ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ‘ਤੇ ਸੰਘੀ ਧਾਵਾ : ਭੂਤਰੇ ਫਾਸੀਵਾਦੀਆਂ ਦੇ ਦੇਸ਼ ਵਿਆਪੀ ਇੱਕਜੁੱਟ ਟਾਕਰੇ ਦੀ ਲੋੜ •ਸੰਪਾਦਕੀ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

17 ਜਨਵਰੀ ਨੂੰ ਹੈਦਰਾਬਾਦ ਯੂਨੀਵਰਸਿਟੀ ਵਿੱਚ ਇੱਕ ਦਲਿਤ ਸਕਾਲਰ ਤੇ ਅੰਬੇਡਕਰ ਸਟੂਡੈਂਟਸ ਐਸੋਸ਼ੀਏਸਨ ਦੇ ਕਾਰਕੁੰਨ ਰੋਹਿਤ ਵੇਮੁਲਾ ਨੇ ਖੁਦਕੁਸ਼ੀ ਕਰ ਲਈ ਸੀ। ਇਸ ਖੁਦਕੁਸ਼ੀ ਲਈ ਹਿੰਦੂ ਕੱਟੜਪੰਥੀਆਂ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੇ ਉਹਨਾਂ ਦੀ ਪਿੱਠ ‘ਤੇ ਖੜੀ ਭਾਜਪਾ ਤੇ ਰਾਸ਼ਟਰੀ ਸਵੈਸੇਵਕ ਸੰਘ ਤੇ ਉਹਨਾਂ ਦੇ ਇਸ਼ਾਰਿਆਂ ‘ਤੇ ਚੱਲਣ ਵਾਲੀ ਯੂਨੀਵਰਸਿਟੀ ਅਥਾਰਿਟੀ ਜ਼ਿੰਮੇਵਾਰ ਸੀ। ਭਾਜਪਾ ਦੇ ਕਿਰਤ ਮੰਤਰੀ ਬੰਦਾਰੂ ਦੱਤਾਤਰੇ ਤੇ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦੇ ਹੁਕਮਾਂ ‘ਤੇ ਅਮਲ ਕਰਦਿਆਂ ਭਾਜਪਾ ਵੱਲੋਂ ਨਿਯੁਕਤ ਕੀਤੇ ਗਏ ਉੱਪ-ਕੁਲਪਤੀ ਅੱਪਾ ਰਾਓ ਵੱਲੋਂ ਰੋਹਿਤ ਤੇ ਉਸਦੇ ਸਾਥੀਆਂ ਨਾਲ ਕੀਤੀਆਂ ਵਧੀਕੀਆਂ ਕਾਰਨ ਹੀ ਰੋਹਿਤ ਵੇਮੁਲਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਸੀ। ਇਸ ਮਾਮਲੇ ਦੇ ਤੂਲ ਫੜ ਜਾਣ ‘ਤੇ ਦੇਸ਼ ਦੇ ਵੱਡੇ ਹਿੱਸੇ ਵਿੱਚ ਰੋਹਿਤ ਨੂੰ ਇਨਸਾਫ਼ ਦਿਵਾਉਣ ਲਈ ਮੁਜਾਹਰੇ ਹੋਏ। ਇਸ ਦੌਰਾਨ ਦੋਸ਼ੀ ਵਾਈਸ ਚਾਂਸਲਰ ਦੋ ਮਹੀਨੇ ਦੀ ਛੁੱਟੀ ਲੈ ਕੇ ਫਰਾਰ ਹੋ ਗਿਆ ਜਦਕਿ ਰੋਹਿਤ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰਿਹਾ। ਰੋਹਿਤ ਲਈ ਇਨਸਾਫ਼ ਦੀ ਮੰਗ ਕਰਦੇ ਹੈਦਰਾਬਾਦ ਯੂਨੀਵਰਸਿਟੀ ਦੇ ਇਹਨਾਂ ਵਿਦਿਆਰਥੀਆਂ ‘ਤੇ ਇੱਕ ਵਾਰ ਫਿਰ ਸੱਤ੍ਹਾ ਨੇ ਬਰਬਰ ਜਬਰ ਦਾ ਕਹਿਰ ਢਾਹਿਆ ਹੈ।

ਜਦੋਂ 22 ਮਾਰਚ (ਮੰਗਲਵਾਰ) ਨੂੰ ਵਾਈਸ ਚਾਂਸਲਰ ਅੱਪਾ ਰਾਓ ਬਿਨਾਂ ਸੂਚਨਾ ਦੇ ਮੁੜ ਯੂਨੀਵਰਸਿਟੀ ਪਹੁੰਚਿਆ ਤਾਂ ਵਿਦਿਆਰਥੀਆਂ ਨੇ ਉਸ ਖਿਲਾਫ਼ ਇੱਕ ਸ਼ਾਂਤਮਈ ਮੁਜਾਹਰਾ ਕੀਤਾ। ਇਸ ਦੌਰਾਨ ਹੀ ਜਿਨ੍ਹਾਂ ਏਬੀਵੀਪੀ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੇ ਭਾਜਪਾ ਵੱਲੋਂ ਹਮਾਇਤ ਮਿਲਦੀ ਰਹੀ ਹੈ ਉਹਨਾਂ ਦੇ 30-35 ਵਿਦਿਆਰਥੀਆਂ ਨੇ ਆ ਕੇ ਉੱਪ-ਕੁਲਪਤੀ ਦੀ ਰਿਹਾਇਸ਼ ਨੂੰ ਘੇਰਾ ਪਾ ਲਿਆ ਤੇ ਉਸਦੀ “ਰਾਖੀ” ਕਰਨ ਲੱਗੇ। ਇਸ ਦੌਰਾਨ ਯੂਨੀਵਰਸਿਟੀ ਵਿੱਚ ਇੱਕ ਸਾਜਿਸ਼ ਤਹਿਤ ਪੁਲਿਸ ਬੁਲਾਈ ਗਈ ਤੇ ਏਬੀਵੀਪੀ ਦੇ ਕਾਰਕੁੰਨਾਂ ਨੇ ਉੱਪ-ਕੁਲਪਤੀ ਦੇ ਘਰ ਵਿੱਚ ਕੁੱਝ ਭੰਨਤੋੜ ਕੀਤੀ ਤੇ ਇਸਦਾ ਇਲਜ਼ਾਮ ਉੱਪ-ਕੁਲਪਤੀ ਨੂੰ ਹਟਾਏ ਜਾਣ ਦੀ ਮੰਗ ਕਰ ਰਹੇ ਵਿਦਿਆਰਥੀਆਂ ‘ਤੇ ਲਾ ਦਿੱਤਾ ਗਿਆ। ਇਸ ਮਗਰੋਂ ਸ਼ਾਂਤਮਈ ਧਰਨੇ ‘ਤੇ ਬੈਠੇ ਵਿਦਿਆਰਥੀਆਂ ਉੱਪਰ ਪੁਲਿਸ ਵੱਲੋਂ ਬਰਬਰ ਜਬਰ ਕੀਤਾ ਗਿਆ। ਕੁੜੀਆਂ ਸਮੇਤ ਅਨੇਕਾਂ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਘੜੀਸਿਆ ਗਿਆ, ਉਹਨਾਂ ਉੱਪਰ ਲਾਠੀਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਉੱਥੋਂ ਹਟਣ ਲਈ ਮਜਬੂਰ ਕੀਤਾ। ਇਸਦੇ ਨਾਲ ਹੀ ਅਨੇਕਾਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ ਤੇ ਉਹਨਾਂ ਉੱਪਰ ਝੂਠੇ ਮੁਕੱਦਮੇ ਪਾ ਦਿੱਤੇ ਗਏ। ਭਾਜਪਾ ਦੀ ਸਰਕਾਰ ਵਾਂਗ ਪੁਲਿਸ ਨੇ ਵੀ ਸਭ ਕੁੱਝ ਜਾਣਦੇ ਹੋਣ ਦੇ ਬਾਵਜੂਦ ਏਬੀਵੀਪੀ ਦੇ ਕਾਰਕੁੰਨਾਂ ਨੂੰ ਕੁੱਝ ਨਹੀਂ ਕਿਹਾ ਤੇ ਇੱਕ ਵਾਰ ਫੇਰ ਬੇਦੋਸ਼ੇ ਵਿਦਿਆਰਥੀਆਂ ਨੂੰ ਟੰਗ ਦਿੱਤਾ ਗਿਆ।

ਹਾਕਮਾਂ ਦਾ ਇਹ ਜਬਰ ਕਹਿਰ ਇੱਥੇ ਹੀ ਨਹੀਂ ਰੁਕਿਆ ਸਗੋਂ ਇਸਤੋਂ ਬਾਅਦ 26 ਮਾਰਚ ਤੱਕ ਯੂਨੀਵਰਸਿਟੀ ਬੰਦ ਕਰ ਦਿੱਤੀ ਅਤੇ ਸ਼ਾਮ ਨੂੰ ਵਿਦਿਆਰਥੀਆਂ ਦੀ ਮੈੱਸ ਬੰਦ ਕਰਕੇ ਭੋਜਨ, ਪਾਣੀ ਆਦਿ ਬੰਦ ਕਰ ਦਿੱਤਾ ਗਈ ਤੇ ਇੰਟਰਨੈੱਟ ਜਿਹੀਆਂ ਸਹੂਲਤਾਂ ਨੂੰ ਵੀ ਬੰਦ ਕਰਕੇ ਯੂਨੀਵਰਸਿਟੀ ਹੋਸਟਲਾਂ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਵੀ ਖਿੰਡਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ 23 ਮਾਰਚ ਦੀ ਰਾਤ ਨੂੰ ਮੈੱਸ ਬੰਦ ਹੋਣ ਕਾਰਨ ਭੁੱਖੇ ਵਿਦਿਆਰਥੀਆਂ ਨੇ ਮੈੱਸ ਵਿੱਚ ਖੁਦ ਖਾਣਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਇਸਨੂੰ ਗੈਰ-ਕਨੂੰਨੀ ਕਾਰਵਾਈ ਆਖ ਕੇ ਉਹਨਾਂ ਉੱਪਰ ਫੇਰ ਹਮਲਾ ਕੀਤਾ ਗਿਆ ਜਿਸ ਵਿੱਚ ਕਈ ਵਿਦਿਆਰਥੀ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸਦੇ ਨਾਲ ਹੀ ਕਈ ਵਿਦਿਆਰਥੀਆਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਵਿਦਿਆਰਥੀਆਂ ਵਿੱਚ ਕਈ ਹਾਲੇ ਵੀ ਨਿਆਂਇਕ ਹਿਰਾਸਤ ਵਿੱਚ ਹਨ ਜਿਨ੍ਹਾਂ ਦੀ ਜ਼ਮਾਨਤ ਉੱਪਰ 28 ਮਾਰਚ ਨੂੰ ਸੁਣਵਾਈ ਹੋਣੀ ਹੈ। ਇਸ ਤਰ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਹਕੂਮਤੀ ਜਬਰ ਢਾਹਿਆ ਗਿਆ ਸਗੋਂ ਉਹਨਾਂ ਉੱਪਰ ਇੱਕ ਅਣ-ਐਲਾਨੀ ਐਮਰਜੈਂਸੀ ਵੀ ਥੋਪ ਦਿੱਤੀ ਗਈ। ਚੋਣਾਂ ਤੋਂ ਪਹਿਲਾਂ “56 ਇੰਚ” ਦੀ ਛਾਤੀ ਫੁਲਾ ਕੇ ਗਰਜਵੇ ਭਾਸ਼ਣ ਦੇਣ ਵਾਲਾ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫੇਰ ਚੁੱਪ ਵੱਟੀ ਬੈਠਾ ਹੈ।

ਪਿਛਲੇ ਕੁੱਝ ਸਮੇਂ ਤੋਂ ਦੇਸ਼ ਵਿੱਚ ਜਬਰ, ਹਿੰਦੂਤਵੀ ਫਾਸੀਵਾਦ ਤੇ ਬ੍ਰਾਹਮਣਵਾਦ ਖਿਲਾਫ਼ ਬੋਲਣ ਵਾਲ਼ੀਆਂ ਸਭ ਤਾਕਤਾਂ ਨੂੰ ਸੱਤ੍ਹਾ ਵੱਲੋਂ ਜਬਰ ਨਾਲ ਕੁਚਲਿਆ ਜਾ ਰਿਹਾ ਹੈ। ਇਸੇ ਤਹਿਤ ਵਿਦਿਆਰਥੀਆਂ-ਨੌਜਵਾਨਾਂ ਉੱਪਰ ਵੀ ਵੱਡਾ ਹੱਲਾ ਬੋਲਿਆ ਜਾ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਹੀ ਵਿਦਿਆਰਥੀਆਂ-ਨੌਜਵਾਨਾਂ ਉੱਪਰ ਜਬਰ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ ਜੋ ਲਗਾਤਾਰ ਵਧਦੀਆਂ ਤੇ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ। ਫਿਲਮ ਐਂਡ ਟੈਲੀਵਿਜਨ ਇੰਸੀਚਿਊਟ ਆਫ ਇੰਡੀਆ, ਯੂਜੀਸੀ ਸਕਾਲਰਸ਼ਿਪ, ਸ਼ਿਮਲਾ ਯੂਨੀਵਰਸਿਟੀ ਵਿੱਚ ਪੁਲਿਸ ਦਾ ਜਬਰ, ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਘਟਨਾਕ੍ਰਮ ਆਦਿ ਇਸਦੀਆਂ ਅਨੇਕਾਂ ਮਿਸਾਲਾਂ ਹਨ। ਮੁੰਬਈ ਵਿੱਚ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਪਰਚੇ ਵੰਡਣ ‘ਤੇ ਨੌਜਵਾਨ ਭਾਰਤ ਸਭਾ ਦੇ ਦਫਤਰ ‘ਚ ਪੁਲਿਸ ਆ ਧਮਕਦੀ ਹੈ। ਇੱਥੋਂ ਤੱਕ ਕਿ ਇੱਕ ਪਰਚੇ ਤੋਂ ਖੌਫ਼ ਖਾ ਕੇ ਐਂਟੀ ਟੈਰਰਿਸਟ ਸਕੁਐਡ ਆ ਪਹੁੰਚਦੀ ਹੈ ਤੇ ਉੱਪਰੋਂ ਹੁਕਮ ਮਿਲੇ ਦੱਸ ਕੇ ਪਰਚਾ ਵੰਡਣ ਤੋਂ ਵੀ ਵਰਜਦੀ ਹੈ।

ਮੌਜੂਦਾ ਫਾਸੀਵਾਦੀ ਹਕੂਮਤ ਸਰਮਾਏਦਾਰਾ ਢਾਂਚੇ ਦੀ ਸੇਵਾ ਲਈ ਸਿੱਖਿਆ ਵਿੱਚ ਨਿੱਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਨੂੰ ਹੋਰ ਜੋਰ-ਸ਼ੋਰ ਨਾਲ ਲਾਗੂ ਕਰ ਰਹੀ ਹੈ। ਸਰਕਾਰ ਸਿੱਖਿਆ ਵਿੱਚ ਕੀਤੇ ਜਾ ਰਹੇ ਖਰਚ ਨੂੰ ਲਗਾਤਾਰ ਘਟਾ ਰਹੀ ਹੈ, ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲ਼ੀਆਂ ਸਕਾਲਰਸ਼ਿੱਪਾਂ ਤੇ ਯੂਨੀਵਰਸਿਟੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਆਰਥਿਕ ਮਦਦ ਲਗਾਤਾਰ ਘਟਾਈ ਜਾ ਰਹੀ ਹੈ। ਇਸਦੇ ਨਾਲ਼ ਹੀ ਹਿੰਦੂਤਵੀ ਫਾਸੀਵਾਦੀਆਂ ਦਾ ਸਿੱਖਿਆ ਨੂੰ ਭਗਵੀਂ ਰੰਗਤ ਦੇਣ ਦਾ ਆਪਣਾ ਏਜੰਡਾ ਵੀ ਹੈ। ਆਪਣੇ ਇਹਨਾਂ ਮਨਸ਼ਿਆਂ ਨੂੰ ਲਾਗੂ ਕਰਨ ਲਈ ਵਿਦਿਆਰਥੀਆਂ ਦੀ ਹਰ ਅਵਾਜ਼ ਨੂੰ ਜਬਰ ਰਾਹੀਂ ਕੁਚਲਿਆ ਜਾ ਰਿਹਾ ਹੈ। ਉਹਨਾਂ ਨੂੰ ਆਪਣੇ ਹੱਕਾਂ ਲਈ ਬੋਲਣ ਦੀ ਥਾਂ ਚੁੱਪ-ਚਾਪ ਸਭ ਕੁੱਝ ਸਹਿੰਦੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਉੱਪਰ ਆਪਣੀਆਂ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤੇ ਭਗਵੇਂਕਰਨ ਦੀਆਂ ਨੀਤੀਆਂ ਥੋਪੀਆਂ ਜਾ ਰਹੀਆਂ ਹਨ।

ਇਹਦੇ ਨਾਲ਼ ਹੀ ਵਿਦਿਆਰਥੀਆਂ-ਨੌਜਵਾਨਾਂ ਦੀ ਇੱਕਜੁੱਟਤਾ, ਸਿਆਸੀ ਚੇਤਨਤਾ ਵੀ ਇਹਨਾਂ ਫਾਸੀਵਾਦੀ ਹਾਕਮਾਂ ਲਈ ਵੱਡਾ ਖਤਰਾ ਹੈ। ਵਿਦਿਆਰਥੀ-ਨੌਜਵਾਨ ਸਮਾਜ ਦਾ ਉਹ ਤਬਕਾ ਹਨ ਜੋ ਆਪਣੇ ਤਬਕੇ ਦੇ ਹਿੱਤਾਂ ਤੋਂ ਅੱਗੇ ਵਧਕੇ ਸਮੁੱਚੇ ਸਮਾਜ ਦੇ ਮੁੱਦਿਆਂ ‘ਤੇ ਵੀ ਬੋਲਣ, ਲੜਨ ਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾ ਰੱਖਦੇ ਹਨ। ਦੇਸ਼ ਵਿੱਚ ਲਗਾਤਾਰ ਤੇਜ ਹੋ ਰਹੇ ਨਵਉਦਾਰਵਾਦੀ ਤੇ ਭਗਵੇਂਕਰਨ ਦੇ ਹਮਲੇ ਖਿਲਾਫ਼ ਬੋਲਣ ਵਿੱਚ ਵਿਦਿਆਰਥੀਆਂ-ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸਿੱਖਿਆ ਵਿੱਚ ਆਪਣੀਆਂ ਨੀਤੀਆਂ ਲਾਗੂ ਕਰਨ ਦੀ ਲੋੜ ਤੋਂ ਬਾਅਦ ਵਿਦਿਆਰਥੀਆਂ-ਨੌਜਵਾਨਾਂ ਦੀਆਂ ਸਮਾਜਿਕ ਲਹਿਰਾਂ ਵਿੱਚ ਭੂਮਿਕਾ ਦੂਜਾ ਕਾਰਨ ਬਣਦੀ ਹੈ ਜਿਸ ਕਾਰਨ ਫਾਸੀਵਾਦੀ ਹਕੂਮਤ ਇਹਨਾਂ ਤੋਂ ਖੌਫ਼ ਖਾਂਦੀ ਹੈ ਤੇ ਇਹਨਾਂ ਦੀ ਤਾਕਤ ਵਧਣ ਤੋਂ ਪਹਿਲਾਂ ਹੀ ਇਹਨਾਂ ਦੀ ਸੰਘੀ ਨੱਪਣਾ ਚਾਹੁੰਦੀ ਹੈ।

ਭਾਰਤ ਦੇ ਫਾਸੀਵਾਦੀ ਹਾਕਮਾਂ ਦੇ ਇਸ ਜਬਰ ਵਿੱਚ ਉਹਨਾਂ ਦਾ ਖੌਫ਼ ਵੀ ਸਾਫ਼ ਨਜ਼ਰ ਆਉਂਦਾ ਹੈ। ਵਿਦਿਆਰਥੀਆਂ-ਨੌਜਵਾਨਾਂ ਉੱਪਰ ਉਹਨਾਂ ਦੇ ਹੱਲੇ ਨਾਲ ਵਿਦਿਆਰਥੀਆਂ-ਨੌਜਵਾਨਾਂ ਦੀ ਤਾਕਤ ਕਮਜ਼ੋਰ ਹੋਣ ਦੀ ਥਾਂ ਵਧਦੀ ਜਾ ਰਹੀ ਹੈ। ਰੋਹਿਤ ਦੀ ਖੁਦਕੁਸ਼ੀ ‘ਤੇ ਅਨੇਕਾਂ ਵਿੱਦਿਅਕ ਸੰਸਥਾਵਾਂ ਵਿੱਚ ਰੋਹਿਤ ਲਈ ਇਨਸਾਫ਼ ਦੇ ਨਾਹਰੇ ਲੱਗੇ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਦੇਸ਼ਧ੍ਰੋਹ ਦੀ ਸਾਜਿਸ਼ ਰਚ ਕੇ ਵਿਦਿਆਰਥੀਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵਿੱਚ ਥਾਂ-ਥਾਂ “ਦੇਸ਼ਧ੍ਰੋਹ” ਦੀਆਂ ਹੋਰ ਅਵਾਜ਼ਾਂ ਉੱਠਣ ਲੱਗ ਪਈਆਂ ਹਨ। ਹੈਦਰਾਬਾਦ ਯੂਨੀਵਰਸਿਟੀ ਉੱਪਰ ਹੋਏ ਇਸ ਹਮਲੇ ਉੱਪਰ ਵੀ ਅਨੇਕਾਂ ਵਿੱਦਿਅਕ ਸੰਸਥਾਵਾਂ ਵਿੱਚ ਅਨੇਕਾਂ ਵਿਦਿਆਰਥੀ ਜਥੇਬੰਦੀਆਂ ਨੇ ਫਾਸੀਵਾਦੀ ਹਕੂਮਤ ਦੇ ਇਸ ਸ਼ਰਮਨਾਕ ਜਬਰ ਦੀ ਨਿਖੇਧੀ ਕੀਤੀ ਤੇ ਇਸ ਖਿਲਾਫ਼ ਮੁਜਾਹਰੇ ਕੀਤੇ। ਅਜਿਹੀਆਂ ਘਟਨਾਵਾਂ ਖਿਲਾਫ਼ ਵਿਦਿਆਰਥੀਆਂ-ਨੌਜਵਾਨਾਂ ਦਾ ਬੋਲਣਾ ਇੱਕ ਸਵਾਗਤਯੋਗ ਵਰਤਾਰਾ ਹੈ। ਪਰ ਨਾਲ ਹੀ ਵਿਦਿਆਰਥੀਆਂ-ਨੌਜਵਾਨਾਂ ਦੇ ਇਸ ਵਿਰੋਧ ਨੂੰ ਹੋਰ ਵਧੇਰੇ ਯੋਜਨਾਬੰਦੀ, ਮਜਬੂਤੀ ਤੇ ਗੰਭੀਰਤਾ ਨਾਲ ਜਥੇਬੰਦ ਕਰਨ ਦੀ ਲੋੜ ਹੈ। ਦੇਸ਼ ਪੱਧਰ ‘ਤੇ ਇਨਕਲਾਬੀ-ਜਮਹੂਰੀ ਤਾਕਤਾਂ ਦਾ ਫਾਸੀਵਾਦ ਵਿਰੋਧੀ ਸਾਂਝਾ ਮੋਰਚਾ ਉਸਾਰਿਆ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਸਥਾਨਕ ਪੱਥਰ ‘ਤੇ ਕੈਂਪਸਾਂ ਵਿੱਚ ਵੀ ਫਾਸੀਵਾਦ ਵਿਰੋਧੀ ਮੋਰਚੇ ਬਣਾ ਕੇ ਦੇਸ਼ ਵਿੱਚ ਵਧ ਰਹੇ ਇਸ ਫਾਸੀਵਾਦੀ ਹੱਲੇ ਖਿਲਾਫ਼ ਡਟਣਾ ਚਾਹੀਦਾ ਹੈ। ਫਾਸੀਵਾਦ ਦਾ ਇਹ ਟਾਕਰਾ ਸਿਰਫ਼ ਕੋਈ ਨਵੀਂ ਘਟਨਾ ਵਾਪਰਨ ਤੋਂ ਬਾਅਦ ਉਸ ਖਿਲਾਫ਼ ਸੰਕੇਤਕ ਮੁਜਾਹਰੇ ਕਰਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਵਿਦਿਆਰਥੀਆਂ ਨੂੰ ਵੱਖ-ਵੱਖ ਢੰਗਾਂ ਨਾਲ ਫਾਸੀਵਾਦ ਦੇ ਸਮੁੱਚੇ ਵਰਤਾਰੇ ਖਿਲਾਫ਼ ਲਾਮਬੰਦ ਕਰਨਾ ਚਾਹੀਦਾ ਹੈ, ਉਹਨਾਂ ਨੂੰ ਮੌਜੂਦਾ ਫਾਸੀਵਾਦ ਦੇ ਕਾਰਨਾਂ, ਇਸਦੇ ਕੰਮ-ਢੰਗਾਂ, ਇਸਦੇ ਉਦੇਸ਼ਾਂ ਅਤੇ ਇਸ ਨਾਲ ਸਿੱਝਣ ਦੇ ਤਰੀਕਿਆਂ ਪ੍ਰਤੀ ਸਿੱਖਿਅਤ ਕਰਨਾ ਚਾਹੀਦਾ ਤੇ ਉਹਨਾਂ ਨੂੰ ਉਹਨਾਂ ਦੇ ਬੁਨਿਆਦੀ ਮਸਲਿਆਂ ‘ਤੇ ਲਾਮਬੰਦ ਕਰਨਾ ਚਾਹੀਦਾ ਹੈ। ਲਗਾਤਾਰ ਪ੍ਰਚਾਰ ਦੇ ਨਾਲ਼-ਨਾਲ਼ ਜਥੇਬੰਦਕ ਮੁਜਾਹਰਿਆਂ ਨੂੰ ਵੀ ਸੰਕੇਤਕ ਮੁਜਾਹਰਿਆਂ ਤੋਂ ਅੱਗੇ ਵਧ ਕੇ ਹੋਰ ਉੱਨਤ ਰੂਪਾਂ ਵਿੱਚ ਲੜਾਈ ਲੜਨੀ ਚਾਹੀਦੀ ਹੈ। ਵਿਦਿਆਰਥੀਆਂ-ਨੌਜਵਾਨਾਂ ਨੂੰ ਸਗੋਂ ਇਹ ਲੜਾਈ ਕੈਂਪਸਾਂ ਵਿੱਚੋਂ ਬਾਹਰ ਕੱਢ ਕੇ ਆਮ ਲੋਕਾਂ ਤੱਕ ਵੀ ਲਿਜਾਣੀ ਚਾਹੀਦੀ ਹੈ। ਅੱਜ ਦੇ ਸਮੇਂ ਮੌਜੂਦਾ ਫਾਸੀਵਾਦੀ ਚੁਣੌਤੀ ਦਾ ਟਾਕਰਾ ਕਰਨ ਲਈ ਇਹ ਵਿਦਿਆਰਥੀ-ਨੌਜਵਾਨ ਲਹਿਰ ਸਿਰ ਆਈਆਂ ਕੁੱਝ ਅਹਿਮ ਜਿੰਮੇਵਾਰੀਆਂ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

Advertisements