ਪੋਰਨੋਗ੍ਰਾਫੀ ਇੱਕ ਸਰਮਾਏਦਾਰਾ ਕੋਹੜ •ਅਜੇਪਾਲ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

I freely choose to sell my body for money, for fame.
I freely choose to work as a sex machine, a walking candy store.
I freely choose to diminish my self with each look, with each touch.
I freely choose to reduce myself to parts for others’ pleasure.
Only they can value the flesh i abhor, the flesh that betrayed me, the flesh that defines me.
“The connection between my body and my soul is long gone with sex I did not choose.
So now, i am free to choose

ਮੈਂ ਅਜ਼ਾਦੀ ਨਾਲ਼ ਚੁਣਿਆ, ਆਪਣਾ ਜਿਸਮ ਪੈਸੇ ਖਾਤਰ, ਸ਼ੁਹਰਤ ਖਾਤਰ, ਵੇਚਣਾ।
ਮੈਂ ਅਜ਼ਾਦੀ ਨਾਲ਼ ਚੁਣਿਆ, ਕੰਮ ਕਰਨਾ ਸੈਕਸ ਮਸ਼ੀਨ ਵਾਂਗ, ਤੁਰਦੀ-ਫਿਰਦੀ ਟੌਫ਼ੀਆਂ ਦੀ ਦੁਕਾਨ ਵਾਂਗ।
ਮੈਂ ਅਜ਼ਾਦੀ ਨਾਲ਼ ਚੁਣਿਆ, ਹਰ ਨਜ਼ਰ, ਹਰ ਛੋਹ ਨਾਲ਼, ਖੁਦ ਨੂੰ ਖਤਮ ਕਰਨਾ।
ਮੈਂ ਅਜ਼ਾਦੀ ਨਾਲ਼ ਚੁਣਿਆ, ਦੂਜਿਆਂ ਦੀ ਖੁਸ਼ੀ ਲਈ ਖ਼ੁਦ ਨੂੰ ਹਿੱਸਿਆਂ ‘ਚ ਘਟਾਉਣਾ
ਉਹ ਸਿਰਫ ਮਾਸ ਦਾ ਮੁੱਲ ਪਾ ਸਕਦੇ ਹਨ, ਮਾਸ, ਜਿਸਨੂੰ ਮੈਂ ਘ੍ਰਿਣਾ ਕਰਦੀ ਹਾਂ—ਮਾਸ ਜਿਸ ਨੇ ਮੈਨੂੰ ਧੋਖਾ ਦਿੱਤਾ—ਮਾਸ ਜੋ ਮੈਨੂੰ ਪ੍ਰਭਾਸ਼ਤ ਕਰਦਾ ਹੈ।
ਰਿਸ਼ਤਾ ਮੇਰੀ ਰੂਹ ਅਤੇ ਜਿਸਮ ਵਿਚਲਾ, ਖਤਮ ਹੋ ਚੁੱਕਾ ਹੈ ਬਹੁਤ ਪਹਿਲਾਂ ਉਸ ਸੈਕਸ ਨਾਲ਼ ਜੋ ਮੈਂ ਨਹੀਂ ਚੁਣਿਆ।
ਸੋ ਹੁਣ, ਮੈਂ ਅਜ਼ਾਦ ਹਾਂ ਚੁਣਨ ਲਈ।

ਪੋਰਨ ਫਿਲਮਾਂ ਦੇ ਦ੍ਰਿਸ਼ ਫਿਲਮਾਉਣ ਵਿੱਚੋਂ ਮਿਲ਼ੀ ਵਿਹਲ ਦੌਰਾਨ, ਡੂੰਘੇ ਅਵਸਾਦ ਜਾਂ ਨਸ਼ੇ ਦੀ ਹਾਲਤ ਵਿੱਚ ਸਾਬਕਾ ਪੋਰਨ ਸਟਾਰ ਟੇਲਰ ਲੀ ਇੱਕ ਨਿੱਜੀ ਡਾਇਰੀ ਲਿਖਣ ਦੀ ਆਦਤ ਰੱਖਦੀ ਸੀ। ਉਪਰੋਕਤ ਕਵਿਤਾ ਉਸੇ ਡਾਇਰੀ ਵਿੱਚੋਂ ਲਈ ਗਈ ਹੈ। ਹਥਲੇ ਵਿਸ਼ੇ ‘ਤੇ ਭਾਰਤ ਵਿੱਚ ਬਹੁਤ ਘੱਟ-ਵੱਧ ਹੀ ਲਿਖਿਆ ਗਿਆ ਹੈ। ਪਾਠਕਾਂ ਨੂੰ ਲਿਖਤ ਦੀ ਭਾਸ਼ਾ ਅਸੱਭਿਅਕ ਜਾਂ ਭੱਦੀ ਲੱਗ ਸਕਦੀ ਹੈ, ਪਰ ਇਸ ਬਾਰੇ ਇੰਨਾ ਹੀ ਕਹਾਂਗੇ ਕਿ ਇਹ ਲਿਖਤ ਪੋਰਨ ਦੇ ਵਿਰੋਧ ਵਿੱਚ ਹੈ, ਨਾ ਕਿ ਹੱਕ ਵਿੱਚ ਅਤੇ ਅਜਿਹੀ ਭਾਸ਼ਾ ਤੋਂ ਬਿਨਾਂ ਇਸ ਵਿਸ਼ੇ ਨਾਲ਼ ਨਿੱਬੜਿਆ ਵੀ ਨਹੀਂ ਜਾ ਸਕਦਾ। ਅੱਜ ਪੋਰਨੋਗਰਾਫੀ ਸਾਡੇ ਸਮਾਜ ਦਾ ਸੱਚ ਬਣੀ ਹੋਈ ਹੈ। ਸਮਾਰਟ ਫੋਨਾਂ ਵਾਲ਼ੀ ਹੁਣੇ ਹੀ ਜਵਾਨ ਹੋਈ ਪੀੜ੍ਹੀ ‘ਚੋਂ ਅੱਜ ਸ਼ਾਇਦ ਹੀ ਕੋਈ ਨੌਜਵਾਨ ਹੋਵੇਗਾ ਜਿਸਨੇ ਕਦੀ ਕਿਸੇ ਨਾ ਕਿਸੇ ਰੂਪ ਵਿੱਚ ਜਾਣੇ ਜਾਂ ਅਣਜਾਣੇ ਵਿੱਚ ਪੋਰਨ ਨਾ ਵੇਖਿਆ ਹੋਵੇ। ਪੋਰਨ ਉੱਤੇ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਓ ਜ਼ਰਾ ਅੰਕੜਿਆਂ ਵਿੱਚ ਜਾਈਏ ਅਤੇ ਵੇਖੀਏ ਕਿ ਪੋਰਨ ਸਾਡੇ ਸਮਾਜ ਵਿੱਚ ਕਿੱਥੋਂ ਤੱਕ ਖੁੱਭਿਆ ਹੋਇਆ ਹੈ। ਅਮਰੀਕਾ ਵਿੱਚ ਪੋਰਨੋਗਰਾਫ਼ੀ ਤੋਂ ਇਕੱਠਾ ਹੁੰਦਾ ਕੁੱਲ ਮਾਲੀਆ 13 ਬਿਲੀਅਨ ਡਾਲਰ ਹੈ ਅਤੇ ਬਾਕਸ ਆਫਿਸ ਤੋਂ 9 ਬਿਲੀਅਨ ਡਾਲਰ, ਜਦ ਕਿ ਪੂਰੀ ਦਨੀਆ ਤੋਂ ਇਕੱਠਾ ਹੁੰਦਾ ਕੁੱਲ ਮਾਲੀਆ 96 ਬਿਲੀਅਨ ਡਾਲਰ ਹੈ ਅਤੇ ਬਾਕਸ ਆਫਿਸ ਤੋਂ 23 ਬਿਲਿਅਨ ਡਾਲਰ। ਉਪਰੋਕਤ ਅੰਕੜੇ 2006 ਦੇ ਹਨ। ਕਦੇ 1970 ਵਿੱਚ ਅਮਰੀਕਾ ਵਿੱਚ ਇਹੀ ਮਾਲੀਆ 10 ਮਿਲੀਅਨ ਡਾਲਰ ਸੀ। 1988 ਵਿੱਚ ਸਲਾਨਾ 1500 ਦੇ ਕਰੀਬ ਹਾਰਡਕੋਰ ਪੋਰਨ ਫਿਲਮਾਂ ਬਣਦੀਆਂ ਸਨ ਜੋ 2005 ਵਿੱਚ ਵਧ ਕੇ 13,588 ਹੋ ਗਈਆਂ ਅਤੇ ਅੱਜ 2005 ਤੋਂ ਗਿਆਰਾਂ ਸਾਲ ਬਾਅਦ ਇਹਨਾਂ ਫਿਲਮਾਂ ਦੀ ਗਿਣਤੀ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਫੋਰਬਸ ਮੁਤਾਬਕ ਦੁਨੀਆ ਦਾ ਸਭ ਤੋਂ ਵੱਡਾ ਪੋਰਨ ਮੂਵੀ ਸਟੂਡੀਓ ‘ਵਿਵਿਡ ਐਂਟਰਟੇਨਮੈਂਟ’ ਇਕੱਲਾ ਹੀ ਅੱਜ 100 ਮਿਲੀਅਨ ਡਾਲਰ ਮਾਲੀਆ ਇਕੱਠਾ ਕਰਦਾ ਹੈ। ਅੱਜ ਕੁੱਲ 42 ਲੱਖ ਪੋਰਨ ਵੈਬਸਾਈਟਾਂ ਹਨ (ਕੁੱਲ ਦਾ 12%)। ਹਰ ਰੋਜ਼ ਸਰਚ ਇੰਜਣਾਂ ਵਿੱਚ 68 ਮਿਲੀਅਨ ਪੋਰਨੋਗਰਾਫ਼ ਬੇਨਤੀਆਂ ਆਉਂਦੀਆਂ (ਕੁੱਲ ਦਾ 25%)। ਮਹੀਨਾਵਾਰ 1.5 ਬਿਲੀਅਨ ਪੋਰਨ ਡਾਊਨਲੋਡਜ਼ ਹੁੰਦੇ ਹਨ (ਕੁੱਲ ਦਾ 35%)। ਪੋਰਨ ਦੀ ਵਰਤੋਂ ਵਿੱਚ 15 ਤੋਂ 25 ਫੀਸਦੀ ਔਰਤਾਂ ਹਨ। ਪੂਰੀ ਦੁਨੀਆ ਵਿੱਚ, ਪੋਰਨ ਨਾਲ਼ ਪਹਿਲਾ ਸੰਪਰਕ ਸਥਾਪਤ ਹੋਣ ਦੀ ਔਸਤ ਉਮਰ 11 ਸਾਲ ਹੈ ਅਤੇ ਇੰਟਰਨੈੱਟ ਪੋਰਨ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲ਼ੀ ਜਨਸੰਖਿਆ ਵਿੱਚ 12-17 ਸਾਲ ਦੇ ਬੱਚਿਆਂ ਅਤੇ ਕਿਸ਼ੋਰਾਂ ਦੀ ਹੈ। ਅੱਜ 87% ਕਾਲਜ ਜਾਣ ਵਾਲ਼ੇ ਮੁੰਡੇ ਪੋਰਨ ਵੇਖਣਾ ਮੰਨਦੇ ਹਨ। ਇਹਨਾਂ ‘ਚੋਂ ਅੱਧੇ ਹਰ ਹਫ਼ਤੇ ਵੇਖਦੇ ਹਨ ਜਦ ਕਿ 20% ਰੋਜ਼ਾਨਾ ਜਾਂ ਹਰ ਦੂਜੇ ਦਿਨ ਵੇਖਦੇ ਹਨ। ਇਸੇ ਤਰਾਂ 31% ਕਾਲਜੀਏਟ ਕੁੜੀਆਂ ਇਸ ਨੂੰ ਵੇਖਦੀਆਂ ਹਨ ਜਿਸ ਵਿੱਚੋਂ 3.2% ਰੋਜ਼ਾਨਾ ਵੇਖਦੀਆਂ ਹਨ (ਕੈਰੋਲ, ਜਰਨਲ ਆਫ਼ ਐਡੋਲੋਸੈਂਟ ਰਿਸਰਚ 23.1—2008)।

ਭਾਵੇਂ ਸੰਸਦ ਵਿੱਚ ਹੀ ਭਾਜਪਾ ਦੇ ਕਈ ਪਾਰਟੀ ਮੈਂਬਰ ਪੋਰਨ ਵੇਖਦੇ ਫੜੇ ਗਏ ਸਨ ਪਰ ਫਿਰ ਵੀ ਸ਼ਰਮ ਛਿੱਕੇ ਟੰਗਕੇ ਪਿਛਲੇ ਸਾਲ ਮੋਦੀ ਸਰਕਾਰ ਵੱਲੋਂ ਪੋਰਨ ਬੈਨ ਦਾ ਕਾਫ਼ੀ ਡਰਾਮਾ ਕੀਤਾ ਗਿਆ ਸੀ। ਡਰਾਮਾ ਤਾਂ ਭਾਵੇਂ ਫੇਲ੍ਹ ਹੀ ਹੋਇਆ ਪਰ ਸਾਡੇ ਸਮਾਜ ਦੀ ਕਾਫ਼ੀ ਸੜਾਂਦ ਇਸ ਮੁੱਦੇ ‘ਤੇ ਉੱਭਰ ਕੇ ਸਾਹਮਣੇ ਆਈ। ਸ਼ੋਸ਼ਲ ਮੀਡੀਆ ‘ਤੇ ਪੋਰਨ ਨੂੰ ਵਿਅਕਤੀ ਦੇ ਪ੍ਰਗਟਾਵੇ ਦੀ ਅਜ਼ਾਦੀ ਦੇ ਰੂਪ ਵਿੱਚ ਲੈ ਕੇ ਇਸ ਬੈਨ ਦਾ ਵਿਰੋਧ ਕੀਤਾ ਗਿਆ। ਇੱਥੇ ਇਸ ਗੱਲ ‘ਤੇ ਵੀ ਜ਼ੋਰ ਦਿੰਦੇ ਹਾਂ ਕਿ ਇਹ ‘ਪੋਰਨ ਬੈਨ ਦੇ ਵਿਰੋਧੀ’ ਸਮਾਜ ਦੇ ਕੋਈ ਲੰਪਟ ਤੱਤ ਨਹੀਂ ਹਨ, ਸਗੋਂ ਆਮ ਅਰਥਾਂ ਵਿੱਚ ਸਮਾਜ ‘ਚ ਆਪਣੀ ਇਜ਼ੱਤ ਰੱਖਣ ਵਾਲ਼ੇ ਲੋਕ ਹਨ। ਇੱਕ ਪੋਰਨ ਵੈੱਬਸਾਈਟ ‘ਪੋਰਨ ਹੱਬ’ ਨੇ ‘ਟਾਈਮਜ਼ ਆਫ਼ ਇੰਡੀਆ’ ਲਈ 2015 ਸਾਲ ਦੇ ਆਪਣੇ ਅੰਕੜੇ ਨਸ਼ਰ ਕੀਤੇ। ਜਿਹਨਾਂ ਵਿੱਚ ਭਾਰਤ ਦੇ ਅੱਡ-ਅੱਡ ਸ਼ਹਿਰਾਂ ਦਾ ਪੋਰਨ ਵੇਖਣ ਦਾ ਔਸਤ ਸਮਾਂ ਦਿੱਤਾ ਗਿਆ ਸੀ। ਦਿੱਲੀ 9 ਮਿੰਟ ਅਤੇ 29 ਸੈਕੰਡ ਹਰ ਸੈਸ਼ਨ ਆਨਲਾਈਨ ਰਹਿਣ ਨਾਲ਼ ਸਭ ਤੋਂ ਉੱਪਰ ਸੀ, ਪੂਰੇ ਭਾਰਤ ਦੀ ਇਸ ਵੈਬਸਾਈਟ ‘ਤੇ ਇੱਕ ਸੈਸ਼ਨ ਦੀ ਔਸਤ ਲੰਬਾਈ 8 ਮਿੰਟ ਅਤੇ 58 ਸੈਕੰਡਾਂ ਦੀ ਹੈ। ਵੈਬਸਾਈਟ ਮੁਤਾਬਕ ਇਸ ਵਰ੍ਹੇ ਜਨਵਰੀ ਵਿੱਚ ‘ਟਰੈਫਿਕ’ ਦੇ ਮਾਮਲੇ ਵਿੱਚ ਭਾਰਤ ਨੇ ਕਨੇਡਾ ਨੂੰ ਪਛਾੜਕੇ ਤੀਜਾ ਸਥਾਨ ਹਾਸਲ ਕਰ ਲਿਆ ਹੈ। ਸਾਡਾ ਸਮਾਜ ਉੱਪਰੋਂ ਭਾਵੇਂ ਬੰਦ ਹੈ ਪਰ ਅੰਦਰ ਖਾਤੇ ਪੋਰਨ ਦੇ ਹੱਕ ਵਿੱਚ ਇੱਕ ਆਮ ਸਹਿਮਤੀ ਬਣੀ ਹੋਈ ਹੈ। ਹੁਣ ਤਾਂ ਇਸ ਸਹਿਮਤੀ ਦੇ ਸਬੂਤ ਵੀ ਬਾਹਰ ਨਿੱਕਲਣ ਲੱਗੇ ਹਨ। ਯੂ ਟਿਊਬ ‘ਤੇ ਖੋਜਿਆਂ ਪੋਰਨ ਦੇ ਹੱਕ ਵਿੱਚ ਬੋਲਦੇ ਦਿੱਲੀ, ਮੁੰਬਈ ਜਿਹੇ ਵੱਡੇ ਸ਼ਹਿਰਾਂ ਦੇ ਮੁੰਡੇ-ਕੁੜੀਆਂ ਮਿਲ਼ ਜਾਣਗੇ, ਜੋ ਮੰਨਦੇ ਹਨ ਕਿ ਪੋਰਨ ਉਹਨਾਂ ਦੇ ਜੀਵਨ ਵਿੱਚ ਆਮ ਗੱਲ ਹੈ। ਕਈ ਇਸ ਦੀ ਲੱਤ ਲੱਗਣ ਦੀ ਗੱਲ ਵੀ ਮੰਨਦੇ ਹਨ ਅਤੇ ਨੋਟ ਕਰਨ ਵਾਲ਼ੀ ਗੱਲ ਉਹ ਇਹ ਕਹਿੰਦੇ ਹਨ ਕਿ ਪੋਰਨ ਤੋਂ ਉਹਨਾਂ ਸੈਕਸ ਵੀ ਸਿੱਖਿਆ ਹੈ। ਹੁਣ ਕਈ ਸਵਾਲ ਵੀ ਇਸ ਸਭ ਤੋਂ Àੁੱਭਰਦੇ ਹਨ ਕਿ ਕੀ ਪੋਰਨ ਸਾਡੇ ਨੌਜਵਾਨਾਂ ਨੂੰ ਸੈਕਸ ਸਿਖਾ ਰਿਹਾ ਹੈ? ਜਾਂ ਸੈਕਸ ਦੇ ਨਾਮ ‘ਤੇ ਕੁੱਝ ਹੋਰ ਪੇਸ਼ ਕਰ ਰਿਹਾ ਹੈ? ਕੀ ਪੋਰਨ ਸਿਰਫ਼ ਇੱਕ ਨੈਤਿਕ ਨਿਘਾਰ ਹੀ ਹੈ? ਜਾਂ ਇਸ ਤੋਂ ਅੱਗੇ ਵੀ ਕੁੱਝ ਹੈ? ਅਤੇ ਉਹਨਾਂ ਪੋਰਨ ਸਟਾਰਜ਼ ਬਾਰੇ ਕੀ ਕਹਾਂਗੇ ਜੋ ਇਹਨਾਂ ਫਿਲਮਾਂ ਵਿੱਚ ਦਿਖਦੇ ਹਨ?

ਪਹਿਲਾਂ ਪਹਿਲ ਪੋਰਨ ਬਾਰੇ ਸਾਡੀ ਰਾਏ ਵੀ ਇਹੀ ਸੀ ਕਿ ਇਹ ਇੱਕ ਨੈਤਿਕ ਨਿਘਾਰ ਮਾਤਰ ਹੈ, ਪਰ ਅਮਰੀਕੀ ਪੋਰਨ ਵਿਰੋਧੀ ਕਾਰਕੁੰਨ ‘ਗੇਲ ਡਾਈਨਜ਼’ ਦੀ ਕਿਤਾਬ ‘ਪੋਰਨਲੈਂਡ, ਹਾਓ ਪੋਰਨ ਹਾਈਜੈਕਡ ਅਵਰ ਸੈਕਸੁਐਲਟੀ’ ਨੇ ਇਹ ਰਾਏ ਪਲਟੀ। ਇਸ ਕਿਤਾਬ ਬਾਰੇ ਵੀ ਇਸ ਲੇਖ ਵਿੱਚ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਹੋਰ ਤਾਂ ਹੋਰ ਪੋਰਨ ਨੂੰ ਪਿੱਤਰਸੱਤਾ ਦੇ ਵਿਰੋਧ ਵਜੋਂ ਵੀ ਦੇਖਿਆ ਜਾਂਦਾ ਹੈ। ਇੱਕ ਸਵਾਲ ਇਹ ਵੀ ਸੀ ਕਿ ਆਖਰ ਪੋਰਨ-ਸੈਕਸ ਵੇਖਣਾ ਕਿਉਂ ਗ਼ਲਤ ਹੈ! ਜਦ ਕਿ ਅਸੀਂ ਸਭ ਨੇ ਆਪਣੀ ਜ਼ਿੰਦਗੀ ਵਿੱਚ ਮਨੁੱਖੀ ਮੁੜ-ਪੈਦਾਵਾਰ ਕਰਨੀ ਹੈ? ਸਾਡੇ ਮਾਤਾ ਪਿਤਾ ਜਾਂ ਅਧਿਆਪਕ ਇਹਦੇ ਬਾਰੇ ਕੋਈ ਗੱਲ ਨਹੀਂ ਕਰਦੇ, ਪਰ ਜੇਕਰ ਪੋਰਨ ਸੈਕਸ ਸਿਖਾ ਰਿਹਾ ਹੈ ਤਾਂ ਇਸ ਵਿੱਚ ਬੁਰਾ ਕੀ ਹੈ? ਪਰ ਪੱਛਮੀ ਨਾਰੀਵਾਦੀ ‘ਰਾਬਰਟ ਜੈਨਸਨ’ ਪੋਰਨ ਬਾਰੇ ਵੱਧ ਸਟੀਕ ਬਿੰਬ ਵਰਤਦੇ ਹਨ, ”ਕਲਸਟਰ ਬੰਬ”। ਪੋਰਨ ਸਾਡੇ ਸਮਾਜ ਦੀਆਂ ਪੋਰਾਂ ਤੱਕ ਜਾ ਕੇ ਮਾਰ ਕਰਦਾ ਹੈ।

ਆਪਾਂ ਪੋਰਨੋਗਰਾਫੀ ‘ਤੇ ਗੱਲ ਪੋਰਨਸਾਟਾਰਜ਼ ਤੋਂ ਸ਼ੁਰੂ ਕਰਦੇ ਹਾਂ, ਉਹਨਾਂ ਲੋਕਾਂ ਤੋਂ ਜਿਹਨਾਂ ਨੂੰ ਅਸੀਂ ਆਪਣੇ ਲੈਂਗਿਕ ਸੁੱਖ ਲਈ ਨਿੱਜੀ ਜੀਵਨ ਵਿੱਚ ਲੁਕ-ਲੁਕ ਕੇ ਵੇਖਦੇ ਹਾਂ, ਕੀ ਸੱਚੀਓਂ ਹੀ ‘ਇਸ ਸੈਕਸ’ ਦਾ ਅਨੰਦ ਮਾਣਦੇ ਹਨ? ਸਾਡੇ ਲੈਂਗਿਕ ਸੁੱਖ ਲਈ ਇਹ ਪੋਰਨ ਕਲਾਕਾਰ ਇੱਕ ਜ਼ਲਾਲਤ ਦੀ ਜ਼ਿੰਦਗੀ ਜਿਉਂਦੇ ਹਨ। ਇਹਨਾਂ ਐਕਟਰਾਂ ਅਤੇ ਖਾਸ ਕਰ ਕੁੜੀਆਂ ਅਤੇ ਔਰਤਾਂ ਨੂੰ ਕਈ ਵਾਰ ਅਤੇ ਕਈਆਂ ਨਾਲ਼ ਸੈਕਸ ਕਰਨਾ ਪੈਂਦਾ ਹੈ। ਜਿਸ ਕਾਰਨ ਇਹ ਕਈ ਤਰਾਂ ਦੇ ਗੁਪਤ ਰੋਗਾਂ ਨਾਲ਼ ਪੀੜਤ ਰਹਿੰਦੇ ਹਨ, ਡੂੰਘੇ ਅਵਸਾਦ ਕਾਰਨ ਆਤਮ-ਹੱਤਿਆ ਤੱਕ ਪਹੁੰਚ ਜਾਂਦੇ ਹਨ। ਸੈਨਨ ਮਿਛੇਲੇ, ਕਰਿਸਟੀ ਲਿਨ ਜਿਹੀਆਂ ਦੋਵੇਂ ਹੀ ਪੋਰਨ ਸਟਾਰਜ਼ ਨੇ ਆਤਮ ਹੱਤਿਆ ਕੀਤੀ, ਟੇਲਰ ਸਮਰਜ਼ ਨੂੰ ਤਾਂ ਬਹੁਤ ਹੀ ਬੇਦਰਦੀ ਨਾਲ਼ ਕਤਲ ਕੀਤਾ ਗਿਆ ਸੀ। ਟੇਲਰ ਸਮਰਜ਼ ਵਾਂਗ ਹੀ ਲੋਲੋ ਫਿਰਾਰੀ ਦਾ ਵੀ ਭੇਤ ਭਰਿਆ ਕਤਲ ਹੋਇਆ ਸੀ। ਲੋਲੋ ਫਿਰਾਰੀ ਨੇ ਪੋਰਨ ਸਨਅਤ ਲਈ ਆਪਣੀਆਂ ਛਾਤੀਆਂ ਨੂੰ 30 ਵਾਰ ਆਪਰੇਸ਼ਨ ਰਾਹੀਂ ਵਧਾਇਆ ਜਿਹਨਾਂ ਵਿੱਚ ਤਕਰੀਬਨ 6 ਲੀਟਰ ਸੈਲੀਨ ਭਰਿਆ ਗਿਆ ਸੀ ਤੇ ਉਹ ਜਨਤਕ ਪੇਸ਼ਕਾਰੀਆਂ ਵੇਲ਼ੇ ਡਰਦੀ ਰਹਿੰਦੀ ਸੀ ਕਿ ਕਿਸੇ ਨੇ ਉਹਦੀਆਂ ਛਾਤੀਆਂ ਦਬਾ ਦਿੱਤੀਆਂ ਤਾਂ ਇਹ ਫਟ ਨਾ ਜਾਣ। ਸ਼ੈਲੇ ਲੁਬਨ ਆਪਣੇ ਸਮੇਂ ਦੀ ਮਸ਼ਹੂਰ ਪੋਰਨ ਸਟਾਰ ਸੀ ਫਿਰ ਉਸ ਨੂੰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋ ਗਿਆ ਅਤੇ ਬਹੁਤ ਸਾਰੇ ਆਪਰੇਸ਼ਨਾਂ ਵਿੱਚ ਉਹਦੇ ਬੱਚੇਦਾਨੀ ਦੇ ਮੂੰਹ ਨੂੰ ਕਈ ਵਾਰੀ ਕੱਟਿਆ ਗਿਆ। ਬੁਰਜੂਆ ਮੀਡੀਆ ਵਿੱਚ ਸਨੀ ਲਿਓਨੀ ਜਿਹੀਆਂ ਕੁੱਝ ਇੱਕ ਛੋਟਾਂ ਦਿਖਾਈਆਂ ਜਾਂਦੀਆਂ ਹਨ, ਉਹ ਛੋਟਾਂ ਜੋ ਕਦੇ ਨੇਮ ਨਹੀਂ ਹੁੰਦਾ ਪਰ ਨੇਮ ਵਿੱਚ ਇਹਨਾਂ ਪੋਰਨ ਸਟਾਰਜ਼ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਤੁਸੀਂ ਖੁਦ ਸੋਚੋ ਕਿ ਕੁੱਝ ਹੀ ਹਫ਼ਤਿਆਂ ਵਿੱਚ ਬਹੁਤ ਸਾਰੇ ਮਰਦਾਂ ਅਤੇ ਔਰਤਾਂ ਨਾਲ਼ ਸੰਭੋਗ ਕਰਨ ਤੋਂ ਬਾਅਦ ਅਸੀਂ ਕਿਸੇ ਕੋਲੋਂ ਤੰਦਰੁਸਤ ਜੀਵਨ ਦੀ ਆਸ ਕਿਵੇਂ ਕਰ ਸਕਦੇ ਹਾਂ ਅਤੇ ਉਹ ਵੀ ਖਾਸ ਕਰ ਔਰਤਾਂ ਤੋਂ? ਰਸਾਇਣ ਵਿਗਿਆਨ ਦੇ ਤਜ਼ਰਬਿਆਂ ਅਧੀਨ ਚੂਹਿਆਂ ਵਾਂਗ ਇਹਨਾਂ ਕੁੜੀਆਂ ਨਾਲ਼ ਇੱਕੋ ਸਮੇਂ ਕਈ-ਕਈ ਮਰਦ ਸੰਭੋਗ ਕਰਦੇ ਹਨ ਉਹਦੇ ਸਰੀਰ ਵਿਚਲੇ ਹਰ ਛੇਕ ਨੂੰ ਉਹ ਬਸ ਪਾੜ ਦੇਣਾ ਚਾਹੁੰਦੇ ਹਨ। ਅਜਿਹੀ ਕਿਸੇ ਕੁੜੀ ਤੋਂ ਤੰਦਰੁਸਤੀ ਤਾਂ ਛੱਡੋ ਇਸ ਸਭ ਦੇ ਦਰਦ ਨੂੰ ਸੰਭਾਲਣ ਦੀ ਆਸ ਵੀ ਕਿਵੇਂ ਕੀਤੀ ਜਾ ਸਕਦੀ ਹੈ?  ਪੋਰਨ ਵਿਰੋਧੀ ਨਾਰੀਵਾਦੀ ‘ਰਾਬਰਟ ਜੈਨਸਨ’ ਪੋਰਨ ਫਿਲਮਾਂ ਦੇ ਕੁੱਝ ਸੀਨ ਦਿੰਦੇ ਹਨ ਜੋ ਆਪਣੇ ਆਪ ਵਿੱਚ ਸਭ ਸਪੱਸ਼ਟ ਕਰਦੇ ਦਿਖਦੇ ਹਨ।

‘ਗੰਦੀਆਂ ਛੋਟੀਆਂ ਕੁੱਤੀਆਂ, ਘਿਰੀਆਂ ਹਨ ਸਖ਼ਤ ਧੜਕਦੇ ਲਿੰਗਾਂ ਨਾਲ਼ —ਅਤੇ ਉਹਨਾਂ ਇਹ ਪਸੰਦ ਕੀਤਾ।’

‘ਇਹਨਾਂ ਵਿੱਚੋਂ ਇੱਕ ਸੀਨ ਵਿੱਚ ਇੱਕ ਜਵਾਨ ਔਰਤ ਜੋ ਇੱਕ ਚੀਅਰ ਲੀਡਰ ਵਾਂਗ ਸਜੀ ਛੇ ਮਰਦਾਂ ਵਿਚਕਾਰ ਘਿਰੀ ਹੈ। ਕੋਈ ਸੱਤ ਮਿੰਟ ‘ਡਾਇਨਾਮਾਈਟ’ (ਨਾਮ, ਜੋ ਉਹਨੂੰ ਇਸ ਫਿਲਮ ਲਈ ਦਿੱਤਾ ਗਿਆ ਸੀ) ਤਰੀਕੇਵਾਰ ਇੱਕ ਮਰਦ ਤੋਂ ਦੂਜੇ ਮਰਦ ਤੱਕ ਤੁਰਦੀ ਹੈ ਅਤੇ ਉਹ ਇੰਝ ਗਾਲ਼ ਕੱਢਦੇ ਹਨ, ‘ਤੂੰ ਟਿੱਡੀ ਜਿਹੀ ਚਿਅਰਲੀਡਿੰਗ ਗਸ਼ਤੀਏ’ —ਅਤੇ ਉਹਨਾਂ ਇਹ ਪਸੰਦ ਕੀਤਾ।’

‘ਅਗਲੇ ਡੇਢ ਮਿੰਟ ਲਈ ਉਹ ਸੋਫ਼ੇ ‘ਤੇ ਉਲਟੀ ਲੇਟ ਗਈ। ਉਹਦਾ ਸਿਰ ਕਿਨਾਰੇ ਤੋਂ ਥੱਲੇ ਲਟਕ ਰਿਹਾ ਸੀ , ਜਦ ਮਰਦ ਉਹਦੇ ਮੂੰਹ ਵਿੱਚ ਗੈਗਿੰਗ ਕਰਨ ਲਈ ਲਿੰਗ ਧੱਕ ਰਹੇ, ਉਹਨੂੰ ਉਲਟੀ ਆਉਣ ਤੱਕ’ —ਅਤੇ ਉਹਨਾਂ ਇਹ ਪਸੰਦ ਕੀਤਾ।’

‘ਆਖਰ ‘ਚ ਉਹਨੇ ਇੱਕ ਬੁਰੀ ਕੁੜੀ ਦਾ ਪੋਜ਼ ਬਣਾਇਆ। ‘ਤੁਸੀਂਂ ਮੇਰੇ ਪਿਆਰੇ ਛੋਟੇ ਚਿਹਰੇ ‘ਤੇ ਵੀਰਜ ਵਗਾਉਣਾ ਚਾਹੋੰਗੇ! ਕਿ ਨਹੀਂ?’ ਉਹਨੇ ਕਿਹਾ। ਆਖਰੀ ਦੋ ਮਿੰਟ ਲਈ ਜਿਵੇਂ ਹੀ ਉਹ ਉਹਦੇ ਮੂੰਹ ‘ਤੇ ਸਖ਼ਲਤ ਹੁੰਦੇ ਹਨ, ਕੁੱਝ ਪਲਾਂ ਲਈ ਉਹਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਇਹ ਜਾਨਣਾ ਮੁਸ਼ਕਲ ਹੈ ਕਿ ਉਹ ਕੀ ਮਹਿਸੂਸ ਕਰ ਰਹੀ ਹੈ ਪਰ ਇੰਜ ਲੱਗਦਾ ਹੈ ਜਿਵੇਂ ਉਹ ਰੋਣ ਲੱਗੀ ਹੋਵੇ’—ਅਤੇ ਉਹਨਾਂ ਇਹ ਪਸੰਦ ਕੀਤਾ।’

ਕੈਨੇਡਾ ਦੀਆਂ ਔਰਤ ਪੋਰਨ ਸਟਾਰਜ਼ ਵਿੱਚ ਇੱਕ ਸਰਵੇਖਣ ਦੌਰਾਨ 95 ਫੀਸਦੀ ਨੇ ਇਹ ਕਿੱਤਾ ਛੱਡਣ ਦੀ ਇੱਛਾ ਜ਼ਾਹਿਰ ਕੀਤੀ, ਪਰ ਇਹ ਔਰਤਾਂ ਬੁਰੀ ਤਰਾਂ ਇਸ ਸਨਅਤ ਵਿੱਚ ਫਸ ਚੁੱਕੀਆਂ ਹਨ ਕਿਉਂਕਿ 80 ਫੀਸਦੀ ਔਰਤਾਂ ਕੋਕੀਨ ਜਿਹੇ ਨਸ਼ਿਆਂ ਦੀ ਆਦੀ ਹੋ ਜਾਂਦੀਆਂ ਹਨ ਅਤੇ ਬਾਕੀ ਰਹਿੰਦੀਆਂ ਪਿੱਛੇ ਛੋਟੇ ਬੱਚੇ ਹਨ। ਪੋਰਨ ਸਨਅਤ ਵਿੱਚ ਹਰ ਨਵੀਂ ਆਉਣ ਵਾਲ਼ੀ ਕੁੜੀ ਦੀ ਸ਼ੁਹਰਤ ਦੇ ਔਸਤਨ ਦੋ ਵਰ੍ਹੇ ਹੁੰਦੇ ਹਨ। ਇਹਨਾਂ ਦੋ ਜਾਂ ਤਿੰਨ ਜਾਂ ਕਿਸੇ ਖੁਸ਼ਕਿਸਮਤ ਦੇ ਚਾਰ ਵਰ੍ਹਿਆਂ ਤੱਕ ਇਹ ਕੁੜੀਆਂ ਆਪਣੀਆਂ ਲੋੜਾਂ ਅਤੇ ਨਸ਼ਿਆਂ ਦੀਆਂ ਗੁਲਾਮ ਹੋ ਜਾਂਦੀਆਂ ਹਨ, ਜੋ ਨਹੀਂ ਵੀ ਹੁੰਦੀਆਂ ਉਹਨਾਂ ਲਈ ਬਾਹਰ ਸਮਾਜ ਵਿੱਚ ਕੋਈ ਇੱਜ਼ਤਦਾਰ ਨੌਕਰੀ ਨਹੀਂ ਬਚਦੀ। ਇਸ ਤੋਂ ਬਾਅਦ ਅਸਲ ਨਰਕ ਸ਼ੁਰੂ ਹੋ ਜਾਂਦਾ ਹੈ। ਨਵੀਂਆਂ ਕੁੜੀਆਂ ਗੈਂਗ-ਬੈਂਗ (ਇੱਕੋ ਵੇਲ਼ੇ ਕਈ ਮਰਦਾਂ ਨਾਲ਼ ਸੰਭੋਗ) ਨਹੀਂ ਕਰਦੀਆਂ, ਉਹ ਗੁੱਦਾ ਸੰਭੋਗ ਨਹੀਂ ਕਰਦੀਆਂ, ਪਰ ਜਦ ਬਾਹਰ ਦੀ ਜ਼ਿੰਦਗੀ ਵਿੱਚ ਕੋਈ ਰਾਹ ਨਹੀਂ ਬਚਦਾ ਤਾਂ ਬਾਕੀ ਜ਼ਿੰਦਗੀ ਤੋਰਨ ਲਈ ਉਹ ਫਿਰ ਵਾਪਸ ਇਸੇ ਸਨਅਤ ਵਿੱਚ ਆਉਂਦੀਆਂ ਹਨ ਜਿੱਥੇ ਗੁੱਦਾ ਸੰਭੋਗ ਅਤੇ ਗੈਂਗ-ਬੈਂਗ ਉਸਨੂੰ ਉਡੀਕ ਰਹੇ ਹੁੰਦੇ ਹਨ। ਇਸ ਵਿਸ਼ੇ ‘ਤੇ ਪੜ੍ਹਦੇ ਹੋਏ ਕੁੱਝ ਪੋਰਨ ਵੈਬਸਾਈਟਸ ਦੇਖੀਆਂ, ਇੱਕ ਵੈਬਸਾਈਟ ‘ਤੇ ਇੱਕ ਤਸਵੀਰ ਵਾਰ-ਵਾਰ ਕੇ ਸਾਹਮਣੇ ਆ ਜਾਂਦੀ ਹੈ ਜਿਸ ਵਿੱਚ ਇੱਕ ਕੁੜੀ ਆਪਣਾ ਦੀ ਗੁਦਾ ਦਿਖਾ ਰਹੀ ਹੈ। ਗੁੱਦਾ ਆਮ ਨਾਲ਼ੋਂ ਬਹੁਤ ਹੀ ਖੁੱਲਾ ਸੀ, ਉਹ ਸੁੱਜਿਆ ਅਤੇ ਲਾਲ ਸੀ। ਇੱਕ ਦਮ ਖਿਆਲ ਆਇਆ ਕਿ ਇਹ ਤਾਂ ਕਿਸੇ ਵੀ ਤਰਾਂ ਕੁਦਰਤੀ ਨਹੀਂ ਹੈ ਤਾਂ ਫਿਰ ਸਾਨੂੰ ਇਸ ਨੂੰ ਵੇਖਕੇ ਕਾਮ ਕਿਉਂ ਚੜ੍ਹ ਰਿਹਾ ਹੈ। ਪਿੱਛੇ ਜਿਹੇ ਪੰਜਾਬ ਵਿੱਚ ਇੱਕ ਮੁੰਡੇ ਦੇ ਗੁੱਦੇ ਵਿੱਚ ਲੱਕੜ ਧੱਕ ਦਿੱਤੀ ਗਈ ਸੀ ਤਾਂ ਉਹਨੂੰ ਕਈ ਹਫ਼ਤੇ ਹਸਪਤਾਲ ਵਿੱਚ ਰਹਿਣਾ ਪਿਆ ਅਤੇ ਦੋਸ਼ੀਆਂ ‘ਤੇ ਕੇਸ ਦਾਇਰ ਕੀਤਾ ਗਿਆ ਸੀ। ਫਿਰ ਇਹ ਪੋਰਨ ਸਟਾਰਜ਼ ਹਸਪਤਾਲ ਤੋਂ ਬਾਹਰ ਅਤੇ ਇਹਨਾਂ ਫਿਲਮਾਂ ਦੇ ਨਿਰਮਾਤਾ-ਨਿਰਦੇਸ਼ਕ ਜੇਲ੍ਹ ਤੋਂ ਬਾਹਰ ਕਿਉਂ ਹਨ? ਕੀ ਸਾਨੂੰ ਇਹ ਅਜੀਬ ਨਹੀਂ ਲੱਗਦਾ? ਇਹਨਾਂ ਕੁੜੀਆਂ ਨਾਲ਼ ਕੀ ਵਾਪਰਦਾ ਹੈ, ਪੋਰਨ ਐਕਟਰ ਤੋਂ ਪੋਰਨ ਨਿਰਦੇਸ਼ਕ ਬਣੇ ਇੱਕ ਕੰਜਰ ਜੋਨਾਥਨ ਮਾਰਗਨ ਦੀ ਜ਼ੁਬਾਨੀ ਸੁਣਦੇ ਹਾਂ —

”ਇਹਨਾਂ ਕੁੜੀਆਂ ਨੂੰ ਗਰੇਡਾਂ ਮੁਤਾਬਕ ਵੰਡਿਆ ਜਾ ਸਕਦਾ ਹੈ ਏ, ਬੀ ਅਤੇ ਸੀ। ਏ ਉਹ ਕੁੜੀ ਹੈ ਜੋ ਬਾਕਸ ਕਵਰ ‘ਤੇ ਸਜਦੀ ਹੈ… ਇੱਥੇ ਹੀ ਸੀਮਾ ਹੱਦ ਹੈ, ਬੀ ਡਬਲ ਐਨਲ ਲਈ ਹੈ ਅਤੇ ਡਾਇਰੈਕਟਰਾਂ ਨੂੰ ਇਹ ਕੁੜੀਆਂ ਯਾਦ ਰਹਿੰਦੀਆਂ ਹਨ। ਕੁੜੀ ਨੂੰ ਫੋਨ ਆਉਂਦੇ ਹਨ। ਡਬਲ ਐਨਲ ਲਈ ਆਮ ਤੌਰ ‘ਤੇ ਬੀ ਅਤੇ ਸੀ ਹੀ ਲਈਆਂ ਜਾਂਦੀ ਹਨ। ਉਹਨਾਂ ਨੂੰ ਇਹ ਗੰਦਾ ਕਾਰਾ ਕਰਨਾ ਹੀ ਪੈਂਦਾ ਹੈ ਨਹੀਂ ਤਾਂ ਫੋਨ ਆਉਣੇ ਬੰਦ ਹੋ ਜਾਂਦੇ ਹਨ। ਤੁਹਾਡੇ ਛੋਟੇ ਬੱਚੇ ਹਨ, ਤੁਹਾਡੇ ਕੁੱਝ ਸਟਰੈੱਚ-ਮਾਰਕਸ ਵੀ ਹਨ—ਅਤੇ ਤੁਸੀਂ ਡਬਲ ਐਨਲ ਕਰ ਰਹੇ ਹੁੰਦੇ ਹੋ। ਕੁੱਝ ਕੁੜੀਆਂ ਤਾਂ ਨੌਂ ਮਹੀਨੇ ਜਾਂ ਸਾਲ ਵਿੱਚ ਵਰਤੀਆਂ ਜਾਂਦੀਆਂ ਹਨ। ਇੱਕ 18 ਸਾਲਾ ਸੋਹਣੀ ਜਿਹੀ ਸ਼ੈਅ, ਇੱਕ ਏਜੰਸੀ ਨਾਲ਼ ਦਸਤਖ਼ਤ ਕਰਦੀ ਹੈ, ਪਹਿਲੇ ਹਫ਼ਤੇ ਪੰਜ ਫਿਲਮਾਂ ਬਣਾਉਂਦੀ ਹੈ। ਪੰਜ ਡਾਇਰੈਕਟਰ, ਪੰਜ ਐਕਟਰ, ਪੰਜ ਵਾਰੀ ਪੰਜ। ਉਸ ਨੂੰ ਹੋਰ ਫੋਨ ਆਉਂਦੇ ਹਨ। ਚਾਰ ਮਹੀਨਿਆਂ ਵਿੱਚ ਸੌ ਦੇ ਕਰੀਬ ਫਿਲਮਾਂ। ਹੁਣ ਉਹ ਇੱਕ ਤਾਜ਼ਾ ਮਾਲ ਨਹੀਂ ਰਿਹਾ। ਉਹਦੀ ਕੀਮਤ ੁਲੁੜਕਦੀ ਹੈ ਅਤੇ ਫੋਨ ਆਉਣੇ ਬੰਦ ਹੋ ਜਾਂਦੇ ਹਨ। ਫਿਰ ਇੰਜ ਹੁੰਦਾ ਹੈ, ”ਅੱਛਾ, ਫਿਰ ਤੂੰ ਐਨਲ ਕਰੇਂਗੀ? ਗੈਂਗ-ਬੈਂਗ ਵੀ ਕਰੇਂਗੀ?” ਫਿਰ ਉਹ ਵਰਤੀਆਂ ਜਾਂਦੀਆਂ ਹਨ… ਇਸ ਸਨਅਤ ਦੀ ਮੰਡੀ ਦੀਆਂ ਤਾਕਤਾਂ ਉਸ ਨੂੰ ਵਰਤ ਲੈਂਦੀਆਂ ਹਨ।”

ਹੁਣ ਅਸੀਂ ‘ਗੇਲ ਡਾਈਨਜ਼’ ਦੀ ਕਿਤਾਬ ‘ਪੋਰਨਲੈਂਡ’ ਵੱਲ ਆਉਂਦੇ ਹਾਂ। ਗੇਲ ਡਾਈਨਜ਼ ਅਮਰੀਕਾ ਵਿੱਚ ਪਿਛਲੇ ਕਈ ਸਾਲਾਂ ਤੋਂ ਪੋਰਨ ਵਿਰੋਧੀ ਸਰਗਰਮੀਆਂ ਦੀ ਇੱਕ ਸਰਗਰਮ ਕਾਰਕੁੰਨ ਹੈ ਅਤੇ ਉਸਦੀ ਉਪਰੋਕਤ ਕਿਤਾਬ ਇਸ ਵਿਸ਼ੇ ‘ਤੇ ਅੱਖਾਂ ਖੋਲਣ ਵਾਲ਼ੀ ਹੈ। ਇਸ ਕਿਤਾਬ ਦੀ ਗੱਲ ਕਰਨ ਵਿੱਚ ਹੀ ਪੋਰਨ ਵਿਰੋਧੀ ਮੁੱਖ ਤਰਕ ਆ ਜਾਣਗੇ। ਇੱਥੇ ਕਿਤਾਬ ਵਿੱਚੋਂ ਕਾਫ਼ੀ ਗੱਲਾਂ ਇੰਨ ਬਿੰਨ ਅਨੁਵਾਦ ਹੀ ਆਪਣੀ ਗੱਲ ਕਹਿਣ ਲਈ ਕਾਫ਼ੀ ਹੋਵੇਗਾ। ਲਾਸ ਵੇਗਾਸ ਵਿੱਚ ਪੋਰਨ ਫਿਲਮਾਂ ਦੇ ਇੱਕ ਵਪਾਰ ਮੇਲੇ ਨੂੰ ਗੇਲ ਇੰਜ ਬਿਆਨ ਕਰਦੀ ਹੈ, ”ਇਹ ਅਸਲ ਵਿੱਚ ਇੱਕ ਸਮਾਂਤਰ ਬ੍ਰਹਿਮੰਡ ਹੈ ਜਿਸ ਵਿੱਚ ਮਨੁੱਖਾਂ ਦੀ ਗੁੰਝਲ਼ਤਾ, ਜ਼ਿਦੰਗੀ ਦੀਆਂ ਬਹੁਤੇਰੀਆਂ ਖੁਸ਼ੀਆਂ ਅਤੇ ਡੂੰਘੇ ਸਬੰਧ, ਜੋ ਸਾਨੂੰ ਪੋਸ਼ਣ ਦਿੰਦੇ ਹਨ ਅਤੇ ਜ਼ਿੰਦਾ ਰੱਖਦੇ ਹਨ, ਗਾਇਬ ਹਨ। ਇਹਦੀ ਥਾਵੇਂ ਹਨ ਬਲੋਅ ਜੋਬ, ਖੜੇ ਹੋਏ ਲਿੰਗ, ਸ਼ੇਵ ਕੀਤੀਆਂ ਯੋਨੀਆਂ, ਆਪਰੇਸ਼ਨਾਂ ਨਾਲ਼ ਵਧਾਈਆਂ ਛਾਤੀਆਂ, ਸੁੱਜੀਆਂ ਗੁਦਾ ਅਤੇ ਵੀਰਜ ਦੀ ਬੇਰੋਕ ਪੂਰਤੀ।” ਇਸ ਵਪਾਰ ਮੇਲੇ ਵਿੱਚ ਗੇਲ ਪੋਰਨ ਫਿਲਮਾਂ ਦੇ ਕਈ ਨਿਰਮਾਤਾ-ਨਿਰਦੇਸ਼ਕਾਂ ਨੂੰ ਮਿਲ਼ੀ ਤੇ ਇਹ ਵੇਖਕੇ ਹੈਰਾਨੀ ਹੋਈ ਕਿ ਇਹਨਾਂ ਨਿਰਮਾਤਾ-ਨਿਰਦੇਸ਼ਕਾਂ ਨੂੰ ਅਸਲ ਸੈਕਸ ਨਾਲ਼ ਕੋਈ ਲੈਣ ਦੇਣ ਨਹੀਂ ਸੀ। ਲੈਂਗਿਕ ਸਸ਼ਤਰੀਕਰਨ (ਜਿਹਦਾ ਕਿ ਉਂਝ ਉਹ ਰੌਲ਼ਾ ਪਾਉਂਦੇ ਹਨ) ਨਾਲ਼ ਉਹਨਾਂ ਦਾ ਕੋਈ ਦੂਰ ਨੇੜੇ ਦਾ ਵਾਸਤਾ ਨਹੀਂ ਸੀ। ਸਗੋਂ ਉਹਨਾਂ ਦੀ ਦਿਲਚਸਪੀ ਸ਼ੇਅਰਾਂ ਅਤੇ ਸੱਟੇ ਵਿੱਚ ਸੀ ਅਤੇ ਚਿੰਤਾ ਇਹ ਸੀ ਕਿ ਪੋਰਨ ਨੂੰ ਹੋਰ ਵੱਧ ਰੋਮਾਂਚਕ ਕਿਵੇਂ ਬਣਾਇਆ ਜਾਵੇ, ਕਿਉਂਕਿ ਇੰਟਰਨੈੱਟ ਦੇ ਸ਼ੁਰੂਆਤੀ ਦੌਰਾਂ ਵਾਂਗ ਇਸ ਸਨਅਤ ਵਿੱਚ ਪੈਰ ਜਮਾਉਣਾ ਹੁਣ ਸੌਖਾ ਨਹੀਂ ਹੈ। ਉਹ ਹੋਰ ਵੱਧ ‘ਤਜ਼ਰਬੇ’ ਕਰਨੇ ਚਾਹੁੰਦੇ ਹਨ, ਭਾਵੇਂ ਕਿ ਇਹ ਤਜ਼ਰਬੇ ਇਹਨਾਂ ਕੁੜੀਆਂ ਲਈ ਕਿੰਨੇ ਵੀ ਖ਼ਤਰਨਾਕ ਕਿਉਂ ਨਾ ਹੋਣ। ਉਹਨਾਂ ਨੂੰ ਚਿੰਤਾ ਸੀ ਕਿ ਹਰ ਸਾਲ 15,000 ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਇੰਟਰਨੈੱਟ ‘ਤੇ ਮੁਫ਼ਤ ਉਪਲਬਧ ਹਨ ਤੇ ਜਾਅਲੀ ਸੀਡੀਆਂ ਦੀ ਮੰਡੀ ਵੀ ਗਰਮ ਹੈ ਅਤੇ ਉੱਪਰੋਂ ਇਹ ਸਨਅਤ ਨਵੇਂ ਫੁਰਨਿਆ ਤੋਂ ਸੱਖਣੀ ਹੁੰਦੀ ਜਾ ਰਹੀ ਹੈ। ”ਪੂਰਤੀ ਮੰਗ ਨਾਲ਼ੋਂ ਵੱਧ ਹੋ ਗਈ ਹੈ!”

ਹੋਰਨਾਂ ਸਰਮਾਏਦਾਰਾ ਸਨਅਤਾਂ ਵਾਂਗ ਗੇਲ ਮੁਤਾਬਕ ਪੋਰਨ ਵੀ ਇੱਕ ਅਜਿਹੀ ਸਨਅਤ ਬਣ ਚੁੱਕਾ ਹੈ ਜੋ ਸਿਰਫ਼ ਨਿਰਮਾਤਾ ਨਿਰਦੇਸ਼ਕਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਬੈਂਕਰਾਂ, ਸਾਫਟਵੇਅਰ ਨਿਰਮਾਤਾ, ਇੰਟਰਨੈੱਟ ਕੰਪਨੀਆਂ, ਹੋਟਲ ਚੇਨਾਂ ਅਤੇ ਸੈੱਲ ਫੋਨ ਆਦਿ ਨੂੰ ਵੀ ਆਪਣੇ ਕਲਾਵੇ ਵਿੱਚ ਲੈਂਦਾ ਹੈ। ਸ਼ੁੱਧ ਪੋਰਨ ਨਾਲ਼ ਜੁੜੇ ਸ਼ੁੱਧ ਲੋਕ ਹੀ ਨਹੀਂ ਸਗੋਂ ਹੋਰ ਕਈ ਸਨਅਤਾਂ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਲਗਰਾਂ ਵੀ ਪੋਰਨ ਵਿੱਚੋਂ ਆਪਣਾ ਮੁਨਾਫਾ ਕੁੱਟ ਰਹੀਆਂ ਹਨ। ਇਸ ਵਗਦੀ ਗੰਗਾ ਵਿੱਚ ਹੱਥ ਧੋਣੋ ਕੋਈ ਬਾਜ਼ ਨਹੀਂ ਆਉਂਦਾ, ਜਿਵੇਂ ਪੋਰਨ ਦੇ ਮੁੱਖ ਡਿਸਟਰੀਬਿਊਟਰਾਂ ਵਿੱਚੋਂ ਇੱਕ ਕੰਪਨੀ ਹੈ, ‘ਇਨ ਡਿਮਾਂਡ’ ਜਿਸ ਦੇ ਦੋ ਮਾਲਕ ਹਨ ‘ਕੋਮਕਾਸਟ’ ਅਤੇ ‘ਟਾਈਮ ਵਾਰਨਰ’ ਅਤੇ ‘ਟਾਈਮ ਵਾਰਨਰ’ ‘ਐਚ ਬੀ ਓ’ ਚੈਨਲ ਦਾ ਵੀ ਮਾਲਕ ਹੈ। ਟਾਈਮ ਵਾਰਨਰ ਦੇ ਹੋਰਨਾਂ ਵੈਂਚਰਾਂ ਵਿੱਚ ‘ਸੀ ਐਨ ਐਨ’ ਅਤੇ ‘ਐਮਾਜ਼ੋਨ’ ਵੀ ਸ਼ਾਮਲ ਹੈ। ਗੇਲ ਦੀ ਕਿਤਾਬ ਵਿਚਲਾ ਅਧਿਆਏ ‘ਬੈਕ ਸਟਰੀਟ ਤੋਂ ਵਾਲ ਸਟਰੀਟ’ ਤੱਕ ਅਜਿਹੀਆਂ ਕਈ ਸਫੈਦਪੋਸ਼ ਕੰਪਨੀਆਂ ਦਾ ਪਾਜ ਉਘੇੜਦਾ ਹੈ ਜੋ ਔਰਤ ਦੀ ਇਸ ਲੁੱਟ ਵਿੱਚੋਂ ਮੁਨਾਫਾ ਕੁੱਟਦੀਆਂ ਹਨ। ਜਿਹਨਾਂ ਵਿੱਚ ਮਾਈਕਰੋਸਾਫਟ, ਮੋਜ਼ਿਲਾ ਫਾਇਰਫਾਕਸ, ਐਪਲ ਦੀ ਸਫਾਰੀ, ਗੂਗਲ ਆਦਿ ਕਈ ਸ਼ਾਮਲ ਹਨ।

ਵਿਵਿਡ ਐਂਟਰਟੇਨਮੈਂਟ ਇੱਕ ਕੁੜੀ ਨਾਲ਼ ਲੰਬਾ ਠੇਕਾ ਹਸਤਾਖ਼ਰ ਕਰਦਾ ਹੈ। ਇਸੇ ਕਿਤਾਬ ਵਿੱਚ ਆਪਣੀ ਗੱਲ ਨੂੰ ਸਹੀ ਸਾਬਤ ਕਰਦੀ ਗੇਲ ਵਿਵਿਡ ਐਂਟਰਟੇਨਮੈਂਟ ਨੂੰ ਸਥਾਪਤ ਕਰਨ ਵਾਲ਼ੇ ਸਟੀਵ ਹਿਰਛ ਦਾ ਹਵਾਲਾ ਦਿੰਦੀ ਹੈ, ”ਜੇ ਮੈਂ ਇੱਕ ਕੁੜੀ ਨੂੰ ਫਿਲਮ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਅਤੇ ਮੈਂ ਧਨ ਦਾ ਰੁੱਗ ਭਰ ਕੇ ਫਿਲਮ ਦੀ ਪ੍ਰਮੋਸ਼ਨ ਅਤੇ ਮਾਰਕਿੰਟਿੰਗ ‘ਤੇ ਵੀ ਲਾ ਰਿਹਾ ਹੋਵਾਂਗਾ ਤਦ ਅਗਲੀ ਵਾਰ ਜਦ ਇੱਕ ਆਦਮੀ ਉਸ ਕੁੜੀ ਦੀ ਫਿਲਮ ਦੋਬਾਰਾ ਵੇਖਣੀ ਚਾਹੇਗਾ ਤਾਂ ਮੈਂ ਚਾਹਾਂਗਾ ਕਿ ਉਹ ਫਿਰ ਮੇਰੇ ਕੋਲ਼ ਹੀ ਆਵੇ। ਮੈਂ ਕਿਸੇ ਅਜਿਹੀ ਕੁੜੀ ਦੀ ਮਾਰਕਿੰਟਿੰਗ ਅਤੇ ਪ੍ਰਮੋਸ਼ਨ ਨਹੀਂ ਕਰਨਾ ਚਾਹਾਂਗਾ ਜਿਹੜੀ ਅਗਲੇ ਹਫ਼ਤੇ, ਅਗਲੇ ਮਹੀਨੇ ਜਾਂ ਅਗਲੇ ਸਾਲ ਕਿਸੇ ਹੋਰ ਦੀ ਫਿਲਮ ਵਿੱਚ ਹੋਵੇ।” ਸੋ ਨਿਰਮਾਤਾ, ਨਿਰਦੇਸ਼ਕਾਂ ਲਈ ਪੋਰਨ ਕੋਈ ਨਾਰੀ ਸਸ਼ਤਰੀਕਰਨ ਦਾ ਰਾਹ ਨਹੀਂ ਨਾ ਹੀ ਕੋਈ ਪ੍ਰਗਟਾਵੇ ਦੀ ਅਜ਼ਾਦੀ ਹੈ ਸਗੋਂ ਉਹਨਾਂ ਲਈ ਇਹ ਇੱਕ ਮੁਨਾਫਾ ਕੱਢਣ ਦਾ ਧੰਦਾ ਹੈ ਜਿਸਦੇ ਸ਼ੇਅਰ ਚੜ੍ਹਦੇ ਨੇ ਤੇ ਜਿਸ ‘ਤੇ ਸੱਟਾ ਲੱਗਦਾ ਹੈ ਤੇ ਫਿਰ ਕਰੋੜਾਂ ਡਾਲਰਾਂ ਦਾ ਮੀਂਹ ਵਰ੍ਹਦਾ ਹੈ। ਅਗਲੇ ਹੀ ਸਫ਼ੇ ‘ਤੇ ਗੇਲ ਇੱਕ ਹੋਰ ਤੱਥ ਵੱਲ ਆਉਂਦੀ ਹੈ। ਖੁਦ ਪੋਰਨ ਦੇ ਨਿਰਮਾਤਾ ਮੰਨਦੇ ਹਨ ਕਿ ਔਰਤਾਂ ਹਾਰਡ-ਕੋਰ ਪੋਰਨ ਪਸੰਦ ਨਹੀਂ ਕਰਦੀਆਂ। ਇਸ ਲਈ ਉਹਨਾਂ ਦਾ ਸਾਥੀ ਮਰਦ ਉਹਨਾਂ ਨੂੰ ਪਹਿਲਾਂ ਇੱਕ ਸਾਫਟ-ਕੋਰ ਕਹਾਣੀ ਅਧਾਰਤ ਪੋਰਨ ਵਿਖਾਉਂਦਾ ਹੈ ਤਾਂ ਕਿ ਔਰਤ ਨੂੰ ਪੋਰਨ ਨਾਲ਼ ਥੋੜਾ ਸਹਿਜ ਕੀਤਾ ਜਾ ਸਕੇ ਅਤੇ ਉਸ ਨੂੰ ਜਿਮਨਾਸਟਕੀ ਅਤੇ ਜ਼ਲਾਲਤ ਭਰੇ ਆਸਣਾਂ ਲਈ ਰਾਜ਼ੀ ਕੀਤਾ ਜਾ ਸਕੇ। ਇਹ ਇੱਕ ਸ਼ਿਕਾਰ ਫੜਨ ਵਾਂਗ ਹੈ ਅਤੇ ਫਿਰ ਉਸ ਸ਼ਿਕਾਰ ਦੇ ਸਾਰੇ ਨਾਰੀਤੱਵ ਨੂੰ ਕਲਮੇ ਪੜ੍ਹ-ਪੜ੍ਹ ਕੇ ਹੌਲ਼ੀ-ਹੌਲ਼ੀ ਹਲਾਲ ਕਰਨ ਵਾਂਗ ਹੈ। ਪਰ ਇਸੇ ਉਪਰੋਕਤ ਮਾਨਸਿਕਤਾ ਵਿੱਚ ਪੋਰਨ ਦਾ ਇੱਕ ਬੁਨਿਆਦੀ ਥੰਮ ਲੁਕਿਆ ਹੋਇਆ ਹੈ। ਉਹ ਹੈ ਮਰਦ ਦੀ ਮਰਦਾਨਗੀ ਨੂੰ ਪੱਠੇ ਪਾਉਣ ਦਾ! ਪਹਿਲਾਂ ਗੋਂਜ਼ੋ ਪੋਰਨ ਵਿਖਾ-ਵਿਖਾਕੇ ਇੱਕ ਮਰਦ ਦਾ ‘ਬਰੇਨ-ਵਾਸ਼’ ਕੀਤਾ ਜਾਂਦਾ ਹੈ। ਉਹ ਮਰਦ ਆਪਣੀ ਸਾਥੀ ਜਾਂ ਪਤਨੀ ਤੋਂ ਵੀ ਅਜਿਹਾ ਹੀ ਸੈਕਸ ਲੋਚਦਾ ਹੈ ਤੇ ਆਖ਼ਰ ਉਹਨੂੰ ਇੰਨਾ ਕੁ ਹਿਰਦੇਹੀਣ ਬਣਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਸਾਥੀ ਨੂੰ ਇੱਕ ਸ਼ਿਕਾਰ ਵਾਂਗ ਪਲੋਸਦਾ ਹੋਇਆ ਪਹਿਲਾਂ ਸਾਫ਼ਟ ਕੋਰ ਅਤੇ ਫਿਰ ਹਾਰਡ ਕੋਰ ਦਿਖਾਉਂਦਾ ਹੈ। ਉਹਨੂੰ ਔਰਤ ਦੇ ਦੁੱਖ, ਦਰਦ, ਅਸੁਵਿਧਾ ਅਤੇ ਜ਼ਲਾਲਤ ਨਾਲ਼ ਕਾਮ ਚੜ੍ਹਨ ਲੱਗ ਪੈਂਦਾ ਹੈ ਅਤੇ ਉਹ ਅਜਿਹਾ ਸਿਰਫ਼ ਇਸ ਲਈ ਕਰਦਾ ਹੈ ਕਿਉਂਕਿ ਪੋਰਨ ਉਹਨੂੰ ਅਜਿਹਾ ਕਰਨ ਲਈ ਮੂਕ ਰੂਪ ਵਿੱਚ ਸਹਿਮਤ ਕਰਵਾਉਂਦਾ ਹੈ। ਇੱਕ ਔਰਤ ਜਿਸ ਨੂੰ ਉਹ ਦਿਲੋਂ ਜਾਨ ਤੋਂ ਚਾਹੁੰਦਾ ਹੈ ਉਸ ਨਾਲ਼ ਆਪਣਾ ਜੀਵਨ ਬਿਤਾਉਣ ਦੇ ਸੁਪਨੇ ਵੇਖਦਾ ਹੈ, ਉਸ ਔਰਤ ਨੂੰ ਸੂਈ ਵੀ ਚੁੱਭੇ ਤਾਂ ਦਰਦ ਉਹ ਆਪ ਮਹਿਸੂਸ ਕਰਦਾ ਹੈ ਅਤੇ ਫਿਰ ਉਹ ਪੋਰਨ ਦੀ ਲੱਤ ਲਵਾ ਬਹਿੰਦਾ ਹੈ ਤੇ ਉਸੇ ਔਰਤ ਨਾਲ਼ ਦੁਨੀਆਂ ਭਰ ਦੀ ਕਰੂਰਤਾ ਕਰਦਾ ਹੋਇਆ ਕਾਮੁਕਤਾ ਮਹਿਸੂਸ ਕਰਦਾ ਹੈ। ਉਹ ਜਦ ਵੀ ਆਪਣੀ ਸਾਥੀ ਜਾਂ ਪਤਨੀ ਨਾਲ਼ ਬਿਸਤਰ ਵਿੱਚ ਜਾਂਦਾ ਹੈ ਤਾਂ ਉਹ ਔਰਤ ਉਹਦੇ ਲਈ ਇੱਕ ਕਾਮੁਕ-ਆਨੰਦ ਵਾਲ਼ੀ ਵਸਤ ਵਿੱਚ ਵੱਟ ਜਾਂਦੀ ਹੈ ਅਤੇ ਬਸ ਇਹੀ ਉਹ ਵਰਤਾਰਾ ਹੈ ਜਿਸਨੂੰ ਪੋਰਨ ਪੈਦਾ ਕਰਦਾ ਅਤੇ ਵਧਾਵਾ ਦਿੰਦਾ ਹੈ ਅਤੇ ਤ੍ਰਾਸਦੀ ਇਹ ਕਿ ਪ੍ਰਭਾਵਿਤਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕਦ ਹਿਰਦੇਹੀਣ ਹੋ ਗਏ!  ਸੰਵੇਦਨਹੀਣਤਾ ਅਤੇ ਹਿਰਦੇਹੀਣਤਾ ਦੀ ਇਸੇ ਕੜੀ ਵਿੱਚ ਡਾਈਨਜ਼ ਦੀ ਕਿਤਾਬ ਵਿੱਚੋਂ ਇੱਕ ਅੰਕੜਾ ਦੇਣਾ ਚਾਹਾਂਗਾ 8 ਤੋਂ 16 ਸਾਲ ਦੇ 90 ਫੀਸਦੀ ਬੱਚਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਦੀ ਨਾ ਕਦੀ ਪੋਰਨ ਵੇਖਿਆ ਹੁੰਦਾ ਹੈ ਤਾਂ ਇਹਦਾ ਮਤਲਬ ਇਹ ਵੀ ਹੈ ਕਿ ਇੱਕ ਪੂਰੀ ਦੀ ਪੂਰੀ ਪੀੜੀ ਹੈ ਜੋ ਸਮਝਦੀ ਹੈ ਕਿ ਸੈਕਸ ‘ਮਨੀ ਸ਼ਾਟ’ ਨਾਲ਼ ਖ਼ਤਮ ਹੁੰਦਾ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪੀੜੀ ਵੱਡੀ ਹੋ ਕੇ ਸੰਵੇਦਨਹੀਣਤਾ ਦੇ ਕਿਸ ਪੱਧਰ ਤੱਕ ਪਹੁੰਚ ਜਾਵੇਗੀ।

ਡਾਈਨਜ਼ ਲਿਖਦੀ ਹੈ ਕਿ ਇੱਕ ਹੋਰ ਗੱਲ ਹੈ ਜੋ ਹਾਰਡ-ਕੋਰ ਪੋਰਨ ਸਥਾਪਤ ਕਰਦਾ ਹੈ, ਜਦ ਉਹ ਇੱਕ ਔਰਤ ਨਾਲ਼ ਕਈ ਮਰਦਾਂ ਦੇ ਸੰਭੋਗ ਦੇ ਸੀਨ ਦਿਖਾਉਂਦਾ ਹੈ। ਉਹ ਇਹ ਧਾਰਨਾ ਸਥਾਪਤ ਕਰਦਾ ਹੈ ਕਿ ਔਰਤ ਨੂੰ ਜਦ ਕਾਮ ਚੜ੍ਹਦਾ ਹੈ ਤਾਂ ਮਰਦਾਂ ਦੀ ਕੋਈ ਵੀ ਗਿਣਤੀ ਉਸਨੂੰ ਸੰਤੁਸ਼ਟ ਨਹੀਂ ਕਰ ਸਕਦੀ। ਔਰਤ ਤਾਂ ਇੰਸਟਿੰਕਟ ਪੱਖੋਂ ਹੀ ਮਹਾਂ ਕਾਮੀ ਹੈ। ਹਾਲੀਵੁੱਡ ਫਿਲਮ ‘ਬੇਸਿਕ ਇੰਸਟਿੰਕਟ’ ਦਾ ਸਾਰ ਤੱਤ ਵੀ ਇਹੀ ਹੈ ਕਿ ਪੋਰਨ ਵਰਗਾ ਸੈਕਸ ਹੀ ਮਨੁੱਖੀ ਇੰਸਟਿੰਕਟ ਹੈ। ਭਾਵੇਂ ਉੱਪਰ ਅਸੀਂ ਪੋਰਨ ਉੱਤੇ ਕਾਫ਼ੀ ਗੱਲ ਕਰ ਆਏ ਹਾਂ ਪਰ ਫਿਰ ਵੀ ਕੋਈ ਕਹਿ ਸਕਦਾ ਹੈ ਕਿ ”ਹਮਲਾ” ਬਹੁਤ ਵੱਡਾ ਲਫਜ਼ ਹੈ, ਪਰ ਗੇਲ ਦੀ ਸ਼ਬਦਾਂ ਵਿੱਚ ਕਿ ਸਰਜਰੀ ਕੀਤੇ ਔਸਤ ਨਾਲ਼ੋਂ ਵੱਡੇ ਲਿੰਗ ਨਾਲ਼ ਔਰਤ ਦੇ ਗੁਪਤ ਅੰਗਾਂ ਨੂੰ ਸੁਜਾ ਦੇਣਾ, ਗੈਗਿੰਗ ਦੌਰਾਨ ਲਿੰਗ ਉਹਦੇ ਗਲ਼ੇ ਤੱਕ ਵਾੜਨਾ ਤੇ ਸਾਹ ਤੱਕ ਨਾ ਆਉਣ ਦੇਣਾ ਇਹ ਹਮਲਾ ਨਹੀਂ ਤਾਂ ਕੀ ਹੈ? ਕਿਸੇ ਦਾ ਸਾਹ ਘੁੱਟਣਾ ਤਾਂ ਇਰਾਦਾ-ਏ-ਕਤਲ ਅਧੀਨ ਆਉਂਦਾ ਹੈ, ਫਿਰ ਗੈਗਿੰਗ ਕਿਉਂ ਸਹੀ ਹੈ?

ਮਨੁੱਖੀ ਦਿਮਾਗ਼ ਲਈ ਕਈ ਵਾਰ ਦੇਖ ਲਈਆਂ ਤਸਵੀਰਾਂ ਬੇਅਸਰ ਹੁੰਦੀਆਂ ਜਾਂਦੀਆਂ ਹਨ ਅਤੇ ‘ਆਮ’ ਹੋ ਜਾਂਦੀਆਂ ਹਨ। ਅੱਜ ਤੋਂ ਕੁੱਝ ਦਹਾਕੇ ਪਹਿਲਾਂ ਜਿਨੀ ਕੁ ਨਗਨਤਾ ਪੋਰਨ ਦੇ ਨਾਮ ‘ਤੇ ਲੁਕ-ਲੁਕ ਵੇਖੀ ਜਾਂਦੀ ਸੀ ਹੁਣ ਤਾਂ ਇਹ ਮਸ਼ਹੂਰੀਆਂ ਵਿੱਚ ਵੀ ਉਸ ਤੋਂ ਵੱਧ ਹੋ ਗਈ ਹੈ ਅਤੇ ਸਾਡੇ ਲਈ ਇਹ ਆਮ ਹੈ। ਸਾਡੇ ਲਈ ਜੋ ਹੁਣ ਆਮ ਹੋ ਗਿਆ ਹੈ ਉਹ ਗੇਲ ਦੇ ਸ਼ਬਦਾਂ ਵਿੱਚ ਇਹ ਹੈ-

“ਇੱਕੋ ਸਮੇਂ ਇੱਕ ਔਰਤ ਦੀ ਯੋਨੀ, ਗੁੱਦਾ ਅਤੇ ਮੂੰਹ ਨੂੰ ਭੋਗਣਾ
ਡਬਲ ਐਨਲ, ਇੱਕੋ ਸਮੇਂ ਦੋ ਮਰਦਾਂ ਵੱਲੋਂ ਔਰਤ ਦੀ ਗੁੱਦਾ ਨੂੰ ਭੋਗਣਾ
ਡਬਲ ਵੈਜੀਨਾ, ਇੱਕ ਸਮੇਂ ਦੋ ਮਰਦਾਂ ਵੱਲੋਂ ਔਰਤ ਦੀ ਯੋਨੀ ਨੂੰ ਭੋਗਣਾ
ਗੈਗਿੰਗ, ਜਿਸ ਵਿੱਚ ਔਰਤ ਦੇ ਮੂੰਹ ਵਿੱਚ ਲਿੰਗ ਇੰਨੀ ਅੱਗੇ ਧੱਕਣਾ ਕਿ ਉਹਦਾ ਦਮ ਘੁਟ ਜਾਵੇ ਅਤੇ ਕਈ ਵਾਰ ਤਾਂ ਉਲਟੀ ਆਉਣ ਤੱਕ।
ਏ.ਟੀ.ਐਮ. (ਐਸ ਟੂ ਮਾਊਥ) ਮਤਲਬ ਗੁੱਦਾ ਵਿੱਚੋਂ ਲਿੰਗ ਕੱਢਕੇ ਬਿਨਾਂ ਸਾਫ਼ ਕੀਤੇ ਉਹਦੇ ਮੂੰਹ ਵਿੱਚ ਪਾ ਦੇਣਾ।

ਅਤੇ ਬੱਕ ਕੇਕ ਜਾਣੀ ਕਈ ਗਿਣਤੀ ਮਰਦਾਂ ਵੱਲੋਂ ਔਰਤ ਦੇ ਮੂੰਹ ਉੱਤ ਸਖਲਤ ਹੋਣਾ ਜਾਂ ਫਿਰ ਉਹਨੂੰ ‘ਮਨੀ ਸ਼ਾਟ’ ਦੇਣਾ ਜਿਸ ਵਿੱਚ ਇੱਕ ਕੱਪ ਵਿੱਚ ਸਾਰੇ ਮਰਦ ਸਖਲਤ ਹੁੰਦੇ ਹਨ ਅਤੇ ਔਰਤ ਉਸਨੂੰ ਪੀ ਜਾਂਦੀ ਹੈ”

ਸੋ ਇਹ ਹੈ ਅੱਜ ਦਾ ਪੋਰਨ! ਕੀ ਇਹ ਜਾਇਜ਼ ਹੈ? ਉਪਰੋਕਤ ਜੋ ਦਰਸਾਇਆ ਗਿਆ ਹੈ। ਇਹ ਹੈ ਉਹ ‘ਵਿਅਕਤੀ ਦੇ ਪ੍ਰਗਟਾਵੇ ਦੀ ਆਜ਼ਾਦੀ’ ਜਿਸ ਲਈ ਪੋਰਨ ਬੈਨ ਦੇ ਡਰਾਮੇ ਵੇਲ਼ੇ ਸਾਡੇ ਕਈ ਅਖੌਤੀ ਜਮਹੂਰੀਅਤ ਪਸੰਦਾਂ ਚੀਕ ਚਿਹਾੜਾ ਪਾਇਆ ਸੀ। ਇਸੇ ਨੂੰ ਇਹ ਪ੍ਰਗਟਾਵੇ ਦੀ ਅਜ਼ਾਦੀ ਦੇ ‘ਪਹਿਰੇਦਾਰ’ ਸੈਕਸ ਕਹਿੰਦੇ ਹਨ। ਪਰ ਅਸਲ ਵਿੱਚ ਇਹ ਕੋਈ ਸੈਕਸ ਨਹੀਂ ਹੈ ਇਹ ਤਾਂ ਇੱਕ ਔਰਤ ਦੇ ਸਭ ਜਮਹੂਰੀ ਹੱਕਾਂ ਦਾ ਜ਼ਬਰੀ ਅਤੇ ਘਿਨਾਉਣਾ ਘਾਣ ਹੈ। ਇਹ ਜਿੱਥੇ ਮਰਦ ਦੀ ਸੱਤਾ ਅਤੇ ਉਹਦੀ ‘ਮਰਦਾਨਗੀ’ ਦਾ ਪ੍ਰਗਟਾਵਾ ਹੈ ਉੱਥੇ ਹੀ ਇਹ ਔਰਤ ਦੇ ਨਾਰੀਤਵ ਦਾ ਬਲਾਤਕਾਰ ਹੈ। ਜੇਕਰ ਔਰਤ ਦੀ ਮਰਜ਼ੀ ਤੋਂ ਬਗੈਰ ਜ਼ਬਰੀ ਸੰਭੋਗ ਬਲਾਤਕਾਰ ਹੁੰਦਾ ਹੈ ਤਾਂ ਫਿਰ ਇੱਕ ਔਰਤ ਨੂੰ ਨਸ਼ਿਆਂ ਦੀ ਲੱਤ ਲਾਕੇ ਜਾਂ ਪੈਸੇ ਬਦਲੇ ਉਹਦੇ ਹਰ ਇੱਕ ਛੇਕ ਨੂੰ ਪਾੜਨ ਤੱਕ ਸੈਕਸ ਕਰਨਾ ਬਲਾਤਕਾਰ ਕਿਉਂ ਨਹੀਂ ਹੈ? ਇਹ ਸਾਡੇ ਉਪਰੋਕਤ ਜਮਹੂਰੀਅਤ ਪਸੰਦਾਂ ਦੇ ਕਰ ਕਮਲਾਂ ਕਰਕੇ ਵੀ ਹੈ! ਕਿਉਂਕਿ ਉਹਨਾਂ ਮੁਤਾਬਕ ਇਹ ਤਾਂ ਪ੍ਰਗਟਾਵੇ ਦੀ ਆਜ਼ਾਦੀ ਹੈ! ਰਾਬਰਟ ਜੈਨਸਨ ਦੇ ਸ਼ਬਦਾਂ ਵਿੱਚ, ”ਪੋਰਨ ਮਰਦਾਂ ਨੂੰ ਅਜਿਹੀਆਂ ਸੰਭੋਗੀ ਜਿਮਨਾਸਟਿਕ ਅਤੇ ਸਰਕਸੀ ਪੇਸ਼ਕਾਰੀਆਂ ਪੇਸ਼ ਕਰਦਾ ਹੈ ਜੋ ਔਰਤਾਂ ਪ੍ਰਤੀ ਵਹਿਸ਼ਤ ਨਾਲ਼ ਭਰੀਆਂ ਹੁੰਦੀਆਂ ਹਨ, ਉਹ ਔਰਤਾਂ ਦੀ ਜ਼ਲਾਲਤ ਨੂੰ ਕਾਮੁਕ ਬਣਾਕੇ ਪੇਸ਼ ਕਰਦੇ ਹਨ।” ਬਿਲਕੁਲ ਇਹੀ ਉਹ ਕਰਦੇ ਹਨ ਉਹ ਜ਼ਲਾਲਤ ਅਤੇ ਕਾਮੁਕਤਾ ਨੂੰ ਸਮਾਨਅਰਥੀ ਬਣਾ ਰਹੇ ਹਨ। ਹੁਣ ਭਲਾ ਏ.ਟੀ.ਐਮ. ਜਾਂ ਗੈਗਿੰਗ ਕਿਸ ਔਰਤ ਨੂੰ ਪਸੰਦ ਹੋਵੇਗੀ? ਕ੍ਰਿਸਟਨ ਐਂਡਰਬਰਗ ਦਾ ਇਹ ਕਥਨ ਹੋਰ ਸਟੀਕ ਹੈ, ”ਇੱਕ ਅੱਤ ਸੋਹਣੀ ਕੁੜੀ ਦੁਆਰਾ ਪੈਸਿਆਂ ਖਾਤਰ ਇੱਕ ਲਾਰ ਟਪਕਾਉਂਦੇ ਮਰਦ ਦੀ ਹੱਥਰੱਸੀ ਕਰਨ ਦਾ ਸੀਨ ਮੈਨੂੰ ਕਿਸੇ ਵੀ ਤਰਾਂ ਕਾਮੁਕ ਨਹੀਂ ਲੱਗਦਾ।” ਔਰਤ ਦੀ ਲੈਂਗਿਕ ਅਸੁਵਿਧਾ ਨੂੰ ਕਾਮੁਕ ਬਣਾਕੇ ਪੇਸ਼ ਕਰਨਾ, ਸੈਕਸ ਕਿਵੇਂ ਕਿਹਾ ਜਾ ਸਕਦਾ ਹੈ? ਅਤੇ ਹੋਰ ਇਹ, ਕਿ ਇੱਕ ਔਰਤ ਨਾਲ਼ ਹੰਝੂ ਕਢਵਾਉਣ ਦੀ ਹੱਦ ਤੱਕ ਸੰਭੋਗੀ ਕਿਰਿਆਵਾਂ ਕਰਨਾ ਪਿੱਤਰਸੱਤਾ ਵਿਰੋਧੀ ਕਿਵੇਂ ਹੈ? ਪਰ ਫਿਰ ਵੀ ਇਸ ਨੂੰ ਦੇਖਿਆ ਜਾਂਦਾ ਹੈ, ਗੁਲਾਮ ਗਲੈਡੀਏਟਰਾਂ ਦੀਆਂ ਵਹਿਸ਼ਤ ਭਰੀਆਂ ਲੜਾਈਆਂ ਵਾਂਗ ਇਸ ਤੋਂ ਮਜ਼ਾ ਲਿਆ ਜਾਂਦਾ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਅਗਲੀ ਵਾਰ ਗਲੈਡੀਏਟਰ ਹੋਰ ਵਹਿਸ਼ਤ ਦਿਖਾਉਣਗੇ। ਇਸੇ ”ਹੋਰ ਵਹਿਸ਼ਤ ਦੀ ਆਸ” ਵਿੱਚੋਂ ਹੀ ‘ਬੀ. ਡੀ. ਐਸ. ਐਮ.’ ਨਿੱਕਲ਼ਿਆ ਹੈ।

‘ਬੀ. ਡੀ. ਐਸ. ਐਮ.’ ਉਹ ਪੋਰਨ ਹੈ ਜਿਸ ਵਿੱਚ ਔਰਤ ਨੂੰ ਵੱਖ-ਵੱਖ ਤਰੀਕਿਆਂ ਨਾਲ਼ ਤਸੀਹੇ ਦੇ ਕੇ ਸੈਕਸ ਕੀਤਾ ਜਾਂਦਾ ਹੈ। ਪਿੱਛੇ ਜਿਹੇ ਹਾਲੀਵੁੱਡ ਦੇ ਬੁਰਜੂਆ ਮੁੱਖ-ਧਾਰਾ ਸਿਨੇਮਾ ਨੇ ਇੱਕ ਫਿਲਮ ‘ਫਿਫਟੀ ਸ਼ੇਡਜ਼ ਆਫ਼ ਗਰੇਅ’ ਪੋਰਨ ਦੀ ਇਸੇ ਧਾਰਾ ਉੱਤੇ ਰਿਲੀਜ਼ ਕੀਤੀ। ਬੀ ਡੀ ਐਸ ਐਮ ਦਾ ਪੂਰਾ ਨਾਮ ਹੈ, ਬੋਂਡੇਜ-ਡੋਮੀਨੇਸ਼ਨ-ਸਬਮੀਸ਼ਨ ਅਤੇ ਮਾਚੋਇਜ਼ਮ। ਇਹ ਗੋਂਜ਼ੋ ਪੋਰਨ ਦਾ ਸਭ ਤੋਂ ਘਿਨਾਉਣਾ ਰੂਪ ਹੈ। ਜਿਸ ਵਿੱਚ ਕਈ ਤਰਾਂ ਦੇ ਸੰਦਾਂ ਨਾਲ਼ ਔਰਤ ਨੂੰ ਨਾ ਸਿਰਫ਼ ਬੰਨਿਆ ਜਾਂਦਾ ਹੈ ਸਗੋਂ ਉਹਦੇ ਗੁਪਤ ਅੰਗਾਂ ਨੂੰ ਮਰੋੜਿਆ ਅਤੇ ਕੁਚਲਿਆ ਜਾਂਦਾ ਹੈ ਅਤੇ ਉੱਤੋਂ ਲਾਹਨਤ ਇਹ, ਕਿ ਇਸ ਨੂੰ ਸੈਕਸ ਕਿਹਾ ਜਾਂਦਾ ਹੈ ਤੇ ਦਰਸਾਇਆ ਜਾਂਦਾ ਹੈ ਕਿ ਔਰਤ ਨੂੰ ਇਹ ਸਭ ਪਸੰਦ ਆਉਂਦਾ ਹੈ। ਬੀ. ਡੀ. ਐਸ. ਐਮ. ਵਿੱਚ ਕੋਈ ਮਰਦ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਹੈ। ਅਸਲ ਵਿੱਚ ਲੋਕ ਸਰਮਾਏਦਾਰਾ ਜੀਵਨ ਦੀ ਕਵਾਇਦ ਤੋਂ ਅੱਕ ਚੁੱਕੇ ਹਨ। ਗੋਰਕੀ ਦੀ ਕਹਾਣੀ ‘ਅਕੇਵੇਂ ਦੇ ਮਾਰੇ’ ਦੇ ਪਾਤਰਾਂ ਵਾਂਗ ਉਹ ਕਿਸੇ ਦੀ ਮੌਤ ਵਰਗੀ ਜ਼ਿੰਦਗੀ ‘ਚੋਂ ਵੀ ਅਨੰਦ ਲੱਭਣ ਲੱਗ ਪੈਂਦੇ ਹਨ। ਗੇਲ ਇਸ ਵਿਚਾਰ ਤੱਕ ਨਹੀਂ ਅੱਪੜਦੀ ਕਿ ਸਰਮਾਏਦਾਰੀ ਦੁਆਰਾ ਪੈਦਾ ਕੀਤੀ ਬੇਗਾਨਗੀ ਦਾ ਸੈਕਸ ਵਿੱਚ ਕਰੂਰਤਾ ਭਰਿਆ ਪ੍ਰਗਟਾਵਾ ਹੀ ਬੀ. ਡੀ. ਐਸ. ਐਮ. ਹੈ। ਪੋਰਨ ਵੀ ਅਸਲ ਵਿੱਚ ਸੈਕਸ ਵਿਚਲੀ ਬੇਗਾਨਗੀ ਹੈ ਅਤੇ ਸਰਮਾਏਦਾਰੀ ਨਿਜ਼ਾਮ ਦੀ ਪੈਦਾ ਕੀਤੀ ਹੈ।

ਪੋਰਨ ਜਗੀਰੂ ਪਿੱਤਰਸੱਤਾ ਦੀ ਹੀ ਲਗਾਤਾਰਤਾ ਹੈ। ਜਗੀਰੂ ਸਮਾਜ ਵਿੱਚ ਔਰਤ ਆਪਣੇ ਮਰਦ ਦੀ ਸੇਵਾਦਾਰ ਸੀ। ਔਰਤ ਦਾ ਇੱਕੋ-ਇੱਕ ਟੀਚਾ ਆਪਣੇ ਮਰਦ ਨੂੰ ਖੁਸ਼ੀ ਦੇਣਾ, ਉਹਨੂੰ ਰਿਝਾਉਣਾ, ਉਹਦੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਉਹਦੀ ਸੇਵਾ ਕਰਨੀ ਹੀ ਸੀ। ਇਹਦਾ ਵਿਰੋਧ ਕਰਨ ਦੀ ਸੂਰਤ ਵਿੱਚ ਉਹਨੂੰ ਮੌਤ ਤੱਕ ਦਿੱਤੀ ਜਾ ਸਕਦੀ ਸੀ। ਸਰਮਾਏਦਾਰੀ ਸਮਾਜ ਵਿੱਚ ਕਿਉਂਕਿ ਔਰਤਾਂ ਵਿੱਚ ਕੁੱਝ ਚੇਤਨਾ ਆ ਗਈ ਤਾਂ ਪਿੱਤਰਸੱਤਾ ਨੇ ਕੰਨ ਹੱਥ ਘੁਮਾਕੇ ਫੜਨਾ ਸ਼ੁਰੂ ਕਰ ਦਿੱਤਾ। ਹੁਣ ਔਰਤ ਨੂੰ ਉਪਰੋਕਤ ਸਭ ਕੁੱਝ ਕਰਨ ਲਈ ਪ੍ਰੇਰਿਆ ਜਾਂਦਾ ਹੈ, ਸਹਿਮਤੀ ਲਈ ਜਾਂਦੀ ਹੈ। ਜਿਵੇਂ ਜੇਮਜ਼ ਬਾਂਡ ਦੀਆਂ ਫਿਲਮਾਂ ਵਿੱਚ ਸ਼੍ਰੀਮਾਨ ਜ਼ੀਰੋ ਜ਼ੀਰੋ ਸੈਵਨ ਤਾਂ ਦੁਸ਼ਮਣਾਂ ਨੂੰ ਖਤਮ ਕਰਨ ਵਿੱਚ ਆਪਣੀ ਮਰਦਾਨਗੀ ਦਿਖਾਉਂਦੇ ਹਨ ਤਾਂ ਉੱਥੇ ਹੀ ‘ਬਾਂਡ ਗਰਲਜ਼’ ਦਾ ਕੰਮ ਜੇਮਜ਼ ਬਾਂਡ ਨੂੰ ਰਿਝਾਉਣਾ ਹੁੰਦਾ ਹੈ। ਜਿੱਥੇ ਬਾਂਡ ਜਗੀਰੂ ਮਰਦਾਂ ਵਾਂਗ ਕਿਸੇ ਔਰਤ ਦੇ ‘ਚੱਕਰ ਵਿੱਚ ਨਹੀਂ ਫੱਸਦਾ’, ਉਹ ਔਰਤ ਨੂੰ ਟੋਂਹਦਾ ਹੈ, ਇੱਕ ਨਿਰਜੀਵ ਤੱਕਣੀ ਤੱਕਦਾ ਹੈ, ਔਰਤ ਬਾਰੇ ਫੈਸਲਾ ਕਰਨ ਦਾ ਹੱਕ ਉਹਦੇ ਕੋਲ਼ ਹੈ, ਉੱਥੇ ਹੀ ‘ਬਾਂਡ ਗਰਲ’ ਉਹਦੀ ‘ਇਸੇ ਮਰਦਾਨਗੀ’ ‘ਤੇ ਮਰਦੀ ਹੈ। ਹੁਣ ਇਸੇ ਵਿਚਾਰ ਨੂੰ ਜੇਕਰ ਸੈਕਸ ਵਿੱਚ ਪ੍ਰਗਟਾਉਣਾ ਹੋਵੇ ਤਾਂ ਉਹ ਪੋਰਨ ਹੋ ਨਿੱਬੜਦਾ ਹੈ।

ਅਗਲੇ ਅੰਕ ਵਿੱਚ ਜ਼ਾਰੀ…

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements