮਾਜ ਦੋਹਾਂ ਨਾਲ਼ ਆਪਣੇ ਸਬੰਧਾਂ ਦੀ ਪੂਰੀ ਗੁੰਝਲ਼ਤਾ ਵਿੱਚ ਪ੍ਰਗਟ ਹੁੰਦਾ ਹੈ।… ਇੱਥੇ ਨਿੱਗਰ ਯਥਾਰਥ ਵੱਲ ਅਸਲ ਪਹੁੰਚ ਦਾ ਸਮਾਜਿਕ ਵਿਕਾਸ ਦੇ ਦੂਰ-ਦੁਰਾਡੇ ਦੁਮੇਲਾਂ ਦੇ ਦ੍ਰਿਸ਼ ਨਾਲ਼ ਸੰਜੋਗ ਹੁੰਦਾ ਹੈ। ਇਹ ਰਚਨਾ ਅਤਿਅੰਤ ਗੂੜ੍ਹ ਸਮੱਸਿਆਵਾਂ ਪੇਸ਼ ਕਰਦੀ ਹੈ ਜਿਨ੍ਹਾਂ ਦੀ ਮਹੱਤਤਾ ਸਦੀਆਂ ਤੱਕ ਕਾਇਮ ਰਹੇਗੀ।” ਪਾਠ ਦਾ ਅਗਲਾ ਹਿੱਸਾ ਇਸ ਕਿਰਤ ਵਿੱਚ ਪਹਿਲੀ ਵਾਰ ਸਾਹਮਣੇ ਆਏ ਯੁੱਗ ਪਲਟਾਊ ਵਿਚਾਰਾਂ ਦੀ ਵਿਆਖਿਆ ਹੈ ਜਿਨ੍ਹਾਂ ਨੂੰ ਖੁਦ ਪੜ੍ਹਨਾ ਹੀ ਪਾਠਕਾਂ ਲਈ ਵਧੇਰੇ ਢੁਕਵਾਂ ਹੈ।

ਨੌਵਾਂ ਤੇ ਦਸਵਾਂ ਪਾਠ ਇੱਕ ਮਨੁੱਖ ਵਜੋਂ ਮਾਰਕਸ ਨੂੰ ਜਾਨਣ ਲਈ ਪੜ੍ਹਨਯੋਗ ਹੈ। ਨੌਵਾਂ ਪਾਠ ਮਾਰਕਸ ਦੀ ਸਖਸ਼ੀਅਤ, ਉਸਦੀ ਲੇਖਣੀ ਸ਼ੈਲੀ, ਉਸਦੇ ਸਾਹਿਤਕ ਰੁਝਾਨਾਂ ਦਾ ਜਿਕਰ ਹੈ। ਇੱਥੇ ਮਾਰਕਸ ਇੱਕ ਨਿੱਘੇ ਦੋਸਤ, ਇੱਕ ਦ੍ਰਿੜ ਤੇ ਹਿੰਮਤੀ ਇਨਕਲਾਬੀ, ਇੱਕ ਪਿਆਰੇ ਤੇ ਵਫਾਦਾਰ ਪਤੀ ਤੇ ਇੱਕ ਮੋਹ ਭਿੱਜੇ ਪਿਤਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਨਾਲ਼ ਹੀ ਲੇਖਕ ਸਾਨੂੰ ਮਾਰਕਸ ਦੀਆਂ ਦੁਸ਼ਮਣੀਆਂ ਬਾਰੇ ਵੀ ਦੱਸਦਾ ਹੈ। ਸਿਧਾਂਤ ਦੇ ਖੇਤਰ ਵਿੱਚ ਪਿੱਠ ਦਿਖਾਉਣ ਤੇ ਲੋਕਾਂ ਨਾਲ਼ ਗੱਦਾਰੀ ਕਰਨ ਵਾਲ਼ਿਆਂ ਨਾਲ਼ ਰਿਸ਼ਤਾ ਤੋੜਨ ਤੇ ਬੇਕਿਰਕ ਸ਼ੰਘਰਸ਼ ਚਲਾਉਣ ਦੇ ਮਾਮਲੇ ਵਿੱਚ ਮਾਰਕਸ ਨੇ ਕਦੇ ਸਮਝੌਤਾ ਨਾ ਕੀਤਾ। ਇਸ ਮਾਮਲੇ ਵਿੱਚ “ਅਫਲਾਤੂਨ ਮੈਨੂੰ ਪਿਆਰਾ ਹੈ, ਪਰ ਸੱਚ ਉਸ ਨਾਲ਼ੋਂ ਵੀ ਵੱਧ ਪਿਆਰਾ ਹੈ”, ਮਾਰਕਸ ਦਾ ਆਦਰਸ਼ ਵਾਕ ਰਿਹਾ। ਦਸਵੇਂ ਪਾਠ ਦਾ ਸਿਰਲੇਖ “ਪ੍ਰਤਿਭਾ ਦੇ ਨੇੜੇ ਇੱਕ ਹੋਰ ਪ੍ਰਤਿਭਾ” ਹੈ, ਸੂਝਵਾਨ ਪਾਠਕ ਸਮਝ ਹੀ ਗਏ ਹੋਣਗੇ ਕਿ ਇਹ ਦੂਜੀ ਪ੍ਰਤਿਭਾ ਮਾਰਕਸ ਦਾ ਅਤਿ ਨੇੜਲਾ ਦੋਸਤ, ਸੰਗੀ ਤੇ ਮਜਦੂਰ ਜਮਾਤ ਦਾ ਦੂਜਾ ਮਹਾਨ ਅਧਿਆਪਕ ਫਰੈਡਰਿਕ ਏਂਗਲਜ਼ ਹੈ। ਮਾਰਕਸ ਤੇ ਏਂਗਲਜ ਬੇਸ਼ੱਕ ਦੋ ਵੱਖਰੀਆਂ ਜਿੰਦਾਂ ਹਰ ਪਰ ਦੋਵੇਂ ਇੱਕ-ਦੂਜੀ ਵਿੱਚ ਇੰਨੀਆਂ ਪੀਡੀਆਂ ਗੁੰਦੀਆਂ ਹੋਈਆਂ ਹਨ ਕਿ ਇੱਕ ਬਿਨਾਂ ਦੂਜੇ ਦਾ ਜਿਕਰ ਅਧੂਰਾ ਹੈ। ਇਹ ਪਾਠ ਪੜ੍ਹਨ ‘ਤੇ ਅਹਿਸਾਸ ਹੁੰਦਾ ਹੈ ਕਿ ਲੈਨਿਨ ਨੇ ਇਹ ਕਿਉਂ ਆਖਿਆ ਕਿ ਮਾਰਕਸ ਤੇ ਏਂਗਲਜ ਦੀ ਦੋਸਤੀ ਨੇ ਦੋਸਤੀ ਦੀਆਂ ਪੁਰਾਤਨ ਯੂਨਾਨੀ ਕਥਾਵਾਂ ਨੂੰ ਵੀ ਮਾਤ ਪਾ ਦਿੱਤੀ।

ਗਿਆਰਵਾਂ ਪਾਠ ‘ਸਰਮਾਇਆ ਦੇ ਦਰਸ਼ਨ’ ਭਾਵ ਦਵੰਦਾਤਮਕ ਪਦਾਰਥਵਾਦ ਬਾਰੇ ਹੈ ਕਿ ਕਿਵੇਂ ਇਹ ਹੀਗਲ ਦੇ ਦਵੰਦਵਾਦ ਨਾਲ਼ੋ ਵੱਖਰਾ ਹੈ, ਕਿਵੇਂ ਇਹ ਕੁਦਰਤ, ਸਮਾਜ ਅਤੇ ਮਨੁੱਖੀ ਸੋਚ ਵਿਚਲੇ ਸਾਰੇ ਵਰਤਾਰਿਆਂ ਦੀ ਸਹੀ ਵਿਆਖਿਆ ਕਰਦਾ ਹੈ ਤੇ ਕਿਵੇਂ ਇਹ ਦਰਸ਼ਨ ਮਾਰਕਸ ਦੀ ਮਹਾਨ ਰਚਨਾ ‘ਸਰਮਾਇਆ’ ਵਿੱਚ ਪ੍ਰਗਟ ਹੋਇਆ ਹੈ। ਪਾਠਕ ਇੱਥੇ ਇਤਿਹਾਸ ਦੀ ਪਦਾਰਥਵਾਦੀ ਵਿਧੀ ਸਬੰਧੀ ਵੀ ਨੁਕਤੇ ਦੇਖ ਸਕਦਾ ਹੈ ਕਿ ਕਿਵੇਂ ਕਮਿਊਨਿਜ਼ਮ ਦਾ ਆਉਣਾ ਇਤਿਹਾਸਕ ਤੌਰ ‘ਤੇ ਅਟੱਲ ਹੈ।

ਆਖਰੀ ਪਾਠ ‘ਨਿਰਣਾ’ ਮਾਰਕਸ ਦੀ ਮਨੁੱਖਤਾ ਨੂੰ ਦੇਣ, ਸੰਸਾਰ ਵਿੱਚ ਮਾਰਕਸਵਾਦੀ ਵਿਚਾਰਾਂ ਦਾ ਫੈਲਾਅ ਅਤੇ ਇਸਦੇ ਵਿਕਾਸ ਬਾਰੇ ਹੈ। ਆਪਣੀ ਗੱਲ ਦਾ ਅੰਤ ਕਰਦਿਆਂ ਲੇਖਕ ਲਿਖਦਾ ਹੈ ਕਿ ਮਾਰਕਸ ਦਾ ਚਿੰਤਨ “ਧਰਤੀ ਉੱਤੇ ਜੀਵਨ ਨੂੰ ਮਨੁੱਖ ਦੇ ਯੋਗ ਬਣਾਉਣ ਵਿੱਚ ਸਹਾਇਤਾ ਕਰਦਾ ਹੈ।”

ਇਸ ਤਰ੍ਹਾ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਦਾ ਲੇਖਕ ਪਾਠਕ ਨੂੰ ਆਪਣੇ ਨਾਲ਼ ਨੌਜਵਾਨ ਮਾਰਕਸ ਦੀਆਂ ਖੋਜਾਂ, ਵਿਚਾਰਾਂ ਅਤੇ ਜਜ਼ਬਿਆਂ ਦੇ ਸੰਸਾਰ ਵਿੱਚ, ਉਸਦੇ ਜੋਸ਼ੀਲੇ ਵਿਚਾਰਾਂ ਨੂੰ ਰੂਪ ਦੇਣ ਵਾਲ਼ੀ ਰਚਨਾਤਮਕ ਪ੍ਰਯੋਗਸ਼ਾਲਾ ਵਿੱਚ ਲਿਜਾਣ ਅਤੇ ਨੌਜਵਾਨ ਮਾਰਕਸ ਦੇ ਆਤਮਕ ਸੰਸਾਰ ਨਾਲ਼ ਉਸਦੀ ਸਾਂਝ ਪਵਾਉਣ ਦੇ ਉਦੇਸ਼ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੈ ਜਿਸ ਨਾਲ਼ ਲਾਜਮੀ ਹੀ ਸੂਝਵਾਨ ਤੇ ਸੰਵੇਦਨਸ਼ੀਲ ਪਾਠਕ ਨੂੰ ਇਸ ਸੰਸਾਰ ਵਿੱਚ ਡੁੱਬ ਜਾਣ ਲਈ ਉਤਸ਼ਾਹ ਮਿਲ਼ਦਾ ਹੈ। ਇਸ ਕਿਤਾਬ ਦੇ ਪੰਜਾਬੀ ਅਨੁਵਾਦ ਦੀ ਪਹਿਲੀ ਛਾਪ ਸੋਵੀਅਤ ਯੂਨੀਅਨ ਤੋਂ ਲਗਭਗ 1980ਵਿਆਂ ‘ਚ ਛਪੀ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਇਹ ਛਾਪ ਖਤਮ ਹੋ ਗਈ ਸੀ। ਹੁਣ ‘ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ’ ਨੇ ਇਸਨੂੰ ਮੁੜ ਛਾਪ ਕੇ ਇੱਕ ਚੰਗਾ ਉਪਰਾਲਾ ਕੀਤਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 36, ਫਰਵਰੀ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s