ਇੱਕ ਗਊ ਭਗਤ ਨਾਲ ਮੁਲਾਕਾਤ •ਹਰਿਸ਼ੰਕਰ ਪਰਸਾਈ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇੱਕ ਸ਼ਾਮ ਰੇਲਵੇ ਸਟੇਸ਼ਨ ‘ਤੇ ਇੱਕ ਸਵਾਮੀ ਜੀ ਦੇ ਦਰਸ਼ਨ ਹੋ ਗਏ। ਉੱਚੇ, ਗੋਰੇ ਅਤੇ ਤਕੜੇ ਸਾਧੂ ਸਨ, ਚਿਹਰਾ ਲਾਲ। ਭਗਵੇਂ ਰੇਸ਼ਮੀ ਕੱਪੜੇ ਪਾਏ ਹੋਏ ਸਨ। ਨਾਲ ਇੱਕ ਛੋਟੇ ਕੱਦ ਦਾ ਕਿਸ਼ੋਰ ਸਨਿਆਸੀ ਸੀ। ਉਸਦੇ ਹੱਥ ਵਿੱਚ ਟਰਾਂਜਿਸਟਰ ਸੀ ਅਤੇ ਉਹ ਗੁਰੂ ਨੂੰ ਰਫੀ ਦੇ ਗਾਣੇ ਸੁਣਵਾ ਰਿਹਾ ਸੀ।

ਮੈਂ ਪੁੱਛਿਆ -ਸਵਾਮੀ ਜੀ, ਕਿੱਥੇ ਜਾ ਰਹੇ ਹੋ?

ਸਵਾਮੀ ਜੀ ਬੋਲੇ -ਦਿੱਲੀ ਜਾ ਰਹੇ ਹਾਂ, ਬੱਚਾ!

ਸਵਾਮੀ ਜੀ ਗੱਲਬਾਤ ਪੱਖੋਂ ਦਿਲਚਸਪ ਲੱਗੇ। ਮੈਂ ਉਨ੍ਹਾਂ ਕੋਲ ਬੈਠ ਗਿਆ। ਉਹ ਵੀ ਬੈਂਚ ‘ਤੇ ਚੌਂਕੜੀ ਮਾਰਕੇ ਬੈਠ ਗਏ। ਸੇਵਕ ਨੂੰ ਗਾਣਾ ਬੰਦ ਕਰਨ ਲਈ ਕਿਹਾ।

ਕਹਿਣ ਲੱਗੇ – ਬੱਚਾ, ਧਰਮਯੁੱਧ ਛਿੜ ਗਿਆ। ਗਊ ਰੱਖਿਆ ਦੀ ਲਹਿਰ ਤੇਜ ਹੋ ਗਈ ਹੈ। ਦਿੱਲੀ ਵਿੱਚ ਸੰਸਦ ਸਾਹਮਣੇ ਸੱਤਿਆਗ੍ਰਹਿ ਕਰਾਂਗੇ।

ਮੈਂ ਕਿਹਾ -ਸਵਾਮੀ ਜੀ, ਇਹ ਲਹਿਰ ਕਾਹਦੇ ਲਈ ਚਲਾਈ ਜਾ ਰਹੀ ਹੈ?

ਸਵਾਮੀ ਜੀ ਨੇ ਕਿਹਾ -ਬੱਚਾ, ਤੂੰ ਅਗਿਆਨੀ ਲਗਦੈਂ! ਓਏ ਗਾਂ ਦੀ ਰੱਖਿਆ ਕਰਨੀ ਹੈ। ਗਾਂ ਸਾਡੀ ਮਾਤਾ ਹੈ। ਉਸਦਾ ਕਤਲ ਹੋ ਰਿਹਾ ਹੈ।

ਮੈਂ ਪੁੱਛਿਆ – ਕਤਲ ਕੌਣ ਕਰ ਰਿਹਾ ਹੈ ?

ਉਹ ਬੋਲੇ – ਅਧਰਮੀ ਕਸਾਈ।

ਮੈਂ ਕਿਹਾ – ਉਨ੍ਹਾਂ ਨੂੰ ਕਤਲ ਕਰਨ ਲਈ ਗਾਂ ਕੌਣ ਵੇਚਦੇ ਨੇ? ਉਹ ਤੁਹਾਡੇ ਸਧਰਮੀ ਗਊ ਭਗਤ ਹੀ ਨਹੀਂ ਹਨ?

ਸਵਾਮੀ ਜੀ ਨੇ ਕਿਹਾ – ਉਹ ਤਾਂ ਹੈ। ਪਰ ਉਹ ਕੀ ਕਰਨ? ਇੱਕ ਤਾਂ ਗਾਂ ਵਿਅਰਥ ਖਾਂਦੀ ਹੈ, ਦੂਜਾ ਵੇਚਣ ‘ਤੇ ਪੈਸੇ ਮਿਲ ਜਾਂਦੇ ਨੇ।

ਮੈਂ ਕਿਹਾ  – ਮਤਲਬ ਪੈਸੇ ਲਈ ਮਾਤਾ ਦਾ ਜੋ ਕਤਲ ਕਰੇ ਦੇਵੇ, ਉਹੀ ਸੱਚਾ ਗਊ-ਪੂਜਕ ਹੋਇਆ!

ਸਵਾਮੀ ਜੀ ਮੇਰੇ ਵੱਲ ਦੇਖਣ ਲੱਗੇ ਤੇ ਬੋਲੇ – ਦਲੀਲ਼ ਤਾਂ ਚੰਗੀ ਕਰ ਲੈਨਾ ਏਂ, ਬੱਚਾ! ਪਰ ਇਹ ਦਲੀਲ਼ ਦੀ ਨਹੀਂ, ਭਾਵਨਾ ਦੀ ਗੱਲ ਹੈ। ਇਸ ਸਮੇਂ ਜੋ ਹਜਾਰਾਂ ਗਊ ਭਗਤ ਲਹਿਰ ਚਲਾ ਰਹੇ ਨੇ, ਉਨ੍ਹਾਂ ਵਿੱਚ ਸ਼ਾਇਦ ਹੀ ਕੋਈ ਗਾਂ ਪਾਲਦਾ ਹੋਊ। ਪਰ ਲਹਿਰ ਚਲਾ ਰਹੇ ਨੇ। ਇਹ ਭਾਵਨਾ ਦੀ ਗੱਲ ਹੈ।

ਸਵਾਮੀ ਜੀ ਨਾਲ ਗੱਲਬਾਤ ਦਾ ਰਸਤਾ ਖੁੱਲ੍ਹ ਚੁੱਕਿਆ ਸੀ। ਉਨ੍ਹਾਂ ਨੂੰ ਨਿੱਠ ਕੇ ਗੱਲਾਂ ਹੋਈਆਂ, ਜਿਹਨਾਂ ਵਿੱਚ ਤੱਤ-ਮੰਥਨ ਹੋਇਆ। ਜੋ ਤੱਤ ਪ੍ਰੇਮੀ ਹਨ, ਉਨ੍ਹਾਂ ਦੇ ਲਾਭ ਦਾ ਵਾਰਤਾਲਾਪ ਹੇਠਾਂ ਦੇ ਰਿਹਾ ਹਾਂ।

ਸਵਾਮੀ ਅਤੇ ਬੱਚਾ ਦੀ ਗੱਲਬਾਤ

– ਸਵਾਮੀ ਜੀ, ਤੁਸੀਂ ਤਾਂ ਗਾਂ ਦਾ ਦੁੱਧ ਹੀ ਪੀਂਦੇ ਹੋਵੋਗੇ?

– ਨਹੀਂ ਬੱਚਾ, ਅਸੀਂ ਮੱਝ ਦੇ ਦੁੱਧ ਦਾ ਸੇਵਨ ਕਰਦੇ ਹਾਂ। ਗਾਂ ਘੱਟ ਦੁੱਧ ਦਿੰਦੀ ਹੈ ਅਤੇ ਉਹ ਪਤਲਾ ਹੁੰਦਾ ਹੈ। ਮੱਝ ਦੇ ਦੁੱਧ ਦੀ ਵਧੀਆ ਗਾੜੀ ਮਲਾਈ ਅਤੇ ਰਬੜੀ ਬਣਦੀ ਹੈ।

– ਤਾਂ ਕੀ ਸਾਰੇ ਗਊ ਭਗਤ ਮੱਝ ਦਾ ਦੁੱਧ ਪੀਂਦੇ ਨੇ?

– ਹਾਂ ਬੱਚਾ, ਲਗਭਗ ਸਾਰੇ।

– ਫੇਰ ਤਾਂ ਮੱਝ ਦੀ ਰੱਖਿਆ ਲਈ ਲਹਿਰ ਚਲਾਉਣੀ ਚਾਹੀਦੀ ਹੈ। ਦੁੱਧ ਮੱਝ ਦਾ ਪੀਂਦੇ ਨੇ ਪਰ ਮਾਤਾ ਗਾਂ ਨੂੰ ਕਹਿੰਦੇ ਨੇ। ਜਿਸਦਾ ਦੁੱਧ ਪੀਤਾ ਜਾਂਦਾ ਹੈ, ਉਹੀ ਤਾਂ ਮਾਤਾ ਕਹਾਏਗੀ।

– ਮਤਲਬ ਮੱਝ ਨੂੰ ਅਸੀਂ ਮਾਤਾ ਨਹੀਂ ਬੱਚਾ, ਦਲੀਲ਼ ਠੀਕ ਹੈ, ਪਰ ਭਾਵਨਾ ਦੂਜੀ ਹੈ।

– ਸਵਾਮੀ ਜੀ, ਸਭ ਚੋਣਾਂ ਤੋਂ ਪਹਿਲਾਂ ਗਊ ਭਗਤੀ ਕਿਉਂ ਜ਼ੋਰ ਫੜਦੀ ਹੈ? ਕੀ ਇਸ ਮੌਸਮ ਵਿੱਚ ਕੋਈ ਖਾਸ ਗੱਲ ਹੈ?

– ਬੱਚਾ, ਜਦੋਂ ਚੋਣਾਂ ਆਉਂਦੀਆਂ ਨੇ ਤਾਂ ਸਾਡੇ ਲੀਡਰਾਂ ਨੂੰ ਗਊ ਮਾਤਾ ਸੁਪਨੇ ‘ਚ ਦਰਸ਼ਨ ਦਿੰਦੀ ਹੈ। ਕਹਿੰਦੀ ਹੈ ਪੁੱਤਰ ਚੋਣਾਂ ਆ ਰਹੀਆਂ ਨੇ। ਹੁਣ ਮੇਰੀ ਰੱਖਿਆ ਦੀ ਲਹਿਰ ਚਲਾਓ। ਦੇਸ਼ ਦੇ ਲੋਕ ਹਾਲੇ ਮੂਰਖ ਨੇ। ਮੇਰੀ ਰੱਖਿਆ ਦੀ ਮੁਹਿੰਮ ਚਲਾ ਕੇ ਵੋਟਾਂ ਲੈ ਲਓ। ਬੱਚਾ, ਕੁੱਝ ਸਿਆਸੀ ਦਲਾਂ ਨੂੰ ਗਊ ਮਾਤਾ ਵੋਟ ਦਿਵਾਉਂਦੀ ਹੈ, ਜਿਵੇਂ ਇੱਕ ਦਲ ਨੂੰ ਬਲਦ ਵੋਟ ਦਿਵਾਉਂਦੇ ਨੇ। ਤਾਂ ਇਹ ਲੀਡਰ ਇੱਕਦਮ ਲਹਿਰ ਚਲਾ ਦਿੰਦੇ ਨੇ ਅਤੇ ਸਾਨੂੰ ਸਾਧੂਆਂ ਨੂੰ ਉਸ ਵਿੱਚ ਸ਼ਾਮਲ ਕਰ ਲੈਂਦੇ ਨੇ। ਸਾਨੂੰ ਵੀ ਸਿਆਸਤ ‘ਚ ਮਜਾ ਆਉਂਦਾ ਹੈ। ਬੱਚਾ, ਤੂੰ ਸਾਡੇ ਤੋਂ ਹੀ ਪੁੱਛੀ ਜਾ ਰਿਹੈਂ। ਤੂੰ ਤਾਂ ਕੁੱਝ ਦੱਸ, ਤੂੰ ਕਿੱਥੇ ਜਾ ਰਿਹੈਂ?

– ਸਵਾਮੀ ਜੀ ਮੈਂ ‘ਮਨੁੱਖ ਰੱਖਿਆ ਲਹਿਰ’ ਵਿੱਚ ਜਾ ਰਿਹਾ ਹਾਂ।

– ਇਹ ਕੀ ਹੁੰਦੈ, ਬੱਚਾ?

– ਸਵਾਮੀ ਜੀ, ਜਿਵੇਂ ਗਾਂ ਬਾਰੇ ਮੈਂ ਅਗਿਆਨੀ ਹਾਂ, ਉਂਜ ਹੀ ਮਨੁੱਖ ਬਾਰੇ ਤੁਸੀਂ ਹੋ।

– ਪਰ ਮਨੁੱਖ ਨੂੰ ਕੌਣ ਮਾਰ ਰਿਹਾ ਹੈ?

– ਇਸ ਦੇਸ਼ ਦੇ ਮਨੁੱਖ ਨੂੰ ਸੋਕਾ ਮਾਰ ਰਿਹਾ ਹੈ, ਅਕਾਲ ਮਾਰ ਰਿਹਾ ਹੈ, ਮਹਿੰਗਾਈ ਮਾਰ ਰਹੀ ਹੈ। ਮਨੁੱਖ ਨੂੰ ਮੁਨਾਫੇਖੋਰ ਮਾਰ ਰਿਹਾ ਹੈ, ਕਾਲ਼ਾ-ਬਜ਼ਾਰੀ ਮਾਰ ਰਹੀ ਹੈ। ਭ੍ਰਿਸ਼ਟ ਹਕੂਮਤੀ ਪ੍ਰਬੰਧ ਮਾਰ ਰਿਹਾ ਹੈ। ਸਰਕਾਰ ਵੀ ਪੁਲਿਸ ਦੀ ਗੋਲੀ ਨਾਲ ਜਿੱਥੇ ਚਾਹੇ ਮਨੁੱਖ ਨੂੰ ਮਾਰ ਰਹੀ ਹੈ। ਸਵਾਮੀ ਜੀ, ਤੁਸੀਂ ਵੀ ਮਨੁੱਖ-ਰੱਖਿਆ ਲਹਿਰ ਵਿੱਚ ਸ਼ਾਮਲ ਹੋ ਜਾਓ!

– ਨਹੀਂ ਬੱਚਾ, ਅਸੀਂ ਧਰਮਾਤਮਾ ਬੰਦੇ ਹਾਂ। ਸਾਡੇ ਤੋਂ ਇਹ ਨਹੀਂ ਹੋਵੇਗਾ। ਇੱਕ ਤਾਂ ਮਨੁੱਖ ਸਾਡੀ ਨਜ਼ਰ ਵਿੱਚ ਬਹੁਤ ਛੋਟਾ ਹੈ। ਇਹ ਮਨੁੱਖ ਹੀ ਤਾਂ ਨੇ, ਜੋ ਕਹਿੰਦੇ ਨੇ, ਮੰਦਿਰਾਂ ਅਤੇ ਮੱਠਾਂ ਵਿੱਚ ਲੱਗੀ ਜਾਇਦਾਦ ਨੂੰ ਸਰਕਾਰ ਜਬਤ ਕਰ ਲਵੇ, ਬੱਚਾ ਤੂੰ ਮਨੁੱਖ ਨੂੰ ਮਰਨ ਦੇ। ਗਾਂ ਦੀ ਰੱਖਿਆ ਕਰ। ਹਰ ਜੀਵ ਮਨੁੱਖ ਨਾਲੋਂ ਉੱਤਮ ਹੈ। ਤੂੰ ਵੇਖ ਨਹੀਂ ਰਿਹਾ, ਗਊ ਰੱਖਿਆ ਦੇ ਜਲੂਸ ਵਿੱਚ ਜਦੋਂ ਲੜਾਈ ਹੁੰਦੀ ਹੈ,ਤਾਂ ਮਨੁੱਖ ਹੀ ਮਾਰੇ ਜਾਂਦੇ ਨੇ। ਇੱਕ ਗੱਲ ਹੋਰ ਹੈ, ਬੱਚਾ! ਤੇਰੀ ਗੱਲ ਤੋਂ ਪ੍ਰਤੀਤ ਹੁੰਦਾ ਹੈ ਕਿ ਮਨੁੱਖ-ਰੱਖਿਆ ਲਈ ਮੁਨਾਫਾਖੋਰੀ ਅਤੇ ਕਾਲ਼ਾ-ਬਜਾਰੀ ਵਿਰੁੱਧ ਸੰਘਰਸ਼ ਲੜਨਾ ਪਵੇਗਾ। ਇਹ ਸਾਡੇ ਤੋਂ ਨਹੀਂ ਹੋਵੇਗਾ। ਇਹੀ ਲੋਕ ਤਾਂ ਮੰਦਿਰਾਂ, ਮੱਠਾਂ ਅਤੇ ਗਊ ਰੱਖਿਆ ਲਹਿਰ ਲਈ ਪੈਸਾ ਦਿੰਦੇ ਨੇ। ਅਸੀਂ ਇਨ੍ਹਾਂ ਵਿਰੁੱਧ ਕਿਵੇਂ ਲੜ ਸਕਦੇ ਹਾਂ?

– ਖੈਰ, ਛੱਡੋ ਮਨੁੱਖਾਂ ਨੂੰ। ਗਊ ਰੱਖਿਆ ਬਾਰੇ ਮੇਰੇ ਗਿਆਨ ‘ਚ ਵਾਧਾ ਕਰੋ। ਇੱਕ ਗੱਲ ਦੱਸੋ, ਮੰਨ ਲਓ ਤੁਹਾਡੇ ਵਰਾਂਡੇ ਵਿੱਚ ਕਣਕ ਸੁੱਕ ਰਹੀ ਹੈ। ਉਦੋਂ ਇੱਕ ਗਊ ਮਾਤਾ ਆ ਕੇ ਕਣਕ ਖਾਣ ਲੱਗਦੀ ਹੈ। ਤੁਸੀਂ ਕੀ ਕਰੋਗੇ?

– ਬੱਚਾ, ਅਸੀਂ ਉਸਨੂੰ ਡੰਡਾ ਮਾਰਕੇ ਭਜਾ ਦੇਵਾਂਗੇ।

– ਪਰ ਸਵਾਮੀ ਜੀ, ਉਹ ਗਊ ਮਾਤਾ ਹੈ ਪੂਜਣਯੋਗ ਹੈ। ਬੇਟੇ ਦੇ ਕਣਕ ਖਾਣ ਆਈ ਹੈ। ਤੁਸੀਂ ਹੱਥ ਜੋੜਕੇ ਸਵਾਗਤ ਕਿਉਂ ਨਹੀਂ ਕਰਦੇ ਕਿ ਆ ਮਾਤਾ, ਮੈਂ ਧੰਨ ਹੋ ਗਿਆ। ਸਭ ਕਣਕ ਖਾ ਜਾ।

– ਬੱਚਾ, ਤੂੰ ਸਾਨੂੰ ਮੂਰਖ ਸਮਝਦੈਂ?

– ਨਹੀਂ, ਮੈਂ ਤੁਹਾਨੂੰ ਗਊ ਭਗਤ ਸਮਝਦਾ ਸੀ।

– ਉਹ ਤਾਂ ਅਸੀਂ ਹਾਂ, ਪਰ ਇੰਨੇ ਮੂਰਖ ਵੀ ਨਹੀਂ ਹਾਂ ਕਿ ਗਾਂ ਨੂੰ ਕਣਕ ਖਾ ਜਾਣ ਦੇਈਏ।

– ਪਰ ਸਵਾਮੀ ਜੀ, ਇਹ ਕਿਹੋ ਜਿਹੀ ਪੂਜਾ ਹੈ ਕਿ ਗਾਂ ਹੱਡੀਆਂ ਦਾ ਢਾਂਚਾ ਲਈ ਹੋਏ ਮੁਹੱਲੇ ਵਿੱਚ ਕਾਗਜ ਅਤੇ ਕੱਪੜੇ ਖਾਂਦੀ ਫਿਰਦੀ ਹੈ ਅਤੇ ਜਗ੍ਹਾ-ਜਗ੍ਹਾ ਕੁੱਟ ਖਾਂਦੀ ਹੈ!

– ਬੱਚਾ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਸਾਡੇ ਇੱਥੇ ਜਿਸਦੀ ਪੂਜਾ ਕੀਤੀ ਜਾਂਦੀ ਹੈ ਉਸਦੀ ਦੁਰਦਸ਼ਾ ਕਰ ਦਿੱਤੀ ਜਾਂਦੀ ਹੈ। ਇਹੀ ਸੱਚੀ ਪੂਜਾ ਹੈ। ਨਾਰੀ ਨੂੰ ਵੀ ਅਸੀਂ ਪੂਜਨੀਕ ਮੰਨਿਆ ਅਤੇ ਉਸਦੀ ਜੋ ਦੁਰਦਸ਼ਾ ਕੀਤੀ ਹੈ ਉਹ ਤੂੰ ਜਾਣਦਾ ਹੀ ਏਂ।

– ਸਵਾਮੀ ਜੀ, ਦੂਜੇ ਦੇਸ਼ਾਂ ਵਿੱਚ ਲੋਕ ਗਾਂ ਦੀ ਪੂਜਾ ਨਹੀਂ ਕਰਦੇ, ਪਰ ਉਸਨੂੰ ਚੰਗੀ ਤਰ੍ਹਾਂ ਰੱਖਦੇ ਹਨ ਅਤੇ ਉਹ ਖੂਬ ਦੁੱਧ ਦਿੰਦੀ ਹੈ।

– ਬੱਚਾ, ਦੂਜੇ ਦੇਸ਼ਾਂ ਦੀ ਗੱਲ ਛੱਡ। ਅਸੀਂ ਉਨ੍ਹਾਂ ਤੋਂ ਬਹੁਤ ਉੱਚੇ ਹਾਂ। ਦੇਵਤੇ ਇਸੇ ਲਈ ਸਿਰਫ ਸਾਡੇ ਹੀ ਅਵਤਾਰ ਲੈਂਦੇ ਨੇ। ਦੂਜੇ ਦੇਸ਼ਾਂ ਵਿੱਚ ਗਾਂ ਦੁੱਧ ਦੀ ਵਰਤੋ ਲਈ ਹੁੰਦੀ ਹੈ, ਸਾਡੇ ਇੱਥੇ ਉਹ ਦੰਗਾ ਕਰਨ, ਲਹਿਰ ਚਲਾਉਣ ਲਈ ਹੁੰਦੀ ਹੈ। ਸਾਡੀ ਗਾਂ ਹੋਰ ਗਊਆਂ ਨਾਲੋਂ ਵੱਖਰੀ ਹੈ।

– ਸਵਾਮੀ ਜੀ, ਹੋਰ ਸਭ ਸਮੱਸਿਆਵਾਂ ਛੱਡਕੇ ਤੁਸੀਂ ਸਭ ਇਸ ਇੱਕ ਕੰਮ ਵਿੱਚ ਕਿਉਂ ਲੱਗ ਗਏ ਹੋ?

– ਇਸ ਨਾਲ ਸਭ ਦਾ ਭਲਾ ਹੋ ਜਾਵੇਗਾ, ਬੱਚਾ! ਜੇਕਰ ਗਊ ਰੱਖਿਆ ਦਾ ਕਨੂੰਨ ਬਣ ਜਾਵੇ, ਤਾਂ ਇਹ ਦੇਸ਼ ਆਪਣੇ-ਆਪ ਖੁਸ਼ਹਾਲ ਹੋ ਜਾਵੇਗਾ। ਫਿਰ ਬੱਦਲ ਸਮੇਂ ਸਿਰ ਮੀਂਹ ਵਰਸਾਉਣੇ, ਧਰਤੀ ਬਹੁਤ ਅਨਾਜ ਦੇਵੇਗੀ ਅਤੇ ਕਾਰਖਾਨੇ ਬਿਨਾਂ ਚੱਲੇ ਵੀ ਪੈਦਾ ਕਰਨਗੇ। ਧਰਮ ਦਾ ਪ੍ਰਤਾਪ ਤੂੰ ਨਹੀਂ ਜਾਣਦਾ। ਹੁਣ ਜੋ ਦੇਸ਼ ਦੀ ਦੁਰਦਸ਼ਾ ਹੈ, ਉਹ ਗਾਂ ਦੀ ਬੇਇੱਜ਼ਤੀ ਦਾ ਨਤੀਜਾ ਹੈ।

– ਸਵਾਮੀ ਜੀ, ਪੱਛਮ ਦੇ ਦੇਸ਼ ਗਾਂ ਦੀ ਪੂਜਾ ਨਹੀਂ ਕਰਦੇ, ਸਗੋਂ ਗਊ ਦਾ ਮਾਸ ਖਾਂਦੇ ਨੇ, ਫਿਰ ਵੀ ਖੁਸ਼ਹਾਲ ਨੇ?

– ਉਨ੍ਹਾਂ ਦਾ ਰੱਬ ਦੂਜਾ ਹੈ ਬੱਚਾ। ਉਨ੍ਹਾਂ ਦਾ ਰੱਬ ਇਸ ਗੱਲ ਦੀ ਪਰਵਾਹ ਨਹੀਂ ਕਰਦਾ।

– ਅਤੇ ਰੂਸ ਵਰਗੇ ਦੇਸ਼ ਵੀ ਗਾਂ ਨੂੰ ਨਹੀਂ ਪੂਜਦੇ, ਪਰ ਖੁਸ਼ਹਾਲ ਨੇ?

– ਉਨ੍ਹਾਂ ਦਾ ਤਾਂ ਰੱਬ ਹੀ ਨਹੀਂ ਬੱਚਾ। ਉਨ੍ਹਾਂ ਉੱਪਰ ਦੋਸ਼ ਲਗਦਾ ਹੀ ਨਹੀਂ।

– ਮਤਲਬ ਰੱਬ ਰੱਖਣਾ ਵੀ ਇੱਕ ਝੰਜਟ ਹੀ ਹੈ। ਉਹ ਹਰ ਗੱਲ ਦੀ ਸਜਾ ਦੇਣ ਲੱਗਦਾ ਹੈ।

– ਦਲੀਲ਼ ਠੀਕ ਹੈ ਬੱਚਾ, ਪਰ ਭਾਵਨਾ ਗਲਤ ਹੈ।

– ਸਵਾਮੀ ਜੀ, ਜਿੱਥੇ ਤੱਕ ਮੈਂ ਜਾਣਦਾ ਹਾਂ, ਲੋਕਾਂ ਦੇ ਮਨ ਵਿੱਚ ਇਸ ਸਮੇਂ ਗਊ ਰੱਖਿਆ ਨਹੀਂ ਹੈ, ਮਹਿੰਗਾਈ ਅਤੇ ਆਰਥਕ ਲੁੱਟ ਹੈ। ਲੋਕ ਮਹਿੰਗਾਈ ਖਿਲਾਫ ਸੰਘਰਸ਼ ਕਰਦੇ ਨੇ। ਲੋਕ ਆਰਥਕ ਨਿਆਂ ਲਈ ਲੜ ਰਹੇ ਨੇ ਤੇ ਏਧਰ ਤੁਸੀਂ ਗਊ ਰੱਖਿਆ ਅੰਦੋਲਨ ਲੈ ਕੇ ਬੈਠ ਗਏ ਹੋ। ਇਸ ਵਿੱਚ ਕੀ ਤੁਕ ਹੈ?

– ਬੱਚਾ, ਇਸ ਵਿੱਚ ਤੁਕ ਹੈ। ਤੈਨੂੰ ਅੰਦਰ ਦੀ ਗੱਲ ਦੱਸਦਾ ਹਾਂ ਦੇਖੋ, ਲੋਕ ਜਦੋਂ ਆਰਥਕ ਨਿਆਂ ਦੀ ਮੰਗ ਕਰਦੇ ਨੇ, ਤਾਂ ਉਹਨਾਂ ਨੂੰ ਕਿਸੇ ਦੂਜੀ ਚੀਜ ‘ਚ ਉਲਝਾ ਦੇਣਾ ਚਾਹੀਦਾ ਹੈ, ਨਹੀਂ ਤਾਂ ਉਹ ਖਤਰਨਾਕ ਹੋ ਜਾਂਦੇ ਨੇ। ਲੋਕ ਕਹਿੰਦੇ ਨੇ ਸਾਡੀ ਮੰਗ ਹੈ ਮਹਿੰਗਾਈ ਘੱਟ ਹੋਵੇ, ਮੁਨਾਫਾਖੋਰੀ ਬੰਦ ਹੋਵੇ, ਤਨਖਾਹ ਵਧੇ, ਲੁੱਟ ਬੰਦ ਹੋਵੇ, ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਨਹੀਂ, ਤੁਹਾਡੀ ਬੁਨਿਆਦੀ ਮੰਗ ਗਊ ਰੱਖਿਆ ਹੈ, ਆਰਥਕ ਇਨਕਲਾਬ ਵੱਲ ਵਧਦੇ ਲੋਕਾਂ ਨੂੰ ਅਸੀਂ ਰਸਤੇ ਵਿੱਚ ਹੀ ਗਾਂ ਦੇ ਕਿੱਲ੍ਹੇ ਨਾਲ ਬੰਨ੍ਹ ਦਿੰਦੇ ਹਾਂ। ਇਹ ਲਹਿਰ ਲੋਕਾਂ ਨੂੰ ਉਲਝਾਈ ਰੱਖਣ ਲਈ ਹੈ।

– ਸਵਾਮੀ ਜੀ, ਤੁਸੀਂ ਕਿਹਨਾਂ ਲਈ ਲੋਕਾਂ ਨੂੰ ਇਸ ਤਰ੍ਹਾਂ ਉਲਝੀ ਰੱਖਦੇ ਹੋ?

– ਲੋਕਾਂ ਦੀਆਂ ਮੰਗਾਂ ਦਾ ਜਿਨ੍ਹਾਂ ਲੋਕਾਂ ‘ਤੇ ਅਸਰ ਪਵੇਗਾ, ਉਹਨਾਂ ਲਈ। ਇਹੀ ਧਰਮ ਹੈ। ਇੱਕ ਉਦਾਹਰਨ ਦਿੰਦੇ ਹਾਂ:

ਬੱਚਾ, ਇਹ ਤਾਂ ਤੈਨੂੰ ਪਤਾ ਹੀ ਹੈ ਕਿ ਲੁੱਟਣ ਵਾਲਿਆਂ ਦੇ ਗਰੁੱਪ ਵਿੱਚ ਸਭ ਧਰਮਾਂ ਦੇ ਸੇਠ ਸ਼ਾਮਲ ਨੇ ਅਤੇ ਲੁੱਟੇ ਜਾਣ ਵਾਲੇ ਗਰੀਬ ਮਜਦੂਰਾਂ ਵਿੱਚ ਵੀ ਸਾਰੇ ਧਰਮਾਂ ਦੇ ਲੋਕ ਸ਼ਾਮਲ ਨੇ, ਮੰਨ ਲਓ ਇੱਕ ਦਿਨ ਸਾਰੇ ਧਰਮਾਂ ਦੇ ਹਜਾਰਾਂ ਭੁੱਖੇ ਲੋਕ ਇਕੱਠੇ ਹੋ ਕੇ ਸਾਡੇ ਧਰਮ ਦੇ ਕਿਸੇ ਸੇਠ ਦੇ ਗੁਦਾਮ ਵਿੱਚ ਭਰੇ ਅਨਾਜ ਨੂੰ ਲੁੱਟਣ ਲਈ ਨਿਕਲ ਪਏ। ਸੇਠ ਸਾਡੇ ਕੋਲ ਆਇਆ ਤੇ ਕਹਿਣ ਲੱਗਾ – ਸਵਾਮੀ ਜੀ, ਕੁੱਝ ਕਰੋ। ਇਹ ਲੋਕ ਤਾਂ ਮੇਰੀ ਸਾਰੀ ਜਮ੍ਹਾਂ ਪੂੰਜੀ ਲੁੱਟ ਲੈਣਗੇ। ਤੁਸੀਂ ਹੀ ਬਚਾ ਸਕਦੇ ਹੋ। ਤੁਸੀਂ ਜੋ ਕਹੋਗੇ ਮੈਂ ਸੇਵਾ ਕਰਾਂਗਾ। ਬਸ ਬੱਚਾ, ਅਸੀਂ ਉੱਠੇ, ਹੱਥ ਵਿੱਚ ਇੱਕ ਹੱਡੀ ਲਈ ਤੇ ਮੰਦਰ ਦੇ ਚਬੂਤਰੇ ‘ਤੇ ਖੜੇ ਹੋ ਗਏ। ਜਦੋਂ ਉਹ ਹਜਾਰਾਂ ਭੁੱਖੇ ਗੁਦਾਮ ਲੁੱਟਣ ਦਾ ਨਾਹਰਾ ਲਾਉਂਦੇ ਆਏ, ਤਾਂ ਮੈਂ ਉਨ੍ਹਾਂ ਨੂੰ ਹੱਡੀ ਵਿਖਾਈ ਅਤੇ ਜ਼ੋਰ ਨਾਲ ਕਿਹਾ – ਕਿਸੇ ਨੇ ਭਗਵਾਨ ਦੇ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਉਹ ਹੱਡੀ ਕਿਸੇ ਪਾਪੀ ਨੇ ਮੰਦਰ ਵਿੱਚ ਸੁੱਟ ਦਿੱਤੀ ਹੈ। ਅਧਰਮੀ ਸਾਡੇ ਮੰਦਿਰ ਨੂੰ ਅਪਵਿੱਤਰ ਕਰਦੇ ਹਨ, ਸਾਡੇ ਧਰਮ ਨੂੰ ਤਬਾਹ ਕਰਦੇ ਹਾਂ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਇਸੇ ਵੇਲੇ ਇੱਥੇ ਵਰਤ ਰੱਖਦਾ ਹਾਂ, ਮੇਰਾ ਵਰਤ ਉਦੋਂ ਟੁੱਟੇਗਾ, ਜਦੋਂ ਮੰਦਰ ਦੁਬਾਰਾ ਰੰਗਿਆ ਜਾਵੇਗਾ ਅਤੇ ਹਵਨ ਕਰਕੇ ਉਸਨੂੰ ਫੇਰ ਪਵਿੱਤਰ ਕੀਤਾ ਜਾਵੇਗਾ। ਬਸ ਬੱਚਾ, ਉਹ ਲੋਕ ਜੋ ਇਕੱਠੀ ਹੋਕੇ ਸੇਠ ਨਾਲ ਲੜਨ ਆ ਰਹੇ ਸੀ, ਉਹ ਧਰਮ ਦੇ ਨਾਮ ‘ਤੇ ਆਪਸ ਵਿੱਚ ਹੀ ਲੜਨ ਲੱਗੇ। ਮੈਂ ਉਨ੍ਹਾਂ ਦਾ ਨਾਹਰਾ ਬਦਲ ਦਿੱਤਾ। ਜਦੋਂ ਉਹ ਲੜ ਚੁੱਕੇ ਸਨ ਤਾਂ ਮੈਂ ਕਿਹਾ ਧੰਨ ਹਨ ਇਸ ਦੇਸ਼ ਦੀ ਧਾਰਮਿਕ ਲੋਕ! ਧੰਨ ਹਨ ਅਨਾਜ ਦੇ ਵਪਾਰੀ ਸੇਠ ਅਮੁਕਜੀ! ਉਨ੍ਹਾਂ ਨੇ ਮੰਦਿਰ ਦੀ ਸ਼ੁੱਧੀ ਦਾ ਸਾਰਾ ਖ਼ਰਚ ਦੇਣ ਲਈ ਕਿਹਾ ਹੈ। ਬੱਚਾ ਜਿਸ ਸੇਠ ਦਾ ਗੁਦਾਮ ਲੁੱਟਣ ਭੁੱਖੇ ਲੋਕ ਜਾ ਰਹੇ ਸਨ, ਉਹ ਉਸਦੀ ਹੀ ਜੈ ਬੋਲਣ ਲੱਗੇ। ਬੱਚਾ, ਇਹ ਹੈ ਧਰਮ ਦਾ ਪ੍ਰਤਾਪ। ਜੇਕਰ ਇਹਨਾਂ ਲੋਕਾਂ ਨੂੰ ਗਊ ਰੱਖਿਆ ਲਹਿਰ ਵਿੱਚ ਨਹੀਂ ਲਾਵਾਂਗੇ ਤਾਂ ਇਹ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨਗੇ, ਤਨਖ਼ਾਹ ਵਧਵਾਉਣ ਲਈ ਲਹਿਰ ਚਲਾਉਣਗੇ, ਮੁਨਾਫਾਖੋਰੀ ਖਿਲਾਫ ਲਹਿਰ ਚਲਾਉਣਗੇ । ਲੋਕਾਂ ਨੂੰ ਉਲਝਾਈ ਰੱਖਣਾ ਸਾਡਾ ਕੰਮ ਹੈ ਬੱਚਾ।

– ਸਵਾਮੀ ਜੀ, ਤੁਸੀਂ ਮੇਰੇ ਗਿਆਨ ‘ਚ ਬਹੁਤ ਵਾਧਾ ਕੀਤਾ। ਇੱਕ ਗੱਲ ਹੋਰ ਦੱਸੋ। ਕਈ ਸੂਬਿਆਂ ਵਿੱਚ ਗਊ ਰੱਖਿਆ ਲਈ ਕਨੂੰਨ ਹੈ। ਬਾਕੀ ਵਿੱਚ ਲਾਗੂ ਹੋ ਜਾਵੇਗਾ। ਫੇਰ ਤਾਂ ਇਹ ਲਹਿਰ ਵੀ ਖ਼ਤਮ ਹੋ ਜਾਵੇਗੀ। ਅੱਗੇ ਤੁਸੀਂ ਕਿਸ ਗੱਲ ਲਈ ਲਹਿਰ ਚਲਾਓਗੇ।

– ਓਏ ਬੱਚਾ, ਲਹਿਰ ਚਲਾਉਣ ਲਈ ਬਹੁਤ ਵਿਸ਼ੇ ਹਨ। ਸ਼ੇਰ ਦੁਰਗਾ ਦਾ ਵਾਹਨ ਹੈ। ਉਸਨੂੰ ਸਰਕਸ ਵਾਲੇ ਪਿੰਜਰੇ ਵਿੱਚ ਬੰਦ ਕਰਕੇ ਰੱਖਦੇ ਹਨ ਅਤੇ ਉਸ ਤੋਂ ਕਰਤੱਬ ਕਰਵਾਉਂਦੇ ਹਨ। ਇਹ ਅਧਰਮ ਹੈ। ਸਭ ਸਰਕਸ ਵਾਲਿਆਂ ਖਿਲਾਫ ਲਹਿਰ ਚਲਾਕੇ, ਦੇਸ਼ ਦੇ ਸਾਰੇ ਸਰਕਸ ਬੰਦ ਕਰਵਾ ਦੇਵਾਂਗੇ। ਫਿਰ ਭਗਵਾਨ ਦਾ ਇੱਕ ਅਵਤਾਰ ਮੱਛ-ਅਵਤਾਰ ਵੀ ਹੈ। ਮੱਛੀ ਭਗਵਾਨ ਦਾ ਪ੍ਰਤੀਕ ਹੈ।ਅਸੀਂ ਮਛੇਰਿਆਂ ਖਿਲਾਫ ਸੰਘਰਸ਼ ਛੇੜ ਦੇਵਾਂਗੇ। ਸਰਕਾਰ ਦਾ ਮੱਛੀ ਪਾਲਣ ਵਿਭਾਗ ਬੰਦ ਕਰਵਾਵਾਂਗੇ।

– ਬੱਚਾ, ਲੋਕਾਂ ਦੀਆਂ ਮੁਸੀਬਤਾਂ ਤਾਂ ਉਦੋਂ ਤੱਕ ਖਤਮ ਨਹੀ ਹੋਣਗੀਆਂ, ਜਦੋਂ ਤੱਕ ਲੁੱਟ ਖਤਮ ਨਹੀ ਹੋਵੇਗੀ, ਇੱਕ ਮੁੱਦਾ ਹੋਰ ਵੀ ਬਣ ਸਕਦਾ ਹੈ ਬੱਚਾ, ਅਸੀਂ ਲੋਕਾਂ ਵਿੱਚ ਇਹ ਗੱਲ ਫੈਲਾ ਸਕਦੇ ਹਾਂ ਕਿ ਸਾਡੇ ਧਰਮ ਦੇ ਲੋਕਾਂ ਦੀਆਂ ਸਭ ਮੁਸੀਬਤਾਂ ਦਾ ਕਾਰਨ ਦੂਜੇ ਧਰਮਾਂ ਦੇ ਲੋਕ ਹਨ, ਅਸੀਂ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਉਲਝਾਈ ਰੱਖਾਂਗੇ ਬੱਚਾ।
ਇੰਨੇ ਨੂੰ ਗੱਡੀ ਆ ਗਈ। ਸਵਾਮੀ ਜੀ ਉਸ ਵਿੱਚ ਬੈਠਕੇ ਚਲੇ ਗਏ। ਬੱਚਾ, ਉੱਥੇ ਹੀ ਰਹਿ ਗਿਆ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements