ਹਾਲੀਵੁੱਡ ਫਿਲਮਾਂ ਦੀ ਨਾਰੀ ਮੁਕਤੀ ਪ੍ਰੀਭਾਸ਼ਾ : ਬੋਲਣਾ ਘੱਟ ਪਰ ਨੰਗੇਜ਼ ਵੱਧ •ਅਜੇ ਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਮਰੀਕਾ ਦੀ ਦੱਖਣੀ ਕੈਲੀਫੋਰਨੀਆ ਯੂਨੀਵਰਸਟੀ ਦੇ ‘ਐਨੇਬਰਗ ਸਕੂਲ ਆਫ਼ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ’ ਨੇ 2011 ਵਿੱਚ ਹਾਲੀਵੁੱਡ ਦੀਆਂ 2008 ਉੱਪਰਲੀਆਂ ਹਿੱਟ 100 ਫਿਲਮਾਂ ਬਾਰੇ ਇੱਕ ਅੰਕੜਾ ਨਸ਼ਰ ਕੀਤਾ ਜਿਸ ਮੁਤਾਬਕ ਇਹਨਾਂ ਫਿਲਮਾਂ ਵਿੱਚ ਕੁੱਲ ਬੋਲਣ ਵਾਲ਼ੇ ਹਿੱਸਿਆਂ ਵਿੱਚੋਂ 67 ਫੀਸਦੀ ਹਿੱਸਾ ਮਰਦਾਂ ਦਾ ਸੀ ਤੇ ਸਿਰਫ਼ 33 ਫੀਸਦੀ ਔਰਤਾਂ ਹਿੱਸੇ ਆਇਆ। ਫਿਰ ਔਰਤਾਂ ਦੇ ਹਿੱਸੇ ਕੀ ਆਇਆ? ਤਾਂ ਇਹਦਾ ਜਵਾਬ ਹੈ ਕਿ ਇਹਨਾਂ ਫਿਲਮਾਂ ਵਿੱਚ ਕੁੱਲ ਸਮੇਂ ਦਾ 40 ਫੀਸਦੀ ਕਿਸ਼ੋਰ ਅਦਾਕਾਰ ਕੁੜੀਆਂ ਨੂੰ ਉਤੇਜਕ ਦਿਖਾਉਣ ਵਿੱਚ ਲੱਗਾ। ਇਸਦੇ ਨਾਲ਼ 32 ਫੀਸਦੀ ਔਰਤ ਪਾਤਰਾਂ ਦੀ 21 ਤੋਂ 39 ਸਾਲ ਦੀਆਂ ਦਿਖਾਈਆਂ ਗਈਆਂ ਜਦ ਕਿ 30 ਫੀਸਦੀ ਇਸਤੋਂ ਵੱਧ ਉਮਰ ਦੀਆਂ। ਇੱਕ ਅੰਕੜਾ ਇਹ ਹੈ ਕਿ ਫਿਲਮਾਂ ਵਿੱਚ ਕੁੱਲ ਔਰਤ ਪਾਤਰਾਂ ਨੂੰ ਜਿੰਨੀ ਵਾਰ ‘ਆਕਰਸ਼ਕ’ ਆਖਿਆ ਗਿਆ ਉਸ ਵਿੱਚੋਂ 29 ਫੀਸਦੀ ਕਿਸ਼ੋਰ ਕੁੜੀਆਂ ਨੂੰ ਕਿਹਾ ਗਿਆ, 18 ਫੀਸਦੀ 21 ਤੋਂ 39 ਸਾਲ ਅਤੇ ਸਿਰਫ਼ 8 ਫੀਸਦੀ 40 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ। ਸਾਫ਼ ਹੈ ਕਿ ਸਰਮਾਏਦਾਰੀ ਦੇ ਸੱਭਿਆਚਾਰਕ ਕੇਂਦਰਾਂ ਵਿੱਚ ਵੀ ਔਰਤਾਂ ਪ੍ਰਤੀ ਜਗੀਰੂ ਸੋਚ ਦੀ ਖਰੀਦੋ-ਫਰੋਖਤ ਹੀ ਕੀਤੀ ਜਾਂਦੀ ਹੈ। ਇਸੇ ਤਰਾਂ ਕਾਮੁਕ ਪਾਤਰਾਂ ਵਿੱਚ ਔਰਤਾਂ ਹੀ ਵਿੱਕਰੀ ਲਈ ਲਾਈਆਂ ਗਈਆਂ ਹਨ ਜਿਵੇਂ ਇਹਨਾਂ ਫਿਲਮਾਂ ਵਿੱਚ ਕੁੱਲ ਪਾਤਰਾਂ ਵਿੱਚ ਕਾਮੁਕ ਪਾਤਰਾਂ ਦੀ ਫੀਸਦ ਦਰ ਮਰਦਾਂ ਲਈ 5 ਫੀਸਦੀ ਸੀ ਪਰ ਔਰਤਾਂ ਲਈ 26 ਫੀਸਦੀ ਸੀ ਇਸੇ ਤਰਾਂ ਨੰਗੇ ਪਾਤਰਾਂ ਵਿੱਚ ਮਰਦ 8 ਫੀਸਦੀ ਜਦ ਕਿ ਔਰਤਾਂ 24 ਫੀਸਦੀ ਸਨ।

ਉਪਰੋਕਤ ਸਕੂਲ ਨੇ ਜਦ 2015 ਦੀਆਂ ਹਿੱਟ 100 ਹਾਲੀਵੁੱਡ ਫਿਲਮਾਂ ਦਾ ਦੁਬਾਰਾ ਸਰਵੇਖਣ ਕੀਤਾ ਤਾਂ ਅੰਕੜੇ ਹੋਰ ਵੀ ਔਰਤ ਵਿਰੋਧੀ ਰੂਪ ਵਿੱਚ ਬਦਲੇ। 4,370 ਕੁੱਲ ਬੋਲਦੇ ਅਤੇ ਨਾਮ ਵਾਲ਼ੇ ਪਾਤਰਾਂ ਵਿੱਚ 68.6% ਮਰਦ ਸਨ ਜਦ ਕਿ 31.4% ਔਰਤ ਪਾਤਰ ਸਨ ਯਾਨੀ 2008 ਦੇ ਔਰਤਾਂ ਦੇ 33 ਫੀਸਦੀ ਦੇ ਅੰਕੜੇ ਤੋਂ ਥੱਲੇ ਆ ਗਏ। ਹਾਲੀਵੁੱਡ ਫਿਲਮਾਂ ਵਿੱਚ ਆਗੂ ਪਾਤਰ ਜਾਂ ਸਹਾਇਕ-ਆਗੂ ਪਾਤਰਾਂ (leads or co-leads) ਦੀ ਸਲਾਨਾ ਵਾਧਾ ਦਰ ਇਹਨਾਂ ਸਾਲਾਂ ਦੌਰਾਨ 11 ਫੀਸਦੀ ਰਹੀ ਜਦ ਕਿ 32 ਫੀਸਦੀ ਫਿਲਮਾਂ ਉਹ ਸਨ ਜਿਹਨਾਂ ਵਿੱਚ ਸਿਰਫ਼ ਇੱਕ ਔਰਤ ਪਾਤਰ ਸ਼ਾਮਲ ਸੀ।

ਭਾਰਤ ਵਰਗੇ ਮੁਲਕ ਜਿੱਥੇ ਜਗੀਰੂ ਕਦਰਾਂ ਕੀਮਤਾਂ ਦਾ ਹਾਲੇ ਵੀ ਕਾਫੀ ਬੋਲਬਾਲਾ ਹੈ। ਉੱਥੇ ਇਹ ਗੱਲ ਤਾਂ ਸਮਝ ਪੈਂਦੀ ਹੈ ਕਿ ਔਰਤਾਂ ਨੂੰ ਕੋਈ ਵੱਧ ਬੋਲਣ ਦਾ ਹੱਕ ਨਹੀਂ ਦਿੱਤਾ ਜਾਂਦਾ ਪਰ ਉਪਰੋਕਤ ਅੰਕੜੇ ਦੱਸਦੇ ਹਨ ਕਿ ਹਾਲਤ ਵਿਕਸਤ ਸਰਮਾਏਦਾਰੀ ਮੁਲਕਾਂ ਵਿੱਚ ਵੀ ਇਹੀ ਹੈ। ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਜੇ ਇਹਨਾਂ ਦੇ ਮੂੰਹ ਵਿੱਚ ਜ਼ੁਬਾਨ ਨਾ ਹੋਵੇ ਤਾਂ ਦੁਨੀਆਂ ਵਿੱਚ ਇਸ ਤੋਂ ਖੂਬਸੂਰਤ ”ਚੀਜ਼” ਕੋਈ ਨਹੀਂ ਅਤੇ ਅੰਕੜੇ ਦੱਸਦੇ ਹਨ ਕਿ ਹਾਲੀਵੁੱਡ ਇਸੇ ਵਿਚਾਰ ਦਾ ਪ੍ਰਚਾਰ ਕਰਦਾ ਦਿਸਦਾ ਹੈ। ਔਰਤਾਂ ਤੋਂ ਇਹ ਆਸ ਹੀ ਨਹੀਂ ਕੀਤੀ ਜਾਂਦੀ ਕਿ ਉਹ ਵੀ ਕਿਸੇ ਖੇਤਰ ਵਿਸ਼ੇਸ਼ ਵਿੱਚ ਕੋਈ ਮਾਅਰਕੇ ਵਾਲ਼ੀ ਗੱਲ ਕਹਿ ਸਕਦੀ ਹੈ। ਬਸ ਉਸ ਨੂੰ ਇੱਕ ”ਖੂਬਸੂਰਤ” ਉਪਭੋਗ ਦੀ ਵਸਤੂ ਵੱਜੋਂ ਰੱਖਿਆ ਜਾਂਦਾ ਹੈ। ਇਸ ਜਗੀਰੂ ਮਾਨਸਿਕਤਾ ਵਿਰੁੱਧ ਕਈ ਤਰਾਂ ਦੇ ਨਾਰੀ ਮੁਕਤੀ ਵਰਤਾਰੇ ਤੇ ਅਵਾਜ਼ਾਂ ਬੁਲੰਦ ਹਨ। ਜਿਸ ਵਿੱਚ ਭਾਰੀ ਗਿਣਤੀ ਸਰਮਾਏਦਾਰਾ ਨਾਰੀ ਮੁਕਤੀ ਦੀ ਹੈ ਜੋ ਕਿ ਅਮਲ (ਖਾਸਕਰ ਸ਼ਹਿਰਾਂ ਵਿੱਚ) ਅਤੇ ਸਿਧਾਂਤ ਦੇ ਖੇਤਰ ਦਾ ਵੱਡਾ ਥਾਂ ਘੇਰਦੀ ਹੈ। ਇਸ ਮੁਤਾਬਕ ਔਰਤਾਂ ਨੂੰ ਘਰਾਂ ਤੋਂ ਬਾਹਰ ਕੰਮ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਮਰਜ਼ੀ ਦਾ ਪਹਿਰਾਵਾ ਪਹਿਨਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਅਤੇ ਮਰਜ਼ੀ ਨਾਲ਼ ਬੋਲਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਸੁਣਨ ਨੂੰ ਬੇਸ਼ੱਕ ਇਹ ਚੰਗੀ ਗੱਲ ਲੱਗਦੀ ਹੈ। ਪਰ ਸਵਾਲ ਇਹ ਵੀ ਹੈ ਕਿ ਔਰਤਾਂ ਜਾਂ ਸਰਮਾਏਦਾਰਾ ਸਮਾਜ ਦੇ ਕਿਸੇ ਵੀ ਆਮ ਨਾਗਰਿਕ ਦੀ ਮਰਜ਼ੀ ਕਿੱਥੋਂ ਤੈਅ ਹੁੰਦੀ ਹੈ? ਉਹ ਜਿਸ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਅਪਣਾਉਂਦਾ ਜਾਂ ਅਪਣਾਉਂਦੀ ਹੈ ਉਹ ਕੌਣ ਤੈਅ ਕਰਦਾ ਹੈ ਜਾਂ ਉਹ ਕਿਹੜੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਹਨ? ਇਸੇ ਰਵਾਨਗੀ ਬਿੰਦੂ ‘ਤੇ ਸਾਡਾ ਜ਼ੋਰ ਹੈ ਕਿ ਕਿਸੇ ਵੀ ਸਮਾਜ ਵਿੱਚ ਲੋਕਾਂ ਦੀਆਂ ਭਾਰੂ ਕਦਰਾਂ-ਕੀਮਤਾਂ ਉਸ ਸਮਾਜ ਦੀ ਹਾਕਮ ਜਮਾਤ ਦੀਆਂ ਕਦਰਾਂ ਕੀਮਤਾਂ ਹੁੰਦੀਆਂ ਹਨ। ਜੋ ਕਿ ਸੱਭਿਆਚਾਰਕ ਖੇਤਰ ਦੇ ਹਰ ਅਦਾਰੇ ‘ਤੇ ਛਾਈਆਂ ਹੁੰਦੀਆਂ ਹਨ ਅਤੇ ਸਮਾਜ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਰਾਹ ਦਰਸਾਵਾ ਵੀ ਕਰਦੀਆਂ ਹਨ। ਔਰਤਾਂ ਦੀ ਅਜ਼ਾਦੀ ਨੂੰ ਸਰਮਾਏਦਾਰੀ ਵਿੱਚ ਵੇਖਣ ਵਾਲ਼ੇ ਲੋਕ ਇਸ ਅਜ਼ਾਦੀ ਜਾਂ ”ਮੁਕਤੀ” ਦੇ ਆਰਥਿਕ ਅਧਾਰ ਨੂੰ ਹਮੇਸ਼ਾਂ ਅੱਖੋਂ ਪਰੋਖੇ ਕਰਦੇ ਹਨ। ਸਰਮਾਏਦਾਰਾ ਸਮਾਜ ਵਿੱਚ ਔਰਤਾਂ ਇੱਕ ਸਸਤੀ ਕਿਰਤ ਸ਼ਕਤੀ ਤੋਂ ਬਿਨਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ। ਹੁਣ ਜਗੀਰੂ ਸਮਾਜ ਔਰਤਾਂ ਨੂੰ ਘਰੇਲੂ ਗੁਲਾਮ ਬਣਾ ਕੇ ਰੱਖਦਾ ਹੈ ਪਰ ਆਪਣੀ ਸਸਤੀ ਕਿਰਤ ਸ਼ਕਤੀ ਦੀ ਲੋੜ ਲਈ ਸਰਮਾਏਦਾਰੀ ਜਗੀਰੂ ਕਦਰਾਂ ਕੀਮਤਾਂ ਵਿਰੁੱਧ ਅਵਾਜ਼ ਬੁਲੰਦ ਕਰਦੀ ਹੈ। ਇਸ ਤੋਂ ਹੀ ਕੁੱਝ ਲੋਕਾਂ ਨੂੰ ਇਹ ਭੁਲੇਖਾ ਰਹਿੰਦਾ ਹੈ ਕਿ ਸਰਮਾਏਦਾਰੀ ਨਾਰੀ ਮੁਕਤੀ ਕਰ ਰਹੀ ਹੈ। ਪਰ ਅਸਲ ਵਿੱਚ ਉਸ ਨੂੰ ਸਸਤਾ ਕਿਰਤ ਗੁਲਾਮ ਚਾਹੀਦਾ ਹੈ ਅਤੇ ਇਸ ਗੁਲਾਮੀ ਵਿੱਚ ਔਰਤ ਖੁਦ ਵੀ ਇੱਕ ਅੱਡ-ਅੱਡ ਰੂਪਾਂ ਵਿੱਚ ਵਿਕ ਸਕਣ ਵਾਲ਼ੀ ਜਿਣਸ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ।

ਅੱਜ ਇਹਨਾਂ ਫਿਲਮਾਂ ਰਾਹੀਂ ਸਹਿਮਤ ਕੀਤਾ ਜਾਂਦਾ ਹੈ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦਾ ਹੈ! ਜਿਸ ਨੂੰ ਔਰਤਾਂ ਆਪਣੀ ਮਰਜ਼ੀ ਜਾਂ ਆਪਣੀ ਚੋਣ ਸਮਝਦੀਆਂ ਹਨ ਉਹ ਮਰਜ਼ੀ ਅਤੇ ਚੋਣ ਇਹ ਸੱਭਿਆਚਾਰਕ ਕੇਂਦਰ ਤੈਅ ਕਰਵਾਉਂਦੇ ਹਨ। ਬਚਪਨ ਤੋਂ ਹੀ ਇਹ ਗਲ਼ੀ-ਸੜੀ ਸੱਭਿਆਚਾਰਕ ਖੁਰਾਕ ਉਹਨਾਂ ਨੂੰ ਨਾਰੀ ਮੁਕਤੀ ਦੇ ਨਾਮ ‘ਤੇ ਦਿੱਤੀ ਜਾਂਦੀ ਹੈ। ਹੁਣ ਉਹਨਾਂ ਨਾਲ਼ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਸਗੋਂ ਇੱਕ ਜਿਣਸ ਬਣਨ ਲਈ ਅਤੇ ਮੰਡੀ ਵਿੱਚ ਵਿਕਣ ਲਈ ਤਿਆਰ ਹੋਣ ਲਈ ਉਹਨਾਂ ਨੂੰ ਬਚਪਨ ਤੋਂ ਹੀ ਸਹਿਮਤ ਕਰਵਾਇਆ ਜਾਂਦਾ ਹੈ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements