ਇੱਕ ਹੋਰ ਸ਼ਰਮਨਾਕ ਹਾਦਸਾ ਜੋ ਸਵਾਲ ਬਣ ਸਾਡੇ ਮੱਥੇ ਉੱਪਰ ਉੱਕਰਿਆ ਗਿਆ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

28 ਅਪ੍ਰੈਲ ਨੂੰ ਇੱਕ ਹੋਰ ਸ਼ਰਮਨਾਕ ਹਾਦਸਾ ਸਵਾਲ ਬਣਕੇ ਸਾਡੇ ਮੱਥੇ ਉੱਪਰ ਉੱਕਰਿਆ ਗਿਆ ਹੈ। ਇੱਕ ਸ਼ਰਮਨਾਕ ਹਾਦਸਾ ਜਿਸ ਵਿੱਚ ਲੂ-ਕੰਡੇ ਖੜੇ ਕਰਦੀ ਦਹਿਸ਼ਤ, ਗਾਲ਼ ਵਰਗੀ ਨਫਰਤ ਤੇ ਇੱਕ ਜੜਕਦੀ ਹੋਈ ਨਮੋਸ਼ੀ ਦਾ ਰਲ਼ਿਆ-ਮਿਲ਼ਿਆ ਅਹਿਸਾਸ ਹੈ। ਇਹ ਅਹਿਸਾਸ ਸਵਾਲ ਬਣ ਚੁਭਦਾ ਹੋਇਆ ਸਾਥੋਂ ਇਸ ਗੱਲ ਦਾ ਜਵਾਬ ਮੰਗ ਰਿਹਾ ਹੈ ਕਿ ਇਸ ਸਭ ਦਰਮਿਆਨ ਅਸੀਂ ਆਪਣੇ ਜੀਣ ਲਈ ਕੀ ਚੁਣਿਆ ਹੈ?

ਇਸ ਸ਼ਰਮਨਾਕ ਹਾਦਸੇ ਦੀ ਸ਼ਿਕਾਰ ਦੀ ਕੋਈ ਖਾਸ ਪਛਾਣ ਨਹੀਂ ਸੀ। ਉਹ ਭਾਰਤ ਦੇ ਹਾਸ਼ੀਏ ‘ਤੇ ਧੱਕੀ ਅੱਧੀ ਅਬਾਦੀ ਦਾ ਕਿਣਕਾ ਭਰ ਵੀ ਨਹੀਂ ਸੀ। ਉਹਦੀ ਸਮਾਜਿਕ ਪਛਾਣ ਨਾਲ਼ ਲੱਗਿਆ ‘ਦਲਿਤ’ ਦਾ ਠੱਪਾ ਇਸ ਅੱਧੀ ਅਬਾਦੀ ਵਿੱਚੋਂ ਵੀ ਉਸਨੂੰ ਹੋਰ ਵੀ ਮਹੱਤਵਹੀਣ ਬਣਾ ਦਿੰਦਾ ਹੈ। ਕਹਿਣ ਨੂੰ ਤਾਂ ਉਹ ਵੀ ਰੋਜ਼ ਵਰਗੀ ਹੀ ਇੱਕ ਹੋਰ ਖ਼ਬਰ ਹੀ ਹੈ। ਰੋਜ਼ਨਾ ਸਰਕਾਰੀ ਰਜਿਸਟਰਾਂ ਵਿੱਚ ਦਰਜ ਹੁੰਦੀਆਂ ਬਲਾਤਕਾਰ ਦੀਆਂ 93 ਘਟਨਾਵਾਂ ਵਾਂਗ ਉਹ ਵੀ 28 ਅਪ੍ਰੈਲ ਦੇ ਇੱਕ ਆਮ ਜਿਹੇ ਦਿਨ ਸਰਕਾਰੀ ਰਜਿਸਟਰ ਉੱਪਰ ਉੱਕਰੇ ਗਏ 93 ਨਾਮਾਂ ਵਿੱਚੋਂ ਇੱਕ ਸਧਾਰਨ ਜਿਹਾ ਨਾਮ ਹੀ ਹੈ। ਉਸਦਾ ਕਸੂਰ ਬੱਸ ਇੰਨਾ ਕੁ ਸੀ ਕਿ ਉਹ ਇੱਕ ਔਰਤ ਬਣ ਅਜਿਹੇ ਸਮਾਜ ਵਿੱਚ ਜੰਮੀ ਜਿੱਥੇ ਬਘਿਆੜ ਦੇ ਮੂੰਹੋਂ ਟਪਕਦੀ ਲਾਰ ਵਰਗੀ ਹਵਸ ਨਾਲ਼ ਔਰਤਾਂ ਨੂੰ ਵੇਖਿਆ ਜਾਂਦਾ ਹੈ।

ਕੇਰਲਾ ਦੇ ਪੇਰੂੰਬਾਵੂਰ ਵਿਖੇ ਇੱਕ ਦਲਿਤ ਪਰਿਵਾਰ ਦੀ ਮਾਂ ਦਿਨ-ਭਰ ਕੰਮ ਕਰਨ ਮਗਰੋਂ ਥੱਕੀ-ਹਾਰੀ 8.30 ਵਜੇ ਦੇ ਕਰੀਬ ਘਰ ਵੱਲ ਜਾ ਰਹੀ ਹੈ। ਘਰ ਵਿੱਚ ਉਸਦੀ 30 ਸਾਲਾ ਧੀ ਜੀਸ਼ਾ ਉਸਨੂੰ ਉਡੀਕ ਰਹੀ ਹੋਵੇਗੀ। ਜੀਸ਼ਾ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ ਤੇ ਵਕੀਲ ਬਣਕੇ ਆਪਣੇ ਵਰਗੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲੜਨਾ ਚਾਹੁੰਦੀ ਹੈ। ਘਰ ਪਹੁੰਚ ਕੇ ਉਹ ਮਾਂ ਜੋ ਦ੍ਰਿਸ਼ ਦੇਖਦੀ ਹੈ ਉਹ ਉਸਦੇ ਅੰਦਰ ਦਹਿਸ਼ਤ ਭਰੀ ਕੰਬਣੀ ਛੇੜ ਦਿੰਦਾ ਹੈ ਤੇ ਇੱਕ ਜਕੜਨ ਉਸ ਉੱਪਰ ਹਾਵੀ ਹੋ ਜਾਂਦੀ ਹੈ। ਲਹੂ ਦੇ ਛੱਪੜ ਵਿੱਚ ਉਸਦੀ ਧੀ ਵਰਗਾ ਇੱਕ ਬੇਪਛਾਣ ਜਿਹਾ ਜਿਸਮ ਬੇਹਰਕਤ ਪਿਆ ਹੈ। ਹਾਂ, ਇਹ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਸੁਪਨੇ ਬੁਣਨ ਵਾਲ਼ੀ ਜੀਸ਼ਾ ਦਾ ਹੀ ਜਿਸਮ ਹੈ। ਕੁੱਝ ਵਹਿਸ਼ੀ ਦਰਿੰਦਿਆਂ ਵੱਲੋਂ ਉਸ ਨਾਲ਼ ਬਲਾਤਕਾਰ ਮਗਰੋਂ ਤੇਜਧਾਰ ਹਥਿਆਰਾਂ ਨਾਲ਼ ਉਸਦੇ ਜਿਸਮ ਉੱਪਰ ਉਸਦੀ ਉਮਰ ਜਿੰਨੇ 30 ਜਖਮ ਵਿੰਨੇ ਦਿੱਤੇ ਗਏ ਹਨ। ਉਸਦੀਆਂ ਗੱਲਾਂ, ਛਾਤੀਆਂ ਤੇ ਸਿਰ ਬੁਰੀ ਤਰ੍ਹਾਂ ਟੁੱਕਿਆ ਪਿਆ ਹੈ ਤੇ ਉਸਦੇ ਜਿਸਮ ਨੂੰ ਚੀਰ ਕੇ ਉਸਦੀਆਂ ਅੰਤੜੀਆਂ ਬਾਹਰ ਕੱਢ ਲਈਆਂ ਗਈਆਂ ਹਨ। ਉਸ ਇਕਲੌਤੀ ਮਾਂ ਦੀ ਦੁਨੀਆਂ ਉੱਜੜ ਚੁੱਕੀ ਹੈ ਤੇ ਮਨੁੱਖਤਾ ਸ਼ਰਮਸ਼ਾਰ ਹੋਈ ਰਾਤ ਦੇ ਹਨੇਰ੍ਹੇ ਵਿੱਚ ਮੂੰਹ ਲੁਕਾਉਣ ਦਾ ਯਤਨ ਕਰ ਰਹੀ ਹੈ…

ਕੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਇਸ ਮਨੁੱਖਦੋਖੀ ਤੇ ਮੁਨਾਫਾ ਕੇਂਦਰਤ ਢਾਂਚੇ ਵੱਲੋਂ ਪੈਦਾ ਕੀਤਾ ਆਤਮਕ ਨਿਘਾਰ ਇਸ ਪੱਧਰ ‘ਤੇ ਵੀ ਜਾ ਸਕਦਾ ਹੈ ਕਿ ਬਲਾਤਕਾਰ ਤੋਂ ਮਗਰੋਂ ਮਾਸ ਚੂੰਡਣ ਵਾਲ਼ੇ ਜਾਨਵਰਾਂ ਤੋਂ ਵੀ ਭੈੜੇ ਤਰੀਕੇ ਨਾਲ਼ ਉਸ ਕੁੜੀ ਦਾ ਕਤਲ ਕੀਤਾ ਜਾਂਦਾ ਹੈ? ਕੀ ਇਸ ਘਟਨਾ ਦੇ ਵੇਰਵੇ ਸੁਣ ਕੇ ਹਰ ਸੰਵੇਦਨਸ਼ੀਲ ਮਨੁੱਖ ਇੱਕ ਵਾਰ ਸੁੰਨ ਨਹੀਂ ਹੋ ਜਾਵੇਗਾ? ਕੀ ਇਹਨਾਂ ਸ਼ਬਦਾਂ ਨੂੰ ਪੜ੍ਹਦਿਆਂ ਤੁਹਾਡੀਆਂ ਅੱਖਾਂ ‘ਚ ਹੰਝੂ ਤੇ ਲਹੂ ਇਕੱਠਿਆਂ ਉਬਾਲ਼ੇ ਨਹੀਂ ਲੈ ਰਹੇ? ਮਨੁੱਖ ਹੋਣ ਦੀਆਂ ਸ਼ਰਤਾਂ ਗਵਾ ਚੁੱਕੇ ਅਜਿਹਾ ਕਾਰਾ ਕਰਨ ਵਾਲ਼ੇ ਹੈਵਾਨਾਂ ਲਈ ਵੀ ਮੌਤ ਦੀ ਸਜ਼ਾ ਖਤਮ ਕਰਨ ਦੀ ਮੰਗ ਕਰਨ ਵਾਲ਼ੇ ਇਸ ਉੱਪਰ ਕੀ ਬੋਲਣਗੇ?

ਜੀਸ਼ਾ ਮਨੁੱਖਦੋਖੀ ਢਾਂਚੇ ਦੇ ਇਸ ਅਣਮਨੁੱਖੀ ਨੈਤਿਕ ਨਿਘਾਰ ਦੇ ਦੌਰ ਵਿੱਚ ਵਹਿਸ਼ੀਪੁਣੇ ਦੀ ਇਕਲੌਤੀ ਸ਼ਿਕਾਰ ਨਹੀਂ ਹੈ। ਇਹਨਾਂ ਹੀ ਦਿਨਾਂ ਵਿੱਚ ਰਾਜਸਥਾਨ ਦੇ ਇੱਕ ਪਿੰਡ ‘ਚੋਂ 12ਵੀਂ ਜਮਾਤ ਕਰਨ ਮਗਰੋਂ ਅਗਲੇਰੀ ਪੜ੍ਹਾਈ ਲਈ ਜਾਣ ਵਾਲ਼ੀ ਪਿੰਡ ਦੀ ਪਹਿਲੀ ਕੁੜੀ 17 ਸਾਲਾ ਡੈਲਟਾ ਮੇਘਵਾਲ ਦਾ ਉਸਦੇ ਕਾਲਜ ‘ਚ ਬਲਾਤਕਾਰ ਮਗਰੋਂ ਕਤਲ ਕੀਤਾ ਗਿਆ ਤੇ ਮੁੜ ਉਸਨੂੰ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਵੀ ਜ਼ੋਰ ਲਾਇਆ ਗਿਆ। ਅਸਾਮ ਦੇ ਮਾਰਗੇਰੀਤਾ ਸ਼ਹਿਰ ਵਿੱਚ 20 ਸਾਲਾ ਚੰਪਾ ਛੇਤਰੀ 28 ਅਪ੍ਰੈਲ ਨੂੰ ਗੁੰਮ ਹੁੰਦੀ ਹੈ ਤੇ 3 ਮਈ ਨੂੰ ਨਹਿਰ ਵਿੱਚ ਉਸਦੀ ਲਾਸ਼ ਮਿਲ਼ਦੀ ਹੈ। ਉਸ ਨਾਲ਼ ਬਲਤਾਕਾਰ ਮਗਰੋਂ ਉਸਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੁੜ ਉਸਦੀ ਲਾਸ਼ ਨੂੰ ਨਹਿਰ ਵਿੱਚ ਵਹਾਅ ਦਿੱਤਾ ਜਾਂਦਾ ਹੈ। ਅਜਿਹੀਆਂ ਅਨੇਕਾਂ ਘਟਨਾਵਾਂ ਤੋਂ ਬਿਨਾਂ ਸਮੂਹਿਕ ਬਲਾਤਕਾਰ, ਪਰਿਵਾਰ ਮੈਂਬਰ ਜਾਂ ਜਾਣੂ ਵੱਲੋਂ ਬਲਾਤਕਾਰ, ਕੁੱਟਮਾਰ, ਛੇੜਛਾੜ, ਜ਼ਿੰਦਗੀ ਦੇ ਹਰ ਕਦਮ ‘ਤੇ ਪਾਬੰਦੀਆਂ ਜਿਹੇ ਔਰਤ ਵਿਰੋਧੀ ਸ਼ਰਮਨਾਕ ਕਾਰਿਆਂ ਦੀ ਇੰਨੀ ਲੰਬੀ ਸੂਚੀ ਤਿਆਰ ਹੋ ਸਕਦੀ ਹੈ ਕਿ ਪੜ੍ਹਦਿਆਂ-ਪੜ੍ਹਦਿਆਂ ਮਨੁੱਖ ਅੰਦਰਲੀ ਸੰਵੇਦਨਾ ਸੁੰਨ ਹੋ ਜਾਵੇ ਤੇ ਸ਼ਾਇਦ ਤੁਹਾਨੂੰ ਆਪਣੇ ਮਨੁੱਖ ਹੋਣ ‘ਤੇ ਹੀ ਯਕੀਨ ਹੋਣੋਂ ਹਟ ਜਾਵੇ।

ਇਹਨਾਂ ਸਾਰੀਆਂ ਘਟਨਾਵਾਂ ‘ਤੋਂ 16 ਦਸੰਬਰ, 2012 ਦਾ ਦਿੱਲੀ ਬਲਤਾਕਾਰ ਕਾਂਡ ਚੇਤੇ ਆਉਂਦਾ ਹੈ ਜਿਸਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਸ ਘਟਨਾ ਨੂੰ ਤਾਂ ਹੁਣ ਸਮਾਂ ਬੀਤ ਚੁੱਕਿਆ ਹੈ, ਦੋਸ਼ੀਆਂ ਨੂੰ ਸਜ਼ਾ ਵੀ ਮਿਲ਼ ਚੁੱਕੀ ਹੈ। ਉਹ ਵੀ ਚੇਤਿਆਂ ‘ਚ ਵਸੀ ਇੱਕ ਖ਼ਬਰ ਬਣਕੇ ਰਹਿ ਗਿਆ ਹੈ। ਪਰ ਉਸਦੇ ਦੋਸ਼ੀਆਂ ਦੇ ਕਦਮਾਂ ਨੇ ਨਵੇ ਭੇਸ ਵਿੱਚ ਨਵੇਂ ਠਿਕਾਣੇ ਆਣ ਫੇਰ ਦਸਤਕ ਦਿੱਤੀ ਹੈ। ਇਹਨਾਂ ਕਦਮਾਂ ਦੇ ਵੀ ਫਾਂਸੀ ਦੇ ਤਖਤੇ ‘ਤੇ ਪੁੱਜਣ ਮਗਰੋਂ ਇਹਨਾਂ ਕਦਮਾਂ ਦੀ ਚਾਪ ਵਾਰ-ਵਾਰ ਸੁਣਾਈ ਦਿੰਦੀ ਰਹਿਣੀ ਹੈ ਤੇ ਅਜਿਹੇ ਕਦਮਾਂ ਦੇ ਹਰ ਸਫਰ ਨੇ ਇਸ ਸੰਵੇਦਨਹੀਣਤਾ ਦੇ ਦੌਰ ਵਿੱਚ ਬਚੇ-ਖੁਚੇ ਮਨੁੱਖਾਂ ਦੇ ਮੱਥਿਆਂ ਉੱਪਰ ਵਾਰ-ਵਾਰ ਸਵਾਲ਼ ਬਣਕੇ ਉੱਕਰਿਆ ਜਾਣਾ ਹੈ। ਕੀ ਅਸੀਂ ਸਿਰਫ ਦੋਸ਼ੀ ਨੂੰ ਸਜ਼ਾ ਹੋਣ ‘ਤੇ ਸੰਤੁਸ਼ਟੀ ਪ੍ਰਗਟਾਅ ਕੇ ਚੁੱਪ ਬੈਠ ਜਾਵਾਂਗੇ? ਕੀ ਵਾਰ-ਵਾਰ ਵਾਪਰਦੀਆਂ ਇਹਨਾਂ ਅਣਮਨੁੱਖੀ ਘਟਨਾਵਾਂ ਤੋਂ ਤੰਗ ਆ ਕੇ ਆਪਣੇ ਅੰਦਰਲੇ ਮਨੁੱਖ ਨੂੰ ਆਪਣੇ ਅੰਦਰਲੇ ਪਸ਼ੂਪੁਣੇ ਅੱਗੇ ਗੋਡੇ ਟੇਕਣ ਦਿੰਦਿਆਂ ਆਪਣੇ ਲਈ ਇੱਕ ਨਿੱਘਾ ਕੋਨਾ ਚੁਣ ਕੇ ਆਪਣੀ ਸੁਖੀ ਜ਼ਿੰਦਗੀ ਦੇ ਸੁਪਨੇ ਬੁਣਨ ਦੇ ਯਤਨਾਂ ‘ਚ ਜ਼ਿੰਦਗੀ ਬਿਤਾਈ ਜਾ ਸਕਦੀ ਹੈ? ਕੀ ਜ਼ਿੰਦਗੀ ਦੀਆਂ ਫੌਰੀ ਲੋੜਾਂ ਇਹ ਨਹੀਂ ਹਨ ਕਿ ਬਾਕੀ ਕੰਮਾਂ ਨਾਲ਼ੋਂ ਪਹਿਲਾਂ ਅਜਿਹੇ ਵਹਿਸ਼ੀ ਕਿਸਮ ਦੇ ਜੁਰਮਾਂ ਨੂੰ ਜਨਮ ਦਿੰਦੇ ਇਸ ਗਲ਼-ਸੜ ਚੁੱਕੇ ਸਰਮਾਏਦਾਰਾ ਨਿਜ਼ਾਮ ਦੀ ਇਨਕਲਾਬੀ ਤਬਦੀਲੀ ਦੀ ਜਿੰਮੇਵਾਰੀ ਨੂੰ ਸਿਰ ਮੱਥੇ ਟੱਕਰਿਆ ਜਾਵੇ?

ਜਿਹਨਾਂ ਲੋਕਾਂ ਲਈ ਔਰਤ ਮੋਢਿਆਂ ਤੋਂ ਸ਼ੁਰੂ ਹੋਕੇ ਗੋਡਿਆਂ ਤੱਕ ਮੁੱਕਦਾ ਇੱਕ ਹੱਡ-ਮਾਸ ਦਾ ਲੋਥੜਾ ਹੈ ਜਿਸਨੂੰ ਆਪਣੇ ਅੰਦਰਲੀ ਅੱਗ ਮੱਠੀ ਕਰਨ ਲਈ ਵਰਤਿਆ ਜਾ ਸਕਦਾ ਹੈ, ਜਿਸ ਉੱਪਰ ਅਸ਼ਲੀਲ ਲਤੀਫੇ ਘੜੇ ਜਾ ਸਕਦੇ ਹਨ, ਪੋਰਨ ਫਿਲਮਾਂ ਵੇਖਦੇ ਹੋਏ ਉਸਦੀਆਂ ਚੀਕਾਂ ਤੋਂ ਇੱਕ ਸਨਕੀ ਅਨੰਦ ਲਿਆ ਜਾ ਸਕਦਾ ਹੈ ਉਹਨਾਂ ਲਈ ਜੀਸ਼ਾ ਸਿਰਫ ਅਖ਼ਬਾਰ ਇੱਕ ਦੀ ਖ਼ਬਰ ਹੈ ਜਿਸਨੇ ਰੱਦੀ ਦੀ ਟੋਕਰੀ ਵਿੱਚ ਜਾ ਬਹਿਣਾ ਹੈ। ਸਗੋਂ ਅਜਿਹੇ ਲੋਕਾਂ ਦੀ ਤਾਂ ਜੀਸ਼ਾ ਦੇ ਦੋਸ਼ੀਆਂ ਨਾਲ਼ ਇੱਕ ਨੇੜਤਾ ਹੈ, ਉਹਨਾਂ ਵਿਚਕਾਰ ਬੱਸ ਇੱਕ ਮਹੀਨ ਧਾਗੇ ਦਾ ਫਾਸਲਾ ਹੈ। ਮਨ ਦੇ ਕਿਸੇ ਅੰਦਰਲੇ ਕੋਨੇ ‘ਚ ਉਹ ਵੀ ਦੇਰ-ਸਵੇਰ ਮੌਕਾ ਮਿਲਣ ‘ਤੇ ਜੀਸ਼ਾ ਦੇ ਦੋਸ਼ੀਆਂ ਦੀ ਥਾਂ ਲੈਣ ਨੂੰ ਤਿਆਰ ਬੈਠੇ ਹਨ। ਪਰ ਜੇ ਸੰਵੇਨਦਨਹੀਣਤਾ ਦੇ ਇਸ ਦੌਰ ‘ਚ ਤੁਹਾਡੇ ਅੰਦਰ ਮਨੁੱਖੀ ਸੰਵੇਦਨਾ ਦੀ ਕੋਈ ਚਿਣਗ ਬਚੀ ਹੋਈ ਹੈ ਤੇ ਤੁਸੀਂ ਉਸਨੂੰ ਇੱਕ ਲਟ-ਲਟ ਬਲਦੀ ਅੱਗ ਬਣਾਉਣ ਦੀ ਇੱਛਾ ਰੱਖਦੇ ਹੋ ਤਾਂ ਅਜਿਹੀਆਂ ਖ਼ਬਰਾਂ ਸੁਣ ਕੇ ਕਈ ਤਰ੍ਹਾਂ ਦੇ ਸਵਾਲ ਤੁਹਾਡੇ ਜਹਿਨ ‘ਚ ਵੀ ਰੜਕਦੇ ਰਹਿੰਦੇ ਹੋਣਗੇ। ਆਖ਼ਰੀ ਸਾਹ ਲੈਣ ਤੋਂ ਪਹਿਲਾਂ ਦੀਆਂ ਜੀਸ਼ਾ ਦੀਆਂ ਚੀਕਾਂ ਤੁਹਾਡੀ ਵੀ ਨੀਂਦ ਹਰਾਮ ਕਰ ਰਹੀਆਂ ਹੋਣਗੀਆਂ। ਤੁਹਾਨੂੰ ਵੀ ਇਹਨਾਂ ਖ਼ਬਰਾਂ ਬਾਰੇ ਜਾਣ ਕੇ ਲੂ-ਕੰਡੇ ਖੜੇ ਕਰਦੀ ਦਹਿਸ਼ਤ, ਗਾਲ਼ ਵਰਗੀ ਨਫਰਤ ਤੇ ਇੱਕ ਜੜਕਦੀ ਹੋਈ ਨਮੋਸ਼ੀ ਦਾ ਰਲ਼ਿਆ-ਮਿਲ਼ਿਆ ਅਹਿਸਾਸ ਹੋਵੇਗਾ। ਇਹ ਅਹਿਸਾਸ ਮੁੜ ਸਵਾਲ ਬਣ ਚੁਭਦਾ ਹੋਇਆ ਤੁਹਾਡੇ ਕੋਲ਼ੋਂ ਇਸ ਗੱਲ ਦਾ ਜਵਾਬ ਮੰਗਦਾ ਰਹੇਗਾ ਕਿ ਇਸ ਸਭ ਦਰਮਿਆਨ ਤੁਸੀਂ ਆਪਣੇ ਜੀਣ ਲਈ ਕੀ ਚੁਣਿਆ ਹੈ?

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements