ਹਿੰਦੂਤਵੀ ਕੱਟੜਪੰਥੀਆਂ ਵੱਲ਼ੋਂ ਆਗਰਾ ਵਿੱਚ ਫਿਰਕੂ ਹਿੰਸਾ ਭੜਕਾਉਣ ਦੀਆਂ ਸਾਜਿਸ਼ਾਂ •ਰਣਬੀਰ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਜਪਾ ਉੱਤਰ ਪ੍ਰਦੇਸ਼ ਵਿੱਚ ਫਿਰਕੂ ਮਾਹੌਲ ਵਿਗਾੜਨ ਵਿੱਚ ਵੱਡੇ ਪੱਧਰ ‘ਤੇ ਲੱਗੀ ਹੋਈ ਹੈ। ਇਸਦੀ ਇੱਕ ਉਦਾਹਰਣ ਲੰਘੀ 28 ਫਰਵਰੀ ਨੂੰ ਆਗਰਾ ਦੇ ਰਾਮਲੀਲਾ ਮੈਦਾਨ ਵਿੱਚ ਹੋਈ ਇੱਕ ਸਭਾ ਦੌਰਾਨ ਸਾਹਮਣੇ ਆਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਆਗੂ ਅਰੁਣ ਮਾਹੌਰ ਦੀ 25 ਫਰਵਰੀ ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਿੰਦੂਤਵੀ ਕੱਟੜਪੰਥੀ ਇਸਦਾ ਦੋਸ਼ ਮੁਸਲਮਾਨਾਂ ‘ਤੇ ਲਗਾ ਰਹੇ ਹਨ ਜਿਸਦਾ ਕਿ ਕੋਈ ਸਬੂਤ ਵੀ ਨਹੀਂ ਹੈ। ਇਸ ਹੱਤਿਆ ਨੂੰ ਬਹਾਨਾ ਬਣਾ ਕੇ ਆਰ.ਐਸ.ਐਸ., ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਹਿੰਦੂਤਵੀ ਕੱਟੜਪੰਥੀ ਜੱਥੇਬੰਦੀਆਂ ਨੇ ਸਾਰੀ ਮੁਸਲਮਾਨ ਅਬਾਦੀ ਖਿਲਾਫ਼ ਫਿਰਕੂ ਨਫ਼ਰਤ ਭੜਕਾਉਣ ਦੀਆਂ ਆਪਣੀਆਂ ਪਹਿਲਾਂ ਤੋਂ ਜ਼ਾਰੀ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ। 28 ਫਰਵਰੀ ਨੂੰ ਆਗਰਾ ‘ਚ ਅਰੁਣ ਮਾਹੌਰ ਸਬੰਧੀ ਇਹਨਾਂ ਨੇ ਇੱਕ ਸ਼ੋਕ ਸਭਾ ਕੀਤੀ ਜਿਸ ਵਿੱਚ ਮੁਸਲਮਾਨਾਂ ਖਿਲਾਫ਼ ਰੱਜ ਕੇ ਭੜਕਾਊ ਭਾਸ਼ਣ ਦਿੱਤੇ ਗਏ ਹਨ। ਮੁਸਲਮਾਨਾਂ ਨੂੰ ‘ਰਾਕਸ਼ਸ਼’, ‘ਦੇਸ਼ ਧ੍ਰੋਹੀ’ ਕਿਹਾ ਗਿਆ। ਮੁਸਲਮਾਨਾਂ ਖਿਲਾਫ਼ ਅੰਤਮ ਜੰਗ ਲੜਨ ਦੇ ਐਲਾਨ ਕੀਤੇ ਗਏ। ਅਰੁਣ ਮਹੌਰ ਦੀ ”ਸ਼ਹਾਦਤ” ਨੂੰ ਮਨੁੱਖੀ ਖੋਪੜੀਆਂ ਭੇਂਟ ਕਰਨ ਦੇ ਐਲਾਨ ਕੀਤੇ ਗਏ। ਹਿੰਦੂਆਂ ਨੂੰ ਬੰਦੂਕਾਂ, ਤਲਵਾਰਾਂ ਚੁੱਕਣ ਲਈ ਕਿਹਾ ਗਿਆ ਹੈ।

ਇਸ ਸਭਾ ਵਿੱਚ ਭਾਜਪਾ ਦੇ ਵੱਡੇ ਆਗੂ ਕੇਂਦਰੀ ਮਾਨਵੀ ਸ੍ਰੋਤ ਵਿਕਾਸ ਰਾਜ ਮੰਤਰੀ ਰਾਮ ਸ਼ੰਕਰ ਕਠੇਰੀਆ, ਫਤਿਹਪੁਰ ਸੀਕਰੀ ਦੇ ਸੰਸਦ ਮੈਂਬਰ ਚੌਧਰੀ ਬਾਬੂ ਲਾਲ, ਸਥਾਨਕ ਭਾਜਪਾ ਵਿਧਾਇਕ ਜਗਨ ਪ੍ਰਸਾਦ ਗਰਗ, ਕੁੰਦਨਿਕਾ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦਾ ਜਨਰਲ ਸਕੱਤਰ ਸੁਰੇਂਦਰ ਜੈਨ, ਵਿ.ਹਿ.ਪ. ਦਾ ਜਿਲ੍ਹਾ ਸਕੱਤਰ ਅਸ਼ੋਕ ਲਵਾਨੀਆ, ਬਜਰੰਗ ਦਲ ਦੇ ਆਗੂਆਂ ਆਦਿ ਨੇ ਬੇਹੱਦ ਭੜਕਾਊ ਭਾਸ਼ਣ ਦਿੱਤੇ ਹਨ। ਛੋਟੀ ਜਿਹੀ ਗੱਲ ‘ਤੇ ਆਮ ਨਾਗਰਿਕਾਂ ਨੂੰ ਜੇਲ੍ਹਾਂ ‘ਚ ਡੱਕ ਦੇਣ ਵਾਲ਼ੀ ਪੁਲੀਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ। ਐਫ.ਆਈ.ਆਰ. ਦਰਜ ਕਰਕੇ ਜਾਂਚ-ਪੜਤਾਲ ਦਾ ਡਰਾਮਾ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਰਾਮ ਸ਼ੰਕਰ ਕਠੇਰੀਆ ਜਿਹੇ ਵੱਡੇ ਮੱਗਰਮੱਛਾਂ ਦਾ ਐਫ.ਆਈ.ਆਰ. ਵਿੱਚ ਦੋਸ਼ੀ ਦੇ ਤੌਰ ‘ਤੇ ਨਾਂ ਵੀ ਨਹੀਂ ਲਿਖਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੰਸਦ ਵਿੱਚ ਬਿਆਨ ਦਿੰਦਾ ਹੈ ਕਿ ਕਠੇਰੀਆ ਨੇ ਭੜਕਾਊ ਭਾਸ਼ਣ ਨਹੀਂ ਦਿੱਤਾ। ਇਸ ਪਾਰਟੀ ਦੇ ਬਾਕੀ ਆਗੂਆਂ ਵੱਲੋਂ ਦਿੱਤੇ ਭਾਸ਼ਣਾਂ ਬਾਰੇ ਵੀ ਉਹ ਚਤੁਰਾਈ ਭਰੇ ਢੰਗ ਨਾਲ਼ ਚੁੱਪੀ ਸਾਧ ਗਿਆ। ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਅਖਿਲੇਸ਼ ਸਰਕਾਰ ਇਹਨਾਂ ਖਿਲਾਫ਼ ਢੁੱਕਵੀਂ ਕਾਰਵਾਈ ਨਹੀਂ ਕਰ ਰਹੀ ਅਤੇ ਇਹਨਾਂ ਨੂੰ ਅਸਿੱਧੇ ਢੰਗ ਨਾਲ਼ ਬਚਾਉਣ ਵਿੱਚ ਲੱਗੀ ਹੋਈ ਹੈ। ਉਮਰ ਖਾਲਿਦ, ਕਨੱਹੀਆ ਕੁਮਾਰ, ਐਸ.ਏ.ਆਰ. ਗਿਲਾਨੀ ਆਦਿ ਜਮਹੂਰੀਅਤ ਪਸੰਦ ਵਿਦਿਆਰਥੀਆਂ-ਅਧਿਆਪਕਾਂ ਨੂੰ ਝੂਠੀਆਂ ਵੀਡੀਓ ਕਲਿਪਾਂ ਦੇ ਅਧਾਰ ‘ਤੇ ਦੇਸ਼ ਧ੍ਰੋਹੀ ਕਰਾਰ ਦੇਣ ਵਾਲ਼ੇ ਜੀ.ਨਿਊਜ਼, ਇੰਡੀਆ ਟੀ.ਵੀ., ਇੰਡੀਆ ਨਿਊਜ਼, ਟਾਈਮਜ਼ ਨਾਓ ਜਿਹੇ ਖ਼ਬਰੀ ਚੈਨਲਾਂ ਨੂੰ ਮੁਸਲਮਾਨਾਂ ਦੇ ਕਤਲੇਆਮ ਲਈ ਭੜਕਾਊ ਭਾਸ਼ਣ ਦੇਣ ਵਾਲ਼ੇ ਇਹ ਹਿੰਦੂਤਵੀ ਫਾਸੀਵਾਦੀ ਦੇਸ਼ਧ੍ਰੋਹੀ ਨਜ਼ਰ ਨਹੀਂ ਆਏ ਤੇ ਚੁੱਪੀ ਸਾਧ ਗਏ!

ਆਓ ਜ਼ਰਾ ਨਜ਼ਰ ਮਾਰੀਏ ਕਿ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ, ਆਰ.ਐਸ.ਐਸ., ਬਜਰੰਗ ਦਲ ਆਦਿ ਜੱਥੇਬੰਦੀਆਂ ਦੇ ਫਿਰਕੂ ਆਗੂਆਂ ਨੇ ਭੜਕਾਊ ਭਾਸ਼ਣਾਂ ਵਿੱਚ ਕੀ ਕੁੱਝ ਕਿਹਾ। ਪਾਠਕ ਤੈਅ ਕਰਨ ਕਿ ਦੇਸ਼ ਦੇ ਗ੍ਰਹਿ ਮੰਤਰੀ ਦਾ ਇਸ ਮਾਮਲੇ ਸਬੰਧੀ ਸੰਸਦ ਵਿੱਚ ਦਿੱਤਾ ਬਿਆਨ ਸੱਚਾ ਹੈ ਜਾਂ ਝੂਠਾ ਤੇ ਇਹਨਾਂ ਖਿਲਾਫ਼ ਕਿਸ ਪ੍ਰਕਾਰ ਦੀ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਭਾਜਪਾ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਇਸ ਸਭਾ ਵਿੱਚ ਕਿਹਾ ਸੀ ਕਿ ਹਿੰਦੂਆਂ ਨੂੰ ਗੋਲ਼ੀਆਂ ਚਲਾਉਣੀਆਂ ਪੈਣਗੀਆਂ, ਬੰਦੂਕਾਂ ਚੁੱਕਣੀਆਂ ਪੈਣਗੀਆਂ, ਚਾਕੂ ਚਲਾਉਣੇ ਪੈਣਗੇ। ਉਸਨੇ ਕਿਹਾ ਕਿ 2017 ਵਿੱਚ ਚੋਣਾਂ ਆ ਰਹੀਆਂ ਹਨ, ਹੁਣ ਤੋਂ ਹੀ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿਓ। ਕੇਂਦਰੀ ਮੰਤਰੀ ਕਠੇਰੀਆ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੈਂ ਮੰਤਰੀ ਬਣ ਗਿਆ ਹਾਂ, ਇਹ ਨਾ ਸਮਝਿਆ ਜਾਵੇ ਕਿ ਮੇਰੇ ਹੱਥ ਬੰਨ੍ਹੇ ਗਏ ਹਨ। ਉਸਨੇ ਹੱਤਿਆਰਿਆਂ (ਮੁਸਲਮਾਨਾਂ) ਤੋਂ ਹੋਰਾਂ (ਹਿੰਦੂਆਂ) ਨੂੰ ਬਚਾਉਣ ਲਈ ਹਿੰਦੂਆਂ ਨੂੰ ਇਕੱਠੇ ਹੋ ਕੇ ਤਾਕਤ ਦਿਖਾਉਣ ਲਈ ਲਲਕਾਰਿਆ। ਸਥਾਨਕ ਭਾਜਪਾ ਆਗੂ ਕੁੰਦਨਿਕਾ ਸ਼ਰਮਾ ਨੇ ਕਿਹਾ ਕਿ ”ਅਸੀਂ ਦੇਸ਼ਧ੍ਰੋਹੀਆਂ (ਮੁਸਲਮਾਨਾਂ), ਅਰੁਣ ਮਾਹੌਰ ਦੇ ਹੱਤਿਆਰਿਆਂ ਦੇ ਸਿਰ ਲਾਹੁਣਾ ਚਾਹੁੰਦੇ ਹਾਂ…… ਇਹ ਸਮਾਂ ਚੁੱਪ ਬੈਠਣ ਦਾ ਨਹੀਂ, ਛਾਪਾ ਮਾਰੋ, ਬੁਰਕਾ ਪਹਿਨੋ, ਪਰ ਇਨ੍ਹਾਂ ਨੂੰ ਘੇਰ-ਘੇਰ ਕੇ ਲੈ ਕੇ ਆਓ। ਇੱਕ ਸਿਰ ਦੇ ਬਦਲੇ ਦਸ ਸਿਰ ਕੱਟ ਕੇ ਲਿਆਓ”। ਸੰਸਦ ਮੈਂਬਰ ਬਾਬੂਲਾਲ ਨੇ ਸਪੱਸ਼ਟ ਤੌਰ ‘ਤੇ ਮੁਸਲਮਾਨਾਂ ਨਾਲ਼ ਮੁਕਾਬਲੇ ਲਈ ਸਮਾਂ-ਸਥਾਨ ਤੈਅ ਕਰਨ ਅਤੇ ਉਹਨਾਂ ਤੋਂ ਬਦਲਾ ਲੈਣ ਦੀ ਗੱਲ ਕਹੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲ੍ਹਾ ਸਕੱਤਰ ਅਸ਼ੋਕ ਲਵਾਨੀਆ ਨੇ ਭੜਕਾਊ ਭਾਸ਼ਣ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹੈ। ਉਸਨੇ ਕਿਹਾ ਕਿ ਉਸ ਕੋਲ਼ ਬਹੁਤ ਸਾਰੇ ਲੋਕ ਆ ਕੇ ਪੁੱਛ ਰਹੇ ਹਨ ਕਿ ਕੁੱਝ ਕੀਤਾ ਕਿਉਂ ਨਹੀਂ ਜਾ ਰਿਹਾ, ਉਹ ਸਭ ਕੁੱਝ ਕਰਨ ਨੂੰ ਤਿਆਰ ਹਨ- ਸਾੜਫੂਕ, ਕਤਲ, ਗੋਲ਼ੀਆਂ ਨਾਲ਼ ਭੁੰਨਣਾ। ਉਸਨੇ ਕਿਹਾ ਕਿ ਜੱਥੇਬੰਦੀਆਂ ਦਾ ਨਾਂ ਪਿੱਛੇ ਰੱਖਿਆ ਜਾਵੇਗਾ। ਲੋਕਾਂ ਨੂੰ ਵੱਡੇ ਪੱਧਰ ‘ਤੇ ਤਿਆਰ ਕਰ ਕੇ ਕਾਰਵਾਈ ਕੀਤੀ ਜਾਵੇਗੀ। ਲਵਾਨੀਆ ਨੇ ਕਿਹਾ ਕਿ ਅਰੁਣ ਮਾਹੌਰ ਦੀ ਤੇਰ੍ਹਵੀਂ ਤੋਂ ਪਹਿਲਾਂ-ਪਹਿਲਾਂ ਬਦਲਾ ਲੈ ਲਿਆ ਜਾਵੇਗਾ, ਕਿ ਖੂਨ ਦਾ ਬਦਲਾ ਖੂਨ ਨਾਲ਼ ਲਿਆ ਜਾਵੇਗਾ, ਕਿ ਅਰੁਣ ਮਾਹੌਰ ਨੂੰ ”ਰਾਕਸ਼ਸ਼ਾਂ” ਦੀਆਂ ਖੋਪੜੀਆਂ ਭੇਂਟ ਕੀਤੀਆਂ ਜਾਣਗੀਆਂ। ਉਸਨੇ ਕਿਹਾ ਕਿ ”ਕੋਈ ਵੀ ਲਵ ਜਿਹਾਦੀ ਸਾਡੀਆਂ ਮਾਵਾਂ-ਭੈਣਾਂ ‘ਤੇ ਨਜ਼ਰ ਸੁੱਟਣ ਦੀ ਹਿੰਮਤ ਨਹੀਂ ਕਰੇਗਾ”।

ਤਿੰਨ-ਚਾਰ ਹਜ਼ਾਰ ਲੋਕਾਂ ਵਿੱਚ ਦਿੱਤੇ ਗਏ ਵੱਖ-ਵੱਖ ਭਾਸ਼ਣਾਂ ਵਿੱਚੋਂ ਲਏ ਗਏ ਇਹ ਕੁੱਝ ਨਮੂਨੇ ਹਨ। ਅਸਾਨੀ ਨਾਲ਼ ਵੇਖਿਆ ਜਾ ਸਕਦਾ ਹੈ ਕਿ ਹਿੰਦੂਤਵੀ ਕੱਟੜਪੰਥੀ ਤਾਕਤਾਂ ਕਿਸ ਢੰਗ ਨਾਲ਼ ਅਤੇ ਕਿਸ ਪੱਧਰ ‘ਤੇ ਉੱਤਰ ਪ੍ਰਦੇਸ਼ ਵਿੱਚ ਮੁਸਲਮਾਨਾਂ ਖਿਲਾਫ਼ ਫਿਰਕੂ ਹਿੰਸਾ ਭੜਕਾਉਣ ਵਿੱਚ ਲੱਗੀਆਂ ਹੋਈਆਂ ਹਨ। ਸੰਨ 2017 ਵਿੱਚ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਦ ਵੀ ਚੋਣਾਂ ਨੇੜੇ ਆਉਂਦੀਆਂ ਹਨ ਭਾਜਪਾ, ਆਰ.ਐਸ.ਐਸ., ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਵੱਲ਼ੋਂ ਫਿਰਕੂ ਹਿੰਸਾ ਭੜਕਾਉਣ ਦੀਆਂ ਸਾਜ਼ਿਸ਼ਾਂ ਤੇਜ਼ ਹੋ ਜਾਂਦੀਆਂ ਹਨ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਣ ਕਰਕੇ ਹਿੰਦੂਤਵੀ ਕੱਟੜਪੰਥੀ ਟੋਲਾ ਕਾਫ਼ੀ ਜ਼ਿਆਦਾ ਭੂਤਰਿਆ ਹੋਇਆ ਹੈ। ਜਦੋਂ ਤੋਂ ਕੇਂਦਰ ਵਿੱਚ ਇਨ੍ਹਾਂ ਦੀ ਸਰਕਾਰ ਬਣੀ ਹੈ ਦੇਸ਼ ਵਿੱਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਤੇਜ਼ੀ ਨਾਲ਼ ਵਧੀਆਂ ਹਨ। ਮੁਸਲਮਾਨ ਦੇਸ਼ ਭਰ ਵਿੱਚ ਬੇਹੱਦ ਡਰ-ਭੈਅ ਦੇ ਮਾਹੌਲ ਵਿੱਚ ਰਹਿ ਰਹੇ ਹਨ। ਮੋਦੀ ਸਰਕਾਰ ”ਚੰਗੇ ਦਿਨਾਂ” ਦਾ ਵਾਅਦਾ ਕਰਕੇ ਕੇਂਦਰ ਦੀ ਸੱਤ੍ਹਾ ਵਿੱਚ ਆਈ ਸੀ। ਪਰ ਇਸ ਦੀਆਂ ਲੋਕ-ਦੋਖੀ ਤੇ ਧਨਾਢਾਂ-ਪੱਖੀ ਨੀਤੀਆਂ ਨੇ ਲੋਕਾਂ ਦਾ ਕਚੂਮਰ ਕੱਢ  ਕੇ ਰੱਖ ਦਿੱਤਾ ਹੈ। ਲੋਕਾਂ ਵਿੱਚ ਮੋਦੀ ਸਰਕਾਰ ਖਿਲਾਫ਼ ਵਿਆਪਕ ਰੋਹ ਫੈਲਿਆ ਹੈ। ਅਜਿਹੀ ਹਾਲਤ ਵਿੱਚ ਫਿਰਕੂ ਨਫ਼ਰਤ ਭੜਕਾ ਕੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ, ਰੁਜ਼ਗਾਰ, ਸਿਹਤ, ਸਿੱਖਿਆ, ਬਿਜਲੀ, ਪਾਣੀ, ਭ੍ਰਿਸ਼ਟਾਚਾਰ, ਜਮਹੂਰੀ ਹੱਕ ਜਿਹੇ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭੜਕਾ ਕੇ ਹੀ ਭਾਜਪਾ ਦਾ ਰੱਥ ਲੋਕ ਹੱਕਾਂ ਨੂੰ ਕੁਚਲਦਾ ਹੋਇਆ ਅੱਗੇ ਵੱਧ ਸਕਦਾ ਹੈ। ਆਗਰਾ ਵਿੱਚ ਜੋ ਭੜਕਾਊ ਭਾਸ਼ਣ ਦਿੱਤੇ ਗਏ ਹਨ, ਅਤੇ ਜ਼ਮੀਨੀ ਪੱਧਰ ‘ਤੇ ਮੁਸਲਮਾਨਾਂ ਦੇ ਕਤਲੇਆਮ ਦੀ ਤਿਆਰੀ ਦੇ ਸੰਕੇਤ ਦਿੱਤੇ ਗਏ ਹਨ ਉਨ੍ਹਾਂ ਨੂੰ ਬੇਹੱਦ ਗੰਭੀਰਤਾ ਨਾਲ਼ ਲੈਂਦੇ ਹੋਏ ਇਨਕਲਾਬੀ, ਜਮਹੂਰੀ, ਧਰਮ ਨਿਰਪੱਖ, ਇਨਸਾਫ਼ਪਸੰਦ, ਮਨੁੱਖਤਾਵਾਦੀ ਲੋਕਾਂ ਨੂੰ ਫਿਰਕੂ ਤਾਕਤਾਂ ਖਿਲਾਫ਼ ਟਾਕਰੇ ਦੀ ਲੜਾਈ ਵਿੱਢਣੀ ਚਾਹੀਦੀ ਹੈ।

ਹਿੰਦੂਤਵੀ ਕੱਟੜਪੰਥੀਆਂ ਵੱਲੋਂ ਮੁਸਲਮਾਨਾਂ ਖਿਲਾਫ਼ ਭੜਕਾਈ ਜਾ ਰਹੀ ਨਫ਼ਰਤ ਤੇ ਹਿੰਸਾ ਦਾ ਇਸਲਾਮਿਕ ਕੱਟੜਪੰਥੀ ਤਾਕਤਾਂ ਵੀ ਲਾਹਾ ਲੈਣ ਦੀ ਕੋਸ਼ਿਸ਼ ਕਰਨਗੀਆਂ। ਮੁਸਲਮਾਨ ਅਬਾਦੀ ਨੂੰ ਇਸਲਾਮਿਕ ਕੱਟੜਪੰਥੀਆਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ। ਇਸ ਨਾਲ਼ ਉਹਨਾਂ ਦਾ ਭੋਰਾ ਵੀ ਭਲਾ ਨਹੀਂ ਹੋਣ ਵਾਲ਼ਾ। ਧਾਰਮਿਕ ਕੱਟੜਪੰਥ ਦਾ ਮੁਕਾਬਲਾ ਦੂਜੇ ਕਿਸਮ ਦੇ ਧਾਰਮਿਕ ਕੱਟੜਪੰਥ ਨਾਲ਼ ਨਹੀਂ ਕੀਤਾ ਸਕਦਾ। ਸਭਨਾਂ ਧਰਮਾਂ ਨਾਲ਼ ਸਬੰਧਤ ਲੋਕਾਂ ਦੀ ਧਰਮ ਨਿਰਪੱਖ ਤੇ ਜਮਹੂਰੀ ਏਕਤਾ ਹੀ ਧਾਰਮਿਕ ਕੱਟੜਪੰਥੀਆਂ ਦਾ ਢੁੱਕਵਾਂ ਟਾਕਰਾ ਕਰ ਸਕਦੀ ਹੈ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements