ਹਰਿਆਣਾ ਵਿੱਚ ਸਿੱਖਿਆ ਦਾ ਭਗਵਾਂਕਰਨ : ਵਿੱਦਿਅਕ ਢਾਂਚੇ ਦਾ ਭਗਵਾਂਕਰਨ ਕਰ ਸਕੂਲਾਂ ਵਿੱਚ ਹੀ ਲੱਗਦੀ ਸੰਘ ਦੀ “ਸ਼ਾਖਾ” •ਪਾਵੇਲ  

368851-crop

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਖਰੀ ਕਿਸ਼ਤ

ਪੰਜਵੇ ਪਾਠ ਵਿੱਚ ਦੋਹੇ ਅਤੇ ‘ਗੀਤਾ’ ‘ਤੇ ਅਧਾਰਿਤ ਲੇਖ:-

ਛੇਵੀਂ ਤੋਂ ਲੈਕੇ ਅੱਠਵੀਂ ਜਮਾਤ ਤੱਕ ਦੀ ਨੈਤਿਕ ਸਿੱਖਿਆ ਦੀ ਕਿਤਾਬ ਵਿਚਲੇ ਪੰਜਵੇਂ ਪਾਠ ਵਿੱਚ ਦੋਹੇ ਦਿੱਤੇ ਗਏ ਹਨ। ਨੌਵੀ ਤੋਂ ਲੈਕੇ ਬਾਹਰਵੀਂ ਜਮਾਤ ਤੱਕ ਦੀ ਕਿਤਾਬ ਵਿਚਲੇ ਪੰਜਵੇ ਪਾਠਾਂ ਵਿੱਚ ਗੀਤਾ ਅਧਾਰਿਤ ਲੇਖ ਹਨ। ਜਿਵੇਂ ਦਸਵੀਂ ਜਮਾਤ ਦੀ ਨੈਤਿਕ ਸਿੱਖਿਆ ਦੀ ਕਿਤਾਬ ਵਿਚਲੇ ਪੰਜਵੇ ਪਾਠ ਵਿੱਚ ‘ਕਰਮਯੋਗ ਦੀ ਸਾਧਨਾ’ ਨਾਮ ਹੇਠ ਗੀਤਾ ਦੇ ਇੱਕ ਸ਼ਲੋਕ ਨੂੰ ਅਧਾਰ ਬਣਾਕੇ ਲੇਖ ਲਿਖਿਆ ਗਿਆ ਹੈ। ਇਸ ਸ਼ਲੋਕ ਦੇ ਅਰਥ ਕਰਦੇ ਹੋਏ ਕਿਹਾ ਗਿਆ ਹੈ ਕਿ “ਕੰਮ ਕਰਦੇ ਰਹੋ ਪਰ ਉਸਦਾ ਫਲ ਭਗਵਾਨ ‘ਤੇ ਛੱਡ ਦਿਓ! ਫਲ ਦੀ ਚਿੰਤਾ ਨਾ ਕਰੋ!”

ਛੇਵੇਂ ਤੋਂ ਲੈਕੇ ਅਖੀਰਲੇ ਪਾਠਾਂ ਵਿੱਚ ਕਵਿਤਾਵਾਂ-ਕਹਾਣੀਆਂ, ਜੀਵਨੀਆਂ ਅਤੇ ਲੇਖ:-

ਛੇਵੇਂ ਤੋਂ ਲੈਕੇ ਅਖੀਰਲੇ ਪਾਠਾਂ ਵਿੱਚ ਕੁੱਝ ਸੰਖੇਪ ਜੀਵਨੀਆਂ ਦਿੱਤੀਆਂ ਗਈਆਂ ਹਨ। ਜੇਕਰ ਇਹਨਾਂ ਜੀਵਨੀਆਂ ਦੀ ਪੜਚੋਲ ਕਰੀਏ ਤਾਂ ਪ੍ਰਾਚੀਨ ਸਮਾਜ ਦੀਆਂ ਕੁਝ ਸ਼ਖਸੀਅਤਾਂ ਜਿਵੇਂ ਆਰਿਆਭੱਟ, ਨਾਗਾਰਜੁਨ, ਭਾਸਕਰਾਚਾਰਿਆ, ਬ੍ਰਹਮਗੁਪਤ ਆਦਿ ਦੀ ਜੀਵਨੀ ਪੜਦਿਆਂ ਸਾਰ ਹੀ ਸਾਫ਼ ਹੋ ਜਾਂਦਾ ਹੈ ਕਿ ਇਹਨਾ ਜਰੀਏ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ “ਪ੍ਰਾਚੀਨ ਭਾਰਤ” ਬਹੁਤ ਮਹਾਨ ਸੀ ਅਤੇ ਜੋ ਖੋਜਾਂ ਗਣਿਤ-ਭੌਤਿਕ-ਰਸਾਇਣ ਵਿਗਿਆਨ ਆਦਿ ਦੇ ਖੇਤਰ ਵਿੱਚ ਹੋਈਆਂ, ਉਹ “ਪ੍ਰਾਚੀਨ ਭਾਰਤ” ਵਿੱਚ ਪਹਿਲਾਂ ਹੀ ਹੋ ਚੁੱਕੀਆਂ ਸਨ। “ਪ੍ਰਾਚੀਨ ਭਾਰਤ” ਵਿੱਚ ਸਭ ਖੋਜਾਂ ਹੋ ਚੁੱਕੀਆਂ ਸਨ; ਇਹ ਸਿੱਧ ਕਰਨ ਲਈ ਸੰਘੀ ਫੈਕਟਰੀ ਵਿੱਚ ਜੋ ਗੱਪ ਤਿਆਰ ਕੀਤੇ ਗਏ ਹਨ, ਉਹਨਾਂ ਦੇ ਕੁੱਝ ਨਮੂਨੇ ਵੇਖਦੇ ਹਾਂ। ਛੇਵੀਂ ਜਮਾਤ ਦੀ ਨੈਤਿਕ ਸਿੱਖਿਆ ਦੀ ਕਿਤਾਬ ਦੇ ਗਿਆਰਵੇਂ ਪਾਠ ਵਿੱਚ ਦਿੱਤੀ ਨਾਗਾਰਜੁਨ ਦੀ ਜੀਵਨੀ ਵਿੱਚ ਉਸਨੂੰ ਸੰਸਾਰ ਦਾ ਮਹਾਨ ਰਸਾਇਣ ਵਿਗਿਆਨੀ ਐਲਾਨਦੇ ਹੋਏ ਕਿਹਾ ਗਿਆ ਹੈ ਕਿ “ਉਹ ਐਨਾ ਮਹਾਨ ਸੀ ਵੀ “ਦੇਸ਼” ਵਿੱਚ ਅਕਾਲ ਪੈ ਗਿਆ, ਲੋਕਾਂ ਨੂੰ ਭੁੱਖੇ ਮਰਦੇ ਵੇਖ ਰਾਜੇ ਨੇ ਨਾਗਾਰਜੁਨ ਦੀ ਸਹਾਇਤਾ ਮੰਗੀ। ਨਾਗਾਰਜੁਨ ਨੇ ਰਾਜੇ ਤੋਂ ਬਹੁਤ ਸਾਰਾ ਤਾਂਬਾ ਮੰਗਵਾਇਆ ਅਤੇ ਰਸਾਇਣ ਵਿਗਿਆਨ ਦੇ ਬਲ ਤੇ ਤਾਂਬੇ ਨੂੰ ਸੋਨੇ ਵਿੱਚ ਤਬਦੀਲ ਕਰਤਾ ਜਿਸਨੂੰ “ਵਿਦੇਸ਼ਾਂ” ਵਿੱਚ ਵੇਚਕੇ ਅਨਾਜ ਖਰੀਦਿਆ ਅਤੇ ਅਕਾਲ ਦਾ ਸੰਕਟ ਦੂਰ ਹੋ ਗਿਆ।” ਸੰਘੀ ਫੈਕਟਰੀ ਵਿੱਚ ਤਿਆਰ ਗੱਪਾਂ ਨੂੰ ਅੱਠਵੀ ਜਮਾਤ ਦੀ ਕਿਤਾਬ ਵਿੱਚ ਭਾਸਕਰਾਚਾਰਿਆ ਦੀ ਜੀਵਨੀ ਵਿੱਚ ਨਵੀਂ ਉੱਚਾਈ ਤੇ ਪਹੁੰਚਾਉਂਦੇ ਹੋਏ ਕਿਹਾ ਗਿਆ ਹੈ ਕਿ ਜਰਮਨ ਵਿਦਵਾਨ ਕੈਪਲਰ ਵੱਲੋਂ ਖੋਜੇ ਗਏ ਕਈ ਨਿਯਮਾਂ ਦਾ ਅਭਿਆਸ ਭਾਸਕਰਾਚਾਰਿਆ ਨੇ ਬਾਹਰਵੀਂ ਸਦੀ ਵਿੱਚ ਹੀ ਕਰ ਲਿਆ ਸੀ ਅਤੇ ਗੁਰੂਤਾਖਿੱਚ ਦੇ ਸਿਧਾਂਤ ਨੂੰ ਨਿਊਟਨ ਤੋਂ ਪੰਜ ਸੌ ਸਾਲ ਪਹਿਲਾਂ ਹੀ ਖੋਜ ਲਿਆ ਸੀ। ਸੱਤਵੀ ਜਮਾਤ ਦੀ ਕਿਤਾਬ ਵਿੱਚ ਦਿੱਤੀ ਆਰਿਆਭੱਟ ਦੀ ਜੀਵਨੀ ਵਿੱਚ ਕਿਹਾ ਗਿਆ ਹੈ ਕਿ ਉਹਨਾ ਨੇ ਹੀ ਗਣਿਤ ਦੀ ਇਕਾਈ “ਪਾਈ” ਦੀ ਖੋਜ ਕੀਤੀ ਸੀ। ਨੌਵੀ ਜਮਾਤ ਦੀ ਕਿਤਾਬ ਵਿੱਚ ਬ੍ਰਹਮਗੁਪਤ ਦੀ ਜੀਵਨੀ ਵਿੱਚ ਗਣਿਤ ਦੇ ਕੁੱਝ ਫਾਰਮੂਲੇ ਅਤੇ ਸਮੀਕਰਨ ਦਿੱਤੇ ਗਏ ਹਨ ਜਿਹੜੇ ਤਕਰੀਬਨ ਸਤ•ਾਰਵੀਂ ਸਦੀ ਦੇ ਆਸਪਾਸ ਵਿਕਸਿਤ ਹੋਏ ਸਨ, ਇਹਨਾਂ ਫਾਰਮੂਲਿਆਂ ਅਤੇ ਸਮੀਕਰਨਾਂ ਬਾਰੇ ਜੀਵਨੀ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਬ੍ਰਹਮਗੁਪਤ ਨੇ ਸੱਤਵੀਂ ਸਦੀ ਵਿੱਚ ਹੀ ਵਿਕਸਿਤ ਕਰ ਲਏ ਸਨ। ਇਹਨਾਂ ਬਿਨ ਸਿਰ-ਪੈਰ ਦੇ ਗੱਪਾਂ ਨੂੰ ਹਜਮ ਕਰਨਾ ਬਹੁਤ ਔਖਾ ਹੈ ਪਰ ਇਹ ਸਭ ਕੁਝ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ ਅਤੇ ਹਾਲੇ ਤੱਕ ਕਿਸੇ ਨੇ ਵੀ ਇਸ ਖਿਲਾਫ਼ ਬੋਲਣ ਦੀ ਹਿੰਮਤ ਨਹੀਂ ਵਿਖਾਈ।

ਇਹਨਾਂ ਜੀਵਨੀਆਂ ਵਿੱਚ ਚੰਦਰਸ਼ੇਖਰ ਅਜ਼ਾਦ, ਦੁਰਗਾ ਭਾਬੀ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਅਸ਼ਫ਼ਾਕ ਉੱਲਾ ਖਾਂ, ਰਾਮਪ੍ਰਸਾਦ ਬਿਸਮਿਲ ਆਦਿ ਇਨਕਲਾਬੀਆਂ ਦੀਆਂ ਜੀਵਨੀਆਂ ਵੀ ਹਨ, ਪਰ ਇਹ ਜੀਵਨੀਆਂ ਸੰਦਰਭਾਂ ‘ਚੋਂ ਕੱਟ ਕੇ ਪੇਸ਼ ਕੀਤੀਆਂ ਗਈਆਂ ਹਨ ਭਾਵ ਇਹਨਾਂ ਇਨਕਲਾਬੀਆਂ ਦਾ ਅਸਲ ਮਕਸਦ ਕੀ ਸੀ? ਕਿਸ ਜਥੇਬੰਦੀ ਨਾਲ਼ ਜੁੜੇ ਸਨ? ਇਸਦਾ ਜਿਕਰ ਤੱਕ ਵੀ ਨਹੀ ਹੈ। ਸਿਰਫ ਅੰਨੇੇ ਕੌਮਵਾਦ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਚੰਦਰਸ਼ੇਖਰ ਅਜ਼ਾਦ ਦੀ ਜੀਵਨੀ ਵਿੱਚ ਜਿਸ ਜਥੇਬੰਦੀ ਵਿੱਚ ਉਹਨਾਂ ਨੇ ਆਪਣੀ ਜ਼ਿਆਦਾਤਰ ਉਮਰ ਗੁਜਾਰੀ ਅਤੇ ਜਥੇਬੰਦੀ ਦੇ ਕਮਾਂਡਰ ਰਹੇ ਭਾਵ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ; ਦਾ ਜਿਕਰ ਤੱਕ ਨਹੀ ਹੈ। ਦੂਜੇ ਪਾਸੇ ਵੀਰ ਸਾਵਰਕਰ ਜਿਸਨੇ ਅੰਗਰੇਜਾਂ ਨੂੰ ਮੁਆਫੀਨਾਮੇ ਲਿਖਕੇ ਸਾਰੀ ਉਮਰ ਅੰਗਰੇਜਾਂ ਦਾ ਵਿਰੋਧ ਨਾ ਕਰਨ ਦੀਆਂ ਸੌਂਹਾਂ ਖਾਦੀਆਂ ਅਤੇ ਵਿਰੋਧ ਕੀਤਾ ਵੀ ਨਹੀ; ਉਸ ਨੂੰ ਮਹਾਨ ਦੇਸ਼ਭਗਤ ਬਣਾਕੇ ਪੇਸ਼ ਕੀਤਾ ਗਿਆ ਹੈ। ਵੀਰ ਸਾਵਰਕਰ ਦੀ ਜੀਵਨੀ ਵਿੱਚ ਖਾਸ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਉਸਦੀ ਜਥੇਬੰਦੀ ਭਾਵ ਹਿੰਦੂ ਮਹਾਸਭਾ ਦਾ ਪੂਰਾ ਜਿਕਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸ਼ਿਵਾਜੀ, ਝਾਂਸੀ ਦੀ ਰਾਣੀ ਆਦਿ ਦੀਆਂ ਜੀਵਨੀਆਂ ਅਤੇ ਕੁੱਝ ਇਤਿਹਾਸ (ਮੇਡ ਇਨ ਸੰਘ ਫੈਕਟਰੀ) ਦੇ ਪ੍ਰਸੰਗ ਅਕਬਰ-ਦੁਰਗਾਵਤੀ ਵਗੈਰਾ ਵੀ ਹਨ, ਇਹਨਾਂ ਜੀਵਨੀਆਂ ਅਤੇ ਪ੍ਰਸੰਗਾਂ ਨੂੰ ਤੋੜ-ਮਰੋੜ ਕੇ ਅੰਨੇ ਕੌਮਵਾਦ ਦਾ ਤੜਕਾ ਲਾ ਭਗਵੀਂ ਚਾਸ਼ਨੀ ਵਿੱਚ ਡੁਬੋ ਕੇ ਪੇਸ਼ ਕੀਤਾ ਗਿਆ ਹੈ ਭਾਵੇਂ ਕਿ ਉਸ ਵੇਲੇ “ਭਾਰਤ” ਨਾਮ ਦੇ ਦੇਸ਼ ਦਾ ਕੋਈ ਸੰਕਲਪ ਹੀ ਨਹੀ ਸੀ। ਠੀਕ ਇਸੇ ਤਰਾਂ ਗੁਰੂ ਨਾਨਕ ਦੇਵ, ਮਹਾਤਮਾ ਬੁੱਧ, ਮਹਾਵੀਰ ਆਦਿ ਦੀਆਂ ਜੀਵਨੀਆਂ ਨੂੰ ਵੀ ਭਗਵੀਂ ਰੰਗਤ ਦਿੱਤੀ ਗਈ ਹੈ।

ਕਵਿਤਾਵਾਂ ਅਤੇ ਕਹਾਣੀਆਂ ਵਿੱਚ ਸਿਰਫ ਅੰਨੇ ਕੌਮਵਾਦ ਜਗਾਉਣ ਤੋਂ ਇਲਾਵਾ ਕੁੱਝ ਨਹੀ ਹੈ। ਕੁੱਝ “ਦੇਸ਼ਭਗਤੀ” ਭਰੀਆਂ ਕਹਾਣੀਆਂ ਹਨ ਅਤੇ ਹਰੇਕ ਕਹਾਣੀ ਵਿੱਚ ਸ਼ਹਾਦਤ ਦੇਣ ਵਾਲ਼ਾ ਵਿਅਕਤੀ ਮੁਸਲਮਾਨ ਹੈ। ਜਿਵੇਂ ‘ਹਾਥੋਂ ਮੇਂ ਤਿਰੰਗਾ ਥਾਮ ਲਿਆ’ ਕਹਾਣੀ ਵਿੱਚ ਇੱਕ “ਦੇਸ਼ਭਗਤ” ਕਸ਼ਮੀਰੀ ਕਰਮਦੀਨ ਅੰਮ੍ਰਿਤਸਰ ਵਿੱਚ ਰਹਿਣ ਲੱਗ ਜਾਂਦਾ ਹੈ ਅਤੇ ਜਲਿਆਂਵਾਲਾ ਬਾਗ ਨਸਲਕੁਸ਼ੀ ਵਿੱਚ ਉਸਦਾ ਬੇਟਾ ਮੁਹੰਮਦ ਇਸਮਾਇਲ “ਭਾਰਤ ਮਾਤਾ ਦੀ ਜੈ” ਕਹਿੰਦਾ ਹੋਇਆ ਸ਼ਹਾਦਤ ਦਿੰਦਾ ਹੈ।

ਪੰਜਵੇ ਤੋਂ ਲੈਕੇ ਅਖ਼ੀਰਲੇ ਪਾਠਾਂ ਵਿੱਚ ਕੁੱਝ ਲੇਖ ਹਨ ਜਿਹਨਾਂ ਵਿੱਚ ਨੈਤਿਕਤਾ ਦੇ ਨਾਮ ਤੇ ਅੰਨੇ ਕੌਮਵਾਦ ਨਾਲ਼ ਭਰਿਆ ਜੀਵਨ ਜਿਉਣ (ਅਜਿਹਾ ਜੀਵਨ ਜਿਉਣ ਬਾਰੇ ਦਸਵੀ ਜਮਾਤ ਦੇ ਇੱਕ ਪਾਠ ‘ਰਾਸ਼ਟਰੀਅਤਾ ਕਾ ਵਿਕਾਸ’ ਵਿੱਚ ਪੂਰੇ ਤਸੱਲੀਬਖਸ਼ ਤਰੀਕੇ ਨਾਲ਼ ਸਮਝਾਇਆ ਗਿਆ ਹੈ), ਜੀਵਨ ਵਿੱਚ ਮੱਧਯੁਗੀ ਕਦਰਾਂ-ਕੀਮਤਾਂ ਨੂੰ ਅਪਣਾਉਣ ਅਤੇ ਜੀਵਨ ਜਿਉਣ ਦੇ ਤਾਰਕਿਕ-ਵਿਗਿਆਨਕ ਢੰਗ ਨੂੰ ਛੱਡ ਸ਼ਰਧਾ ਨਾਲ਼ ਭਰਿਆ ਜੀਵਨ ਜਿਉਣ ਬਾਰੇ “ਸਮਝਾਇਆ” ਗਿਆ ਹੈ। ਜਿਵੇਂ ਛੇਵੀਂ ਜਮਾਤ ਦੇ ਇੱਕ ‘ਸ਼ਰਧਾ’ ਸਿਰਲੇਖ ਹੇਠ ਲਿਖੇ ਪਾਠ ਦੇ ਅੰਤ ਵਿੱਚ ਕਿਹਾ ਗਿਆ ਹੈ ਕਿ “ ਸ਼ਰਧਾਭਾਵ ਨੂੰ ਆਪਦੇ ਜੀਵਨ ਵਿੱਚ ਦ੍ਰਿੜਤਾ ਨਾਲ਼ ਅਪਣਾਓ ਅਤੇ ਸ਼ਰਧਾਵਾਨ ਬਣੋ!” ਮੱਧਯੁਗੀ ਕਦਰਾਂ-ਕੀਮਤਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਕਈ ਲੇਖ; ‘ਸਦਵਿਵਹਾਰ’,’ਪਰੋਪਕਾਰ’, ‘ਸ਼ਿਸ਼ਟਾਚਾਰ’, ‘ਨਿਯਮ-ਅਨੁਸ਼ਾਸਨ: ਸੱਭਿਆ ਜੀਵਨ ਕਾ ਆਧਾਰ’, ‘ਵੈਦਿਕ ਧਰਮ ਦਾ ਸਵਰੂਪ’, ‘ਯਥਾ ਆਹਾਰ ਤਥਾ ਵਿਚਾਰ’ ਆਦਿ ਦਿੱਤੇ ਗਏ ਹਨ। ਜਿਵੇਂ ਗਿਆਰਵੀਂ ਜਮਾਤ ਦੇ ਇੱਕ ਪਾਠ ‘ਵੈਦਿਕ ਧਰਮ ਦਾ ਸਵਰੂਪ’ ਵਿੱਚ ਵੈਦਿਕ ਧਰਮ ਨੂੰ ਮਨੁਸਮ੍ਰਿਤੀ, ਰਾਮਾਇਣ ਆਦਿ ਜਰੀਏ ਸਮਝਾਉਂਦੇ ਹੋਏ ਕਿਹਾ ਗਿਆ ਹੈ ਕਿ ਉੱਤਮ ਸਮਾਜ ਦੀ ਉਸਾਰੀ ਵੈਦਿਕ ਸਿੱਖਿਆਵਾਂ ਨੂੰ ਅਪਣਾਕੇ (ਭਾਵ ਵਰਣ ਵਿਵਸਥਾ ਫਿਰ ਤੋਂ ਕਾਇਮ ਕਰਕੇ) ਹੀ ਹੋ ਸਕਦਾ ਹੈ। ‘ਯਥਾ ਆਹਾਰ ਤਥਾ ਵਿਚਾਰ’ ਪਾਠ ਵਿੱਚ ਕਿਹਾ ਗਿਆ ਹੈ ਕਿ ਵਿਅਕਤੀ ਜਿਹੋ ਜਿਹਾ ਭੋਜਨ ਖਾਂਦਾ ਹੈ ਉਸਦੇ ਵਿਚਾਰ ਵੀ ਠੀਕ ਉਸੇ ਤਰਾਂ ਹੁੰਦੇ ਹਨ ਅਤੇ ਸਹੀ ਭੋਜਨ ਗਾਂ ਦਾ ਘਿਉ-ਦੁੱਧ, ਫਲ-ਸਬਜੀਆਂ ਭਾਵ ਸ਼ਾਕਾਹਾਰੀ ਭੋਜਨ ਹੀ ਹੈ ਬਾਕੀ ਭੋਜਨ ਭਾਵ ਮਾਸਾਹਾਰੀ ਭੋਜਨ ਸਹੀ ਨਹੀਂ ਹੈ ਇਸ ਲਈ ਉਹਨਾਂ ਦੇ ਵਿਚਾਰ ਵੀ ਸਹੀ ਨਹੀ ਹਨ।

ਅਸੀਂ ਹਰਿਆਣਾ ਸਰਕਾਰ ਵੱਲੋਂ ਛੇਵੀਂ ਤੋ ਬਾਹਰਵੀਂ ਜਮਾਤ ਤੱਕ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੇ ਗਏ ਨੈਤਿਕ ਸਿੱਖਿਆ ਵਿਸ਼ੇ ਦੀ ਸਮੱਗਰੀ ਦੇ ਹਰ ਇੱਕ ਅੰਸ਼ ਦੀ ਪੜਚੋਲ ਕੀਤੀ ਹੈ, ਜਿਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸਿੱਖਿਆ ਦੇ ਭਗਵੇਂਕਰਨ ਜਰੀਏ ਬਾਲ ਮਨਾਂ ਵਿੱਚ ਬਹੁਤ ਹੀ ਖਤਰਨਾਕ ਵਿਚਾਰ ਭਰੇ ਜਾ ਰਹੇ ਹਨ। ਮੱਧਯੁਗੀ ਕਦਰਾਂ-ਕੀਮਤਾਂ, ਔਰਤ-ਵਿਰੋਧੀ ਵਿਚਾਰ, ਅੰਨੇ ਕੌਮਵਾਦ, ਘੱਟਗਿਣਤੀਆਂ-ਦਲਿਤਾਂ ਬਾਰੇ ਨਫ਼ਰਤ ਆਦਿ ਬਾਲ ਮਨਾਂ ਵਿੱਚ ਘੋਲਿਆ ਜਾ ਰਿਹਾ ਹੈ, ਜਿਸਨੂੰ  ਭਾਰਤ ਦੀਆਂ ਆਰਐਸਐਸ ਵਰਗੀਆਂ ਫਿਰਕੂ-ਫਾਸੀਵਾਦੀ ਤਾਕਤਾਂ ਆਪਦੇ ਹਿਤਾਂ ਲਈ ਵਰਤਣਗੀਆਂ। ਚੰਗੇ ਸਮਾਜ ਦਾ ਸੁਪਨਾ ਦੇਖਣ ਵਾਲ਼ੇ ਨੌਜਵਾਨਾਂ-ਵਿਦਿਆਰਥੀਆਂ-ਬੁੱਧੀਜੀਵੀਆਂ ਸਾਹਮਣੇ ਅੱਜ ਇਹ ਕਾਰਜ ਖੜਾ ਹੋ ਜਾਂਦਾ ਹੈ ਕਿ ਸਿੱਖਿਆ ਦੇ ਭਗਵੇਂਕਰਨ ਜਰੀਏ ਬਾਲ ਮਨਾਂ ਵਿੱਚ ਜੋ ਗਲਤ ਵਿਚਾਰ ਭਰੇ ਜਾ ਰਹੇ ਹਨ; ਇਹ ਕੌਣ ਭਰ ਰਿਹਾ ਹੈ ਅਤੇ ਉਹਨਾਂ ਦਾ ਮਕਸਦ ਕੀ ਹੈ, ਇਸਦੀ ਹਕੀਕਤ ਆਮ ਲੋਕਾਂ ਤੱਕ ਲੈਕੇ ਜਾਣਾ ਅਤੇ ਇਸ ਵਿਰੁੱਧ ਲਹਿਰ ਖੜੀ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ?

(ਸਮਾਪਤ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 14, 1 ਸਤੰਬਰ 2018 ਵਿੱਚ ਪ੍ਰਕਾਸ਼ਿਤ