ਇੱਕ ਚੰਗੀ ਸਖ਼ਸ਼ੀਅਤ ਦੀ ਉਸਾਰੀ ਵਿੱਚ ਮੁੱਢਲੀ ਸਿੱਖਿਆ ਦਾ ਮਹੱਤਵ •ਡਾ. ਅਵਤਾਰ ਸਿੰਘ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੱਚਿਆਂ ਦੇ ਪਾਲਣ-ਪੋਸ਼ਣ ਦੇ ਵਿਹਾਰਕ ਤਜ਼ਰਬੇ ਅਤੇ ਕੁਝ ਬੇਹੱਦ ਮਹੱਤਵਪੂਰਨ ਸਾਹਿਤ ਪੜ੍ਹਦਿਆਂ ਸਾਡਾ ਇਹ ਵਿਚਾਰ ਹੋਰ ਦ੍ਰਿੜ ਹੋ ਗਿਆ ਹੈ ਕਿ ਹਰ ਬੱਚੇ ਦਾ, ਨਾ ਸਿਰਫ਼ ਰਵਾਇਤੀ ਸਕੂਲੀ ਪੜ੍ਹਾਈ ਦਾ ਮੁੱਢਲਾ ਸਮਾਂ ਸਗੋਂ ਉਸ ਦੇ ਸਕੂਲ ਜਾਣ ਤੋਂ ਪਹਿਲਾਂ ਦਾ ਸਾਰਾ ਸਮਾਂ, ਉਸਦੀ ਸਖ਼ਸ਼ੀਅਤ ਉਸਾਰੀ ਲਈ ਅਸਧਾਰਨ ਮਹੱਤਵ ਵਾਲ਼ਾ ਹੁੰਦਾ ਹੈ। ਕਿਉਂਕਿ, ਇਹੀ ਸਮਾਂ ਹੈ ਜਦੋਂ ਉਹ ਆਪਣੇ ਪਰਿਵਾਰਕ ਅਤੇ ਭੂਗੋਲਿਕ ਆਲ਼ੇ-ਦੁਆਲ਼ੇ ਵਿੱਚੋਂ ਚੀਜ਼ਾਂ ਬਾਰੇ, ਰਿਸ਼ਤਿਆਂ ਬਾਰੇ, ਸਮਾਜ ਬਾਰੇ ਅਤੇ ਕੁਝ ਹੋਰ ਮੁੱਢਲੇ ਸੰਕਲਪਾਂ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰਦਾ ਹੈ ਜੋ ਭਵਿੱਖ ਵਿੱਚ ਉਹਦੇ ਵਿਅਕਤੀਤਵ ਅਤੇ ਵਿਚਾਰਾਂ ਦੀ ਨੀਂਹ ਰੱਖਦੇ ਹਨ। ਇਸ ਮੁੱਢਲੇ ਦੌਰ ਦੀ ਅਹਿਮੀਅਤ ਨੂੰ ਦਰਸਉਂਦਿਆਂ ਪ੍ਰਸਿੱਧ ਰੂਸੀ ਚਿੰਤਕ ਅਲੈਕਸਾਂਦਰੋਵਿਚ ਸੁਖੋਮਲਿੰਸਕੀ ਲਿਖਦਾ ਹੈ ਕਿ “ਬਚਪਨ ਅਸਲੀ, ਸਪੱਸ਼ਟ, ਸੱਚਾ, ਦੁਹਰਾਇਆ ਨਾ ਜਾ ਸਕਣ ਵਾਲ਼ਾ ਜੀਵਨ ਹੈ ਅਤੇ ਉਦੋਂ ਕੀ ਵਾਪਰਿਆ, ਉਹਨਾਂ ਵਰ੍ਹਿਆਂ ਵਿੱਚ ਕਿਸਨੇ ਬੱਚੇ ਦੀ ਅਗਵਾਈ ਕੀਤੀ, ਆਲ਼ੇ-ਦੁਆਲ਼ੇ ਦੇ ਸੰਸਾਰ ਵਿਚੋਂ ਉਹ ਦੇ ਦਿਲ ਅਤੇ ਦਿਮਾਗ਼ ਵਿੱਚ ਕੀ ਦਾਖ਼ਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿੱਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ।” ਉਂਝ ਸਮਾਜ ਵਿਗਿਆਨੀਆਂ ਅਤੇ ਵਿੱਦਿਅਕ ਮਾਹਿਰਾਂ ਤੋਂ ਵੀ ਅੱਗੇ ਡਾਕਟਰੀ ਵਿੱਦਿਆ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਔਰਤ ਦੇ ਗਰਭ ਧਾਰਨ ਕਰਨ ਤੋਂ ਕੁਝ ਹਫਤਿਆਂ ਬਾਅਦ ਹੀ ਜਦੋਂ ਬੱਚੇ ਦੇ ਸਾਰੇ ਅੰਗਾਂ ਦੀ ਬਣਤਰ ਤਿਆਰ ਹੋ ਜਾਂਦੀ ਹੈ ਤਾਂ ਉਹ ਮਾਂ ਦੀ ਮਾਨਸਿਕ ਹਾਲਤ ਅਤੇ ਘਰੇਲੂ ਪਰਿਵਾਰਕ ਮਾਹੌਲ ਤੋਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪ੍ਰਭਾਵ ਲੈਣੇ ਸ਼ੁਰੂ ਕਰ ਦਿੰਦਾ ਹੈ। ਗਰਭ ਦੌਰਾਨ ਮਾਂ ਦਾ ਸੁਖੀ ਜਾਂ ਦੁਖੀ ਰਹਿਣਾ ਬਹੁਤ ਹੱਦ ਤੱਕ, ਜਨਮ ਤੋਂ ਬਾਅਦ ਬੱਚੇ ਦੇ ਵਿਹਾਰ ਨੂੰ ਤੈਅ ਕਰਦਾ ਹੈ। ਮਾਂ ਦੇ ਲਗਾਤਾਰ ਤਣਾਅ ਵਿੱਚ ਰਹਿਣ ਨਾਲ਼ ਬਾਅਦ ਵਿੱਚ ਬੱਚੇ ਵਿੱਚ ਵਿਹਾਰਕ ਅਤੇ ਅਹਿਸਾਸਕ ਉਲ਼ਝਣਾਂ ਪੈਦਾ ਹੋ ਜਾਂਦੀਆਂ ਹਨ। ਇਹ ਐਂਵੇ ਹੀ ਨਹੀਂ ਕਿ ਗਰਭ ਦੌਰਾਨ ਮਾਹਿਰ ਡਾਕਟਰ ਮਾਂਵਾਂ ਨੂੰ ਕੀ ਖਾਣਾ ਹੈ, ਕੀ ਨਹੀਂ ਖਾਣਾ, ਕਿਹੜੀ ਦਵਾਈ ਲੈਣੀ ਹੈ, ਕਿਹੜੀ ਨਹੀਂ ਲੈਣੀ ਜਾਂ ਕਿੰਨੀ ਲੈਣੀ ਹੈ, ਐਕਸਰੇ ਕਰਾਉਣਾ ਹੈ ਜਾਂ ਨਹੀਂ, ਨਕਾਰਾਤਮਕ ਸੋਚਾਂ-ਖਿਆਲਾਂ ਨੂੰ ਮਨ ਵਿੰਚ ਨਾ ਲਿਆਉਣ ਦੀ ਸਲਾਹ ਆਦਿ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਠ ਦੱਸਿਆ ਜਾਂਦਾ ਹੈ ਕਿਉਂਕਿ ਬੱਚੇ ਦੀ ਸਿਹਤ, ਉਸਦੇ ਵਿਹਾਰ ਅਤੇ ਸਖ਼ਸ਼ੀ ਉਸਾਰੀ ਵਿੱਚ ਇਹ ਸਮਾਂ ਵੀ ਕੋਈ ਘੱਟ ਅਹਿਮੀਅਤ ਵਾਲ਼ਾ ਨਹੀਂ ਹੈ। ਉਪਰੋਕਤ ਤੱਥਾਂ ਦੀ ਰੌਸ਼ਨੀ ਵਿੱਚ, ਮਸਲੇ ਦੀ ਗੰਭੀਰਤਾ ਅਤੇ ਨਾਜੁਕਤਾ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਜਾਣਾ ਚਾਹੀਦਾ ਹੈ ਕਿ ਜੇਕਰ ਇੱਕ ਚੰਗੀ ਜਾਂ ਬੁਰੀ ਸਖ਼ਸ਼ੀਅਤ ਉਸਾਰੀ ਦੀ ਪ੍ਰਕਿਰਿਆ ਇੱਕ ਭਰੂਣ ਤੋਂ ਸ਼ੁਰੂ ਹੋ ਜਾਂਦੀ ਹੈ ਤਾਂ ਬੱਚਿਆਂ ਦੇ ਪਾਲਣ-ਪੋਸਣ ਬਾਰੇ ਮੁੱਢਲੀ ਜਾਣਕਾਰੀ ਉਸ ਜੋੜੇ ਨੂੰ ਲਾਜ਼ਮੀ ਚਾਹੀਦੀ ਹੈ ਜੋ ਅਜੇ ਬੱਚਾ ਜੰਮਣ ਦੀ ਵਿਉਂਤਬੰਦੀ ਕਰ ਰਿਹਾ ਹੈ।

ਰਵਾਇਤੀ ਤੌਰ ‘ਤੇ ਸਕੂਲ ਜਾਣ ਤੋਂ ਪਹਿਲਾਂ ਪਰਿਵਾਰ ਹੀ ਬੱਚੇ ਦਾ ਮੁੱਢਲਾ ਸਕੂਲ ਹੁੰਦਾ ਹੈ। ਮਾਤਾ- ਪਿਤਾ ਅਤੇ ਵੱਡੇ ਭੈਣ-ਭਰਾ ਹੀ ਉਹਦੇ ਮੁੱਢਲੇ ਅਧਿਆਪਕ ਹੁੰਦੇ ਹਨ। ਚੀਜ਼ਾਂ ਬਾਰੇ ਮੁੱਢਲੀ ਜਾਣਕਾਰੀ ਉਹ ਇੱਥੋਂ ਹੀ ਹਾਸਲ ਕਰਦਾ ਹੈ। ਸਕੂਲ ਵਿੱਚ ਦਾਖਲ ਹੋ ਕੇ ਬਾਕੀ ਬੱਚਿਆਂ ਅਤੇ ਆਪਣੇ ਅਧਿਆਪਕਾਂ ਨਾਲ ਉਹ ਕਿਵੇਂ ਪੇਸ਼ ਆਵੇਗਾ, ਕਾਫੀ ਹੱਦ ਤੱਕ ਇਹ ਗੱਲ ਤੈਅ ਕਰੇਗੀ ਕਿ ਉਸਦੀ ਘਰੇਲੂ ਪਰਵਰਿਸ਼ ਕਿਵੇਂ ਹੋਈ ਹੈ। ਬੱਚਾ ਪਰਿਵਾਰ ਦਾ ਪ੍ਰਤੀਬਿੰਬ ਹੁੰਦਾ ਹੈ, ਜਿਵੇਂ ਸੂਰਜ ਪਾਣੀ ਦੇ ਤੁਪਕੇ ਵਿੱਚ ਪ੍ਰਤੀਬਿੰਬ ਹੁੰਦਾ ਹੈ। ਉਸੇ ਤਰ੍ਹਾਂ ਮਾਤਾ-ਪਿਤਾ ਦੀ ਆਤਮਿਕ ਸਵੱਛਤਾ ਬੱਚੇ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਮੁੱਢਲੇ ਸਾਲਾਂ ਵਿੱਚ ਸਿੱਖਿਆ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਮਹਾਨ ਲੇਖਕ ਲੀਓ ਤਾਲਸਤਾਏ ਦਾ ਇਹ ਕਥਨ ਉੱਕਾ ਹੀ ਠੀਕ ਹੈ ਕਿ ”ਬੱਚਾ ਆਪਣੇ ਜਨਮ ਤੋਂ ਪੰਜਾਂ ਵਰ੍ਹਿਆਂ ਦੀ ਉਮਰ ਤੱਕ ਬੱਚਾ ਆਪਣੇ ਤਰਕ, ਭਾਵਨਾਵਾਂ, ਇੱਛਾ ਅਤੇ ਆਚਰਣ ਲਈ, ਉਸ ਨਾਲ਼ੋਂ ਵੱਧ ਪ੍ਰਾਪਤ ਕਰਦਾ ਹੈ, ਜਿੰਨਾ ਉਹ ਆਪਣੇ ਬਾਕੀ ਦੇ ਸਾਰੇ ਜੀਵਨ ਵਿੱਚ ਪ੍ਰਾਪਤ ਕਰਦਾ ਹੈ।” ਸੋਵੀਅਤ ਸਿੱਖਿਆ ਸ਼ਾਸ਼ਤਰ ਅਨਤੋਨ ਸੇਮਿਉਨੋਵਿਚ ਮਕਾਰੈਨਕੋ ਵੀ ਇਸੇ ਗੱਲ ਨੂੰ ਦੁਹਰਾਉਂਦਾ ਹੈ ਕਿ ”ਵਿਅਕਤੀ ਜੋ ਕੁਝ ਹੋਵੇਗਾ ਉਹ ਪੰਜਾਂ ਵਰ੍ਹਿਆਂ ਦੀ ਉਮਰ ਤੋਂ ਪਹਿਲਾਂ ਬਣ ਜਾਂਦਾ ਹੈ, ਇਸ ਲਈ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚੇ ਦੀ ਇਸ ਉਮਰ ਵਿੱਚ ਅਗਵਾਈ ਕਰਨ ਦੇ ਨਾਲ਼-ਨਾਲ਼ ਕਿ ਬੱਚੇ ਨੂੰ ਉਹਦੇ ਆਲ਼ੇ-ਦੁਆਲ਼ੇ ਦੇ ਸੰਸਾਰ ਵਿੱਚ ਕਿਵੇਂ ਲੈ ਜਾਇਆ ਜਾਵੇ, ਸਿੱਖਣ ਵਿੱਚ ਉਹਦੀ ਸਹਾਇਤਾ ਕਿਵੇਂ ਕੀਤੀ ਜਾਵੇ ਅਤੇ ਉਹਦੀ ਬੌਧਿਕ ਘਾਲਣਾ ਕਿਵੇਂ ਸੌਖੀ ਬਣਾਈ ਜਾਵੇ, ਉਹਦੀ ਆਤਮਾ ਵਿੱਚ ਉੱਚ-ਭਾਵਨਾਵਾਂ ਅਤੇ ਭਾਵ ਕਿਵੇਂ ਪੈਦਾ ਕੀਤੇ ਅਤੇ ਪੱਕੇ ਕੀਤੇ ਜਾਣ ਆਦਿ, ਇੱਕ ਬੱਚੇ ਦੀ ਗਿਆਨ ਸੰਗ੍ਰਹਿ ਕਰਨ ਦੀ ਵਿਗਿਆਨਕ ਪ੍ਰਕਿਰਿਆ ਦਾ ਪਤਾ ਹੋਣਾ ਵੀ ਬਹੁਤ ਜਰੂਰੀ ਹੈ ਤਾਂ ਕਿ ਅਸੀਂ ਬੱਚੇ ਦੀਆਂ ਛੋਟੀਆਂ-ਛੋਟੀਆਂ, ਟੁੱਟਵੀਆਂ ਅਤੇ ਅਲੱਗ-ਥਲੱਗ ਹੋ ਰਹੀਆਂ ਸਰਮਗਰੀਆਂ ਨੂੰ ਇਸ ਵਿਗਿਆਨਕ ਫਲਸਫੇ ਦੀ ਰੌਸ਼ਨੀ ਵਿੱਚ ਵੇਖ ਸਕੀਏ ਅਤੇ ਤੱਟਫੱਟ ਨਤੀਜਿਆਂ ਦੀ ਬਜਾਏ ਲੰਮੇ-ਦਾਅ ਤੋਂ ਉਨ੍ਹਾਂ ਦੀ ਅਹਿਮਤੀਅਤ ਨੂੰ ਪਛਾਣ ਸਕੀਏ।

ਗਿਆਨ ਦੀ ਪ੍ਰਕਿਰਿਆ ‘ਚ ਪਹਿਲਾਂ ਕਦਮ ਬਾਹਰੀ ਦੁਨੀਆਂ ਦੀਆਂ ਵਸਤਾਂ ਨਾਲ਼ ਸਬੰਧ ਕਾਇਮ ਕਰਨਾ ਹੈ ਅਤੇ ਅਨੁਭਵ ਹਾਸਲ ਕਰਨਾ ਹੈ। ਜਦੋਂ ਇੱਕ ਛੋਟਾ ਬੱਚਾ ਆਪਣੇ ਆਸ-ਪਾਸ ਦੀਆਂ ਵਸਤਾਂ, ਅਵਾਜ਼ਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਅਲੱਗ-ਅਲੱਗ ਗਿਆਨ ਇੰਦਰੀਆਂ ਰਾਹੀਂ ਕੁਝ ਮੁੱਢਲੇ ਅਤੇ ਬਾਹਰੀ ਪ੍ਰਭਾਵ ਗ੍ਰਹਿਣ ਕਰਦਾ ਹੈ। ਜਦੋਂ ਬੱਚਾਂ ਇਨ੍ਹਾਂ ਵੰਨ-ਸੁਵੰਨੇ ਪ੍ਰਭਾਵਾਂ ਦਾ ਅੱਛਾ-ਖਾਸਾ ਖ਼ਜਾਨਾ ਗ੍ਰਹਿਣ ਕਰ ਲੈਂਦਾ ਹੈ ਤਾਂ ਆਸ-ਪਾਸ ਦੀਆਂ ਵਸਤਾਂ-ਵਰਤਾਰਿਆਂ ਬਾਰੇ ਕੁਝ ਮੁੱਢਲੀਆਂ ਧਾਰਨਾਵਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਆਲ਼ੇ-ਦੁਆਲ਼ੇ ਬਾਰੇ ਬੱਚੇ ਦਾ ਇਹ ਸੰਪਰਕ ਜਿਉਂ-ਜਿਉਂ ਵਿਆਪਕ ਹੁੰਦਾ ਜਾਂਦਾ ਹੈ, ਵਾਰ-ਵਾਰ ਦੁਹਰਾਇਆ ਜਾਂਦਾਂ ਹੈ ਤਾਂ ਗਿਆਨ ਦੀ ਪ੍ਰੀਕਿਰਿਆ ਪ੍ਰਭਾਵਾਂ ਤੋਂ ਸੰਕਲਪਾਂ ਭਾਵ ਤਰਕਸ਼ੀਲ ਪੜਾਅ ਤੱਕ ਅੱਪੜ ਜਾਂਦੀ ਹੈ। ਇਹ ਗਿਆਨ ਅਭਿਆਸ ਰਾਹੀਂ ਲਗਾਤਾਰ ਹੋਰ ਡੂੰਘਾ ਹੁੰਦਾ ਚਲਿਆ ਜਾਂਦਾ ਹੈ। ਬ੍ਰਹਿਮੰਡ ਦੀ ਕਿਸੇ ਵੀ ਸ਼ੈਅ ਜਾਂ ਵਰਤਾਰੇ ਦਾ ਗਿਆਨ ਇਸ ਮੂਲ ਪ੍ਰਕਿਰਿਆ ਤੋਂ ਪਾਸੇ ਰਹਿ ਕੇ ਨਾ ਹਾਸਲ ਹੋ ਸਕਦਾ ਹੈ ਨਾ ਹੀ ਪੈਦਾ ਹੋ ਸਕਦਾ। ਇਹ ਸ਼ਕਲ ਆਪਣੇ ਆਪ ਨੂੰ ਅਨੰਤ ਚੱਕਰਾਂ ‘ਚ ਦੁਹਰਾਉਂਦੀ ਹੈ ਅਤੇ ਹਰੇਕ ਚੱਕਰ ਨਾਲ ਅਭਿਆਸ ਅਤੇ ਗਿਆਨ ਦਾ ਤੱਤ ਉਚੇਰੇ ਪੱਧਰ ‘ਤੇ ਪਹੁੰਚਦਾ ਹੈ। ਇਹ ਗਿਆਨ ਦਾ ਵਿਗਿਆਨਕ ਸਿਧਾਂਤ ਹੈ। ਹਰ ਅਧਿਆਪਕ ਲਈ, ਖੁਦ ਸਿੱਖਣ ਅਤੇ ਸਿਖਾਉਣ ਦਾ ਇਹ ਕਾਰਗਰ ਹਥਿਆਰ ਹੈ। ਸਾਨੂੰ ਛੋਟੇ ਬੱਚੇ ਦੀ ਹਰ ਛੋਟੀ ਤੋਂ ਛੋਟੀ ਹਰਕਤ ਅਤੇ ਸਰਗਰਮੀ ਨੂੰ, ਗਿਆਨ ਸੰਗ੍ਰਹਿ ਦੀ ਉਪਰੋਕਤ ਵਿਧੀ ਦੀ ਲਗਾਤਾਰਤਾ ਦੇ ਸੰਦਰਭ ਵਿੱਚ ਵੇਖਣਾ ਚਾਹੀਦਾ ਹੈ ਅਤੇ ਸਿੱਖਣ ਵਿੱਚ ਉਸਦੀ ਮਦਦ ਕਰਨੀ ਚਾਹੀਦੀ ਹੈ।

ਜੇਕਰ ਪੁੱਛਿਆ ਜਾਵੇ ਕਿ ਕੁਝ-ਕੁ-ਦਿਨਾਂ ਦਾ ਛੋਟਾ ਬੱਚਾ ਕਿਸੇ ਓਪਰੇ ਬੰਦੇ ਦੇ ਕੁੱਛੜ ਵਿੱਚ ਚੁੱਕਣ ‘ਤੇ ਕਿਉਂ ਰੋਣ ਲਗਦਾ ਹੈ ਅਤੇ ਮੁੜ ਮਾਂ ਦੀ ਛਾਤੀ ਨਾਲ਼ ਲਾਉਣ ‘ਤੇ ਝੱਟ ਚੁੱਪ ਕਿਉਂ ਹੋ ਜਾਂਦਾ ਹੈ ਤਾਂ ਇਸ ਦਾ ਉੱਤਰ ਗਿਆਨ ਦੇ ਸਿਧਾਂਤ ਦਾ ਪਦਾਰਥਵਾਦ ਦਿੰਦਾ ਹੈ। ਮਾਂ ਦੀ ਅਵਾਜ਼ ਅਤੇ ਮਾਂ ਦੇ ਦਿਲ ਦੇ ਧੜਕਨ ਦੀ ਅਵਾਜ਼ ਤੋਂ ਬੱਚਾ ਜਨਮ ਤੋਂ ਪਹਿਲਾਂ ਹੀ ਜਾਣੂ ਹੁੰਦਾ ਹੈ ਕਿਉਂਕਿ ਭਰੂਣ ਮਾਂ ਦੇ ਦਿਲ ਦੇ ਬਿਲਕੁਲ ਨੇੜੇ ਪਿਆ ਹੁੰਦਾ ਹੈ। ਇਸ ਲਈ ਉਸ ਧੜਕਨ ਨਾਲ਼ ਉਸਦੀ ਡੂੰਘੀ ਜਾਣ-ਪਛਾਣ ਹੋ ਜਾਂਦੀ ਹੈ। ਜਨਮ ਤੋਂ ਬਾਅਦ ਮਾਂ ਵੱਲੋਂ ਛਾਤੀ ਨਾਲ਼ ਲਾ ਕੇ ਜਦੋਂ ਰੋਂਦਾ ਬੱਚਾ ਥਾਪੜਿਆ ਜਾਂਦਾ ਹੈ ਤਾਂ ਉਸ ਦੇ ਕੰਨੀ ਉਹੀ ਧੜਕਨ ਪੈ ਜਾਂਦੀ ਹੈ ਤੇ ਉਹ ਟਿਕ ਕੇ ਪੈ ਜਾਂਦਾ ਹੈ ਕਿ ਇਹ ਤਾਂ ਕੋਈ ਜਾਣਿਆ-ਪਛਾਣਿਆ ਹੈ।

ਇਸੇ ਤਰ੍ਹਾਂ ਭਾਸ਼ਾਈ ਸਿਖਲਾਈ ਦੌਰਾਨ ਜੇਕਰ ਇੱਕ ਬੱਚਾ ਸਭ ਤੋਂ ਪਹਿਲਾਂ ‘ਪਾ-ਪਾ’ ਜਾਂ ‘ਮਾਂ’ ਕਹਿਣਾ ਸਿੱਖਦਾ ਹੈ ਤਾਂ ਇਸਦੇ ਪਿੱਛੇ ਕੋਈ ਜੀਵ-ਵਿਗਿਆਨਕ ਕਾਰਨ ਨਹੀਂ ਬਲਕਿ ਇਹ ਦੋਵੇਂ ਨਾਵਾਂ ਦੇ ਪ੍ਰਾਣੀ, ਬੱਚੇ ਦੇ ਸਭ ਤੋਂ ਨੇੜਲੇ ਅਤੇ ਪਿਆਰੇ ਹੁੰਦੇ ਹਨ ਜੋ ਹਰਦਮ ਉਸਦਾ ਖਿਆਲ ਰੱਖਦੇ ਹੋਏ ਉਸ ਨੂੰ ਸੁਰੱਖਿਆ ਦਿੰਦੇ ਹਨ। ਕਿਉਂਕਿ, ਵਾਰ-ਵਾਰ ਇਹੀ ਸੌਖੇ ਸ਼ਬਦ ਉਹਦੇ ਕੰਨਾਂ ਤੱਕ ਪਹੁੰਚਦੇ ਰਹਿੰਦੇ ਹਨ ਤਾਂ ਬੱਚਾ ਸਭ ਤੋਂ ਪਹਿਲਾਂ ‘ਪਾ-ਪਾ’ ਅਤੇ ‘ਮਾਂ’ ਕਹਿਣਾ ਸਿੱਖਦਾ ਹੈ। ਇਨ੍ਹਾਂ ਤੱਥਾਂ ਨਾਲ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਕਿ ਬੱਚਾ ਮੁੱਢਲਾ ਅਨੁਭਵੀ ਗਿਆਨ ਵਾਕਈ ਆਪਣੇ ਆਸ-ਗੁਆਂਢ ਦੀਆਂ ਠੋਸ ਅਤੇ ਵਜੂਦ ਰੱਖਦੀਆਂ ਚੀਜਾਂ ਤੋਂ ਪ੍ਰਾਪਤ ਕਰਦਾ ਹੈ।

ਦੂਜੀ ਗੱਲ ਜੋ ਸਮਝਣ ਵਾਲ਼ੀ ਹੈ ਕਿ ਬੱਚੇ ਨੂੰ ਕਿਸੇ ਚੀਜ਼ ਪ੍ਰਤੀ ਪੱਕੀ ਧਾਰਨਾ ਬਣਾਉਣ ਅਤੇ ਸਫਲਤਾ ਲਈ ਬਹੁਤ ਅਭਿਆਸ ਦੀ ਲੋੜ ਹੁੰਦੀ ਹੈ। ਮਿਸਾਲ ਦੇ ਤੌਰ੍ਹ ‘ਤੇ, ਇੱਕ ਬੱਚਾ ਜਦੋਂ ਅਜੇ ਤੁਰਨ-ਬੋਲਣ ਵੀ ਨਹੀਂ ਲੱਗਿਆ ਹੁੰਦਾ, ਉਹ ਚੀਜ਼ ਨੂੰ ਗੌਹ ਨਾਲ਼ ਵੇਖਦਾ ਹੈ ਜਾਂ ਚੁੱਕ ਕੇ ਮੂੰਹ ਵਿੱਚ ਪਾਉਂਦਾ ਹੈ। ਉਸ ਨੂੰ ਆਸ-ਪਾਸ ਦੀਆਂ ਸੈਂਕੜੇ ਚੀਜ਼ਾਂ ਨੂੰ ਮੂੰਹ ਵਿੱਚ ਪਾਉਣ ਦੇ ਅਭਿਆਸ ਤੋਂ ਹੀ ਇਸ ਸੱਚ ਅਤੇ ਤੱਥ ਦੀ ਜਾਣਕਾਰੀ ਹਾਸਲ ਹੁੰਦੀ ਹੈ ਕਿ ਆਸ-ਪਾਸ ਦੀ ਹਰ ਚੀਜ਼ ਉਹਦੇ ਖਾਣ ਲਈ ਨਹੀਂ ਬਣੀ। ਇਸੇ ਤਰ੍ਹਾਂ ਇੱਕ ਬੱਚੇ ਦੇ ਰਿੜਨ ਤੋਂ ਲੈ ਕੇ, ਬਿਨ੍ਹਾਂ ਕਿਸੇ ਦੇ ਸਹਾਰੇ ਤੋਂ ਦੋ ਲੱਤਾਂ ‘ਤੇ ਤੁਰਨ ਸਿੱਖਣ ਦਾ ਇਤਿਹਾਸ ਵਾਰ-ਵਾਰ ਡਿੱਗਣ ਅਤੇ ਸੱਟਾਂ-ਫੇਟਾਂ ਦੇ ਅਣਥੱਕ ਦੁਹਰਾਓ ਵਿੱਚੋਂ ਦੀ ਹੋ ਗੁਜ਼ਰਦਾ ਹੈ।

ਇਸ ਉਮਰ ਵਿੱਚ ਬੱਚੇ ਦਾ ਚੀਜ਼ਾਂ ਪ੍ਰਤੀ ਐਨਾ ਅਚੰਭਾ ਹੁੰਦਾ ਹੈ ਕਿ ਉਹ ਆਪਣੀ ਹੀ ਕਿਸਮ ਦੀ ਜਾਂਚ-ਪੜਤਾਲ, ਨਕਲ ਕਰਨ ਜਾਂ ਖੇਡਣ-ਕੁੱਦਣ ਦਾ ਕੋਈ ਵੀ ਮੌਕਾ ਅਜਾਈਂ ਨਹੀਂ ਜਾਣ ਦਿੰਦਾ। ਸਾਨੂੰ ਵੱਡਿਆਂ ਨੂੰ ਸੁਚੇਤ ਤੌਰ੍ਹ ‘ਤੇ ਉਹਨਾਂ ਦੀ ਇਸ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਲੰਮੇ ਦਾਅ ਤੋਂ ਉਹਨਾਂ ਦੇ ਇਹ ਅੱਧੇ-ਅਧੂਰੇ ਅਣਖਿੱਝ ਕੰਮਾਂ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇੱਕ ਬੱਚੇ ਦੀਆਂ ਨਾਜ਼ੁਕ ਉਂਗਲ਼ਾਂ ਨੂੰ ਹੱਥ ਵਿੱਚ ਪੈੱਨ ਫੜ ਕੇ À, ਅ, ਲਿਖਣ ਤੱਕ ਜਾਂ ਫਿਰ ਕੋਈ ਖੂਬਸੂਰਤ ਚਿੱਤਰ-ਮੂਰਤ ਵਾਹੁਣ ਤੋਂ ਪਹਿਲਾਂ ਸੁਭਾਵਿਕ ਹੀ ਅਨੇਕਾਂ ਰੂਪਾਂ ਵਿੱਚ ਖ਼ੁਦ-ਬ-ਖ਼ੁਦ ਰੋਜ਼ਮੱਰ੍ਹਾ ਦੇ ਅਥਾਹ-ਅਣਥੱਕ ਅਭਿਆਸ ਵਿੱਚੋਂ ਲੰਘਣਾ ਪੈਂਦਾ ਹੈ। ਸੁਚੇਤ ਮਾਪਿਆਂ ਨੂੰ, ਬੱਚੇ ਦੀ ਖੁਦ ਚਮਚਾ ਫੜ੍ਹਕੇ ਖਾਣ ਦੀ ਜਿੱਦ ਵਿੱਚ ਭਵਿੱਖ ਦੀ ਸੁੰਦਰ ਲਿਖਾਈ ਜਾਂ ਕਿਸੇ ਹੋਰ ਹੱਥ-ਕਲਾ ਦੀ ਗੁਣਵੱਤਾ ਦਾ ਰਾਜ਼ ਨਜ਼ਰ ਆਉਂਦਾ ਚਾਹੀਦਾ ਹੈ। ਕਿਉਂਕਿ ਇਹ ਅਭਿਆਸ ਉਸ ਨਿਸ਼ਾਨੇ ਲਈ ਲਾਜ਼ਮੀਂ ਸ਼ਰਤ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਖੇਡਾਂ-ਖੇਡਣ, ਪਰੀ ਕਹਾਣੀਆਂ ਨੂੰ ਸੁਣਨ-ਸੁਣਾਉਣ ਲਈ, ਵੱਡਿਆਂ ਦਾ ਸਮਾਂ ਦੇਣਾ, ਉਨ੍ਹਾਂ ਦੀਆਂ ਚਿੰਤਨ ਉਡਾਰੀਆਂ ਅਤੇ ਭਾਸ਼ਾਈ ਪ੍ਰਪੱਕਤਾ ਲਈ ਅਸਧਾਰਨ ਮਹੱਤਤਾ ਰੱਖਦਾ ਹੈ।

ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਸ ਪਰਿਵਾਰ ਦਾ ਸਮਾਜਿਕ ਦਾਇਰਾ ਜਿੰਨਾਂ ਮੋਕਲ਼ਾ ਹੁੰਦਾ ਹੈ ਉਹਨਾਂ ਦੇ ਬੱਚੇ ਉਨ੍ਹੇ ਹੀ ਘੱਟ ਸ਼ਰਮਾਕਲ, ਮਿਲ਼ਣਸਾਰ, ਪੁੱਛ-ਪੜਤਾਲ਼ੀਏ ਅਤੇ ਨਿੱਘੇ ਸੁਭਾਅ ਵਾਲ਼ੇ ਹੁੰਦੇ ਹਨ। ਇਸਦੇ ਉਲ਼ਟ ਸੀਮਤ ਸਮਾਜਿਕ ਦਾਇਰੇ ਵਾਲ਼ੇ ਇਕਹਿਰੇ ਪਰਿਵਾਰਾਂ ਦੇ ਇਕਹਿਰੇ ਬੱਚਿਆਂ ਵਿੱਚ ਸੰਗਾਊਪੁਣਾ, ਜ਼ਿੱਦੀਪੁਣਾ ਅਤੇ ਖ਼ੁਦਗਰਜ਼ੀ ਵਰਗੇ ਔਗੁਣਾਂ ਦੇ ਜਿਆਦਾ ਲੱਛਣ ਹੁੰਦੇ ਹਨ। ਅਜਿਹੇ ਪਿਛੋਕੜ ਵਾਲ਼ੇ ਬੱਚਿਆਂ ਨੂੰ ਸਕੂਲ ਜਾਣ ‘ਤੇ ਬਾਕੀ ਬੱਚਿਆਂ ਅਤੇ ਆਪਣੇ ਅਧਿਆਪਕਾਂ ਨਾਲ਼ ਸੁਖਾਵੇਂ ਸਬੰਧ ਬਣਾਉਣ ਲਈ ਮੁਕਾਬਲਤਨ ਜ਼ਿਆਦਾ ਸਮਾਂ ਲੱਗਦਾ ਹੈ ਜੋ ਉਹਨਾਂ ਦੇ ਸਿੱਖਣ ਦੀ ਪ੍ਰਕਿਰਿਆ ਨੂੰ ਲੰਮਾ ਅਤੇ ਗੁੰਝਲ਼ਦਾਰ ਬਣਾਉਂਦਾ ਹੈ।

ਦੂਸਰੇ ਪਾਸੇ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਦੋਂ ਬੱਚਾ ਕੁਝ ਚੀਜ਼ਾਂ ਦੇ ਨਾਵਾਂ ਨੂੰ ਬੋਲਣਾ ਸਿੱਖ ਲੈਂਦਾ ਹੈ ਤਾਂ ਕਈ ਵਾਰ ਕਾਹਲ਼ੀ ਵਿੱਚ ਅਸੀਂ ਅਮੂਰਤ ਗਿਆਨ ਦੇ ਅਕਾਊ ਕੰਮ ਦੀ ਪ੍ਰਕਿਰਿਆ ਵੀ ਨਾਲ਼-ਨਾਲ਼ ਸ਼ੁਰੂ ਕਰ ਦਿੰਦੇ। ਜਿਵੇਂ ਗਿਣਤੀ ਦਾ ਸੰਕਲਪ। ਬੱਚਾ ਦਸ ਤੱਕ ਗਿਣਤੀ ਬੋਲਣੀ ਤਾਂ ਸਿੱਖ ਲੈਂਦਾ ਹੈ ਪਰ ਕੋਈ ਦਸ ਚੀਜ਼ਾਂ ਉਸ ਕੋਲ਼ੋਂ ਗੈਰ-ਹਾਜ਼ਰ ਹੀ ਰਹਿੰਦੀਆਂ ਹਨ। ਬੋਲਣ ਦੇ ਇਸ ਅਭਿਆਸ ਦਾ ਉਚਾਰਨ ਅੰਗਾਂ ਦੇ ਅਭਾਸ ਦੇ ਨਜ਼ਰੀਏ ਤੋਂ ਤਾਂ ਕੋਈ ਮਹੱਤਵ ਹੋ ਸਕਦਾ ਹੈ ਪਰ ਗਣਿਤ-ਵਿਗਿਆਨ ਦੇ ਨਜ਼ਰੀਏ ਤੋਂ ਨਹੀਂ। ਹੁੰਦਾ ਇਹ ਹੈ ਕਿ ਉਹ ਦਸ ਤੱਕ ਬੋਲਣਾ ਤਾਂ ਜਾਣਦਾ ਹੈ ਪਰ ਤੁਹਾਡੇ ਕਹਿਣ ਤੇ ਤੁਹਾਨੂੰ ਕੋਈ ਦੋ ਜਾਂ ਤਿੰਨ ਚੀਜ਼ਾਂ ਚੁੱਕ ਕੇ ਨਹੀਂ ਫੜਾਵੇਗਾ ਕਿਉਂਕਿ ਤੁਹਾਡਾ ਅਮੂਰਤ ਗਿਆਨ ਚੀਜ਼ਾਂ ਨਾਲੋਂ ਕੱਟ ਕੇ ਦਿੱਤਾ ਜਾ ਰਿਹਾ ਹੈ। ਸੁਖੋਮਲਿੰਸਕੀ ਲਿਖਦਾ ਹੈ ਕਿ ”ਯਾਦ ਕੀਤੇ ਗਏ ਵਰਤਾਰੇ ਦੇ, ਤੱਤ ਸਬੰਧੀ ਚਿੰਤਨ, ਸਪੱਸ਼ਟ ਸੂਝ ਅਤੇ ਨਿਰਖ-ਪਰਖ ਦੀ ਥਾਂ, ਯਾਦ ਨੂੰ ਦੇਣਾ, ਉਹ ਊਣਤਾਈ ਹੈ ਜਿਹੜੀ ਬੱਚੇ ਨੂੰ ਖੁੰਢਾ ਬਣਾ ਦਿੰਦੀ ਹੈ ਅਤੇ ਅਖ਼ੀਰ ਉਹਦੀ ਪੜ੍ਹਨ ਦੀ ਇੱਛਾ ਨੂੰ ਮਾਰ ਦਿੰਦੀ ਹੈ।” ਅੱਜ ਇਹ ਐਂਵੇ ਹੀ ਨਹੀਂ ਹੈ ਕਿ ਗਣਿਤ-ਵਿਗਿਆਨ ਨੂੰ ਇੱਕ ਅਕਾਊ ਅਤੇ ਨੀਰਸ ਵਿਸ਼ਾ ਸਮਝਿਆ ਜਾਣ ਲੱਗਿਆ ਹੈ ਕਿਉਂਕਿ ਇਸ ਵਿੱਚ ਅਭਿਆਸ ਤੋਂ ਟੁੱਟੀ ਨਿਰੋਲ ਦਿਮਾਗ਼ੀ ਕਸਰਤ ਲਗਾਤਾਰ ਵਧਦੀ ਹੀ ਚਲੀ ਜਾਂਦੀ ਹੈ।

ਦੂਸਰੇ ਪਾਸੇ ਇਹ ਗੱਲ ਵੀ ਸਮਝਣ ਦੀ ਲੋੜ ਹੈ ਕਿ ਬੇਸ਼ੱਕ ਕੁਦਰਤੀ ਆਲ਼ਾ-ਦੁਆਲ਼ਾ ਵਿੱਦਿਆ ਦਾ ਬਲਵਾਨ ਸੋਮਾ ਹੈ ਪਰ ਜੇਕਰ ਬੱਚੇ ਨੂੰ ਸਕੂਲ ਦਾਖਲ ਹੋਣ ਤੋਂ ਪਹਿਲਾਂ ਦੇ ਵਰ੍ਹਿਆਂ ਵਿੱਚ ਉਹਦੇ ਆਪਣੇ ਆਪ ਉੱਤੇ ਛੱਡ ਦਿੱਤਾ ਜਾਵੇ, ਜੇਕਰ ਉਸ ਦੇ ਵੱਡੇ, ਸੂਚਨਾ ਦਾ ਉਹ ਪਰਵਾਹ ਨਾ ਸਿਰਜਣ ਜਿਸ ਤੋਂ ਬਿਨ੍ਹਾਂ ਸਧਾਰਨ ਮਨੁੱਖੀ ਆਲ਼ੇ-ਦੁਆਲ਼ੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤਾਂ ਬੱਚੇ ਦਾ ਦਿਮਾਗ਼ ਸਿਥਲਤਾ ਦੀ ਹਾਲਤ ਵਿੱਚ ਚਲਾ ਜਾਵੇਗਾ। ਪੁੱਛ-ਪੜਤਾਲ ਦਾ ਸ਼ੌਂਕ ਅਤੇ ਖੋਜੀਪੁਣਾ ਮਰ ਜਾਂਦੇ ਹਨ ਅਤੇ ਉਹਨਾਂ ਦੀ ਥਾਂ ਬੇਪਰਵਾਹੀ ਲੈ ਲੈਂਦੀ ਹੈ। ਇਹੀ ਉਸਦੀ ਦਿਮਾਗ਼ੀ ਤੰਤੂ ਪ੍ਰਣਾਲੀ ਦੇ ਵਿਕਸਤ ਹੋਣ ਦਾ ਮਹੱਤਵਪੂਰਨ ਸਮਾਂ ਹੁੰਦਾ ਹੈ, ਜਦੋਂ ਉਸਨੂੰ ਸੂਚਨਾ ਦੇ ਤਿੱਖੇ ਪਰਵਾਹ ਤੋਂ ਵਿਰਵੇ ਨਹੀਂ ਰੱਖਿਆ ਜਾਣਾ ਚਾਹੀਦਾ। ਪਰ ਇਸ ਦੇ ਉਲਟ ਦੂਜਾ ਪੱਖ ਇਹ ਵੀ ਹੈ ਕਿ ਇਸ ਉਮਰ ਵਿੱਚ ਬੱਚੇ ਦੀ ਕਿਸੇ ਵੀ ਤਰ੍ਹਾਂ ਦੀਆਂ ਗੂੜ੍ਹ ਗੱਲਾਂ ਜਾਂ ਭਾਰੇ ਗਿਆਨ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਇਥੇ ਸਾਨੂੰ ਸੋਵੀਅਤ ਚਿੰਤਕ ਜਾਨੁਸਜ ਕੋਰਸਜ਼ਾਕ ਦੀ ਗੱਲ ਸਮਝਣੀ ਪ੍ਰਸੰਗਿਕ ਜਾਪਦੀ ਹੈ ਕਿ ”ਬੱਚਿਆਂ ਦੇ ਸ਼ਾਨਦਾਰ ਗਣਰਾਜ ਵਿੱਚ ਕੋਈ ਦਰਜੇਬੰਦੀ ਨਹੀਂ ਹੁੰਦੀ। ਉਹ ਇੱਕ ਖੇਤ ਮਜ਼ਦੂਰ ਦੇ ਪਸੀਨੇ ਜਾਂ ਆਪਣੀ ਉਮਰ ਦੇ ਬੱਚਿਆਂ ਦੀ ਭੁੱਖ ਉੱਤੇ ਦੁੱਖ ਮਨਾਉਣ ਤੋਂ ਬਹੁਤ ਪਹਿਲਾਂ, ਉਸ ਘੋੜੇ ਜਾਂ ਮੁਰਗੇ ਦੀ, ਜਿਸ ਦਾ ਸਿਰ ਵੱਢਿਆ ਹੋਵੇ, ਮਾੜੀ ਹੋਣੀ ਕਾਰਨ ਦੁਖੀ ਹੋਵੇਗਾ। ਕੁੱਤੇ ਅਤੇ ਪੰਛੀ ਉਹਦੇ ਨੇੜੇ ਹੁੰਦੇ ਹਨ; ਤਿਤਲੀਆਂ ਅਤੇ ਫੁੱਲ ਉਹਦੇ ਹਾਣੀ ਹੁੰਦੇ ਹਨ। ਪੱਥਰਾਂ ਅਤੇ ਕੌਡੀਆਂ ਵਿੱਚ ਉਸਨੂੰ ਭਰਾ ਦਿਸਦੇ ਹਨ। ਕਿਸੇ ਨੌਦੌਲਤੀਏ ਦੀ ਹੈਂਕੜ ਉਹਦੇ ਲਈ ਓਪਰੀ ਹੁੰਦੀ ਹੈ। ਕਿਉਂਕਿ ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਕੇਵਲ ਮਨੁੱਖਾਂ ਦੀਆਂ ਹੀ ਆਤਮਾਵਾਂ ਹੁੰਦੀਆਂ ਹਨ।” ਇੱਥੇ ਇਹ ਗੱਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਕਿ ਪ੍ਰਕਿਰਤਿਕ ਆਲ਼ੇ-ਦੁਆਲ਼ੇ ਵਿੱਚ ਕੋਈ ਅਜਿਹੀਆਂ ਜਾਦੂਈ ਤਾਕਤਾਂ ਨਹੀਂ ਜਿਹੜੀਆਂ ਤਰਕ, ਭਾਵਨਾਵਾਂ ਜਾਂ ਇੱਛਾ ਉੱਤੇ ਸਿੱਧਾ ਪ੍ਰਭਾਵ ਪਾਉਣ। ਪ੍ਰਕਿਰਤੀ ਤਾਂਹੀ ਵਿੱਦਿਆ ਦਾ ਬਲਵਾਨ ਸੋਮਾ ਹੈ ਜੇ ਉਸ ਤੋਂ ਜਾਣੂ ਹੋਣ ਜਾਂ ਜਾਣੂ ਕਰਵਾਉਣ ਵਾਲ਼ਾ ਮਨੁੱਖ ਕਾਰਨ ਅਤੇ ਪ੍ਰਭਾਵ ਦੇ ਰਿਸ਼ਤੇ ਸਬੰਧੀ ਵਿਚਾਰਾਂ ਨਾਲ਼ ਲੈੱਸ ਹੋਵੇ। ਫ.ਅ. ਦਿਸਤਰਵੇਗ ਨੇ ਇਸੇ ਸੰਦਰਭ ਵਿੱਚ ਕਿਹਾ ਸੀ ਕਿ ”ਭੈੜਾ ਅਧਿਆਪਕ ਸੱਚਾਈਆਂ ਪੇਸ਼ ਕਰਦਾ ਤੇ ਚੰਗਾ ਅਧਿਆਪਕ ਵਿਖਾਉਂਦਾ ਹੈ ਕਿ ਉਹਨਾਂ ਨੂੰ ਕਿਵੇਂ ਲੱਭਣਾ ਹੈ।” ਉਪਰੋਕਤ ਤੱਥਾਂ ਦੀ ਰੌਸ਼ਨੀ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਦੇ ਸਮੇਂ ਵਿੱਚ ਵੀ ਸੁਚੇਤ ਅਗਵਾਈ ਦੀ ਜ਼ਰੂਰਤ ਹੰਦੀ ਹੈ।

ਦੂਸਰੇ ਪਾਸੇ, ਸਾਡੇ ਮੌਜੂਦਾ ਸਿੱਖਿਆ ਪ੍ਰਣਾਲ਼ੀ ਦੀ ਵਿਹਾਰਕ ਕਾਰਗੁਜ਼ਾਰੀ ਬਹੁਤ ਚਿੰਤਾਜਨਕ ਹੈ। ਦੇਸ਼ ਚੌਤਰਫੇ ਨੈਤਿਕ ਨਿਘਾਰ ਦਾ ਸ਼ਿਕਾਰ ਹੈ। ਸਮਾਜ ਵਿੱਚ ਅਜੀਬ ਤਰ੍ਹਾਂ ਦੀ ਹਫੜਾ-ਦਫੜੀ, ਬੇਭਰੋਸਗੀ ਅਤੇ ਅਪਰਾਧਕ ਸਰਗਰਮੀਆਂ ਦਾ ਆਲਮ ਹੈ। ਭ੍ਰਿਸ਼ਟਾਚਾਰ ਦੇ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਅੱਜ ਹਰ ਸਧਾਰਨ ਤੋਂ ਸਧਾਰਨ ਬੰਦਾ ਵੀ ਸੋਚਣ ਲਈ ਮਜ਼ਬੂਰ ਹੈ ਕਿ ਇੱਥੇ ਕਿਉਂ, ਕੋਈ ਬੰਦਾ ਜਿੰਨਾ ਪੜ੍ਹ-ਲਿਖ ਜਾਂਦਾ ਹੈ, ਉਨ੍ਹਾਂ ਹੀ ਵੱਧ ਕੁਸ਼ਲ ਤਰੀਕੇ ਨਾਲ਼ ਆਪਣੇ ਹੁਨਰ ਨੂੰ ਆਪਣੀਆਂ ਕਮੀਨਗੀਆਂ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਹੈ, ਅੱਜ ਪੜ੍ਹ ਲਿਖ ਕੇ ਬਣੇ ਡਾਕਟਰ ਦੇ ਆਪਣੇ ਮਰੀਜ਼ ਨਾਲ਼, ਅਧਿਆਪਕ ਦੇ ਆਪਣੇ ਵਿਦਿਆਰਥੀ ਨਾਲ਼ ਰਿਸ਼ਤੇ ਦੀਆਂ ਧੱਜੀਆਂ ਉੱਡ ਰਹੀਆਂ ਨੇ, ਬੰਦਾ ਪੜ੍ਹ ਲਿਖ ਕੇ ਉੱਚਾ ਉੱਠਣ ਦੀ ਬਜਾਏ ਬੌਣਾ ਕਿਉਂ ਬਣਦਾ ਜਾ ਰਿਹਾ ਹੈ, ਉਹ ਦਸ ਸਾਲ ਨੈਤਿਕ ਸਿੱਖਿਆ ਦਾ ਪਾਠ ਪੜ੍ਹ ਕੇ ਅਨੈਤਿਕ ਹੀ ਕਿਉਂ ਬਣਿਆ ਰਹਿਦਾ ਹੈ, ਕਿਸੇ ਵੀ ਕਿਸਮ ਦੇ ਸਾਂਝੇ ਸਰੋਕਾਰ ਉਹਦੇ ਏਜੰਡੇ ਤੋਂ ਗਾਇਬ ਕਿਉਂ ਹਨ, ਸਿੱਖਿਆ ਉਹ ਦੇ ਲਈ ਮਹਿਜ਼ ਨੰਬਰ ਹਾਸਲ ਕਰਨ ਦੀ ਕੋਈ ਚੀਜ਼ ਕਿਉਂ ਬਣ ਕੇ ਰਹਿ ਗਈ ਹੈ ਆਦਿ। ਇਨ੍ਹਾਂ ਸਭ ਅਨੈਤਿਕ ਵਿਹਾਰਾਂ ਦੀ ਚੀਰਫਾੜ ਕਰਨੀ ਅਤੇ ਪੈੜ ਨੱਪਣੀ ਸਮੇਂ ਦੀ ਅਹਿਮ ਲੋੜ ਹੈ। ਦਰਅਸਲ ਸਿੱਖਿਆ ਦਾ ਅਸਲ ਮਨੋਰਥ ਮਨੁੱਖ ਨੂੰ ਰਚਨਾਤਮਕ ਤੌਰ ‘ਤੇ ਸੋਚਣ ਵਾਲ਼ਾ, ਇੱਕ ਖੋਜੀ, ਪੁੱਛ-ਪੜਤਾਲ਼ ਕਰਨ ਵਾਲ਼ਾ ਅਤੇ ਇੱਕ ਅਜਿਹਾ ਹੁਨਰਮੰਦ ਇਨਸਾਨ ਬਣਾਉਂਣਾ ਹੁੰਦਾ ਹੈ ਜੋ ਸਮੁੱਚੇ ਸਮਾਜਕ ਪ੍ਰਬੰਧ ਵਿੰਚ ਆਪਣੇ ਹਿੱਸੇ ਦੀਆਂ ਸੇਵਾਵਾਂ ਨਿਭਾਉਂਦਾ ਹੋਇਆ, ਆਪਣੀਆਂ ਨਿੱਜੀ ਇਛਾਵਾਂ ਦੀਆਂ ਸੀਮਾਵਾਂ ਨੂੰ ਵੀ ਜਾਣਦਾ ਹੋਵੇ। ਪਰ ਸਾਡੇ ਸਮਾਜਕ-ਆਰਥਕ ਮਾਹੌਲ ਵਿੱਚ ਸਿੱਖਿਆ ਦਾ ਅਜਿਹਾ ਕੋਈ ਮਨੋਰਥ ਨਹੀਂ ਹੈ। ਇਥੇ ਕਾਰਪੋਰੇਟ ਜਗਤ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਕੇ ਸਿਲੇਬਸ ਤੈਅ ਹੁੰਦੇ ਹਨ। ਇੱਕ ਵਿਦਿਆਰਥੀ ਦੇ ਦਿਲਚਸਪੀ ਦੇ ਖੇਤਰ ਨੂੰ ਪੈਰਾਂ ਹੇਠ ਲਿਤਾੜ ਕੇ ਕਿਸੇ ਹੋਰ ਖੇਤਰ ਦੀ ਸਿੱਖਿਆ ‘ਘੋੜੇ ਦੀਆਂ ਐਨਕਾਂ’ ਲਾ ਕੇ ਦਿੱਤੀ ਜਾਂਦੀ ਹੈ। ਅੱਜ ਵੇਖ ਰਹੇ ਹਾਂ ਕਿ ਵਿਗਿਆਨ ਦੀ ਪੜ੍ਹਾਈ ਪੜ ਰਹੇ ਵਿਦਿਆਰਥੀ ਤੋਂ ਉਹਦੀਆਂ ਸਾਰੀਆਂ ਸੁਹਜਾਤਮਕ ਅਤੇ ਕਲਾਤਮਕ ਰੁਚੀਆਂ ਕਿਵੇਂ ਝਪਟ ਹੀ ਲਈਆਂ ਜਾਂਦੀਆਂ ਹਨ। ਇਸ ਤਰ੍ਹਾਂ ਅੱਜ ਹਰ ਖੇਤਰ ਦੀ ਲੰਗੜੀ-ਲੂਲੀ ਜਾਣਕਾਰੀ ਰੱਖਦੇ ਅਜੀਬੋ-ਗਰੀਬ ਮਾਨਸਿਕਤਾ ਦੇ ਅਜਿਹੇ ਲੋਕ ਪੈਦਾ ਹੋ ਰਹੇ ਹਨ, ਜਿੰਨ੍ਹਾਂ ਨੂੰ ਬਾਕੀ ਸਮਾਜ ਨਾਲ ਕੋਈ ਸਰੋਕਾਰ ਨਹੀਂ। ਉਹਨਾਂ ਦੀ ਸੋਚਣੀ ‘ਤੇ ਸਦੀਵੀ ਤਾਲਾ ਲਾਇਆ ਜਾ ਰਿਹਾ ਹੈ ਕਿ ਉਹ ਕਿਸੇ ਅਦਾਰੇ ਵਿੱਚ ਮਹਿਜ ਮਸ਼ੀਨ ਦੀ ਤਰ੍ਹਾਂ ਕੰਮ ਕਰਦੇ  ਰਹਿਣ।

ਦੂਸਰੀ ਸਮੱਸਿਆ ਇਹ ਵੀ ਹੈ ਕਿ ਜਿਹੜੇ ਬੱਚੇ ਆਪਣੇ ਦਿਲਚਸਪੀ ਤੇ ਖੇਤਰ ਵਿੱਚ ਵੀ ਅਧਿਐਨ ਕਰ ਰਹੇ ਹਨ ਉਹਨਾਂ ਅੱਗੇ ਗਿਆਨ ਨੂੰ ਅਸੀਂ ਸਿਰ ਪਰਨੇ ਖੜ੍ਹਾ ਕਰ ਰੱਖਿਆ ਹੈ ਕਿਉਂਕਿ ਸਾਡੇ ਕੋਲ਼ ਇੰਨੇ ਪ੍ਰਬੁੱਧ ਅਧਿਆਪਕ ਹੀ ਮੌਜੂਦ ਨਹੀਂ ਆਖ਼ਰਕਾਰ ਉਹ ਵੀ ਤਾਂ ਇਸੇ ਸਿੱਖਿਆ ਪ੍ਰਣਾਲੀ ਦੀ ਪੈਦਾਵਾਰ ਹਨ, ਪ੍ਰਬੁੱਧ ਕਰਨਾ ਜਿਸਦਾ ਮਨੋਰਥ ਹੀ ਨਹੀਂ ਹੈ। ਇਹ ਪੜ੍ਹਾਇਆ ਜਾਣਾ ਕਿ ਦਿਮਾਗ਼ ਦਾ ਸ੍ਰੋਤ ਗਿਆਨ ਹੈ, ਏਸੇ ਕਰਕੇ ਹੀ ਇਹ ਬੰਦੇ ਦੀ ਨਿੱਜੀ ਮਲਕੀਅਤ ਹੈ, ਗਲਤ ਵਿਚਾਰ ਹਨ। ਇਹ ਵਿਦਿਆਰਥੀਆਂ ਨੂੰ ਘੁਮੰਡੀ ਬਣਾਉਣ ਅਤੇ ਸਮਾਜ ਨਾਲ਼ੋਂ ਉਹਨਾਂ ਦਾ ਨਾਤਾ ਤੋੜਨ ਵਾਲ਼ੇ ਵਿਚਾਰ ਹਨ। ਇਸ ਦੇ ਉਲ਼ਟ ਇਓ ਪੜ੍ਹਾਇਆ ਜਾਣਾ ਕਿ ਗਿਆਨ ਦਾ ਸ੍ਰੋਤ ਆਪਣੇ ਆਪ ਵਿੱਚ ਦਿਮਾਗ਼ ਨਹੀਂ, ਸਗੋਂ ਦਿਮਾਗ਼ ਦਾ ਇੱਕ ਗੁਣ ਹੈ, ਜੋ ਮਨੁੱਖ ਦੀ ਬਾਹਰੀ ਸਰਗਰਮੀ ਨੂੰ ਪ੍ਰਤੀਬਿੰਬਤ ਕਰਦਾ ਹੈ। ਮਨੁੱਖ ਜਿਵੇਂ ਜਿਵੇਂ ਕੁਦਰਤ ਦੇ ਭੇਦਾਂ ਨੂੰ ਜਾਣਦਾ ਅਤੇ ਜਿੱਤਦਾ ਜਾਂਦਾ ਹੈ, ਉਵੇਂ-ਉਵੇਂ ਆਪਣਾ ਅਨੁਭਵ ਤੇ ਗਿਆਨ ਹੋਰ ਡੂੰਘੇਰਾ ਕਰਦਾ ਜਾਂਦਾ ਹੈ। ਇਹ ਤੱਥ ਇਸ ਗੱਲ ਦੀ ਪੁਸ਼ਟੀ ਕਰ ਦਿੰਦਾ ਹੈ ਕਿ ਗਿਆਨ ਜੀਵਨ ਵਿੱਚੋਂ ਪੈਦਾ ਹੁੰਦਾ ਹੈ ਅਤੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਆ ਰਿਹਾ ਹੈ। ਇਨ੍ਹਾਂ ਅਰਥਾਂ ਵਿੱਚ ਗਿਆਨ ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੱਜੀ ਮਲਕੀਅਤ ਨਹੀਂ ਬਲਕਿ ਸਾਂਝਾ ਸਰਮਾਇਆ ਹੈ। ਇਸ ਤਰ੍ਹਾਂ ਹਰ ਖੇਤਰ ਦੇ ਗਿਆਨ-ਵਿਗਿਆਨ ਦਾ ਇੱਕ ਆਪਣਾ ਇਤਿਹਾਸ ਹੈ ਜੋ ਪੈਦਾਵਾਰੀ ਪ੍ਰਕਿਰਿਆ ਦੇ ਸਮੂਹਿਕ ਯਤਨਾਂ ਦਾ ਸਿੱਟਾ ਹੈ ਅਤੇ ਇਸ ਨੂੰ ਇਵੇਂ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ ਜਿਵੇਂ ਇਹ ਪੈਦਾ ਹੋਇਆ ਹੈ। ਸਿਰਫ ਇਸੇ ਤਰ੍ਹਾਂ ਹੀ ਇੱਕ ਅਧਿਆਪਕ ਕਿਸੇ ਵਿਸ਼ੇ ਦੀ ਸਾਰਥਿਕਤਾ ਅਤੇ ਲੋੜ ਨੂੰ ਆਧਾਰ ਬਣਾ ਕੇ ਰੌਚਕ ਬਣਾ ਸਕਦਾ ਹੈ। ਅਜਿਹੇ ਢੰਗ ਨਾਲ ਸਿੱਖਿਅਤ ਕੀਤੇ ਵਿਦਿਆਰਥੀ ਵਿੱਚ ਘੁਮੰਡ ਨਹੀਂ ਬਲਕਿ ਸਮਾਜ ਸੇਵਾ ਦੀ ਸੱਚੀ ਸੇਵਾ-ਭਾਵਨਾ ਭਰੀ ਜਾ ਸਕਦੀ ਹੈ। ਇਉਂ ਵਿਦਿਆਰਥੀਆਂ ਦੇ ਮਨ ਅੰਦਰ ਸਮਾਜ ਦਾ ਕਰਜ਼ ਉਤਾਰਨ ਦਾ ਦਿਆਲੂ ਖਿਆਲ ਆਉਂਦਾ ਹੈ ਕਿਉਂਕਿ ਉਸਨੂੰ ਸੋਝੀ ਹੋ ਚੁੱਕੀ ਹੁੰਦੀ ਹੈ ਕਿ ਮੈਨੂੰ ਪ੍ਰਬੁੱਧ ਕਰਨ ਵਿੱਚ ਉਹ ਸਾਰੇ ਸਮਾਜ ਦਾ ਯੋਗਦਾਨ ਹੈ ਜੋ ਦਿਨ-ਰਾਤ ਪੈਦਾਵਾਰ ਕਰਨ ਵਿੱਚ ਲੱਗਿਆ ਹੋਇਆ ਹੈ। ਇਸ ਸੰਦਰਭ ਵਿੱਚ ਇਥੇ ਗੱਲ ਸਮਝਣ ਵਾਲ਼ੀ ਹੈ ਕਿ ਨੈਤਿਕ ਭਾਵਨਾ ਕੋਈ ਅਜਿਹੀ ਸ਼ੈਅ ਨਹੀਂ ਜਿਹੜੀ ਕਿਤਾਬਾਂ ਵਿੱਚੋਂ ਕੱਢ ਕੇ ਪਾਉਣ-ਖੁਣੋਂ ਹੀ ਪਈ ਹੋਵੇ। ਦਰਅਸਲ ਪੂਰੀ ਪੈਦਾਵਾਰੀ ਪ੍ਰਕਿਰਿਆ ਨਾਲ਼ੋਂ ਬੱਚਿਆਂ ਨੂੰ ਕੱਟ ਲੈਣ ਨਾਲ ਤਰ੍ਹਾਂ-ਤਰ੍ਹਾਂ ਦੇ ਸਖ਼ਸ਼ੀ ਵਿਗਾੜਾਂ ਦੀ ਭੋਇਂ ਤਿਆਰ ਹੁੰਦੀ ਹੈ। ਚਾਹੀਦਾ ਇਹ ਕਿ ਬੱਚਾ ਜੋ ਕੁਝ ਖਾਂਦਾ ਹੈ, ਜੋ ਪਹਿਨਦਾ ਹੈ, ਜਿਹੜੀਆਂ ਕਾਪੀਆਂ ਪੈਨਸਲਾਂ ਨਾਲ਼ ਲਿਖਦਾ ਹੈ, ਜਿਹੜੇ ਖਿਡੌਣਿਆਂ ਨਾਲ਼ ਖੇਡਦਾ ਹੈ, ਇਨ੍ਹਾਂ ਸਭ ਵਸਤਾਂ ਦੀ ਪੈਦਾਵਾਰੀ ਪ੍ਰਕਿਰਿਆ ਦੀ ਵਿਹਾਰਿਕ ਜਾਣਕਾਰੀ ਅਤੇ ਸੰਭਵ ਹੱਦ ਤੱਕ ਸਿੱਧੀ ਸ਼ਮੂਲੀਅਤ ਪੜ੍ਹਾਈ ਦਾ ਹਿੱਸਾ ਹੋਣੀ ਚਾਹੀਦੀ ਹੈ। ਇਉਂ ਚੀਜ਼ਾਂ ਬਾਰੇ ਉਹਨਾਂ ਵਿੱਚ ਕਦਰ ਦੀ ਭਾਵਨਾ ਜਗਾਈ ਜਾ ਸਕਦੀ ਹੈ। ਸਾਡੀ ਇਹ ਪੱਕੀ ਧਾਰਨਾ ਹੈ ਕਿ ਜੇਕਰ ਪੰਜਾਬ ਦੇ ਬੱਚਿਆਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਤੁਹਾਡੇ ਰੇਮੰਡ ਦੇ ਸੋਹਣੇ ਕੋਟਾਂ ਦਾ ਇਤਿਹਾਸ ਸਾਡੇ ਖੇਤਾਂ ਨਾਲ਼ ਜੁੜਿਆ ਹੋਇਆ ਹੈ ਅਤੇ ਤੁਹਾਡੇ ਹੱਥਾਂ ਵਿਚਲੇ ਲੇਅਜ਼ ਤੇ ਕੁਰਕਰੇ ਸਾਡੇ ਆਲੂਆਂ ਦਾ ਇੱਕ ਹੋਰ ਰੂਪ ਹਨ ਤਾਂ ਤੁਸੀਂ ਉਹਨਾਂ ਦੇ ਹਿਰਦੇ ਅੰਦਰ ਮਿਹਨਤ ਅਤੇ ਮਿਹਨਤੀ ਪ੍ਰਤੀ ਇੱਜਤ ਦੀ ਭਾਵਨਾ ਨਹੀਂ ਜਗਾ ਸਕਦੇ। ਅੱਜ ਇਹ ਐਵੇਂ ਹੀ ਨਹੀਂ ਕਿ ਬੱਚਿਆਂ ਦੀ ਮੰਡੀ ਨਾਲ਼ ਤਾਂ ਭਾਵੁਕ ਨੇੜਤਾ ਹੈ ਪਰ ਖੇਤਾਂ ਅਤੇ ਕਾਰਖਾਨੇ ਨਾਲ਼ ਨਹੀਂ ਕਿਉਂਕਿ ਚੀਜ਼ਾਂ ਬਾਰੇ ਸ਼ੋਅ-ਰੂਮਾਂ ਤੋਂ ਪਿਛਲਾ ਇਤਿਹਾਸ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ। ਅੱਜ ਜੇਕਰ ਪੰਜਾਬ ਦੇ ਜੰਮਪਲ਼ ਇੱਕ ਬੱਚੇ ਨੂੰ ਇਹ ਨਹੀਂ ਪਤਾ ਕਿ ਕਣਕ ਅਤੇ ਚੌਲ਼ (ਜਿਹੜੇ ਉਹ ਰੋਜ਼ਾਨਾ ਕਿਸੇ ਨਾ ਕਿਸੇ ਰੂਪ ਵਿੱਚ ਖਾਂਦੇ ਹਨ) ਇੱਕ ਪੌਦੇ ਦਾ ਫਲ਼ ਹਨ, ਜਿਸ ਨੂੰ ਕਈ ਮਹੀਨਿਆਂ ਦੀ ਮਿਹਨਤ-ਮੁਸ਼ੱਕਤ ਨਾਲ਼ ਖੇਤਾਂ ਵਿੱਚ ਪਾਲ਼ਿਆ ਜਾਂਦਾ ਹੈ, ਤਾਂ ਇਸ ਵਿੱਚ ਕਿਸਦਾ ਕਸੂਰ ਹੈ? ਅਨੇਕ ਮਾਧਿਅਮਾਂ ਰਾਹੀਂ ਬੱਚਿਆਂ ਅੰਦਰ ਇਹ ਸੋਚ ਕੁੱਟ-ਕੁੱਟ ਕੇ ਭਰਨ ਦੀ ਲੋੜ ਹੈ ਕਿ ਹਰ ਸ਼ੈਅ ਜੋ ਤੁਹਾਨੂੰ ਸਰੀਰਕ-ਮਾਨਸਿਕ ਸੁੱਖ ਅਰਾਮ ਪਹੁੰਚਾ ਰਹੀ ਹੈ, ਸੈਂਕੜੇ-ਹਜ਼ਾਰਾਂ ਲੋਕਾਂ ਦੀ ਸਖ਼ਤ ਮਿਹਨਤ ਨਾਲ਼ ਤੁਹਾਡੇ ਤੱਕ ਪਹੁੰਚੀ ਹੈ। ਬੱਚਿਆਂ ਵਿੱਚ ਹੋਰਨਾਂ ਪ੍ਰਤੀ ਦਿਆਲ ਭਾਵਨਾ ਦੇ ਬੀਅ ਬੋਣ ਅਤੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਣ ਦਾ ਹੋਰ ਕੋਈ ਸ਼ਾਰਟ-ਕੱਟ ਰਾਸਤਾ ਨਹੀਂ। ਵਾਸਿਲੀ ਸੁਖੋਮਲਿੰਸਕੀ ਤਾਂਹੀ ਕਹਿੰਦਾ ਹੈ ਕਿ ਕਿਰਤ ਆਪਣੇ ਆਪ ਵਿੱਚ ਮੰਤਵ ਨਹੀਂ, ਸਗੋਂ ਵਿੱਦਿਅਕ ਅਮਲ ਵਿੱਚ ਇਹ ਅਨੇਕ ਵੱਖ-ਵੱਖ ਮੰਤਵਾਂ (ਸਮਾਜੀ, ਵਿਚਾਰਧਾਰਕ, ਸਦਾਚਾਰਕ, ਬੌਧਿਕ, ਰਚਨਾਤਮਕ, ਸੁਹਜ-ਸੁਆਦੀ ਸਬੰਧੀ ਅਤੇ ਭਾਵੁਕਤਾ ਆਦਿ) ਪ੍ਰਾਪਤ ਕਰਨ ਦਾ ਸਾਧਨ ਹੈ।

ਦੂਸਰੇ ਪਾਸੇ, ਬੱਚਿਆਂ ਦੀ ਸਿਹਤ ਦੇ ਨਜ਼ਰੀਏ ਤੋਂ, ਵੱਧ ਸਿਲੇਬਸਾਂ ਦਾ ਬੋਝ ਇੱਕ ਅਪਰਾਧ ਵਰਗੀ ਚੀਜ਼ ਬਣਦਾ ਜਾ ਰਿਹੈ। ਲੋੜੋਂ ਵੱਧ ਸਿਲੇਬਸ ਬੱਚਿਆਂ ਦੇ ਸੁਭਾਵਿਕ ਵਿਕਾਸ ਵਿੱਚ ਅਸੰਤੁਲਨ ਪੈਦਾ ਕਰ ਰਹੇ ਹਨ। ਤਿੰਨ-ਚਾਰ ਸਾਲ ਦੇ ਬੱਚੇ ਨੂੰ ਜੇਕਰ ਚਾਰ-ਪੰਜ ਘੰਟੇ ਸ਼੍ਰੇਣੀ ਦੇ ਕਮਰੇ ਵਿੱਚ ਬੰਨ੍ਹ ਕੇ ਬਿਠਾਇਆ ਜਾਵੇਗਾ ਤਾਂ ਉਹ ਭਲਾ ਕਿਵੇਂ ਤੰਦਰੁਸਤ ਰਹਿ ਸਕਦਾ ਹੈ। ਪੜ੍ਹਾਈ ਦੇ ਨਾਂ ਉਤੇ ਅਸੀਂ ਉਹਨਾਂ ਦੇ ਬਚਪਨ ਖੋਹ ਰਹੇ ਹਾਂ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ‘ਪੜ੍ਹਾਈ ਮਹੱਤਵਪੂਰਨ ਹੈ ਪਰ ਬੱਚੇ ਦੇ ਆਤਮਕ ਜੀਵਨ ਵਿੱਚ ਇਹ ਇੱਕੋ-ਇੱਕ ਗੱਲ ਨਹੀਂ। ਸਾਡੇ ਮੁਲਕ ਵਿੱਚ ਅਜਿਹੀ ਕੋਈ ਵੀ ਸੰਸਥਾਂ ਨਹੀਂ ਜੋ ਬੱਚਿਆਂ ਦੇ ਉਮਰ-ਵਰਗ ਦੇ ਅਨੁਸਾਰ ਇਹ ਯਕੀਨੀ ਬਣਾਵੇ ਕਿ ਉਸਨੇ ਚੌਵੀ ਘੰਟਿਆਂ ਵਿੱਚ ਕਿੰਨਾਂ ਸੌਣਾ ਹੈ, ਕਿੰਨਾਂ ਖੇਡਣਾ-ਕੁੱਦਣਾ ਹੈ ਅਤੇ ਕਿੰਨਾਂ ਸਿੱਖਣਾ ਹੈ? ਦੂਸਰੀ ਸੰਸਾਰ ਜੰਗ ਤੋਂ ਪੀੜਤ, ਰੂਸ ਦੇ ਬੱਚਿਆਂ ਲਈ ਸੁਖੋਮਲਿੰਸਕੀ ਦੁਆਰਾ ਕਹੀ ਇਹ ਗੱਲ ਸਾਡੇ ਮੁਅਲ ਲਈ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ ਕਿ “ਸਾਰੇ ਵਿੱਦਿਅਕ ਕਾਰਜਾਂ ਵਿੱਚੋਂ ਸਾਡਾ ਪਹਿਲਾਂ ਕੰਮ ਬੱਚਿਆਂ ਨੂੰ ਉਹਨਾਂ ਦਾ ਬਚਪਨ ਵਾਪਸ ਮੋੜਨਾ ਹੈ।”

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 36, ਫਰਵਰੀ 2015 ਵਿਚ ਪਰ੍ਕਾਸ਼ਤ

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s