ਹਰਿਆਣਾ ਸਰਕਾਰ ਦਾ ਨਵਾਂ ਫੈਸਲਾ ਗਾਇਤਰੀ ਮੰਤਰ ਨਾਲ਼ ਸਿੱਖਿਆ ਦਾ ਪੱਧਰ ਉੱਤੇ ਚੁੱਕੋ ! •ਬਿੰਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਬਿਆਨ ਆਇਆ ਹੈ ਕਿ ਸਕੂਲਾਂ ‘ਚ ਹਿੰਦੂਆਂ ਦੇ ਗਾਇਤਰੀ ਮੰਤਰ ਨੂੰ ਸਕੂਲਾਂ ਦੇ ਪਾਠ ‘ਚ ਪੜਾਉਣਾ ਤੇ ਗਾਉਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਮਕਸਦ ਸਿੱਖਿਆ ਦੇ ਪੱਧਰ ਨੂੰ ਉੱਤੇ ਚੁਕਣਾ ਹੈ ਵਿਦਿਆਰਥੀਆਂ ‘ਚ ਮੁੱਢ ਤੋਂ ਹੀ ਨੈਤਿਕਤਾ ਤੇ ਭਾਰਤੀ ਸੱਭਿਆਚਾਰ ਨੂੰ ਉਭਾਰਨਾ ਹੈ। ਜੇ ਅਸੀਂ ਇਹਨਾਂ ਦੇ ਬਿਆਨ ਮੁਤਾਬਕ ਜਾਂਚ ਪੜਤਾਲ ਕਰੀਏ ਤਾਂ ਲੱਗਦਾ ਹੈ ਕਿ ਮਨੋਹਰ ਜੀ ਸਿੱਖਿਆ ਦਾ ਪੱਧਰ ਉੱਤੇ ਚੁੱਕਣ ਨੂੰ ਲੈ ਕੇ ਬਹੁਤਾ ਫਿਕਰ ‘ਚ ਨੇ ਪਰ ਮਨੋਹਰ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਿਆ ਦਾ ਪੰਧਰ ਗਾਇਤਰੀ ਮੰਤਰ ਨਾਲ਼ ਨਹੀਂ ਸਗੋਂ ਸਕੂਲਾਂ ‘ਚ ਅਧਿਆਪਕਾਂ ਦੀ ਗਿਣਤੀ ਪੂਰਾ ਕਰਨਾ, ਸਕੂਲਾਂ ਦੀ ਖਸਤਾ ਹਾਲਤ ‘ਚ ਸੁਧਾਰ ਕਰਨਾ, ਸਿੱਖਿਆ ‘ਚ ਵੱਧ ਤੋਂ ਵੱਧ ਨਿਵੇਸ਼ ਕਰਕੇ ਉਸਨੂੰ ਸਾਰੇ ਲੋਕਾਂ ਤੱਕ ਪਹੁੰਚਾਣਾ ਹੈ। ਪਰ ਹਾਲਤ ਇਹ ਹੈ ਕਿ 2017 ‘ਚ ਹਰਿਆਣਾ ਦੇ 30 ਸਰਕਾਰੀ ਸਕੂਲਾਂ ‘ਚੋਂ ਇੱਕ ਵੀ ਬੱਚਾ ਮਾਰਚ, 17 ਦੀ ਬੋਰਡ ਪ੍ਰਿੱਖਿਆ ‘ਚ ਪਾਸ ਨਹੀਂ ਹੋ ਸਕਿਆ। ਹਾਲ ਇਹ ਹੈ ਕਿ ਕਿਤੇ ਤਾਂ ਤਿੰਨ ਸਕੂਲਾਂ ਨੂੰ ਇੱਕ ਅਧਿਆਪਕ ਪੜਾ ਰਿਹਾ ਹੈ ਤੇ ਕਿਤੇ ਕੋਈ ਵੀ ਨਹੀਂ। ਇਹਨਾਂ ਅੰਕੜਿਆਂ ਤੋਂ ਮਨੋਹਰ ਖੱਟੜ ਦੀ ਫਿਕਰ ਖੋਖਲੀ ਤੇ ਬੇਬੁਨਿਆਦ ਤੇ ਕਿਸੇ ਹੋਰ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ। ਜਿਸ ਨੂੰ ਅੱਗੇ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਦੀ ਗੱਲ ਸਾਫ ਕਰਦੀ ਹੈ ਅਸਲ ਤਾਂ ਇਹ ਮਨੋਹਰ ਲਾਲ ਖੱਟੜ ਦੀ ਫਿਕਰ ਨੂੰ ਖੁਲੇਆਮ ਸਪੱਸ਼ਟ ਕਰਦੇ ਹਨ। ਇਹਨਾਂ ਨੂੰ ਸਵਾਲ ਕੀਤਾ ਗਿਆ ਕਿ ਸਿੱਖਿਆ ‘ਚ ਗਾਇਤਰੀ ਮੰਤਰ ਦਾ ਇਹ ਫੈਸਲਾ ਸਿੱਖਿਆ ਦਾ ਭਗਵਾਕਰਨ ਨਹੀਂ ਹੈ? ਕੀ ਇਹ ਸੰਵਿਧਾਨ ਦੇ ਨਿਯਮਾਂ ਦੇ ਵਿਰੁੱਧ ਨਹੀਂ ਹੈ? ਉਹਨਾਂ ਦਾ ਜਵਾਬ ਸੀ ਕਿ ਭਾਰਤ ਦੇ ਤਿਰੰਗੇ ਦਾ ਸਭ ਤੋਂ ਪਹਿਲਾ ਰੰਗ ਭਗਵਾਂ ਹੀ ਹੈ। ਭਗਵੇਂ ਤੋਂ ਕਿਸੇ ਨੂੰ ਦਿੱਕਤ ਕੀ ਹੈ। ਇਸ ਨੂੰ ਕੀਤਾ ਜਾਣਾ ਚਾਹੀਦਾ ਹੈ  ਕਿਸੇ ਨੂੰ ਇਸ ‘ਤੇ ਇਤਰਾਜ ਨਹੀਂ ਕਰਨਾ ਚਾਹੀਦਾ। ਅਸਲ ਗੱਲ ਤਾਂ ਇਹ ਹੈ ਕਿ ਫਿਕਰ  ਇਹਨਾਂ ਨੂੰ ਸਿੱਖਿਆ ਦਾ ਨਹੀਂ ਸਗੋਂ ਭਗਵੇਂ ਰੰਗ ਦਾ ਹੈ। ਇਹ ਬਿਆਨ ਇਸ ਭਰੋਸੇ ਨਾਲ਼ ਦਿੱਤਾ ਜਾ ਰਿਹਾ ਹੈ ਕਿਉਂਕਿ ਹੁਣ ਭਗਵੇਂਕਾਰੀਆਂ ਦੀ ਸੱਤਾ (ਬੀ.ਜੇ.ਪੀ) ਬਹੁਮਤ ਨਾਲ਼ ਸਥਾਪਿਤ ਹੈ ਹੁਣ ਉਹ ਭਾਰਤ ਨੂੰ ਉੱਪਰ ਤੋਂ ਥੱਲੇ ਤੇ ਸੱਜੇ ਤੋਂ ਖੱਬੇ ਵੱਲ ਨੂੰ ਭਗਵੇਂ ਰੰਗ ‘ਚ ਰੰਗਣ ਦੀਆਂ ਸਾਜਿਸ਼ਾਂ ‘ਚ ਲੱਗੇ ਹੋਏ ਹਨ।

ਧਾਰਾ 28(1) ਤਹਿਤ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਸਵਿਧਾਨ ਤਹਿਤ ਰਾਜ ਦੁਆਰਾ ਕਿਸੇ ਵੀ ਵਿੱਦਿਅਕ ਸੰਸਥਾ ‘ਚ ਦਖ਼ਲ ਨਹੀਂ ਦਿੱਤਾ ਜਾਵੇਗਾ। ਰਾਜ ਵਲੋਂ ਕਿਸੇ ਵੀ ਵਿੱਦਿਅਕ ਅਦਾਰੇ ‘ਚ ਧਾਰਮਿਕ ਹਿਦਾਇਤ ਥੋਪੀ ਨਹੀਂ ਜਾ ਸਕਦੀ। ਪਰ ਅਸਲ ‘ਚ ਭਾਰਤ ‘ਚ ਪਹਿਲਾਂ ਹੀ ਸਾਰੇ ਦਇਆਨੰਦ ਤੇ ਆਰਿਆ ਸਮਾਜੀ ਸਕੂਲਾਂ ਨੂੰ ਹਿੰਦੂ ਰੰਗਤ ਦਿੱਤੀ ਜਾਂਦੀ ਹੈ ਗਾਇਤਰੀ ਮੰਤਰ ਜਾਂ ਹੋਰ ਹਿੰਦੂ ਪੂਜਾ ਦਾ ਪਾਠ ਕੀਤਾ ਜਾਂਦਾ ਹੈ। ਜਿੱਥੇ ਗੁਜਰਾਤ ‘ਚ ਆਰ.ਐਸ.ਐਸ ਆਗੂ ਦੀਨਾ ਨਾਥ ਬਤਰਾ ਦੀ ਸ਼ਖਸੀਅਤ ਨੂੰ ਸਕੂਲਾਂ ਦੇ ਸਿਲੇਬਸ ‘ਚ ਬੱਚਿਆਂ ਦਾ ਨਾਇਕ ਪੇਸ਼ ਕਰ ਰਹੇ ਹਨ ਉੱਥੇ ਸੁਬਰਮਨਿਅਮ ਸਵਾਮੀ ਇਹ ਭਾਸ਼ਨ ਦਿੰਦੇ ਹਨ ਕਿ ਸਕੂਲਾਂ ‘ਚੋਂ ਰੋਮਿਲਾ ਥਾਪਰ ਦੀਆਂ ਕਿਤਾਬਾਂ ਸਾੜ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦੀ ਹੈ। ਅਸਲ ‘ਚ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਮਕਸਦ ਮੁੱਢ ਤੋਂ ਹੀ ਬੱਚਿਆਂ ਦੇ ਕੋਮਲ ਮਨਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀ ਕੋਸ਼ਿਸ਼ ਹੈ ਕਿ ਜਦ ਉਹ ਆਪਣੇ ਆਲ਼ੇ-ਦੁਆਲ਼ੇ ਸੰਸਾਰ ਨੂੰ ਵੇਖਣ ਤਾਂ ਹਿੰਦੂ ਜਾਂ ਮੁਸਲਮਾਨ , ਇਸਾਈ ਕਰਕੇ ਵੇਖਣ। ਜਦ ਉਹ ਅਜਿਹੇ ਮਾਹੌਲ ‘ਚ ਵੱਡੇ ਹੋਣਗੇ ਤਾਂ ਲਾਜ਼ਮੀ ਹੈ ਕਿ ਉਹ ਅਪਣੇ ਹੀ ਭੈਣ ਭਰਾਵਾਂ ਦਾ ਕਤਲ ਕਰਨੋ ਗੁਰੇਜ ਨਹੀਂ ਕਰਨਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 6-7, 1 ਤੋਂ 15 ਅਤੇ 16 ਤੋਂ 31 ਮਈ (ਸੰਯੁਕਤ ਅੰਕ) 2018 ਵਿੱਚ ਪ੍ਰਕਾਸ਼ਿਤ