ਹੜ੍ਹਾਂ ਦੀ ਮਾਰ ਹੇਠ ਭਾਰਤ ਦੇ ਉੱਤਰੀ, ਪੱਛਮੀ ਤੇ ਦੱਖਣੀ ਸੂਬੇ : ਸਰਕਾਰਾਂ ਦੀ ਨਾਕਸ ਕਾਰਗੁਜ਼ਾਰੀ ਜੱਗ-ਜਾਹਰ •ਅਮਰੀਕ ਸਿੰਘ

7

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ ਹੋਇਆ ਹੈ। ਦੱਖਣੀ ਤੇ ਪੱਛਮੀ ਭਾਰਤ ਵਿੱਚ ਮੌਨਸੂਨ ਕਾਰਨ ਜਾਨ-ਮਾਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਉੱਤਰੀ ਭਾਰਤ ਵਿੱਚ ਮੋਹਲੇਧਾਰ ਮੀਂਹ ਨੇ ਤਬਾਹੀ ਲਿਆਂਦੀ ਹੈ। ਕੇਰਲ, ਮੱਧ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ ਅਤੇ ਗੁਜਰਾਤ ਵਿੱਚ ਕਈ ਥਾਈਂ ਖਾਸਾ ਨੁਕਸਾਨ ਹੋਇਆ ਹੈ। ਅਖਬਾਰੀ ਖਬਰਾਂ ਮੁਤਾਬਕ ਹੁਣ ਤੱਕ ਕੱਲੇ ਕੇਰਲਾ ਵਿੱਚ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਦਸ ਲੱਖ ਤੋਂ ਜ਼ਿਆਦਾ ਲੋਕੀਂ ਬੇਘਰ ਹੋ ਗਏ ਹਨ। ਉੱਤਰੀ ਭਾਰਤ ਵਿੱਚ ਪੰਜਾਬ, ਹਿਮਾਚਲ ਤੇ ਉਤਰਾਖੰਡ ਵਿੱਚ ਹੜਾਂ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈ। ਕਰਨਾਟਕ ਵਿੱਚ ਵੀ ਤਕਰੀਬਨ 60 ਲੋਕਾਂ ਦੀ ਮੌਤ ਦੀ ਖਬਰ ਹੈ, ਇੱਥੇ ਲਗਭਗ 70,000 ਲੋਕਾਂ ਨੂੰ ਆਵਦੇ ਘਰ ਛੱਡਣੇ ਪਏ ਹਨ। ਗੁਜਰਾਤ ਦੇ ਪੱਛਮੀ ਖਿੱਤੇ ਅਤੇ ਮਹਾਂਰਾਸ਼ਟਰ ਵਿੱਚ ਵੀ ਹੜਾਂ ਨਾਲ਼ ਮਰਨ ਵਾਲ਼ੇ ਲੋਕਾਂ ਦੀ ਗਿਣਤੀ ਸੈਂਕੜਾ ਪਾਰ ਕਰ ਚੁੱਕੀ ਹੈ ਅਤੇ ਤਕਰੀਬਨ ਇੱਥੇ ਵੀ ਇੱਕ ਲੱਖ ਲੋਕਾਂ ਨੂੰ ਆਵਦੇ ਘਰ ਬਾਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਮਾਨਸੂਨ ਮੀਹਾਂ ਨਾਲ਼ ਆਏ ਇਹ ਹੜ ਭਾਵੇਂ ਦੇਸ਼ ਵਿੱਚ ਪਾਣੀ ਦਾ ਵੱਡਾ ਸੋਮਾ ਹਨ, ਪਰ ਸਰਕਾਰਾਂ ਦੀ ਨਾਕਸ ਕਾਰਗੁਜ਼ਾਰੀ ਸਦਕਾ ਕੁਦਰਤ ਦਾ ਇਹ ਵਰਦਾਨ ਲੋਕਾਂ ਲਈ ਕਹਿਰ ਬਣ ਬਰਸਦਾ ਹੈ ਜਿਸ ਵਿੱਚ ਹਰ ਸਾਲ ਸੈਂਕੜੇ ਮੌਤਾਂ ਅਤੇ ਲੱਖਾਂ ਲੋਕਾਂ ਨੂੰ ਆਵਦਾ ਘਰ ਬਾਰ ਛੱਡਣਾ ਪੈਂਦਾ ਹੈ।

ਜਿੱਥੇ ਦੱਖਣੀ ਤੇ ਪੱਛਮੀ ਭਾਰਤ ਦੇ ਹਿੱਸੇ ਹੜਾਂ ਦੀ ਮਾਰ ਹੇਠ ਹਨ ਉੱਥੇ ਉੱਤਰੀ ਭਾਰਤ ਦੇ ਸੂਬਿਆਂ ਪੰਜਾਬ, ਹਿਮਾਚਲ, ਉਤਰਾਖੰਡ ਵਿੱਚ ਵੀ ਹਾਲਤ ਗੰਭੀਰ ਬਣੀ ਹੋਈ ਹੈ। ਹਿਮਾਚਲ ਵਿੱਚ ਪਏ ਮੀਂਹ ਨਾਲ਼ ਸੂਬੇ ਦੇ ਕਈ ਹਿੱਸਿਆਂ ਚੋਂ ਜ਼ਿੰਦਗੀ ਦੀ ਚਾਲ ਲੀਹੋਂ ਲੱਥ ਗਈ ਹੈ। ਮੀਂਹ ਕਾਰਨ ਕਈ ਥਾਈਂ ਢਿੱਗਾਂ ਡਿੱਗੀਆਂ ਹਨ, ਸੜਕਾਂ ਪਾਣੀ ਵਿੱਚ ਵਹਿ ਗਈਆਂ ਹਨ ਤੇ ਲੱਗਭੱਗ 500 ਤੋਂ ਜ਼ਿਆਦਾ ਬਸ਼ਿੰਦੇ ਸੂਬੇ ਦੇ ਕਈ ਹਿੱਸਿਆਂ ’ਚ ਫਸ ਗਏ ਹਨ। ਇਸੇ ਤਰਾਂ ਦੇ ਹਲਾਤ ਉਤਰਾਖੰਡ ਦੇ ਹਨ। ਹੁਣ ਤੱਕ ਇੱਥੇ 10 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਹਰਿਆਣਾ ਵਿੱਚ ਵੀ ਯਮੁਨਾ ਦਰਿਆ ਦੇ ਹਥਨੀਕੁੰਡ ਬੰਨ ਤੋਂ ਜ਼ਿਆਦਾ ਪਾਣੀ ਛੱਡਣ ਨਾਲ਼ ਕਰਨਾਲ, ਯਮੁਨਾਨਗਰ, ਸੋਨੀਪਤ, ਪਾਣੀਪਤ ਅਤੇ ਕੁਰਕਸ਼ੇਤਰ ਦੇ ਲਗਭਗ 87 ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਹੜਾਂ ਕਾਰਨ ਸੂਬੇ ਦੀ 47 ਹਜਾਰ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ।

ਸੂਬੇ ਪੰਜਾਬ ਵਿੱਚ 48 ਘੰਟੇ ਲਗਾਤਾਰ ਪਏ ਮੀਂਹ ਨੇ ਅਤੇ ਹਿਮਾਚਲ ਵਿਚਲੇ ਮੀਂਹਾਂ ਨੇ, ਸਤਲੁਜ-ਬਿਆਸ ਦਰਿਆਵਾਂ ’ਚ ਆਏ ਹੜਾਂ ਨੇ ਪੰਜਾਬ ਸੂਬੇ ਵਿੱਚ ਵੀ ਹਾਲਤ ਗੰਭੀਰ ਬਣਾ ਦਿੱਤੀ ਹੈ। ਸੂਬੇ ਵਿੱਚ ਹੜਾਂ ਨਾਲ਼ ਹੁਣ ਤੱਕ ਪੰਜ ਮੌਤਾਂ ਵੀ ਹੋ ਚੁੱਕੀਆਂ ਹਨ। ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਆਵਦੇ ਪਿੰਡ, ਜ਼ਮੀਨਾਂ, ਡੰਗਰ ਵੱਛਾ ਛੱਡਕੇ ਪਿੰਡ ਖਾਲ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਮਿਹਨਤ ਨਾਲ਼ ਪਾਲ਼ੀ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ’ਚ ਡੁੱਬਕੇ ਬਰਬਾਦ ਹੋ ਗਈ ਹੈ। ਅਨੰਦਪੁਰ ਸਾਹਬ ਨੇੜੇ ਦੇ ਡੇਢ ਦਰਜਨ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ- ਹਰ ਕਿਸਮ ਦੀ ਆਵਾਜਾਈ ਬਿਲਕੁਲ ਬੰਦ ਹੋ ਗਈ ਹੈ। ਘਰ ਦਾ ਜਰੂਰੀ ਸਾਜੋਸਮਾਨ, ਖੇਤੀ ਬਾੜੀ ਦਾ ਸੰਦ-ਸੰਦੇੜਾ, ਡੰਗਰ ਪਸ਼ੂ ਹੜਾਂ ਵਿੱਚ ਰੁੜ ਗਏ ਹਨ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਨਾਲ਼ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਬਿਨਾਂ ਕਿਸੇ ਠੋਸ ਇੰਤਜਾਮ ਤੋਂ ਹੜ੍ਹ ਗੇਟਾਂ ਰਾਹੀਂ ਪਾਣੀ ਛੱਡ ਦਿੱਤਾ, ਜਿਸ ਨਾਲ਼ ਸੈਂਕੜੇ ਪਿੰਡ ਪਾਣੀ ਹੇਠਾਂ ਕਈ-ਕਈ ਫੁੱਟ ਤੱਕ ਡੁੱਬ ਗਏ। ਗੇਟ ਖੋਲਣ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦਾ ਕੋਈ ਇੰਤਜਾਮ ਨਹੀਂ ਕੀਤਾ ਗਿਆ। ਪਿੰਡਾਂ ਵਿੱਚ ਮੌਕੇ ’ਤੇ ਮੁਨਾਦੀਆਂ ਕਰਵਾਕੇ ਪਿੰਡ ਖਾਲ਼ੀ ਕਰਨ ਦੇ ਹੁਕਮ ਚਾੜੇ ਗਏ। ਜਿਲਾ ਗੁਰਦਾਸਪੁਰ, ਫਿਰੋਜਪੁਰ, ਨਵਾਂ ਸ਼ਹਿਰ, ਰੋਪੜ, ਜਲੰਧਰ, ਮੋਗਾ ਦੇ ਪਿੰਡ ਸਭ ਤੋਂ ਜ਼ਿਆਦਾ ਹੜ੍ਹਾਂ ਦੀ ਮਾਰ ਹੇਠ ਆਏ ਹਨ। ਪਟਿਆਲੇ ਜ਼ਿਲੇ੍ਹ ਦੇ ਨਾਲ਼ ਲੰਘਦੇ ਨਾਲਿਆਂ, ਨਹਿਰਾਂ ਵਿੱਚੋਂ ਵੀ ਪਾਣੀ ਦਾ ਪੱਧਰ ਵਧਣ ਕਾਰਨ ਸਹਿਮ ਦਾ ਮਹੌਲ ਬਣਿਆ ਰਿਹਾ ਹੈ। ਹੁਣ ਤੱਕ ਵੀ ਪੰਜਾਬ ਸੂਬੇ ਵਿੱਚ ਹਾਲਤਾਂ ਸਾਜਗਾਰ ਨਹੀਂ ਹੋਈਆਂ।

ਹੜਾਂ ਦੀਆਂ ਇਹਨਾਂ ਹਾਲਤਾਂ ਵਿੱਚ ਸਰਕਾਰਾਂ ਅਤੇ ਪ੍ਰਸ਼ਾਸ਼ਨ ਦਾ ਦੋਖੀ ਚਿਹਰਾ ਜੱਗ ਜਾਹਰ ਹੋਇਆ ਹੈ। ਹੜ੍ਹ ਪੀੜਿਤ ਲੋਕਾਂ ਦੀਆਂ ਸਰਕਾਰਾਂ ਨੇ ਕੋਈ ਬਾਂਹ ਨਹੀਂ ਫੜ੍ਹੀ। ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਿਤ ਸੂਬਿਆਂ (ਪੰਜਾਬ ਨੂੰ ਛੱਡਕੇ) ਨਗੂਣੇ ਫੰਡ ਜਾਰੀ ਕੀਤੇ ਗਏ ਹਨ, ਪਰ ਫੇਰ ਵੀ ਹਾਲੇ ਤੱਕ ਚੱਲੇ ਰਾਹਤ ਕਾਰਜਾਂ ਨੂੰ ਤਸੱਲੀਬਖਸ ਨਹੀਂ ਕਿਹਾ ਜਾ ਸਕਦਾ। ਦੱਖਣ ਸੂਬਿਆਂ ਵਿੱਚ ਮਾਨਸੂਨ ਆਉਣ ਨਾਲ਼ ਲੱਗਭੱਗ ਹਰ ਸਾਲ ਹੜ੍ਹਾਂ ਵਰਗੀ ਹਾਲਤ ਬਣਦੀ ਹੈ, ਪਰ ਸਮਾਂ ਰਹਿੰਦੇ ਇਹਨਾਂ ਨਾਲ਼ ਨਜਿੱਠਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ। ਸਭ ਕੁੱਝ ਵਾਪਰਨ ਤੋਂ ਮਗਰੋਂ ਮਾੜੇ ਮੋਟੇ ਮੁਆਵਜੇ ਦੇਕੇ ਲੋਕਾਂ ਨਾਲ਼ ਨਕਲੀ ਹੇਜ ਜਤਾਇਆ ਜਾਂਦਾ ਹੈ। ਮੁਆਵਜੇ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦਾ ਰੁਖ ਪੰਜਾਬ ਪ੍ਰਤੀ ਸੌੜਾ ਰਿਹਾ ਹੈ ਤੇ ਹੜ੍ਹ ਪੀੜਿਤ ਸੂਬਿਆਂ ਲਈ ਮੁਆਵਜਾ ਜਾਰੀ ਕਰਦਿਆਂ ਪੰਜਾਬ ਨੂੰ ਮੁਆਵਜਿਆਂ ਦੀ ਸੂਚੀ ਚੋਂ ਬਾਹਰ ਹੀ ਕਰ ਦਿੱਤਾ ਹੈ। ਪੰਜਾਬ ਦੀ ਸੂਬਾ ਸਰਕਾਰ ਨੇ ਵੀ ਪੰਜਾਬ ਦੇ ਹੜ੍ਹ ਪੀੜਿਤ ਲੋਕਾਂ ਨੂੰ ਦਰਕਾਰਿਆ ਹੀ ਹੈ ਤੇ ਥੋਥੇ ਵਾਅਦੇ, ਨਗੂਣੇ ਮੁਆਵਜ਼ਿਆਂ ਦਾ ਪਖੰਡ ਕਰਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਆਮ ਲੋਕਾਂ ਨੇ ਹੀ ਪੀੜਿਤ ਲੋਕਾਂ ਦੀ ਬਾਂਹ ਫੜ੍ਹੀ ਹੈ, ਹੜ੍ਹ ਪੀੜਿਤਾਂ ਲਈ ਰਹਿਣ, ਖਾਣ-ਪੀਣ, ਕੱਪੜੇ-ਲੱਤੇ ਦੇ ਪ੍ਰਬੰਧ ਕੀਤੇ ਹਨ। ਇਹਨਾਂ ਹਾਲਤਾਂ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਨਿੰਦਣਯੋਗ ਕਹੀ ਜਾਣੀ ਚਾਹੀਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 14, 1 ਸਤੰਬਰ 2019 ਵਿੱਚ ਪਰ੍ਕਾਸ਼ਿਤ