ਹਿੰਦੂ ਫਿਰਕਾਪ੍ਰਸਤਾਂ ਦੇ ਬੀਜੇ ਕੰਡਿਆਂ ‘ਚੋਂ ਭੜਕੀ ਮਾਲਦਾ ‘ਚ ਹਿੰਸਾ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 3 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ ਜਿਲ੍ਹੇ ਦੇ ਪਿੰਡ ਕਲਿਆਚਕ ਤੇ ਨੇੜਲੇ ਇਕਲਾਕਿਆਂ ਵਿੱਚ ਮੁਸਲਮਾਨ ਅਬਾਦੀ ਦੀ ਇੱਕ ਵੱਡੀ ਭੀੜ ਹਿੰਸਾ ‘ਤੇ ਉਤਾਰੂ ਹੋ ਗਈ। 1 ਤੋਂ 2 ਲੱਖ ਦੇ ਕਰੀਬ ਦੱਸੀ ਜਾਂਦੀ ਇਸ ਭੀੜ ਨੇ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਾ ਦਿੱਤੀ, ਬੀ.ਐੱਸ.ਐੱਫ. ਦੇ ਇੱਕ ਵਾਹਨ ਸਮੇਤ ਕਰੀਬ ਦੋ ਦਰਜਨ ਵਾਹਨ ਸਾੜ ਦਿੱਤੇ ਅਤੇ ਇਸਤੋਂ ਬਿਨਾਂ ਕੁੱਝ ਹੋਰ ਭੰਨ-ਤੋੜ ਵੀ ਕੀਤੀ। ਇਸ ਘਟਨਾ ਨੂੰ ਲੈ ਕੇ ਹਿੰਦੂ ਫਿਰਕਾਪ੍ਰਸਤਾਂ, ਭਾਜਪਾ ਤੇ ਮੀਡੀਆ ਨੇ ਇਸਨੂੰ “ਮੁਲਸਮਾਨਾਂ ਦੀ ਫਿਰਕਾਪ੍ਰਸਤੀ”, “ਹਿੰਦੂਆਂ ਖਿਲਾਫ ਸੋਚੀ ਸਮਝੀ ਸਾਜਿਸ਼”, “ਦੇਸ਼ ਲਈ ਖਤਰਾ” ਆਖ ਕੇ ਖੂਬ ਪ੍ਰਚਾਰਿਆ। ਇਸ ਤਰ੍ਹਾਂ ਇਸ ਪੂਰੀ ਘਟਨਾ ਦੇ ਕਈ ਪੱਖ ਅਣਗੌਲੇ ਕੀਤੇ ਗਏ ਹਨ, ਕਈ ਪੱਖਾਂ ਨੂੰ ਵਧਾ-ਘਟਾ ਕੇ ਇਸਨੂੰ ਧੱਕੇ ਨਾਲ਼ ਫਿਰਕੂ ਰੰਗਤ ਦਿੰਦੇ ਹੋਏ ਭਾਰਤੀ ਸੱਤ੍ਹਾ ‘ਤੇ ਕਾਬਜ ਹਿੰਦੂ ਫਿਰਕਾਪ੍ਰਸਤ ਇਸਨੂੰ ਆਪਣੀ ਮਰਜੀ ਦੀ ਨਤੀਜੇ ਲੋਕ ਮਨਾਂ ਵਿੱਚ ਭਰਨ ਲਈ ਵਰਤ ਰਹੇ ਹਨ।

ਇਹ ਪੂਰੀ ਘਟਨਾ ਹਿੰਦੂ ਕੱਟੜਪੰਥੀ ਤਾਕਤ ‘ਰਾਸ਼ਟਰੀ ਸਵੈਸੇਵਕ ਸੰਘ’ ਨਾਲ਼ ਜੁੜੀ ਹਿੰਦੂ ਮਹਾਂਸਭਾ ਦੇ ਕਮਲੇਸ਼ ਤਿਵਾੜੀ ਦੇ ਭੜਕਾਊ ਬਿਆਨ ਤੋਂ ਸ਼ੁਰੂ ਹੋਈ ਜਿਸ ਵਿੱਚ ਉਸਨੇ ਮੁਸਲਿਮ ਪੈਗੰਬਰ ਹਜਰਤ ਮੁਹੰਮਦ ਉੱਤੇ ਭੱਦੀਆਂ ਟਿੱਪਣੀਆਂ ਕਰਦੇ ਹੋਏ ਉਸਨੂੰ ਸਮਲਿੰਗੀ ਕਿਹਾ। ਉਸਦੇ ਇਸ ਬਿਆਨ ਉੱਪਰ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਪ੍ਰਤੀਕਿਰਿਆ ਵੇਖੀ ਗਈ। ਦੇਸ਼ ਵਿੱਚ ਕਈ ਥਾਂ ਮੁਸਲਮਾਨਾਂ ਨੇ ਹਜਾਰਾਂ-ਲੱਖਾਂ ਦੀ ਗਿਣਤੀ ਵਿੱਚ ਰੋਸ ਮੁਜਹਾਰੇ ਕਰਦਿਆਂ ਕਮਲੇਸ਼ ਤਿਵਾੜੀ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਕੀਤੀ। ਕੋਈ ਕਾਰਵਾਈ ਨਾ ਹੋਣ ਕਾਰਨ ਨਵੀਆਂ ਥਾਵਾਂ ‘ਤੇ ਵੀ ਇਸ ਖਿਲਾਫ ਲੋਕਾਂ ਦਾ ਗੁੱਸਾ ਭੜਕਣਾ ਜਾਰੀ ਰਿਹਾ। ਇਸ ਮਗਰੋਂ ਕਮਲੇਸ਼ ਤਿਵਾੜੀ ਨੂੰ 2 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਸਦੇ ਬਾਵਜੂਦ ਥਾਂ-ਥਾਂ ਉਸਨੂੰ ਸਜਾ ਦਿਵਾਉਣ ਲਈ ਮੁਜ਼ਾਹਰੇ ਹੁੰਦੇ ਰਹੇ। ਇਸੇ ਤਰਜ ‘ਤੇ ਹੀ 3 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਪਿੰਡ ਕਲਿਆਚਕ ਵਿਖੇ ਵੀ ਇੱਕ ਮੁਸਲਿਮ ਜਥੇਬੰਦੀ ‘ਅੰਜੁਮ ਆਲੇ ਸੁੰਨਤ ਜਮਾਤ’ ਦੇ ਸੱਦੇ ‘ਤੇ ਲੱਖਾਂ ਲੋਕ ਕਮਲੇਸ਼ ਤਿਵਾੜੀ ਨੂੰ ਸਜਾ ਦਿਵਾਉਣ ਲਈ ਰੋਸ ਮਾਰਚ ਲਈ ਇਕੱਠੇ ਹੋਏ। ਇਸੇ ਦੌਰਾਨ ਕੁੱਝ ਮੁਸਲਿਮ ਕੱਟੜਪੰਥੀ ਆਗੂਆਂ ਦੀ ਭੜਕਾਊ ਭਾਸ਼ਣਬਾਜੀ ਮਗਰੋਂ ਹਿੰਸਾ ਸ਼ੁਰੂ ਹੋ ਗਈ ਜਿਸ ਵਿੱਚ ਕੁੱਝ ਵਾਹਨਾਂ ਤੇ ਪੁਲਿਸ ਸਟੇਸ਼ਨ ਨੂੰ ਅੱਗ ਲਾ ਦਿੱਤੀ ਗਈ। ਇਹ ਵੀ ਖਬਰ ਹੈ ਕਿ ਪੁਲਿਸ ਵੱਲੋਂ ਕੀਤੀ ਜੁਆਬੀ ਗੋਲ਼ੀਬਾਰੀ ਵਿੱਚ 2 ਜਣੇ ਜਖਮੀ ਹੋਏ ਹਨ, ਪਰ ਇਸ ਪੂਰੀ ਹਿੰਸਾ ਦੌਰਾਨ ਕਿਸੇ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਆਈ।

ਜਿੱਥੇ ਤੱਕ ਮਾਮਲਾ ਹਿੰਦੂ ਫਿਰਕਾਪ੍ਰਸਤਾਂ, ਭਾਜਪਾ ਤੇ ਮੀਡੀਆ ਵੱਲੋਂ ਇਸਨੂੰ ਧੱਕੇ ਨਾਲ਼ ਫਿਰਕੂ ਰੰਗਤ ਦੇਣ ਦਾ ਹੈ ਤਾਂ ਬੇਸ਼ੱਕ ਇਸ ਮੁਜਹਰੇ ਵਿੱਚ ਸ਼ਾਮਲ ਅਬਾਦੀ ਬਹੁਗਿਣਤੀ ਮੁਸਲਿਮ ਫਿਰਕੇ ਨਾਲ਼ ਸਬੰਧ ਰੱਖਦੀ ਹੈ ਪਰ ਇਹ ਮੁਜਾਹਰਾ ਇੱਕ ਵਿਅਕਤੀ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਹੋਇਆ ਸੀ ਨਾ ਕਿ ਸਮੁੱਚੇ ਹਿੰਦੂ ਧਰਮ ਜਾਂ ਹਿੰਦੂ ਅਬਾਦੀ ਵਿਰੁੱਧ। ਇਸ ਲਈ ਇਸ ਨੂੰ ਹਰਗਿਜ ਵੀ ਫਿਰਕੂ ਵਾਰਦਾਤ ਨਹੀਂ ਕਿਹਾ ਜਾ ਸਕਦਾ। ਉਂਝ ਵੀ ਇਹ ਆਪਣੇ ਆਪ ਵਿੱਚ ਹਾਸੋਹੀਣੀ ਗੱਲ ਹੈ ਕਿ ਲੱਖਾਂ ਦੀ ਗਿਣਤੀ ਵਿੱਚ “ਫਿਰਕੂ” ਅਬਾਦੀ ਹਿੰਸਾ ‘ਤੇ ਉੱਤਰੀ ਪਰ ਕਿਸੇ ਵੀ ਗੈਰ-ਮੁਸਲਿਮ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪੁੰਹਚਾਇਆ ਗਿਆ। ਇੱਥੋਂ ਤੱਕ ਕਿ ਜਦੋਂ ਪੁਲਿਸ ਸਟੇਸ਼ਨ ਨੂੰ ਸਾੜਿਆ ਗਿਆ ਤਾਂ ਉਸ ਨਾਲ਼ ਲੱਗਵੇਂ ਮੰਦਰ ਨੂੰ ਵੀ ਕੋਈ ਨੁਕਸਾਨ ਨਹੀਂ ਪੁਹੰਚਾਇਆ ਗਿਆ।

ਮਾਲਦਾ ਜ਼ਿਲ੍ਹੇ ਦਾ ਇਹ ਇਲਾਕਾ ਮੁਸਲਿਮ ਬਹੁਗਿਣਤੀ ਵਾਲ਼ਾ ਇਲਾਕਾ ਹੈ ਜਿੱਥੇ 90 ਫੀਸਦੀ ਮੁਸਲਮਾਨ ਵਸਦੇ ਹਨ। ਦੇਸ਼ ਦੇ ਬਹੁਤੇ ਹਿੱਸਿਆਂ ਵਾਂਗ ਹੀ ਇੱਥੋਂ ਦੇ ਮੁਸਲਿਮ, ਹਿੰਦੂ ਤੇ ਹੋਰਨਾਂ ਫਿਰਕਿਆਂ ਦੀ ਅਬਾਦੀ ਵਿੱਚ ਕੋਈ ਆਪਸੀ ਵਿਰੋਧ ਨਹੀਂ ਹੈ ਸਗੋਂ ਉਹਨਾਂ ਵਿੱਚ ਆਪਸੀ ਭਾਈਚਾਰਕ ਸਾਂਝ ਹੈ। ਉਹ ਇੱਕ-ਦੂਜੇ ਦੀਆਂ ਖੁਸ਼ੀਆਂ, ਗਮਾਂ ਵਿੱਚ ਭਿਆਲ਼ ਹੁੰਦੇ ਹਨ, ਉਹਨਾਂ ਦੀਆਂ ਰਿਹਾਇਆਂ, ਦੁਕਾਨਾਂ, ਕਾਰੋਬਾਰ ਇੱਕੋ ਥਾਵਾਂ ‘ਤੇ ਹਨ। ਇਸ ਘਟਨਾ ਤੋਂ ਬਾਅਦ ਵੀ ਮਹੌਲ ਇਸੇ ਤਰ੍ਹਾਂ ਬਰਕਰਾਰ ਹੈ। ਇਸ ਘਟਨਾ ਤੋਂ ਬਾਅਦ ਅਜਿਹੀ ਵੀ ਕੋਈ ਖਬਰ ਨਹੀਂ ਆਈ ਕਿ ਕਿਸੇ ਹਿੰਦੂ ਪਰਿਵਾਰ ਨੂੰ ਉਜਾੜਨਾ ਪਿਆ ਹੋਵੇ ਜਾਂ ਉਹਨਾਂ ਨੂੰ ਉਸ ਇਲਾਕੇ ਵਿੱਚੋਂ ਜਾਣ ਲਈ ਮਜਬੂਰ ਹੋਣਾ ਪਿਆ ਹੋਵੇ, ਜਦਕਿ ਫਿਰਕੂ ਘਟਾਨਾਵਾਂ ਤੋਂ ਬਾਅਦ ਅਜਿਹਾ ਅਕਸਰ ਵਾਪਰਦਾ ਹੀ ਰਹਿੰਦਾ ਹੈ। ਇਸ ਪੂਰੇ ਮਾਮਲੇ ਤੋਂ ਸਾਫ ਹੈ ਕਿ ਇਹ ਘਟਨਾ ਭਾਜਪਾ ਤੇ ਰਾਸ਼ਟਰੀ ਸਵੈਸੇਵਕ ਸੰਘ ਵੱਲੋਂ ਦੇਸ਼ ਭਰ ਵਿੱਚ ਬੀਜੇ ਜਾ ਰਹੇ ਫਿਰਕੂ ਕੰਡਿਆਂ ਦੀ ਹੀ ਦੇਣ ਹੈ। ਕਮਲੇਸ਼ ਤਿਵਾੜੀ ਵੱਲੋਂ ਅਜਿਹਾ ਭੜਕਾਊ ਬਿਆਨ ਦੇਣਾ ਭਾਜਪਾ ਤੇ ਸੰਘ ਦੀ ਸਿਆਸਤ ਦਾ ਹੀ ਹਿੱਸਾ ਹੈ। ਇਹ ਸਮੁੱਚੀ ਮੁਸਮਾਨ ਅਬਾਦੀ ਨੂੰ ਬਦਨਾਮ ਕਰਨ ਤੇ ਇਸ ਬਹਾਨੇ ਆਪਣੇ ਫਿਰਕੂ ਤ੍ਰਿਸ਼ੂਲ ਤਿੱਖੇ ਕਰਨ ਦੀ ਸਾਜਿਸ਼ ਦਾ ਹਿੱਸਾ ਹੈ।
ਇਸ ਘਟਨਾ ਪਿੱਛੇ ਭਾਜਪਾ ਦਾ ਇੱਕ ਹੋਰ ਹਿੱਤ ਵੀ ਹੈ, ਭਾਜਪਾ ਦੀ ਨਜਰ ਪੱਛਮੀ ਬੰਗਾਲ ਵਿੱਚ ਇਸ ਸਾਲ ਹੋਣ ਵਾਲ਼ੀਆਂ ਵਿਧਾਨ ਸਭਾ ਚੋਣਾਂ ‘ਤੇ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਦੇ ਕਦੇ ਵੀ ਪੈਰ ਨਹੀਂ ਲੱਗੇ। ਭਾਜਪਾ ਦੇਸ਼ ਦੇ ਹੋਰਨਾਂ ਹਿੱਸਾਂ ਵਾਂਗ ਲੋਕਾਂ ਦਾ ਫਿਰਕੂ ਧਰੁਵੀਕਰਨ ਕਰਕੇ ਇੱਥੇ ਵੀ ਕੁੱਝ ਸੀਟਾਂ ਕੁੱਟਣ ਦੀ ਸਾਜਿਸ਼ ਵਿੱਚ ਹੈ। 2011 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ‘ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣੀ ਸੀ। ਇਸ ਵਾਰ ਕਿਆਸ ਲਾਏ ਜਾ ਰਹੇ ਹਨ ਕਿ ਕਾਂਗਰਸ ਤੇ ਮਾਕਪਾ ਗੱਠਜੋੜ ਵਜੋਂ ਚੋਣਾਂ ਵਿੱਚ ਹਿੱਸਾ ਲੈਣਗੇ, ਉਸ ਹਾਲਤ ਵਿੱਚ ਤ੍ਰਿਣਮੂਲ ਕਾਂਗਰਸ ਲਈ ਜਿੱਤਣਾ ਔਖਾ ਹੋਵੇਗਾ। ਇਸ ਹਾਲਤ ਵਿੱਚ ਭਾਜਪਾ ਤਿਰ੍ਰਣਮੂਲ ਕਾਂਗਰਸ ਨਾਲ਼ ਗੱਠਜੋੜ ਕਰਕੇ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰੇਗਾ। ਇਸ ਉਦੇਸ਼ ਲਈ ਭਾਜਪਾ ਪੱਛਮੀ ਬੰਗਾਲ ਵਿੱਚ ਫਿਰਕੂ ਧਰੁਵੀਕਰਨ ਜਰੀਏ ਕਾਂਗਰਸ ਦੇ ਪਾੜੇ ਵਿੱਚੋਂ ਕੁੱਝ ਹਿੰਦੂ ਵੋਟ ਆਪਣੇ ਪਾੜੇ ਵਿੱਚ ਲਿਆਉਣ ਦੇ ਚੱਕਰਾਂ ਵਿੱਚ ਹੈ।

ਜੇ ਇਹਨਾਂ ਚੋਣ ਸਮੀਕਰਨਾਂ ਨੂੰ ਕੁੱਝ ਪਲਾਂ ਲਈ ਛੱਡ ਵੀ ਦੇਈਏ ਤਾਂ ਵੀ ਸੰਘ ਤੇ ਭਾਜਪਾ ਦਾ ਏਜੰਡਾ ਦੇਸ਼ ਦੇ ਲੋਕਾਂ ਵਿੱਚ ਫਿਰਕੂ ਵੰਡੀਆਂ ਪਾਉਣਾ ਹੀ ਹੈ। ਇਸ ਮਨਸ਼ੇ ਲਈ ਹਿੰਦੂ ਕੱਟੜਪੰਥ ਨੂੰ ਉਭਾਰਿਆ ਜਾ ਰਿਹਾ ਹੈ, ਦੇਸ਼ ਵਿੱਚ ਸੰਘ ਆਪਣੇ ਫਿਰਕੂ ਗੁੰਡਿਆਂ ਦੀਆਂ ਕਤਾਰਾਂ ਖੜੀਆਂ ਕਰ ਰਿਹਾ ਹੈ ਤੇ ਮੁਸਲਿਮ, ਇਸਾਈ ਅਬਾਦੀ ਦੀ ਹਰ ਲਹਿਰ, ਘਟਨਾ ਨੂੰ ਫਿਰਕੂ ਆਖ ਕੇ ਭੰਡਿਆ ਜਾਂਦਾ ਹੈ, ਦੇਸ਼ ਦੀ ਹਰ ਸਮੱਸਿਆ ਲਈ ਮੁਸਲਮਾਨਾਂ, ਇਸਾਈਆਂ ਤੇ ਵਿਦੇਸ਼ੀਆਂ ਨੂੰ ਜ਼ਿੰਮੇਵਾਰ ਗਰਦਾਨਿਆ ਜਾਂਦਾ ਹੈ।

ਫਿਰ ਵੀ ਮੁਸਲਿਮ ਫਿਰਕਾਪ੍ਰਸਤੀ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ। ਧਾਰਮਿਕ ਘੱਟ-ਗਿਣਤੀਆਂ ਦੀ ਫਿਰਕਾਪ੍ਰਸਤੀ ਵੀ ਓਨੀ ਹੀ ਖਤਰਨਾਕ ਹੈ ਜਿੰਨੀ ਕਿ ਵੱਧ-ਗਿਣਤੀਆਂ ਦੀ। ਘੱਟ-ਗਿਣਤੀਆਂ ਦੀ ਫਿਰਕਾਪ੍ਰਸਤੀ ਬਹੁਗਿਣਤੀਆਂ ਦੇ ਵਿਰੋਧ ਵਿੱਚੋਂ ਵੀ ਵਧਦੀ-ਫੁੱਲਦੀ ਰਹਿੰਦੀ ਹੈ। ਅੱਜ ਹਿੰਦੂ ਫਿਰਕਾਪ੍ਰਸਤ ਜਿੰਨਾ ਮੁਸਲਮਾਨ ਵਿਰੋਧੀ ਜਹਿਰ ਫੈਲਾ ਰਹੇ ਹਨ ਉਸਦਾ ਫਾਇਦਾ ਮੁਸਲਿਮ ਕੱਟੜਪੰਥੀ ਵੀ ਆਪਣੀਆਂ ਫਿਰਕੂ ਰੋਟੀਆਂ ਸੇਕਣ ਲਈ ਲੈ ਰਹੇ ਹਨ। ਮਾਲਦਾ ਹਿੰਸਾ ਦੇ ਮਾਮਲੇ ਵਿੱਚ ਵੀ ਮੁਸਲਿਮ ਕੱਟੜਪੰਥੀਆਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਲਾਜਮੀ ਹੀ ਕੀਤੀਆਂ ਗਈਆਂ ਹਨ। ਮੁਸਲਿਮ ਅਬਾਦੀ ਨੂੰ ਵੀ ਆਪਣੇ ਧਰਮ ਦੇ ਕੱਟੜਪੰਥੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਅਸਲ ਵਿੱਚ ਸਮੁੱਚੀ ਕਿਰਤੀ ਅਬਾਦੀ ਨੂੰ ਹੀ ਸਭ ਧਰਮਾਂ ਦੇ ਕੱਟੜਪੰਥੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਉਹਨਾਂ ਖਿਲਾਫ ਆਪਣੇ ਬੁਨਿਆਦੀ ਮੰਗਾਂ-ਮਸਲਿਆਂ ਤੇ ਸਿਆਸੀ ਹਿੱਤਾਂ ਦੇ ਅਧਾਰ ‘ਤੇ ਏਕਤਾ ਬਣਾਉਂਦੇ ਹੋਏ ਡਟਣਾ ਚਾਹੀਦਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements