ਇੱਕ ਬੱਚੀ ਗਵਾਚ ਗਈ ਹੈ •ਹਾਵਰਡ ਫਾਸਟ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

[ਇਹ ਕਹਾਣੀ ਹਾਵਰਡ ਫਾਸਟ ਨੇ ਆਪਣੇ ਗਵਾਂਢੀ ਦੀ ਬੱਚੀ ਦੇ ਗਵਾਚ ਜਾਣ ‘ਤੇ ‘ਏ ਚਾਈਲਡ ਇਜ਼ ਲਾਸਟ’ ਨਾਮ ਨਾਲ ਲਿਖੀ ਸੀ। ਉਸ ਸਮੇਂ ਦੀਆਂ ਅਮਰੀਕਾਂ ਦੀਆਂ ਹਾਲਤਾਂ ਬਾਰੇ ਬੇਬਾਕ ਲੇਖਣੀ ਕਰਕੇ ਉਹਨਾਂ ਦੀਆਂ ਰਚਨਾਵਾਂ ਤੇ ਰੋਕ ਲੱਗੀ ਹੋਈ ਸੀ, ਇਸ ਲਈ ਹਾਵਰਡ ਫਾਸਟ ਦੀ ਇਹ ਕਹਾਣੀ ਸਾਈਮਨ ਕੈਂਟ ਦੇ ਨਾਮ ਹੇਠ ਛਪੀ ਸੀ। ਇੱਕ ਵਾਰ ਛਪਣ ਤੋਂ ਬਾਅਦ ਇਹ ਕਹਾਣੀ ਅਮਰੀਕਾ ਵਿੱਚ ਹੀ ਨਹੀਂ ਹੋਰਾਂ ਦੇਸ਼ਾਂ ‘ਚ ਵੀ ਵਾਰ-ਵਾਰ ਛਪੀ।’ਇੱਕ ਬੱਚੀ ਗਵਾਚ ਗਈ ਹੈ’ ਨਾਮ ਨਾਲ ਇਸ ਕਹਾਣੀ ਦਾ ਅਨੁਵਾਦ ਅਸੀਂ ਪਾਠਕਾਂ ਲਈ ਲੈ ਕੇ ਆਏ ਹਾਂ। – ਸੰਪਾਦਕ]

“ਐਲਨ ਗਵਾਚ ਗਈ ਹੈ। ਐਲਨ ਗਵਾਚ ਗਈ ਹੈ।” ਮੇਰੀ ਕਾਰ ਨਿਊਯਾਰਕ ਦੇ ਰਿਹਾਇਸ਼ੀ ਇਲਾਕੇ ਵੱਲ ਭੱਜ ਰਹੀ ਸੀ ਅਤੇ ਇਹ ਸ਼ਬਦ ਮੇਰੇ ਕੰਨਾਂ ਵਿੱਚ ਘੰਟੀਆਂ ਵਾਂਗੂ ਵੱਜ ਰਹੇ ਸਨ। ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਆਪਣੇ ਦਫ਼ਤਰ ਵਾਪਸ ਆ ਗਿਆ ਸੀ, ਜਿੱਥੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਮੇਰੀ ਸੈਕਰੇਟਰੀ ਨੇ ਦੱਸਿਆ ਕਿ ਮੇਰੀ ਘਰਵਾਲੀ ਚਾਰ ਵਾਰ ਮੈਨੂੰ ਫੋਨ ਕਰ ਚੁੱਕੀ ਹੈ। ਤਿੰਨ ਸਾਲ ਦੀ ਮੇਰੀ ਨਿੱਕੀ ਬੱਚੀ ਲਾਪਤਾ ਹੈ। ਮੈਂ ਕੁਝ ਹੋਰ ਸੁਣਨ ਲਈ ਨਹੀਂ ਰੁਕਿਆ।

ਕਾਰ ਚਲਾਉਂਦਿਆਂ ਮੈਂ ਮਨ ‘ਚ ਸੋਚਿਆ; ਮੇਰੀ ਸੋਚ ਉਸ ਸਮੇਂ ਵਰਗੀ ਸੀ ਜਦੋਂ ਜੰਗ ਸਮੇਂ ਮੇਰਾ ਜਹਾਜ ਦੁਸ਼ਮਣ ਦੇ ਇਲਾਕੇ ਵਿੱਚ ਸੀ। ਮੈਂ ਆਪਣੇ ਖਿਆਲਾਂ ਨੂੰ ਪਰ੍ਹੇ ਕੀਤਾ; ਸਿਰਫ ਇੱਕ ਚੀਜ਼ ਜਰੂਰੀ ਸੀ, ਕਿ ਮੈਂ ਜਿੱਥੇ ਜਾ ਰਿਹਾ ਉੱਥੇ ਪਹੁੰਚ ਜਾਵਾਂ, ਹੋਰ ਕੁਝ ਨਾ ਸੋਚਣਾ ਹੀ ਚੰਗਾ ਸੀ। ਮੈਂ ਸਿਰਫ ਇਹ ਜਾਣਦਾ ਸੀ ਕਿ ਐਲਨ ਗਵਾਚ ਗਈ ਹੈ।

ਜਦੋਂ ਮੈਂ ਘਰੇ ਗਿਆ ਤਾਂ ਮੇਰੀ ਘਰਵਾਲੀ ਨੇ ਦੱਸਿਆ ਕਿ ਕੀ ਹੋਇਆ। ਬੜੇ ਚਿਰ ਬਾਅਦ ਮੈਂ ਉਸਦੇ ਉਮੀਦ ਤੋਂ ਵਧਕੇ ਸ਼ਾਂਤ ਰਹਿਣ ਲਈ ਉਸਦੀ ਤਰੀਫ ਕਰਨ ਦੇ ਸਮਰੱਥ ਹੋ ਸਕਿਆ। ਉਸਨੇ ਦੱਸਿਆ ਕਿ ਕਿਵੇਂ ਉਹ ਖਰੀਦਦਾਰੀ ਕਰਨ ਵਿੱਚ ਮਸ਼ਰੂਫ ਸੀ ਤੇ ਬੱਚੀ ਸਟੋਰ ‘ਚ ਘੁੰਮ ਰਹੀ ਸੀ। ਦੋ-ਤਿੰਨ ਮਿੰਟਾਂ ਲਈ, ਬਸ ਇਸ ਤੋਂ ਜਿਆਦਾ ਨਹੀਂ, ਬਸ ਉਸਨੇ ਪਿੱਠ ਕੀਤੀ ਹੋਊ। ਇੰਨੇਂ ਚਿਰ ‘ਚ ਹੀ ਸਾਡੀ ਬੱਚੀ ਸਟੋਰ ਦੇ ਦਰਵਾਜੇ ਤੱਕ ਗਈ, ਬਾਹਰ ਨਿਕਲਕੇ ਸੜਕ ‘ਤੇ ਪਹੁੰਚੀ ਤੇ ਲਾਪਤਾ ਹੋ ਗਈ।

ਜਦੋਂ ਮੇਰੀ ਘਰਵਾਲੀ ਨੂੰ ਲੱਗਿਆ ਕਿ ਐਲਨ ਆਲੇ-ਦੁਆਲੇ ਨਹੀਂ ਹੈ ਤਾਂ ਉਹ ਭੱਜ ਕੇ ਸਟੋਰ ‘ਚੋਂ ਬਾਹਰ ਗਈ ਅਤੇ ਸੜਕ ‘ਤੇ ਅੱਗੇ-ਪਿੱਛੇ ਭੱਜੀ। ਸਟੋਰ ਦਾ ਮਾਲਕ ਤੇ ਉਸਦਾ ਸਹਾਇਕ ਵੀ ਉਸਦੇ ਨਾਲ ਆ ਗਏ, ਇਸੇ ਤਰ੍ਹਾਂ ਆਲੇ-ਦੁਆਲੇ ਖੜ੍ਹੇ ਲੋਕ ਵੀ ਉਸਦੇ ਨਾਲ ਹੋ ਗਏ; ਡਿਊਟੀ ‘ਤੇ ਤਾਇਨਾਤ ਪੁਲਿਸ ਵਾਲਾ ਵੀ ਉਹਨਾਂ ਦੇ ਨਾਲ ਆ ਰਲ਼ਿਆ। ਇਹ ਡੇਢ ਘੰਟੇ ਪਹਿਲਾਂ ਦੀ ਗੱਲ ਹੈ ਅਤੇ ਹਾਲੇ ਤੱਕ ਕੋਈ ਖ਼ਬਰ ਨਹੀਂ ਮਿਲੀ।

ਜਿਸ ਕਿਸੇ ਨੂੰ ਇਸਦਾ ਜਾਂ ਇਸਦੇ ਨਾਲ ਮਿਲਦੀ-ਜੁਲਦੀ ਚੀਜ਼ ਦਾ ਤਜ਼ਰਬਾ ਹੋਵੇਗਾ, ਉਹ ਸਮਝ ਜਾਵੇਗਾ ਕਿ ਮੈਨੂੰ ਤੇ ਮੇਰੀ ਘਰਵਾਲੀ ਨੂੰ ਕਿਸ ਤਰ੍ਹਾਂ ਦੀ ਮੁਸ਼ਕਿਲ ਝੱਲਣੀ ਪਈ ਹੋਵੇਗੀ। ਮੇਰੀ ਆਪਣੀ ਪਹਿਲੀ ਪ੍ਰਤੀਕਿਰਿਆ ਸਵਾਰਥਪੂਰਨ ਸੀ; ਮੇਰੀ ਬੱਚੀ ਗਵਾਚ ਗਈ ਹੈ ਤੇ ਉਸਦੇ ਲਈ ਮੇਰੀ ਘਰਵਾਲੀ ਦੋਸ਼ੀ ਹੈ। ਇਸ ਤੋਂ ਪਹਿਲਾਂ ਕਿ ਮੈਂ ਇਸਨੂੰ ਮਹਿਸੂਸ ਕਰਦਾ, ਇਹ ਕਹਿਕੇ ਮੈਂ ਉਸਨੂੰ ਰਵਾ ਦਿੱਤਾ ਕਿ ਉਸਦੀ ਸੁਰਤ ਠਿਕਾਣੇ ਨਹੀਂ ਸੀ। ਮੈਂ ਅਣਗਿਣਤ ਸਵਾਲ ਕੀਤੇ, ਵਾਰੀ-ਵਾਰੀ ਇੱਕੋ ਜਿਹੇ ਸਵਾਲ, ਮੈਂ ਜਾਨਣਾ ਚਾਹੁੰਦਾ ਸੀ ਕਿ ਕੀ ਹੋਇਆ ਹੋਵੇਗਾ।

ਮੇਰਾ ਇਹ ਰਵੱਈਆ ਜਾਲਮ ਅਤੇ ਝੱਲਪੁਣੇ ਵਾਲਾ ਸੀ ਅਤੇ ਮੈਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸੋਚ ਰਿਹਾ ਸੀ- ਮੇਰੀ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ, ਅਤੇ ਮੇਰੇ ਮਨ ਵਿੱਚ ਅਗਵਾ ਕਰਨ ਦੇ ਉਹ ਭਿਆਨਕ ਵਰਨਣ ਘੁੰਮ ਰਹੇ ਸਨ ਜਿਨ੍ਹਾਂ ਨੂੰ ਮੈਂ ਪੜ੍ਹਿਆ ਹੋਇਆ ਸੀ। ਮੇਰੀ ਬੱਚੀ ਕਿਤੇ ਸੜ੍ਹਕ ‘ਤੇ ਪਈ ਹੋਈ ਹੈ, ਉਸਦਾ ਸਰੀਰ ਕਿਸੇ ਟਰੱਕ ਨਾਲ ਕੁਚਲਿਆ ਗਿਆ ਹੈ। ਮੇਰੀ ਬੱਚੀ ਨੂੰ ਤਸੀਹੇ ਦਿੱਤੇ ਜਾ ਰਹੇ ਹਨ, ਉਸਦੇ ਨਾਲ ਮਾੜਾ ਵਿਹਾਰ ਹੋ ਰਿਹਾ ਹੈ। ਸਭ ਤੋਂ ਘੱਟ ਬੁਰਾ ਖਿਆਲ ਇਹ ਸੀ ਕਿ ਸਾਡੀ ਨਿੱਕੀ ਬੱਚੀ ਕਿਤੇ ਭਟਕ ਰਹੀ ਹੈ, ਇਕੱਲੀ, ਡਰੀ ਹੋਈ, ਬੇਸਹਾਰਾ।

ਜਲਦੀ ਹੀ ਮੈਂ ਥੋੜਾ ਸ਼ਾਂਤ ਹੋ ਗਿਆ ਅਤੇ ਮੈਂ ਜੋ ਕੁਝ ਵੀ ਕਿਹਾ ਸੀ ਉਸਦੇ ਲਈ ਆਪਣੀ ਘਰਵਾਲੀ ਤੋਂ ਮਾਫੀ ਮੰਗੀ। ਮੈਂ ਤੈਅ ਕੀਤਾ ਕਿ ਕੁਝ ਨਾ ਕਰਨ ਨਾਲੋਂ ਕੁਝ ਵੀ ਕਰਨਾ ਬਿਹਤਰ ਹੁੰਦਾ ਹੈ ਅਤੇ ਫਿਰ ਇੱਕ ਵਿਅਰਥ ਕਾਰਵਾਈ ਲਈ ਅੱਗੇ ਵਧਿਆ। ਮੇਰੀ ਘਰਵਾਲੀ ਤੇ ਮੈਂ ਬਾਹਰ ਗਏ; ਅਸੀਂ ਦੋ ਟੈਕਸੀਆਂ ਕੀਤੀਆਂ ਅਤੇ ਗਲੀਆਂ ‘ਚ ਇੱਧਰ-ਉੱਧਰ ਫਿਰਦੇ ਰਹੇ। ਸਾਨੂੰ ਐਲਨ ਦਾ ਕੋਈ ਸੁਰਾਗ ਨਾ ਮਿਲਿਆ। ਘੰਟੇ ਕੁ ਬਾਅਦ ਅਸੀਂ ਅਪਾਰਟਮੈਂਟ ‘ਚ ਮਿਲੇ ਉੱਥੇ ਅਸੀਂ ਉਦਾਸੀ ਨਾਲ 20-30 ਮਿੰਟ ਕੱਢੇ, ਜਦ ਤੱਕ ਕਿ ਫੋਨ ਦੀ ਘੰਟੀ ਨਾ ਵੱਜੀ।

ਫੋਨ ਚੁੱਕਣ ਲੱਗੇ ਮੇਰੀ ਪਤਨੀ ਦੇ ਹਾਵ-ਭਾਵ ਮੈਨੂੰ ਚੰਗੀ ਤਰ੍ਹਾਂ ਯਾਦ ਹਨ; ਅਤੇ ਲੜੀਵਾਰ ਥੋੜੇ-ਬਹੁਤ ਬੇਤੁਕੇ ਜਵਾਬ ਦਿੰਦਾ ਰਿਹਾ। ਉਸਦੇ ਬਾਅਦ ਮੈਂ ਫੋਨ ਰੱਖਿਆ, ਮੁੜਿਆ ਤੇ ਕਿਹਾ, “ਉਹ ਪੁਲਿਸ ਥਾਣੇ ‘ਚ ਉਹਨਾਂ ਦੇ ਕੋਲ ਹੈ।”

ਕੁਝ ਮਿੰਟਾਂ ਬਾਅਦ ਮੇਰੀ ਘਰਵਾਲੀ ਨੇ ਇੱਕ ਮੈਲੀ-ਕੁਚੈਲੀ ਕੁੜੀ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਹੋਇਆ ਸੀ ਪਰ ਉਹ ਖਾਸ ਦੁਖੀ ਨਹੀਂ ਸੀ ਅਤੇ ਮੈਂ ਇੱਕ ਅੱਕੇ ਹੋਏ ਭਾਵਨਾਵਾਂ ਤੋਂ ਸੱਖਣੇ ਸਰਜੈਂਟ ਦਾ ਧੰਨਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

“ਹਰ ਘੰਟੇ ਅਜਿਹਾ ਹੁੰਦਾ ਹੈ,” ਉਸਨੇ ਕਿਹਾ, “ਅਤੇ ਲੋਕ ਹਮੇਸ਼ਾਂ ਆ ਜਾਂਦੇ ਨੇ।”

ਮੈਂ ਉਸੇ ਵੇਲੇ ਕੁਝ ਸੋਚਣ ਲੱਗਿਆ। ਮੈਂ ਆਪਣੇ-ਆਪ ਨੂੰ ਕਿਹਾ ਕਿ ਮੈਂ ਮੇਰਾ ਦਿਮਾਗ ਫਿਰ ਗਿਆ ਹੈ ਕਿ ਮੈਂ ਡਰ ਗਿਆ ਹਾਂ। ਪਰ ਹਕੀਕਤ ਇਹ ਸੀ ਕਿ ਦੁਨੀਆਂ ਪ੍ਰਤੀ ਮੇਰਾ ਨਜ਼ਰੀਆ ਕਿਸੇ ਅਣਜਾਣ ਜੰਗਲ ਪ੍ਰਤੀ ਇੱਕ ਸੱਭਿਅਕ ਮਨੁੱਖ ਦੇ ਨਜ਼ਰੀਏ ਵਰਗਾ ਸੀ। ਜੇ ਉਹ ਅਜਿਹਾ ਹੀ ਸੀ ਤਾਂ ਉਸ ਵਿੱਚ ਸਾਡੇ ਵਿੱਚੋਂ ਕਿਸੇ ਲਈ ਵੀ ਕੀ ਉਮੀਦ ਸੀ? ਅਚਾਨਕ, ਇਹ ਬਹੁਤ ਹੀ ਮਹੱਤਵਪੂਰਨ ਅਤੇ ਅਜਿਹਾ ਸਵਾਲ ਬਣ ਗਿਆ, ਜਿਸਦਾ ਜਵਾਬ ਮੈਂ ਦੇਣਾਂ ਹੀ ਸੀ।

ਡੈਸਕ ਸਰਜੈਂਟ ਤੋਂ ਸ਼ੁਰੂ ਕਰਕੇ, ਐਲਨ ਨੂੰ ਪੁਲਿਸ ਸਟੇਸ਼ਨ ਤੱਕ ਲਿਆਉਣ ਵਾਲੇ ਵਿਅਕਤੀ ਦੇ ਨਾਮ ਪਤੇ ਤੱਕ , ਮੈਂ ਗੁੰਮਸ਼ੁਦਗੀ ਦੇ ਕੁਝ ਘੰਟਿਆਂ ਦੀ ਆਪਣੀ ਬੇਟੀ ਦੀ ਯਾਤਰਾ ਦੇ ਰਾਹ ਦਾ ਸੁਰਾਗ ਲੱਭਣ ਵਿੱਚ ਕਾਮਯਾਬ ਰਿਹਾ।

ਬਹੁਤ ਹੀ ਸਹਿਜਤਾ ਨਾਲ ਉਸਦੀ ਸ਼ੁਰੂਆਤ ਹੋਈ ਸੀ। ਇੱਕ ਗਰਮ ਅਤੇ ਖਿੜਿਆ ਹੋਇਆ ਦਿਨ ਸੀ। ਐਲਨ ਕਰਿਆਨੇ ਦੀ ਦੁਕਾਨ ਤੋਂ ਬਾਹਰ ਚਲੀ ਗਈ, ਸੜਕ ‘ਤੇ ਕੁਝ ਗਜ਼ ਚੱਲੀ ਅਤੇ ਉਸਤੋਂ ਬਾਅਦ ਠੰਡੇ ਅਤੇ ਖਿੱਚਵੇਂ ਗੁਦਾਮ ਅੰਦਰ ਚਲੀ ਗਈ। ਜਦੋਂ ਉਹ ਉੱਥੇ ਪਹੁੰਚੀ, ਭੋਰੇ ਵਿੱਚ ਕੰਮ ਕਰਨ ਵਾਲੇ ਦੋ ਪਲੰਬਰ ਦੁਪਹਿਰ ਦਾ ਖਾਣਾ ਖਾ ਰਹੇ ਸਨ। ਉਸਨੂੰ ਭੁੱਖੀ ਲੱਗ ਰਹੀ ਸੀ, ਇਸ ਲਈ ਉਹਨਾਂ ਨੇ ਆਪਣੇ ਖਾਣੇ ‘ਚੋਂ ਕੁਝ ਉਸਨੂੰ ਖਵਾਇਆ। ਜਦੋਂ ਉਹ ਦੁਬਾਰਾ ਕੰਮ ‘ਚ ਲੱਗ ਗਏ ਤਾਂ ਉਹ ਕੁਝ ਚਿਰ ਉਹਨਾਂ ਨੂੰ ਵੇਖਦੀ ਰਹੀ। ਉਸਤੋਂ ਬਾਅਦ ਉਸਦੀ ਰੁਚੀ ਉਹਨਾਂ ਵਿੱਚੋਂ ਖਤਮ ਹੋ ਗਈ ਅਤੇ ਉਹ ਉੱਥੋਂ ਚਲੀ ਗਈ। ਉਸਦੇ ਮਨ ਵਿੱਚ ਅਇਆ ਹੀ ਨਹੀਂ ਕਿ ਉਹ ਗਵਾਚ ਗਈ ਹੈ। ਉਹ ਬਿਲਕੁਲ ਮੌਜ ਵਿੱਚ ਸੀ।

ਗੋਦਾਮ ਤੋਂ ਬਾਹਰ ਨਿਕਲ ਕੇ ਐਲਨ ਨੇ ਸੜਕ ਪਾਰ ਕਰਨ ਦਾ ਫੈਸਲਾ ਕੀਤਾ। ਹੁਣ ਤੱਕ ਭੀੜ੍ਹ ਘਟ ਗਈ ਸੀ ਤੇ ਇੱਕ ਦਿਆਲੂ ਔਰਤ ਨੇ ਸੜਕ ਪਾਰ ਕਰਨ ਲਈ ਉਸਦਾ ਹੱਥ ਫੜ ਲਿਆ। ਇਹ ਕਹਾਣੀ ਮੈਨੂੰ ਇੱਕ ਪੰਦਰਾਂ ਸਾਲਾਂ ਡਲਿਵਰੀ ਬੁਆਏ ਤੋਂ ਸੁਣਨ ਨੂੰ ਮਿਲੀ।

ਇਹ ਦੁਨੀਆਂ ਵਿੱਚ ਐਲਨ ਦਾ ਪਹਿਲਾ ਦਲੇਰੀ ਭਰਿਆ ਕਦਮ ਸੀ। ਉਸਨੇ ਵੇਖਿਆ ਕਿ ਇਹ ਅਜਿਹੀ ਜਗ੍ਹਾ ਹੈ ਜਿੱਥੇ ਨਿੱਕੀ ਬੱਚੀ ਨੂੰ ਸਮਝਿਆ ਜਾਂਦਾ ਹੈ ਤੇ ਮਹੱਤਵ ਦਿੱਤਾ ਜਾਂਦਾ ਹੈ,ਜਿਆਦਾਤਰ ਅਜਿਹਾ ਕਰਦੇ ਹੀ ਹਨ।

ਉਹ ਤੁਰ ਕੇ ਨਾਲ ਵਾਲੀ ਸੜਕ ‘ਤੇ ਪਹੁੰਚੀ ਤੇ ਜਵਾਕਾਂ ਨਾਲ ਖੇਡਣ ਲੱਗੀ। ਉਹਨਾਂ ਵਿੱਚੋਂ ਕੋਈ ਵੀ ਐਲਨ ਤੋਂ ਕੁੱਝ ਸਾਲਾਂ ਤੋਂ ਜਿਆਦਾ ਵੱਡਾ ਨਹੀਂ ਸੀ, ਫਿਰ ਵੀ ਉਹ ਇੰਨੇ ਸਮਝਦਾਰ ਸਨ ਕਿ ਜਾਣਦੇ ਸਨ ਕਿ ਬੱਚੀ ਗਵਾਚ ਗਈ ਹੈ।

ਬੱਚਿਆਂ ਦੇ ਇਹ ਪੁੱਛਣ ‘ਤੇ ਕਿ ਉਹ ਕਿੱਥੇ ਰਹਿੰਦੀ ਹੈ, ਉਸਨੇ ਕਿਸੇ ਅਗਿਆਤ ਕਾਰਨ ਕਰਕੇ ਕਿਹਾ, 79ਵਾਂ ਸੈਂਟ। ਕੂੜਾ ਚੱਕਣ ਵਾਲਾ ਇੱਕ ਟਰੱਕ ਕੂੜਾ ਚੁੱਕਦਾ ਹੋਇਆ ਉਧਰੋਂ ਲੰਘ ਰਿਹਾ ਸੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਬੱਚਿਆਂ ਨੇ ਸਫਾਈ ਵਿਭਾਗ ਨੂੰ ਜਾਣਕਾਰੀ ਦਿੱਤੀ ਕਿ ਬੱਚੀ ਗਵਾਚ ਗਈ ਹੈ। ਉਹ ਉਸਨੂੰ ਆਪਣੇ ਨਾਲ ਲੈ ਗਏ।

ਮੈਂ ਟਰੱਕ ਡਰਾਈਵਰ ਨਾਲ ਗੱਲ ਕੀਤੀ ਅਤੇ ਉਸਨੇ ਹੋਰ ਗੱਲਾਂ ਤੋਂ ਬਿਨ੍ਹਾਂ ਮੈਨੂੰ ਦੱਸਿਆ, “ਜੇ ਉਸਨੂੰ ਦੁਨੀਆਂ ਵਿੱਚ ਕਿਸੇ ਚੀਜ ਤੋਂ ਕੋਫਤ ਨਹੀਂ ਹੁੰਦੀ ਤਾਂ ਉਹ ਹਨ ਬੱਚੇ।” ਇਹ ਇੱਕ ਛੋਟਾ ਜਿਹਾ ਦੈਵੀ ਗਿਆਨ ਸੀ। ਮੈਂ ਇਹ ਗੱਲ ਖੁਦ ਨੂੰ ਵੀ ਕਦੇ ਨਹੀਂ ਸੀ ਕਹੀ ਅਤੇ ਲਾਜ਼ਮੀ ਹੀ ਮੈਂ ਇਸਨੂੰ ਕਦੇ ਆਮ ਮਹਿਸੂਸ ਵੀ ਨਹੀਂ ਕੀਤਾ ਸੀ।

ਐਲਨ ਇੱਕ ਘੰਟਾ ਵਿਸ਼ਾਲ ਸਫਾਈ ਟਰੱਕ ਦੇ ਕੈਬਿਨ ਵਿੱਚ ਬੈਠੀ ਸਫਾਈ ਕਾਮਿਆਂ ਦੇ ਨਾਲ ਗੇੜੇ ਲਾਉਂਦੀ ਰਹੀ। ਇਸ ਘੰਟੇ ਭਰ ਵਿੱਚ ਉਸਨੇ ਆਈਸਕ੍ਰੀਮ ਦੀ ਇੱਕ ਕੋਨ ਖਾਧੀ ਸੀ ਅਤੇ ਸੰਤਰੇ ਦੀ ਇੱਕ ਬੋਤਲ ਪੀਤੀ ਸੀ।

ਆਖਰ ਟਰੱਕ ਭਰ ਜਾਣ ਦੀ ਸਮੱਸਿਆ ਦਾ ਸਾਹਮਣਾ ਕਰਦੇ ਸਫਾਈ ਕਾਮਿਆਂ ਨੇ ਉਸਨੂੰ ਗੈਸ ਕੰਪਨੀ ਦੇ ਕਿਸੇ ਨਿਰੀਖਕ ਦੇ ਹਵਾਲੇ ਕਰ ਦਿੱਤਾ। ਉੱਥੋਂ ਦੇ ਪੁਲਿਸ ਸਟੇਸ਼ਨ ਲਿਜਾਏ ਜਾਣ ਤੋਂ ਪਹਿਲਾਂ ਐਲਨ ਨੇ ਉਸਦੇ ਨਾਲ ਤਿੰਨ ਮੀਟਰ ਪੜ੍ਹੇ।

ਅਜਿਹੀ ਸੀ ਐਲਨ ਕੈਂਟ ਦੀ ਹਿੰਮਤੀ ਯਾਤਰਾ, ਜੋ ਸਭ ਤੋਂ ਬਦਤਰ ਦੁਨੀਆਂ ਵਿੱਚ ਨਹੀਂ ਗਵਾਚੀ ਸੀ। ਉਸਤੋਂ ਬਾਅਦ ਕਿੰਨੀਆਂ ਹੀ ਸ਼ਾਮਾਂ ਨੂੰ ਮੈਂ ਤੇ ਮੇਰੀ ਪਤਨੀ ਕਈ ਘਟਨਾਵਾਂ ‘ਤੇ ਬਹਿਸ ਕਰਦੇ ਰਹੇ ਜਿਸਨੇ ਐਲਨ ਦੇ ਨਜ਼ਰੀਏ ਨੂੰ ਸਾਡੇ ਨਜ਼ਰੀਏ ਵਿੱਚ ਬਦਲਣ ਦਾ ਕੰਮ ਕੀਤਾ, ਕਿਉਂਕਿ ਸਾਡੀ ਚਿੰਤਾ ਦਾ ਵਿਸ਼ਾ ਇਹ ਨਹੀਂ ਸੀ ਕਿ ਐਲਨ ਗੁਆਚ ਗਈ ਹੈ, ਸਗੋਂ ਉਸ ਦੁਨੀਆਂ ਦਾ ਸੁਭਾਅ ਸੀ ਜਿਸ ਵਿੱਚ ਉਹ ਗੁਆਚੀ ਸੀ।

ਮੈਂ ਸਮਝਦਾ ਹਾਂ ਕਿ ਮੈਂ ਐਲਨ ਤੋਂ ਕੋਈ ਖਾਸ ਚੀਜ਼ ਸਿੱਖੀ ਅਤੇ ਸ਼ਾਇਦ ਅਸੀਂ ਉਸਦੇ ਨਜ਼ਰੀਏ ਨੂੰ ਆਪਣੇ ਨਜ਼ਰੀਏ ਜਿੰਨਾਂ ਸਖ਼ਤ ਅਤੇ ਸ਼ੱਕੀ ਬਣਨ ਤੋਂ ਬਚਾਉਣ ਦੀ ਸਿੱਖਿਆ ਲਈ। ਸੱਚ ਕਹੀਏ ਤਾਂ ਐਲਨ ਕਦੇ ਗਵਾਚੀ ਹੀ ਨਹੀਂ।

ਬਿਲਕੁਲ ਸੱਚ ਹੈ ਕਿ ਉਹ ਅਜਿਹੀ ਦੁਨੀਆਂ ‘ਤੇ ਨਿਰਭਰ ਸੀ ਜਿਸ ਵਿੱਚ ਲੋਕਾਂ ਨੇ ਇੱਕ ਨਿੱਕੀ ਬੱਚੀ ਨਾਲ ਖੁੱਲ੍ਹ ਕੇ ਪਿਆਰ ਕੀਤਾ ਅਤੇ ਇਸ ਨਿਡਰਤਾ ਦੇ ਮਾਮਲੇ ਵਿੱਚ ਉਹ ਸਾਡੇ ਤੋਂ ਕਿਤੇ ਜਿਆਦਾ ਸਹੀ ਸੀ।

ਉਸਦੇ ਉਲਟ ਉਸਦੀ ਮਾਂ, ਖਾਸ ਤੌਰ ‘ਤੇ ਉਸਦਾ ਪਿਓ ਗਵਾਚ ਗਏ ਸਨ ਅਤੇ ਗਵਾਚਣ ਦਾ ਇਹ ਕੰਮ ਬਹੁਤ ਪਹਿਲਾਂ ਹੋ ਚੁੱਕਿਆ ਸੀ।

ਹੋ ਸਕਦਾ ਹੈ ਕਿ ਆਪਣੀ ਵਾਪਸੀ ਦਾ ਰਾਹ ਲੱਭਣ ਵਿੱਚ ਐਲਨ ਉਹਨਾਂ ਦੀ ਮਦਦ ਕਰੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਹੋ ਸਕਦਾ ਹੈ ਕਿ ਕੁਝ ਹੋਰ ਲੋਕ ਵੀ ਐਲਨ ਦੀ ਇਸ ਦਲੇਰੀ ਭਰੀ ਮੁਹਿੰਮ ਵਾਲੀ ਦਿਆਲਤਾ ਤੇ ਸਮਝ ਦੀ ਦੁਨੀਆਂ ਵਿੱਚ ਪਰਤਣਗੇ। ਹੋ ਸਕਦਾ ਹੈ ਇਹੋ ਜਿਹੀ ਚੀਜ ਦਾ ਵਾਪਰਨਾ ਚਮਤਕਾਰ ਹੀ ਹੋਵੇ, ਪਰ ਚਮਤਕਾਰ ਵੀ ਆਮ ਜਿੰਦਗੀ ‘ਚ ਹੀ ਵਾਪਰਦੇ ਹਨ। ਜਿਵੇਂ ਕਿ ਇੱਕ ਇਨਸਾਨ ਨੇ ਕਿਹਾ ਸੀ ਜੋ ਇਹਨਾਂ ਚਮਤਕਾਰਾਂ ਨੂੰ ਜਾਣਦਾ ਸੀ, “ਇਹਨਾਂ ਬੱਚਿਆਂ ਨੂੰ ਮੇਰੇ ਤੱਕ ਆਉਣ ਦਿਉ, ਇਹਨਾਂ ਨੂੰ ਵਰਜੋ ਨਾ।”

ਅਨੁਵਾਦ- ਬਲਤੇਜ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements