ਹਰਮਨਪਿਆਰਤਾ ਅਤੇ ਯਥਾਰਥਵਾਦ •ਬ੍ਰਤੋਲਤ ਬ੍ਰੈਖਤ

brecktt

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕੋਈ ਵੀ ਜੋ ਸਮਕਾਲੀ ਜਰਮਨ ਸਾਹਿਤ ਵਿੱਚ ਨਾਰਿਆਂ ਨੂੰ ਵਰਤੋਂ ‘ਚ ਲਿਆਉਣਾਂ ਚਾਹੁੰਦਾ ਹੈ, ਉਸ ਨੂੰ ਆਪਣੇ ਦਿਮਾਗ ‘ਚ ਇਹ ਜਰੂਰ ਰੱਖਣਾ ਚਾਹੀਦਾ ਹੈ ਕਿ ਜਿਸ ਨੂੰ ਵੀ ਸਾਹਿਤ ਕਿਹਾ ਜਾ ਸਕਦਾ ਹੈ, ਉਹ ਸਿਰਫ ਵਿਆਪਕ ਅਰਥ ਰੱਖਦਾ ਹੈ ਅਤੇ ਸਿਰਫ ਆਪਣੇ ਵਿਆਪਕ ਅਰਥਾ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਸ ਤਰ੍ਹਾਂ ‘ਹਰਮਨਪਿਆਰਾ’  ਸ਼ਬਦ ਜਿਸ ਤਰ੍ਹਾਂ ਸਾਹਿਤ ‘ਚ ਲਾਗੂ ਹੋ ਰਿਹਾ ਹੈ, ਉਸ ਨਾਲ਼ ਇਹ ਇੱਕ ਅਨੋਖਾ ਭਾਵ-ਅਰਥ ਹਾਸਲ ਕਰ ਲੈਂਦਾ ਹੈ। ਇਸ ਹਾਲਤ ਵਿੱਚ, ਲੇਖਕ ਤੋਂ ਉਹਨਾਂ ਲੋਕਾਂ ਲਈ ਲਿਖਣ ਦੀ ਉਮੀਦ ਕੀਤੀ ਜਾਂਦੀ ਹੈ ਜਿਹਨਾਂ ਵਿੱਚ ਉਹ ਨਹੀਂ ਰਹਿੰਦਾ ਹੈ। ਫਿਰ ਵੀ ਜੇਕਰ ਕੋਈ ਇਸ ਮਾਮਲੇ ‘ਤੇ ਜ਼ਿਆਦਾ ਗਹਿਰਾਈ ਨਾਲ਼ ਵਿਚਾਰ ਕਰੇ ਤਾਂ ਉਹ ਪਾਵੇਗਾ ਕਿ ਲੇਖਕ ਅਤੇ ਲੋਕਾਂ ਵਿਚਲਾ ਇਹ ਫਰਕ ਏਨ੍ਹਾਂ ਵਿਸ਼ਾਲ ਨਹੀਂ ਹੈ, ਜਿੰਨਾਂ ਕਿ ਕਈ ਇਸ ਨੂੰ ਸੋਚਦੇ ਹਨ। ਅੱਜ ਇਹ ਏਨ੍ਹਾਂ ਵਿਸ਼ਾਲ ਨਹੀਂ ਹੈ ਜਿਨ੍ਹਾਂ ਕਿ ਇਹ ਲੱਗਦਾ ਹੈ ਅਤੇ ਪਹਿਲਾਂ ਇਹ ਏਨਾਂ ਘੱਟ ਨਹੀਂ ਸੀ ਜਿੰਨਾ ਇਹ ਲੱਗਦਾ ਸੀ। ਪ੍ਰਚੱਲਤ ਸਹੁਜਸ਼ਾਸਤਰ, ਪੁਸਤਕਾਂ ਦੀ ਕੀਮਤ ਅਤੇ ਸੈਂਸਰ ਢਾਂਚੇ ਨੇ ਹਮੇਸ਼ਾ ਹੀ ਲੇਖਕ ਅਤੇ ਲੋਕਾਂ ਵਿਚਾਲੇ ਇੱਕ ਵਿਚਾਰਨਯੋਗ ਦੂਰੀ ਯਕੀਨੀ ਬਣਾਈ ਰੱਖੀ ਹੈ। ਫਿਰ ਵੀ ਇਸ ਦੂਰੀ ਦੇ ਵਧਣ ਨੂੰ ਪੂਰੀ ਤਰ੍ਹਾਂ ਨਾਲ਼ “ਬਾਹਰੀ ਕਾਰਕ” ਦੇ ਰੂਪ ਵਿੱਚ ਦੇਖਣਾ ਗਲਤ ਹੋਵੇਗਾ- ਮਤਲਬ ਗੈਰ-ਯਥਾਰਥਵਾਦੀ ਹੋਵੇਗਾ। ਲਾਜ਼ਮੀ ਹੀ ਅੱਜ ਹਰਮਨ-ਪਿਆਰੀ ਸ਼ੈਲੀ ਵਿੱਚ ਲਿਖਣ ਦੇ ਯੋਗ ਹੋਣ ਲਈ ਵਿਸ਼ੇਸ਼ ਯਤਨ ਕਰਨੇ ਪੈਣਗੇ। ਦੂਸਰੇ ਪਾਸੇ ਇਹ ਜ਼ਿਆਦਾ ਸੁਖਾਲਾ ਹੋ ਗਿਆ ਹੈ- ਜ਼ਿਆਦਾ ਸੁਖਾਲਾ ਅਤੇ ਜ਼ਿਆਦਾ ਜ਼ਰੂਰੀ। ਲੋਕ ਉੱਪਰਲੇ ਤਬਕਿਆਂ ਤੋਂ ਜ਼ਿਆਦਾ ਸਪੱਸ਼ਟਤਾ ਨਾਲ਼ ਦੂਰ ਹੋਏ ਹਨ; ਉਸ ਨੂੰ ਦਬਾਉਣ ਅਤੇ ਲੁੱਟਣ ਵਾਲੇ ਖੁੱਲਕੇ ਸਾਹਮਣੇ ਆ ਗਏ ਹਨ ਅਤੇ ਉਹਨਾਂ ਖਿਲਾਫ ਵੱਡੇ ਵੱਧਰ ਦੀ ਭਿਅੰਕਰ ਖੂਨੀ ਜੰਗ ਵਿੱਚ ਸ਼ਾਮਲ ਹਨ। ਪੱਖ ਲੈਣਾਂ ਸੁਖਾਲਾ ਹੋ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਲੋਕਾਂ ਵਿਚਾਲੇ ਖੁੱਲ੍ਹੀ ਲੜਾਈ ਛਿੜ ਚੁੱਕੀ ਹੈ।

ਅੱਜ ਯਥਾਰਥਵਾਦੀ ਸ਼ੈਲੀ ਵਿੱਚ ਲਿਖਣ ਦੀ ਮੰਗ ਨੂੰ ਹੋਰ ਜ਼ਿਆਦਾ ਲੰਬੇ ਸਮੇਂ ਤੱਕ ਅਸਾਨੀ ਨਾਲ਼ ਟਾਲਿਆ ਨਹੀਂ ਜਾ ਸਕਦਾ। ਇਸ ਨੇ ਇੱਕ ਹੱਦ ਤੱਕ ਅਟੱਲਤਾ ਧਾਰਨ ਕਰ ਲਈ ਹੈ। ਹਾਕਮ ਜਮਾਤ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅਤੇ ਵੱਡੇ ਝੂਠ ਬੋਲ ਰਹੀ ਹੈ। ਸੱਚ ਦੱਸਣਾ ਸਪੱਸ਼ਟ ਰੂਪ ‘ਚ ਪਹਿਲਾਂ ਤੋਂ ਕਿਤੇ ਜ਼ਿਆਦਾ ਜ਼ਰੂਰੀ ਕੰਮ ਬਣ ਗਿਆ ਹੈ। ਪੀੜ ਅਤੇ ਇਸ ਦੇ ਨਾਲ਼ ਪੀੜਤਾਂ ਦੀ ਗਿਣਤੀ  ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਵਧ ਚੁੱਕੀ ਹੈ। ਲੋਕਾਂ ਦੀ ਆਪਾਰ ਪੀੜਾ ਨੂੰ ਨਜ਼ਰ ‘ਚ ਰੱਖਦਿਆਂ, ਕੁਝ ਛੋਟੀਆਂ-ਮੋਟੀਆਂ ਮੁਸ਼ਕਲਾਂ ਜਾਂ ਕੁਝ ਛੋਟੇ ਸਮੂਹਾਂ ਦੀਆਂ ਮੁਸ਼ਕਲਾਂ ਦਾ ਫਿਕਰ ਤੁੱਛ ਅਤੇ ਘਿਰਨਾ-ਯੋਗ ਮਹਿਸੂਸ ਕੀਤਾ ਜਾਣ ਲੱਗਾ ਹੈ।

ਉੱਭਰ ਰਹੀ ਬਰਬਰਤਾ ਖਿਲਾਫ ਸਾਡੇ ਇੱਕੋ-ਇੱਕ ਮਿੱਤਰ ਹਨ ਲੋਕ, ਜੋ ਇਸ ਤੋਂ ਕਿਤੇ ਜ਼ਿਆਦਾ ਪੀੜਤ ਹਨ। ਸਿਰਫ ਓਹੀ (ਲੋਕ) ਹਨ ਜਿਹਨਾਂ ਤੋਂ ਕੁਝ ਉਮੀਦ ਕੀਤੀ ਜਾ ਸਕਦੀ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਲੋਕਾਂ ਵੱਲ ਚੱਲਣਾ ਚਾਹੀਦਾ ਹੈ, ਅਤੇ ਹੁਣ ਪਹਿਲਾਂ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਸਦੀ (ਲੋਕਾਂ) ਦੀ ਭਾਸ਼ਾ ਵਿੱਚ ਗੱਲ ਕੀਤੀ ਜਾਵੇ। ਇੰਝ ਹਰਮਨ-ਪਿਆਰੀ ਕਲਾ ਅਤੇ ਯਥਾਰਥਵਾਦ ਸੁਭਾਵਿਕ ਮਿੱਤਰ ਬਣ ਜਾਂਦੇ ਹਨ। ਇਹ ਲੋਕਾਈ- ਵਿਸ਼ਾਲ ਕਿਰਤੀ ਲੋਕਾਂ- ਦੇ ਹਿੱਤ ਵਿੱਚ ਹੈ ਕਿ ਉਹਨਾਂ ਨੂੰ ਸਾਹਿਤ ਤੋਂ ਜ਼ਿੰਦਗੀ ਦੀ ਸੱਚੀ ਤਸਵੀਰ ਮਿਲੇ ਅਤੇ ਜ਼ਿੰਦਗੀ ਦੀ ਸੱਚੀ ਤਸਵੀਰ ਅਸਲ ‘ਚ ਸਿਰਫ ਲੋਕਾਂ, ਵਿਆਪਕ ਕਿਰਤੀਆਂ ਦੀ ਸੇਵਾ ਕਰਦੀ ਹੈ ਅਤੇ ਇਸ ਲਈ ਲਾਜ਼ਮੀ ਹੀ ਇਹ ਉਸ ਲਈ ਸਮਝਣਯੋਗ ਅਤੇ ਲਾਭਕਾਰੀ- ਦੂਸਰੇ ਸ਼ਬਦਾ ਵਿੱਚ ਹਰਮਨਪਿਆਰੀ- ਹੋਣੀ ਚਾਹੀਦੀ ਹੈ। ਫਿਰ ਵੀ ਇਹਨਾਂ ਧਾਰਨਾਵਾਂ ਦੀ ਵਰਤੋਂ ਕਰਨ ਅਤੇ ਮਿਲਾਉਣ ਦਾ ਪ੍ਰਸਤਾਵ ਰੱਖਣ ਤੋਂ ਪਹਿਲਾਂ ਇਹਨਾ ਨੂੰ ਗੰਭੀਰਤਾ ਨਾਲ਼ ਸ਼ੁੱਧ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਸੋਚਣਾ ਇੱਕ ਗਲਤੀ ਹੋਵੇਗੀ ਕਿ ਇਹ ਧਾਰਨਾਵਾਂ ਪੂਰੀ ਤਰ੍ਹਾਂ: ਪਾਰਦਰਸ਼ੀ, ਇਤਿਹਾਸ ਰਹਿਤ ਅਟੱਲ  ਜਾਂ ਫੈਸਲਾਕੁੰਨ ਹਨ।  (ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਾ ਕੀ ਮਤਲਬ ਹੈ – ਵਾਲ ਦੀ ਖੱਲ ਨਾ ਲਾਹੀ ਜਾਵੇ)। ਹਰਮਨ-ਪਿਆਰਤਾ ਦੀ ਧਾਰਨਾ ਖੁਦ ਵਿਸ਼ੇਸ਼ ਤੌਰ ‘ਤੇ ਹਰਮਨ-ਪਿਆਰੀ ਨਹੀਂ ਹੈ। ਇਹ ਮੰਨਣਾ ਯਥਾਰਥਕ ਨਹੀਂ ਹੈ ਕਿ ਇਹ ਹੈ। ਭਾਵ-ਵਾਚਕ ਸੰਗਿਆਵਾਂ- ਜਿਹਨਾਂ ਦਾ ਅੰਤ “ਤਾ” ਨਾਲ਼ ਹੁੰਦਾ ਹੈ- ਦੀ ਇੱਕ ਪੂਰੀ ਲੜ੍ਹੀ ਹੈ, ਜਿਸਦੀ ਸਾਵਧਾਨੀ ਨਾਲ਼ ਪਰਖ ਕੀਤੀ ਜਾਣੀ ਚਾਹੀਦੀ ਹੈ। ਉੱਪਯੋਗਤਾ, ਪ੍ਰਭੂਸੱਤਾ, ਪਵਿੱਤਰਤਾ ਬਾਰੇ ਸੋਚੋ; ਅਸੀਂ ਜਾਣਦੇ ਹਾਂ ਕਿ ਕੌਮੀਅਤ ਦੀ ਧਾਰਨਾ ਕਾਫੀ ਵਿਸ਼ਿਸ਼ਟ, ਸੰਸਕਾਰਕ ਮਾਣ-ਮੱਤੀ ਅਤੇ  ਸ਼ੱਕੀ ਭਾਵ-ਅਰਥ ਰੱਖਦੀ ਹੈ ਜਿਹਨਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਸਾਨੂੰ ਮਾਰਕੇਬਾਜ਼ੀ ਨਹੀਂ ਕਰਨੀ ਚਾਹੀਦੀ। ਸਿਰਫ ਇਸ ਲਈ ਕਿ ਸਾਨੂੰ ਹਰਮਨ-ਪਿਆਰਤਾ ਦੇ ਵਿਚਾਰ/ਧਾਰਨਾ ਦੀ ਜ਼ਰੂਰਤ ਹੈ, ਸਾਨੂੰ ਇਹਨਾਂ ਭਾਵ-ਅਰਥਾਂ ਨੂੰ ਨਜ਼ਰਅੰਦਾਜ ਨਹੀ ਕਰਨਾ ਚਾਹੀਦਾ।

ਇਹ ਅਖੌਤੀ ਕਵਿ ਰੂਪ ਹੀ ਹਨ ਜਿਹਨਾਂ ਵਿੱਚ “ਲੋਕਾਂ” ਨੂੰ ਰੂੜੀਵਾਦੀ ਤਰੀਕੇ ਨਾਲ਼ ਪੇਸ਼ ਕੀਤਾ ਜਾਂਦਾ ਹੈ, ਜਾਂ ਕਿਹਾ ਜਾਵੇ ਤਾਂ ਇੰਝ ਪੇਸ਼ ਕੀਤਾ ਜਾਂਦਾ ਹੈ ਜੋ ਰੂੜੀਵਾਦ ਨੂੰ ਹੱਲਾਸ਼ੇਰੀ ਦਿੰਦਾ ਹੈ। ਉਹ ਜਨਤਾ ਨੂੰ ਅਬਦਲ ਗੁਣਾਂ, ਪਵਿੱਤਰ ਪਰਮਪਰਾਵਾਂ, ਕਲਾ-ਰੂਪਾਂ, ਆਦਤਾਂ ਅਤੇ ਰਿਵਾਜਾਂ, ਧਾਰਮਕਤਾ, ਜੱਦੀ ਦੁਸ਼ਮਣਾ, ਅਜਿੱਤ ਤਾਕਤ ਆਦਿ ਦਾ ਰੂਪ ਪ੍ਰਦਾਨ ਕਰਦੇ ਹਨ। ਦੱਬੇ ਅਤੇ ਦਬਾਉਣ ਵਾਲਿਆਂ, ਲੁਟੀਦਿਆਂ ਅਤੇ ਲੋਟੂਆਂ, ਠਗਾਂ ਅਤੇ ਜਿਹਨਾਂ ਨੂੰ ਠੱਗਿਆ ਜਾ ਰਿਹਾ ਹੈ ਵਿਚਕਾਰ ਇੱਕ ਅਲੌਕਿਕ ਏਕਤਾ ਦਿਖਾਈ ਦਿੰਦੀ ਹੈ; ਕਿਸੇ ਵੀ ਹਾਲਤ ‘ਚ ਇਹ “ਤੁੱਛ” ਕਿਰਤੀ ਲੋਕਾਂ ਅਤੇ ਉਹਨਾਂ ਉੱਪਰ ਬੈਠੇ ਲੋਕਾਂ ਵਿਚਲੇ ਵਿਰੋਧ ਦਾ ਸਵਾਲ ਨਹੀਂ ਰਹਿ ਜਾਂਦਾ।

‘ਲੋਕਾਂ’ ਦੀ ਇਸ ਧਾਰਨਾ ਨਾਲ਼ ਜੋ ਠੱਗੀ ਕੀਤੀ ਗਈ ਹੈ, ਇਸਦਾ ਇਤਿਹਾਸ ਲੰਬਾ ਅਤੇ ਗੁੰਝਲਦਾਰ ਹੈ- ਇਹ ਜਮਾਤੀ ਸੰਘਰਸ਼ ਦਾ ਇਤਿਹਾਸ ਹੈ। ਏਥੇ ਅਸੀਂ ਇਸ ਵਿਸ਼ੇ ‘ਚ ਨਹੀਂ ਜਾਣਾ ਚਹੁੰਦੇ- ਏਥੇ ਅਸੀਂ ਸਿਰਫ ਠੱਗੀ ਦੇ ਤੱਥ ਨੂੰ ਅੱਖਾਂ ਸਾਹਵੇਂ ਰੱਖਣ ਦੇ ਚਾਹਵਾਨ ਹਾਂ, ਜਦ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਇੱਕ ਹਰਮਨ-ਪਿਆਰੀ ਕਲਾ ਦੀ ਜਰੂਰਤ ਹੈ ਤਾਂ ਉਸਤੋਂ ਸਾਡਾ ਭਾਵ ਹੁੰਦਾ ਹੈ- ਵਿਆਪਕ ਲੋਕਾਂ ਲਈ ਕਲਾ, ਉਹਨਾਂ ਬਹੁ-ਗਿਣਤੀ ਲੋਕਾਂ ਲਈ ਜਿਹਨਾਂ ਨੂੰ ਘੱਟ-ਗਿਣਤੀ ਲੋਕਾਂ ਦੁਆਰਾ ਦਬਾਇਆ ਜਾਂਦਾ ਹੈ- ਖੁਦ ਲੋਕ-ਪੈਦਾਵਾਰ ਕਰਨ ਵਾਲੇ ਲੋਕ, ਜੋ ਹੁਣ ਤੱਕ ਸਿਆਸਤ ਲਈ ਇੱਕ ਵਸਤੂ ਸਨ ਜਿਹਨ੍ਹਾ ਨੂੰ ਹੁਣ ਸਿਆਸਤ ਕਰਤਾ ਬਣ ਜਾਣਾਂ ਚਾਹੀਦਾ। ਸਾਨੂੰ ਯਾਦ ਰੱਖਣਾਂ ਚਾਹੀਦਾ ਕਿ ਲੋਕਾਂ ਨੂੰ ਤਾਕਤਵਰ ਸੰਸਥਾਵਾਂ ਦੁਆਰਾ, ਬਣਾਵਟੀ ਅਤੇ ਧੱਕ ਨਾਲ਼ ਸ਼ਰਤਬੱਧ ਕਰਕੇ ਪੂਰਨ ਰੂਪ ਵਿੱਚ ਵਿਕਸਤ ਹੋਣ ਤੋਂ ਰੋਕਿਆ ਗਿਆ ਹੈ ਅਤੇ ਇਸ ਤਰ੍ਹਾਂ ਹਰਮਨ-ਪਿਆਰਤਾ ਦੀ ਧਾਰਨਾ ‘ਤੇ ਅਣ-ਇਤਿਹਸਕ, ਸਥਿਰ ਅਤੇ ਅਵਿਕਾਸਸ਼ੀਲਤਾ ਦਾ ਠੱਪਾ ਲਾ ਦਿੱਤਾ ਗਿਆ ਹੈ। ਅਸੀਂ ਹਰਮਨ-ਪਿਆਰਤਾ ਦੇ ਅਜਿਹੇ ਵਿਚਾਰਾਂ ਨਾਲ਼ ਸਰੋਕਾਰ ਨਹੀਂ ਰੱਖਦੇ- ਉਲਟਾ ਸਾਨੂੰ ਇਸ ਨਾਲ਼ ਲੜਨਾ ਪਵੇਗਾ।

ਹਰਮਨ-ਪਿਆਰਤਾ ਦੀ ਸਾਡੀ ਧਾਰਨਾ ਉਹਨਾ ਲੋਕਾਂ ਨਾਲ਼ ਸਬੰਧਤ ਹੈ ਜੋ ਨਾ ਸਿਰਫ ਇਤਿਹਾਸਕ ਵਿਕਾਸ ਵਿੱਚ ਪੂਰੀ ਸ਼ਮੂਲੀਅਤ ਕਰਦੇ ਹਨ ਸਗੋਂ ਉੱਦਮ ਨਾਲ਼ ਉਸ ‘ਤੇ ਅਧਿਕਾਰ ਕਰ ਲੈਂਦੇ ਹਨ- ਉਸਦੀ ਗਤੀ ਨੂੰ ਤਾਕਤ ਦਿੰਦੇ ਹਨ ਅਤੇ ਉਸਦੀ ਦਿਸ਼ਾ ਨਿਰਧਾਰਤ ਕਰਦੇ ਹਨ। ਸਾਡੇ ਦਿਮਾਗ ‘ਚ ਉਹ ਲੋਕ ਹਨ ਜੋ ਇਤਿਹਾਸ ਬਣਾਉਂਦੇ ਹਨ, ਦੁਨੀਆਂ ਨੂੰ ਬਦਲਦੇ ਹਨ ਅਤੇ ਖੁਦ ਨੂੰ ਵੀ। ਸਾਡੇ ਦਿਮਾਗ ਵਿੱਚ ਸੰਘਰਸ਼ਸ਼ੀਲ ਲੋਕ ਹਨ ਅਤੇ ਇਸ ਲਈ ਹਰਮਨ-ਪਿਆਰਤਾ ਦੀ ਇੱਕ ਜੁਝਾਰੂ ਧਾਰਨਾ ਹੈ।

ਹਰਮਨਪਿਅਰਤਾ ਦਾ ਅਰਥ ਹੈ- ਵਿਆਪਕ ਜਨਤਾ ਨੂੰ ਸਮਝਾਉਣ ਵਾਲੇ, ਉਹਨਾਂ ਦੇ ਪ੍ਰਗਟਾਵੇ ਦੇ ਰੂਪਾਂ ਨੂੰ ਅਪਣਾਉਣਾ ਅਤੇ ਅਮੀਰ ਕਰਨਾ, ਉਹਨਾਂ ਦੇ ਪੱਖ ਨੂੰ ਸਮਝਣਾ, ਉਹਨਾਂ ਨੂੰ ਪ੍ਰਮਾਣਿਤ ਕਰਨਾ ਅਤੇ ਉਸ ਵਿੱਚ ਸੁਧਾਰ ਕਰਨਾ, ਲੋਕਾ ਦੇ ਸਭ ਤੋਂ ਅਗਾਂਹਵਧੂ  ਹਿੱਸੇ ਦੀ ਨੁਮਾਇੰਦਗੀ ਕਰਨਾ ਤਾਂ ਕਿ ਉਹ ਅਗਵਾਈ ਹਾਸਲ ਕਰ ਸਕਣ ਅਤੇ ਇਸ ਲਈ ਲੋਕਾਂ ਦੇ ਦੂਸਰੇ ਹਿੱਸੇ ਲਈ ਵੀ ਚੇਤੰਨ ਹੋ ਸਕਣ, ਪ੍ਰੰਪਰਾਵਾਂ ਨੂੰ ਸਬੰਧਤ ਕਰਨਾ ਅਤੇ ਉਹਨਾਂ ਨੂੰ ਵਿਕਸਤ ਕਰਨਾ। ਕੌਮ ਦੀ ਵਰਤਮਾਨ ਸ਼ਾਸਕ ਜਮਾਤ ਦੀਆਂ “ਉਪਲੱਬਧੀਆਂ” ਨੂੰ ਲੋਕਾਂ ਦੇ ਉਸ ਹਿੱਸੇ ਤੱਕ ਲੈ ਕੇ ਜਾਣਾ ਜੋ ਅਗਵਾਈ ਲਈ ਸੰਘਰਸ਼ੀਲ ਹਨ।

ਹੁਣ ਅਸੀਂ ਯਥਾਰਥਵਾਦ ਦੀ ਧਾਰਨਾ ਨੂੰ ਲੈਂਦੇ ਹਾਂ। ਇਸ ਸੰਕਲਪ ਨੂੰ ਵੀ ਵਰਤੋਂ ਤੋਂ ਪਹਿਲਾਂ ਸਪੱਸ਼ਟ ਕਰਨ ਦੀ ਜਰੂਰਤ ਹੈ ਕਿਉਂਕਿ ਇਹ ਇੱਕ ਪੁਰਾਣਾ ਸੰਕਲਪ ਹੈ ਅਤੇ ਕਈਆਂ ਦੁਆਰਾ ਇਸ ਨੂੰ ਕਈ ਮੰਤਵਾਂ ਲਈ ਇਸਤੇਮਾਲ ਕੀਤਾ ਗਿਆ ਹੈ। ਇਹ ਜਰੂਰੀ ਹੈ ਕਿਉਂਕਿ ਲੋਕ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸਿਰਫ ਜਬਤੀ ਰਾਹੀਂ ਹੀ ਹਾਂਸਲ ਕਰ ਸਕਦੇ ਹਨ। ਸਾਹਿਤਕ ਰਚਨਾਵਾਂ ‘ਤੇ ਫੈਕਟਰੀਆਂ ਦੀ ਤਰ੍ਹਾਂ ਕਾਬਜ਼ ਨਹੀਂ ਹੋਇਆ ਜਾ ਸਕਦਾ; ਪ੍ਰਗਟਾਵੇ ਦੇ ਸਾਹਿਤਕ ਰੂਪਾਂ ‘ਤੇ ‘ਪੇਟੈਂਟ’ ਵਾਂਗ ਕਬਜ਼ਾ ਨਹੀਂ ਕੀਤਾ ਜਾ ਸਕਦਾ। ਏਥੋਂ ਤੱਕ ਕਿ ਲੇਖਣ ਦੇ ਯਥਾਰਥਵਾਦੀ ਤਰੀਕੇ- ਜਿਸਨੇ ਸਾਹਿਤ ਦੇ ਬਹੁਤ ਭਿੰਨ-ਭਿੰਨ ਉਦਾਹਰਣ ਪੇਸ਼ ਕੀਤੇ ਹਨ- ਵਿੱਚ ਵੀ ਉਸ ਨੂੰ ਕਦ, ਕਿਸ ਤਰ੍ਹਾ ਅਤੇ ਕਿਸ ਜਮਾਤ ਦੁਆਰਾ ਇਸਤੇਮਾਲ ਕੀਤਾ ਗਿਆ ਹੈ, ਇਸ ਦੀਆਂ ਸੂਖਮ ਤਫਸੀਲਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਜਦ ਕਿ ਲੋਕ ਸਾਡੀਆਂ ਅੱਖਾਂ ਸਾਹਵੇਂ ਸੰਘਰਸ਼ਸ਼ੀਲ ਹਨ ਅਤੇ ਯਥਾਰਥ ਨੂੰ ਬਦਲ ਰਹੇ ਹਨ। ਤਦ ਸਾਨੂੰ ਬਿਰਤਾਂਤ (ਬਿਰਤਾਂਤ  ਜਾਂ ਬਿਰਤਾਂਤ ਰੂਪਾਂ)  “ਅਜਮਾਏ” ਨਿਯਮਾਂ, ਪੂਜਣ-ਯੋਗ ਸਾਹਿਤਕ ਨਮੂਨਿਆਂ, ਸਹੁਜ਼ਸ਼ਾਸਤਰ ਦੇ ਸਦੀਵੀ ਨਿਯਮਾਂ ਨਾਲ਼ ਚਿੰਬੜਨਾ ਨਹੀਂ ਚਾਹੀਦਾ। ਸਾਨੂੰ ਯਥਾਰਥਵਾਦ ਨੂੰ ਮੌਜੂਦਾ ਵਿਸ਼ੇਸ਼ ਰਚਨਾਵਾਂ ਤੋਂ ਹੂਬਹੂ ਨਹੀਂ ਲੈਣਾਂ ਚਾਹੀਦਾ ਸਗੋਂ ਸਾਨੂੰ ਹਰ ਸਾਧਨ ਦਾ ਇਸਤੇਮਾਲ ਕਰਨਾ ਪਵੇਗਾ- ਪੁਰਾਣਾ ਅਤੇ ਨਵਾਂ, ਅਜਮਾਇਆ ਅਤੇ ਅਣ-ਅਜਮਾਇਆ , ਕਲਾ ਤੋਂ ਲਿਆ ਗਿਆ ਜਾਂ ਦੂਸਰੇ ਸ੍ਰੋਤਾਂ ਤੋਂ ਲਿਆ ਗਿਆ- ਤਾਂ ਕਿ ਯਥਾਰਥ ਨੂੰ ਲੋਕਾਂ ਲਈ ਅਜਿਹੇ ਰੂਪ ਵਿੱਚ ਪੇਸ਼ ਕੀਤਾ ਜਾ ਸਕੇ ਜਿਸ ਵਿੱਚ ਉਹ ਮੁਹਾਰਤ ਹਾਂਸਲ ਕਰ ਸਕਣ। ਸਾਨੂੰ ਧਿਆਨ ਰੱਖਣਾ ਪਵੇਗਾ ਕਿ ਕਿਸੇ ਖਾਸ ਕਾਲਖੰਡ ਦੇ ਨਾਵਲ ਦੇ ਕਿਸੇ ਇੱਕ ਖਾਸ ਇਤਿਹਾਸਕ ਰੂਪ ਦਾ ਯਥਾਰਥਵਾਦੀ ਨਾਵਲ ਦੇ ਰੂਪ ਵਿੱਚ ਵਰਨਣ ਨਾ ਕੀਤਾ ਜਾਵੇ- ਜਿਵੇਂ ਕਿ ਬਾਲਜਾਕ ਜਾਂ ਤਾਲਸਤਾਏ ਦੇ ਨਾਵਲ- ਜਿਸ ਨਾਲ਼ ਕਿ ਯਥਾਰਥਵਾਦ ਦੇ ਰਸਮੀ ਸ਼ਾਬਦਿਕ ਮਾਪਦੰਡ ਨਾ ਪੈਦਾ ਹੋਣ। ਸਾਨੂੰ ਇੰਝ ਨਹੀਂ ਕਹਿਣਾ ਚਾਹੀਦਾ ਕਿ ਯਥਾਰਥਵਾਦੀ ਲੇਖਣ ਸਿਰਫ ਤਦ ਹੋਵੇਗਾ ਜਦ ਅਸੀਂ ਹਰ ਇੰਕ ਚੀਜ਼ ਨੂੰ ਸੁੰਘ ਸਕੀਏ, ਚੱਖ ਸਕੀਏ ਅਤੇ ਮਹਿਸੂਸ ਕਰ ਸਕੀਏ, ਜਦ ਵਾਤਾਵਰਣ “ਹੋਵੇ” ਅਤੇ ਕਥਾਨਕ ਇੰਝ ਘੜੇ ਜਾਣ ਕਿ ਉਹ ਪਾਤਰਾਂ ਦੇ ਮਨੋਵਿਸ਼ਲੇਸ਼ਣ ਵੱਲ ਲੈ ਜਾਣ। ਸਾਡੇ ਯਥਾਰਥਵਾਦ ਦਾ ਸੰਕਲਪ ਵਿਆਪਕ ਅਤੇ ਸਿਅਸੀ- ਸਭ ਰੂੜੀਆਂ ਤੋਂ ਉੱਪਰ ਹੋਣਾ ਚਾਹੀਦਾ।  ਯਥਾਰਥਵਾਦ ਦਾ ਅਰਥ ਹੈ ਸਮਾਜ ਅੰਦਰ ਕਾਰਜ-ਕਾਰਨ-ਸਬੰਧਾਂ ਦੇ ਸਮੂਹਾਂ ਦੀ ਨਿਸ਼ਾਨਦੇਹੀ ਕਰਨਾ/ ਚੀਜ਼ਾਂ ਬਾਰੇ ਪ੍ਰਚੱਲਤ ਨਜ਼ਰੀÂਾ ਜੋ ਕਿ ਸੱਤਾਧਾਰੀ ਜਮਾਤ ਦਾ ਨਜ਼ਰੀਆ ਹੈ- ਨੂੰ ਬੇਨਕਾਬ ਕਰਨਾ/ ਉਸ ਜਮਾਤ ਦੇ ਨਜ਼ਰੀਏ ਤੋਂ ਲਿਖਣਾ ਜੋ ਕਿ ਉਹਨਾਂ ਗੰਭੀਰ ਸਮੱਸਿਆਵਾਂ ਦਾ ਜਿਸ ਦਾ ਮਨੁੱਖੀ ਸਮਾਜ ਸ਼ਿਕਾਰ ਹੈ ਵਿਸਥਾਰਤ ਹੱਲ ਪੇਸ਼ ਕਰਦਾ ਹੈ/ ਜਾਂ ਵਿਕਾਸ ਦੇ ਤੱਤਾਂ ‘ਤੇ ਜ਼ੋਰ ਦੇਣਾ / ਮੂਰਤ ਨੂੰ ਸੰਭਵ ਬਣਾਉਣਾਂ ਅਤੇ ਇਸ ਤੋਂ ਅਮੂਰਤ ਨੂੰ ਸੰਭਵ ਬਣਾਉਣਾ।                  

ਇਹ ਵਿਆਪਕ ਨਿਯਮ ਹਨ ਅਤੇ ਇਹਨਾਂ ਨੂੰ ਵਿਸਥਾਰਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹਨਾਂ ਨਿਯਮਾਂ ਦਾ ਪਾਲਣ ਕਰਦਿਆਂ ਹੋਇਆਂ ਸਾਨੂੰ ਕਲਾਕਾਰ ਨੂੰ ਉਸਦੀ ਕਲਪਨਾ, ਉਸਦੀ ਮੌਲਿਕਤਾ, ਉਸਦੇ ਹਾਸ-ਰੱਸ ਅਤੇ ਉਸਦੀਆਂ ਖੋਜਾਂ ਨੂੰ ਵਰਤਣ ਦੀ ਇਜਾਜ਼ਤ ਦੇਣੀ ਚਾਹੀਦੀ। ਸਾਨੂੰ ਅਤਿ ਵਿਸਥਾਰੇ ਸਾਹਿਤਕ ਨਮੂਨਿਆਂ ਨਾਲ਼ ਚਿਪਕਣਾ ਨਹੀਂ ਚਾਹੀਦਾ। ਸਾਨੂੰ ਕਲਾਕਾਰ ਨੂੰ ਕੱਟੜ ਤਰੀਕੇ ਨਾਲ਼ ਪਰਿਭਾਸ਼ਤ ਬਿਰਤਾਂਤ-ਰੂਪਾਂ ਨਾਲ਼ ਬੰਨਣਾ ਨਹੀਂ ਚਾਹੀਦਾ।

ਸਾਨੂੰ ਇਹ ਸਥਾਪਿਤ ਕਰਨਾ ਪਵੇਗਾ ਕਿ ਲੇਖਣ ਦੇ ਅਖੌਤੀ ਭਾਵਮਈ (ਇੰਦਰੀਆਵੀ) ਤਰੀਕੇ- ਜਿੱਥੇ ਕੋਈ ਸੁੰਘ ਸਕੇ, ਚੱਖ ਸਕੇ ਅਤੇ ਹਰੇਕ ਚੀਜ਼ ਨੂੰ ਮਹਿਸੂਸ ਕਰ ਸਕੇ- ਨੂੰ ਲੇਖਣ ਦੇ ਯਥਾਰਵਾਦੀ ਰੂਪ ਨਾਲ਼ ਆਪ-ਮੁਹਾਰੇ : ਜੋੜਕੇ ਨਹੀਂ ਦੇਖਿਆ ਜਾਣਾ ਚਾਹੀਦਾ; ਸਾਨੂੰ ਇਹ ਮੰਨਣਾ ਪਵੇਗਾ ਕਿ ਅਜਿਹੀਆਂ ਰਚਨਾਵਾਂ ਹਨ ਜੋ ਕਿ ਭਾਵਮਈ (ਇੰਦਰੀਆਵੀ) ਰੂਪ ‘ਚ ਲਿਖੀਆਂ ਗਈਆਂ ਹਨ ਪਰ ਯਥਾਰਥਵਾਦੀ ਨਹੀਂ ਹਨ; ਅਤੇ ਅਜਿਹੀਆਂ ਯਥਾਰਥਵਾਦੀ ਰਚਨਾਵਾਂ ਹਨ ਜੋ ਕਿ ਭਾਵਮਈ (ਇੰਦਰੀਗਤ) ਸ਼ੈਲੀ ਵਿੱਚ ਨਹੀਂ ਲਿਖੀਆਂ ਗਈਆਂ ਹਨ। ਸਾਨੂੰ ਧਿਆਨ ਨਾਲ਼ ਇਸ ਪੱਖ ਦੀ ਜਾਂਚ ਕਰਨੀ ਪਵੇਗੀ ਕੀ ਅਸੀਂ ਤਦ ਹੀ ਹਕੀਕਤ ‘ਚ ਇੱਕ ਉੱਤਮ  ਕਥਾਨਕ ਵਿਕਸਿਤ ਕਰਦੇ ਹਾਂ ਜਦ ਸਾਡਾ ਸਰਵਉੱਚ ਉਦੇਸ਼ ਪਾਤਰਾਂ ਦੇ ਆਤਮਕ ਜੀਵਨ ਨੂੰ ਪ੍ਰਗਟਾਉਣਾ ਹੋਵੇ। ਸਾਡੇ ਪਾਠਕ ਜੇਕਰ ਵੱਖ-ਵੱਖ ਸਾਹਿਤਕ ਪਰਪੰਚ ਨਾਲ਼ ਗੁੰਮਰਾਹ ਕੀਤੇ ਜਾਣ ਕਾਰਨ ਸਿਰਫ ਨਾਇਕਾਂ ਦੇ ਆਤਮਕ ਉਦਗਾਰ (Agitation) ਹੀ ਮਹਿਸੂਸ ਕਰਦੇ ਹਨ ਤਾਂ ਉਹਨਾਂ ਨੂੰ ਸ਼ਾਇਦ ਪਤਾ ਲੱਗੇ ਕਿ ਘਟਨਾਵਾਂ ਦੇ ਅਰਥ ਸਮਝਣ ਦੀ ਕੁੰਜੀ ਉਹਨਾਂ ਨੂੰ ਨਹੀਂ ਦਿੱਤੀ ਗਈ। ਵਿਆਪਕ ਰੂਪ ‘ਚ ਪਰਖੇ ਬਿਨਾ ਬਾਲਜ਼ਾਕ ਅਤੇ ਤਾਲਸਤਾਏ ਦੇ ਰਚਨਾਤਮਕ ਰੂਪਾਂ ਨੂੰ ਅਪਣਾਉਣ ਨਾਲ਼ ਅਸੀਂ ਆਪਣੇ ਪਾਠਕ-ਲੋਕਾਂ- ਨੂੰ ਓਨਾਂ ਹੀ ਅਕਾ ਦੇਵਾਂਗੇ, ਜਿੰਨਾਂ ਕਿ ਇਹ ਲੇਖਕ ਖੁਦ ਵੀ ਕਈ ਵਾਰ ਕਰਦੇ ਹਨ। ਯਥਾਰਥਵਾਦ ਸਿਰਫ ਰੂਪ ਦਾ ਸਵਾਲ ਨਹੀਂ ਹੈ, ਜੇਕਰ ਅਸੀਂ ਇਹਨਾ ਯਥਾਰਥਵਾਦੀਆਂ ਦੀ ਸ਼ੈਲੀ ਦੀ ਨਕਲ ਕਰਾਂਗੇ ਤਾਂ ਅਸੀਂ ਯਥਾਰਥਵਾਦੀ ਨਹੀਂ ਹੋਵਾਂਗੇ।

ਸਮਾਂ ਗਤੀਮਾਨ ਹੈ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹਨਾ ਲਈ ਬਹੁਤ ਬੁਰਾ ਹੁੰਦਾ ਜੋ ਮੂੰਹ ‘ਚ ਚਾਂਦੀ ਦਾ ਚਮਚਾ ਲੈਕੇ ਪੈਦਾ ਨਹੀਂ ਹੋਏ ਹਨ। ਤਰੀਕੇ ਖੁੰਝ ਜਾਂਦੇ ਹਨ, ਉਤਸ਼ਾਹ ਕੰਮ ਨਹੀਂ ਆਉਂਦਾ। ਨਵੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਨਵੇਂ ਤਰੀਕਿਆਂ ਦੀ ਮੰਗ ਕਰਦੀਆਂ ਹਨ। ਯਥਾਰਥ ਬਦਲਦਾ ਹੈ ਅਤੇ; ਇਸ ਨੂੰ ਪੇਸ਼ ਕਰਨ ਲਈ ਪੇਸ਼ਕਾਰੀ ਦਾ ਤਰੀਕਾ ਵੀ ਬਦਲਣਾ ਚਾਹੀਦਾ। ਖਿਲਾਅ ‘ਚੋਂ ਕੁਝ ਪੈਦਾ ਨਹੀਂ ਹੁੰਦਾ, ਨਵਾਂ ਪੁਰਾਣੇ ‘ਚੋਂ ਪੈਦਾ ਹੁੰਦਾ ਹੈ ਅਤੇ ਸਿਰਫ ਇਸੇ ਕਰਕੇ ਇਹ ਨਵਾਂ ਹੈ। ਜ਼ਾਬਰ ਹਰ ਯੁੱਗ ਵਿੱਚ ਇੱਕੋ ਤਰੀਕੇ ਨਾਲ਼ ਕੰਮ ਨਹੀਂ ਕਰਦੇ। ਉਹਨਾ ਨੂੰ ਹਮੇਸ਼ਾ ਇੱਕ ਹੀ ਤਰੀਕੇ ਨਾਲ਼ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾ ਕੋਲ ਫੜੇ ਜਾਣ ਤੋਂ ਬਚਣ ਲਈ ਬਹੁਤ ਸਾਰੇ ਸਾਧਨ ਹਨ। ਉਹ ਆਪਣੇ ਫੌਜੀ ਮਾਰਗਾਂ ਨੂੰ ਆਵਾਜਾਈ ਮਾਰਗ ਕਹਿੰਦੇ ਹਨ, ਉਹਨਾ ਦੇ ਟੈਂਕ ਇੰਝ ਰੰਗੇ ਹੋਏ ਹਨ ਕਿ ਉਹ ਮੈਕਡਫ ਦੇ ਜੰਗਲ (ਵਿਲੀਅਮ ਸ਼ੇਕਸਪੀਅਰ ਦੇ ਨਾਟਕ ਮੈਕਬੇਥ ਵਿੱਚ ਮੈਕਡਫ ਦੀ ਫੌਜ ਰੁੱਖਾਂ ਦੀਆਂ ਟਾਹਣੀਆਂ ਪਿੱਛੇ ਲੁਕ ਕੇ ਮੈਕਬੇਥ ਨੂੰ ਘੇਰਦੀ ਹੈ) ਜਿਹੇ ਦਿਸਦੇ ਹਨ। ਉਹਨਾ ਦੇ ਏਜੰਟ ਫੋੜਿਆਂ ਨਾਲ਼ ਭਰੇ ਆਪਣੇ ਹੱਥ ਦਿਖਾਉਂਦੇ ਹਨ ਜਿਵੇਂ ਕਿ ਉਹ ਮਜ਼ਦੂਰ ਸਨ। ਨਹੀਂ, ਸ਼ਿਕਾਰੀ ਨੂੰ ਸ਼ਿਕਾਰ ਵਿੱਚ ਬਦਲਣਾ ਕਾਢ ਦੀ ਮੰਗ ਕਰਦਾ ਹੈ। ਜੋ ਕੱਲ ਹਰਮਨਪਿਆਰਾ ਸੀ ਅੱਜ ਨਹੀਂ ਹੈ ਕਿਉਂਕਿ ਲੋਕ ਅੱਜ ਉਹ ਨਹੀਂ ਹਨ ਜੋ ਕਿ ਉਹ ਕੱਲ ਸਨ।

ਕੋਈ ਵੀ ਜੋ ਰੂਪਵਾਦੀ ਤੁਅੱਸਬਾਂ ਦਾ ਸ਼ਿਕਾਰ ਨਹੀਂ ਹੈ ਜਾਣਦਾ ਹੈ ਕਿ ਸੱਚ ਨੂੰ ਕਈ ਤਰੀਕਿਆਂ ਨਾਲ਼ ਦਬਾਇਆ ਜਾ ਸਕਦਾ ਹੈ ਅਤੇ ਉਹ ਕਈ ਤਰਕਿਆਂ ਨਾਲ਼ ਪ੍ਰਗਟ ਹੋਣਾ ਚਾਹੀਦਾ।

ਮੈਂ ਇਹ ਤਜ਼ਰਬੇ ਨਾਲ਼ ਕਹਿ ਰਿਹਾ ਹਾਂ ਕਿ ਮਜ਼ਦੂਰ ਜਮਾਤ ਨੂੰ ਦਲੇਰ ਅਤੇ ਅਸਧਾਰਨ ਚੀਜ਼ਾਂ ਰਚਣ ਤੋਂ ਡਰਨ ਦੀ ਜਰੂਰਤ ਨਹੀਂ ਹੈ, ਜਦ ਤੱਕ ਕਿ ਇਹ ਉਸਦੀਆਂ ਹਕੀਕੀ ਹਾਲਤਾਂ ਨਾਲ਼ ਸਬੰਧਤ ਹੁੰਦੀ ਹੈ। ਸੱਭਿਅਕ ਲੋਕ ਅਤੇ ਕਲਾ ਦੇ ਕਦਰਦਾਨ ਹੀ ਹੋਣਗੇ ਜੋ ਟੋਕਣਗੇ- “ਆਮ ਲੋਕ ਇਸ ਨੂੰ ਨਹੀਂ ਸਮਝਦੇ”; ਪਰ ਆਮ ਲੋਕ ਅਚਾਨਕ ਉਹਨਾਂ ਨੂੰ ਕਿਨਾਰੇ ਧੱਕ ਦੇਣਗੇ ਅਤੇ ਕਲਾਕਾਰਾਂ ਨਾਲ਼ ਸਿੱਧੀ ਸਮਝ ਸਥਾਪਿਤ ਕਰ ਲੈਣਗੇ। ਕੁਝ ਅਡੰਬਰੀ ਉੱਚੀ ਬਕਵਾਸ ਹਨ ਜੋ ਕਿ ਕੁਲੀਨ ਢਾਣੀਆਂ ਲਈ ਹਨ ਅਤੇ ਜਿਹਨਾਂ ਦਾ ਸੰਕਲਪ ਨਵੀਆਂ ਕੁਲੀਨ ਢਾਣੀਆਂ ਬਣਾਉਣਾ ਹੈ- ਪੁਰਾਣੇ ਨਮਦੇ ਦੇ ਟੋਪ ਨੂੰ ਦੋ ਹਜ਼ਾਰਵੀ ਵਾਰ ਫਿਰ ਤੋਂ ਬਣਾਉਣਾ, ਪੁਰਾਣੇ ਸੜੇ ਹੋਏ ਮਾਸ ‘ਤੇ ਦੁਬਾਰਾ ਮਸਾਲਾ ਲਗਾਉਣਾ- ਇਹਨਾਂ ਨੂੰ ਪ੍ਰੋਲੇਤਾਰੀ ਬੇਭਰੋਸਗੀ ਪਰ ਫਿਰ ਵੀ ਸਹਿਣਯੋਗ ਤਰੀਕੇ ਨਾਲ਼ ਸਿਰ ਹਿਲਾਕੇ ਖਾਰਜ ਕਰਦਾ ਹੈ (ਉਹ ਕਿੰਨੀ ਮਾੜੀ ਹਾਲਤ ਵਿੱਚ ਹੋਣਗੇ!)। ਇਹ ਕੋਈ ਮਸਾਲਾ ਨਹੀਂ ਸੀ ਜਿਸ ਨੂੰ ਖਾਰਜ ਕੀਤਾ ਗਿਆ ਸੀ ਸਗੋਂ ਸੜ ਰਿਹਾ ਮਾਸ ਸੀ: ਦੋ ਹਜ਼ਾਰ ਵਾਰ ਬਣਾਇਆ ਜਾਣਾ ਨਹੀਂ, ਸਗੋਂ ਪੁਰਾਣਾ ਨਮਦਾ ਸੀ। ਜਦ ਉਹ ਖੁਦ ਰੰਗਮੰਚ ਲਈ ਲਿਖਦੇ ਸਨ ਅਤੇ ਉਸਦਾ ਮੰਚਨ ਕਰਦੇ ਸਨ ਤਾਂ ਉਹ ਹੈਰਾਨੀਜਨਕ ਰੂਪ ਵਿੱਚ ਮੌਲਿਕ ਸਨ। ਅਖੌਤੀ ਐਜਿਟ-ਪਰਾਪ ਕਲਾ, ਜਿਸ ‘ਤੇ ਲੋਕ- ਹਮੇਸ਼ਾ ਚੰਗੇ ਲੋਕ ਨਹੀਂ- ਆਪਣਾ ਨੱਕ-ਬੁੱਲ ਬਣਾਉਦੇ ਸਨ- ਨਵੀਆਂ ਕਲਾਤਮਕ ਵਿਧੀਆਂ ਅਤੇ ਪ੍ਰਟਾਵੇ ਦੇ ਰੂਪਾਂ ਦੀ ਖਾਣ ਸੀ। ਜਿੱਥੋਂ ਅਸਲੀ ਹਰਮਨਪਿਆਰੀ ਕਲਾ ਦੇ ਯੁਗਾਂ ਤੋਂ ਭੁੱਲੇ ਸ਼ਾਨਦਾਰ ਤੱਤ ਉਗਮਣੇ ਸ਼ੁਰੂ ਹੋਏ; ਜਿਸ ਵਿੱਚ ਨਵੇਂ ਸਮਾਜਿਕ ਉਦੇਸ਼ਾ ਲਈ ਵੱਡੀਆਂ ਤਬਦੀਲੀਆਂ ਕੀਤੀਆ ਗਈਆਂ ਸਨ, ਲੁਭਾਉਣੇ ਉਤਾਰ-ਚੜਾਅ, ਖੂਬਸੂਰਤ ਸਰਲੀਕਰਨ, ਜਿਸ ਵਿੱਚ ਅਸਚਰਜ ਸ਼ਾਨ ਅਤੇ ਤਾਕਤ ਅਤੇ ਗੁੰਝਲਤਾਵਾਂ ਲਈ ਨਿਡਰ ਨਜ਼ਰ ਸੀ। ਇਸ ‘ਚੋਂ ਬਹੁਤ ਕੁਝ ਮੁੱਢਕਦੀਮੀ ਹੋ ਸਕਦਾ ਹੈ ਪਰ ਉਹਨਾ ਅਰਥਾਂ ਵਿੱਚ ਨਹੀਂ ਜਿਹਨਾ ਅਰਥਾਂ ਵਿੱਚ ਬੁਰਜੂਆ ਕਲਾ ਦਾ ਆਧਿਆਤਮਕ ਚੌਖਟਾ, ਜੋ ਕਿ ਸਿਰਫ ਅਭਾਸੀ ਤੋਰ ‘ਤੇ ਸੂਖਮ, ਮੁੱਢਕਦੀਮੀ ਹੁੰਦਾ ਹੈ। ਪੇਸ਼ਕਾਰੀ ਦੀ ਇੱਕ ਸ਼ੈਲੀ ਨੂੰ ਇਸ ਲਈ ਖਾਰਜ਼ ਕਰਨਾ ਕਿ ਉਸਦੀਆਂ ਕੁਝ ਰਚਨਾਵਾਂ ਅਸਫਲ ਰਹੀਆਂ, ਇੱਕ ਗਲਤੀ ਹੋਵੇਗੀ। ਅਜਿਹੀ ਸ਼ੈਲੀ ਨੂੰ ਜੋ ਬੁਨਿਆਦੀ ਤੱਥਾਂ ਲਈ ਗਹਿਰਾਈ ਤੱਕ ਜਾਣ ਅਤੇ ਅਮੂਰਤਨ ਨੂੰ ਸੰਭਵ ਬਣਾਉਣ ਲਈ- ਅਕਸਰ ਸਫਲਾਪੂਰਵਕ- ਯਤਨਸ਼ੀਲ ਹੈ।

ਇਸ ਲਈ ਹਰਮਨਪਿਆਰੀ ਕਲਾ ਅਤੇ ਯਥਾਰਵਾਦ ਦੇ ਪੈਮਾਨੇ ਨੂੰ ਉਦਾਰ ਅਤੇ ਸਾਵਧਾਨੀ ਨਾਲ਼ ਚੁਣਿਆ ਜਾਣਾ ਚਾਹੀਦਾ, ਇਸਨੂੰ ਸਿਰਫ ਮੌਜੂਦਾ ਯਥਾਰਥਵਾਦੀ ਅਤੇ ਹਰਮਨਪਿਆਰੀਆਂ ਰਚਨਾਵਾਂ ਤੋਂ ਗ੍ਰਹਿਣ ਨਹੀਂ ਕਰਨਾ ਚਾਹੀਦਾ, ਜਿਵੇਂ ਕਿ ਅਕਸਰ ਹੁੰਦਾ ਹੈ, ਇੰਝ ਕਰਦਿਆਂ ਹੋਇਆਂ ਕੋਈ ਰੂਪਵਾਦੀ ਮਾਪ-ਦੰਡ ‘ਤੇ ਪਹੁੰਚ ਜਾਵੇਗਾ ਅਤੇ ਉਹ ਸਿਰਫ ਰੂਪ ਵਿੱਚ ਹੀ ਹਰਮਨਪਿਆਰੀ ਕਲਾ ਅਤੇ ਯਥਾਰਥਵਾਦ ਹੋਵੇਗਾ।

ਕੋਈ ਵੀ ਰਚਨਾ ਯਥਾਰਥਵਾਦੀ ਹੈ ਜਾਂ ਨਹੀਂ ਇਹ ਸਿਰਫ ਇਸ ਗੱਲ ਤੋਂ ਨਿਰਧਾਰਤ ਨਹੀਂ ਹੋ ਸਕਦਾ ਕਿ ਇਹ ਉਹਨਾ ਮੌਜੂਦਾ ਰਚਨਾਵਾਂ ਵਾਂਗ ਹੈ ਜਾਂ ਨਹੀਂ ਜਿਹਨਾਂ ਨੂੰ ਯਥਾਰਵਾਦੀ ਕਿਹਾ ਜਾਂਦਾ ਹੈ, ਜਾਂ ਇਹ ਉਹਨਾ ਵਾਂਗ ਹੈ ਜਾਂ ਨਹੀਂ ਜੋ ਆਪਣੇ ਸਮੇਂ ਵਿੱਚ ਯਥਾਰਥਵਾਦੀ ਸਨ। ਕਲਾ-ਕਿਰਤ ਦੀ ਕਿਸੇ ਦੂਸਰੇ ਕਲਾਤਮਕ ਚਿਤਰਣ ਨਾਲ਼ ਤੁਲਨਾ ਕਰਨ ਦੀ ਬਜਾਇ ਹਰੇਕ ਮਾਮਲੇ ਵਿੱਚ ਕਲਾ-ਕਿਰਤ  ਵਿੱਚ ਜੀਵਨ ਦੇ ਚਿਤਰਣ ਦੀ ਖੁਦ ਉਸ ਜੀਵਨ ਨਾਲ਼, ਜਿਸਦਾ ਚਿਤਰਣ ਕੀਤਾ ਗਿਆ ਹੈ, ਨਾਲ਼ ਤੁਲਨਾ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਹਰਮਨਪਿਆਰਤਾ ਦਾ ਸਬੰਧ ਹੈ, ਇਸਦੀ ਇੱਕ ਬਹੁਤ ਹੀ ਰੂਪਵਾਦੀ ਪ੍ਰਕ੍ਰਿਆ ਵੀ ਹੈ ਜਿਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸਾਹਿਤਕ ਕਿਰਤ ਦੀ ਚੇਤੰਨਤਾ ਸਿਰਫ ਇਸ ਗੱਲ ਤੋਂ ਤੈਅ ਨਹੀਂ ਕੀਤੀ ਜਾ ਸਕਦੀ ਕਿ ਇਹ ਠੀਕ ਉਂਝ ਹੀ ਲਿਖੀ ਗਈ ਹੈ ਜਿਵੇਂ ਕਿ ਉਹ ਰਚਨਾਵਾਂ ਜਿਹਨਾਂ ਨੂੰ ਉਸ ਸਮੇਂ ਚੇਤੰਨ ਸਮਝਿਆ ਜਾਂਦਾ ਸੀ। ਉਹ ਦੂਸਰੀਆਂ ਕਿਰਤਾਂ ਵੀ ਜੋ ਆਪਣੇ ਸਮੇਂ ਵਿੱਚ ਚੇਤੰਨ ਸਨ ਹਮੇਸ਼ਾ ਆਪਣੇ ਤੋਂ ਪਹਿਲਾਂ ਦੀਆਂ ਕਿਰਤਾਂ ਵਾਂਗ ਨਹੀਂ ਲਿਖੀਆਂ ਗਈਆਂ। ਉਹਨਾਂ ਨੂੰ ਚੇਤੰਨ ਬਣਾਉਣ ਲਈ ਕਦਮ ਚੁੱਕੇ ਗਏ ਸਨ। ਉਸੇ ਤਰ੍ਹਾ ਸਾਨੂੰ ਅੱਜ ਨਵੀਆਂ ਰਚਨਾਵਾਂ ਦੀ ਚੇਤੰਨਤਾ ਲਈ ਕੁਝ ਜਰੂਰ ਕਰਨਾ ਚਾਹੀਦਾ। ਹਰਮਨਪਿਆਰਾ ਹੋਣਾ ਹੀ ਸਿਰਫ ਇੱਕ ਚੀਜ਼ ਨਹੀਂ ਹੈ, ਹਰਮਨਪਿਆਰਾ ਬਣਨਾ ਵੀ ਇੱਕ ਪ੍ਰਕ੍ਰਿਆ ਹੈ।

ਜੇਕਰ ਅਸੀਂ ਇੱਕ ਜਿਉਂਦੇ ਅਤੇ ਜੁਝਾਰੂ ਸਾਹਿਤ ਦੀ ਉਮੀਦ ਕਰਦੇ ਹਾਂ ਜੋ ਕਿ ਯਥਾਰਥ ਨਾਲ਼ ਪੂਰੀ ਤਰ੍ਹਾਂ ਗੰਢਿਆ ਹੋਵੇ ਅਤੇ ਜਿਸ ਵਿੱਚ ਯਥਾਰਥ ਦੀ ਪਕੜ ਹੋਵੇ- ਇੱਕ ਸੱਚਾ ਹਰਮਨਪਿਆਰਾ ਸਾਹਿਤ- ਤਾਂ ਸਾਨੂੰ ਯਥਾਰਥ ਦੀ ਤੇਜ਼ ਗਤੀ ਨਾਲ਼ ਕਦਮ ਮਿਲਾਉਣੇ ਚਾਹੀਦੇ ਹਨ। ਮਹਾਨ ਕਿਰਤੀ ਲੋਕ ਪਹਿਲਾਂ ਹੀ ਇਸ ਰਾਹ ‘ਤੇ ਹਨ । ਉਸਦੇ ਦੁਸ਼ਮਣਾ ਦੀਆਂ ਕਾਰਗੁਜ਼ਾਰੀਆਂ ਅਤੇ ਜ਼ੁਲਮ ਇਸਦਾ ਸਬੂਤ ਹਨ।              

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements