ਹੱਥੀਂ ਗੰਦ ਸਾਫ਼ ਕਰਨ ਵਾਲ਼ੇ ਦਲਿਤਾਂ ਦੀ ਦਰਦਨਾਕ ਜ਼ਿੰਦਗੀ, ਭਿਆਨਕ ਮੌਤਾਂ ਤੇ ਸਰਕਾਰਾਂ ਦੀ ਬੇਰੁਖੀ •ਲਖਵਿੰਦਰ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਈ.ਟੀ. ਕੰਪਨੀਆਂ ਦੇ ਹਬ, ਹੈਦਰਾਬਾਦ ਦੇ ਉੱਪਨਗਰ ਮਾਧਾਪੁਰ ਵਿੱਚ ਲੰਘੀ 14 ਅਗਸਤ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਚਾਰ ਸਫ਼ਾਈ ਕਾਮੇ ਜਾਨ ਗਵਾ ਬੈਠੇ ਸਨ। ਦੋ ਮਜ਼ਦੂਰ ਵੀਹ ਫੁੱਟ ਡੂੰਘੇ ਗਟਰ ਵਿੱਚ ਸਫ਼ਾਈ ਕਰ ਰਹੇ ਸਨ। ਇਸ ਦੌਰਾਨ ਸਾਹ ਘੋਟੂ ਜ਼ਹਿਰੀਲੀ ਗੈਸ ਕਾਰਨ ਉਹ ਬੇਹੋਸ਼ ਹੋ ਗਏ। ਦੋ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਗਟਰ ਵਿੱਚ ਉੱਤਰੇ ਤਾਂ ਉਹ ਵੀ ਬੇਹੋਸ਼ ਹੋ ਗਏ। ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐਂਬੂਲੈਂਸ ਦਾ ਇੱਕ ਕਾਮਾ ਵੀ ਲਾਸ਼ਾਂ ਕੱਢਣ ਦੀ ਕੋਸ਼ਿਸ਼ ਦੌਰਾਨ ਬੇਹੋਸ਼ ਹੋ ਗਿਆ। ਹਸਪਤਾਲ ਵਿੱਚ ਉਸਨੂੰ ਮੁਸ਼ਕਿਲ ਨਾਲ਼ ਬਚਾਇਆ ਜਾ ਸਕਿਆ।  

ਸੀਵਰੇਜ ਗਟਰਾਂ ਵਿੱਚ ਸਫ਼ਾਈ ਕਰਨ ਦੌਰਾਨ ਲਗਾਤਾਰ ਮੌਤਾਂ ਹੋ ਰਹੀਆਂ ਹਨ। ਇੱਕ ਹੋਰ ਹਾਦਸੇ ਵਿੱਚ, ਲੰਘੀ 7 ਜੂਨ ਨੂੰ ਕੇਰਲਾ ਦੇ ਸ਼ਹਿਰ ਕੋਟਾਯਮ ਵਿੱਚ ਦੋ ਸਫ਼ਾਈ ਕਾਮੇ ਮਾਰੇ ਗਏ। ਇੱਕ ਰੈਸਟੋਰੈਂਟ ਦੇ ਗਟਰ ‘ਚੋਂ ਮਲਬਾ ਕੱਢਣ ਦੌਰਾਨ ਜਦ ਇੱਕ ਮਜ਼ਦੂਰ ਬੇਹੋਸ਼ ਹੋਇਆ ਤਾਂ ਦੂਸਰਾ ਵੀ ਰੌਲਾ ਪਾਉਂਦੇ ਹੋਏ ਉਸਨੂੰ ਬਚਾਉਣ ਲਈ ਗਟਰ ਵਿੱਚ ਕੁੱਦ ਪਿਆ। ਇਸ ਇਲਾਕੇ ਦੇ ਲੋਕ ਇਕੱਠੇ ਹੋ ਗਏ। ਪੁਲੀਸ ਨੂੰ ਸੂਚਨਾ ਦਿੱਤੀ ਗਈ। ਪਰ ਬਚਾਓ ਟੀਮ ਸਮੇਂ ‘ਤੇ ਨਹੀਂ ਪਹੁੰਚ ਸਕੀ। ਮੌਕੇ ‘ਤੇ ਮੌਜ਼ੂਦ ਤਿੰਨ ਲੱਕੜਹਾਰਿਆਂ ਨੇ ਗਟਰ ‘ਚ ਵੜ੍ਹ ਕੇ ਦੋਹਾਂ ਨੂੰ ਕੱਢਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੋਹਾਂ ਦੀ ਮੌਤ ਹੋ ਚੁੱਕੀ ਸੀ। 

ਲੰਘੇ ਕੌਮਾਂਤਰੀ ਮਜ਼ਦੂਰ ਦਿਹਾੜੇ ਤੋਂ ਅਗਲੇ ਦਿਨ, 2 ਮਈ ਨੂੰ ਵੀ ਹੈਦਰਾਬਾਦ ਵਿੱਚ ਦੋ ਸਫ਼ਾਈ ਮਜ਼ਦੂਰ ਮਾਰੇ ਗਏ ਸਨ। ਉਹਨਾਂ ਪਹਿਲਾਂ ਤਾਂ ਗਟਰ ਨੂੰ ਬਾਂਸ ਦੀਆਂ ਸੋਟੀਆਂ ਨਾਲ਼ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਸ ਨਾਲ਼ ਗੱਲ ਨਾ ਬਣੀ ਤਾਂ ਗਟਰ ਵਿੱਚ ਉਤਰਨਾ ਪਿਆ। ਜ਼ਹਿਰੀਲੀ ਗੈਸ ਚੜਨ ਨਾਲ਼ ਉਹ ਜ਼ਿੰਦਗੀ ਤੋਂ ਹੱਥ ਧੋ ਬੈਠੇ। 6 ਮਈ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਇੱਕ ਸੀਵਰੇਜ਼ ਚੈਂਬਰ ਵਿੱਚ ਡਿੱਗਣ ਕਾਰਨ ਦੋ ਸਫ਼ਾਈ ਕਾਮਿਆਂ ਦੀ ਮੌਤ ਹੋ ਗਈ ਸੀ।

ਪ੍ਰਿੰਟ ਮੀਡੀਆ ਦੀਆਂ ਖ਼ਬਰਾਂ ਦੀਆਂ ਸੁਰਖੀਆਂ ਬਣ ਸਕੀਆਂ ਕੁੱਝ ਕੁ ਘਟਨਾਵਾਂ ਵਿੱਚੋਂ ਇਹ ਚਾਰ ਸਾਂਝੀਆਂ ਕੀਤੀਆਂ ਹਨ। ਪਰ ਇਹ ਦਰਦਨਾਕ ਕਹਾਣੀ ਤਾਂ ਵੱਡੇ ਪੱਧਰ ਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਦੁਹਰਾਈ ਜਾ ਰਹੀ ਹੈ। ਸਫ਼ਾਈ ਕਾਮਿਆਂ ਦੀਆਂ ਮੌਤਾਂ ਭਿਆਨਕ ਹਨ। ਪਰ ਉਹਨਾਂ ਦੀ ਜ਼ਿੰਦਗੀ ਮੌਤ ਤੋਂ ਘੱਟ ਭਿਆਨਕ ਨਹੀਂ ਹੈ। ਗੰਦੇ ਗਟਰਾਂ ਵਿੱਚ ਵੜ ਕੇ ਗੰਦਗੀ ਨਾਲ਼ ਨੰਗੇ ਹੱਥਾਂ-ਪੈਰਾਂ ਤੇ ਇੱਥੋਂ ਤੱਕ ਕਿ ਪੂਰੇ ਸਰੀਰ ਨੂੰ ਕੌਣ ਲਬੇੜਨਾ ਚਾਹੇਗਾ? ਮਨੁੱਖੀ ਮੈਲੇ ਨੂੰ ਲੋਕ ਅੱਜ ਵੀ ਸਿਰ ‘ਤੇ ਢੋਹਣ ‘ਤੇ ਮਜ਼ਬੂਰ ਹਨ। ਪਖਾਨਿਆਂ ਨੂੰ ਚੱਲਦਾ ਰੱਖਣ ਲਈ ਸਫ਼ਾਈ ਕਾਮਿਆਂ ਨੂੰ ਦਿਨ ‘ਚ ਕਈ ਵਾਰ ਗੰਦਗੀ ਰੇਹੜੀਆਂ, ਡਰੱਮਾਂ, ਇੱਥੋਂ ਤੱਕ ਕੇ ਤਸਲਿਆਂ, ਟੋਕਰੀਆਂ ਵਿੱਚ ਢੋਹਣੀ ਪੈਂਦੀ ਹੈ। ਗ਼ਰੀਬੀ ਦਾ ਸ਼ਿਕਾਰ ਬਹੁਤ ਸਾਰੇ ਤਾਂ ਪਤਨੀ-ਬੱਚਿਆਂ ਸਮੇਤ ਪਖ਼ਾਨਿਆਂ ਵਾਲ਼ੀ ਥਾਂ ‘ਤੇ ਹੀ ਰਹਿਣ ਲਈ ਮਜ਼ਬੂਰ ਹੁੰਦੇ ਹਨ। ਕੌਣ ਚਾਹੇਗਾ ਕਿ ਉਸਦੇ ਬੱਚੇ ਪਖਾਨਿਆਂ ਵਿੱਚ ਪਲਣ? ਇਹ ਸਫ਼ਾਈ ਕਾਮਿਆਂ ਲਈ ਕੋਈ ਸੁਖਾਲਾ, ਦਿਲਚਸਪ, ਸਵੈਇੱਛਤ ਕੰਮ ਨਹੀਂ ਹੈ। ਜ਼ਿੰਦਗੀ ਦੀਆਂ ਮਜ਼ਬੂਰੀਆਂ ਕਾਰਨ, ਰੋਜ਼ੀ-ਰੋਟੀ ਕਮਾਉਣ ਲਈ ਉਹਨਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ। ਇਸ ਕੰਮ ਦਾ ਬੋਝ ਅੱਜ ਵੀ ਜਾਤ ਪ੍ਰਬੰਧ ਦੀ ਹੇਠਲੀ ਪੌੜੀ ਤੇ ਖੜੇ, ਦਲਿਤ ਜਾਤਾਂ ‘ਚੋਂ ਵੀ ਹੇਠਲੇ ਪੱਧਰਾਂ ‘ਤੇ ਮੰਨੇ ਜਾਂਦੇ ”ਅਛੂਤਾਂ”, ”ਚਮਾਰਾਂ” ਨੂੰ ਕਰਨਾ ਪੈਂਦਾ ਹੈ। ਹੋਰ ਜਾਂਤਾਂ (ਉਹ ਵੀ ਪਿਛੜੀਆਂ ਜਾਤਾਂ) ਵਿੱਚੋਂ ਇੱਕਾ-ਦੁੱਕਾ ਵਿਅਕਤੀ ਹੀ ਛੋਟ ਵਜੋਂ ਕਿਤੇ-ਕਿਤੇ ਮਜ਼ਬੂਰੀ ਵਸ ਇਹ ਕੰਮ ਕਰਦੇ ਦਿਖਾਈ ਦੇ ਸਕਦੇ ਹਨ। 

ਸੰਨ 2014 ਦੀ ਸੁਨਾਮੀ ਦੌਰਾਨ ਵਲੰਟੀਅਰਾਂ ਨੇ ਲਾਸ਼ਾਂ ਚੁੱਕਣ ਤੋਂ ਪਰਹੇਜ਼ ਕੀਤਾ ਅਤੇ ਇਸ ਵਾਸਤੇ ਇਹਨਾਂ ਦਲਿਤਾਂ ਨੂੰ ਹੀ ਲਿਆਂਦਾ ਗਿਆ ਸੀ। ਮਰੇ ਜਾਨਵਰਾਂ ਨੂੰ ਚੁੱਕਣ ਦਾ ਗੰਦਗੀ ਭਰਿਆ, ਬਦਬੂਦਾਰ ਕੰਮ ਵੀ ਵਾਲਮੀਕੀ ਸਮਾਜ ਦੇ ਮਜ਼ਦੂਰਾਂ ਨੂੰ ਹੀ ਕਰਨਾ ਪੈਂਦਾ ਹੈ। ਅੱਜ ਕੱਲ ਉਹਨਾਂ ਨੂੰ ਹਿੰਦੂਤਵਵਾਦੀ ਕੱਟੜਪੰਥੀ ਗਊ ਰੱਖਿਅਕਾਂ ਦੇ ਹਮਲਿਆਂ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ।ਗੁਜ਼ਰਾਤ ਵਿੱਚ ਇਹ ਕੰਮ ਕਰਨ ਵਾਲ਼ੇ ਦਲਿਤਾਂ ‘ਤੇ ਗਊ ਰੱਖਿਅਕਾਂ ਵੱਲੋਂ ਭਿਆਨਕ ਜ਼ੁਲਮ ਢਾਹੇ ਜਾਣਾ ਪਿਛਲੇ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ ਹੈ। ਇਸਦੇ ਵਿਰੋਧ ਵਿੱਚ ਦਲਿਤਾਂ ਨੇ ਮਰੇ ਜਾਨਵਰ ਚੁੱਕਣ ਤੋਂ ਮਨ੍ਹਾਂ ਕੀਤਾ ਤਾਂ ਉਹਨਾਂ ਨੂੰ ਫਿਰ ਤੋਂ ਜ਼ਬਰ ਦਾ ਸਾਹਮਣਾ ਕਰਨਾ ਪਿਆ। ਲੰਘੀ 18 ਅਗਸਤ ਨੂੰ ਗੁਜ਼ਰਾਤ ਦੇ ਅਹਿਮਦਾਬਾਦ ਸ਼ਹਿਰ ਤੋਂ ਚਾਲੀ ਕਿਲੋਮੀਟਰ ਦੂਰ ਸਥਿਤ ਭਾਵਰਾ ਪਿੰਡ ਦੇ ਇੱਕ 15 ਵਰ੍ਹਿਆਂ ਦੇ ਲੜਕੇ ਨੂੰ ਸਿਰਫ਼ ਇਸ ਲਈ ਬੁਰੀ ਤਰ੍ਹਾਂ ਕੁੱਟਿਆ ਗਿਆ ਕਿਉਂਕਿ ਉਸਦੇ ਪਿਤਾ ਨੇ ਹਿੰਦੂਤਵਵਾਦੀ ਕੱਟੜਪੰਥੀਆਂ ਦੇ ਵਿਰੋਧ ਵਿੱਚ ਮਰੇ ਜਾਨਵਰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਉੱਚ-ਜਾਤਾਂ ਨਾਲ਼ ਸਬੰਧਤ ਹਮਲਾਵਰਾਂ ਦਾ ਕਹਿਣਾ ਸੀ ਕਿ ਇਹ ਲੋਕ ਮਰੇ ਜਾਨਵਰ ਚੁੱਕਣ ਤੋਂ ਇਨਕਾਰ ਕਿਵੇਂ ਕਰ ਸਕਦੇ ਹਨ?!

ਵਿਗਿਆਨ ਤੇ ਤਕਨੀਕ ਵਿੱਚ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਹਨ। ਭਾਰਤ ਦੇ ਵਿਗਿਆਨਿਕ ਆਧੁਨਿਕ ਤੋਂ ਆਧੁਨਿਕ ਹਥਿਆਰ ਬਣਾ ਸਕਦੇ ਹਨ। ਪ੍ਰਮਾਣੂ ਬੰਬ ਤੋਂ ਲੈ ਕੇ ਉੱਪਗ੍ਰਹਿ ਤੱਕ ਬਣਾਏ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਬੁਲੇਟ ਟਰੇਨ ਚਲਾਉਣ ਦੀਆਂ ਗੱਲਾਂ ਕਰ ਰਿਹਾ ਹੈ। ਪਰ ਸੀਵਰੇਜ ਸਫ਼ਾਈ ਤੇ ਮਰੇ ਪਸ਼ੂ ਚੁੱਕਣ ਲਈ ਲੋੜੀਂਦੀ ਤਕਨੀਕ ਨਹੀਂ ਲਿਆਂਦੀ ਜਾ ਰਹੀ। ਕੁੱਝ ਹੱਦ ਤੱਕ ਵਿਕਸਿਤ ਤਕਨੀਕ ਵੀ ਬਹੁਤ ਘੱਟ ਲਾਗੂ ਕੀਤੀ ਜਾ ਰਹੀ ਹੈ। ਸੀਵਰੇਜ ਸਫ਼ਾਈ ਦਾ ਜ਼ਿਆਦਾਤਰ ਕੰਮ ਸਫ਼ਾਈ ਕਾਮਿਆਂ ਨੂੰ ਹੱਥੀਂ ਹੀ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਗੰਦਗੀ ਤੇ ਜ਼ਹਿਰੀਲੀਆਂ ਗੈਸਾਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਲਈ ਜ਼ਰੂਰੀ ਸਮਾਨ ਮੁਹੱਈਆ ਨਹੀਂ ਕਰਵਾਇਆ ਜਾਂਦਾ। 

ਵੀਹ ਸਾਲ ਪਹਿਲਾਂ ਹੀ ਇਸਤੇ ਕਨੂੰਨੀ ਪਾਬੰਦੀ ਲਗਾ ਦਿੱਤੀ ਗਈ ਸੀ। ਸੰਨ 2013 ਵਿੱਚ ਗੰਦ ਦੀ ਹੱਥੀਂ ਸਾਫ਼-ਸਫ਼ਾਈ ‘ਤੇ ਰੋਕ ਲਾਉਣ ਲਈ ਅਤੇ ਇਸ ਕੰਮ ਵਿੱਚ ਲੱਗੇ ਲੋਕਾਂ ਦੇ ਪੁਨਰਵਾਸ ਲਈ ਕਨੂੰਨ ਲਿਆਂਦਾ ਗਿਆ ਸੀ। ਡਾ. ਅੰਬੇਡਕਰ ਦੀ 125ਵੀਂ ਵਰ੍ਹੇਗੰਢ ‘ਤੇ ਮੋਦੀ ਨੇ ”ਸੰਕਲਪ” ਲਿਆ ਸੀ ਕਿ ਇਸ ਸਾਲ (2016) ਦੇ ਅੰਦਰ ਗੰਦ ਦੀ ਦਸਤੀ ਸਾਫ਼-ਸਫ਼ਾਈ ਦਾ ਕੰਮ ਬੰਦ ਕਰਵਾਇਆ ਜਾਵੇਗਾ। ਪਰ ਸਰਕਾਰਾਂ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਇਹ ਘਿਣਾਉਣਾ ਕੰਮ ਅਜੇ ਵੀ ਜਾਰੀ ਹੈ।

ਸਰਕਾਰੀ ਅੰਕੜਿਆਂ ਮੁਤਾਬਿਕ ਇਸ ਕੰਮ ਵਿੱਚ ਛੇ ਲੱਖ ਲੋਕ ਲੱਗੇ ਹੋਏ ਹਨ। ਪਰ ਗ਼ੈਰਸਰਕਾਰੀ ਸ੍ਰੋਤ (ਜਿਵੇਂ ਸਫ਼ਾਈ ਕਾਮਾ ਲਹਿਰ) ਇਸਦੀ ਗਿਣਤੀ ਇਸਤੋਂ ਦੁੱਗਣੀ ਦੱਸਦੇ ਹਨ। ਮਾਰਚ 2014 ਵਿੱਚ ਸਫ਼ਾਈ ਕਾਮਾ ਲਹਿਰ ਤੇ ਹੋਰ ਬਨਾਮ ਭਾਰਤੀ ਸੰਘ ਵਿਚਕਾਰ ਕੇਸ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਭਾਰਤ ਵਿੱਚ 96 ਲੱਖ ਸੁੱਕੇ ਪਖ਼ਾਨੇ ਹਨ। ਹੱਥੀਂ ਗੰਦ ਸਾਫ਼ ਕਰਨ ਵਾਲ਼ਿਆਂ ਵਿੱਚ 98 ਫ਼ੀਸਦੀ ਔਰਤਾਂ ਹਨ। ਇੱਥੇ ਜਾਤ ਅਧਾਰਿਤ ਭੇਦਭਾਵ ਦੇ ਨਾਲ਼-ਨਾਲ਼ ਲਿੰਗ ਅਧਾਰਿਤ ਭੇਦਭਾਵ ਵੀ ਸਪੱਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਹੈ। ਭਾਰਤੀ ਰੇਲ ਮਹਿਕਮਾ ਵੱਡੇ ਪੱਧਰ ‘ਤੇ ਸਫ਼ਾਈ ਕਾਮਿਆਂ ਦੀ ਭਰਤੀ ਕਰਦਾ ਹੈ ਤੇ ਉਹਨਾਂ ਤੋਂ ਵੱਡੇ ਪੱਧਰ ‘ਤੇ ਹੱਥੀਂ ਗੰਦ ਸਾਫ਼ ਕਰਨ ਦਾ ਕੰਮ ਕਰਾਇਆ ਜਾਂਦਾ ਹੈ।

ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ ਅਨੁਸਾਰ 1993 (ਜਦ ਹੱਥੀਂ ਗੰਦ ਸਾਫ਼ ਕਰਾਉਣ ‘ਤੇ ਕਨੂੰਨੀ ਰੋਕ ਲਗਾਈ ਗਈ ਸੀ) ਤੋਂ ਲੈ ਕੇ ਹੁਣ ਤੱਕ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ। ਪੀ.ਯੂ.ਡੀ.ਆਰ. ਮੁਤਾਬਿਕ ਮਾਰਚ 2014 ਤੋਂ ਅਪ੍ਰੈਲ 2016 ਵਿਚਕਾਰ ਲਗਭਗ 1400 ਵਿਅਕਤੀ ਸੀਵਰੇਜ ਸਫ਼ਾਈ ਦੌਰਾਨ ਮਾਰੇ ਗਏ ਹਨ। ਰਾਜ ਸਭਾ ਵਿੱਚ ਪੇਸ਼ ਇੱਕ ਰਿਪੋਰਟ ਮੁਤਾਬਿਕ ਹਰ ਸਾਲ ਹੱਥੀਂ ਗੰਦ ਸਾਫ਼ ਕਰਨ ਵਿੱਚ ਲੱਗੇ 22,327 ਵਿਅਕਤੀ ਜਾਨ ਗਵਾ ਬਹਿੰਦੇ ਹਨ। ਸੁਪਰੀਮ ਕੋਰਟ ਨੇ ਦੋ ਸਾਲ ਪਹਿਲਾਂ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਮਾਰੇ ਗਏ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਪਰ ਅਜੇ ਤੱਕ ਪੰਜਾਬ, ਤਾਮਿਲਨਾਡੂ, ਤੇਲੰਗਾਨਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਸਿਰਫ਼ 26 ਪਰਿਵਾਰਾਂ ਨੂੰ ਹੀ ਮੁਆਵਜ਼ਾ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਵੀ ਸਿਰਫ਼ 6 ਪਰਿਵਾਰਾਂ ਨੂੰ ਹੀ 10-10 ਲੱਖ ਰੁਪਏ ਮਿਲੇ ਹਨ ਬਾਕੀਆਂ ਨੂੰ ਦੋ ਤੋਂ ਤਿੰਨ ਲੱਖ ਰੁਪਏ ਵਿਚਕਾਰ ਮੁਆਵਜ਼ਾ ਦਿੱਤਾ ਗਿਆ ਹੈ। ਚੰਨਈ ਦੇ ਨਗਰ ਨਿਗਮ ਨੇ ਤਾਂ ਕੋਰਟ ਦੇ ਫ਼ੈਸਲੇ ਵਿਰੁੱਧ ਇੱਕ ਮਤਾ ਪਾਸ ਕੀਤਾ ਹੈ ਜਿਸ ਵਿੱਚ ਸੀਵਰੇਜ ਸਫ਼ਾਈ ਦੌਰਾਨ ਹੋਈ ਮੌਤ ਲਈ ਸਿਰਫ਼ ਤਿੰਨ ਲੱਖ ਰੁਪਏ ਹੀ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। 

ਸਰਕਾਰਾਂ ਦਾਅਵਾ ਕਰਦੀਆਂ ਹਨ ਕਿ ਸਰਕਾਰੀ ਪੱਧਰ ‘ਤੇ ਇੱਕ ਵੀ ਵਿਅਕਤੀ ਹੱਥੀਂ ਗੰਦ ਸਾਫ਼ ਕਰਨ ਦੀ ਨੌਕਰੀ ਨਹੀਂ ਕਰਦਾ। ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਵਿਅਕਤੀ ਇਸ ਸਮੇਂ ਇਹ ਕੰਮ ਕਰਦੇ ਹਨ ਉਹ ਠੇਕੇਦਾਰਾਂ, ਹਾਊਸਿੰਗ ਸੋਸਾਇਟੀਆਂ ਜਾਂ ਹੋਰ ਵਿਅਕਤੀਆਂ ਵੱਲ਼ੋਂ ਕੰਮ ‘ਤੇ ਰੱਖੇ ਜਾਂਦੇ ਹਨ। ਇਹ ਕੁਤਰਕ ਕੀਤਾ ਜਾਂਦਾ ਹੈ ਕਿ ਇਹਨਾਂ ਮਾਮਲਿਆਂ ਵਿੱਚ ਸਰਕਾਰ ਮੁਆਵਜ਼ਾ ਕਿਉਂ ਦੇਵੇ। ਜੇਕਰ ਕੁਦਰਤੀ ਆਫ਼ਤਾਂ, ਹੋਰ ਤਰ੍ਹਾਂ-ਤਰ੍ਹਾਂ ਦੇ ਹਾਦਸਿਆਂ ਆਦਿ ਵਿੱਚ ਸਰਕਾਰਾਂ ਮੁਆਵਜ਼ਾ ਦੇ ਸਕਦੀਆਂ ਹਨ ਤਾਂ ਫਿਰ ਇਹਨਾਂ ਮਾਮਲਿਆਂ ਵਿੱਚ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਸਕਦਾ। ਦੂਜੀ ਗੱਲ, ਸਰਕਾਰਾਂ ਮੁਆਵਜ਼ਾ ਦੇਣ ਤੋਂ ਬਾਅਦ ਦੋਸ਼ੀ ਠੇਕੇਦਾਰ ਕੰਪਨੀਆਂ ਆਦਿ ‘ਤੇ ਜੁਰਮਾਨੇ ਵੀ ਤਾਂ ਲਗਾ ਸਕਦੀਆਂ ਹਨ ਤੇ ਜ਼ਰੂਰ ਹੀ ਲਗਾਉਣੇ ਚਾਹੀਦੇ ਹਨ। ਨਾਲੇ, ਅੱਜ ਵੀ ਹੱਥੀਂ ਗੰਦ ਸਾਫ਼ ਕਰਨ ਦੀ ਘਿਣਾਉਣੀ ਪ੍ਰਥਾ ਜਾਰੀ ਰਹਿਣ ਦੀਆਂ ਜ਼ਿੰਮੇਵਾਰ ਸਿੱਧੇ-ਸਿੱਧੇ ਰੂਪ ਵਿੱਚ ਦੇਸ਼ ਦੀਆਂ ਸਰਕਾਰਾਂ ਹਨ। ਸਰਕਾਰਾਂ ਵੱਲ਼ੋਂ ਸਾਫ਼-ਸਫ਼ਾਈ ਲਈ ਦਰੁੱਸਤ ਪ੍ਰਬੰਧ ਦੀ ਘਾਟ ਕਾਰਨ ਹੀ ਸਫ਼ਾਈ ਕਾਮੇ ਮੌਤ ਦੇ ਸ਼ਿਕਾਰ ਹੋ ਰਹੇ ਹਨ। ਜਿਹੜੇ ਮੌਤ ਦਾ ਸ਼ਿਕਾਰ ਨਹੀਂ ਵੀ ਹੁੰਦੇ ਉਹਨਾਂ ਨੂੰ ਵੀ ਭਿਆਨਕ ਹਾਲਤਾਂ ਵਿੱਚ ਰਹਿਣਾ ਪੈਂਦਾ ਹੈ। ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਉਹਨਾਂ ਨੂੰ ਚਿੰਬੜੀਆਂ ਰਹਿੰਦੀਆਂ ਹਨ। ਪਰ ਭਾਰਤ ਦੇ ਬੇਸ਼ਰਮ ਹਾਕਮਾਂ ਨੂੰ ਕੋਈ ਸ਼ਰਮ ਨਹੀਂ। ਸਰਮਾਏਦਾਰਾਂ ਨੂੰ ਸਬਸਿਡੀਆਂ ਦੇਣ ਲੱਗਿਆਂ ਸਰਕਾਰ ਕੋਲ਼ ਕਦੇ ਕੋਈ ਬਹਾਨੇਬਾਜ਼ੀ ਨਹੀਂ ਹੁੰਦੀ। ਕਦੇ ਪੈਸੇ ਦੀ ਘਾਟ ਨਹੀਂ ਹੁੰਦੀ। ਜਦ ਗ਼ਰੀਬਾਂ ਨੂੰ ਮੁਆਵਜ਼ੇ, ਸਬਸਿਡੀਆਂ ਜਾਂ ਹੋਰ ਸਹਾਇਤਾ ਦੇਣ ਦੀ ਗੱਲ ਆਉਂਦੀ ਹੈ ਤਾਂ ਤੁਰੰਤ ਸਰਕਾਰੀ ਖਜ਼ਾਨੇ ਵਿੱਚ ਪੈਸੇ ਦੀ ਘਾਟ ਗਿਣਾਈ ਜਾਣ ਲੱਗਦੀ ਹੈ। 

ਹੱਥੀਂ ਗੰਦ ਸਾਫ਼ ਕਰਨ ਦੇ ਕੰਮ ਵਿੱਚ ਲੱਗੇ ਲੋਕਾਂ ਨੂੰ ਹੋਰ ਕੰਮਾਂ ਵਿੱਚ ਲਗਾਉਣ ਲਈ ਸਰਕਾਰਾਂ ਸਿਰਫ਼ ਦਿਖਾਵਾ ਕਰ ਰਹੀਆਂ ਹਨ। ਵੱਡੇ-ਵੱਡੇ ਭਾਸ਼ਣ ਝਾੜੇ ਜਾਂਦੇ ਹਨ ਕੀਤਾ ਕੁੱਝ ਨਹੀਂ ਜਾਂਦਾ। ਇਸ ਕੰਮ ਵਿੱਚ ਲੱਗੇ ਲੋਕਾਂ ਨੂੰ ਸਰਕਾਰ ਵੱਲ਼ੋਂ ਕਰਜ਼ ਦਿੱਤੇ ਜਾਣ ਦੀ ਸਕੀਮ ਹੈ। ਪਰ ਇਹ ਵੀ ਪਖ਼ਾਨਿਆਂ ਦੀ ਸਾਂਭ-ਸੰਭਾਲ ਲਈ ਹੀ ਹੈ! ਮੋਦੀ ਸਰਕਾਰ ਗ਼ਰੀਬਾਂ ਦੇ ਭਲੇ ਦਾ ਸਿਰਫ਼ ਝੂਠਾ ਪ੍ਰਚਾਰ ਹੀ ਕਰਦੀ ਹੈ। ਪਰ ਅਸਲ ਵਿੱਚ ਉਲਟਾ ਹੋ ਰਿਹਾ ਹੈ। ਸੰਨ 2013 ਵਿੱਚ ਹੱਥੀਂ ਗੰਦ ਸਾਫ਼ ਕਰਨ ਵਾਲ਼ੇ ਲੋਕਾਂ ਦੇ ਮੁੜ ਵਸੇਬੇ ਲਈ 4656 ਕਰੋੜ ਰੁਪਏ ਦੀ ਰਕਮ ਰੱਖੀ ਗਈ ਸੀ। ਮੋਦੀ ਸਰਕਾਰ ਨੇ 2016 ਵਿੱਚ ਇਹ ਰਕਮ ਘਟਾ ਕੇ ਸਿਰਫ਼ 10 ਕਰੋੜ ਰੁਪਏ ਕਰ ਦਿੱਤੀ ਹੈ। ਹਾਕਮਾਂ ਦੀ ਨੀਅਤ ਵਿੱਚ ਖੋਟ ਸਾਫ਼ ਵੇਖੀ ਜਾ ਸਕਦੀ ਹੈ। ਉਹਨਾਂ ਤੋਂ ਭਲਾਈ ਦੀ ਉਮੀਦ ਦਾ ਕੋਈ ਕਾਰਨ ਨਹੀਂ ਬਣਦਾ। ਹਾਂ, ਜੇਕਰ ਹੱਥੀਂ ਗੰਦ ਸਾਫ਼ ਕਰਨ ਵਿੱਚ ਲੱਗੇ ਲੋਕਾਂ ਨੂੰ ਜਾਗਰੂਕ ਤੇ ਜੱਥੇਬੰਦ ਕੀਤਾ ਜਾਵੇ ਤਾਂ ਇਸ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements