ਹਜ਼ਾਰਾਂ ਲੋਕਾਂ ਦੀ ਜਾਨ ਦਾ ਖੌਅ ਬਣਿਆ ਯੂਰਪ ਦਾ ਸ਼ਰਨਾਰਥੀ ਸੰਕਟ •ਗੁਰਪ੍ਰੀਤ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਈ ਮਹੀਨੇ ਦੇ ਇੱਕ ਹਫਤੇ ਦੌਰਾਨ ਭੂ-ਮੱਧ ਸਾਗਰ ਵਿੱਚ ਕਈ ਕਿਸ਼ਤੀਆਂ ਦੇ ਡੁੱਬਣ ਕਾਰਨ 880 ਦੇ ਕਰੀਬ ਲੋਕ ਮਾਰੇ ਗਏ। ਲੀਬੀਆ ਤੋਂ 13000 ਤੋਂ ਵੱਧ ਸ਼ਰਨਾਰਥੀ ਯੂਰਪ ਵਿੱਚ ਪਨਾਹ ਲੈਣ ਲਈ ਇਟਲੀ ਨੂੰ ਰਵਾਨਾ ਹੋਏ ਸਨ ਤੇ ਰਾਹ ਵਿੱਚ ਕਿਸ਼ਤੀਆਂ ਡੁੱਬਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਹ ਪਿਛਲੇ ਸਾਲ ਅਪ੍ਰੈਲ ਮਹੀਨੇ ਹੋਏ ਹਾਦਸੇ ਤੋਂ ਬਾਅਦ ਦੂਜਾ ਵੱਡਾ ਹਾਦਸਾ ਹੈ। ਉਸ ਵੇਲ਼ੇ  ਦੋ ਵੱਖ-ਵੱਖ ਹਾਦਸਿਆਂ ਵਿੱਚ 13,00 ਲੋਕ ਡੁੱਬ ਕੇ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਮੁਤਾਬਕ ਇਸ ਸਾਲ ਦੇ ਪੰਜਾਂ ਮਹੀਨਿਆਂ ਵਿੱਚ ਮੱਧ-ਪੂਰਬ ਤੋਂ ਯੂਰਪ ਆਉਣ ਦੀ ਕੋਸ਼ਿਸ਼ ਕਰ ਰਹੇ 2510 ਤੋਂ ਵੱਧ ਲੋਕ ਮਾਰੇ ਗਏ ਹਨ। ਇਹ ਗਿਣਤੀ ਪਿਛਲੇ ਸਾਲ ਦੇ ਇਸੇ ਅਰਸੇ ਨਾਲ਼ੋਂ 25 ਫੀਸਦੀ ਵੱਧ ਹੈ। ਪਿਛਲੇ ਸਾਲ ਦੇ ਇਹਨਾਂ ਪੰਜ ਮਹੀਨਿਆਂ ਵਿੱਚ 1855 ਸ਼ਰਨਾਰਥੀ ਡੁੱਬ ਕੇ ਮਰੇ ਸਨ, ਜਦਕਿ 2014 ਦੇ ਇਸੇ ਅਰਸੇ ਵਿੱਚ ਇਹ ਗਿਣਤੀ 57 ਸੀ। 2015 ਦੌਰਾਨ ਇਸ ਤਰ੍ਹਾਂ ਡੁੱਬ ਕੇ ਮਰਨ ਵਾਲ਼ਿਆਂ ਦੀ ਕੁੱਲ ਗਿਣਤੀ 3770 ਬਣਦੀ ਹੈ। ਮਤਲਬ ਪਿਛਲੇ ਡੇਢ ਸਾਲ ਵਿੱਚ 6300 ਦੇ ਕਰੀਬ ਪ੍ਰਵਾਸੀ ਭੂ-ਮੱਧ ਸਾਗਰ ਵਿੱਚ ਡੁੱਬ ਕੇ ਮਾਰੇ ਗਏ ਹਨ। ਜਿਸ ਤਰ੍ਹਾਂ ਦਾ ਮਹੌਲ ਬਣਿਆ ਹੋਇਆ ਹੈ ਉਸ ਮੁਤਾਬਕ ਮੌਤਾਂ ਦੀ ਇਹ ਗਿਣਤੀ ਇੱਥੇ ਹੀ ਰੁਕਣ ਨਹੀਂ ਲੱਗੀ।

ਇਸ ਤਰ੍ਹਾਂ ਪਿਛਲੇ ਸਾਲ ਤੋਂ ਇੱਕ ਗੰਭੀਰ ਖਤਰਾ ਬਣਿਆ ਯੂਰਪ ਦਾ ਸ਼ਰਨਾਰਥੀ ਸੰਕਟ ਦਿਨੋਂ-ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਪਿਛਲੇ ਡੇਢ ਸਾਲ ਵਿੱਚ ਜਿੱਥੇ ਮੱਧ ਪੂਰਬ ਦੇ ਹਜ਼ਾਰਾਂ ਲੋਕ ਭੂ-ਮੱਧ ਸਾਗਰ ਪਾਰ ਕਰਕੇ ਯੂਰਪ ਪਹੁੰਚਣ ਦੇ ਯਤਨ ਵਿੱਚ ਸਮੁੰਦਰ ਵਿੱਚ ਡੁੱਬ ਕੇ ਆਪਣੀ ਜਾਨ ਗਵਾ ਚੁੱਕੇ ਹਨ ਉੱਥੇ ਲੱਖਾਂ ਲੋਕ ਸ਼ਰਨਾਰਥੀ ਕੈਂਪਾਂ ‘ਚ ਅਨਿਸ਼ਚਤਤਾ, ਡਰ ਤੇ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ, ਅਨੇਕਾਂ ਬਿਨਾਂ ਕਿਸੇ ਛੱਤ-ਸਹਾਰੇ ਦੇ ਰਹਿ ਰਹੇ ਹਨ ਤੇ ਹੋਰ ਲੱਖਾਂ ਲੋਕ ਯੂਰਪ ਵਿੱਚ ਪਹੁੰਚ ਕੇ ਲੁਕ-ਛਿਪ ਕੇ ਤਰਸਯੋਗ ਜਿੰਦਗੀ ਜਿਉਣ ਲਈ ਮਜ਼ਬੂਰ ਹਨ।

ਇਸ ਸ਼ਰਨਾਰਥੀ ਸੰਕਟ ਨੂੰ ਥੋੜਾ ਵਿਸਥਾਰ ਵਿੱਚ ਸਮਝੀਏ ਤਾਂ ਮੱਧ-ਪੂਰਬ ਦੇ ਕਈ ਦੇਸ਼ਾਂ ਵਿੱਚੋਂ ਵੱਖ-ਵੱਖ ਕਾਰਨਾਂ ਕਰਕੇ ਲੋਕ ਯੂਰਪ ਵੱਲ ਪ੍ਰਵਾਸ ਕਰ ਰਹੇ ਹਨ। ਇਹਨਾਂ ਵਿੱਚੋਂ ਸਭ ਤੋਂ ਵੱਧ ਲੋਕ ਤੁਰਕੀ ਤੋਂ ਭੂ-ਮੱਧ ਸਾਗਰ ਪਾਰ ਕਰਕੇ ਯੂਰਪੀ ਯੂਨੀਅਨ ਦੇ ਦੇਸ਼ ਯੂਨਾਨ ਪੁੱਜਦੇ ਹਨ। ਇਸ ਤੋਂ ਬਾਅਦ ਵਾਰੀ ਲੀਬੀਆ ਤੇ ਅਲਜੀਰੀਆ ਤੋਂ ਭੂ-ਮੱਧ ਸਾਗਰ ਪਾਰ ਕਰਕੇ ਇਟਲੀ ਪੁੱਜਣ ਵਾਲ਼ੇ ਲੋਕਾਂ ਦੀ ਹੈ। ਇਹਨਾਂ ਦੋ ਮੁੱਖ ਲਾਂਘਿਆਂ ਤੋਂ ਬਿਨਾਂ ਯੂਰਪੀ ਯੂਨੀਅਨ ਦੀਆਂ ਹੋਰਨਾਂ ਸਰਹੱਦਾਂ ਰਾਹੀਂ ਵੀ ਪ੍ਰਵਾਸੀ ਯੂਰਪ ਵਿੱਚ ਸ਼ਰਨ ਲੈਣ ਪੁੱਜਦੇ ਹਨ, ਪਰ ਉਹਨਾਂ ਦਾ ਵੱਡਾ ਹਿੱਸਾ ਇਹਨਾਂ ਦੋਵਾਂ ਲਾਂਘਿਆਂ ਰਾਹੀਂ ਹੀ ਜਾਂਦਾ ਹੈ।

ਸਭ ਤੋਂ ਵੱਧ ਸ਼ਰਨਾਰਥੀ ਸੀਰੀਆ ਤੋਂ ਆ ਰਹੇ ਹਨ, ਜਿੱਥੇ ਘਰੇਲੂ ਜੰਗ ਕਾਰਨ ਵੱਡੇ ਪੱਧਰ ‘ਤੇ ਲੋਕ ਉਜਾੜੇ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਬਾਅਦ ਅਫਗਾਨਿਸਤਾਨ, ਇਰਾਕ, ਕੋਸੋਵ, ਇਰੀਤ੍ਰੇਆ, ਅਲਬਾਨੀ ਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਵੀ ਸ਼ਰਨਾਰਥੀ ਯੂਰਪ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। 2015 ਤੋਂ ਪਹਿਲਾਂ ਵੀ ਮੱਧ-ਪੂਰਬ ਵਿੱਚੋਂ ਲੋਕ ਯੂਰਪ ਵਿੱਚ ਪ੍ਰਵਾਸ ਕਰਦੇ ਰਹੇ ਹਨ, ਪਰ 2015 ਤੋਂ ਇਹਨਾਂ ਦੀ ਗਿਣਤੀ ਵਿੱਚ ਬਹੁਤ ਤੇਜ ਵਾਧਾ ਦਰਜ ਕੀਤਾ ਗਿਆ ਹੈ। 2015 ਵਿੱਚ 2014 ਨਾਲੋਂ 750 ਫੀਸਦੀ ਜਿਆਦਾ ਲੋਕ ਯੂਰਪ ਪਨਾਹ ਲੈਣ ਲਈ ਪੁੱਜੇ ਸਨ ਤੇ ਇਸ ਸਾਲ ਇਹ ਗਿਣਤੀ ਹੋਰ ਵੀ ਵਧਦੀ ਵਿਖਾਈ ਦੇ ਰਹੀ ਹੈ।

2015 ‘ਚ 7 ਲੱਖ ਤੋਂ ਵੱਧ ਸ਼ਰਨਾਰਥੀ ਯੂਰਪ ਪੁੱਜੇ ਹਨ, ਜਿਨ੍ਹਾਂ ਦਾ ਬਹੁਤਾ ਹਿੱਸਾ ਯੂਨਾਨ ਤੇ ਇਟਲੀ ਵਿੱਚ ਫਸਿਆ ਹੋਇਆ ਹੈ, ਕੁੱਝ ਹਿੱਸਾ ਵਾਪਸ ਤੁਰਕੀ ਜਾਂ ਹੋਰਨਾਂ ਗੈਰ-ਯੂਰਪੀ ਦੇਸ਼ਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਕੁੱਝ ਹਿੱਸਾ ਯੂਰਪੀ ਯੂਨੀਅਨ ਦੇ ਵੱਖ-ਵੱਖ ਦੇਸ਼ਾਂ ਵਿੱਚ ਪੁੱਜ ਚੁੱਕਾ ਹੈ। ਇਸ ਸਾਲ ਹੁਣ ਤੱਕ 1,43,000 ਲੋਕ ਇਸ ਸਮੁੰਦਰੀ ਰਾਸਤੇ ਰਾਹੀਂ ਤੁਰਕੀ ਤੋਂ ਯੂਨਾਨ ਪੁੱਜ ਚੁੱਕੇ ਹਨ ਤੇ ਕੁੱਲ 2,03,981 ਲੋਕ ਵੱਖ-ਵੱਖ ਲਾਂਘਿਆਂ ਰਾਹੀਂ ਯੂਰਪ ਪੁੱਜੇ ਹਨ, ਜੋ ਕਿ ਪਿਛਲੇ ਸਾਲ ਦੇ ਲਗਭਗ ਬਰਾਬਰ ਹੀ ਹੈ।

ਇਹਨਾਂ ਲੋਕਾਂ ਲਈ ਸਿਰਫ ਯੂਰਪ ਪੁੱਜਣਾ ਹੀ ਕਾਫੀ ਨਹੀਂ ਹੈ। ਯੂਰਪ ਪੁੱਜਣ ਮਗਰੋਂ ਅਨੇਕਾਂ ਲੋਕ ਉਸੇ ਤਰ੍ਹਾਂ ਹੀ ਰਹਿਣਾ ਸ਼ੁਰੂ ਕਰ ਦਿੰਦੇ ਹਨ,  ਜਿਨ੍ਹਾਂ ਨੂੰ ਵੀਜ਼ੇ ਦੀ ਮਿਆਦ ਮੁੱਕਣ ਜਾਂ ਦਸਤਾਵੇਜਾਂ ਦੀ ਘਾਟ ਕਾਰਨ ਕਿਸੇ ਸਮੇਂ ਵੀ ਬਾਹਰ ਕੱਢਿਆ ਜਾ ਸਕਦਾ ਹੈ। ਇਹਨਾਂ ਪ੍ਰਵਾਸੀਆਂ ਵਿੱਚੋਂ ਲੱਖਾਂ ਲੋਕ ਇਹਨਾਂ ਯੂਰਪੀ ਦੇਸ਼ਾਂ ਵਿੱਚ ਹੀ ਪੱਕੀ ਸ਼ਰਨ ਲੈ ਕੇ ਵਸਣ ਲਈ ਸਰਕਾਰ ਨੂੰ ਅਰਜੀਆਂ ਲਿਖਦੇ ਹਨ, ਕਿਉਂਕਿ ਇਹ ਆਪਣੇ ਦੇਸ਼ਾਂ ਵਿੱਚ ਉੱਜੜ ਕੇ, ਤਬਾਹ ਹੋਕੇ ਜਾਂ ਆਪਣਾ ਸਾਰਾ ਕੁੱਝ ਛੱਡ ਕੇ ਪਰਿਵਾਰਾਂ ਸਮੇਤ ਆਏ ਹਨ ਤੇ ਉਹਨਾਂ ਕੋਲ਼ ਵਾਪਸ ਜਾਣ ਲਈ ਕੋਈ ਜਗ੍ਹਾ ਹੀ ਨਹੀਂ ਹੈ। ਹੁਣ ਯੂਰਪ ਦੇ ਅਨੇਕਾਂ ਦੇਸ਼ਾਂ ਵਿੱਚ ਇਹ ਪ੍ਰਵਾਸੀ ਰਹਿ ਤਾਂ ਰਹੇ ਹਨ ਪਰ ਇਹਨਾਂ ਨੂੰ ਸ਼ਰਨ ਦੇਣ ਲਈ ਕੋਈ ਦੇਸ਼ ਖੁਸ਼ੀ ਨਾਲ਼ ਤਿਆਰ ਨਹੀਂ ਹੈ।

ਯੂਰਪੀ ਯੂਨੀਅਨ ਵੱਲੋਂ ਹੋਰ ਨਵੇਂ ਆ ਰਹੇ ਪ੍ਰਵਾਸੀਆਂ ਨੂੰ ਰੋਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਈ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਤੇ ਕਈਆਂ ‘ਤੇ ਪੁਲਿਸ, ਫੌਜ ਨਾਲ਼ ਪਹਿਰੇ ਬਿਠਾਏ ਗਏ ਹਨ। ਪਰ ਆਪਣੇ ਦੇਸ਼ਾਂ ਵਿੱਚ ਭੁੱਖ ਹੱਥੋਂ ਮਰਨ ਕੰਢੇ ਪੁੱਜੇ ਲੋਕਾਂ ਕੋਲ਼ ਆਪਣੀ ਜਾਨ ਖਤਰੇ ਵਿੱਚ ਪਾ ਕੇ ਯੂਰਪ ਪੁੱਜਣ ਦਾ ਯਤਨ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਵੀ ਨਹੀਂ ਹੈ। ਯੂਰਪ ਪੁੱਜਣ ਵਾਲ਼ੇ ਇਹ ਲੋਕ ਕਿਸ਼ਤੀਆਂ ਵਿੱਚ ਸਮਰੱਥਾ ਨਾਲ਼ੋਂ ਵੱਧ ਗਿਣਤੀ ਵਿੱਚ ਸਵਾਰ ਹੋ ਕੇ ਯੂਰਪ ਪੁੱਜਣ ਲਈ ਮਜਬੂਰ ਹਨ, ਜਿਸ ਦੌਰਾਨ ਇਹਨਾਂ ਦੇ ਡੁੱਬਣ ਦੇ ਹਾਦਸੇ ਵਾਪਰਦੇ ਰਹਿੰਦੇ ਹਨ। ਯੂਰਪ ਵੱਲੋਂ ਇਹਨਾਂ ਦੇ ਯੂਰਪ ਪੁੱਜਣ ‘ਤੇ ਲਾਈਆਂ ਰੋਕਾਂ ‘ਤੇ ਗਸ਼ਤ ਕਰ ਰਹੀ ਸਮੁੰਦਰੀ ਪੁਲਿਸ ਤੋਂ ਬਚਣ ਲਈ ਵੀ ਇਹ ਲੋਕ ਕਈ ਤਰ੍ਹਾਂ ਦੇ ਖਤਰੇ ਸਹੇੜਦੇ ਹੋਏ ਯੂਰਪ ਪੁੱਜਣ ਦੀ ਕੋਸ਼ਿਸ਼ ਕਰਦੇ ਹੋਏ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਮੱਧ-ਪੂਰਬ ਦੇ ਇਹਨਾਂ ਲੋਕਾਂ ਦੀ ਪ੍ਰਵਾਸ ਦੀ ਮਜਬੂਰੀ ਦਾ ਕਾਰਨ ਅਮਰੀਕਾ ਤੇ ਯੂਰਪ ਦੇ ਸਾਮਰਾਜੀ ਦੇਸ਼ ਹੀ ਹਨ। ਸਾਮਰਾਜੀ ਦੇਸ਼ਾਂ ਵੱਲੋਂ ਇਹਨਾਂ ਦੇਸ਼ਾਂ ਉੱਪਰ ਥੋਪੀਆਂ ਜੰਗਾਂ ਕਾਰਨ ਲੱਖਾਂ ਲੋਕ ਆਪਣੇ ਘਰ, ਜਮੀਨ ਤੋਂ ਉੱਜੜ ਗਏ ਹਨ, ਕਈਆਂ ਦੇ ਕੰਮ-ਕਾਜ ਠੱਪ ਹੋਣ ਕਾਰਨ ਉਹ ਤਬਾਹ ਹੋ ਗਏ ਹਨ। ਇਹਨਾਂ ਵਿੱਚੋਂ ਸਭ ਤੋਂ ਮੁੱਖ ਸੀਰੀਆ ਅੰਦਰ ਚੱਲ ਰਹੀ ਖਾਨਾਜੰਗੀ ਹੈ, ਜਿਸ ਪਿੱਛੇ ਅਮਰੀਕਾ ਤੇ ਰੂਸ ਵਾਲ਼ੇ ਸਾਮਰਾਜੀ ਧੜੇ ਖੜੇ ਹਨ। ਇਸ ਖਾਨਾਜੰਗੀ ਕਾਰਨ ਸਭ ਤੋਂ ਵੱਧ ਲੋਕ ਤਬਾਹ ਹੋਏ ਹਨ ਤੇ ਯੂਰਪ ਵਿੱਚ ਆਉਣ ਵਾਲ਼ੇ ਅੱਧੇ ਤੋਂ ਵੱਧ ਪ੍ਰਵਾਸੀ ਵੀ ਸੀਰੀਆ ਤੋਂ ਹੀ ਹਨ। ਇਸਤੋਂ ਬਿਨਾਂ ਅਫਗਾਨਿਸਤਾਨ ਤੇ ਇਰਾਕ ਵਰਗੀਆਂ ਜੰਗਾਂ ਵਿੱਚ ਵੀ ਸਾਮਰਾਜੀ ਦੇਸ਼ਾਂ ਨੇ ਉੱਥੋਂ ਦੇ ਲੋਕਾਂ ਦਾ ਵੱਡੇ ਪੱਧਰ ‘ਤੇ ਉਜਾੜਾ ਕੀਤਾ ਹੈ। ਦੂਜਾ ਕਾਰਨ ਵੱਖ-ਵੱਖ ਸਾਮਰਾਜੀ ਦੇਸ਼ਾਂ ਵੱਲੋਂ ਦਹਾਕਿਆਂ ਤੋਂ ਇਹਨਾਂ ਦੇਸ਼ ਦੇ ਕਿਰਤੀ ਲੋਕਾਂ ਦੀ ਸਿੱਧੇ-ਅਸਿੱਧੇ ਢੰਗ ਨਾਲ਼ ਕਿਰਤ ਦੀ ਲੁੱਟ ਕੀਤੀ ਗਈ ਹੈ, ਜਿਸ ਕਾਰਨ ਇਹ ਦੇਸ਼ ਵੱਡੇ ਪੱਧਰ ‘ਤੇ ਗਰੀਬੀ, ਭੁੱਖਮਰੀ ਤੇ ਬਦਹਾਲੀ ਦਾ ਸ਼ਿਕਾਰ ਹਨ। ਇਹਨਾਂ ਦੇਸ਼ਾਂ ਦੇ ਅੰਦਰੂਨੀ ਸਰਮਾਏਦਾਰਾ ਵਿਕਾਸ ਨੇ ਵੀ ਇੱਥੋਂ ਦੀ ਸਥਾਨਕ ਅਬਾਦੀ ਨੂੰ ਉੱਜੜਨ ਲਈ ਮਜਬੂਰ ਕੀਤਾ ਹੈ। ਇਸ ਤਰ੍ਹਾਂ ਪ੍ਰਵਾਸ ਲਈ ਮਜਬੂਰ ਹੋਈ ਇਸ ਅਬਾਦੀ ਦੀਆਂ ਮੁੱਖ ਜੜਾਂ ਸਰਮਾਏਦਾਰਾ-ਸਾਮਰਾਜੀ ਢਾਂਚੇ ਵਿੱਚ ਹੀ ਹਨ ਤੇ ਇਹਨਾਂ ਵਿੱਚੋਂ ਵੀ ਸਾਮਰਾਜੀ ਦੇਸ਼ਾਂ ਨੂੰ ਮੁੱਖ ਦੋਸ਼ ਦਿੱਤਾ ਜਾ ਸਕਦਾ ਹੈ। ਹੁਣ ਇਹੋ ਸਾਮਰਾਜੀ ਦੇਸ਼ ਇਹਨਾਂ ਦੀ ਕਿਸੇ ਵੀ ਤਰ੍ਹਾਂ ਬਾਂਹ ਫੜਨ ਨੂੰ ਵੀ ਤਿਆਰ ਨਹੀਂ ਹਨ।

ਅਸੀਂ ਇਹ ਤਾਂ ਆਖ ਹੀ ਚੁੱਕੇ ਹਾਂ ਕਿ ਯੂਰਪ ਦੇ ਹਾਕਮ ਇਹਨਾਂ ਪ੍ਰਵਾਸੀਆਂ ਨੂੰ ਸ਼ਰਨ ਦੇਣ ਲਈ ਤਿਆਰ ਨਹੀਂ ਹਨ। ਪਰ ਯੂਰਪ ਦੇ ਕਿਰਤੀ ਲੋਕਾਂ ਵੱਲੋਂ ਇਹਨਾਂ ਪ੍ਰਵਾਸੀਆਂ ਦੀ ਹਮਾਇਤ ਅਤੇ ਪਿਛਲੇ ਸਾਲ ਇਸ ਮਾਮਲੇ ਦਾ ਕਾਫੀ ਰੌਲ਼ਾ ਪੈਣ ਕਾਰਨ ਪਏ ਦਬਾਅ ਮਗਰੋਂ ਯੂਰਪ ਦੇ ਹਾਕਮਾਂ ਨੇ ਮਦਦ ਦੇ ਨਾਂ ‘ਤੇ ਕੁੱਝ ਰਸਮਪੂਰਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਸਤੰਬਰ ਮਹੀਨੇ ਯੂਰਪੀ ਯੂਨੀਅਨ ਨੇ 1,60,000 ਸ਼ਰਨਾਰਥੀਆਂ ਨੂੰ ਵਸਾਉਣ ਦਾ ਫੈਸਲਾ ਲਿਆ ਸੀ ਤੇ ਕਾਫੀ ਰੌਲ਼ੇ-ਰੱਪੇ ਮਗਰੋਂ ਸਭ ਦੇਸ਼ਾਂ ਦਾ ਕੋਟਾ ਵੰਡ ਕੇ 1,20,000 ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਮਤਾ ਪਾਸ ਹੋਇਆ ਸੀ। ਚੈਕ ਗਣਰਾਜ, ਹੰਗਰੀ, ਪੋਲੈਂਡ, ਰੋਮਾਨੀਆ ਤੇ ਸਲੋਵਾਕੀਆ ਵਰਗੇ ਕੁੱਝ ਦੇਸ਼ਾਂ ਨੇ ਇਸ ਮਤੇ ਦਾ ਵਿਰੋਧ ਵੀ ਕੀਤਾ ਸੀ, ਪਰ ਬਹੁਗਿਣਤੀ ਰਾਜੀ ਸੀ। ਪਰ ਮਈ 2015 ਤੱਕ, ਭਾਵ ਅੱਠ ਮਹੀਨਿਆਂ ਵਿੱਚ ਸਾਰੇ ਯੂਰਪੀ ਯੂਨੀਅਨ ਨੇ ਰਲ਼ ਕੇ ਇਹਨਾਂ ਵਿੱਚੋਂ ਸਿਰਫ 1,441 ਦੇ ਕਰੀਬ ਲੋਕਾਂ ਨੂੰ ਹੀ ਸ਼ਰਨ ਦਿੱਤੀ ਹੈ। ਇਹਨਾਂ ਅੱਠਾਂ ਮਹੀਨਿਆਂ ਦੀ ਕਾਰਗੁਜ਼ਾਰੀ ਨੇ ਯੂਰਪੀ ਯੂਨੀਅਨ ਦੇ ਹਾਕਮਾਂ ਦੀ ਝੂਠੀ ਹਮਦਰਦੀ ਦੀ ਫੂਕ ਕੱਢ ਦਿੱਤੀ ਹੈ। ਬਰਤਾਨੀਆ ਨੇ ਇਸ ਮਤੇ ਨੂੰ ਇਹ ਕਹਿ ਕੇ ਮੰਨਣੋ ਨਾਂਹ ਕਰ ਦਿੱਤੀ ਸੀ ਕਿ ਉਸਦੀ 20,000 ਸ਼ਰਨਾਰਥੀਆਂ ਨੂੰ 2020 ਤੱਕ ਸ਼ਰਨ ਦੇਣ ਦੀ ਵੱਖਰੀ ਯੋਜਨਾ ਹੈ, ਭਾਵ ਰੋਜਾਨਾ ਸਿਰਫ 12 ਸ਼ਰਨਾਰਥੀ, ਪਰ ਬਰਤਾਨੀਆ ਦੀ ਇਹ ਯੋਜਨਾ ਵੀ ਠੰਡੇ ਬਸਤੇ ‘ਚ ਪਈ ਹੀ ਦਿਸ ਰਹੀ ਹੈ।

ਇਸ ਸਾਲ ਮਾਰਚ ਮਹੀਨੇ ਇਸ ਸ਼ਰਨਾਰਥੀ ਸੰਕਟ ਨੂੰ ਠੱਲ ਪਾਉਣ ਲਈ ਇੱਕ ਹੋਰ ਓਹੜ-ਪੋਹੜ ਯਤਨ ਕੀਤਾ ਗਿਆ। ਇਸ ਵਿੱਚ ਯੂਰਪੀ ਯੂਨੀਅਨ ਤੇ ਤੁਰਕੀ ਵਿੱਚ ਇੱਕ ਸਮਝੌਤਾ ਹੋਇਆ। ਇਸ ਸਮਝੌਤੇ ਮੁਤਾਬਕ ਯੂਨਾਨ ਵਿਚਲੇ ਜਿਹੜੇ ਸੀਰਿਆਈ ਸ਼ਰਨਾਰਥੀਆਂ ਜਾਂ ਪ੍ਰਵਾਸੀਆਂ ਨੇ ਸ਼ਰਨ ਲੈਣ ਦੀ ਬੇਨਤੀ ਦਰਜ ਨਹੀਂ ਕੀਤੀ ਜਾਂ ਜਿਹਨਾਂ ਦੀ ਸ਼ਰਨ ਲੈਣ ਦੀ ਬੇਨਤੀ ਰੱਦ ਹੋ ਗਈ, ਉਹਨਾਂ ਨੂੰ ਵਾਪਸ ਤੁਰਕੀ ਭੇਜ ਦਿੱਤਾ ਜਾਵੇਗਾ। ਤੁਰਕੀ ਭੇਜੇ ਹਰ ਇੱਕ ਸ਼ਰਨਾਰਥੀ ਬਦਲੇ ਯੂਰਪੀ ਯੂਨੀਅਨ ਤੁਰਕੀ ਵਿੱਚ ਪਹਿਲਾਂ ਤੋਂ ਮੌਜੂਦ ਇੱਕ ਸੀਰਿਆਈ ਸ਼ਰਨਾਰਥੀ ਨੂੰ ਪਨਾਹ ਦੇਵੇਗਾ। ਇਸ ਸਮਝੌਤੇ ਪਿੱਛੇ ਮਕਸਦ ਇਹ ਹੈ ਕਿ ਤੁਰਕੀ ਤੋਂ ਯੂਨਾਨ ਤੇ ਫਿਰ ਯੂਨਾਨ ਤੋਂ ਤੁਰਕੀ ਤੇ ਮੁੜ ਫਿਰ ਯੂਰਪ ਪੁੱਜਣ ਦੇ ਲੰਬੇ ਝੰਜਟ ਕਾਰਨ ਯੂਰਪ ਆਉਣ ਦੀ ਕੋਸ਼ਿਸ਼ ਕਰ ਰਹੇ ਸ਼ਰਨਾਰਥੀਆਂ ਦੀ ਗਿਣਤੀ ਘਟ ਜਾਵੇਗੀ। ਇਸ ਬਦਲੇ ਯੂਰਪੀ ਯੂਨੀਅਨ ਤੁਰਕੀ ਨੂੰ 3 ਬਿਲੀਅਨ ਯੂਰੋ ਦੀ ਮਦਦ ਦੇਵੇਗਾ ਅਤੇ ਤੁਰਕੀ ਨੂੰ ਯੂਰਪੀ ਯੂਨੀਅਨ ਵਿੱਚ ਸ਼ਾਮਲ ਕਰਨ ਦੇ ਮਤੇ ਨੂੰ ਮੁੜ ਵਿਚਾਰੇਗਾ।

ਅਸਲ ਵਿੱਚ ਯੂਰਪੀ ਯੂਨੀਅਨ ਇਹਨਾਂ ਪ੍ਰਵਾਸੀਆਂ ਨੂੰ ਤੁਰਕੀ ਜਿਹੇ ਗੈਰ-ਯੂਰਪੀ ਯੂਨੀਅਨ ਦੇ ਦੇਸ਼ਾਂ ਵਿੱਚ ਕੈਂਪ ਬਣਾ ਕੇ ਹੀ ਡੱਕਣਾ ਚਾਹੁੰਦਾ ਹੈ ਤੇ ਮੁੜ ਇਹਨਾਂ ਕੈਂਪਾਂ ਨੂੰ ਕੁੱਝ ਨਿਗੂਣੀ ਆਰਥਿਕ ਮਦਦ ਦੇ ਕੇ ਭਲਾਈ ਦੇ ਡਰਾਮੇ ਕੀਤੇ ਜਾਣਗੇ। ਯੂਰਪੀ ਯੂਨੀਅਨ ਦੇ ਹਾਕਮਾਂ ਦੇ ਇਸ ਰਵੱਈਏ ਕਾਰਨ ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀ ਯੂਨਾਨ, ਇਟਲੀ, ਤੁਰਕੀ ਸਮੇਤ ਕਈ ਦੇਸ਼ਾਂ ਦੇ ਸ਼ਰਨਾਰਥੀ ਕੈਂਪਾਂ ਵਿੱਚ ਫਸੇ ਹੋਏ ਹਨ, ਜਿੱਥੇ ਉਹਨਾਂ ਦੀ ਜਿੰਦਗੀ ਹੋਰ ਵੀ ਬਦਹਾਲੀ ਵਿੱਚ ਕੱਟ ਰਹੀ ਹੈ। ਨਾ ਕੋਈ ਪੱਕੀ ਰਿਹਾਇਸ਼, ਨਾ ਢੰਗ ਦਾ ਖਾਣ-ਪਹਿਨਣ, ਨਾ ਰੁਜਗਾਰ, ਨਾ ਕੋਈ ਸਹੂਲਤ ਤੇ ਨਾ ਹੀ ਭਵਿੱਖ ਦੀ ਕੋਈ ਆਸ। ਉੱਤੋਂ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਰਕਾਰ, ਪ੍ਰਸ਼ਾਸ਼ਨ ਦੀਆਂ ਧੱਕੇਸ਼ਾਹੀਆਂ ਤੇ ਬਦਸਲੂਕੀ ਇਹਨਾਂ ਦੀ ਦਿਨਕਟੀ ਨੂੰ ਹੋਰ ਮੁਹਾਲ ਕਰ ਦਿੰਦੀਆਂ ਹਨ।

ਇਸ ਸ਼ਰਨਾਰਥੀ ਸੰਕਟ ਨੇ ਯੂਰਪ ਵਿੱਚ ਸੱਜੀਆਂ ਪਿਛਾਖੜੀ ਤਾਕਤਾਂ ਦੇ ਉਭਾਰ ਨੂੰ ਵੀ ਹੁਲਾਰਾ ਦਿੱਤਾ ਹੈ। ਇਹਨਾਂ ਦੇਸ਼ਾਂ ਵਿੱਚ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਦਾ ਵਿਰੋਧ ਕਰਨ ਵਾਲ਼ੀਆਂ ਕਈ ਸਿਆਸੀ ਪਾਰਟੀਆਂ ਦੇ ਹਮਾਇਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਚੋਣਾਂ ਵਿੱਚ ਉਹ ਪਹਿਲਾਂ ਨਾਲ਼ੋਂ ਬਿਹਤਰ ਸਥਿਤੀ ‘ਚ ਆ ਰਹੀਆਂ ਹਨ। ਇਹਨਾਂ ਵਿੱਚ ਡੈਨਿਸ਼ ਪੀਪਲਜ ਪਾਰਟੀ ਡੈਨਮਾਰਕ, ਸਵੀਡਨ ਡੈਮੋਕ੍ਰੇਟਸ ‘ਸਵੀਡਨ’, ਮਾਰੀਆ ਲੀ ਪੇਨ (ਫਰਾਂਸ), ਜਰਮਨੀ ਦੀ ਪੇਗੀਡਾ ਮੁਹਿੰਮ, ਗੋਲਡਨ ਡਾਅਨ (ਯੂਨਾਨ) ਅਤੇ ਸੱਤ੍ਹਾ ਵਿੱਚ ਮੌਜੂਦ ਹੰਗਰੀ ਤੇ ਪੋਲੈਂਡ ਦੀਆਂ ਸਰਕਾਰਾਂ ਗਿਣੀਆਂ ਜਾ ਸਕਦੀਆਂ ਹਨ। ਭਾਵੇਂ ਬਾਕੀ ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਜੋ ਹੋਰ ਹਾਕਮ ਜਮਾਤੀ ਪਾਰਟੀਆਂ ਇਹਨਾਂ ਸ਼ਰਨਾਰਥੀਆਂ ਤੇ ਪ੍ਰਵਾਸੀਆਂ ਦਾ ਸਿੱਧਾ ਤੇ ਤਿੱਖਾ ਵਿਰੋਧ ਨਹੀਂ ਕਰਦੀਆਂ, ਪਰ ਅੰਦਰੋ-ਅੰਦਰੀ ਉਹ ਵੀ ਇਹਨਾਂ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਹਨ।

ਅਸੀਂ ਉੱਪਰ ਜਿਕਰ ਕਰ ਚੁੱਕੇ ਹਾਂ ਕਿ ਕਿਵੇਂ ਇਸ ਮੌਜੂਦਾ ਸ਼ਰਨਾਰਥੀ ਸੰਕਟ ਲਈ ਸਮੁੱਚਾ ਸਰਮਾਏਦਰਾ-ਸਾਮਰਾਜੀ ਢਾਂਚਾ ਜਿੰਮੇਵਾਰ ਹੈ। ਫਿਰ ਵੀ ਕਿਸੇ ਨੂੰ ਲੱਗ ਸਕਦਾ ਹੈ ਕਿ ਯੂਰਪੀ ਯੂਨੀਅਨ ਲਈ ਪ੍ਰਵਾਸੀਆਂ ਦੀ ਇਹ ਗਿਣਤੀ ਬਹੁਤ ਹੀ ਜਿਆਦਾ ਹੈ। ਪਹਿਲੀ ਗੱਲ ਤਾਂ ਇਹ ਕਿ ਅਬਾਦੀ ਦੇ ਵੱਧ-ਘੱਟ ਹੋਣ ਦੀ ਤੁਲਨਾ ਸਾਧਨਾਂ ਦੀ ਉਪਲਬਧਤਾ ਨਾਲ ਕੀਤੀ ਜਾਣੀ ਚਾਹੀਦੀ ਹੈ। ਅੱਜ ਯੂਰਪੀ ਯੂਨੀਅਨ ਦੀ ਜਿੰਨੀ ਕੁੱਲ ਜਾਇਦਾਦ ਤੇ ਸਾਧਨ ਹਨ ਉਸ ਨਾਲ ਤਾਂ ਪੂਰੀ ਦੁਨੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਜਿਸ ਸਮਾਜ ਵਿੱਚ ਸਿਖਰਲੇ 62 ਅਮੀਰਾਂ ਕੋਲ ਹੇਠਲੀ ਅੱਧੀ ਅਬਾਦੀ (350 ਕਰੋੜ) ਜਿੰਨੀ ਦੌਲਤ ਹੋਵੇ ਤਾਂ ਉੱਥੇ ਸਾਧਨਾਂ ਦੀ ਮਾਲਕੀ ਤੇ ਵੰਡ ਦਾ ਮਸਲਾ ਮੁੱਖ ਹੈ, ਨਾ ਕਿ ਅਬਾਦੀ। ਦੂਜਾ, ਇੱਥੇ ਇਹ ਤੱਥ ਵੀ ਧਿਆਨ ਵਿੱਚ ਲਿਆ ਦੇਈਏ ਕਿ ਅੱਜ ਯੂਰਪੀ ਯੂਨੀਅਨ ਵਿੱਚ ਮੌਜੂਦ ਕੁੱਲ ਪ੍ਰਵਾਸੀਆਂ ਦੀ ਅਬਾਦੀ 1,00,000 ਯੂਰਪੀਅਨਾਂ ਪਿੱਛੇ ਸਿਰਫ 260 ਬਣਦੀ ਹੈ। ਪ੍ਰਤੀ 1 ਲੱਖ ਅਬਾਦੀ ਪਿੱਛੇ 260 ਲੋਕਾਂ ਨੂੰ ਸ਼ਰਨ ਦੇਣਾ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈ।

ਤੀਜਾ ਨੁਕਤਾ ਸਮੁੱਚੇ ਪ੍ਰਵਾਸ ਤੇ ਦੇਸ਼ਾਂ ਦੀਆਂ ਸਰਹੱਦਾਂ ਨੂੰ ਸਮਝਣ ਦਾ ਹੈ। ਦੇਸ਼ਾਂ ਦੀਆਂ ਸਰਹੱਦਾਂ ਤੇ ਵੀਜ਼ੇ ਦੀਆਂ ਰੋਕਾਂ ਦੀ ਆਮਦ ਸਰਮਾਏਦਾਰਾ ਢਾਂਚੇ ਦੇ ਆਉਣ ਨਾਲ਼ ਹੀ ਹੁੰਦੀ ਹੈ। ਸਾਰੀ ਧਰਤੀ ਸਭ ਲੋਕਾਂ ਦੀ ਸਾਂਝੀ ਹੈ, ਹਰ ਕਿਸੇ ਨੂੰ ਕਿਧਰੇ ਜਾਣ ਦੀ ਖੁੱਲ ਹੋਣੀ ਚਾਹੀਦੀ ਹੈ। ਅੱਜ ਪ੍ਰਵਾਸ ਉੱਪਰ ਵੀਜੇ ਦੀਆਂ ਲੱਗੀਆਂ ਰੋਕਾਂ ਅਸਲ ਵਿੱਚ ਸਰਮਾਏਦਾਰਾਂ ਦੇ ਮੁਨਾਫਿਅ ਾਂ ਦੀ ਰਾਖੀ ਲਈ ਹੀ ਹਨ। ਅੱਜ ਸਰਮਾਏ (ਤੇ ਸਰਮਾਏਦਾਰਾਂ) ਦੇ ਸਰਹੱਦ ਤੋਂ ਆਰ-ਪਾਰ ਵਹਿਣ ‘ਤੇ ਕੋਈ ਵੱਡੀਆਂ ਰੋਕਾਂ ਨਹੀਂ ਹਨ, ਸਗੋਂ ਸਿਰਫ ਕਿਰਤ ਸ਼ਕਤੀ (ਕਿਰਤੀ ਲੋਕਾਂ) ਉੱਪਰ ਰੋਕਾਂ ਹਨ। ਕਿਰਤ ਸ਼ਕਤੀ ਉੱਪਰ ਇਹ ਰੋਕਾਂ ਸਭ ਸਰਮਾਏਦਾਰਾਂ ਨੂੰ ਆਪਣੇ ਦੇਸ਼ ਦੀਆਂ ਖਾਸ ਹਾਲਤਾਂ ਅੰਦਰ ਲੋਕਾਂ ਦੀ ਵੱਧ ਤੋਂ ਵੱਧ ਲੁੱਟ ਨੂੰ ਆਪਣੇ ਤੱਕ ਸੀਮਤ ਰੱਖਣ ਨੂੰ ਸੰਭਵ ਬਣਾਉਂਦੀਆਂ ਹਨ। ਇਸ ਲਈ ਸਭ ਲੋਕਾਂ ਦੇ ਸਮੁੱਚੀ ਧਰਤੀ ‘ਤੇ ਘੁੰਮ-ਫਿਰ ਸਕਣ ਨੂੰ ਸਰਹੱਦਾਂ ‘ਤੇ ਵੀਜੇ ਦੀਆਂ ਰੋਕਾਂ ਨਾਲ਼ ਰੋਕਣਾ ਸਰਮਾਏਦਾਰੀ ਦਾ ਮਨੁੱਖਤਾ ਵਿਰੁੱਧ ਇੱਕ ਬਹੁਤ ਵੱਡਾ ਜੁਰਮ ਹੈ ਜਿਸਨੂੰ ਸਰਮਾਏ ਦੇ ਕਨੂੰਨਾਂ ਦੀਆਂ ਐਨਕਾਂ ਲਾਹ ਕੇ ਵੇਖਣਾ-ਸਮਝਣਾ ਚਾਹੀਦਾ ਹੈ।

ਯੂਰਪ ਦੇ ਹਾਕਮਾਂ ਦੇ ਉਲਟ ਯੂਰਪ ਦੇ ਕਿਰਤੀ ਲੋਕਾਂ ਦਾ ਵੱਡਾ ਹਿੱਸਾ ਇਹਨਾਂ ਪ੍ਰਵਾਸੀਆਂ ਦੀ ਮਦਦ ਕਰਨ ਲਈ ਤਿਆਰ ਹੈ। ਅਨੇਕਾਂ ਦੇਸ਼ਾਂ ਵਿੱਚ ਅਨੇਕਾਂ ਥਾਵਾਂ ‘ਤੇ ‘ਪ੍ਰਵਾਸੀਆਂ ਦਾ ਸਵਾਗਤ ਹੈ’ ਦੇ ਬੈਨਰਾਂ ਨਾਲ ਮੁਜ਼ਾਹਰੇ ਹੁੰਦੇ ਰਹਿੰਦੇ ਹਨ। ਯੂਰਪੀ ਯੂਨੀਅਨ ਦੇ ਅਨੇਕਾਂ ਦੇਸ਼ਾਂ ਵਿੱਚ ਪ੍ਰਵਾਸੀਆਂ ਨੂੰ ਸਥਾਨਕ ਲੋਕ ਕੱਪੜੇ, ਰਾਸ਼ਣ, ਖਿਡੌਣਿਆਂ ਆਦਿ ਨਾਲ਼ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸਥਾਨਕ ਭਾਸ਼ਾ ਸਿੱਖਣ, ਨਵੇਂ ਮਹੌਲ ਵਿੱਚ ਢਲਣ ਤੇ ਹੋਰ ਕਨੂੰਨੀ ਤੇ ਡਾਕਟਰੀ ਮਦਦ ਕਰ ਰਹੇ ਹਨ। ਇਹ ਉਹਨਾਂ ਦੀ ਧਰਮ, ਦੇਸ਼, ਕੌਮ, ਭਾਸ਼ਾ, ਨਸਲ ਆਦਿ ਦੀਆਂ ਖੋਖਲੀਆਂ ਵੰਡਾਂ ਤੋਂ ਉੱਪਰ ਉੱਠ ਕੇ ਅਚੇਤ ਬਣੀ ਜਮਾਤੀ ਸਾਂਝ ਹੈ। ਕਿਰਤੀ ਲੋਕਾਂ ਦੀ ਇਹੋ ਸਾਂਝ ਉਹਨਾਂ ਨੂੰ ਸਰਮਾਏਦਾਰਾ ਹਾਕਮਾਂ ਤੋਂ ਵੱਖ ਕਰਦੀ ਹੈ, ਜਿਨ੍ਹਾਂ ਦੀ ਏਕਤਾ ਸਿਰਫ ਮੁਨਾਫਿਆਂ, ਹਿੱਤਾਂ ਦੇ ਅਧਾਰ ‘ਤੇ, ਉਹ ਵੀ ਥੋੜ-ਚਿਰੀ, ਹੁੰਦੀ ਹੈ। ਅੱਜ ਕਿਰਤੀ ਲੋਕਾਂ ਦੀ ਇਸ ਅਚੇਤ ਜਮਾਤੀ ਸਾਂਝ ਨੂੰ ਇੱਕ ਸੁਚੇਤ ਜਮਾਤੀ ਸਾਂਝ ਵਿੱਚ ਤਬਦੀਲ ਕਰਕੇ ਇੱਕ ਜਮਾਤੀ ਘੋਲ਼ ਲੜੇ ਜਾਣ ਦੀ ਲੋੜ ਹੈ, ਜੋ ਮਨੁੱਖਤਾ ਸਿਰ ਆ ਪਈਆਂ ਇਹਨਾਂ ਆਫਤਾਂ ਦਾ ਅੰਤ ਕਰੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements