ਇੱਕ ਜੁਝਾਰੂ ਜਮਹੂਰੀ ਪੱਤਰਕਾਰ – ਗਣੇਸ਼ ਸ਼ੰਕਰ ਵਿਦਿਆਰਥੀ •ਅਰਵਿੰਦ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਦੀ ਅਜ਼ਾਦੀ ਦੀ ਲਹਿਰ ਦੌਰਾਨ ਜਿਹਨਾਂ ਨੇ ਤਿਆਗ, ਕੁਰਬਾਨੀ ਅਤੇ ਜੁਝਾਰੂਪਨ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਉਹਨਾਂ ਵਿੱਚ ਗਣੇਸ਼ ਸ਼ੰਕਰ ਵਿਦਿਆਰਥੀ ਵੀ ਸ਼ਾਮਲ ਹਨ। ਆਪਣੀ ਲੋਕਪੱਖੀ ਨਿੱਡਰ ਪੱਤਰਕਾਰੀ ਦੇ ਦਮ ‘ਤੇ ਵਿਦਿਆਰਥੀ ਜੀ ਨੇ ਵਿਦੇਸ਼ੀ ਹਕੂਮਤ ਅਤੇ ਉਨ੍ਹਾਂ ਦੇ ਦੇਸ਼ੀ ਟੁਕੜਬੋਚਾਂ ਨੂੰ ਵਾਰ-ਵਾਰ ਲੋਕਾਂ ਸਾਹਮਣੇ ਨੰਗਾ ਕੀਤਾ ਸੀ। ਉਹ ਜੀਵਨ ਭਰ ਕੌਮੀ ਚੇਤਨਾ ਪ੍ਰਤੀ ਸੰਕਲਪਬੱਧ ਰਹੇ। ਵਿਦਿਆਰਥੀ ਜੀ ਨੇ ਕਦੇ ਵੀ ਅਖੌਤੀ ਬਾਹਰਮੁਖਤਾ ਦਾ ਨਾਮ ਲੈਂਦੇ ਹੋਏ ਵਿਚਾਰਕ ਦੋਗਲੇਪਨ ਦੀ ਦੁਹਾਈ ਨਹੀਂ ਦਿੱਤੀ। ਹਿੰਦੀ ਸੂਬੇ ਵਿੱਚ ਭਾਰਤੀ ਕੌਮੀ ਜਾਗ ਦਾ ਵਿਚਾਰਕ ਆਧਾਰ ਤਿਆਰ ਕਰਨ ਵਿੱਚ ਅਤੇ ਉਸਨੂੰ ਹੋਰ ਵਿਆਪਕ ਬਣਾਉਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਉਸ ਦੌਰ ਵਿੱਚ ਵਿਦਿਆਰਥੀ ਜੀ ਦੁਆਰਾ ਸੰਪਾਦਿਤ ਰਸਾਲੇ ‘ਪ੍ਰਤਾਪ’ ਨੇ ਸਾਮਰਾਜ ਵਿਰੋਧੀ ਕੌਮੀ ਪੱਤਰਕਾਰੀ ਦੀ ਭੂਮਿਕਾ ਤਾਂ ਨਿਭਾਈ ਹੀ ਨਾਲ-ਨਾਲ ਜੁਝਾਰੂ ਪੱਤਰਕਾਰਾਂ ਅਤੇ ਇਨਕਲਾਬੀਆਂ ਦੀ ਇੱਕ ਪੂਰੀ ਪੀੜ੍ਹੀ ਨੂੰ ਸਿੱਖਿਅਤ ਕਰਨ ਦਾ ਕੰਮ ਵੀ ਕੀਤਾ ਸੀ।

ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ 26 ਅਕਤੂਬਰ, 1890 ਵਿੱਚ ਇਲਾਹਾਬਾਦ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਧਿਆਪਕ ਸਨ। ਵਿਦਿਆਰਥੀ ਜੀ ਨੇ ਫਾਰਸੀ , ਉਰਦੂ ਅਤੇ ਹਿੰਦੀ ਦੀ ਪੜ੍ਹਾਈ ਕੀਤੀ ਸੀ। ਆਰਥਿਕ ਮੁਸ਼ਕਿਲਾਂ ਕਾਰਨ ਉਹ ਆਪਣੀ ਸਿੱਖਿਆ ਪੂਰੀ ਨਹੀਂ ਕਰ ਸਕੇ, ਪਰ ਸਵੈ-ਅਧਿਐਨ ਦੇ ਜ਼ੋਰ ‘ਤੇ ਉਨ੍ਹਾਂ ਨੇ ਆਪਣੇ ਨਜ਼ਰੀਏ ਨੂੰ ਵਿਕਸਿਤ ਕੀਤਾ। ਵਿਦਿਆਰਥੀ ਜੀ ਨੇ ਆਪਣੇ ਸੰਪਾਦਕ ਜੀਵਨ ਦੀ ਸ਼ੁਰੂਆਤ ‘ਕਰਮਯੋਗੀ’ ਨਾਮਕ ਰਸਾਲੇ ਨਾਲ਼ ਕੀਤੀ। ਉਨ੍ਹਾਂ ਨੇ ਸਮੇਂ-ਸਮੇਂ ‘ਤੇ ‘ਸੁਵਰਾਜਯ’ , ‘ਅਭਯੂਦੈ’ , ‘ਹਿਤਵਾਰਤਾ’ ਆਦਿ ਟਾਕੀ ਰਸਾਲਿਆਂ, ਅਖ਼ਬਾਰਾਂ ਵਿੱਚ ਵੀ ਲੇਖ-ਟਿੱਪਣੀਆਂ ਲਿਖੀਆਂ। ਕੁੱਝ ਦਿਨ ਉਹ ‘ਸਰਸਵਤੀ’ ਦੇ ਸਹਾਇਕ ਸੰਪਾਦਕ ਵੀ ਰਹੇ। ਮੁੱਖ ਤੌਰ ‘ਤੇ ਵਿਦਿਆਰਥੀ ਜੀ ਨੇ ‘ਪ੍ਰਤਾਪ’ ਨਾਮਕ ਪਰਚੇ ਦੇ ਸੰਪਾਦਨ ਦਾ ਕੰਮ ਕੀਤਾ। ਆਪਣੇ ਲੋਕਪੱਖੀ ਕਿਰਦਾਰ ਅਤੇ ਜੁਝਾਰੂਪਨ ਦੇ ਦਮ ‘ਤੇ ਉਨ੍ਹਾਂ ਨੇ ‘ਪ੍ਰਤਾਪ’ ਨੂੰ ਭਾਰਤੀ ਆਮ ਸਮਾਜ ਦੇ ਪ੍ਰਗਟਾਵੇ ਦਾ ਇੱਕ ਕੇਂਦਰ ਬਣਾ ਦਿੱਤਾ। ‘ਪ੍ਰਤਾਪ’ ਦਾ ਵਿਸ਼ਾਵਸਤੂ , ਭੂਮਿਕਾ ਅਤੇ ਵਿਸ਼ਾਲ ਪ੍ਰਸਾਰ ਦੀ ਗਿਣਤੀ ਨੂੰ ਵੇਖਦੇ ਹੋਏ ਜੇਕਰ ਉਸਨੂੰ ਹਿੰਦੀ ਦਾ ਪਹਿਲਾ ਕੌਮੀ ਰਸਾਲਾ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ‘ਪ੍ਰਤਾਪ’  ਦੇ ਲੇਖਾਂ ਨੇ ਕੌਮੀਂ ਜਾਗ ਦੇ ਸੁਨੇਹੇ ਨੂੰ ਜਨ-ਸਧਾਰਨ ਤੱਕ ਪਹੁੰਚਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੌਮੀਂ ਲਹਿਰ ਦੇ ਨਾਲ – ਨਾਲ ਵਿਦਿਆਰਥੀ ਜੀ ਤਾਂ ਸਮਾਜਿਕ , ਆਰਥਿਕ , ਸੱਭਿਆਚਾਰਕ ਅਤੇ ਕੌਮਾਂਤਰੀ ਸਵਾਲਾਂ ਉੱਤੇ ਲਿਖਦੇ ਹੀ ਸਨ , ਸਗੋਂ ਉਸ ਦੌਰ ਦੇ ਹੋਰ ਮਹੱਤਵਪੂਰਨ ਲੇਖਕਾਂ – ਸਾਹਿਤਕਾਰਾਂ ਨੇ ਵੀ ‘ਪ੍ਰਤਾਪ’ ਦੀ ਧਾਰ ਨੂੰ ਤੇਜ਼ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ । ਭਗਤ ਸਿੰਘ ਅਤੇ ਉਹਨਾਂ ਦੀ ਧਾਰਾ ਬਾਰੇ ਤਾਂ ਸਭ ਜਾਣਦੇ ਹਨ ਕਿ ‘ਪ੍ਰਤਾਪ’ ਉਹਨਾਂ ਲਈ ਮੁੱਡਲਾ ਸਕੂਲ ਸੀ। ਇਸ ਤੋਂ ਇਲਾਵਾ ‘ਪ੍ਰਤਾਪ’ ਪ੍ਰੈਸ ਵੱਲੋਂ ਉਸ ਦੌਰ ਦਾ ਮਹੱਤਵਪੂਰਨ ਸਾਹਿਤ ਵੀ ਪ੍ਰਕਾਸ਼ਿਤ ਹੋਇਆ। ‘ਪ੍ਰਤਾਪ’ ਦਫ਼ਤਰ ਵੱਲੋਂ ਇੱਕ ਜਨਤਕ ਲਾਇਬ੍ਰੇਰੀ ਦਾ ਵੀ ਸੰਚਾਲਨ ਹੁੰਦਾ ਸੀ। ਭਿਅੰਕਰ ਆਰਥਿਕ ਪ੍ਰੇਸ਼ਾਨੀਆਂ, ਜੁਰਮਾਨੇ ਅਤੇ ਜੇਲ੍ਹ ਯਾਤਰਾਵਾਂ ਦੇ ਬਾਵਜੂਦ ਵਿਦਿਆਰਥੀ ਜੀ ਨੇ ਇਹ ਵਿਖਾ ਦਿੱਤਾ ਕਿ ਇੱਕ ਜਮਹੂਰੀ ਪੱਤਰਕਾਰੀ ਦਾ ਮਤਲਬ ਕੀ ਹੁੰਦਾ ਹੈ।

ਵਿਦਿਆਰਥੀ ਜੀ ਕਦੇ ਵੀ ਪੜ੍ਹਨ ਕਮਰਿਆਂ ਦੇ ਪੱਤਰਕਾਰ ਬੁੱਧੀਜੀਵੀ ਨਹੀਂ ਰਹੇ। ਆਪਣੇ ਨਿਡਰ ਲੇਖਨ ਦੇ ਨਾਲ਼-ਨਾਲ਼ ਉਨ੍ਹਾਂ ਨੇ ਲਗਾਤਾਰ ਮਜ਼ਦੂਰ , ਕਿਸਾਨ ਲਹਿਰਾਂ ਵਿੱਚ ਵੀ ਸ਼ਮੂਲੀਅਤ ਕੀਤੀ ਜਿਸਦੇ ਕਾਰਨ ਉਹ ਵਾਰ – ਵਾਰ ਸੱਤਾ ਦੇ ਗੁੱਸੇ ਦੇ ਪਾਤਰ ਬਣੇ , ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਅਤੇ ‘ਪ੍ਰਤਾਪ’ ਉੱਤੇ ਤਾਂ ਹਮੇਸ਼ਾ ਜੁਰਮਾਨੇ ਅਤੇ ਜ਼ਬਤੀ ਦੀ ਤਲਵਾਰ ਲਟਕਦੀ ਹੀ ਰਹਿੰਦੀ ਸੀ। ਇਹੀ ਅਰੁੱਕ ਸਿਲਸਿਲਾ 25 ਮਾਰਚ 1931 ਵਿੱਚ ਫਿਰਕੂ ਦੰਗਾ ਰੋਕਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਸ਼ਹਾਦਤ ਦੇ ਸਮੇਂ ਤੱਕ ਲਗਾਤਾਰ ਜਾਰੀ ਰਿਹਾ। ਧਿਆਨ ਰਹੇ ਇਹ ਦੰਗਾ ਭਗਤ ਸਿੰਘ ਦੀ ਫਾਂਸੀ ਦੇ ਬਾਅਦ ਅੰਗਰੇਜ਼ਾਂ ਨੇ ਹੀ ਭੜਕਾਇਆ ਸੀ ਤਾਂ ਜੋ ਲੋਕ-ਵਿਰੋਧ ਇੱਕਜੁਟ ਨਾ ਹੋ ਜਾਏ।

ਆਪਣੇ ਸਿਆਸੀ ਵਿਚਾਰਾਂ ਵਿੱਚ ਗੋਖਲੇ , ਤਿਲਕ ਅਤੇ ਗਾਂਧੀ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਵਿਦਿਆਰਥੀ ਜੀ ਕਈ ਮਹੱਤਵਪੂਰਨ ਸਵਾਲਾਂ ਉੱਤੇ ਉਹਨਾਂ ਨਾਲ ਸਪੱਸ਼ਟ ਮੱਤਭੇਦ ਵੀ ਰੱਖਦੇ ਸਨ। ਹਿੰਦੂ ਕੌਮਵਾਦ, ਜਾਤ ਦੇ ਸਵਾਲ ਅਤੇ ਹਥਿਆਰਬੰਦ ਇਨਕਲਾਬ ਦੇ ਸਵਾਲ ਉੱਤੇ ਉਹਨਾਂ ਨੇ ਸਮੇਂ – ਸਮੇਂ ‘ਤੇ ਆਪਣੀ ਸਪਸ਼ਟ ਰਾਏ ਰੱਖੀ। ਫਿਰਕਾਪ੍ਰਸਤੀ ਦੇ ਮਸਲੇ ਉੱਤੇ ਉਨ੍ਹਾਂ ਨੇ ਜਿੰਨਾਹ , ਲਾਜਪਤਰਾਏ, ਸਾਵਰਕਰ ਅਤੇ ਭਾਈ ਪਰਮਾਨੰਦ ਦੀ  ਸਿੱਧੀ ਅਲੋਚਨਾ ਕੀਤੀ। ਕਈ ਸਵਾਲਾਂ ਉੱਤੇ ਵਿਦਿਆਰਥੀ ਜੀ ਨੇ ਕਾਂਗਰਸ ਦੀ ਵੀ ਅਲੋਚਨਾ ਰੱਖੀ ਅਤੇ ਜੇਕਰ ਉਹ ਲੰਬੇ ਸਮੇਂ ਤੱਕ ਜਿਉਂਦੇ ਰਹਿੰਦੇ ਤਾਂ ਸ਼ਾਇਦ ਕਾਂਗਰਸ ਤੋਂ ਕਾਫ਼ੀ ਦੂਰ ਖੜੇ ਹੁੰਦੇ , ਜਿਸ ਤਰ੍ਹਾਂ ਪ੍ਰੇਮਚੰਦ ਵੀ ਆਪਣੇ ਰਚਨਾਤਮਕ ਲੇਖਣ ਵਿੱਚ ਕਾਂਗਰਸੀ ਚਰਿੱਤਰ ਦੇ ਦੋਗਲੇਪਨ ਦੀ ਅਲੋਚਨਾ ਕਰਨ ਲੱਗੇ ਸਨ। ਵਿਸ਼ਾਲ ਲੋਕਾਈ ਦੀ ਪਹਿਲਕਦਮੀ ਤੋਂ ਬਿਨਾਂ ਹਥਿਆਰਬੰਦ ਇਨਕਲਾਬ ਦੇ ਸਵਾਲ ਉੱਤੇ ਮੱਤਭੇਦ ਹੋਣ ਦੇ ਬਾਵਜੂਦ ਵਿਦਿਆਰਥੀ ਜੀ ਨੇ ਅਜ਼ਾਦ , ਭਗਤ ਸਿੰਘ ਅਤੇ ਹੋਰ ਇਨਕਲਾਬੀਆਂ ਦਾ ਭਰਪੂਰ ਸਾਥ ਤਾਂ ਦਿੱਤਾ ਹੀ ਨਾਲ ਹੀ ਆਪਣੇ ‘ਰਸਾਲੇ’ ਦੇ ਰੂਪ ਵਿੱਚ ਉਨ੍ਹਾਂ ਦੇ ਲੇਖਣ ਨੂੰ ਇੱਕ ਰੰਗ-ਮੰਚ ਵੀ ਪ੍ਰਦਾਨ ਕੀਤਾ। ਖ਼ਾਸਕਰ ਭਗਤ ਸਿੰਘ ਦੀ ਲੇਖਣੀ ਨੂੰ ਮਾਂਜਣੇ ਵਿੱਚ ਤਾਂ ‘ਪ੍ਰਤਾਪ’ ਦੀ ਭੂਮਿਕਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਵਿਦਿਆਰਥੀ ਜੀ ਮੰਨਦੇ ਸਨ ਕਿ ਸਰਗਰਮ ਲੋਕ ਸ਼ਮੂਲੀਅਤ ਬਿਨਾਂ ਇਲਕਲਾਬ ਸੰਭਵ ਨਹੀਂ ਹੈ , ਆਪਣੇ ਜੇਲ੍ਹ ਦੇ ਦਿਨਾਂ ਵਿੱਚ ਭਗਤ ਸਿੰਘ ਵੀ ਇਸ ਸਿੱਟੇ ਉੱਤੇ ਪਹੁੰਚੇ ਸਨ। ਮਜ਼ਦੂਰ ਲਹਿਰ ਦੇ ਸਵਾਲ ਉੱਤੇ ਵੀ ਇਹਨਾਂ ਦੀ ਸੋਚ ਗਾਂਧੀ ਜੀ ਨਾਲੋਂ ਵੱਖ ਸੀ। ਗਾਂਧੀ ਜੀ ਜਿੱਥੇ ਹੜਤਾਲ ਦੀ ਕਾਰਵਾਈ ਨੂੰ ਹਿੰਸਾ ਦੱਸਕੇ ਉਸਦੇ ਵਿਰੋਧੀ ਸਨ, ਉੱਥੇ ਵਿਦਿਆਰਥੀ ਜੀ ਨੇ ਸੰਨ 1919 ਵਿੱਚ ਕਾਨਪੁਰ ਵਿੱਚ ਵਾਜਬ ਮਜ਼ਦੂਰੀ ਦੇ ਸਵਾਲ ‘ਤੇ 25 ਹਜ਼ਾਰ ਮਜ਼ਦੂਰਾਂ ਦੀ ਹੜਤਾਲ ਨੂੰ ਸਫ਼ਲ ਅਗਵਾਈ ਦਿੱਤੀ ਸੀ। ਉਸ ਸਮੇਂ ਵਿਦਿਆਰਥੀ ਜੀ , ਸ੍ਰੀ ਰਾਧਾਂ ਮੋਹਨ ਗੋਕੁਲ ਜੀ ਅਤੇ ਬਹੁਤ ਥੋੜ੍ਹੇ ਹੀ ਅਜਿਹੇ ਪੱਤਰਕਾਰ ਅਤੇ ਲੇਖਕ ਸਨ ਜਿਨ੍ਹਾਂ ਨੇ ਬਾਲਸ਼ਵਿਜ਼ਮ ਅਤੇ ਅਕਤੂਬਰ ਇਲਕਲਾਬ ਦਾ ਸਵਾਗਤ ਕੀਤਾ ਸੀ। ਕੁਝ ਸਮੇਂ ਤੱਕ ਵਿਦਿਆਰਥੀ ਜੀ ਸੋਵੀਅਤ ਸੰਘ ਵਿੱਚ ਅਰਾਜਕਤਾ ਅਤੇ ਤਾਨਾਸ਼ਾਹੀ ਦੇ ਖ਼ਤਰੇ ਨੂੰ ਲੈ ਕੇ ਸ਼ੰਕੇ  ਵਿੱਚ ਵੀ ਰਹੇ। ਪਰ ਬਾਅਦ ਵਿੱਚ ਉਹ ਇਸ ਭੁਲੇਖੇ ਤੋਂ ਤਰਕਸੰਗਤ ਅਤੇ ਬਾਹਰਮੁਖੀ ਅਧਾਰ ‘ਤੇ ਅਜ਼ਾਦ ਹੋ ਚੁੱਕੇ ਸਨ।  ਮਾਰਕਸਵਾਦੀ ਨਾ ਹੋਣ ਦੇ ਬਾਵਜੂਦ ਉਹ ਸੋਵੀਅਤ ਸੰਘ ਦੇ ਹਮਾਇਤੀ ਸਨ ਅਤੇ ਸੋਵੀਅਤ ਸੰਘ ਨੂੰ ਕੌਮੀ ਮੁਕਤੀ ਘੋਲ਼ਾਂ ਦਾ ਹਮਾਇਤੀ ਮੰਨਦੇ ਸਨ।

ਯਾਦ ਰਹੇ ਕਈ ਥਾਂਵਾਂ ‘ਤੇ ਵਿਦਿਆਰਥੀ ਜੀ ਦੇ ਲੇਖਣ ਵਿੱਚ ਥੋੜ੍ਹੀ ਅਸਪੱਸ਼ਟਤਾ ਵੀ ਦੇਖਣ ‘ਚ ਆਉਂਦੀ ਹੈ , ਅਤੇ ਸੋਵੀਅਤ ਸੰਘ ਦੇ ਸਵਾਲ ‘ਤੇ ਸ਼ੰਕੇ ਦੀ ਝਲਕ ਵੀ ਦਿੱਖਦੀ ਹੈ ( ਬਾਲਸ਼ਵਿਜ਼ਮ ਬਾਰੇ ਸ਼ੁਰੂਆਤੀ ਲੇਖਾਂ ਵਿੱਚ ) । ਇਸਦਾ ਕਾਰਨ ਉਸ ਸਮੇਂ ਦੀ ਸਖ਼ਤ ਸੈਂਸਰਸ਼ਿਪ ਅਤੇ ਸੋਵੀਅਤ ਸੰਘ ਦੇ ਬਾਰੇ ਬੁਰਜੂਆ ਮੀਡੀਏ ਦੇ ਘਨਘੋਰ ਭੰਡੀ ਪ੍ਰਚਾਰ ਵਿੱਚ ਵੇਖਿਆ ਜਾਣਾ ਚਾਹੀਦਾ ਹੈ ( ਖ਼ੁਦ ਵਿਦਿਆਰਥੀ ਜੀ ਨੇ ਇਸਨੂੰ ਮੰਨਿਆ ਹੈ ) ਅਤੇ ਉਨ੍ਹਾਂ ਦੇ ਲੇਖਣ ਦਾ ਲੇਖਾ ਜੋਖਾ ਕਰਦੇ ਸਮੇਂ ਸਾਨੂੰ ਮੁੱਖਧਾਰਾ ਦੀ ਕੌਮੀਂ ਲਹਿਰ ਦੇ ਰਾਜਨੀਤਕ – ਵਿਚਾਰਕ ਵਿਕਾਸ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਮੇਂ ਸਾਪੇਖਤਾ ਨੂੰ ਧਿਆਨ ਵਿੱਚ ਰੱਖਕੇ ਹੀ ਇੱਕ ਠੀਕ ਲੇਖਾ ਜੋਖਾ ਕੀਤਾ ਜਾ ਸਕਦਾ ਹੈ।

ਅੱਜ ਦੀ ਸੜੀ – ਗਲੀ ਪੱਤਰਕਾਰਤਾ ਦੇ ਦੌਰ ਵਿੱਚ ਵਿਦਿਆਰਥੀ ਜੀ ਦੀ ਸਾਰਥਕਤਾ ਬਹੁਤ ਵੱਧ ਗਈ ਹੈ। ਤਬਦੀਲੀ ਦੇ ਨਵੇਂ ਦੌਰ ਦੀਆਂ ਤਿਆਰੀਆਂ ਵਿੱਚ ਲੱਗੇ ਰਚਨਾਕਾਰਾਂ ਲਈ ਗਣੇਸ਼ਸ਼ੰਕਰ ਵਿਦਿਆਰਥੀ ਹੀ ਨਹੀਂ ਸਗੋਂ ਸ੍ਰੀ ਰਾਧਾ ਮੋਹਨ ਗੋਕੁਲ ਜੀ , ਰਾਹੁਲ ਸਾਂਕਰਤਾਇਨ ਅਤੇ ਇੰਜ ਹੀ ਕੌਮੀਂ ਜਾਗ ਦੇ ਯੋਧਿਆਂ ਦੀ ਵਿਰਾਸਤ ਨੂੰ ਵੀ ਅੱਗੇ ਵਧਾਉਣਾ ਇੱਕ ਜ਼ਰੂਰੀ ਕਾਰਜ ਬਣਦਾ ਹੈ। ਇਹ ਲੋਕ ਆਪਣੀਆਂ ਮਾਨਤਾਵਾਂ ਨੂੰ ਸਿਰਫ ਲਿਖਕੇ ਹੀ ਸੰਤੁਸ਼ਟ ਨਹੀਂ ਹੋਏ ਸਗੋਂ ਉਹਨਾਂ ਨੇ ਉਨ੍ਹਾਂ ਨੂੰ ਸੁਭਾਅ ਵਿੱਚ ਅਭਿਆਸ ਵਿੱਚ ਨਿਡਰਤਾਪੂਰਵਕ ਪਾਇਆ ਅਤੇ ਇਸਦੀ ਹਰ ਕੀਮਤ ਚੁਕਾਈ। ਸਾਨੂੰ ਇਤਿਹਾਸ ਅਤੇ ਆਪਣੀ ਇਲਕਲਾਬੀ ਵਿਰਾਸਤ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ। ਨਾਲ ਹੀ ਅਜਿਹੇ ਮਹਾਨ ਨਾਇਕਾਂ ਨੂੰ ਲੋਕਾਂ ਵਿੱਚ ਵੱਧ ਤੋਂ ਵੱਧ ਸਥਾਪਿਤ ਕਰਨਾ ਚਾਹੀਦਾ ਹੈ ਜੋ ਠੀਕ ਅਰਥਾਂ ਵਿੱਚ ਜਨਤਾ ਦੇ ਸੱਚੇ ਹਮਾਇਤੀ ਸਨ। ਇਹ ਵੀ ਜਰੂਰੀ ਹੈ ਕਿ ਅਸੀਂ ਆਪਣੇ ਇਤਿਹਾਸ ਅਤੇ ਵਿਰਾਸਤ ਦੀ ਆਲੋਚਨਾਤਮਕ ਸਮਝ ਦਾ ਵੀ ਨਾਲ਼ ਹੀ ਅਧਿਐਨ ਕਰੀਏ।

ਅਤੇ ਅਖ਼ੀਰ ਵਿੱਚ ਅਜੋਕੇ ਸਮੇਂ ਜੋ ਪੱਤਰਕਾਰ ਅਤੇ ਬੁੱਧੀਜੀਵੀ ਅਗਾਂਹਵਧੂ ਹੋਣ ਦੀ ਕਲਗੀ ਲਾਈ ਘੁੰਮ ਰਹੇ ਹਨ ਅਤੇ ਖ਼ੁਦ ਦੇ ਗਲੇ ਵਿੱਚ ਸਰਮਾਏ ਦਾ ਪਟਾ ਪਾਉਣ ਲਈ ਮੁਕਾਬਲਾ ਕਰ ਰਹੇ ਹਨ, ਵਿਦਿਆਰਥੀ ਜੀ ਦਾ ਲੇਖਣ ਅਤੇ ਪੱਤਰਕਾਰੀ ਉਹਨਾਂ ਦੇ ਲਈ ਇੱਕ ਸ਼ੀਸ਼ੇ ਸਮਾਨ ਹੈ।

ਗਣੇਸ਼ ਸ਼ੰਕਰ ਵਿਦਿਆਰਥੀ ਦੇ ਲੇਖਾਂ ਵਿੱਚੋਂ ਕੁਝ ਉਦਾਹਰਣਾਂ

1 . ਜਿਸ ਦਿਨ ਸਾਡੀ ਆਤਮਾ ਅਜਿਹੀ ਹੋ ਜਾਵੇ , ਕਿ ਅਸੀਂ ਆਪਣੇ ਪਿਆਰੇ ਆਦਰਸ਼ ਤੋਂ ਡਿੱਗ ਜਾਈਏ , ਜਾਣਬੂੱਝਕੇ ਝੂਠ ਦੇ ਪੱਖਪਾਤੀ ਬਣਨ ਦੀ ਬੇਸ਼ਰਮੀ ਕਰੀਏ ਅਤੇ ਉਦਾਰਤਾ , ਅਜ਼ਾਦੀ ਅਤੇ ਨਿਰਪੱਖਤਾ ਨੂੰ ਛੱਡ ਦੇਣ ਦੀ ਕਾਇਰਤਾ ਵਿਖਾਈਏ, ਉਹ ਦਿਨ ਸਾਡੇ ਜੀਵਨ ਦਾ ਸਭ ਤੋਂ ਅਭਾਗਾ ਦਿਨ ਹੋਵੇਗਾ। ( ਪ੍ਰਤਾਪ ਦੀ ਨੀਤੀ , 9 ਨਵੰਬਰ , 1913 )

2 . ਕੌਮ ਮਹਿਲਾਂ ਵਿੱਚ ਨਹੀਂ ਰਹਿੰਦੀ , ਕੁਦਰਤੀ ਹੀ ਕੌਮ ਦਾ ਰਹਿਣ-ਬਸੇਰਾ ਉਹ ਅਣਗਿਣਤ ਝੌਪੜੀਆਂ ਹਨ , ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਫੈਲੀਆਂ, ਹੋਈਆਂ ਖੁੱਲੇ ਅਕਾਸ਼ ਦੇ ਰੋਸ਼ਨ ਸੂਰਜ, ਸ਼ੀਤ ਚੰਦ ਅਤੇ ਤਾਰਾਸਮੂਹ ਤੋਂ ਕੁਦਰਤ ਦਾ ਸੁਨੇਹਾ ਲੈਂਦੀਆਂ ਹਨ ਅਤੇ ਇਸ ਲਈ ਕੌਮ ਦਾ ਮੰਗਲ ਅਤੇ ਉਸਦੀ ਜੜ੍ਹ ਉਸ ਸਮੇਂ ਤੱਕ ਮਜ਼ਬੂਤ ਨਹੀਂ ਹੋ ਸਕਦੀ , ਜਦੋਂ ਤੱਕ ਇਸ ਅਣਗਿਣਤ ਲਹਿਰਾਉਂਦੇ ਪੌਦਿਆਂ ਦੀਆਂ ਜੜਾਂ ਵਿੱਚ ਜੀਵਨ ਦਾ – ਮਜ਼ਬੂਤੀ ਦਾ – ਪਾਣੀ ਨਹੀਂ ਸਿੰਜਿਆ ਜਾਂਦਾ। ਭਾਰਤੀ ਕੌਮ ਦੀ ਉਸਾਰੀ ਲਈ ਉਸਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਿੰਦਗੀ ਦੀ ਲੋਅ ਦੀ ਜ਼ਰੂਰਤ ਹੈ। ( ਕੌਮ ਦੀ ਨੀਂਹ , 28 ਜੂਨ , 1915 )

3 . ਅਸੀ ਨਾ ਹਿੰਦੂ ਹਾਂ , ਅਤੇ ਨਾ ਹੀ ਮੁਸਲਮਾਨ। ਮਾਤਭੂਮੀ ਦਾ ਕਲਿਆਣ ਹੀ ਸਾਡਾ ਧਰਮ ਹੈ ਅਤੇ ਉਸਨੂੰ ਕੈਦ ਕਰਨ ਵਾਲਿਆਂ ਦਾ ਸਾਹਮਣਾ ਕਰਨਾ ਹੀ ਸਾਡਾ ਕਰਮ। ਪੰਡਤ ਹੋਵੇ ਜਾਂ ਮੌਲਵੀ , ਧਰਮ ਹੋਵੇ ਜਾਂ ਕਰਮ ਮਾਤਭੂਮੀ ਦੇ ਹਿੱਤ ਦੇ ਵਿਰੁੱਧ ਕਿਸੇ ਦਾ ਵੀ ਢਾਂਚਾ ਸਾਨੂੰ ਮੰਜੂਰ ਨਹੀਂ— ਦੁਨੀਆਂ ਭਰ ਦੇ ਅਡੰਬਰਾਂ ਦੀ ਛਾਂ ਵਿੱਚ ਆਪਣੇ ਟੀਚਿਆਂ ਵੱਲ ਵਧਣ ਦੀ ਇੱਛਾ ਰੱਖਣਾ ਭੁਲੇਖੇ ਵਿੱਚ ਪੈਣੀ ਹੈ। ਅਜ਼ਾਦੀ ਦੀ ਜੰਗ ਅੰਦਰ ਅਤੇ ਬਾਹਰ ਦੋਨਾਂ ਜਗ੍ਹਾ ਹੋਣੀ ਚਾਹੀਦੀ ਹੈ। ( ਮੁਸ਼ਕਿਲ ਸਮੱਸਿਆ , 12 ਨਵੰਬਰ , 1917 )

4 . ਸਾਨੂੰ ਸੱਚ ਦੀ ਵੀ ਲਾਜ਼ ਰੱਖਣੀ ਚਾਹੀਦੀ ਹੈ। ਸਿਰਫ਼ ਆਪਣੀ ਮੱਖਣ-ਰੋਟੀ ਲਈ ਦਿਨ-ਭਰ ਵਿੱਚ ਕਈ ਰੰਗ ਬਦਲਣੇ ਠੀਕ ਨਹੀਂ। ਦੇਸ਼ਭਰ ਵਿੱਚ ਵੀ ਬਦਕਿਸਮਤੀ ਨਾਲ਼ ਅਖ਼ਬਾਰਾਂ ਅਤੇ ਪੱਤਰਕਾਰਾਂ ਲਈ ਇਹੀ ਰਸਤਾ ਬਣਦਾ ਹੈ। ਹਿੰਦੀ ਰਸਾਲਿਆਂ ਦੇ ਸਾਹਮਣੇ ਵੀ ਇਹੀ ਲਕੀਰ ਖਿੱਚੀ ਜਾ ਰਹੀ ਹੈ। ਉੱਥੇ ਵੀ ਬਹੁਤ ਸਾਰੇ ਅਖ਼ਬਾਰ ਆਮ ਲੋਕਾਂ ਦੀ ਭਲਾਈ ਲਈ ਨਹੀਂ ਰਹੇ। ਆਮ ਲੋਕ ਉਨ੍ਹਾਂ ਦੇ ਪ੍ਰਯੋਗ ਦੀ ਚੀਜ਼ ਬਣਦੇ ਜਾ ਰਹੇ ਹਨ। ( ਸੰਪਾਦਕ – ‘ਕਲਾ ਨਾਮਕ’ ਕਿਤਾਬ ਦੀ ਭੂਮਿਕਾ ‘ਚੋਂ , 1930 )

5 . ਕੁਝ ਲੋਕ ‘ਹਿੰਦੂ ਕੌਮ’ – ‘ਹਿੰਦੂ ਕੌਮ’ ਚੇਕਦੇ ਹਨ। ਸਾਨੂੰ ਮਾਫ ਕੀਤਾ ਜਾਵੇ , ਜੇਕਰ ਅਸੀਂ ਕਹੀਏ – ਨਹੀਂ , ਅਸੀ ਇਸ ਗੱਲ ਉੱਤੇ ਜ਼ੋਰ ਦਈਏ– ਕਿ ਉਹ ਇੱਕ ਬਹੁਤ ਵੱਡੀ ਗ਼ਲਤੀ ਕਰ ਰਹੇ ਹਨ ਅਤੇ ਉਹਨਾਂ ਨੇ ਹੁਣ ਤੱਕ ‘ਕੌਮ’ ਸ਼ਬਦ ਦੇ ਅਰਥ ਹੀ ਨਹੀਂ ਸਮਝੇ। ਅਸੀਂ ਜੋਤਸ਼ੀ ਨਹੀਂ , ਪਰ ਹਾਲਾਤ ਸਾਨੂੰ ਇਹ ਕਹਿੰਦੇ ਹਨ ਕਿ ਹੁਣ ਸੰਸਾਰ ਵਿੱਚ ‘ਹਿੰਦੂ ਕੌਮ’ ਨਹੀਂ ਹੋ ਸਕਦੀ , ਕਿਉਂਕਿ ਕੌਮ ਦਾ ਹੋਣਾ ਉਸ ਸਮੇਂ ਸੰਭਵ ਹੈ ਜਦੋਂ ਦੇਸ਼ ਦੀ ਸੱਤਾ ਦੇਸ਼ਵਾਲਿਆਂ ਦੇ ਹੱਥ ਵਿੱਚ ਹੋਵੇ ਅਤੇ ਜੇਕਰ ਮੰਨ ਲਿਆ ਜਾਵੇ ਕਿ ਭਾਰਤ ਅਜ਼ਾਦ ਹੋ ਜਾਵੇ ਜਾਂ ਇੰਗਲੈਂਡ ਉਸਨੂੰ ਬਸਤੀਵਾਦ ਤੋਂ ਅਜ਼ਾਦੀ ਦੇ ਦੇਵੇ , ਤਾਂ ਵੀ ਹਿੰਦੂ ਹੀ ਭਾਰਤੀ ਕੌਮ ਦੇ ਸਭ ਕੁੱਝ ਨਹੀਂ ਹੋਣਗੇ।(ਰਾਸ਼ਟਰੀਯਿਤਾ , 21 ਜੂਨ , 1915)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements