ਹੀਰੋਸ਼ੀਮਾ-ਨਾਗਾਸਾਕੀ ਦੇ 70 ਸਾਲ – ਸਾਮਰਾਜੀ ਢਾਂਚੇ ਵੱਲੋਂ ਮਨੁੱਖਤਾ ਉੱਤੇ ਥੋਪੀਆਂ ਜੰਗਾਂ ਦਾ ਇੱਕ ਖੌਫਨਾਕ ਪੰਨਾ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਨੁੱਖੀ ਸਮਾਜ ਨੂੰ ਸਰਮਾਏਦਾਰ ਢਾਂਚੇ ਵਿੱਚ ਦਾਖਲ ਹੋਏ ਲਗਭਗ 200 ਸਾਲ ਦਾ ਸਮਾਂ ਬੀਤ ਚੁੱਕਾ ਹੈ। ਸਰਮਾਏਦਾਰੀ ਦੇ ਭਰੂਣ ਤਾਂ ਸਮਾਜ ਵਿੱਚ ਕਾਫੀ ਪਹਿਲਾਂ ਵਿਕਸਤ ਹੋ ਚੁੱਕੇ ਸਨ ਪਰ ਇਸਨੂੰ ਪੱਕੇ ਪੈਰੀਂ ਹੋਣ ਲਈ 19ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਤੱਕ ਉਡੀਕਣਾ ਪਿਆ। ਫਿਰ 20ਵੀਂ ਸਦੀ ਦੇ ਮੁੱਢ ਵਿੱਚ ਇਹ ਆਪਣੇ ਸਭ ਤੋਂ ਉੱਨਤ, ਸਭ ਤੋਂ ਵੱਧ ਲੋਟੂ, ਬੇਰਹਿਮ ਤੇ ਨਿਘਾਰਮੁਖੀ ਪੜਾਅ, ਸਾਮਰਾਜ ਦੇ ਪੜਾਅ ਵਿੱਚ ਦਾਖਲ ਹੋ ਗਈ। ਇਹ ਢਾਂਚਾ ਕਿੰਨਾ ਮਨੁੱਖਦੋਖੀ, ਪਰਜੀਵੀ ਤੇ ਤਬਹਾਕੁੰਨ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਹਨਾਂ 200 ਸਾਲਾਂ ਵਿੱਚ ਮਨੁੱਖਤਾ ਨੇ ਜਿੰਨੀ ਲੁੱਟ, ਤਬਾਹੀ, ਨਿਘਾਰ ਤੇ ਕਤਲੇਆਮ ਦੇਖੇ ਹਨ ਉਹਨਾਂ ਸਾਹਮਣੇ ਹੁਣ ਤੱਕ ਦਾ ਕੁੱਲ ਮਨੁੱਖੀ ਇਤਿਹਾਸ ਵੀ ਫਿੱਕਾ ਪੈ ਜਾਂਦਾ ਹੈ। ਦੋ ਵੱਡੀਆਂ ਸੰਸਾਰ ਜੰਗਾਂ, ਸੰਸਾਰ ਦੇ ਵੱਖੋ-ਵੱਖਰੇ ਕੋਨਿਆਂ ਵਿੱਚ ਮੰਡੀਆਂ ਤੇ ਇਲਾਕਿਆਂ ‘ਤੇ ਕਬਜਿਆਂ ਦੀਆਂ ਜੰਗਾਂ ਵਿੱਚ ਜਾਬਰਾਂ ਨੇ ਵੰਨ-ਸੁਵੰਨੇ ਹਥਿਆਰਾਂ ਨਾਲ਼ ਮੌਤ ਵੰਡੀ, ਲਹੂ ਦੀਆਂ ਨਦੀਆਂ ਵਹਾਈਆਂ ਹਨ। ਸਮੁੱਚੇ ਮਨੁੱਖੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇੱਕ ਪਾਸੇ ਦੌਲਤ ਦੇ ਅੰਬਾਰ ਹਨ, ਅਨਾਜ ਵਾਧੂ ਸੜ ਰਿਹਾ ਹੈ, ਲੱਖਾਂ ਮਕਾਨ ਖਾਲੀ ਪਏ ਹਨ ਤੇ ਮਣਾਂ-ਮੂੰਹੀ ਜਿਣਸਾਂ ਨੂੰ ਖ੍ਰੀਦਦਾਰ ਨਹੀਂ ਮਿਲ਼ ਰਹੇ, ਉੱਥੇ ਦੂਜੇ ਪਾਸੇ ਕਰੋੜਾਂ ਲੋਕ ਭੁੱਖ ਕਾਰਨ ਮਰ ਰਹੇ ਹਨ, ਕਰੋੜਾਂ ਲੋਕ ਸੜਕਾਂ ਉੱਤੇ ਰਹਿ ਰਹੇ ਹਨ ਤੇ ਜੇਬ ਵਿੱਚ ਚਾਰ ਛਿੱਲੜ ਵੀ ਨਾ ਹੋਣ ਕਾਰਨ ਲੋਕ ਆਪਣੀ ਲੋੜ ਦੀਆਂ ਵਸਤਾਂ ਨੂੰ ਦੁਕਾਨਾਂ ਦੇ ਸ਼ੀਸ਼ਿਆਂ ਤੋਂ ਪਾਰ ਦੋ ਫੁੱਟ ਦੀ ਦੂਰੀ ਤੋਂ ਝੂਰਦੀਆਂ ਅੱਖਾਂ ਨਾਲ਼ ਦੇਖਣ ਲਈ ਮਜ਼ਬੂਰ ਹਨ। ਕੁਦਰਤ ਦਾ ਅਥਾਹ ਵਿਨਾਸ਼, ਜੰਗਲ਼ਾਂ ਦੀ ਰਾਤੋ-ਰਾਤ ਸਫਾਈ, ਵਾਤਵਰਨ ਨੂੰ ਜ਼ਹਿਰੀਲਆਂ ਗੈਸਾਂ ਨਾਲ਼ ਡੱਕਿਆ ਜਾਣਾ, ਪਾਣੀ ਦੇ ਪ੍ਰਦੂਸ਼ਿਤ ਹੋ ਰਹੇ ਸੋਮੇ ਤੇ ਖਾਤਮੇ ਦੇ ਕੰਢੇ ਖੜੇ ਅਨੇਕਾਂ ਜੀਵ-ਜੰਤੂ ਵੀ ਇਹਨਾਂ 200 ਸਾਲਾਂ ਦੇ ਲਖਣਾਇਕ ਹਨ। ਇਹਨਾਂ 200 ਸਾਲਾਂ ਵਿੱਚ ਹੀ ਸਭ ਤੋਂ ਵੱਧ ਨੈਤਿਕ ਨਿਘਾਰ, ਸੰਵੇਦਨਹੀਣਤਾ ਤੇ ਪਸ਼ੂ-ਬਿਰਤੀਆਂ ਮਨੁੱਖਾਂ ਉੱਤੇ ਭਾਰੂ ਹੋਈਆਂ ਦਿਸਦੀਆਂ ਹਨ। ਬੇਰਹਿਮ ਕਤਲੇਆਮ, ਬੱਚਿਆਂ ਦੀ ਤਸਕਰੀ, ਜਿਉਂਦੇ ਬੱਚਿਆਂ ਦੇ ਅੰਗ ਕੱਢਕੇ ਵੇਚਣ ਜਿਹੇ ਨਿਠਾਰੀ ਕਾਂਡ, ਵਧਦੀਆਂ ਬਲਾਤਕਾਰ ਦੀਆਂ ਘਟਨਾਵਾਂ, ਪੋਰਨੋਗ੍ਰਾਫੀ, ਕਨੂੰਨੀ ਮਾਨਤਾ ਪ੍ਰਾਪਤ ਵੇਸ਼ਵਾਗਮਨੀ ਇਸਦੀਆਂ ਉਦਾਹਰਨਾਂ ਹਨ। ਧਰਮ, ਫਿਰਕੇ, ਨਸਲ ਆਦਿ ਦੇ ਨਾਮ ‘ਤੇ ਦੰਗੇ, ਕਤਲੇਆਮ, ਵੰਡਾਂ ਤੇ ਦਹਿਸ਼ਤਗਰਦੀ ਵੀ ਇਹਨਾਂ 200 ਸਾਲਾਂ ਵਿੱਚ ਹੀ ਵੇਖਣ ਨੂੰ ਮਿਲ਼ੀ ਹੈ। ਜੇਕਰ ਇਹਨਾਂ 200 ਸਾਲਾਂ ਦੇ ਇਤਿਹਾਸ ਦੇ ਸਭ ਤੋਂ ਵੱਡੇ, ਬਰਬਰ ਕਤਲੇਆਮਾਂ ਦੀ ਗੱਲ ਕਰਨੀ ਹੋਵੇ ਤਾਂ ਲਾਜਮੀ ਹੀ ਹੀਰੋਸ਼ੀਮਾ ਤੇ ਨਾਗਾਸਾਕੀ ‘ਤੇ ਅਮਰੀਕਾ ਵੱਲੋਂ ਪ੍ਰਮਾਣੂ ਬੰਬ ਸੁੱਟਣ ਦੇ ਕਾਰੇ ਨੂੰ ਅੱਖੋਂ ਪੋਰਖੇ ਨਹੀਂ ਕੀਤਾ ਜਾ ਸਕਦਾ ਜਿਸਨੂੰ ਅੱਜ 70 ਸਾਲ ਬੀਤ ਚੁੱਕੇ ਹਨ ਪਰ ਜਿਸਦੇ ਜਖ਼ਮ ਸਦੀਆਂ ਲਈ ਮਨੁੱਖਤਾ ਉੱਤੇ ਡੂੰਘੇ ਨਿਸ਼ਾਨ ਛੱਡ ਗਏ।

ਹੀਰੋਸ਼ੀਮਾ-ਨਾਗਾਸਾਕੀ ਦੀ ਪਿੱਠਭੂਮੀ:

ਹੀਰੋਸ਼ੀਮਾ-ਨਾਗਾਸਾਕੀ ਦੇ ਦਿਲ-ਕੰਬਾਊ ਕਾਰੇ ਦੀਆਂ ਜੜਾਂ ਦੀ ਡੂੰਘਾਈ ਨਾਲ਼ ਗੱਲ ਕਰਨੀ ਹੋਵੇ ਤਾਂ ਇਸਦੀਆਂ ਤਾਰਾਂ 1930ਵਿਆਂ ਦੇ ਸਰਮਾਏਦਾਰੀ ਦੇ ਵੱਡੇ ਆਰਥਿਕ ਸੰਕਟ ਨਾਲ਼ ਜੁੜੀਆਂ ਹੋਈਆਂ ਹਨ ਜਿਸਨੇ ਅਮਰੀਕਾ ਤੇ ਯੂਰਪ ਸਮੇਤ ਸੰਸਾਰ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਸੰਕਟ ਵਿੱਚੋਂ ਨਿੱਕਲਣ ਲਈ ਸਰਮਾਏ ਨੂੰ ਨਿਵੇਸ਼ ਕਰਨ ਲਈ ਜਿਣਸਾਂ ਦੀ ਨਵੀਂ ਮੰਗ ਤੇ ਨਵੀਆਂ ਮੰਡੀਆਂ ਪੈਦਾ ਕਰਨ ਦੀ ਲੋੜ ਸੀ। ਇਹ ਮੰਗ ਭਿਆਨਕ ਤਬਾਹੀ ਨਾਲ਼ ਪਹਿਲਾਂ ਸਭ ਕੁੱਝ ਤਬਾਹ ਕਰਕੇ ਫਿਰ ਉਸਨੂੰ ਮੁੜ ਉਸਾਰਨ ਲਈ ਸਰਮਾਇਆ ਨਿਵੇਸ਼ ਲਈ ਥਾਂ ਤੇ ਮੰਡੀ ਪੈਦਾ ਕਰਕੇ ਪੂਰੀ ਕੀਤੀ ਜਾਣੀ ਸੀ। ਇਸੇ ਉਦੇਸ਼ ਲਈ ਦੂਜੀ ਸੰਸਾਰ ਜੰਗ ਲੱਗੀ। ਇਸ ਜੰਗ ਵਿੱਚ ਇੱਕ ਪਾਸੇ ਜਰਮਨੀ, ਜਪਾਨ ਤੇ ਇਟਲੀ ਜਿਹੇ ਦੇਸ਼ ਸਨ ਜਿਨ੍ਹਾਂ ਨੂੰ ਧੁਰੀ ਸ਼ਕਤੀਆਂ ਆਖਿਆ ਗਿਆ ਤੇ ਦੂਜੇ ਪਾਸੇ ਸੋਵੀਅਤ ਯੂਨੀਅਨ, ਇੰਗਲੈਂਡ, ਅਮਰੀਕਾ, ਚੀਨ ਜਿਹੇ ਕਈ ਦੇਸ਼ ਸਨ ਜਿਨ੍ਹਾਂ ਨੂੰ ਮਿੱਤਰ ਦੇਸ਼ ਆਖਿਆ ਗਿਆ। ਇਸ ਵਿੱਚ ਵੀ ਅਮਰੀਕਾ ਤੇ ਯੂਰਪੀ ਦੇਸ਼ਾਂ ਦੀ ਇੱਛਾ ਇਹੋ ਸੀ ਕਿ ਸੋਵੀਅਤ ਯੂਨੀਅਨ ਤੇ ਜਰਮਨੀ ਨੂੰ ਆਪਸ ਵਿੱਚ ਭਿੜਨ ਦਿੱਤਾ ਜਾਵੇ ਤੇ ਮੁੜ ਜੇਤੂ ਤੇ ਕਮਜ਼ੋਰ ਹੋ ਚੁੱਕੀ ਧਿਰ ਉੱਤੇ ਹਮਲਾ ਕਰਕੇ ਦੋਵਾਂ ਨੂੰ ਹੀ ਜਿੱਤਿਆ ਜਾ ਸਕੇ। ਇਸੇ ਲਈ ਅਮਰੀਕਾ ਨੇ ਪੂਰੀ ਤਰ੍ਹਾਂ ਇਸ ਜੰਗ ਤੋਂ ਟਾਲ਼ਾ ਵੱਟੀ ਰੱਖਿਆ, ਇੰਗਲੈਂਡ, ਫਰਾਂਸ ਜਿਹੇ ਦੇਸ਼ਾਂ ਨੂੰ ਵੀ ਜਰਮਨੀ ਵੱਲੋਂ ਹਮਲਾ ਕੀਤੇ ਜਾਣ ਦੀ ਮਜ਼ਬੂਰੀ ਕਾਰਨ ਲੜਨਾ ਪਿਆ। ਪਰ ਸਮਾਜਵਾਦੀ ਸੋਵੀਅਤ ਯੂਨੀਅਨ ਨੇ ਸਾਮਰਾਜੀ ਹਾਕਮਾਂ ਦੀ ਇੱਛਾਵਾਂ ਨੂੰ ਬੂਰ ਨਾ ਪੈਣ ਦਿੱਤਾ ਤੇ 1943 ਵਿੱਚ ਜਰਮਨ ਫੌਜਾਂ ਦੇ ਬਖੀਏ ਉਧੇੜਦੇ ਹੋਏ ਉਹਨਾਂ ਨੂੰ ਬਰਲਿਨ ਤੱਕ ਛੱਡਣ ਨਿੱਕਲ਼ ਤੁਰੇ। ਇੱਥੇ ਆ ਕੇ ਅਮਰੀਕਾ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਤੇ ਆਪਣੀ ਧੌਂਸ ਜਮਾਉਣ ਲਈ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਬੰਬ ਸੁੱਟਣ ਦਾ ਫੈਸਲਾ ਲਿਆ।

ਪੂਰੇ ਮਨੁੱਖੀ ਇਤਿਹਾਸ ਵਿੱਚ ਇਹ ਪ੍ਰਮਾਣੂ ਬੰਬਾਂ ਦਾ ਪਹਿਲਾਂ ਤਜ਼ਰਬਾ ਸੀ। ਅਮਰੀਕਾ ਨੇ 1939-40 ਤੋਂ ਹੀ ਇਹਨਾਂ ਪ੍ਰਮਾਣੂ ਹਥਿਆਰਾਂ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਹਥਿਆਰਾਂ ਦੀ ਖੋਜ ਉੱਤੇ ਕੰਮ ਕਰਨ ਵਾਲ਼ੇ ਵਿਗਿਆਨੀਆਂ ਨੇ ਇਹ ਕੰਮ ਸਿਰਫ ਇਸ ਲਈ ਕੀਤਾ ਸੀ ਕਿਉਂਕਿ ਜਰਮਨੀ ਵੱਲੋਂ ਅਜਿਹੇ ਬੰਬ ਤਿਆਰ ਕੀਤੇ ਜਾਣ ਦਾ ਖਦਸ਼ਾ ਸੀ, ਅਜਿਹੀ ਹਾਲਤ ਵਿੱਚ ਜੁਆਬੀ ਕਾਰਵਾਈ ਲਈ ਜਾਂ ਤਾਕਤਾਂ ਦਾ ਬਾਰਾਬਰ ਤੋਲ ਵਿਖਾ ਕੇ ਜਰਮਨੀ ਨੂੰ ਪ੍ਰਮਾਣੂ ਬੰਬ ਵਰਤਣੋਂ ਵਰਜਣ ਲਈ ਅਜਿਹੇ ਬੰਬਾਂ ਦੀ ਲੋੜ ਮਹਿਸੂਸ ਹੋਈ। ਜਦੋਂ ਬੰਬ ਤਿਆਰ ਕੀਤੇ ਗਏ ਤਾਂ ਜੰਗ ਖਤਮ ਹੋਣ ਕੰਢੇ ਸੀ, ਜਰਮਨੀ ਵੱਲੋਂ ਪ੍ਰਮਾਣੂ ਬੰਬਾਂ ਦੀ ਵਰਤੋਂ ਦਾ ਖਦਸ਼ਾ ਖਤਮ ਹੋ ਚੁੱਕਾ ਸੀ। ਧੁਰੀ ਸ਼ਕਤੀਆਂ ਦੀ ਹਾਰ ਅਟੱਲ ਹੋ ਚੁੱਕੀ ਸੀ। ਅਮਰੀਕੀ ਹਾਕਮਾਂ ਨੇ ਨਾ ਸਿਰਫ ਆਪਣੀ ਤਾਕਤ ਦਿਖਾਉਣੀ ਤੇ ਦਹਿਸ਼ਤ ਪੈਦਾ ਕਰਨੀ ਸੀ ਸਗੋਂ ਉਸਨੇ ਇਹਨਾਂ ਪ੍ਰਮਾਣੂ ਹਥਿਆਰਾਂ ਨੂੰ ਪਰਖਣਾ ਵੀ ਸੀ। ਅਮਰੀਕੀ ਹਾਕਮ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਸ ਬੰਬ ਦੀ ਤਬਾਹੀ ਏਨੀ ਭਿਆਨਕ ਹੋਵੇਗੀ ਜਿੰਨੀ ਮਨੁੱਖਤਾ ਨੇ ਅੱਜ ਤੱਕ ਨਹੀਂ ਦੇਖੀ, ਕਿ ਕੁੱਝ ਪਲਾਂ ਵਿੱਚ ਹੀ ਲੱਖਾਂ ਬੇਦੋਸ਼ੇ ਆਮ ਲੋਕ, ਔਰਤਾਂ, ਬੱਚੇ, ਬੁੱਢੇ ਸੁਆਹ ਹੋ ਜਾਣਗੇ। ਪਰ ਤਾਕਤ ਦੇ ਨਸ਼ੇ ਵਿੱਚ ਚੂਰ ਹਾਕਮਾਂ ਨੂੰ ਮਨੁੱਖੀ ਜਾਨਾਂ ਦੀ ਕਿੱਥੇ ਪ੍ਰਵਾਹ ਸੀ। ਇਸ ਲਈ ਉਹਨਾਂ ਇਸ ਖੋਜ ਕਾਰਜ ਵਿੱਚ ਲੱਗੇ ਵਿਗਿਆਨੀਆਂ ਨੂੰ ਧੋਖਾ ਦਿੰਦੇ ਹੋਏ ਉਹਨਾਂ ਦੀ ਇੱਛਾ ਦੇ ਉਲ਼ਟ ਜਾ ਕੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਪਰ ਇਹ ਬੰਬ ਸੁੱਟਣ ਦਾ ਤਜ਼ਰਬਾ ਕਰਨ ਦਾ ਮਾਰੂ ਫੈਸਲਾ ਲਿਆ।

ਹੀਰੋਸ਼ੀਮਾ-ਨਾਗਾਸਾਕੀ ਦਾ ਦਿਲ-ਕੰਬਾਊ ਕਾਰਾ:

6 ਅਗਸਤ ਨੂੰ ਹੀਰੋਸ਼ੀਮਾ ਸ਼ਹਿਰ ਵਿੱਚ ਗਰਮੀ ਦੀ ਸਵੇਰ ਦੇ 8.15 ਵੱਜੇ ਸਨ। ਸੜਕਾਂ ਉੱਤੇ ਬੱਚੇ ਸਕੂਲ ਜਾ ਰਹੇ ਸਨ, ਲੋਕ ਕੰਮਾਂ ਉੱਤੇ ਨਿੱਕਲ਼ ਚੁੱਕੇ ਸਨ ਤੇ ਔਰਤਾਂ ਘਰ ਦਾ ਕੰਮ ਮੁਕਾ ਰਹੀਆਂ ਸਨ। ਸੂਰਜ ਦੀ ਧੁੱਪ ਹਰੇ-ਭਰੇ ਰੁੱਖਾਂ ਨਾਲ਼ ਟਕਰਾ ਕੇ ਧਰਤੀ ਦੇ ਮੱਥੇ ‘ਤੇ ਕਾਲ਼ੇ ਧੱਬੇ ਛੱਡ ਰਹੀ ਸੀ। ਦੂਰ ਉੱਪਰ ਅਕਾਸ਼ ਵਿੱਚ ਇੱਕ ਮਸ਼ੀਨੀ ਗਿਰਝ ਉੱਡਦੀ ਦਿਸੀ ਤੇ ਇਹ ਲਗਾਤਾਰ ਵੱਡੀ ਹੁੰਦੀ ਗਈ। ਘਰਾਂ ਵਿੱਚੋਂ ਬੱਚੇ ਇਸਨੂੰ ਦੇਖਣ ਲਈ ਬਾਹਰ ਭੱਜੇ। ਸ਼ਹਿਰ ਵਿਚਾਕਾਰ ਆ ਕੇ ਇਸਨੇ ਆਪਣੇ ਖੰਭਾਂ ਵਿੱਚੋਂ ਇੱਕ ਕਾਲ਼ਾ ਅੰਡਾ ਹੇਠਾਂ ਸੁੱਟਿਆ ਜੋ ਅਚਾਨਕ ਹਵਾ ਵਿੱਚ ਫਟ ਗਿਆ ਤੇ ਇਸਨੇ ਸ਼ਹਿਰ ਵਿੱਚ ਅੱਗ ਖਿਲੇਰ ਦਿੱਤੀ। ਇਹ ਅਮਰੀਕੀ ਬੰਬਰ ਜਹਾਜ ਬੀ-29 ਸੀ ਜਿਸਨੇ ਸੰਸਾਰ ਦਾ ਯੂਰੇਨੀਅਮ ਵਾਲ਼ਾ ਪਹਿਲਾ ਪ੍ਰਮਾਣੂ ਬੰਬ ‘ਲਿਟਲ ਬੁਆਏ’ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਪਰ ਸੁੱਟਿਆ ਤੇ ਇਸਨੇ ਫਟਣ ਸਾਰ 1 ਮੀਲ ਤੱਕ ਦੇ ਘੇਰੇ ਨੂੰ ਅੱਗ ਦੇ ਗੋਲ਼ੇ ਵਿੱਚ ਬਦਲ ਦਿੱਤਾ। ਇਸ ਅੱਗ ਨੇ ਅੱਗੇ ਵਧਕੇ 13 ਵਰਗ ਕਿਲੋਮੀਟਰ ਤੱਕ ਦੀ ਹਰ ਚੀਜ਼ ਨੂੰ ਆਪਣੇ ਘੇਰੇ ਵਿੱਚ ਲੈ ਲਿਆ। 90 ਫੀਸਦੀ ਸ਼ਹਿਰ ਇਸ ਬੰਬ ਦੇ ਪ੍ਰਭਾਵ ਅਧੀਨ ਆਇਆ। ਪੂਰਾ ਸ਼ਹਿਰ ਧੂੰਏਂ, ਧੂੜ ਤੇ ਮਿੱਟੀ ਦੇ ਗਿਲਾਫ਼ ਵਿੱਚ ਲਪੇਟਿਆ ਗਿਆ। ਇਸਨੇ ਪਲਕ ਝਪਕਦਿਆਂ ਲੱਖਾਂ ਲੋਕਾਂ, ਜਾਨਵਰਾਂ, ਪਸ਼ੂ-ਪੰਛੀਆਂ, ਇਮਾਰਤਾਂ ਨੂੰ ਸੁਆਹ ਦੇ ਢੇਰ ਵਿੱਚ ਬਦਲ ਦਿੱਤਾ। ਬਹੁਤ ਨੇੜੇ ਦੇ ਲੋਕਾਂ ਨੂੰ ਤਾਂ ਕੁੱਝ ਸੋਚ-ਸਮਝ ਸਕਣ ਤੇ ਇੱਥੋਂ ਤੱਕ ਕਿ ਚੀਕ ਸਕਣ ਦਾ ਮੌਕਾ ਵੀ ਨਾ ਮਿਲ਼ਿਆ। ਅੰਦਾਜ਼ਨ 1,50,000 ਲੋਕ ਇਸ ਬੰਬ ਧਮਾਕੇ ਵਿੱਚ ਮਾਰੇ ਗਏ ਤੇ ਲੱਖਾਂ ਜਖਮੀ ਹੋ ਗਏ। ਸ਼ਹਿਰ ਦੀਆਂ ਦੋ-ਤਿਹਾਈ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਵਾਪਰਿਆ। ਜਾਪਨ ਦੇ ਫੌਜੀ ਮਾਹਿਰ, ਵਿਗਿਆਨੀ ਸਭ ਹੈਰਾਨ ਤੇ ਡਰੇ ਹੋਏ ਸਨ। 16 ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੂਮੈਨ ਦੇ ਰੇਡੀਓ ‘ਤੇ ਦਿੱਤੇ ਸੁਨੇਹੇ ਤੋਂ ਪਤਾ ਲੱਗਿਆ ਕਿ ਅਮਰੀਕਾ ਨੇ ਜਪਾਨ ਉੱਤੇ ਪ੍ਰਮਾਣੂ ਬੰਬ ਸੁੱਟਿਆ ਸੀ। ਜਪਾਨ ਨੂੰ ਆਤਮ-ਸਪਰਮਣ ਕਰਨ ਲਈ ਕਿਹਾ ਗਿਆ ਤੇ ਧਮਕੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਾਪਨ ਉੱਤੇ ਅਜਿਹੇ ਹੋਰ ਬੰਬ ਸੁੱਟੇ ਜਾਣਗੇ।

ਜਪਾਨ ਦੇ ਲੋਕ ਹਫੜਾ-ਦਫੜੀ ਵਿੱਚ ਸਨ ਤੇ ਹਾਕਮ ਦੁਚਿੱਤੀ ਵਿੱਚ। ਇਸੇ ਸਮੇਂ ਅਮਰੀਕਾ ਨੇ ਜਪਾਨ ਉੱਤੇ ਇੱਕ ਹੋਰ ਹਮਲਾ ਕਰਕੇ ਪਲੂਟੋਨੀਅਮ ਵਾਲ਼ੇ ਪ੍ਰਮਾਣੂ ਬੰਬ ਨੂੰ ਵੀ ਪਰਖਣ ਦਾ ਫੈਸਲਾ ਲਿਆ। 9 ਅਗਸਤ ਨੂੰ ਜਪਾਨ ਦੇ ਸ਼ਹਿਰ ਨਾਗਾਸਾਕੀ ਉੱਤੇ ਸਵੇਰ 11 ਵਜੇ ਇੱਕ ਹੋਰ ਪ੍ਰਮਾਣੂ ਬੰਬ ‘ਫੈਟ ਬੁਆਏ’ ਸੁੱਟਿਆ ਗਿਆ ਜਿਸਨੇ ਲਗਭਗ 5 ਵਰਗ ਕਿਲੋਮੀਟਰ ਦੇ ਘੇਰੇ ਤੱਕ ਸ਼ਹਿਰ ਵਿੱਚ ਮੌਤ ਵਿਛਾ ਦਿੱਤੀ। ਇਸ ਵਿੱਚ ਵੀ 80,000 ਦੇ ਕਰੀਬ ਲੋਕ ਮਾਰੇ ਗਏ। ਦੋਵਾਂ ਬੰਬ ਧਮਾਕਿਆਂ ਵਿੱਚ ਜਖਮੀਆਂ ਦੀ ਹਾਲਤ ਬਹੁਤ ਦਰਦਨਾਕ ਸੀ। ਲੋਕਾਂ ਦੀ ਚਮੜੀ ਪਿਘਲ਼ ਰਹੀ ਸੀ, ਸਰੀਰ ਵਿੱਚ ਕੱਚ ਦੇ ਟੁਕੜੇ ਖੁਭ ਗਏ, ਅੰਗ ਜਲ਼ ਗਏ ਤੇ ਅੱਖਾਂ, ਮੂੰਹ, ਨੱਕ ਆਦਿ ‘ਚੋਂ ਖੂਨ ਵਹਿ ਰਿਹਾ ਸੀ।

ਦੋਵਾਂ ਬੰਬ ਧਮਾਕਿਆਂ ਵਿੱਚੋਂ ਮੌਤ ਦੇ ਮੂੰਹੋਂ ਬਚ ਕੇ ਆਏ ਲੋਕਾਂ ਦੀ ਜ਼ਿੰਦਗੀ ਮੌਤ ਨਾਲ਼ੋਂ ਵੀ ਭੈੜੀ ਹੋ ਗਈ। ਕੁਝ ਲੋਕ ਦਿਨਾਂ ਵਿੱਚ ਤੇ ਕੁਝ ਮਹੀਨਿਆਂ ਵਿੱਚ ਤੜਫ-ਤੜਫ ਕੇ ਮਰ ਗਏ ਤੇ ਕਈ ਸਾਲਾਂਬੱਧੀ ਰੇਡੀਏਸ਼ਨਾਂ ਦੇ ਪ੍ਰਭਾਵ ਨਾਲ਼ ਜੂਝਦੇ ਰਹੇ। ਲੋਕਾਂ ਦੇ ਸਰੀਰ ਵਿੱਚ ਖੁਭੇ ਕੱਚ ਦੇ ਟੁਕੜੇ ਕਈ ਸਾਲਾਂ ਤੱਕ ਨਿੱਕਲ਼ਦੇ ਰਹੇ। ਕਈਆਂ ਨੂੰ ਅਪਾਹਿਜਾਂ ਦੀ ਜਿੰਦਗੀ ਬਤੀਤ ਕਰਨੀ ਪਈ। ਚਮੜੀ ਰੋਗ, ਕੈਂਸਰ ਅਤੇ ਲਿਊਕੈਮੀਆ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਗਿਆ। ਮਾਵਾਂ ਦੀਆਂ ਕੁੱਖਾਂ ਵਿੱਚ ਪਲ਼ ਰਹੇ ਬੱਚੇ ਰੇਡੀਏਸ਼ਨਾਂ ਦੇ ਅਸਰ ਨਾਲ਼ ਜਾਂ ਤਾਂ ਸਰੀਰਕ ਤੌਰ ‘ਤੇ ਅਵਿਕਸਿਤ ਪੈਦਾ ਹੋਏ ਜਾਂ ਜਮਾਂਦਰੂ ਦੋਸ਼ਪੂਰਨ ਸਰੀਰਕ ਬਣਤਰ ਨਾਲ਼ ਜਨਮੇ ਤੇ ਜਾਂ ਦਿਮਾਗੀ ਤੌਰ ‘ਤੇ ਅਵਿਕਸਿਤ ਰਹਿ ਗਏ। ਕਈਆਂ ਵਿੱਚ ਰੇਡੀਏਸ਼ਨ ਦੇ ਪ੍ਰਭਾਵ ਇੱਕ ਜਾਂ ਦੋ ਪੀੜ੍ਹੀਆਂ ਛੱਡ ਕੇ ਅਗਲੀਆਂ ਪੀੜ੍ਹੀਆਂ ਵਿੱਚ ਪ੍ਰਗਟ ਹੁੰਦੇ ਰਹੇ। ਇਹਨਾਂ ਲੋਕਾਂ ਨੂੰ ਨਾ ਸਿਰਫ ਸਰੀਰਕ ਤੇ ਆਰਥਿਕ ਨੁਕਸਾਨ ਹੋਇਆ ਸਗੋਂ ਉਹ ਇੱਕ ਬੇਰਹਿਮ ਮਾਨਸਿਕ ਸੰਤਾਪ ਹੰਢਾਉਣ ਲਈ ਮਜ਼ਬੂਰ ਹੋ ਗਏ। ਰੇਡੀਏਸ਼ਨ ਦੇ ਡਰ ਤੋਂ ਬਾਕੀ ਲੋਕ ਉਹਨਾਂ ਨਾਲ਼ੋਂ ਦੂਰੀ ਬਣਾ ਕੇ ਰੱਖਣ ਲੱਗੇ। ਇਸਦੇ ਅਨੇਕਾਂ ਵੇਰਵੇ ਸਾਹਿਤਕ ਲਿਖਤਾਂ ਵਿੱਚ ਮਿਲ਼ਦੇ ਹਨ, ਮਿਸਾਲ ਵਜੋਂ ਪੰਜਾਬੀ ਵਿੱਚ ਸਵੀਡਿਸ਼ ਲੇਖਿਕਾ ਐਦਿਤਾ ਮਾਰਿਸ ਦਾ ਨਾਵਲ ‘ਹੀਰੋਸ਼ੀਮਾ ਦੇ ਫੁੱਲ’ ਪੜ੍ਹਿਆ ਜਾ ਸਕਦਾ ਹੈ।

ਇਹਨਾਂ ਪ੍ਰਮਾਣੂ ਬੰਬ ਧਮਾਕਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ ਹੀਰੋਸ਼ੀਮਾ ਸ਼ਹਿਰ ਵਿੱਚ ‘ਅਮਨ ਅਜਾਇਬ ਘਰ’ ਸਥਾਪਿਤ ਕੀਤਾ ਗਿਆ ਹੈ ਜਿੱਥੇ ਇਹਨਾਂ ਬੰਬ ਧਮਾਕਿਆਂ ਦੀਆਂ ਭਿਆਨਕਤਾਵਾਂ ਨਾਲ਼ ਜੁੜੀਆਂ ਯਾਦਾਂ ਮੌਜੂਦ ਹਨ। ਇਸ ਅਜਾਇਬ ਘਰ ਵਿੱਚ ਸਕੂਲੀ ਬੱਚਿਆਂ ਦੇ ਪਿਘਲ਼ੇ ਸਾਈਕਲ, ਟਿਫਨ, ਬੱਕਲ ਅਤੇ ਹੋਰ ਯਾਦਾਂ ਇਹਨਾਂ ਧਮਾਕਿਆਂ ਪ੍ਰਤੀ ਨਫਰਤ ਤੇ ਰੋਸ ਪੈਦਾ ਕਰਦੀਆਂ ਹਨ। ਇਸਦੇ ਪਾਰਕ ਵਿੱਚ 25 ਅਕਤੂਬਰ 1955 ਨੂੰ 10 ਸਾਲ 10 ਮਹੀਨੇ ਅਤੇ ਅਠਾਰਾਂ ਦਿਨ ਜਿਉਣ ਵਾਲ਼ੀ ਕੁੜੀ ‘ਸਦਾਕੋ’ ਦਾ ਬੁੱਤ ਹੈ। ਇਹ 2 ਸਾਲ ਦੀ ਕੁੜੀ ਬੰਬ ਵਿਸਫੋਟ ਤੋਂ ਕਾਫੀ ਦੂਰ ਆਪਣੇ ਮਾਪਿਆਂ ਦੀ ਕੁੱਛੜ ਵਿਚ ਸੀ ਜਿਸ ‘ਤੇ ਰੇਡੀਆਈ ਕਿਰਨਾਂ ਦਾ ਅਸਰ 8 ਸਾਲ ਪਿੱਛੋਂ ਹੋਇਆ ਸੀ।

ਅਜੇ ਵੀ ਬਾਦਸਤੂਰ ਜਾਰੀ ਹੈ ਸਾਮਰਾਜੀ ਬਰਬਰਤਾ

ਹੀਰੋਸ਼ੀਮਾ-ਨਾਗਾਸਾਕੀ ਦਾ ਦਰਦਨਾਕ ਕਾਂਡ ਸਾਮਰਾਜੀ ਜੁਲਮਾਂ ਦੀ ਸਭ ਤੋਂ ਘਿਨਾਉਣੀ ਦਾਸਤਾਨ ਹੈ। ਇਹ ਦਿਖਾਉਂਦਾ ਹੈ ਕਿ ਕਿਵੇਂ ਮੁੱਠੀ ਭਰ ਲੋਕਾਂ ਦੇ ਮੁਨਾਫਿਆਂ ਲਈ ਕਰੋੜਾਂ ਬੇਕਸੂਰ ਲੋਕਾਂ ਨੂੰ ਕਤਲ ਕੀਤਾ ਜਾਂਦਾ ਹੈ। ਹੀਰੋਸ਼ੀਮਾ-ਨਾਗਾਸਾਕੀ ਹੀ ਨਹੀਂ ਸਗੋਂ ਦੂਜੀ ਸੰਸਾਰ ਜੰਗ ਦਾ ਪੂਰਾ ਘਟਨਾਕ੍ਰਮ ਹੀ ਅਜਿਹੇ ਦਿਲ-ਕੰਬਾਊ ਕਾਰਿਆਂ ਦੀ ਦਾਸਤਾਨ ਹੈ ਜਿਨ੍ਹਾਂ ਵਿੱਚ 60 ਲੱਖ ਯਹੂਦੀਆਂ ਨੂੰ ਜਿਉਂਦੇ ਸਾੜੇ ਜਾਣਾ, ਨਾਲ਼ੀਆਂ ਦੇ ਤਸੀਹਾ ਕੈਂਪ, ਅਮਰੀਕਾ ਦੇ ਪੁੱਛਗਿੱਛ ਤੇ ਤਸੀਹਾ ਕੇਂਦਰ, ਕਰੋੜਾਂ ਮਨੁੱਖੀ ਜਾਨਾਂ ਤੇ ਕਈ ਦੇਸ਼ਾਂ ਦੀ ਤਬਾਹੀ ਆਦਿ ਸ਼ਾਮਲ ਹੈ ਜਿਸਨੂੰ ਰੋਕਣ ਲਈ ਸਮਾਜਵਾਦੀ ਸੋਵੀਅਤ ਯੂਨੀਅਨ ਦੇ 2 ਕਰੋੜ ਬਹਾਦਰ ਲੋਕਾਂ ਨੇ ਆਪਣੀ ਜਾਨ ਕੁਰਬਾਨ ਕੀਤੀ। ਅਜਿਹੇ ਹਮਲਿਆਂ ਪਿੱਛੇ ਕਿਸੇ “ਸਮੁੱਚੇ ਦੇਸ਼” ਦੇ ਹਿੱਤ ਨਹੀਂ ਹੁੰਦੇ ਜਿਵੇਂ ਕਿ ਅਕਸਰ ਸਾਮਰਾਜੀ ਦੇਸ਼ ਜਾਂ ਉਹਨਾਂ ਦੇ ਬੌਧਿਕ ਚਮਚੇ ਪ੍ਰਚਾਰਦੇ ਹਨ, ਸਗੋਂ ਇੱਕ ਜਾਂ ਕਈ ਦੇਸ਼ਾਂ ਦੀਆਂ ਸਰਮਾਏਦਾਰਾ ਜੁੰਡੀਆਂ ਦੇ ਹੀ ਹਿੱਤ ਹੁੰਦੇ ਹਨ। ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਮਾਰੇ ਗਏ ਲੋਕ ਸਿਰਫ ਜਪਾਨੀ ਹੀ ਨਹੀਂ ਸਨ ਸਗੋਂ ਉੱਥੇ ਅਮਰੀਕਾ ਸਮੇਤ ਸੰਸਾਰ ਦੇ ਹੋਰ ਵੀ ਕਈ ਦੇਸ਼ਾਂ ਦੇ ਲੋਕ ਮੌਜੂਦ ਸਨ ਤੇ ਉਹ ਵੀ ਉਸੇ ਹੋਣੀ ਦੇ ਭਾਈਵਾਲ਼ ਬਣੇ। ਪ੍ਰਮਾਣੂ ਊਰਜਾ ਦੇ ਵਿਗਿਆਨ ਦੀ ਵਰਤੋਂ ਬਿਜਲੀ ਬਣਾਉਣ, ਇਲਾਜ ਪ੍ਰਣਾਲ਼ੀਆਂ ਵਿਕਸਤ ਕਰਨ, ਲੋਕਾਂ ਦੇ ਜੀਵਨ ਨੂੰ ਬਿਹਤਰ ਤੇ ਸੁਖਾਲ਼ਾ ਬਣਾਉਣ ਤੇ ਕੁਦਰਤ ਨੂੰ ਮਨੁੱਖਤਾ ਦੀ ਸੇਵਾ ਵਿੱਚ ਲਾਉਣ ਲਈ ਵਰਤਿਆ ਜਾ ਸਕਦਾ ਹੈ, ਪਰ ਉਸਨੂੰ ਲੋਕਾਂ ਦੀਆਂ ਕਬਰਾਂ ਉਸਾਰ ਕੇ ਕੁੱਝ ਲੋਕਾਂ ਦੇ ਮੁਨਾਫੇ ਕਮਾਉਣ ਦਾ ਸਾਧਨ ਬਣਾ ਦਿੱਤਾ ਗਿਆ ਹੈ। ਉਦੋਂ ਤੋਂ ਸੰਸਾਰ ਦੇ ਚੌਧਰੀਆਂ ਵਿੱਚ ਵੱਧ ਤੋਂ ਵੱਧ ਪ੍ਰਮਾਣੂ ਤਾਕਤ ਹਾਸਲ ਕਰਨ ਤੇ ਹਥਿਆਰ ਬਣਾਉਣ ਦਾ ਮੁਕਾਬਲਾ ਹੈ ਜਿਸ ਜ਼ਰੀਏ ਮੁੱਠੀਭਰ ਲੋਕ ਅਰਬਾਂ-ਖਰਬਾਂ ਦਾ ਕਾਰੋਬਾਰ ਕਰ ਰਹੇ ਹਨ। ਪ੍ਰਮਾਣੂ ਉਰਜਾ ਹੀ ਨਹੀਂ ਸਗੋਂ ਸਮੁੱਚਾ ਵਿਗਿਆਨ ਹੀ ਅੱਜ ਸਮੁੱਚੀ ਮਨੁੱਖਤਾ ਦੀ ਸੇਵਾ ਦੀ ਥਾਂ ਮੁੱਠੀ ਭਰ ਮੁਨਾਫੇਖੋਰਾਂ ਦੇ ਹੱਥ ਲੋਕਾਂ ਦੀ ਹੋਰ ਬੇਰਹਿਮੀ ਨਾਲ਼ ਲੁੱਟ ਕਰਨ, ਮਨੁੱਖਤਾ ਦਾ ਹੋਰ ਲਹੂ ਵਹਾਉਣ, ਲਾਸ਼ਾਂ ਦੇ ਹੋਰ ਮਹਿਲ ਉਸਾਰਨ ਦਾ ਸਾਧਨ ਬਣਕੇ ਰਹਿ ਗਿਆ ਹੈ। ਹਥਿਆਰਾਂ ਤੋਂ ਲੈ ਕੇ ਦਵਾਈਆਂ ਤੱਕ, ਕਾਰਖਾਨਿਆਂ ਦੀਆਂ ਮਸ਼ੀਨਾਂ ਤੋਂ ਲੈ ਕੇ ਖੇਤਾਂ ਤੱਕ ਹਰ ਥਾਂ ਵਿਗਿਆਨ ਦੀ ਵਰਤੋਂ ਇਸੇ ਰੂਪ ਵਿੱਚ ਹੀ ਹੋ ਰਹੀ ਹੈ।

ਹੀਰੋਸ਼ੀਮਾ-ਨਾਗਾਸਾਕੀ ਦਾ ਇਹ ਬਰਬਰ ਕਾਰਾ ਨਾ ਤਾਂ ਸਾਮਰਾਜੀ ਜੁਲਮਾਂ ਦੀ ਕੋਈ ਪਹਿਲੀ ਦਰਦਨਾਕ ਦਾਸਤਾਨ ਸੀ ਤੇ ਨਾ ਹੀ ਆਖਰੀ। ਇਸ ਕਾਰੇ ਨਾਲ਼ ਅਮਰੀਕੀ ਹਾਕਮਾਂ ਨੇ ਸਾਮਰਾਜੀ ਬਰਬਰਤਾ ਨੂੰ ਇੱਕ ਹੋਰ ਉੱਚੇ, ਘਿਨਾਉਣੇ ਤੇ ਮਨੁੱਖਦੋਖੀ ਮੁਕਾਮ ਉੱਤੇ ਪਹੁੰਚਾ ਦਿੱਤਾ। ਜਿੱਥੇ ਇੱਕ ਆਮ ਬੰਦਾ ਕਿਸੇ ਨੂੰ ਕਤਲ ਕਰਨ ਬਾਰੇ ਸੋਚਕੇ ਹੀ ਦਹਿਲ ਜਾਂਦਾ ਹੈ ਉੱਥੇ ਦੌਲਤ ਦੇ ਹਾਬੜੇ ਬਘਿਆੜਾਂ ਨੇ ਕੁੱਝ ਪਲਾਂ ਵਿੱਚ ਬੱਚਿਆਂ, ਬਜ਼ੁਰਗਾਂ, ਔਰਤਾਂ, ਅਪਾਹਿਜਾਂ ਸਮੇਤ ਲੱਖਾਂ ਲੋਕਾਂ ਨੂੰ ਸਾੜ ਦਿੱਤਾ। ਇਸੇ ਦੀ ਲੜੀ ਵਿੱਚ ਅਮਰੀਕਾ ਦਾ ਵੀਅਤਨਾਮ, ਅਫਗਾਨਿਸਤਾ ਅਤੇ ਇਰਾਕ ਉੱਤੇ ਹਮਲਾ ਹੈ। ਇਹੋ ਕਹਿਰ ਅੱਜ ਵੀ ਗਾਜ਼ਾ ਵਿੱਚ ਅਮਰੀਕੀ ਸ਼ਹਿ ਪ੍ਰਾਪਤ ਇਜ਼ਰਾਇਲ ਵੱਲੋਂ ਮਾਸੂਮਾਂ ਦੇ ਕੀਤੇ ਜਾ ਰਹੇ ਕਤਲੇਆਮ ਵਿੱਚ ਜਾਰੀ ਹੈ। ਇਹ ਸਭ ਘਿਨਾਉਣਾ ਕਾਰੇ, ਜੰਗਾਂ, ਬੇਦੋਸ਼ਿਆਂ ਦਾ ਵਹਿੰਦਾ ਲਹੂ ਸਭ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਦੀ ਮਨੁੱਖਦੋਖੀ ਕਿਰਦਾਰ ਦੇ ਚਸ਼ਮਦੀਦ ਗਵਾਹ ਹਨ ਜੋ ਇਸ ਢਾਂਚੇ ਦੀ ਤਬਾਹੀ ਲਈ ਸਮਾਜ ਦੇ ਅਗਾਂਹਵਧੂ, ਇਨਸਾਫ ਪਸੰਦ, ਸੰਵੇਦਨਸ਼ੀਲ ਤਬਕੇ ਨੂੰ ਵੰਗਾਰ ਰਹੇ ਹਨ। ਅੱਜ ਸੰਸਾਰ ਨੂੰ “ਅਮਨ”, “ਵਿਸ਼ਵਸ਼ਾਂਤੀ” ਤੇ “ਭਾਈਚਾਰੇ” ਦੀ ਖੋਖਲੀ ਲੱਫਾਜੀ ਦੀ ਲੋੜ ਨਹੀਂ, ਸਗੋਂ ਨਫਰਤ, ਗੁੱਸੇ ਤੇ ਸੰਘਰਸ਼ਾਂ ਦੀ ਲੋੜ ਹੈ ਤਾਂ ਜੋ ਮਨੁੱਖਾਂ ਦੇ ਭੇਸ ਵਿੱਚ ਲੁਕੇ ਮਾਰਖੋਰੇ ਬਘਿਆੜਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ ਅਤੇ ਸਮੁੱਚੇ ਸਰਮਾਏਦਾਰਾ ਢਾਂਚੇ ਨੂੰ ਤਬਾਹ ਕੀਤਾ ਜਾ ਸਕੇ ਅਤੇ ਸੱਚੇ  ਅਰਥਾਂ ਵਿੱਚ ਅਮਨ ਤੇ ਭਾਈਚਾਰੇ ਦੀ ਬਹਾਲੀ ਕੀਤੀ ਜਾ ਸਕੇ। ਅੰਤ ਤੁਰਕੀ ਦੇ ਮਹਾਨ ਕਵੀ ਨਾਜ਼ਿਮ ਹਿਕਮਤ ਵੱਲੋਂ ਲਿਖੀ ਹੀਰੋਸ਼ੀਮਾ ਵਿੱਚ ਮਾਰੇ ਬੱਚੇ ਦੀ ਕਵਿਤਾ ਦੀਆਂ ਕੁੱਝ ਪੰਕਤੀਆਂ:

ਮੈਨੂੰ ਨਹੀਂ ਚਾਹੀਦੇ ਫਲ਼, ਨਹੀਂ ਚਾਹੀਦੇ ਚੌਲ਼
ਮੈਨੂੰ ਨਹੀਂ ਚਾਹੀਦੀ ਮਠਿਆਈ ਤੇ ਨਾ ਹੀ ਰੋਟੀ
ਮੈਂ ਆਪਣੇ ਲਈ ਕੁੱਝ ਨਹੀਂ ਮੰਗਦਾ
ਕਿਉਂਕਿ ਮੈਂ ਮਰ ਚੁੱਕਾ ਹਾਂ, ਕਿਉਂਕਿ ਮੈਂ ਮਰ ਚੁੱਕਾ ਹਾਂ

ਮੈਂ ਮੰਗਦਾ ਹਾਂ ਬਸ ਅਮਨ
ਅੱਜ ਤੁਹਾਨੂੰ ਲੜਨਾ ਪਵੇਗਾ, ਲੜਨਾ ਪਵੇਗਾ ਤਾਂ ਕਿ
ਇਸ ਸੰਸਾਰ ਦੇ ਸਾਰੇ ਬੱਚੇ ਜਿਉਂਦੇ ਰਹਿਣ
ਤੇ ਵਧਣ, ਹੱਸਣ ਤੇ ਖੇਡਣ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s