ਆਈ. ਕਿਊ. ਟੈਸਟਿੰਗ : ਬੁੱਧੀਮਾਨਤਾ ਦਾ ਸਰਮਾਏਦਾਰਾ ਪੈਮਾਨਾ •ਅੰਮ੍ਰਿਤ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਕਿਸੇ ਦਾ ਜੁਆਕ ਕਿਸੇ “ਮੁਕਾਬਲੇ” ਦੇ ਇਮਤਿਹਾਨ ਵਿੱਚ “ਰੈਂਕ” ਕੱਢ ਲੈਂਦਾ ਹੈ ਤਾਂ ਲਵੇ ਦੇ ਘਰਾਂ ਦੇ ਪੜ੍ਹੇ-ਲਿਖੇ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਇਸ ਬੱਚੇ ਦਾ ਤਾਂ ਜੀ “ਆਈ. ਕਿਊ.” ਪਹਿਲਾਂ ਤੋਂ ਹੀ ਬਹੁਤ “ਹਾਈ” ਸੀ। “ਪਹਿਲਾਂ ਤੋਂ ਹੀ” ਤੋਂ ਉਹਨਾਂ ਦਾ ਭਾਵ ਜਨਮ ਤੋਂ ਹੀ ਹੁੰਦਾ ਹੈ। ਇਸ ਤੋਂ ਉਲਟਾ ਵੀ ਹੁੰਦਾ ਹੈ, ਜੇ ਕਿਸੇ ਦਾ ਜੁਆਕ ਰੈਂਕ ਨਾ ਕੱਢ ਸਕੇ ਤਾਂ ਉਸਦੇ ਪਰਿਵਾਰ ਵਾਲ਼ੇ ਕਹਿਣਗੇ ਕਿ ਸਾਡੇ ਮੁੰਡੇ ਦਾ “ਆਈ. ਕਿਊ.” ਤਾਂ ਜੀ ਬਹੁਤ ਹੈ, ਬੱਸ ਕਈ ਵਾਰੀ ਕਿਸਮਤ ਹੀ ਸਾਥ ਨਹੀਂ ਦਿੰਦੀ! ਅਜਿਹੀ ਹੀ ਕਿਸਮ ਦੀ ਹੋਰ ਕਿੰਨੀ ਗੱਲਬਾਤ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਸੁਣਦੇ ਰਹਿੰਦੇ ਹਾਂ ਜਿਸ ਵਿੱਚ ਮਨੁੱਖ ਦੀ ਬੌਧਿਕ ਸਮਰੱਥਾ ਨੂੰ ਉਸਦਾ ਜਨਮ ਤੋਂ ਮਿਲ਼ਿਆ ਗੁਣ ਮੰਨਿਆ ਜਾਂਦਾ ਹੈ ਜੋ ਕਿ ਬਾਅਦ ਵਿੱਚ ਉਸਦੀਆਂ ਬੌਧਿਕ “ਪ੍ਰਾਪਤੀਆਂ” ਦਾ ਅਧਾਰ ਬਣਦਾ ਹੈ। ਪਰ ਕੀ ਵਾਕਈ ਹੀ ਆਈ. ਕਿਊ. ਨਾਂ ਦੀ ਕੋਈ ਸ਼ੈਅ ਹੈ ਜਿਹੜੀ ਮਨੁੱਖ ਦੀ ਬੌਧਿਕ ਸਮਰੱਥਾ ਨੂੰ ਇੱਕ ਅੰਕੜੇ ਦੇ ਰੂਪ ਵਿੱਚ ਦਰਸਾ ਸਕਦੀ ਹੈ ਜਿਵੇਂ ਸਾਡੀ ਇਮਤਿਹਾਨਾਂ ਦੀ ਪ੍ਰਣਾਲ਼ੀ ਵਿੱਚ ਵਿਦਿਆਰਥੀ ਦਾ ਮੁਲੰਕਣ ਨੰਬਰਾਂ ਦੀ ਫੀਸਦੀ ਤੱਕ ਸਮੇਟ ਦਿੱਤਾ ਜਾਂਦਾ ਹੈ? ਦੂਸਰਾ ਆਈ. ਕਿਊ. ਦਾ ਪੂਰਾ ਸੰਕਲਪ ਹੀ ਕੀ ਹੈ? ਕੀ ਇਸਦਾ ਕੋਈ ਵਿਗਿਆਨਕ ਅਧਾਰ ਹੈ? ਕੀ ਸਾਰੇ ਵਿਗਿਆਨੀ ਇਸ ਨਾਲ਼ ਸਹਿਮਤ ਹਨ ਜਿਵੇਂ ਕਿ ਅਕਸਰ ਇਸਨੂੰ ਇੱਕ ਆਮ ਪ੍ਰਵਾਨਤ ਵਿਗਿਆਨਕ ਸੱਚ ਵਜੋਂ ਪ੍ਰਚਾਰਿਆ ਜਾਂਦਾ ਹੈ? ਅਜਿਹੇ ਹੀ ਸਵਾਲਾਂ ਨੂੰ ਅਸੀਂ ਹੱਥਲੇ ਲੇਖ ਵਿੱਚ ਰੂਬਰੂ ਹੋਵਾਂਗੇ।

ਮਨੁੱਖ ਦੀ ਬੌਧਿਕ ਸਮਰੱਥਾ ਨੂੰ ਕੁਝ ਕੁ ਨੰਬਰਾਂ ਜਾਂ ਗ੍ਰੇਡਾਂ ਤੱਕ ਸਮੇਟ ਦੇਣ ਦੀ ਕੋਸ਼ਿਸ਼ ਕਰਨ ਵਾਲ਼ਿਆਂ ਵਿੱਚੋਂ ਪਹਿਲਾ ਸਖਸ਼ ਫ੍ਰਾਂਸਿਸ ਗਾਲਤਨ ਸੀ। ਫ੍ਰਾਂਸਿਸ ਗਾਲਤਨ ਬੇਸ਼ੱਕ ਇੱਕ ਜ਼ਹੀਨ ਵਿਗਿਆਨੀ ਸੀ, ਬਹੁਤ ਸਾਰੀਆਂ ਵਿਗਿਆਨਕ ਖੋਜਾਂ, ਜਿਵੇਂ ਇਹ ਖੋਜ ਕਿ ਹੱਥਾਂ ਦੇ ਨਿਸ਼ਾਨ ਹਰ ਵਿਅਕਤੀ ਦੇ ਅਲੱਗ-ਅਲੱਗ ਹੁੰਦੇ ਹਨ, ਉਸਦੇ ਨਾਂ ਹਨ ਪਰ ਉਸਦੇ ਬਹੁਤ ਸਾਰੇ ਵਿਚਾਰ ਵਿਵਾਦਮਈ ਰਹੇ। “ਯੂਜੇਨਿਕਸ” ਭਾਵ ਮਨੁੱਖੀ ਨਸਲ ਸੁਧਾਰ ਵਿਗਿਆਨ ਜਿਹੇ ਬਦਨਾਮ ਵਿਚਾਰਾਂ ਦਾ ਉਹ ਜਨਮਦਾਤਾ ਸੀ। ਯਾਦ ਰਹੇ ਇਸੇ ਅਖੌਤੀ ਵਿਗਿਆਨ ਨੂੰ ਅਧਾਰ ਬਣਾ ਕੇ ਜਰਮਨੀ ਵਿੱਚ ਨਾਜ਼ੀਆਂ ਨੇ ਨਸਲੀ ਸ਼ੁੱਧਤਾ ਲਈ ਮੁਹਿੰਮਾਂ ਖੜੀਆਂ ਕੀਤੀਆਂ ਸਨ ਜਿਹਨਾਂ ਅਧੀਨ ਉਹਨਾਂ ਨੇ ਬੁੱਧੀਮਾਨ ਬੱਚੇ ਪੈਦਾ ਕਰਨ ਲਈ ਔਰਤਾਂ ਦੀਆਂ ਟੋਲੀਆਂ ਬਣਾਈਆਂ ਜਿਹਨਾਂ ਨੂੰ ਬੱਚੇ ਪੈਦਾ ਕਰਨ ਦੀਆ ਮਸ਼ੀਨਾਂ ਬਣਾ ਦਿੱਤਾ ਗਿਆ। ਮਨੁੱਖ ਦੀ ਬੌਧਿਕ ਸਮਰੱਥਾ ਨੂੰ ਅੰਕੜਿਆਂ ਰਾਹੀਂ ਦਰਸਾਉਣ ਦੀਆਂ ਕੋਸ਼ਿਸ਼ਾਂ ਵਿੱਚ ਫ੍ਰਾਂਸਿਸ ਗਾਲਤਨ ਅਸਫ਼ਲ ਰਿਹਾ ਹੈ ਅਤੇ ਅੰਤ ਵਿੱਚ ਉਸਨੇ ਇਸ ਵਿਚਾਰ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ। ਪ੍ਰੰਤੂ ਇਸਦੇ ਬਾਵਜੂਦ ਇਹ ਯਤਨ ਜਾਰੀ ਰਹੇ। 1905 ਵਿੱਚ ਫਰਾਂਸੀਸੀ ਮਨੋਵਿਗਿਆਨੀ ਅਲਫ੍ਰਡ ਬਿਨੇਟ ਨੇ ਆਪਣੇ ਸਾਥੀਆਂ ਵਿਕਟਰ ਹੈਨਰੀ ਅਤੇ ਥੇਓਡੋਰ ਸਿਮੋਨ ਨਾਲ਼ ਮਿਲ਼ਕੇ ਬਿਨੇਟ-ਸਿਮੋਨ ਨਾਂ ਦਾ ਟੈਸਟ ਈਜਾਦ ਕੀਤਾ ਜਿਹੜਾ ਮਨੁੱਖ ਦੀ ਜਾਣਕਾਰੀਆਂ ਦੀ ਵਰਤੋਂ ਕਰਦੇ ਹੋਏ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਨੂੰ ਪਰਖਣ ਲਈ ਈਜਾਦ ਕੀਤਾ ਗਿਆ ਸੀ। ਪਰ ਅਲਫ੍ਰਡ ਤੇ ਉਸਦੇ ਸਾਥੀਆਂ ਦਾ ਮਕਸਦ ਮਨੁੱਖਾਂ ਦੀ ਸਮਰੱਥਾ ਨੂੰ ਨੰਬਰ ਜਾਂ ਗ੍ਰੇਡ ਦੇਕੇ ਉਹਨਾਂ ਦੀ ਦਰਜਾਬੰਦੀ ਕਰਨਾ ਨਹੀਂ ਸੀ ਸਗੋਂ ਉਹਨਾਂ ਨੇ ਇਸ ਟੈਸਟ ਨੂੰ ਇਸ ਲਈ ਈਜਾਦ ਕੀਤਾ ਸੀ ਤਾਂ ਕਿ ਅਜਿਹੇ ਬੱਚਿਆਂ ਦੀ ਸ਼ਨਾਖਤ ਕੀਤੀ ਜਾ ਸਕੇ ਜਿਹੜੇ ਸਕੂਲ ਵਿੱਚ ਉਮੀਦ ਮੁਤਾਬਕ ਵਿੱਦਿਅਕ ਯੋਗਤਾ ਹਾਸਲ ਨਹੀਂ ਕਰ ਪਾਉਂਦੇ ਸਨ ਤੇ ਫਿਰ ਉਹਨਾਂ ਦੀ ਇਸ ਸਥਿਤੀ ਤੋਂ ਉਭਰਨ ਵਿੱਚ ਮਦਦ ਕੀਤੀ ਜਾ ਸਕੇ। ਸਮੇਂ ਨਾਲ਼ ਜਿਵੇਂ-ਜਿਵੇਂ ਮੈਡੀਕਲ ਵਿਗਿਆਨ ਵਿਕਸਤ ਹੋਇਆ ਤਾਂ ਬਿਨੇਟ-ਸਿਮੋਨ ਟੈਸਟ ਨੂੰ ਵਿਸਥਾਰਿਆ ਤੇ ਸੁਧਾਰਿਆ ਗਿਆ ਅਤੇ ਇਸਦੀ ਵਰਤੋਂ ਦਿਮਾਗ਼ੀ ਰੋਗਾਂ ਦੀ ਸਟੀਕ ਨਿਸ਼ਾਨਦੇਹੀ ਕਰਨ ਲਈ ਕੀਤੀ ਜਾਣ ਲੱਗੀ, ਮਸਲਨ ਦਿਮਾਗ਼ ਦੇ ਕਿਸੇ ਖਾਸ ਹਿੱਸੇ ਦੀ ਬਿਮਾਰੀ ਹੋਣ ਜਾਂ ਕਿਸੇ ਖਾਸ ਹਿੱਸੇ ਨੂੰ ਨੁਕਸਾਨ ਪਹੁੰਚਣ ਨਾਲ਼ ਉਸ ਹਿੱਸੇ ਨਾਲ਼ ਸਬੰਧਤ ਮਨੁੱਖੀ ਬੌਧਿਕ ਸਮਰੱਥਾ ਉੱਤੇ ਪ੍ਰਭਾਵ ਪੈਂਦਾ ਹੈ, ਜਿਸਨੂੰ ਪਛਾਣਨ ਲਈ ਇਹ ਟੈਸਟ ਬੇਹੱਦ ਸਾਰਥਿਕ ਭੂਮਿਕਾ ਨਿਭਾਉਂਦੇ ਹਨ।

ਬਿਲਕੁਲ ਇਸੇ ਸਮੇਂ ਹੀ, ਭਾਵ ਕਿ 1904 ਵਿੱਚ ਬ੍ਰਿਟੇਨ ਦਾ ਇੱਕ ਵਿਗਿਆਨੀ ਚਾਰਲਸ ਸਪੀਅਰਮੈਨ ਵੀ ਆਈ. ਕਿਊ. ਟੈਸਟਾਂ ਉੱਤੇ ਕੰਮ ਕਰ ਰਿਹਾ ਸੀ। ਆਪਣੇ ਤਜਰਬਿਆਂ ਨੂੰ ਸਮੇਟਦੇ ਹੋਏ ਉਸਨੇ ਇਹ ਨਤੀਜਾ ਕੱਢਿਆ ਕਿ ਮਨੁੱਖ ਦੀ ਬੁੱਧੀਮਾਨਤਾ ਨੂੰ ਇੱਕ “ਬੌਧਿਕ-ਫੈਕਟਰ” ਰਾਹੀਂ ਦਰਸਾਇਆ ਜਾ ਸਕਦਾ ਹੈ ਜਿਸਨੂੰ ਉਸਨੇ ”ਜੀ-ਫੈਕਟਰ”  ਕਿਹਾ। ਉਸ ਦੇ ਸਿਧਾਂਤ ਅਨੁਸਾਰ ਜੀ-ਫੈਕਟਰ ਇੱਕ ਅਜਿਹਾ ਕਾਰਕ ਹੈ ਜਿਹੜਾ ਮਨੁੱਖ ਦੇ ਦਿਮਾਗ਼ ਦੀ ਸਮੁੱਚੀ ਸਰਗਰਮੀ ਨੂੰ ਦਰਸਾ ਸਕਦਾ ਹੈ ਅਤੇ ਇਹ ਕਾਰਕ ਮੂਲ ਰੂਪ ਵਿੱਚ ਮਨੁੱਖ ਨੂੰ ਪੀੜ੍ਹੀ-ਦਰ-ਪੀੜ੍ਹੀ ਹਾਸਲ ਹੁੰਦਾ ਹੈ, ਇਸ ਉੱਤੇ ਮਨੁੱਖ ਦੇ ਵਾਤਾਵਰਨ ਅਤੇ ਉਸਦੇ ਸਮਾਜਕ-ਪਰਿਵਾਰਕ ਪਾਲਣ-ਪੋਸ਼ਣ ਦਾ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ। ਕੁਝ ਕੁ ਵਿਗਿਆਨੀਆਂ ਨੇ ਇਸਨੂੰ ਦਿਮਾਗ਼ ਦੇ ਅਕਾਰ ਨਾਲ਼ ਜੋੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਵੀ ਇਸ ਦੇ ਮੂਲ ਰਵਾਨਗੀ ਨੁਕਤਾ ਕਿ ਮਨੁੱਖੀ ਬੌਧਿਕ ਸਮਰੱਥਾ ਮਨੁੱਖ ਦੇ ਜੀਵਨ ਹਾਲਤਾਂ ਉੱਤੇ ਨਹੀਂ ਸਗੋਂ ਉਸਦੀ ਅਨੁਵੰਸ਼ਕ (ਜੇਨੇਟਿਕ) ਬਣਤਰ ਉੱਤੇ ਨਿਰਭਰ ਹੁੰਦੀ ਹੈ, ਤੋਂ ਬਹੁਤਾ ਇੱਧਰ-ਉੱਧਰ ਨਹੀਂ ਹੋ ਸਕੇ। ਬੱਸ ਇੱਥੋਂ ਹੀ ਸ਼ੁਰੂ ਹੁੰਦੀ ਆਈ.ਕਿਊ. ਟੈਸਟਿੰਗ ਦਾ ਆਧੁਨਿਕ ਸਫ਼ਰ ਜੋ ਅੱਜ ਹਰ ਤਰ੍ਹਾਂ ਦੇ ਨਸਲੀ, ਅਮੀਰੀ-ਗਰੀਬੀ, ਲਿੰਗਕ ਭੇਦਭਾਵ ਨੂੰ ਸਹੀ ਠਹਿਰਾਉਣ ਦਾ “ਵਿਗਿਆਨ” ਬਣਿਆ ਹੋਇਆ ਹੈ। ਸਪੀਅਰਮੈਨ ਦੇ ਇਸ ਜੀ-ਫ਼ੈਕਟਰ ਦੇ ਸਿਧਾਂਤ ਨੂੰ ਅਧਾਰ ਬਣਾਉਂਦੇ ਹੋਏ ਹੁਣ ਕਿੰਨੇ ਹੀ ਤਰ੍ਹਾਂ ਦੇ ਆਈ. ਕਿਊ. ਟੈਸਟ ਕਰਨ ਵਾਲੇ ਢੰਗ ਤਰੀਕੇ ਹੋਂਦ ਵਿੱਚ ਆ ਸਕਦੇ ਹਨ।

ਜਮਾਤਾਂ ਵਿੱਚ ਵੰਡੇ ਸਮਾਜ ਵਿੱਚ ਵਿਗਿਆਨ ਸਿਆਸਤ ਤੇ ਵਿਚਾਰਧਾਰਾਵਾਂ ਦੇ ਭੇੜ ਤੋਂ ਅਛੂਤਾ ਨਹੀਂ ਰਹਿੰਦਾ, ਵਿਗਿਆਨਕ ਸਿਧਾਂਤਾਂ ਨੂੰ ਵੱਖ-ਵੱਖ ਵਿਚਾਰਧਾਰਾਵਾਂ ਤੇ ਉਹਨਾਂ ਉੱਤੇ ਅਧਾਰਤ ਸਿਆਸਤ ਵੱਲੋਂ ਆਪੋ-ਆਪਣੇ ਫਾਇਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ; ਆਈ. ਕਿਊ. ਟੈਸਟਿੰਗ ਨਾਲ਼ ਵੀ ਇਹੀ ਕੁੱਝ ਹੋਇਆ। 1789 ਦੇ ਫਰਾਂਸੀਸੀ ਇਨਕਲਾਬ ਦੌਰਾਨ ਸਰਮਾਏਦਾਰ ਜਮਾਤ ਨੇ ਬਰਾਬਰੀ ਦੇ ਜਿਹੜੇ ਵਾਅਦੇ ਮਨੁੱਖਤਾ ਨਾਲ਼ ਕੀਤੇ ਸਨ, ਉਹਨਾਂ ਦੀ ਫੂਕ ਬਹੁਤ ਜਲਦ ਹੀ ਨਿੱਕਲ਼ ਚੁੱਕੀ ਸੀ। ਵਿਗਿਆਨ ਦੇ ਵਿਕਾਸ ਦੀ ਵਰਤੋਂ ਨਾਲ਼ ਜਿੱਥੇ ਸਰਮਾਏਦਾਰੀ ਨੇ ਮਨੁੱਖ ਦੀ ਪੈਦਾਵਾਰੀ ਤਾਕਤ ਨੂੰ ਬਹੁਤ ਵਧਾ ਦਿੱਤਾ, ਉਸਨੂੰ ਕੁਦਰਤ ਨਾਲ਼ ਸੰਘਰਸ਼ ਖਿਲਾਫ਼ ਮਜਬੂਤੀ ਦਿੱਤੀ, ਉੱਥੇ ਹੀ ਸਰਮਾਏਦਾਰੀ ਨੇ ਵਿਗਿਆਨਕ ਸਿਧਾਂਤਾਂ ਨੂੰ ਆਪਣੇ ਮਕਸਦ ਲਈ ਘੜਨਾ-ਛਿੱਲਣਾ ਸ਼ੁਰੂ ਕਰ ਦਿੱਤਾ। ਵਿਗਿਆਨ ਨੂੰ ਸਰਮਾਏਦਾਰੀ ਦੁਆਰਾ ਬਰਾਬਰੀ ਸਥਾਪਤ ਕਰਨ ਦੇ ਆਪਣੇ ਵਾਅਦਿਆਂ ਤੋਂ ਮੁੱਕਰਨ ਲਈ ਬਹਾਨੇ ਘੜਨ ਲਈ ਵਰਤਿਆ ਜਾਣ ਲੱਗਿਆ। ਡਾਰਵਿਨ ਦੇ ਜੀਵ-ਵਿਕਾਸ ਦੇ ਇਨਕਲਾਬੀ ਸਿਧਾਂਤ ਨਾਲ਼ ਸਰਮਾਏਦਾਰੀ ਨੇ ਅਜਿਹਾ ਕੁਝ ਹੀ ਕੀਤਾ ਜਦੋਂ ਉਸ ਦੇ ਬੌਧਿਕ ਚਾਕਰਾਂ ਨੇ ਜੀਵ-ਵਿਕਾਸ ਦੇ ਸਿਧਾਂਤ ਨੂੰ ਸਮਾਜ ਵਿਗਿਆਨ ਵਿੱਚ ਘੁਸੇੜ ਕੇ “ਸਮਾਜਕ ਡਾਰਵਿਨਵਾਦ” ਦਾ ਮਨੁੱਖਤਾ-ਵਿਰੋਧੀ ਸਿਧਾਂਤ ਖੜਾ ਕੀਤਾ। ਆਈ. ਕਿਊ. ਦਾ ਸਿਧਾਂਤਕ ਚੌਖਟਾ ਵੀ ਸਮਾਜਕ ਡਾਰਵਿਨਵਾਦ ਦਾ ਹੀ ਵਿਗਾੜਿਆ ਤੇ ਨਵੇਂ ਲੀੜੇ ਪਵਾ ਕੇ ਪੇਸ਼ ਕੀਤਾ ਗਿਆ ਸਿਧਾਂਤ ਹੈ।

ਸਰਮਾਏਦਾਰੀ ਆਈ. ਕਿਊ. ਨੂੰ ਆਪਣੇ ਫਾਇਦੇ ਲਈ ਕਿਵੇਂ ਇਸਤੇਮਾਲ ਕਰਦੀ ਹੈ ਜਾਂ ਸਮਝਦੀ ਹੈ ਇਹ ਉਸਦਾ ਫਾਇਦਾ ਕਰਦਾ ਹੈ, ਇਸਦੀਆਂ ਕਈ ਮਿਸਾਲਾਂ ਹਨ। ਜੀ-ਫੈਕਟਰ ਦਾ ਸਿਧਾਂਤ ਆਉਣ ਦੇ ਨਾਲ਼ ਹੀ ਪਹਿਲੀ ਸੰਸਾਰ ਜੰਗ ਸਮੇਂ ਅਮਰੀਕਾ ਸਰਕਾਰ ਨੇ ਜੀ-ਫੈਕਟਰ ਦੀ ਵਰਤੋਂ ਫੌਜੀ ਭਰਤੀ ਲਈ ਕੀਤੀ ਕਿਉਂਕਿ ਅਮਰੀਕੀ ਫੌਜੀ ਸਲਾਹਕਾਰਾਂ ਅਨੁਸਾਰ ਜੀ-ਫੈਕਟਰ ਦੇ ਖਾਸ ‘ਸਕੋਰ’ ਵਾਲ਼ੇ ਵਿਅਕਤੀ ਅਫ਼ਸਰ ਬਣਨ ਦੇ ਲਾਇਕ ਸਨ ਤੇ ਘੱਟ ‘ਸਕੋਰ’ ਵਾਲ਼ੇ ਸਿਪਾਹੀ। ਉਸ ਤੋਂ ਬਾਅਦ ਜੀ-ਫੈਕਟਰ ਜੋ ਕਿ ਫ੍ਰਾਂਸਿਸ ਗਾਲਤਨ ਦੇ ਸਿਧਾਂਤਾਂ ਦਾ ਹੀ ਅਗਲਾ ਰੂਪ ਸੀ, ਨੂੰ ਨਾਜ਼ੀਆਂ ਨੇ ਆਪਣੇ ਸੰਸਾਰ-ਜਿੱਤਣ ਤੇ ਸਮੁੱਚੀ ਦੁਨੀਆਂ ਨੂੰ ਆਪਣਾ ਗੁਲਾਮ ਬਣਾਉਣ ਦੇ ਪ੍ਰੋਜੈਕਟ ਲਈ ਵਰਤਿਆ ਹੈ ਜਿਸ ਅਧੀਨ ਲੋਕਾਂ ਤੇ ਖਾਸ ਕਰਕੇ ਔਰਤਾਂ ਉੱਤੇ ਜਿਹੜੇ ਜ਼ੁਲਮ ਢਾਹੇ ਗਏ, ਉਹ ਇੱਕ ਵੱਖਰੀ ਕਹਾਣੀ ਹੈ। ਦੂਜੀ ਜੰਗ ਖਤਮ ਹੋਣ ਤੋਂ ਬਾਅਦ ਸੰਸਾਰ ਭਰ ਵਿੱਚ ਸਰਮਾਏਦਾਰੀ ਨੂੰ ਕੁਝ ਸਮੇਂ ਲਈ ਸਾਹ ਮਿਲ਼ਿਆ ਅਤੇ ਸਰਮਾਏਦਾਰੀ ਦਾ ਕੰਮ-ਧੰਦਾ ਫੈਲਣ ਲੱਗਾ। ਹੁਣ ਆਈ. ਕਿਊ. ਟੈਸਟਿੰਗ ਦੀ ਵਰਤੋਂ ਸਰਮਾਏਦਾਰੀ ਨੇ ਆਪਣੇ ਅਧੀਨ ਵੱਖ-ਵੱਖ ਕਿੱਤਿਆਂ ਲਈ ਕਰਨੀ ਸ਼ੁਰੂ ਕੀਤੀ। ਅਜਿਹੇ ‘ਚਾਰਟ’ ਹੋਂਦ ਵਿੱਚ ਆਉਣ ਲੱਗੇ ਜਿਹੜੇ ਇਹ ਦੱਸਦੇ ਸਨ ਕਿ ਕਿੰਨੇ ਆਈ. ਕਿਊ. ਵਾਲ਼ੇ ਵਿਅਕਤੀ ਨੂੰ ਪ੍ਰੋਫੈਸਰ-ਬੁੱਧੀਜੀਵੀ ਬਣਾਇਆ ਜਾਵੇ, ਕਿੰਨੇ ਆਈ. ਕਿਊ. ਵਾਲ਼ੇ ਵਿਅਕਤੀ ਨੂੰ ਪ੍ਰਸ਼ਾਸ਼ਕ ਤੇ ਕਿੰਨੇ ਆਈ. ਕਿਊ. ਵਾਲ਼ੇ ਵਿਅਕਤੀ ਨੂੰ ਸੇਲਜ਼ਮੈਨ। ਇਹਨਾਂ ਚਾਰਟਾਂ ਦਾ ਦੂਜਾ ਅਰਥ ਜੋ ਜਲਦ ਹੀ ਸਾਹਮਣੇ ਆਇਆ, ਉਹ ਇਹ ਸੀ ਕਿ ਕੋਈ ਵਿਅਕਤੀ ਪ੍ਰੋਫੈਸਰ ਇਸ ਲਈ ਬਣਦਾ ਹੈ ਕਿਉਂਕਿ ਉਸਦਾ ਆਈ. ਕਿਊ. ਜ਼ਿਆਦਾ ਹੈ ਤੇ ਸੇਲਜ਼ਮੈਨ ਇਸ ਲਈ ਬਣਦਾ ਹੈ ਕਿਉਂਕਿ ਉਸਦਾ ਆਈ. ਕਿਊ. ਘੱਟ ਹੈ। ਭਾਵ ਕਿ ਕੋਈ ਵਿਅਕਤੀ ਕਿਸੇ ਕਿੱਤੇ ਵਿੱਚ ਲੱਗਿਆ, ਇਸ ਸਭ ਦਾ ਉਸਦੀਆਂ ਸਮਾਜਕ ਹਾਲਤਾਂ ਨਾਲ਼ ਕੋਈ ਲੈਣਾ-ਦੇਣਾ ਨਹੀਂ, ਸਗੋਂ ਇਹ ਤਾਂ ਉਸਦਾ ਆਈ.ਕਿਊ. ਹੈ ਜੋ ਉਸਨੂੰ ਜਨਮ ਤੋਂ ਮਿਲ਼ਿਆ ਹੈ ਅਤੇ ਅੰਤ ਵਿੱਚ ਇਸਦਾ ਅਸਲੀ ਅਰਥ ਸਾਹਮਣਾ ਆਇਆ, ਕਿ ਕੋਈ ਵਿਅਕਤੀ ਮਜ਼ਦੂਰੀ ਕਰਦਾ ਹੈ, ਜਾਂ ਅਜਿਹਾ ਹੀ ਹੋਰ ਕੰਮ ਕਰਦਾ ਹੈ ਜਿਸਦੀ ਤਨਖਾਹ ਬੇਹੱਦ ਘੱਟ ਹੈ ਤਾਂ ਇਹ ਉਸ ਆਦਮੀ ਦਾ ਆਈ. ਕਿਊ. ਘੱਟ ਹੋਣਾ ਹੈ ਜਿਸ ਕਾਰਨ ਉਸਦੀ ਤਨਖਾਹ ਘੱਟ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਰਮਾਏਦਾਰੀ ਦੇ ਬੌਧਿਕ ਚਾਕਰਾਂ ਨੇ ਸਮਾਜ ਵਿੱਚ ਮਜ਼ਦੂਰਾਂ ਭਾਵ ਬਹੁਗਿਣਤੀ ਲੋਕਾਂ ਦੀ ਲੁੱਟ-ਖਸੁੱਟ ਨੂੰ ਵਿਗਿਆਨ ਦਾ ਜਾਮਾ ਪਹਿਨਾ ਦਿੱਤਾ ਅਤੇ ਇਸਨੂੰ ਇੱਕ ਵਿਗਿਆਨਕ ਸੱਚਾਈ ਐਲਾਨ ਦਿੱਤਾ।

ਸਰਮਾਏਦਾਰੀ ਦੇ ਕੁਝ ਬੌਧਿਕ ਚਾਕਰਾਂ ਨੇ ਤਾਂ 9 ਜੁਰਮਾਂ ਨੂੰ ਵੀ ਆਈ. ਕਿਊ. ਨਾਲ਼ ਜੋੜ ਦਿੱਤਾ ਹੈ। ਇਹਨਾਂ ਦਾ ਕਹਿਣਾ ਹੈ ਕਿ ਘੱਟ ਆਈ.ਕਿਊ. ਦੇ ਲੋਕ ਹੀ ਆਮ ਕਰਕੇ ਅਪਰਾਧਾਂ ਨੂੰ ਅੰਜ਼ਾਮ ਦਿੰਦੇ ਹਨ, ਸੁਭਾਵਿਕ ਹੈ ਕਿ ਇਹਨਾਂ ਦੇ ਪੈਮਾਨਿਆਂ ਅਨੁਸਾਰ ਘੱਟ ਆਈ. ਕਿਊ. ਵਾਲੇ ਲੋਕ ਗਰੀਬ ਲੋਕ ਹੀ ਹੁੰਦੇ ਹਨ, ਇਸ ਲਈ ਅਪਰਾਧ ਵੀ ਗਰੀਬ ਲੋਕ ਹੀ ਕਰਦੇ ਹਨ, ਜਾਂ ਕਿਹਾ ਜਾਵੇ ਗਰੀਬਾਂ ਵਿੱਚ ਹੀ ਅਪਰਾਧੀ ਪ੍ਰਵਿਰਤੀਆਂ ਹੁੰਦੀਆਂ ਹਨ। ਬਿਲਕੁਲ ਅਜਿਹਾ ਹੀ ਸਿਧਾਂਤ  “ਵਾਧੂ ਕ੍ਰੋਮੋਸੋਮ” ਦਾ ਸਿਧਾਂਤ ਹੈ ਜਿਸ ਅਨੁਸਾਰ ਕੋਈ ਵਿਆਤੀ ਇਸ ਲਈ ਅਪਰਾਧੀ ਹੁੰਦਾ ਹੈ ਕਿਉਂਕਿ ਉਸ ਵਿੱਚ ਇੱਕ “ਵਾਧੂ  ਕ੍ਰੋਮੋਸੋਮ” ਹੁੰਦਾ ਹੈ, ਭਾਵੇਂ ਇਹ ਸਿਧਾਂਤ ਹੁਣ ਬੁਰੀ ਪਿਟ ਚੁੱਕਾ ਹੈ। ਹੋਰ ਤਾਂ ਹੋਰ, ਕਈ ਲੱਕੜਸਿਰੇ ਤਾਂ ਅਜਿਹੇ ਵੀ ਹਨ ਜਿਹੜੇ ਯੂਰਪ ਵੱਲੋਂ ਅਫਰੀਕਾ, ਏਸ਼ੀਆ, ਲਾਤੀਨੀ ਅਮਰੀਕਾ ਦੇ ਦੇਸ਼ਾਂ ਦੇ ਗੁਲਾਮ ਬਣਨ ਦਾ ਕਾਰਨ ਵੀ ਯੂਰਪੀ ਲੋਕਾਂ ਦੇ “ਉੱਚੇ ਆਈ. ਕਿਊ.” ਨੂੰ ਦੱਸਦੇ ਹਨ। ਅਜਿਹੇ ਲੱਕੜਸਿਰੇ ਸੁਭਾਵਿਕ ਹੈ ਭਾਰਤ ਵਿੱਚ ਜ਼ਿਆਦਾ ਮਿਲ਼ਦੇ ਹਨ!! ਅਸਲ ਵਿੱਚ ਇਹ ਸਾਰੇ ਅਲੋਕਾਰੇ ਸਿਧਾਂਤ ਮਨੁੱਖੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਾਜ-ਵਿਗਿਆਨਕ ਵਿਸ਼ਲੇਸ਼ਣ ਕਰਨ ਦੀ ਥਾਂ ਦੂਜਿਆਂ ਵਿਗਿਆਨਾਂ ਦੇ ਸਿਧਾਂਤਾਂ ਨੂੰ ਤੋੜ-ਮਰੋੜ ਕੇ ਮਨੁੱਖੀ ਸਮਾਜ ਉੱਤੇ ਲਾਗੂ ਕਰਦੇ ਹੋਏ ਮੌਜੂਦਾ ਸਮਾਜ ਦੀ ਨਾ-ਬਰਾਬਰੀ, ਲੁੱਟ-ਖਸੁੱਟ ਵਾਲ਼ੀ ਹਾਲਤ ਨੂੰ ਤਰਕਸੰਗਤ ਤੇ ਇੱਕ ਕੁਦਰਤੀ ਹਾਲਤ ਵਜੋਂ ਸਿੱਧ ਕਰਨਾ ਹੁੰਦਾ ਹੈ। ਜਿਵੇਂ ਮੱਧਕਾਲ ਵਿੱਚ ਬਹੁਗਿਣਤੀ ਅਬਾਦੀ ਦੀ ਰਾਜੇ ਅੱਗੇ ਅਧੀਨਗੀ ਨੂੰ ਰੱਬੀ ਹੁਕਮ ਕਹਿ ਕੇ ਇੱਕ ਕੁਦਰਤੀ ਹਾਲਤ ਵਜੋਂ ਸਿੱਧ ਕਰਨ ਦਾ ਠੇਕਾ ਧਰਮ ਦੇ ਪੁਜਾਰੀਆਂ ਨੇ ਲਿਆ ਹੋਇਆ ਸੀ, ਉਹੀ ਕੁਝ ਸਰਮਾਏਦਾਰੀ ਢਾਂਚਾ ਜਿਹੜਾ ਧਰਮ ਦੀ ਉਸ ਤਰੀਕੇ ਨਾਲ਼ ਵਰਤੋਂ ਨਹੀਂ ਕਰ ਸਕਦਾ, ਆਪਣੇ-ਆਪ ਨੂੰ ਨਿਆਈਂ ਤੇ ਕੁਦਰਤੀ ਸਿੱਧ ਕਰਨ ਲਈ “ਵਿਗਿਆਨ” ਦਾ ਨਕਾਬ ਚੜੇ ਹੋਏ ਸਿਧਾਂਤਾਂ ਰਾਹੀਂ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਲਈ ਸਰਮਾਏਦਾਰਾ ਵਿੱਦਿਅਕ ਢਾਂਚਾ ਅਜਿਹੇ ਵਿਗਿਆਨੀਆਂ ਦੀ ਵੱਡੀ ਫੌਜ ਤਿਆਰ ਕਰਦਾ ਹੈ।

ਪਰ ਅਜਿਹਾ ਨਹੀਂ ਹੈ ਕਿ ਅਜਿਹੇ ਕੋਝੇ ਸਿਧਾਂਤਾਂ ਦਾ ਕੋਈ ਵਿਰੋਧ ਨਹੀਂ ਹੋਇਆ, ਇਹਨਾਂ ਦੀ “ਵਿਗਿਆਨਕਤਾ” ਨੂੰ ਨੰਗਾ ਨਹੀਂ ਕੀਤਾ ਗਿਆ। 1994 ਵਿੱਚ ਆਈ. ਕਿਊ. ਸਿਧਾਂਤ ਦੇ ਪੱਖ ਵਿੱਚ ਲਿਖੀ ਗਈ ਸਭ ਤੋਂ ਬਦਨਾਮ ਕਿਤਾਬ “ਬੈਲ ਕਰਵ” ਆਈ ਜਿਸਦੇ ਮੁੱਖ ਸਿੱਟੇ ਇਹ ਸਨ 1) ਮਨੁੱਖ ਦੀ ਬੌਧਿਕ ਸਮਰੱਥਾ ਨੂੰ ਇੱਕ ਅੰਕੜੇ ਰਾਹੀਂ ਦਰਸਾਉਣਾ ਸੰਭਵ ਹੈ, 2) ਹਰੇਕ ਵਿਅਕਤੀ ਨੂੰ ਦਿੱਤੇ ਗਏ ਆਈ. ਕਿਊ. ਦੇ ਅੰਕਾਂ ਦੇ ਅਧਾਰ ਉੱਤੇ ਵਿਅਕਤੀਆਂ ਦੀਆਂ ਦਰਜਾਬੰਦੀ ਕਰਨੀ ਸੰਭਵ ਹੈ, 3) ਮਨੁੱਖ ਦਾ ਆਈ. ਕਿਊ. ਮੁੱਖ ਰੂਪ ਵਿੱਚ ਅਨੁਵੰਸ਼ਕ ਤੌਰ ‘ਤੇ ਤੈਅ ਹੁੰਦਾ ਹੈ, 4) ਆਈ. ਕਿਊ. ਮਨੁੱਖ ਦੀ ਪੂਰੀ ਉਮਰ ਦੌਰਾਨ ਅਬਦਲ ਰਹਿੰਦਾ ਹੈ। ਇਹ ਕਿਤਾਬ ਇਸ ਤੋਂ ਵੀ ਅੱਗੇ ਗਈ, ਇਸ ਨੇ ਗੋਰੇ ਲੋਕਾਂ ਨੂੰ ਕਾਲ਼ੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਬੁੱਧੀਮਾਨ ਸਿੱਧ ਕਰਨ ਲਈ ਆਈ. ਕਿਊ. ਦੇ ਸਿਧਾਂਤ ਦਾ ਭੱਦਾ ਇਸਤੇਮਾਲ ਕੀਤਾ ਜਿਸਦਾ ਦੁਨੀਆਂ ਭਰ ਵਿੱਚ ਵਿਰੋਧ ਹੋਇਆ। ਇਸ ਕਿਤਾਬ ਦੀ ਸਭ ਤੋਂ ਪਹਿਲੀ ਤੇ ਤਿੱਖੀ ਆਲੋਚਨਾ ਮਸ਼ਹੂਰ ਵਿਗਿਆਨੀ ਸਟੀਫ਼ਨ ਜੇ. ਗਾਊਲਡ ਨੇ ਲਿਖੀ ਜਿਸ ਨੇ ਇਸ ਸਮੁੱਚੇ ਸਿਧਾਂਤ ਦਾ ਖੋਖਲਾਪਣ ਜੱਗ-ਜ਼ਾਹਿਰ ਕਰ ਦਿੱਤਾ। ਸਟੀਫ਼ਨ ਗਾਊਲਡ ਦਾ ਕਹਿਣਾ ਸੀ ਕਿ ਜੇ ਇਸ ਦੇ ਚਾਰਾਂ ਸਿੱਟਿਆਂ ਵਿੱਚੋਂ ਇੱਕ ਵੀ ਗਲਤ ਸਿੱਧ ਕਰ ਦਿੱਤਾ ਜਾਂਦਾ ਹੈ ਤਾਂ ਇਹ ਸਮੁੱਚਾ ਸਿਧਾਂਤ ਮੂਧੇ-ਮੂੰਹ ਡਿੱਗ ਪੈਂਦਾ ਹੈ ਅਤੇ ਸਟੀਫ਼ਨ ਗਾਊਲਡ ਨੇ ਇਸਦੇ ਇੱਕ ਨਹੀਂ, ਚਾਰਾਂ ਸਿੱਟਿਆਂ ਦੀ ਆਪਣੀਆਂ ਦਲੀਲਾਂ ਨਾਲ਼ ਐਸੀ-ਤੈਸੀ ਕੀਤੀ। ਪਹਿਲਾ, ਮਨੁੱਖ ਦੀ ਬੌਧਿਕ ਸਮਰੱਥਾ ਦੇ ਬਹੁਤ ਸਾਰੇ ਆਯਾਮ ਹਨ। ਸਰੀਰਕ ਕਿਰਤ ਦੀਆਂ ਵੱਖ-ਵੱਖ ਕਿਸਮਾਂ ਤੋਂ ਲੈ ਕੇ ਮਾਨਸਿਕ ਕਿਰਤ ਦੀਆਂ ਅਨੇਕਾਂ ਕਿਸਮਾਂ ਹਨ ਜਿਹਨਾਂ ਵਿੱਚ ਵੱਖ-ਵੱਖ ਮਨੁੱਖਾਂ ਦੀ ਮੁਹਾਰਤ ਦਾ ਦਰਜਾ ਵੱਖ-ਵੱਖ ਹੁੰਦਾ ਹੈ। ਮਿਸਾਲ ਵਜੋਂ, ਕੋਈ ਮਨੁੱਖ ਸੰਗੀਤ ਦਾ ਬਹੁਤ ਚੰਗਾ ਜਾਣਕਾਰ ਹੋ ਸਕਦਾ ਹੈ, ਤਾਂ ਦੂਜਾ ਗਣਿਤ ਦਾ ਮਾਹਰ ਹੋ ਸਕਦਾ ਹੈ, ਤੀਜਾ ਇਮਾਰਤਸਾਜੀ ਦਾ ਮਾਹਰ ਹੋ ਸਕਦਾ ਹੈ ਤੇ ਕੋਈ ਚੌਥਾ ਖੇਤੀ ਦੇ ਕੰਮ ਦਾ ਮਾਹਰ ਹੋ ਸਕਦਾ ਹੈ ਅਤੇ ਪੰਜਵਾਂ ਮਸ਼ੀਨਾਂ ਨੂੰ ਵਰਤਣ ਵਿੱਚ ਗਜ਼ਬ ਦੀ ਮੁਹਾਰਤ ਰੱਖ ਸਕਦਾ ਹੈ। ਇਸ ਲਈ ਮਨੁੱਖ ਦੀ ਬੌਧਿਕ ਸਮਰੱਥਾ ਨੂੰ ਕਿਸੇ ਇੱਕ ਅੰਕੜੇ ਤੱਕ ਸੀਮਤ ਕਰਨਾ ਸੰਭਵ ਹੀ ਨਹੀਂ ਹੈ; ਮਸ਼ਹੂਰ ਵਿਗਿਆਨੀ ਰਾਬਰਟ ਸਟਰਨਬਰਗ ਅਨੁਸਾਰ ਆਈ. ਕਿਊ. ਨੰਬਰ ਇੱਕ ਮਿੱਥ ਤੋਂ ਵੱਧ ਕੇ ਕੁਝ ਨਹੀਂ ਹੈ। ਦੂਜਾ, ਕਿਉਂਕਿ ਮਨੁੱਖਾਂ ਦੇ ਗਲ਼ ਵਿੱਚ ਬੌਧਿਕ ਸਮਰੱਥਾ ਦਾ ਇੱਕ ਅੰਕੜੇ ਦਾ ਲਾਕਟ ਲਟਕਾਉਣਾ ਸੰਭਵ ਹੀ ਨਹੀਂ ਹੈ, ਇਸ ਲਈ ਦਰਜੇਬੰਦੀ ਵਾਲ਼ਾ ਨੁਕਤਾ ਆਪਣੇ ਆਪ ਹੀ ਅਪ੍ਰਸੰਗਿਕ ਹੋ ਜਾਂਦਾ ਹੈ। ਇਸ ਕਿਤਾਬ ਦਾ ਤੀਜਾ ਸਿੱਟਾ, ਕਿ ਬੌਧਿਕ ਸਮਰੱਥਾ ਅਨੁਵੰਸ਼ਕ (ਜੇਨੇਟਿਕ) ਹੁੰਦੀ ਹੈ, ਸਭ ਤੋਂ ਵੱਧ ਵਿਵਾਦਮਈ ਹੈ ਅਤੇ ਸਭ ਤੋਂ ਵਧੇਰੇ ਹਾਸੋਹੀਣਾ ਵੀ। ਇਹ ਨੁਕਤਾ ਇੰਨਾ ਹਾਸੋਹੀਣਾ ਹੈ ਕਿ ਅਮੇਰਿਕਨ ਸਾਈਕੋਲੋਜਿਸਟ ਅਸੋਸ਼ੀਏਸ਼ਨ ਨੂੰ ਇਸਦੀ ਇਹ ਕਹਿ ਕੇ ਅਲੋਚਨਾ ਕਰਨੀ ਪਈ ਕਿ “ਅੱਜਕੱਲ੍ਹ ਦੇ ਆਈ. ਕਿਊ. ਨਾਲ਼ ਸਬੰਧਿਤ ਬਹੁਤੇ ਖੋਜਕਾਰਜ ਸਿਆਸੀ ਹਿਤਾਂ ਤੋਂ ਪ੍ਰੇਰਿਤ ਹਨ, ਇਹਨਾਂ ਦਾ ਵਿਗਿਆਨ ਨਾਲ਼ ਬਹੁਤ ਥੋੜਾ ਸਬੰਧ ਹੈ।” ਇਸ ਸਿੱਟੇ ਦਾ ਸਿੱਧਾ ਜਿਹਾ ਮਤਲਬ ਇਹ ਕੱਢਿਆ ਜਾਂਦਾ ਹੈ ਕਿ ਕੋਈ ਵਿਅਕਤੀ ਜੇ ਬੌਧਿਕ ਰੂਪ ਵਿੱਚ ਸਮਰੱਥ ਹੈ, ਭਾਵ ਉਸਦਾ ਆਈ. ਕਿਊ. ਉੱਚਾ ਹੈ ਤਾਂ ਉਹ ਲਾਜ਼ਮੀ ਹੀ ਉੱਚੇ ਅਹੁਦੇ (ਸਾਡੇ ਪੰਜਾਬ ਵਿੱਚ ਤਾਂ ਉੱਚੇ ਅਹੁਦੇ ਤੋਂ ਸਰਕਾਰੀ ਅਫਸਰੀ ਜਾਂ ਕਿਸੇ ਹੋਰ ਤਰੀਕੇ ਨਾਲ਼ ਪੈਸਾ ਕੁੱਟਣਾ ਹੀ ਹੁੰਦਾ ਹੈ! ਖੈਰ!!) ਉੱਤੇ ਪਹੁੰਚੇਗਾ, ਉਸਨੂੰ ਮਿਲਣ ਵਾਲ਼ੀ ਸਿੱਖਿਆ, ਉਸਦਾ ਪਾਲਣ-ਪੋਸ਼ਣ, ਉਸਨੂੰ ਮਿਲਣ ਵਾਲ਼ੀ ਖ਼ੁਰਾਕ, ਉਸਦਾ ਪਰਿਵਾਰਕ ਮਾਹੌਲ ਆਦਿ ਇਹ ਸਭ ਕਾਰਕ ਕੋਈ ਭੂਮਿਕਾ ਨਹੀਂ ਨਿਭਾਉਂਦੇ, ਜਾਂ ਫਿਰ ਬਹੁਤ ਨਿਗੂਣੀ ਭੂਮਿਕਾ ਨਿਭਾਉਂਦੇ ਹਨ। ਇਹ ਨੁਕਤਾ ਇੰਨਾ ਬੇਪੈਰਾ ਹੈ ਕਿ ਜ਼ਰਾ ਜਿੰਨਾ ਸੋਚਣ ਵਾਲ਼ਾ ਵਿਅਕਤੀ ਵੀ ਸਮਝ ਸਕਦਾ ਹੈ ਕਿ ਚੰਗੀ ਖ਼ੁਰਾਕ, ਚੰਗਾ ਪਾਲਣ-ਪੋਸ਼ਣ, ਚੰਗੀ ਸਿੱਖਿਆ ਕਿਸੇ ਵਿਅਕਤੀ ਦੇ ਬੌਧਿਕ ਵਿਕਾਸ ਲਈ ਕਿੰਨੀ ਅਹਿਮ ਹੈ; ਇਹਨਾਂ ਤੋਂ ਬਿਨਾਂ ਕੋਈ ਵਿਅਕਤੀ ਚਾਹੇ 1000 ਆਈ. ਕਿਊ. ਦਾ ਮਾਲਕ ਵੀ ਕਿਉਂ ਨਾ ਹੋਵੇ, ਕੁਝ ਨਹੀਂ ਕਰ ਸਕਦਾ। ਅਜਿਹੇ ਮਾਹੌਲ ਵਿੱਚ ਕੋਈ ਇੱਕਾ-ਦੁੱਕਾ ਛੋਟਾਂ ਤਾਂ ਹੋ ਸਕਦੀਆਂ ਹਨ ਪਰ ਇੱਕ ਆਮ ਵਰਤਾਰਾ ਨਹੀਂ। ਅਸਲ ਵਿੱਚ ਇਸ ਤਰਕ ਦਾ ਕੇਂਦਰੀ ਭਾਵ ਇਹ ਹੈ ਕਿ ਗਰੀਬੀ, ਸਿੱਖਿਆ ਦੀ ਅਣਹੋਂਦ, ਘਟੀਆ ਹਾਲਤਾਂ ਵਿੱਚ ਰਹਿਣਾ, ਢੰਗ ਦੀ ਖ਼ੁਰਾਕ ਨਾ ਮਿਲਣਾ ਆਦਿ ਵਿਅਕਤੀ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਹੀਂ ਬਣਦੀਆਂ; ਇਸ ਲਈ ਇਹਨਾਂ ਹਾਲਤਾਂ ਨੂੰ ਬਦਲਣਾ ਜ਼ਰੂਰੀ ਨਹੀਂ ਹੈ, ਸਗੋਂ ਅਜਿਹਾ ਕਰਨਾ ਗੈਰ-ਵਿਗਿਆਨਕ ਹੈ। ਫੇਸਬੁੱਕ ਜਾਂ ਅਖ਼ਬਾਰਾਂ ਵਿੱਚ ਅਕਸਰ ਛਪਣ ਵਾਲ਼ੀਆਂ ਖਬਰਾਂ ਕਿ ਇੱਕ ਰਿਕਸ਼ੇ ਵਾਲੇ ਦੀ ਧੀ ਡੀਸੀ ਬਣੀ, ਇੱਕ ਝੌਂਪੜੀ ਵਿੱਚ ਰਹਿਣ ਵਾਲ਼ਾ ਮੁੰਡਾ “ਮੈਟ੍ਰਿਕ ਦਾ ਟਾਪਰ” ਬਣਿਆ ਆਦਿ ਰਾਹੀਂ ਵੀ ਇਹੀ ਸੋਚ ਨੂੰ ਪ੍ਰਚਾਰਿਆ ਜਾਂਦਾ ਹੈ ਪਰ ਇਹ ਅਜਿਹਾ ਕਰਦੇ ਹੋਏ ਵਿਗਿਆਨਕ ਵਿਸ਼ਲੇਸ਼ਣ ਦੇ ਤਰੀਕਿਆਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਕਿਉਂਕਿ ਵਿਗਿਆਨ ਦਾ ਕੋਈ ਵੀ ਨਤੀਜਾ ਕਿਸੇ ਇੱਕ ਘਟਨਾ ਤੋਂ ਨਹੀਂ ਕੱਢਿਆ ਜਾਂਦਾ, ਸਗੋਂ ਵਿਗਿਆਨਕ ਵਿਸ਼ਲੇਸ਼ਣ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੂੰ ਲੰਮੇ ਸਮੇਂ ਲਈ ਵਾਚਦੇ ਹੋਏ ਉਹਨਾਂ ਦੇ ਆਪਸੀ ਸਬੰਧਾਂ ਬਾਰੇ ਕੋਈ ਸਿੱਟਾ ਕੱਢਿਆ ਜਾਂਦਾ ਹੈ। ਬਿਲਕੁਲ ਇਹੀ ਨੁਕਤਾ ਸਟੀਫ਼ਨ ਗਾਊਲਡ “ਬੈਲ ਕਰਵ” ਦੇ ਲੇਖਕਾਂ ਦੀ ਪੱਧਤੀ ਉੱਤੇ ਉਠਾਉਂਦੇ ਹਨ।

ਆਈ. ਕਿਊ. ਦੇ ਸਿਧਾਂਤ ਅਨੁਸਾਰ ਗਰੀਬਾਂ ਦਾ ਆਈ.ਕਿਊ. ਘੱਟ ਹੁੰਦਾ ਹੈ ਜਿਹੜਾ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰਦਾ ਜਾਂਦਾ ਹੈ, ਬੱਸ ਕਿਤੇ ਨਾ ਕਿਤੇ ਛੋਟ ਵਜੋਂ ਵੱਧ ਦਿਮਾਗ਼ ਵਾਲ਼ਾ ਵਿਅਕਤੀ ਪੈਦਾ ਹੋ ਜਾਂਦਾ ਹੈ। ਸਟੀਫ਼ਨ ਗਾਊਲਡ ਇਸ ਤਰਕ ਨੂੰ ਕੱਟਦੇ ਹਨ। ਫਰਜ਼ ਕਰੋ, ਕਿਸੇ ਗਰੀਬ ਪਿੰਡ ਦੇ ਬਸ਼ਿੰਦਿਆਂ ਦਾ ਕੱਦ ਮਾਪਿਆ ਜਾਂਦਾ ਹੈ ਤਾਂ ਇਹ ਸਾਹਮਣੇ ਆਵੇਗਾ ਕਿ ਔਸਤ ਕੱਦ ਚੰਗੀ ਖ਼ੁਰਾਕ ਮਿਲਣ ਵਾਲ਼ੀ ਅਬਾਦੀ ਨਾਲ਼ੋਂ ਘੱਟ ਹੋਵੇਗਾ, ਪਰ ਇਹ ਵੀ ਦੇਖਣ ਨੂੰ ਮਿਲ਼ੇਗਾ ਕਿ ਔਸਤਨ ਘੱਟ ਕੱਦ ਵਾਲ਼ੀ ਅਬਾਦੀ ਵਿੱਚ ਵੀ ਮੁਕਾਬਲਤਨ ਵੱਧ ਕੱਦ ਵਾਲ਼ੇ ਮਾਪਿਆਂ ਦੇ ਬੱਚਿਆਂ ਦਾ ਕੱਦ ਵੱਧ ਹੋਵੇਗਾ, ਜਿਸ ਤੋਂ ਇਹ ਸਿੱਧ ਹੁੰਦਾ ਪ੍ਰਤੀਤ ਹੁੰਦਾ ਹੈ ਕਿ ਕੱਦ ਇੱਕ ਪੂਰੀ ਤਰ੍ਹਾਂ ਅਨੁਵੰਸ਼ਕ ਗੁਣ ਹੈ। ਪਰ ਇਸਦਾ ਇਹ ਮਤਲਬ ਇਹ ਨਹੀਂ ਹੈ ਕਿ ਜੇ ਉਸ ਪਿੰਡ ਨੂੰ ਚੰਗੀ ਖ਼ੁਰਾਕ ਮਿਲਣ ਲੱਗੇ, ਤਾਂ ਇੱਕ-ਦੋ ਪੀੜ੍ਹੀਆਂ ਬਾਅਦ ਵੀ ਔਸਤ ਕੱਦ ਓਨਾ ਹੀ ਰਹੇਗਾ, ਕਦੇ ਵੀ ਨਹੀਂ। ਚੰਗੀ ਖ਼ੁਰਾਕ ਤੇ ਜੀਵਨ-ਪੱਧਰ ਉੱਚਾ ਹੋਣ ਨਾਲ਼ ਇੱਕ-ਦੋ ਪੀੜ੍ਹੀਆਂ ਬਾਅਦ ਹੀ ਔਸਤ ਕੱਦ ਵਧਣ ਲੱਗਦਾ ਹੈ। ਇਸ ਲਈ ਕੱਦ ਦੇ ਪੂਰੀ ਤਰ੍ਹਾਂ ਅਨੁਵੰਸ਼ਕ ਗੁਣ ਹੋਣ ਦਾ ਸਿਧਾਂਤ ਹਵਾ ਹੋ ਜਾਂਦਾ ਹੈ। ਬਿਲਕੁਲ ਇਹੀ ਤਰਕ ਮਨੁੱਖ ਦੀ ਬੌਧਿਕ ਸਮਰੱਥਾ ਉੱਤੇ ਵੀ ਲਾਗੂ ਹੁੰਦਾ ਹੈ। ਪ੍ਰੋਟੀਨ, ਵਿਟਾਮਿਨ ਤੇ ਖਣਿਜ ਦੀ ਘਾਟ ਦਾ ਮਨੁੱਖੀ ਦਿਮਾਗ਼ ਦੇ ਵਿਕਾਸ ਉੱਤੇ ਪੈਣ ਵਾਲ਼ੇ ਮਾੜੇ ਪ੍ਰਭਾਵਾਂ ਬਾਰੇ ਮੈਡੀਕਲ ਸਾਹਿਤ ਵਿੱਚ ਬਥੇਰੀ ਸਮੱਗਰੀ ਮਿਲ਼ ਜਾਂਦੀ ਹੈ ਪਰ ਫਿਰ ਵੀ ਆਈ.ਕਿਊ. ਜਿਹੇ ਲੰਗੜੇ ਸਿਧਾਂਤ ਧੜੱਲੇ ਨਾਲ਼ “ਵਿਕਦੇ” ਹਨ ਕਿਉਂਕਿ ਇਹਨਾਂ ਸਿਧਾਂਤਾਂ ਦੇ ਬਹਾਨੇ ਸਮਾਜ ਦੀਆਂ ਬਹੁਤ ਸਾਰੀਆਂ ਕਰੂਪਤਾਵਾਂ ਤੇ ਅਪਰਾਧ ਢਕੇ ਜਾਂਦੇ ਹਨ।

ਚੌਥੇ ਸਿੱਟੇ ਦੀ ਗੱਲ ਕਰੀਏ, ਜੇ ਆਈ.ਕਿਊ. ਅਨੁਵੰਸ਼ਕ ਹੈ ਅਤੇ ਮਨੁੱਖ ਦੀ ਸਾਰੀ ਉਮਰ ਵਿੱਚ ਅਬਦਲ ਰਹਿੰਦਾ ਹੈ ਤਾਂ ਫਿਰ ਵਿੱਦਿਅਕ ਤਕਨੀਕਾਂ ਵਿੱਚ ਸੁਧਾਰ ਜਾਂ ਹੋਰ ਢੰਗਾਂ ਰਾਹੀਂ ਮਨੁੱਖ ਦੀ ਬੌਧਿਕ ਸਮਰੱਥਾ ਵਿੱਚ ਵਾਧਾ ਕਰਨਾ ਸੰਭਵ ਹੀ ਨਹੀਂ ਹੈ ਜਦਕਿ ਇਹ ਬਿਲਕੁਲ ਹੀ ਬੇਸਿਰਪੈਰ ਗੱਲ ਹੈ। ਮਨੁੱਖ ਦੀ ਬੌਧਿਕ ਸਮਰੱਥਾ ਬਦਲਦੀ ਹੈ, ਉਹ ਘਟ ਸਕਦੀ ਹੈ ਜੇ ਮਨੁੱਖ ਦਿਮਾਗ਼ ਨੂੰ ਵਰਤੇ ਹੀ ਨਾ ਅਤੇ ਜੇ ਮਨੁੱਖ ਮਿਹਨਤ ਕਰਦਾ ਹੈ ਤਾਂ ਮਨੁੱਖ ਦੀ ਬੌਧਿਕ ਸਮਰੱਥਾ ਵਧਦੀ ਜਾਂਦੀ ਹੈ। ਇਹ ਇੱਕ ਆਮ ਸਵੈਸਿੱਧ ਗੱਲ ਹੈ, ਪਰ ਜਦੋਂ ਕਿਸੇ ਨੇ ਸੱਚਾਈ ਤੋਂ ਮੂੰਹ ਫੇਰਨ ਦੀ ਪੱਕੀ ਠਾਣ ਲਈ ਹੋਵੇ ਤਾਂ ਸਵੈਸਿੱਧ ਗੱਲਾਂ ਵੀ ਸ਼ੱਕੀ ਹੋ ਜਾਂਦੀਆਂ ਹਨ।

ਹੁਣ ਇੱਕ ਹੋਰ ਅਹਿਮ ਸਵਾਲ, ਕੀ ਮਨੁੱਖ ਦੀ ਬੌਧਿਕ ਸਮਰੱਥਾ ਨੂੰ ਬਿਲਕੁਲ ਹੀ ਮਾਪਿਆ ਨਹੀਂ ਜਾ ਸਕਦਾ, ਜਾਂ ਅਜਿਹਾ ਕਰਨਾ ਹੀ ਨਹੀਂ ਚਾਹੀਦਾ? ਜਿਵੇਂ ਕਿ ਅਸੀਂ ਸ਼ੁਰੂ ਵਿੱਚ ਦੇਖਿਆ ਸੀ ਕਿ ਬਿਨੇਟ-ਸਿਮੋਨ ਟੈਸਟ ਦੀ ਵਰਤੋਂ ਬੱਚਿਆਂ ਦੇ ਵਿਕਾਸ ਨੂੰ ਜਾਣਨ ਲਈ ਅਤੇ ਮੈਡੀਕਲ ਖੇਤਰ ਵਿੱਚ ਮਰੀਜ਼ਾਂ ਦੀ ਜਾਂਚ ਲਈ ਕੀਤੀ ਜਾਂਦੀ ਸੀ, ਹੁਣ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਬੌਧਿਕ ਸਮਰੱਥਾ ਨੂੰ ਮਾਪਣਾ ਜਾਂ ਪਰਖਣਾ ਆਪਣੇ-ਆਪ ਵਿੱਚ ਕੋਈ ਗਲਤ ਨਹੀਂ ਹੈ। ਪਰ ਇਹਨਾਂ ਟੈਸਟਾਂ ਵਿੱਚ ਇਹ ਮੰਨ ਚੱਲਿਆ ਜਾਂਦਾ ਹੈ ਕਿ ਮਨੁੱਖ ਦੀ ਬੌਧਿਕ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ ਜੇ ਉਸਨੂੰ ਸਹੀ ਮਾਹੌਲ ਦਿੱਤਾ ਜਾਵੇ ਅਤੇ ਉਹ ਕਾਰਕ ਦੂਰ ਕੀਤੇ ਜਾਣ ਜਿਹੜੇ ਕਿਸੇ ਖਾਸ ਵਿਅਕਤੀ ਨੂੰ ਆਪਣੀ ਸਮਰੱਥਾ ਨੂੰ ਵਿਕਸਤ ਕਰਨ ਤੋਂ ਰੋਕ ਰਹੇ ਹਨ। ਬਿਲਕੁਲ ਇਹਨਾਂ ਗੱਲਾਂ ਨੂੰ ਮੂਲ ਵਿੱਚ ਰੱਖ ਕੇ ਸੋਵੀਅਤ ਯੂਨੀਅਨ ਦੇ ਮਨੋਵਿਗਿਆਨੀਆਂ ਨੇ ਇਸ ਖੇਤਰ ਵਿੱਚ ਸ਼ਾਨਦਾਰ ਕੰਮ ਕੀਤੇ। ਉੱਘੇ ਸੋਵੀਅਤ ਮਨੋਵਿਗਿਆਨੀ ਅਲੈਗਜ਼ੈਂਡਰ ਲੂਰੀਆ ਦੇ ਸਿਧਾਂਤਾਂ ਤੇ ਖੋਜਾਂ ਦੇ ਅਧਾਰ ਉੱਤੇ ਕਈ ਅਜਿਹੇ ਟੈਸਟ ਈਜਾਦ ਕੀਤੇ ਗਏ ਜਿਹਨਾਂ ਰਾਹੀਂ ਬੱਚਿਆਂ ਦੇ ਬੌਧਿਕ ਵਿਕਾਸ ਦੀ ਦੇਖ-ਰੇਖ ਕੀਤੀ ਜਾ ਸਕਣੀ ਸੰਭਵ ਹੋਈ ਅਤੇ ਇਹ ਵੀ ਸੰਭਵ ਹੋਇਆ ਕਿ ਜੇ ਕੋਈ ਬੱਚਾ ਬੌਧਿਕ ਵਿਕਾਸ ਵਿੱਚ ਪਛੜ ਰਿਹਾ ਹੈ ਤਾਂ ਸਮੇਂ ਸਿਰ ਉਸਦੇ ਕਾਰਨਾਂ ਦੀ ਤਲਾਸ਼ ਕਰਕੇ ਉਹਨਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ। ਇਹਨਾਂ ਟੈਸਟਾਂ ਦੀ ਮਦਦ ਨਾਲ਼ ਵੱਖ-ਵੱਖ ਵਿਅਕਤੀਆਂ ਦੀਆਂ ਵੱਖ-ਵੱਖ ਯੋਗਤਾਵਾਂ ਨੂੰ ਪਛਾਣਨ ਅਤੇ ਉਹਨਾਂ ਯੋਗਤਾਵਾਂ ਉੱਤੇ ਵਿਸ਼ੇਸ਼ ਧਿਆਨ ਦੇਣਾ ਵੀ ਸੰਭਵ ਹੋ ਸਕਦਾ ਹੈ। ਪਰ ਇਹ ਸਾਰਾ ਕੁਝ ਸਰਮਾਏਦਾਰਾ ਢਾਂਚੇ ਅਧੀਨ ਨਹੀਂ ਹੋ ਸਕਦਾ ਕਿਉਂਕਿ ਇੱਥੇ ਬੌਧਿਕ ਸਮਰੱਥਾ ਨੂੰ ਪਰਖਣ ਦਾ ਮੰਤਵ ਮਨੁੱਖਾਂ ਦੀ ਮਦਦ ਕਰਨਾ ਨਹੀਂ, ਸਗੋਂ ਲੋਕਾਂ ਵਿੱਚੋਂ ਆਪਣੇ “ਕੰਮ” ਦੇ ਬੰਦੇ ਲੱਭਣਾ ਹੈ, ਬਿਲਕੁਲ ਜਿਵੇਂ ਸਾਡੇ ਅੱਜ ਦੇ “ਮੁਕਾਬਲੇ” ਦੇ ਇਮਤਿਹਾਨ ਹਨ ਜਿਹਨਾਂ ਦਾ ਮਕਸਦ ਲੋਕਾਂ ਨੂੰ ਸਿੱਖਿਅਤ ਕਰਨਾ ਨਹੀਂ ਸਗੋਂ ਢਾਂਚੇ ਵੱਲੋਂ ਆਪਣੇ ਲਈ ਭਰੋਸੇਯੋਗ ਨੌਕਰ ਛਾਂਟਣਾ ਹੁੰਦਾ ਹੈ। ਸਰਮਾਏਦਾਰਾ ਢਾਂਚੇ ਵਿੱਚ ਵਿਗਿਆਨ ਸਰਮਾਏਦਾਰਾਂ ਦੇ ਹਿੱਤਾਂ ਲਈ ਵਰਤਿਆ ਜਾਂਦਾ ਹੈ, ਜਿਸ ਲਈ ਵਿਗਿਆਨ ਦੀ ਆਤਮਾ ਮਾਰ ਦਿੱਤੀ ਜਾਂਦੀ ਹੈ ਅਤੇ ਵਿਗਿਆਨ ਨੂੰ ਵਿਗਿਆਨ ਹੀ ਨਹੀਂ ਰਹਿਣ ਦਿੱਤਾ ਜਾਂਦਾ। ਵਿਗਿਆਨ ਆਪਣੇ ਪੂਰੇ ਰੰਗ ਵਿੱਚ ਤਾਂ ਹੀ ਖਿੜੇਗਾ ਜੇ ਇਸਨੂੰ ਮੁਨਾਫ਼ੇ ‘ਤੇ ਅਧਾਰਤ ਢਾਂਚੇ ਦੀਆਂ ਬੇੜੀਆਂ ਤੋਂ ਮੁਕਤ ਕਰਵਾਇਆ ਜਾਵੇ, ਜੇ ਇਸ ਨੂੰ ਨਾਇਨਸਾਫੀ, ਲੁੱਟ-ਖਸੁੱਟ, ਗਰੀਬੀ, ਨਾ-ਬਰਾਬਰੀ ਜਿਹੇ ਮਨੁੱਖਤਾ ਵਿਰੋਧੀ ਵਰਤਾਰਿਆਂ ਨੂੰ “ਸਹੀ” ਠਹਿਰਾਉਣ ਦੇ ਬੋਝ ਤੋਂ ਅਜ਼ਾਦ ਕਰਵਾਇਆ ਜਾਵੇ।  

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements