ਹਿੰਦੂਤਵੀ ਕੱਟੜਪੰਥੀਆਂ ਤੇ ਪੁਲਿਸ ਨੂੰ ਜਨਤਕ-ਜਮਹੂਰੀ ਜਥੇਬੰਦੀਆਂ ਦੇ ਏਕੇ ਨੇ ਦਿੱਤਾ ਮੂੰਹ ਤੋੜਵਾਂ ਜੁਆਬ ਜਨਚੇਤਨਾ ਅਤੇ ਇਨਕਲਾਬੀ-ਜਮਹੂਰੀ ਵਿਚਾਰਾਂ ‘ਤੇ ਹਮਲੇ ਖਿਲਾਫ਼ ਪੁਲਿਸ ਥਾਣੇ ਦਾ ਘਿਰਾਓ ਅਤੇ ਜੋਰਦਾਰ ਮੁਜਾਹਰਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਿੰਦੂਤਵੀ ਕੱਟੜਪੰਥੀਆਂ ਦੇ ਹਜ਼ੂਮ ਵੱਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਸਥਿਤ ਅਗਾਂਹਵਧੂ ਤੇ ਇਨਕਲਾਬੀ ਸਾਹਿਤ ਦੇ ਕੇਂਦਰ ‘ਜਨਚੇਤਨਾ’ ਦੇ ਪੁਸਤਕ ਵਿੱਕਰੀ ਕੇਂਦਰ ਉੱਪਰ ਲੰਘੀ 3 ਜਨਵਰੀ ਨੂੰ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਉਹ ਸ਼ਹੀਦ ਭਗਤ ਸਿੰਘ ਤੇ ਰਾਧਾ ਮੋਹਨ ਗੋਕੁਲ ਜੀ ਆਦਿ ਦੀਆਂ ਲਿਖਤਾਂ ਉੱਪਰ ਹਮਲਾ ਕਰਦਿਆਂ ਕਹਿ ਰਹੇ ਸਨ ਕਿ ‘ਜਨਚੇਤਨਾ’ ਇਹਨਾਂ ਕਿਤਾਬਾਂ ਦੇ ਪ੍ਰਚਾਰ ਰਾਹੀਂ ਨੌਜਵਾਨਾਂ ਦਾ ‘ਬ੍ਰੇਨਵਾਸ਼’ ਕਰ ਰਹੀ ਹੈ। ਹਿੰਦੂਤਵੀ ਕੱਟੜਪੰਥੀਆਂ ਨੇ ‘ਜਨਚੇਤਨਾ’ ਦੀ ਪ੍ਰਬੰਧਕ ਬਿੰਨੀ ਨਾਲ਼ ਬਦਸਲੂਕੀ ਕੀਤੀ, ਉਸਨੂੰ ਗਾਲ੍ਹਾਂ ਕੱਢੀਆਂ ਅਤੇ ਪੁਲਿਸ ਦੀ ਹਾਜ਼ਰੀ ਵਿੱਚ ‘ਜਨਚੇਤਨਾ’ ਦੇ ਪੁਸਤਕ ਵਿੱਕਰੀ ਕੇਂਦਰ ਨੂੰ ਅੱਗ ਲਾਉਣ ਤੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਇਹਨਾਂ ਹਮਲਾਵਰਾਂ ਨੂੰ ਰੋਕਣ ਦੀ ਥਾਂ ਜਨਚੇਤਨਾ ਦੀ ਇੰਚਾਰਜ ਬਿੰਨੀ ਤੇ ਉੱਥੇ ਮੌਜੂਦ ‘ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ’ ਦੇ ਪ੍ਰਧਾਨ ਲਖਵਿੰਦਰ, ‘ਕਾਰਖਾਨਾ ਮਜ਼ਦੂਰ ਯੂਨੀਅਨ’ ਦੇ ਆਗੂ ਸਮਰ, ਤੇ ‘ਨੌਜਵਾਨ ਭਾਰਤ ਸਭਾ’ ਦੇ ਸਰਗਰਮ ਮੈਂਬਰ ਸਤਬੀਰ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਸੀ ਤੇ ‘ਜਨਚੇਤਨਾ’ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਸੀ। ਸ਼ਾਮ ਨੂੰ ਜਨਤਕ ਦਬਾਅ ਮਗਰੋਂ ਇਹਨਾਂ ਸਭ ਨੂੰ ਰਿਹਾਅ ਕਰ ਦਿੱਤਾ ਗਿਆ ਤੇ 3 ਜਨਵਰੀ ਨੂੰ ਦੁਪਹਿਰ 12 ਵਜੇ ਥਾਣੇ ਬੁਲਾਇਆ ਗਿਆ ਸੀ।

ਜਮਹੂਰੀ ਵਿਚਾਰਾਂ ਤੇ ਕਾਰਕੁੰਨਾਂ ਉੱਪਰ ਹੋਏ ਇਸ ਹਮਲੇ ਮਗਰੋਂ 3 ਜਨਵਰੀ ਨੂੰ ਲੁਧਿਆਣੇ ਦੀਆਂ ਵੱਖ-ਵੱਖ ਇਨਕਲਾਬੀ-ਜਮਹੂਰੀ ਜਥੇਬੰਦੀਆਂ ਦੇ ਸੱਦੇ ‘ਤੇ ਸੈਂਕੜੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਜਮਹੂਰੀ ਕਾਰਕੁੰਨਾਂ ਨੇ ਪੁਲਿਸ ਥਾਣਾ ਡਿਵੀਜ਼ਨ ਨੰਬਰ 5 ਦਾ ਘਿਰਾਓ ਕਰਕੇ ਜੋਰਦਾਰ ਮੁਜਾਹਰਾ ਕੀਤਾ। ਪੁਲਿਸ ਨੇ ਇਸ ਜਨਤਕ ਰੋਹ ਅੱਗੇ ਝੁਕਦਿਆਂ ਆਪਣੀ ਗਲਤੀ ਮੰਨੀ ਤੇ ਭਰੋਸਾ ਦਿਵਾਇਆ ਕਿ ਇਹਨਾਂ ਆਗੂਆਂ ਉੱਪਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਵੇਗੀ। ਇੱਕ ਦਿਨ ਪਹਿਲਾਂ ਹਜੂਮ ਵਿੱਚ ਇਕੱਠੇ ਹੋ ਕੇ ਬੜਕਾਂ ਮਾਰਨ ਵਾਲੇ ਹਿੰਦੂ ਕੱਟੜਪੰਥੀਆਂ ਨੂੰ ਵੀ ਪੁਲਿਸ ਨੇ 3 ਜਨਵਰੀ ਨੂੰ 12 ਵਜੇ ਬੁਲਾਇਆ ਸੀ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਥਾਣੇ ਪਹੁੰਚਣ ਦੀ ਹਿੰਮਤ ਨਾ ਵਿਖਾਈ।

ਇਕੱਠੇ ਹੋਏ ਕਾਰਕੁੰਨਾਂ ਨੇ ਮੰਗ ਕੀਤੀ ਕਿ ਅਗਾਂਹਵਧੂ, ਜਮਹੂਰੀ ਵਿਚਾਰਾਂ ਦੇ ਅਦਾਰੇ ‘ਜਨਚੇਤਨਾ’ ਦੇ ਪੰਜਾਬੀ ਭਵਨ ਸਥਿਤ ਵਿੱਕਰੀ ਕੇਂਦਰ ਉੱਤੇ ਹਮਲਾ ਕਰਨ ਵਾਲੇ ਹਿੰਦੂਤਵੀ ਕੱਟੜਪੰਥੀ ਜਥੇਬੰਦੀ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਹਿੰਦੂਤਵੀ ਕੱਟੜਪੰਥੀ ਜਥੇਬੰਦੀਆਂ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦਾ ਸਖਤ ਨੋਟਿਸ ਲੈਂਦਿਆਂ ਮੰਗ ਕੀਤੀ ਗਈ ਕਿ ਧਰਮ ਦੇ ਅਧਾਰ ਉੱਤੇ ਲੋਕਾਂ ਨੂੰ ਵੰਡਣ-ਲੜਾਉਣ ਵਾਲੀਆਂ ਜਥੇਬੰਦੀਆਂ ਉੱਤੇ ਪਾਬੰਦੀ ਲਾਈ ਜਾਵੇ ਅਤੇ ਇਸਦੇ ਦੋਸ਼ੀ ਵਿਅਕਤੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ‘ਜਨਚੇਤਨਾ’ ਦੀ ਪ੍ਰਬੰਧਕ ਵੱਲੋਂ ਦਿੱਤੀ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੌਕੇ ਉੱਤੇ ਪਹੁੰਚੇ ਏ.ਸੀ.ਪੀ. ਵੱਲੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਲਈ 24 ਘੰਟੇ ਦਾ ਸਮਾਂ ਮੰਗਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਲੋਕ ਏਕਤਾ ਅੱਗੇ ਝੁਕਦੇ ਹੋਏ ਪੁਲਿਸ ਨੇ ‘ਜਨਚੇਤਨਾ’ ਦੀਆਂ ਚਾਬੀਆਂ ਪ੍ਰਬੰਧਕਾਂ ਨੂੰ ਤੁਰੰਤ ਸੌਂਪ ਦਿੱਤੀਆਂ। ਥਾਣੇ ‘ਤੇ ਘਿਰਾਓ ਤੋਂ ਬਾਅਦ ‘ਜਨਚੇਤਨਾ’, ਪੰਜਾਬੀ ਭਵਨ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਜੋਸ਼ੀਲੇ ਨਾਅਰਿਆਂ ਨਾਲ਼ ‘ਜਨਚੇਤਨਾ’ ਦਾ ਜ਼ਿੰਦਰਾ ਖੋਲ੍ਹਿਆ ਗਿਆ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਰਾਧਾਮੋਹਨ ਗੋਕੁਲ ਦੀਆਂ ਕਿਤਾਬਾਂ ਵਰ੍ਹਿਆਂ ਤੋਂ ਦੇਸ਼ ਭਰ ਵਿੱਚ ਛਪ ਰਹੀਆਂ ਹਨ।’ਜਨਚੇਤਨਾ’ ਉੱਤੇ ਹੋਇਆ ਹਮਲਾ ਸਮੁੱਚੀ ਇਨਕਲਾਬੀ-ਜਮਹੂਰੀ ਲਹਿਰ ਉੱਤੇ ਹਮਲਾ ਹੈ। ਇਹਨਾਂ ਕਿਤਾਬਾਂ ਅਤੇ ਜਨਤਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣਾ ਵਿਚਾਰਾਂ ਦੇ ਪ੍ਰਗਾਟਾਵੇ ਦੀ ਅਜ਼ਾਦੀ ਤੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ।

ਮੁਜ਼ਾਹਰੇ ਨੂੰ ‘ਜਨਚੇਤਨਾ’, ਲੁਧਿਆਣਾ ਦੀ ਇੰਚਾਰਜ ਬਿੰਨੀ, ‘ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਯਨ’ ਦੇ ਪ੍ਰਧਾਨ ਲਖਵਿੰਦਰ, ‘ਨੌਜਵਾਨ ਭਾਰਤ ਸਭਾ’ ਦੇ ਸੂਬਾ ਕਨਵੀਨਰ ਕੁਲਵਿੰਦਰ, ‘ਇਨਕਲਾਬੀ ਕੇਂਦਰ ਪੰਜਾਬ’ ਦੇ ਆਗੂ ਸੁਖਦੇਵ ਭੂੰਦੜੀ, ‘ਪੰਜਾਬ ਸਟੂਡੈਂਟਸ ਯੂਨੀਅਨ’ ਦੇ ਆਗੂ ਕਰਮਜੀਤ ਕੋਟਕਪੂਰਾ, ‘ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ’ ਦੇ ਆਗੂ ਹਰਪ੍ਰੀਤ ਜੀਰਖ, ‘ਕਾਰਖਾਨਾ ਮਜ਼ਦੂਰ ਯੂਨੀਅਨ’ ਦੇ ਆਗੂ ਰਾਜਵਿੰਦਰ, ‘ਡੈਮੋਕ੍ਰੇਟਿਕ ਇੰਪਲਾਈਜ’ ਫਰੰਟ ਦੇ ਆਗੂ ਰਮਨਜੀਤ, ‘ਤਰਕਸ਼ੀਲ ਸੁਸਾਈਟੀ ਪੰਜਾਬ’ ਦੇ ਆਗੂ ਸਤੀਸ਼ ਸਚਦੇਵਾ, ‘ਮੌਲਡਰ ਐਂਡ ਸਟੀਲ ਵਰਕਰਜ ਯੂਨੀਅਨ’ ਦੇ ਪ੍ਰਧਾਨ ਵਿਜੇ ਨਾਰਾਇਣ, ‘ਲੋਕ ਏਕਤਾ ਸੰਗਠਨ’ ਦੇ ਪ੍ਰਧਾਨ ਗੱਲਰ ਚੌਹਾਨ, ਆਦਿ ਨੇ ਸੰਬੋਧਿਤ ਕੀਤਾ।

– ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements