ਹੋ ਚੀ ਮਿਨ ਦੀਆਂ ਜੇਲ ‘ਚ ਲਿਖੀਆਂ ਕਵਿਤਾਵਾਂ ਨਾਲ਼ ਜਾਣ-ਪਛਾਣ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨਦੀ ਦੇ ਖੱਬੇ ਪਾਸੇ ਪੈਂਦੇ ਉਸ ਮਹਿਲ ਦੇ ਸਵਾਗਤੀ ਕਮਰੇ ਵਿੱਚ ਕਰੀਬ ਪੰਦਰਾਂ ਮਿੰਟਾਂ ਤੋਂ ਇੱਕ ਤਕੜੇ-ਮੋਟੇ ਪੱਤਰਕਾਰ ਨੇ ਇੱਕ ਮਾੜਕੂ ਜਿਹੇ ਬੰਦੇ ਨੂੰ, ਜਿਸਦੇ ਚਿਹਰੇ ‘ਤੇ ਦੁਖ-ਤਕਲੀਫਾਂ ਦੇ ਡੂੰਘੇ ਨਿਸ਼ਾਨ ਸਨ, ਆਪਣੇ ਸਵਾਲਾਂ ਵਿੱਚ ਉਲਝਾਇਆ ਹੋਇਆ ਸੀ। ਉਸ ਆਦਮੀ ਦੇ ਸਾਹਮਣੇ ਇੱਕ ਛੋਟਾ ਜਿਹਾ ਗੁਲਦਸਤਾ ਰੱਖਿਆ ਸੀ ਜਿਸ ਵਿੱਚ ਗੁਲਾਬ ਸਜੇ ਹੋਏ ਸਨ।

ਸਾਰੇ ਦੇਸ਼ਾਂ ਦੇ ਲਗਭਗ ਸੌ ਪੱਤਰਕਾਰ ਅਤੇ ਸੁਪਰਵਾਈਜ਼ਰ ਆਲੇ-ਦੁਆਲੇ ਸਨ।

“ਰਾਸ਼ਟਰਪਤੀ ਸਹਿਬਾਨ, ਤੁਸੀ ਇੱਕ ਕਮਿਊਨਿਸਟ ਹੋ, ਹੈ ਨਾ?” ਪੱਤਰਕਾਰ ਨੇ ਪੁੱਛਿਆ।

“ਹਾਂ,” ਉਸ ਆਦਮੀ ਨੇ ਨਰਮ ਸੁਰ ਵਿੱਚ ਜਵਾਬ ਦਿੱਤਾ।

“ਕੀ ਤੁਸੀ ਟਾਕਰੇ ਦੇ ਸੰਘਰਸ਼ ਵਿੱਚ ਵੀ ਸ਼ਾਮਲ ਸੀ?”

“ਹਾਂ”

“ਕਿੰਨੇ ਸਾਲਾਂ ਤੱਕ?”

“ਲਗਭਗ ਚਾਲੀ ਸਾਲ”

“ਕੀ ਤੁਸੀ ਜੇਲ ਵਿੱਚ ਵੀ ਰਹੇ ਹੋ?” ਪੱਤਰਕਾਰ ਗੱਲਬਾਤ ਕਿਸ ਪਾਸੇ ਮੋੜਣਾ ਚਾਹੁੰਦਾ ਸੀ, ਇਹ ਸਪੱਸ਼ਟ ਸੀ।

“ਹਾਂ”

“ਕਿਸ ਜੇਲ ਵਿੱਚ?”

“ਬਹੁਤੀਆਂ ਵਿੱਚ, ਜਨਾਬ”

“ਕਿੰਨੇ ਲੰਮੇ ਸਮੇ ਤੱਕ?”

ਮਾੜਕੂ ਆਦਮੀ ਨੇ ਮੋਟੇ-ਤਕੜੇ ਪੱਤਰਕਾਰ ਨੂੰ ਹਲਕੀ ਮੁਸਕਾਨ ਨਾਲ਼ ਦੇਖਿਆ ਤੇ ਕਿਹਾ, “ਜੇਲ ਵਿੱਚ ਸਮਾਂ ਹਮੇਸ਼ਾਂ ਹੀ ਲੰਮਾ ਹੁੰਦਾ ਹੈ।”

ਫਰਾਂਸੀਸੀ ਭਾਸ਼ਾ ਵਿੱਚ ਦਿੱਤੇ ਉੱਤਰ ਚੁਸਤ, ਸਪੱਸ਼ਟ ਅਤੇ ਅਣਕਿਆਸੇ ਸਨ।

ਕੀ ਇਹਨਾਂ ਜਵਾਬਾਂ ਵਿੱਚ ਕਿਸੇ ਕਿਸਮ ਦੀ ਅਪਮਾਨ ਦੀ ਭਾਵਨਾ ਸੀ, ਜਾਂ ਹਾਜ਼ਰ ਜਵਾਬੀ ਦੀ ਝਲਕ ਜਾਂ ਹੈਰਾਨੀ ਵਰਗੀ ਕੋਈ ਚੀਜ਼ ਸੀ?

ਜੋ ਵੀ ਹੋਵੇ, ਇਹ ਤੈਅ ਸੀ ਕਿ ਉਸ ਸਮੇਂ ਕਮਰੇ ਵਿੱਚ ਮੌਜੂਦ ਫ੍ਰਾਂਸੀਸੀ, ਅੰਗ੍ਰੇਜ਼ ਅਤੇ ਅਮਰੀਕੀ ਇਸ ਤੱਥ ‘ਤੇ ਗੌਰ ਕਰਕੇ ਹੱਕੇ ਬੱਕੇ ਸਨ ਕਿ ਬੱਕਰ ਦਾੜ ਵਾਲਾ ਇਹ ਵਿਦਵਾਨ ਪੈਰਿਸ ਜਾਂ ਲੰਦਨ ਵਿੱਚ ਵੀ ਉਸੇ ਤਰਾਂ ਮੁਸਕਰਾ ਸਕਦਾ ਸੀ ਜਿਵੇਂ ਕਿ ਹਨੋਈ ਵਿੱਚ।

ਇਹ ਇੱਕ ਸਮਝਦਾਰ ਮਨੁੱਖ ਦੀ ਮੁਸਕਾਨ ਸੀ, ਜਿਸਦੀ ਸੁਪਨਸਾਜ਼ ਨਿਗਾ ਭਵਿੱਖ ਤੋਂ ਪਾਰ ਦੂਰ ਵਿਸਤਾਰ ਤੱਕ ਫੈਲੀ ਹੋਈ ਸੀ।

ਕੀ ਹੋਰ ਵੀ ਕੋਈ ਸਵਾਲ ਬਚਿਆ ਹੈ, ਪੱਤਰਕਾਰ ਸਾਹਿਬ?

“ਜੇਲ ਵਿੱਚ ਸਮਾਂ ਹਮੇਸ਼ਾ ਹੀ ਲੰਮਾ ਹੁੰਦਾ ਹੈ।”

ਅਗਸਤ 1942, ਏਸ਼ੀਆ

ਜੰਗ ਦਾ ਦੂਜਾ ਸਾਲ ਬੀਤਣ ਵਾਲਾ ਸੀ। ਜਪਾਨੀ ਹਿੰਦ-ਚੀਨ ‘ਤੇ ਕਬਜ਼ਾ ਕਰ ਚੁੱਕੇ ਸਨ। ਪਰ ਨਵੀਆਂ ਤਾਕਤਾਂ ਦਾ ਜਨਮ ਹੋ ਚੁੱਕਿਆ ਸੀ। ਵੀਅਤਨਾਮ ਅੰਦਰ ਦਿਹਾਤੀ ਇਲਾਕਿਆਂ ਵਿੱਚ ਇੱਕ ਵਿਦਰੋਹੀ ਅਧਾਰ ਮਜ਼ਬੂਤੀ ਨਾਲ਼ ਸਥਾਪਿਤ ਹੋ ਚੁੱਕਿਆ ਸੀ।

ਇੱਕ ਦਿਨ ਚੀਨ-ਵੀਅਤਨਾਮ ਸੀਮਾ ਨੇੜੇ, ਚਾਂਗ ਕਾਈ ਸ਼ੇਕ ਦੀ ਪੁਲਿਸ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ, ਜਿਸ ਬਾਰੇ ਇਸ ਤੋਂ ਸਿਵਾ ਉਹ ਕੁਝ ਨਹੀਂ ਜਾਣਦੇ ਸੀ ਕਿ ਉਸ ਨੂੰ ਹੋ ਚੀ ਮਿੰਨ• ਕਿਹਾ ਜਾਂਦਾ ਹੈ, ਕਿ ਉਹ ਚੁੰਗਕਿੰਗ ਜਾਣਾ ਚਾਹੁੰਦਾ ਹੈ ਅਤੇ ਉਹ ਵੀਅਤਨਾਮੀ ਦੇਸ਼ਭਗਤਾਂ ਦਾ ਨੁਮਾਇੰਦਾ ਹੋਣ ਦਾ ਦਾਅਵਾ ਕਰ ਰਿਹਾ ਸੀ।

ਕੌਣ ਸੀ ਇਹ ਹੋ ਚੀ ਮਿੰਨ•? 1926 ਜਾਂ 1927 ਦੇ ਨੇੜੇ ਨਗੂਯੇਨ ਆਈ ਕੂਓਕ ਨਾਮੀ ਇੱਕ ਵੀਅਤਨਾਮੀ ਦੇਸ਼ਭਗਤ ਹੁੰਦਾ ਸੀ- ਜਿਸਨੂੰ ਦੂਰੇਡੇ ਪੂਰਬ ਦੀ ਸਾਰੀ ਪੁਲਿਸ ਜਾਣਦੀ ਸੀ- ਅਤੇ ਜੋ ਦੁਨੀਆਂ ਦੇ ਇਸ ਹਲਚਲ ਭਰੇ ਸਰਗਰਮ ਇਲਾਕੇ ਵਿੱਚ ਇੱਥੋਂ ਉੱਥੇ ਆਉਂਦਾ ਜਾਂਦਾ ਰਹਿੰਦਾ ਸੀ। ਪਰ ਦੇਸ਼ਭਗਤ ਨਗੂਯੇਨ ਤਾਂ ਮਰ ਚੁੱਕਿਆ ਸੀ।

ਇਹ ਆਦਮੀ ਉਸੇ ਉਮਰ ਦਾ ਦਿਖਦਾ ਸੀ। ਉਸਦੇ ਕੱਪੜੇ ਬਹੁਤ ਸਧਾਰਨ ਸਨ, ਪਰ ਉਸ ਬਾਰੇ ਜੋ ਵੀ ਥੋੜੀਆਂ-ਬਹੁਤੀਆਂ ਜਾਣਕਾਰੀਆਂ ਮਿਲ਼ੀਆਂ, ਉਹਨਾਂ ਤੋਂ ਜਾਹਿਰ ਹੋ ਗਿਆ ਕਿ ਉਹ ਕੋਈ ਮਾਮੂਲੀ ਆਦਮੀ ਨਹੀਂ ਸੀ ਅਤੇ ਅਜੀਬ ਗੱਲ ਇਹ ਸੀ ਕਿ ਉਹ ਚੁੰਗਕਿੰਗ ਵਿੱਚ ਚੀਨੀ ਅਧਿਕਾਰੀਆਂ ਨਾਲ਼ ਗੱਲ ਕਰਨਾ ਚਾਹੁੰਦਾ ਸੀ। ਇੱਕ ਆਦਮੀ ਨੂੰ ਜੇਲ ‘ਚ ਸੁੱਟਣ ਲਈ ਇੰਨਾ ਕਾਫੀ ਸੀ।

ਪਹਿਲਾਂ ਉਸਨੂੰ ਜਿੰਗਸੀ ਜੇਲ ਵਿੱਚ ਰੱਖਿਆ ਗਿਆ, ਫਿਰ ਬਿਨਾਂ ਕਿਸੇ ਵਜਾ ਦੇ, ਨਾਨਿੰਗ ਦੇ ਕਵੀਲਿਨ ਅਤੇ ਕਵੀਲਿਨ ਤੋਂ ਲਊਚਓ ਭੇਜਿਆ ਗਿਆ, ਜਿੱਥੇ ਉਸਨੇ ਆਪਣੇ ਕਦਮਾਂ ਦੀ ਸਮੀਖਿਆ ਕੀਤੀ….

ਸਵੇਰ ਤੋਂ ਪਹਿਲਾਂ ਜਦ ਤਾਰੇ ਬੁਝ ਰਹੇ ਹੁੰਦੇ, ਉਹ ਦੋ ਗਾਰਡਾਂ ਦੁਆਰਾ ਲਿਜਾਏ ਜਾ ਰਹੇ ਸੂਰ ਦੇ ਪਿੱਛੇ-ਪਿੱਛੇ, ਬੰਨੇ ਹੱਥਾਂ ਨਾਲ਼, ਆਪਣੀ ਮੰਜ਼ਿਲ ਵੱਲ ਚੱਲ ਪੈਂਦਾ। ਜਦੋਂ ਰਾਤ ਹੋ ਜਾਂਦੀ ਤੇ ਪੰਛੀ ਆਪਣੇ ਆਲਣਿਆਂ ਵੱਲ ਵਾਪਸ ਪਹੁੰਚ ਚੁੱਕੇ ਹੁੰਦੇ ਉਸਨੂੰ ਇੱਕ ਕੰਮ ਚਲਾਊ ਖੁੱਡੇਨੁਮਾ ਜੇਲ ਵਿੱਚ ਸੁੱਟ ਦਿੱਤਾ ਜਾਂਦਾ ਸੀ। ਉਸਦਾ ਇੱਕ ਪੈਰ ਬੇੜੀ ਵਿੱਚ ਜਕੜਿਆ ਹੋਇਆ ਸੀ, ਪਰ ਗੁਸਲਖਾਨੇ ਦੇ ਕਿਨਾਰੇ ਰਾਤ ਬਿਤਾਉਣ ਤੋਂ ਮਿਲ਼ੇ ਛੁਟਕਾਰੇ ਤੋਂ ਉਹ ਖੁਸ਼ ਹੁੰਦਾ ਸੀ।

ਚੱਕਰਦਾਰ ਰਾਸਤਿਆਂ ਵਿੱਚੋ, ਇੱਥੋਂ ਉੱਥੇ ਲਿਜਾਂਦਿਆਂ ਉਸਨੇ ਕਵਾਂਗਸੀ ਦੇਸ਼ ਦੇ 13 ਜ਼ਿਲਿਆਂ ਨੂੰ ਪਾਰ ਕੀਤਾ, ਕੁੱਲ ਮਿਲ਼ਾ ਕੇ ਤੀਹ ਪ੍ਰਿਫੈਕਚਰ ਅਤੇ ਜ਼ਿਲਾ ਜ਼ੇਲਾਂ ਵਿੱਚ ਬੰਦ ਰਿਹਾ ਅਤੇ ਫਿਰ ਲਿਊਚਓ ਵਿੱਚ ਉਸਨੂੰ ਹਿਰਾਸਤ ਵਿੱਚ ਰੱਖਿਆ ਗਿਆ ਜਿਸ ਤੋਂ ਬਾਅਦ ਉਸਨੇ ਉਸ ਸਰਹੱਦ ਵੱਲ ਜਾਣ ਵਾਲਾ ਰਾਹ ਫੜਿਆ, ਜਿਸਨੂੰ ਉਸਨੇ ਦੋ ਸਾਲ ਪਹਿਲਾਂ ਪਾਰ ਕੀਤਾ ਸੀ।

ਰੋਜ਼ ਪੰਜਾਹ ਕਿਲੋਮੀਟਰ ਚੱਲਣ ਦੇ ਬਾਵਜੂਦ, ਉਨੀਂਦੀਆਂ ਰਾਤਾਂ, ਭੁੱਖ, ਠੰਡ ਤੇ ਬੁਖਾਰ ਦੇ ਬਾਵਜੂਦ, ਕੈਦੀ ਦੀ ਮੁਸਕਾਨ ਜਿਉਂ ਦੀ ਤਿਉਂ ਬਣੀ ਰਹੀ, ਜੋ ਜੀਵਨ ਵਿੱਚ ਅਤੇ ਬੁਰਾਈਆਂ ਤੇ ਮੌਤ ਉੱਤੇ ਜ਼ਿੰਦਗੀ ਦੀ ਜਿੱਤ ਵਿੱਚ ਉਸਦੇ ਅਟੁੱਟ ਵਿਸ਼ਵਾਸ ਨੂੰ ਸਾਬਿਤ ਕਰਦੀ ਸੀ।

ਹੱਥ ਪੈਰ ਬੰਨਾਂ ਹੋਣ, ਤਾਂ ਵੀ ਇੱਕ ਪੰਛੀ ਦਾ ਗੀਤ ਸੁਣਨ ਤੋਂ, ਫੁੱਲਾਂ ਦੀ ਮਹਿਕ ਦਾ ਆਨੰਦ ਲੈਣ ਤੋਂ ਤੁਹਾਨੂੰ ਕੌਣ ਰੋਕ ਸਕਦਾ ਹੈ? ਕੀ ਇਕੱਲਾਪਣ ਅਤੇ ਆਲਸ ਤੁਹਾਡੇ ‘ਤੇ ਭਾਰੀ ਪੈ ਰਿਹਾ ਹੈ? ਕੀ ਸ਼ਾਮ ਦੇ ਘੁਸਮੁਸੇ ਦੀ ਉਦਾਸੀ ਤੁਹਾਡੀ ਇੱਛਾ ਸ਼ਕਤੀ ਨੂੰ ਪ੍ਰੇਸ਼ਾਨ ਕਰ ਦਿੰਦੀ ਹੈ? ਉਸ ਦੁਰੇਡੇ ਚਾਨਣ ‘ਤੇ ਨਿਗਾ ਮਾਰੋ:

ਦਰੱਖ਼ਤ ਦਾ ਆਸਰਾ ਲੈਣ ਲਈ
ਉੱਡਦਾ ਹੈ ਇੱਕ ਪੰਛੀ, ਉਦਾਸ।
ਇਕੱਲਾ ਬੱਦਲ
ਤਰਦਾ ਹੈ ਧੀਮੀ ਗਤੀ ਨਾਲ਼
ਪਸਰੇ ਹੋਏ ਅਸਮਾਨ ਵਿੱਚ।
ਉੱਧਰ ਪਹਾੜ ਦੇ ਇੱਕ ਪਿੰਡ ਵਿੱਚ
ਇੱਕ ਕੁੜੀ ਅਨਾਜ ਪੀਹ ਰਹੀ ਹੈ।
ਪਿਸ ਚੁੱਕਿਆ ਹੈ ਅਨਾਜ
ਚੁੱਲੇ ਵਿੱਚ ਲਾਲ
ਦਹਿਕ ਰਹੀ ਹੈ ਅੱਗ।  

ਪੁਲਿਸ ਤੁਹਾਡੀਆਂ ਸਰਗਰਮੀਆਂ ਅਤੇ ਸਰੀਰ ਦੀ ਹਰਕਤ ਦੇ ਹਰ ਵੇਰਵੇ ‘ਤੇ ਨਿਗਾਹ ਰੱਖਦੀ ਹੈ। ਪਰ ਇੱਕ ਪਲ ਦੇ ਇਕਾਂਗੀਪਣ ਬਾਰੇ, ਇੱਕ ਬਿਆਨ ਨਾ ਕਰਨ ਯੋਗ ਹਾਲਤ ਬਾਰੇ, ਇੱਕ ਮੁਸਕਰਾਹਟ ਪਿਛਲੇ ਨਾਟਕ ਬਾਰੇ ਕੁਝ ਲਿਖਣ ਤੋਂ ਤੁਹਾਨੂੰ ਕੌਣ ਰੋਕ ਸਕਦਾ ਹੈ! ਚੀਜ਼ਾਂ ਦੀ ਕਵਿਤਾ ਜ਼ਿੰਦਗੀ ਦੇ ਦਿਲ ਵਿੱਚ ਹੁੰਦੀ ਹੈ। ਤੇ ਜੇਕਰ ਕਵਿਤਾ ਦਾ ਜ਼ਿੰਦਗੀ ‘ਚ ਕੋਈ ਫਾਇਦਾ ਹੋ ਸਕਦਾ ਹੈ, ਉਹ ਉਪਰੋਕਤ ਹਾਲਤਾਂ ਵਿੱਚ ਹੋਣਾ ਚਾਹੀਦਾ।

ਉਹਨਾਂ ਦਿਨਾਂ ਦੀਆਂ ਚੀਨੀ ਜੇਲਾਂ ਜਾਦੂਈ ਘਰ ਤੋਂ ਕੁਝ ਘੱਟ ਨਹੀਂ ਸੀ ਹੁੰਦੀਆਂ। ਉਹ ਦੁੱਖ ਤਕਲੀਫਾਂ, ਗੰਦਗੀ ਤੇ ਬਿਮਾਰੀਆਂ ਨਾਲ਼ ਭਰਪੂਰ ਘਿਣਾਉਣੀਆਂ ਥਾਵਾਂ ਸਨ। ਜਿਨਾਂ ਨੂੰ ਜੂਆਂ, ਪਿੱਸੂ, ਅਫੀਮਚੀ, ਖਾਜ਼-ਖੁਜ਼ਲੀ ਅਤੇ ਸਿਫਲਿਸ ਦੇ ਮਰੀਜ ਸਜੀਵਤਾ ਬਖਸ਼ਦੇ ਸਨ। ਇਸ ਤੋਂ ਬਿਨਾਂ ਇੱਕ ਕੈਦੀ ਪਰਿਵਾਰ ਵਰਗੀ ਜ਼ਿੰਦਗੀ ਗੁਜਾਰਦਾ ਸੀ, ਨਿੱਜੀ ਸਟੋਵ ‘ਤੇ ਆਪਣੀ ਚਾਹ ਬਣਾਉਂਦਾ ਸੀ ਅਤੇ ਜੂੰਆਂ ਦੇ ਸ਼ਾਨਦਾਰ ਸ਼ਿਕਾਰ ਤੋਂ ਬਾਅਦ, ਜੇ ਖਾਣੇ ਵਿੱਚ ਕੁਝ ਹੋਵੇ ਤਾਂ ਬਹੁਤ ਚਾਅ ਨਾਲ਼ ਖਾਂਦਾ ਸੀ।

ਕਦੇ ਕਦੇ ਹਨੇਰੇ ਵਿੱਚ ਬੈਠਾ ਸਾਡਾ ਕੈਦੀ, ਸੌਂਦਿਆਂ ਜਾਗਦਿਆਂ ਉਹਨਾਂ ਸਭ ਲੋਕਾਂ ਨੂੰ, ਧਰਤੀ ‘ਤੇ ਪਏ ਮਾਸੂਮ ਚਿਹਰੇ ਵਾਲੇ ਲੋਕਾਂ ਨੂੰ, ਕੰਧਾਂ ‘ਤੇ “ਜੰਗੀ ਟੈਂਕਾਂ” ਵਾਂਗ ਰੀਂਗਦੇ ਪਿੱਸੂਆਂ ਅਤੇ ਮੱਛਰਾਂ ਦੇ “ਹਮਲਾਵਰ ਦਸਤੇ” ਨੂੰ ਦੇਖਦਾ ਰਹਿੰਦਾ ਸੀ। ਸੰਸਾਰ ਉਸ ਸਮੇਂ ਜੰਗ ਵਿੱਚ ਉਲਝਿਆ ਹੋਇਆ ਸੀ, ਜਦਕਿ ਉਹ ਆਪਣੇ ਦੇਸ਼ ਤੋਂ ਦੂਰ ਆਪਣੇ ਕਾਮਰੇਡਾਂ ਤੋਂ ਦੂਰ, ਜੇਲ ਦੀ ਕੋਠੜੀ ਦੀਆਂ ਭੈੜੀਆਂ ਹਾਲਤਾਂ ਝੱਲ ਰਿਹਾ ਸੀ। ਅਜਿਹੇ ਹੀ ਪਲਾਂ ਵਿੱਚ, ਉਸਨੇ ਇੱਕ ਪੁਰਾਣੀ ਜਿਹੀ ਨੋਟਬੁਕ ਕੱਢੀ ਅਤੇ ਉਹਨਾਂ ਦਿਨਾਂ ਦੇ ਪ੍ਰਭਾਵਾਂ ਨੂੰ ਸ਼ਬਦਬੱਧ ਕਰ ਲਿਆ। ਉਸਨੇ ਆਪਣੇ ਜੇਲਰਾਂ ਦੀ ਭਾਸ਼ਾ ਵਿੱਚ ਇਹ ਸਭ ਕੁਝ ਲਿਖਿਆ ਕਿਉਂਕਿ ਵੀਅਤਨਾਮੀ ਭਾਸ਼ਾ ਵਿੱਚ ਲਿਖਿਆ ਗਿਆ ਕੁਝ ਵੀ ਉਹਨਾਂ ਦੀ ਨਿਗਾ ਵਿੱਚ ਸ਼ੱਕੀ ਹੁੰਦਾ ਸੀ।

ਇਸ ਤਰਾਂ ਕਲਾਸਿਕ ਚੀਨੀ ਭਾਸ਼ਾ ਵਿੱਚ ਲਿਖੀਆਂ ਗਈਆਂ ਸੌ ਤੋਂ ਵੀ ਜ਼ਿਆਦਾ ਚੌਪਦੀਆਂ ਅਤੇ ਤਾੜ ਕਵਿਤਾਵਾਂ ਹੋਂਦ ਵਿੱਚ ਆਈਆਂ ਜਿਨਾਂ ਨੂੰ ਕਿਤੇ ਕਿਸੇ ਨਵੇਂ ਘੜੇ ਗਏ ਸ਼ਬਦਾਂ ਨਾਲ਼ ਤੇ ਕਿਤੇ ਕਿਸੇ ਲੋਕ ਪ੍ਰਸਿੱਧ ਪ੍ਰਗਟਾਵੇ ਤੋਂ ਸੁੰਦਰਤਾ ਭੇਂਟ ਕੀਤੀ ਗਈ ਹੈ। ਇਹ ਸਾਰੇ ਜ਼ਿੰਦਗੀ ਤੋਂ ਲਏ ਗਏ ਰੇਖਾ ਚਿੱਤਰ ਹਨ ਅਤੇ ਸਭ ਮਿਲ਼ਾ ਕੇ ਜੋ ਬਣਿਆ ਪਿਆ ਹੈ ਉਸਨੂੰ ਇੱਕ ਕੈਦੀ ਦੀ ਡਾਇਰੀ ਆਖਿਆ ਜਾ ਸਕਦਾ ਹੈ।

ਅਸੀਂ ਆਪਣੇ ਵਿਦੇਸ਼ੀ ਸਾਥੀਆਂ ਲਈ ਉਸ ਡਾਇਰੀ ਦਾ ਇਹ ਅਨੁਵਾਦ ਕੀਤਾ ਹੈ। ਅਤੇ ਤੁਸੀਂ ਅੰਦਾਜਾ ਲਾ ਹੀ ਲਿਆ ਹੋਵੇਗਾ ਕਿ ਉਹ ਕੈਦੀ ਕੋਈ ਹੋਰ ਨਹੀਂ, ਬਲਕਿ ‘ਦੇਸ਼ਭਗਤ ਨਗੂਯੇਨ’ ਹੀ ਸੀ, ਉਹੀ ਆਦਮੀ ਜੋ ਜੁਲਾਈ 1946 ਵਿੱਚ, ਜਦ ਫਰਾਂਸ-ਵੀਅਤਨਾਮ ਸਮਝੌਤੇ ਦੀ ਸ਼ੁਰੂਆਤ ਹੋ ਰਹੀ ਸੀ, ਇੱਕ ਦਿਨ ਦੁਪਹਿਰ ਬਾਅਦ ਦੇ ਸਮੇਂ ਰਾਇਲ ਮੋਂਸਯੂ ਹੋਟਲ ਦੇ ਸਵਾਗਤੀ ਕਮਰੇ ਪੱਤਰਕਾਰਾਂ ਨਾਲ਼ ਗੱਲਬਾਤ ਕਰ ਰਿਹਾ ਸੀ।

ਅਨੁਵਾਦਿਤ ਕਵਿਤਾਵਾਂ ਦੇ ਇਸ ਸੰਗ੍ਰਹਿ ਦੇ ਰੂਪ ਨੂੰ ਦੇਖਦਿਆਂ, ਅਸੀਂ ਇੱਥੇ ਕਵੀ ਦੇ ਸਿਆਸੀ ਜੀਵਨ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦੇ ਅਤੇ ਇਹ ਗੈਰ ਜਰੂਰੀ ਵੀ ਹੋਵੇਗਾ, ਕਿਉਂਕਿ ਪੱਛਮ ਦੇ ਲੋਕ ਹੋ ਚੀ ਮਿੰਨ ਦੇ ਨਾਮ ਤੋਂ ਬਹੁਤ ਪਹਿਲਾਂ ਤੋਂ ਹੀ ਚੰਗੀ ਤਰਾਂ ਜਾਣਦੇ ਹਨ।

ਇਸ ਛੋਟੇ ਜਿਹੇ ਕਵਿਤਾ ਸੰਗ੍ਰਹਿ ਵਿੱਚ ਅਸੀਂ ਉਸਦੀ ਕਵਿਤਾ ਦੇ ਆਲੋਚਨਾਤਮਕ ਅਧਿਐਨ ਦੀ ਕੋਸ਼ਿਸ਼ ਵੀ ਨਹੀਂ ਕਰਾਂਗੇ। ਅਸੀਂ ਇਹ ਕੰਮ ਪਾਠਕ ਦੇ ਉੱਤੇ ਛੱਡਦੇ ਹਾਂ ਕਿ ਉਹ ਇਹਨਾਂ ਬਾਰੇ ਆਪਣਾ ਖੁਦ ਦਾ ਮੁਲਾਂਕਣ ਬਣਾਏ।

ਫਿਰ ਵੀ ਇਹਨਾਂ ਨਾਲ਼ ਸਬੰਧਤ ਇੱਕ ਛੋਟੀ ਜਿਹੀ ਟਿੱਪਣੀ ਅਸੀਂ ਜਰੂਰੀ ਸਮਝਦੇ ਹਾਂ:

ਇਹਨੀਂ ਦਿਨੀਂ ਮਹਾਨ ਸਿਆਸਤਦਾਨਾਂ ਦੀਆਂ ਬਹੁਤ ਯਾਦਾਂ ਦੇਖਣ ਨੂੰ ਮਿਲ਼ਦੀਆਂ ਹਨ। ਯਾਦਾਂ ਇਤਿਹਾਸ ਦਾ ਇੱਕ ਹਿੱਸਾ ਹੁੰਦੀਆਂ ਹਨ, ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਇਤਿਹਾਸ ਦਾ ਵਰਨਣ ਜੋ ਜਿਹੋ ਜਿਹਾ ਚਾਹੇ ਕਰ ਸਕਦਾ ਹੈ।

ਖਾਸ ਤੌਰ ‘ਤੇ ਯੂਰੋਪ ਦੇ ਲੋਕਾਂ ਨੂੰ, ਅਜਿਹੇ ਲੋਕਾਂ ਦੀਆਂ ਕਵਿਤਾਵਾਂ ਪੜ•ਣ ਦਾ ਮੌਕਾ ਘੱਟ ਹੀ ਮਿਲ਼ਦਾ ਹੈ। ਇਸਦੇ ਬਹੁਤੇ ਕਾਰਨਾਂ ਵਿੱਚੋਂ ਇੱਕ, ਚਾਹੇ ਕਿੰਨਾ ਵੀ ਘਟੀਆ ਲੱਗੇ, ਪਰ ਵਰਨਣਯੋਗ ਹੈ: ਮਹਾਨ ਸਿਆਸਤਦਾਨ ਪਹਿਲਾਂ ਆਪਣੀ ਸੰਵੇਦਨਸ਼ੀਲਤਾ ਕਰਕੇ ਨਹੀਂ ਸਗੋਂ ਖਾਸ ਤੌਰ ‘ਤੇ ਆਪਣੇ ਕੰਮਾਂ, ਆਪਣੇ ਚਿੰਤਨ ਅਤੇ ਆਪਣੇ ਚਰਿੱਤਰ ਕਰਕੇ ਮਹਾਨ ਹੁੰਦੇ ਹਨ। ਕਵਿਤਾ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਅੰਤਰ ਆਤਮਾ ਦੇ ਸਭ ਤੋਂ ਨੇੜੇ ਹੁੰਦੀ ਹੈ। ਕਵਿਤਾ ਸ਼ਾਇਦ ਹੀ ਕਦੇ ਝੂਠ ਬੋਲਦੀ ਹੈ, ਨਹੀਂ ਤਾਂ ਇੱਕ ਕਵੀ ਅਸਲ ਵਿੱਚ ਕਵੀ ਨਹੀਂ ਹੁੰਦਾ। ਜਰੂਰੀ ਨਹੀਂ ਕਿ ਆਪਣੇ ਅੰਦਰੂਨੀ ਸੰਸਾਰ ਨੂੰ ਪੇਸ਼ ਕਰਨ ਨਾਲ਼ ਕਵੀ ਨੂੰ ਕੁਝ ਹਾਸਲ ਹੀ ਹੋਵੇ।

ਹੋ ਚੀ ਮਿੰਨ ਵਰਗੇ ਲੋਕਾਂ ਵਿੱਚ ਪ੍ਰਤਿਭਾ ਅਤੇ ਸੰਵੇਦਨਸ਼ੀਲਤਾ ਰਚ-ਮਿਚ ਜਾਂਦੀਆਂ ਹਨ। ਉਹਨਾਂ ਦੇ ਜਨਤਕ ਅਤੇ ਨਿੱਜੀ ਜੀਵਨ ਵਿੱਚ ਕੋਈ ਗੁਪਤ ਦਰਵਾਜਾ ਨਹੀਂ ਹੈ। ਉਹਨਾਂ ਲਈ ਦੁੱਖਾਂ-ਤਸੀਹਿਆਂ ਨਾਲ਼ ਮੁਲਾਕਾਤ, ਕਰਮ ਅਤੇ ਕਾਵਿਕ ਪ੍ਰਗਟਾਵੇ, ਦੋਵਾਂ ਲਈ ਲਲਕਾਰ ਹੈ।

ਇੱਕ ਗੁਲਾਬ ਖਿੜਦਾ ਹੈ
ਅਤੇ ਫਿਰ ਉਦਾਸ ਹੋ ਜਾਂਦਾ ਹੈ।
ਇਹ ਖਿੜਦਾ ਹੈ ਤੇ
ਮੁਰਝਾ ਜਾਂਦਾ ਹੈ ਅਚਾਨਕ।
ਪਰ ਇਸਦੀ ਮਿਠਾਸ
ਜੇਲ• ਦੀਆਂ ਕੋਠੜੀਆਂ ‘ਚ ਫੈਲਦੀ ਹੈ
ਸਾਡੇ ਅੰਦਰ
ਗੁੱਸੇ ਦਾ ਅਹਿਸਾਸ ਜਗਾਉਂਦੀ ਹੋਈ।

ਉਮੀਦ ਹੈ ਇਹ ਛੋਟੀ ਜਿਹੀ ਨੋਟਬੁਕ, ਇਸਦੇ ਲੇਖਕ ਨੂੰ ਸਮਝਣ ਵਿੱਚ, ਕਿਸੇ ਲੰਮੀਆਂ ਚੌੜੀਆਂ ਯਾਦਾਂ ਦੀ ਤੁਲਨਾ ਵਿੱਚ ਵਧੇਰੇ ਕਾਰਗਰ ਸਿੱਧ ਹੋ ਸਕੇਗੀ।

ਜੁਲਾਈ 1946, ਪੈਰਿਸ

– ਅਨੁਵਾਦ : ਬਲਤੇਜ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

 

Advertisements