‘ਹੜ੍ਹ ਕੁੱਝ ਪ੍ਰਭਾਵ” —ਕਸ਼ਮੀਰ

sirsa hadd

ਪੀ.ਡੀ.ਐਫ਼. ਡਾਊਨਲੋਡ ਕਰੋ

”ਪਹਿਲਾਂ ਸਾੜਕੇ ਜੀਓ ਨਿਮਾਨੜੇ ਦਾ    

ਪਿੱਛੋਂ ਮੱਲਮਾਂ ਲਾਵਣੇ ਲੱਗਦੀਆਂ ਹੋ!”

ਬਕੌਲ ਵਾਰਿਸ ਸ਼ਾਹ, ਅਜਿਹਾ ਕੁੱਝ ਮੇਰੇ ਪਿੰਡ (ਦਮਦਮਾ, ਜ਼ਿਲ੍ਹਾ ਸਿਰਸਾ) ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵਾਪਰਿਆ। ਜਿਸ ਨੂੰ ਆਪ ਨਾਲ਼ ਸਾਂਝਾ ਕਰ ਰਿਹਾ ਹਾਂ।

12 ਜੁਲਾਈ ਦੀ ਰਾਤ ਲੋਕ ਆਪਣੇ ਕੰਮਾਂਕਾਰਾਂ ਦੇ ਥੱਕੇ ਟੁੱਟੇ ਨੀਂਦ ਦੀ ਗੋਦ ਵਿੱਚ ਘੂਕ ਸੁੱਤੇ ਪਏ ਸਨ। ਮੋਬਾਇਲਾਂ ਦੀਆਂ ਟਿਊਨਾਂ ਆਪਣੇ ਆਪਣੇ ਅੰਦਾਜ਼ ਵਿੱਚ ਸਿਸਕ ਉੱਠੀਆਂ ਤੇ ਗੁਰਦੁਵਾਰਿਆ ਦੇ ਲਾਊਡ ਸਪੀਕਰਾਂ ‘ਚੋਂ ਉੱਚੀਆਂ ਆਵਾਜਾਂ ਉੱਠੀਆਂ।

”ਸਾਧ ਸੰਗਤ ਜੀ ਨਾਲੀ (ਘੱਗਰ ਦਰਿਆ) ਦਾ ਬੰਨ੍ਹ ਫਿਰੋਜਾਬਾਦ ਤੋਂ ਟੁੱਟ ਗਿਆ ਹੈ। ਛੇਤੀ ਤੋਂ ਛੇਤੀ ਪਹੁੰਚੋਂ!” ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਹੁਤ ਥੋੜ੍ਹੇ ਹੀ ਨੇੜਲੇ ਪਿੰਡਾਂ ਦੇ ਲੋਕ ਗਏ। ਬੜੇ ਯਤਨ ਹੋਏ। ਬੰਨ ਬੱਝ ਗਿਆ, ਪਰ ਫੇਰ ਟੁੱਟ ਗਿਆ। ਦੂਰਦਰਾਜ ਦੇ ਪਿੰਡਾਂ ਦੇ ਲੋਕ ਸੁੱਤੇ ਰਹੇ।

ਸਵੇਰੇ ਉੱਠੇ, ਪਤਾ ਲੱਗਿਆ ਫੌਜ ਦੇ ਜਵਾਨ ਪਾੜ੍ਹ ਨੂੰ ਬੰਨਣ ਆ ਗਏ, ਲੋਕ ਅਵੇਸਲੇ ਹੋ ਗਏ। ਕੁਝ ਫੌਜ ਦਾ ਭਰੋਸਾ ਕਰਕੇ ਕਿ ਫੌਜੀਆਂ ਕੋਲ ਬੜੇ ਬੜੇ ਜਾਲ ਹੁੰਦੇ ਹਨ, ਮਿੰਟਾਂ ਸਕਿੰਟਾਂ ਵਿੱਚ ਬੰਨ੍ਹ, ਬੰਨ ਦਿੰਦੇ ਹਨ। ਜੋ ਕੁਝ ਹਿੰਮਤ ਵਾਲੇ ਚਲਕੇ ਉੱਥੇ ਪਹੁੰਚੇ ਫੌਜੀਆਂ ਨੇ ਨੇੜੇ ਨਾ ਫੜਕਣ ਦਿੱਤੇ। ਆਮ ਪੇਂਡੂ ਕਿਸਾਨਾਂ, ਖੇਤ-ਮਜ਼ਦੂਰਾਂ ਤੇ ਨੌਜਵਾਨ ਨੂੰ ਕਿਸੇ ਵੀ ਰਾਜਨੀਤਕ ਪਾਰਟੀ, ਧਾਰਮਿਕ ਸੰਸਥਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਾਮਬੰਦ ਨਾ ਕੀਤਾ। ਸਿੱਟੇ ਵਜੋਂ ਪਾੜ ਹੋਰ ਤਿੰਨ ਥਾਵਾਂ ਤੋਂ ਪੈ ਗਏ।

ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਪੋਲ ਖੁੱਲ੍ਹ ਗਈ। ਜੋ ਕਹਿ ਰਹੇ ਸਨ ਕਿ ਹੜ੍ਹਾਂ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਇੱਕ ਦੂਜੇ ਤੇ ਸ਼ਬਦੀ ਬਾਣ ਦਾਗ ਰਹੇ ਸਨ। ਜਦੋਂ ਪੱਤਰਕਾਰਾਂ ਨੇ ਸਰਕਾਰੀ ਅਧਿਕਾਰੀ ਨੂੰ ਪੁੱਛਿਆ ਕਿ ਆਪਣੇ ਅਗਾਉਂ ਹੜ੍ਹ ਪ੍ਰਬੰਧ ਨਾਲ ਕੀ ਵਾਪਰਿਆ। ਤਾਂ ਉਹਨਾਂ ਕੇਂਦਰ ਸਰਕਾਰ ਦੇ ਹੜ੍ਹਾਂ ਦੇ ਅਗਾਉਂ ਪ੍ਰਬੰਧਾਂ ਲਈ ਪੈਸਾ ਨਾ ਦੇਣ ਦਾ ਪੱਲਾ ਝਾੜ ਕੇ ਆਪਣੀ ਜਾਨ ਬਚਾਉਣੀ ਚਾਹੀ। ਪਰ ਕੇਂਦਰੀ ਮੰਤਰੀ ਦੇ ਕਹਿਣ ‘ਤੇ ਕਿ ਹਰਿਆਣੇ ਨੇ ਆਪਣੇ ਹਿੱਸੇ ਦੇ 15,700 ਕਰੋੜ ਦੇ ਲਗਭਗ ਆਇਆ ਧਨ ਅਜੇ ਤੱਕ ਇਹਨਾਂ ਪ੍ਰਬੰਧ ਲਈ ਛੇੜਿਆ ਤੱਕ ਨਹੀਂ। ਜਿਹੜੇ ਘੱਗਰ ਦੇ ਬੰਨਾਂ ਨੇ ਆਪਣੇ ਵਿੱਚੋਂ ਇਸ ਤੋਂ ਪਹਿਲਾ 43,000 ਕਿਊਸਿਕ ਤੋਂ 49,000 ਕਿਊਸਿਕ ਪਾਣੀ ਨੂੰ ਲੰਘਾਉਣ ਵਿੱਚ ਕੋਈ ਦਿੱਕਤ ਮਹਿਸੂਸ ਨਹੀਂ ਕੀਤੀ, ਉਹਨਾਂ ‘ਚ ਔਟੂ ਬੀਅਰ ਵਿੱਚੋਂ ਗੁਜ਼ਰੇ ਮਾਤਰ 16,000 ਕਿਊਸਕ ਪਾਣੀ ਨਾਲ਼ ਚਾਰ ਤੋਂ ਪੰਜ ਜਗ੍ਹਾ ਤੱਕ ਪਾੜ ਪੈ ਗਏ। ਤੇ ਵੇਖਦਿਆ ਵੇਖਦਿਆ ਫਿਰੋਜਾਬਾਦ, ਨਗਰਾਨਾ, ਕੁੱਲਢਾਣੀ, ਫਕੀਰਾਵਾਲੀ ਥੇੜੀ, ਨਕੌੜਾ, ਮਸਤਾਨਗੜ, ਜੀਵਨ ਨਗਰ, ਖੂਹ ਅਮਰਾਸਰ, ਮਿਰਜਾਪੁਰ ਥੇੜ, ਹਿੰਮਤਪੁਰਾ ਦਮਦਮਾ, ਤਿੰਨ ਹਾਰਨੀਆਂ, ਧਰਮਪੁਰਾ ਸੰਤੋਖਪੁਰਾ, ਭਰੀਵਾਲਾ, ਬਣੀ ਸੈਨਪਾਲ ਤੇ ਬਾਹੀਣੇ ਦੀ ਕੋਈ ਲਗਭਗ 30,000 ਏਕੜ ਰਕਬੇ ਦੀ ਫਸਲ ਜਲ ਮਗਨ ਹੋ ਗਈ।

ਇਹਨਾਂ ਪਾੜਾਂ ਦਾ ਸਬੱਬ ਭਾਵੇਂ ਘੱਗਰ ਬੰਨ ਵਿੱਚ ਲਾਏ ਮੋਘੇ ਸਨ, ਪਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਿ ਇਹਨਾਂ ਦੀ ਮਨਜੂਰੀ ਤਾਂ ਦੇ ਦਿੱਤੀ ਗਈ ਪਰ ਕਿਸੇ ਵੀ ਅਧਿਕਾਰੀ ਨੇ ਆ ਕੇ ਇਹ ਠੀਕ ਲੱਗੇ ਹਨ ਜਾਂ ਨਹੀਂ ਵੇਖਣ ਦੀ ਖੇਚਲ ਨਹੀਂ ਕੀਤੀ।

ਪਿਛਲੇ ਸਮੇਂ ਵਿੱਚ ਬਾਸਮਤੀ ਦੀਆਂ ਵਧੀਆਂ ਕੀਮਤਾਂ ਨੇ ਪੇਂਡੂ ਧਨੀ ਕਿਸਾਨਾਂ ਦੀ ਹਵਸ ਨੂੰ ਵਧਾ ਦਿੱਤਾ ਤੇ ਉਹਨਾਂ ਬੰਨ੍ਹਾਂ ਦੇ ਅੰਦਰ ਆਈਆਂ ਆਪਣੀ ਜ਼ਮੀਨਾਂ ‘ਤੇ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਤੇ ਅੰਦਰ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਉਹਨਾਂ ਜਿੱਥੇ ਜ਼ਮੀਨਾਂ ਨੂੰ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਸਗੋਂ ਆਪਣੀ ਜ਼ਮੀਨਾਂ ਦੇ ਆਲੇ ਦੁਆਲੇ ਉੱਚੇ ਉੱਚੇ ਬੰਨ੍ਹ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਗਈ। ਪਾਣੀ ਵਾਲੀ ਮੁੱਖ ਨਦੀ ਦੀ ਧਾਰ ਨੂੰ ਅਫ਼ਸਰਸ਼ਾਹੀ ਨੇ ਕਾਫ਼ੀ ਸਮੇਂ ਤੋਂ ਸਾਫ਼ ਹੀ ਨਹੀਂ ਕੀਤਾ। ਤੇ ਇਹ ਸਾਰਾ ਅਫ਼ਸਰਸ਼ਾਹੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੱਕ ਥੱਲੇ ਹੁੰਦਾ ਰਿਹਾ। ਜਿਸਦਾ ਕਿਸੇ ਵੀ ਕੋਈ ਨੋਟਿਸ ਨਾ ਲਿਆ।

ਦੂਜੀ ਗੱਲ ਘੱਗਰ ਦਰਿਆ ਤੋਂ ਦੋਨਾਂ ਬਾਹਰਲੇ ਪਾਸੇ ਓਟੂ ਤੋਂ ਲੈ ਕੇ ਰਾਜਸਥਾਨ ਕਨਾਲ ਤੱਕ ਕਾਫ਼ੀ ਸੜਕਾਂ ਬਣ ਗਈਆਂ ਹਨ। ਜਿਨ੍ਹਾਂ ਨੂੰ ਕਾਫ਼ੀ ਉੱਚੀਆਂ ਕਰਕੇ ਬਣਾ ਦਿੱਤਾ ਗਿਆ ਹੈ। ਪਰ ਥੱਲੇ ਪਾਣੀ ਦੇ ਕੁਦਰਤੀ ਵਹਾਅ ਲਈ ਪੁਲੀਆਂ ਆਦਿ ਰੱਖਣ ਨੂੰ ਉੱਕਾ ਨਜ਼ਰ ਅੰਦਾਜ ਕਰ ਦਿੱਤਾ ਹੈ। ਇੱਥੋਂ ਤੱਕ ਕਿ ਰਾਜਸਥਾਨ ਨਹਿਰ ਬਣਨ ਤੋਂ ਪਹਿਲਾ ਜਿਹੜਾ ਪਾਣੀ ਅੱਗੇ ਰਾਜਸਥਾਨ ਵੱਲ ਕੁਦਰਤੀ ਨਿਕਾਸ ਦੇ ਕਾਰਨ ਜਾਂਦਾ ਸੀ। ਉਹ ਕਰੀਵਾਲੇ ਤੋਂ ਬਣੀ ਪਿੰਡ ਵੱਲ ਮੋੜਾ ਖਾ ਗਿਆ ਜਿਸ ਨੇ ਇੱਕ ਵਾਰੀ 1962 ਵਿੱਚ ਹੀ ਬਣੀ ਪਿੰਡ ਨੂੰ ਤਬਾਹੋ-ਬਰਬਾਦ ਕਰ ਦਿੱਤਾ ਸੀ ਤੇ ਦੂਜੀ ਵਾਰੀ ਐਤਕੀ ਬਣੀ ਪਿੰਡ ਵਿੱਚ ਪਾਣੀ ਦਾ ਪੱਧਰ ਧਰਤੀ ਦੇ ਤਲ ਤੋਂ 17 ਤੋਂ 18 ਫੁੱਟ ਤੱਕ ਹੋ ਗਿਆ। ਜਿੱਥੇ ਸਾਉਣੀ ਦੀ ਫਸਲ ਤਾਂ ਖਤਮ ਹੈ ਸ਼ਾਇਦ ਹਾੜੀ ਵੀ ਬੀਜੀ ਜਾਵੇ ਨਾ ਜਾਵੇ। ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਬੇ-ਘਰ ਹੋ ਤਬਾਹ ਹੋ ਗਏ। ਪਾਣੀ ਮਕਾਨਾਂ ਵਿੱਚ ਆ ਵੜਿਆ। ਕਈ ਕੀਮਤੀ ਜਾਨਾ ਤੋਂ ਹੱਥ ਧੋਣੇ ਪਏ। ਜਿਸ ਵਿੱਚ ਪੰਜਾਬ ਤੋਂ ਪਨੀਰੀ ਲੈ ਕੇ ਆ ਰਹੇ ਕਰੀਵਾਲੇ ਪਿੰਡਾਂ ਦੇ ਦੋ ਨੌਜਵਾਨਾਂ ਦੀ ਮੌਤ ਨੇ ਇਲਾਕੇ ਨੂੰ ਹਿਲਾਕੇ ਰੱਖ ਦਿੱਤਾ।

ਜਿਵੇਂ ਕਹਿੰਦੇ ਨੇ ”ਰੋਮ ਸੜਦਾ ਰਿਹਾ, ਨੀਰੋ ਬੰਸਰੀ ਵਜਾਉਂਦਾ ਰਿਹਾ।” ਇਹ ਹਸ਼ਰ ਹੈ ਮੁਨਾਫ਼ੇ ਨੂੰ ਕੇਂਦਰ ਵਿੱਚ ਰੱਖ ਕੇ ਚੱਲਣ ਵਾਲੀ ਵਿਵਸਥਾ ਦਾ।

ਲੋਕ ਪਰੰਪਰਾਗਤ ਧਾਰਮਿਕ ਸੰਗਠਨਾਂ ਤੇ ਵੋਟ ਪਾਰਟੀਆਂ ਨੂੰ ਅਗਵਾਈ ਲਈ ਉਡੀਕਦੇ ਰਹੇ। ਪਰ ਜਦੋਂ ਅਜਿਹਾ ਕੋਈ ਮਸੀਹਾ ਨਾ ਆਇਆ ਤਾਂ ਇਸ ਇਲਾਕੇ ਦੇ ਇੱਕ ਪਿੰਡ (ਕਰੀਵਾਲੇ) ਦੇ ਲੋਕਲ ਆਗੂਆਂ ਨੇ ਅਗਵਾਈ ਕੀਤੀ। ਤੇ ਵੇਖਦਿਆਂ ਹੀ ਹੋਰ ਪਿੰਡਾਂ ਦੇ ਮਜ਼ਦੂਰ, ਕਿਸਾਨ, ਦੁਕਾਨਦਾਰ, ਨੌਜਵਾਨ ਰਲਦੇ ਗਏ ਤੇ ਕਾਫਿਲਾ ਬਣਦਾ ਗਿਆ।

ਪਹਿਲੇ ਦਿਨ ਇੱਕ ਪਾੜ ਪੂਰ ਦਿੱਤਾ ਗਿਆ। ਇੰਨੀ ਗਰਮੀ, ਸਾਧਨਾਂ ਦੀ ਕਮੀ। ਪੀਣ ਵਾਲੇ ਪਾਣੀ ਦੀ ਕਮੀ। ਪਰ ਹੌਂਸਲੇ ਬੁਲੰਦ।

ਥੋੜੇ ਹੀ ਦਿਨਾਂ ਵਿੱਚ ਭਾਵ 23 ਜੁਲਾਈ ਤੱਕ ਇਹਨਾਂ ਪਾੜਾਂ ਨੂੰ ਪੂਰ ਦਿੱਤਾ ਗਿਆ। ਇਲਾਕੇ ਦੇ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ। ਆਮ ਲੋਕਾਂ ਨੇ ਜਿਨ੍ਹਾਂ ਵਿੱਚ 80 ਫੀਸਦੀ ਗਿਣਤੀ ਮਜ਼ਦੂਰਾਂ ਦੀ ਸੀ। ਅਜਿਹਾ ਦਮਖ਼ਮ, ਬਹਾਦਰੀ, ਪਹਿਲਕਦਮੀ, ਤਾਲਮੇਲ ਤੇ ਬੰਨ ਬੰਨਣ ਦਾ ਹੁਨਰ ਵਿਖਾਇਆ ਕਿ ਵੱਡੇ ਤੋਂ ਵੱਡੇ ਇੰਜੀਨੀਅਰ ਵੀ ਮੂੰਹ ਵਿੱਚ ਉਂਗਲਾਂ ਪਾ ਲੈਣ।

ਬੱਸ ਫਿਰ ਕੀ ਸੀ, ਵੋਟ ਪਾਰਟੀਆਂ, ਅਧਿਕਾਰੀਆਂ, ਐੱਨ. ਜੀ. ਓ. ਮਾਰਕਾ ਜੱਥੇਬੰਦੀਆਂ ਤੇ ਧਾਰਮਿਕ ਜੱਥੇਬੰਦੀਆਂ ਇੱਕ ਦੂਜੇ ਨੂੰ ਮਾਤ ਪਾਉਣ ਲੱਗੀਆਂ। ਸਾਰੇ ਉਂਗਲਾਂ ਨੂੰ ਲਹੂ ਲਾ ਕੇ ਸ਼ਹੀਦ ਬਣਨ ਲੱਗੇ। ਆਮ ਲੋਕਾਂ ਦੇ ਵਾਰ ਵਾਰ ਦੁਤਕਾਰਨ ਦਾ ਵੀ ਉਹਨਾਂ ਦੀ ਸਿਹਤ ‘ਤੇ ਕੋਈ ਅਸਰ ਨਹੀਂ। ਜਿੱਥੇ ਇਹ ਸਾਰੇ ਲੋਕ ਅਖ਼ਬਾਰਾਂ ਵਿੱਚ ਫੋਟੋਆਂ ਲੁਆਉਣ ਆਪਣੇ ਤੋਂ ਉੱਤਲਿਆ ਦੀ ਸ਼ਾਬਾਸ ਲੈਣ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੇ ਰਹੇ। ਉੱਥੇ ਇਲਾਕੇ ਦੇ ਮਜ਼ਦੂਰ, ਕਿਸਾਨ ਤੇ ਜਾਬਾਜ਼ ਨੌਜਵਾਨ ਇਹਨਾਂ ਇਨਾਮਾਂ ਜਾਂ ਅਖ਼ਬਾਰਾਂ ਦੀ ਸੁਰਖੀਆਂ ਵਿੱਚ ਆਉਣ ਤੋਂ ਪਰ੍ਹਾਂ ਇੱਕ ਕ੍ਰਿਸ਼ਮਾ ਕਰਦੇ ਰਹੇ।

ਫਿਰ ਬੰਨ ਬੰਨਣ ਤੋਂ ਬਾਅਦ ਸ਼ੁਰੂ ਹੋਇਆ ਮੁੜ-ਬਹਾਲੀ ਦਾ ਦੌਰ। ”ਨੂੰਹ ਦੇ ਤੂਫ਼ਾਨ” ਵਾਂਗ ਲੋਕ ਪਸ਼ੂਆਂ, ਬੱਕਰੀਆਂ, ਮੱਝਾਂ, ਗਾਵਾਂ ਆਦਿ ਨੂੰ ਟਰਾਲੀਆਂ, ਫੋਰਵੀਲਰਾਂ ‘ਤੇ ਇਧਰੋਂ-ਉੱਧਰ ਲਿਆ ਜਾ ਰਹੇ ਸਨ।

ਸਰਕਾਰ, ਅਧਿਕਾਰੀਆਂ ਜਾਂ ਰਾਜਨੀਤਕ ਪਾਰਟੀਆਂ ਨੇ ਝੋਨੇ ਦੀ ਪਨੀਰੀ ਦਾ ਕੋਈ ਪ੍ਰਬੰਧ ਨਹੀਂ ਕੀਤਾ। ਇੱਥੋਂ ਤੱਕ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਕਿਸਾਨਾਂ ਨੇ ਆਪਣੀ ਹਿੰਮਤ ਤੇ ਪਹੁੰਚ ਨਾਲ਼ ਜਿੱਥੋਂ ਵੀ ਕਿਤਿਉਂ ਪਨੀਰੀ ਪੰਜਾਬ ਜਾਂ ਹਰਿਆਣੇ ਵਿੱਚੋਂ ਮਿਲੀ ਲਿਆਂਦੀ। ਜੋ ਭਾਅ ਵੀ ਮਿਲੀ ਲਿਆਂਦੀ। ਪਨੀਰੀ ਵਾਲਿਆਂ ਨੇ ਖੂਬ ਚਾਂਦੀ ਬਣਾਈ। ਪਨੀਰੀ ਦੇ ਮਸਲੇ ਵਿੱਚ ਇੱਕਾ ਦੁੱਕਾ ਉਦਾਹਰਣਾਂ ਨੂੰ ਛੱਡਕੇ ਸਭ ਨੇ ਪੈਸੇ ਲਏ। ਕੁਝ ਨੇ ਸੰਗਦਿਆਂ-ਸੰਗਦਿਆਂ ਕੁੱਝ ਨੇ ਪੇਸ਼ਾਵਰਾਂ ਦੁਕਾਨਦਾਰਾਂ ਵਾਂਗ।

ਜੋ ਆਪ ਪਹਿਲਾ ਪੈਸੇ ਤਾਰਕੇ ਪਨੀਰੀ ਲਿਆਏ। ਜਦੋਂ ਉਹਨਾਂ ਦੀ ਪਨੀਰੀ ਤਿਆਰ ਹੋਈ। ਉਹਨਾਂ ਨੇ ਵੀ ਬੇਕਿਰਕੀ ਨਾਲ਼ ਪੈਸੇ ਲਏ। ਇਸ ਮਸਲੇ ਵਿੱਚ ਸਾਕ ਸਕੀਰੀ, ਭਾਈਚਾਰਾ, ਧਰਮ-ਕਰਮ, ਮੂੰਹ ਮੋੜਕੇ ਖੜ੍ਹ ਗਿਆ।

ਜਿਹੜੀ ਅਫ਼ਸਰਸ਼ਾਹੀ ਹੜ੍ਹ ਤੋਂ ਪਹਿਲਾਂ ਕੁੰਭਕਰਨੀ ਨੀਂਦ ਵਿੱਚ ਸੁੱਤੀ ਘੁਰਾੜੇ ਮਾਰ ਰਹੀ ਸੀ। ਹੁਣ ਉਹ ਪਤਾ ਨਹੀਂ ਆਪਣੇ ਤੋਂ ਉੱਪਰਲਿਆਂ ਦੀ ਘੁਰਕੀ ਜਾਂ ਅਨੁਦਾਨਾਂ ਦੀ ਬੁਰਕੀ ਦੇ ਕਾਰਨ ਪਿੰਡਾਂ ਵਿੱਚ ਹਰਲ ਹਰਲ ਕਰਦੇ ਫਿਰਨ ਲੱਗੇ। ਪਹਿਲਾਂ ਡੁੱਬ ਜਾਣ ਦਿੱਤਾ। ਹੁਣ ਬਚਾਉਣ ਲੱਗੇ ਤੇ ਹੰਝੂ ਪੂੰਝਣ ਲੱਗੇ। ਕਿਤੇ ਬੰਨ ਮਾਰਨ ਲਈ ਡੀਜ਼ਲ ਦੇਣ ਲਗੇ। ਰਾਤ ਦੀ ਵਰਤੋਂ ਲਈ ਟਾਰਚਾਂ, ਜੇ ਸਿਰ ਦੁਖੇ ਤਾਂ ਗੋਲੀਆਂ। ਖੁਰਕ ਲਈ ‘ਇੱਚਗਾਰਡ’ ਮੱਛਰ ਲਈ ‘ਆਡੋਮਾਸ’, ਊਂਠ ਦੇ ਮੂੰਹ ਵਿੱਚ ਜੀਰਾ ਪਿੰਡਾਂ ਦੀਆਂ ਫਿਰਨੀਆਂ ਤੇ ਬਿਜਲੀ ਮਹਿਕਮੇ ਨੇ ਬਲਬ ਜਗਾ ਦਿੱਤੇ। ਰਾਤ ਆਲੇ-ਦੁਆਲੇ ਪਾਣੀ ਵਿੱਚ ਬਲਬਾਂ ਦੇ ਲਿਸ਼ਕਾਰੇ ਪੈਂਦੇ ਤੇ ਹਰਿਮੰਦਰ ਸਾਹਿਬ ਦੀ ਦੀਵਾਲੀ ਦੀ ਯਾਦ ਚੇਤਿਆ ਵਿੱਚ ਉੱਭਰਨ ਲੱਗਦੀ। ਪਿੰਡਾਂ ਵਿੱਚ ਮੱਛਰ ਤੋਂ ਬਚਾਅ ਲਈ ਗੱਡੀ ਗਲੀਆਂ ਵਿੱਚ ਗੈਸ ਦਾ ਸਪਰੇਅ ਕਰਦੀਆਂ ਗੁਜ਼ਰਦੀਆਂ। ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਸੀ ਆਉਂਦਾ ਕਿ ਇਹ ਉਹੋ ਅਫ਼ਸਰਸ਼ਾਹੀ ਹੈ?

ਐਨ ਇਸ ਤਰ੍ਹਾਂ ਦੀ ਹਾਲਤ ਰਾਜਨੀਤਕ ਪਾਰਟੀਆਂ ਦੀ ਸੀ। ਕਦੇ ਐਮ. ਪੀ. ਕਦੇ ਐਮ. ਐੱਲ. ਏ. ਜਾਂ ਹੋਰ ਤੇ ਫਿਰ ਸਰਵੇ ਕਮੇਟੀਆਂ, ਉੱਤੇ ਅਸਮਾਨਾਂ ਤੇ ਕਦੇ ਕਦੇ ਤਾਂ ਹੈਲੀਕਾਪਟਰ ਵੀ ਗੂੰਜਦੇ, ਸਭ ਤੋਂ ਪਿੱਛੋਂ ਫਿਰ ਲੰਗਰ ਕਮੇਟੀ, ਧਾਰਮਿਕ ਜੱਥੇਬੰਦੀਆਂ ਤੇ ਪਾਟੇ ਤੰਬੂਆਂ ਵਾਲੇ।

ਜੇ ਅਸੀਂ ਅੱਜ ਇਹਨਾਂ ਪਿੰਡਾਂ ਨੂੰ ਵੇਖੀਏ, ਕੁਝ ਥਾਵਾਂ ਨੂੰ ਛੱਡਕੇ ਸਾਰੀ ਬਾਸਮਤੀ ਲੱਗ ਚੁੱਕੀ ਹੈ। ਪਤਾ ਹੀ ਨਹੀਂ ਲੱਗਦਾ ਕਿ ਕਦੇ ਇੱਥੇ ਹੜ੍ਹ ਆਇਆ ਸੀ। ਕਿਸਨੇ ਕੀਤਾ ਇਹ ਕ੍ਰਿਸ਼ਮਾ, ਉਹਨਾਂ ਸੱਤਾਧਾਰੀ ਨੇਤਾਵਾਂ, ਜਿਨ੍ਹਾਂ ਇਸ ਸਾਰੇ ਕੁੱਝ ਦਾ ਠੀਕਰਾ ਕੁਦਰਤੀ ਆਫ਼ਤ ਦੇ ਸਿਰ ਭੰਨਿਆ ਸੀ। ਜਾਂ ਉਹਨਾਂ ਧਾਰਮਿਕ ਆਗੂਆਂ ਜਿਨ੍ਹਾਂ ਕਿਹਾ ਸੀ ਲੋਕ ਧਰਮ ਤੋਂ ਬੇਮੁੱਖ ਹੋ ਗਏ ਸਨ। ਰੱਬ ਵੀ ਉਹਨਾਂ ਦੇ ਯਾਦ ਨਹੀਂ ਸੀ ਰਿਹਾ। ਜਾਂ ਉਹਨਾਂ ਐੱਨ. ਜੀ. ਓ. ਦੇ ਸਿਰ ਜੋ ਅਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ। ਜਾਂ ਉਹਨਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਵਾਲੇ ਛੁਟ ਭਈਏ ਨੇਤਾਵਾਂ ਦੇ। ਜਾਂ ਉਹਨਾਂ ਵਿਰੋਧੀ ਪਾਰਟੀ ਦੇ ਆਗੂਆਂ ਦੇ ਜੋ ਆਪਣੀ ਸਾਰੀ ਜਿੰਮੇਵਾਰੀ ਤੋਂ ਪੱਲਾ ਝਾੜਕੇ ਰਾਜ ਕਰ ਰਹੀ ਪਾਰਟੀ ਦੇ ਮੱਥੇ ਸਾਰੇ ਦੋਸ਼ ਮੜ੍ਹ ਦਿੰਦੇ ਹਨ।

ਆਉਣ ਵਾਲੇ ਦਿਨਾਂ ਵਿੱਚ ਟੁੱਟੀਆਂ ਸੜਕਾਂ ਨੂੰ ਬਣਾਇਆ ਜਾਵੇਗਾ। ਲੋਕ ਆਪਣੇ ਘਰਾਂ ਨੂੰ ਦੁਬਾਰਾ ਬਣਾਉਣੇ। ਫਸਲਾਂ ਖੇਤਾਂ ਵਿੱਚ ਲਹਿਲਹਾਉਣਗੀਆਂ, ਮੰਡੀਆਂ ਵਿੱਚ ਬਾਸਮਤੀ ਦੇ ਢੇਰ ਉੱਸਰ ਜਾਣਗੇ। ਸਾਰੇ ਮਾਲਕ ਖੁਸ਼ ਹੋਣਗੇ। ਕੌਣ ਹੈ ਇਸ ਸਾਰੇ ਕ੍ਰਿਸ਼ਮੇ ਦੇ ਪਿੱਛੇ? ਸਿਰਫ਼ ਤੇ ਸਿਰਫ਼ ਮਜ਼ਦੂਰ ਜਿਹੜਾ ਘੱਗਰ ਵਿੱਚ ਪਏ ਪਾੜਾਂ ਨੂੰ ਬੰਨਣ ਵਿੱਚ ਪੇਸ਼ ਰਿਹਾ? ਜਿਹੜਾ ਸੜਕਾਂ ਨੂੰ ਬਣਾਏਗਾ। ਜਿਸ ਨੇ ਦੋਬਾਰਾ ਲਗਭਗ 30,000 ਏਕੜ ਨੂੰ ਹਰਾ ਭਰਾ ਕਰ ਦਿੱਤਾ। ਕੀ ਕੋਈ ਹੋਰ ਹੈ? ਕੀ ਕੋਈ ਇਸ ਦਾ ਸਨਮਾਨ ਕਰੇਗਾ? ਨਹੀਂ ਇਹ ਇੱਕ ਦਿਨ ਆਪਣਾ ਸਨਮਾਨ ਆਪ ਕਰੇਗਾ। ਦੂਜੇ ਲੋਕ ਪਾਠ ਕਰਵਾਉਣਗੇ, ਕੋਈ ਮੰਦਰ ‘ਤੇ ਚੜ੍ਹਾਵਾ ਚੜਾਏਗਾ। ਤੇ ਅਫ਼ਸਰਸ਼ਾਹੀ, ਧਾਰਮਿਕ ਜੱਥੇਬੰਦੀਆਂ ਤੇ ਐੱਨ. ਜੀ. ਓ. ਵਾਲੇ, ਵੋਟ ਪਾਰਟੀਆਂ ਵਾਲੇ ਦੁਹਰਾਉਣਗੇ। ‘ਸਭ ਪ੍ਰਬੰਧ ਕਰ ਲਏ ਗਏ ਹਨ’, ਦਾ ਹੋਕਾ ਦੇਣਗੇ। ਕੀ ਇਹ ਇਸ ਤਰ੍ਹਾਂ ਹੀ ਚੱਲੇਗਾ?

ਫਿਰ ਇੱਕ ਪਾਸੇ ਰੋਮ ਦੇ ਗੁਲਾਮਾਂ ਵਾਂਗ ਹੁਕਮ ਦੀਆਂ ਜੰਜੀਰਾ ਵਿੱਚ ਬੱਝੇ ‘ਸੱਚੇ ਸੌਦੇ’ ਦੇ ਪੈਰੋਕਾਰ ਤੇ ਦੂਜੇ ਪਾਸੇ ਮਜ਼ਦੂਰ ਜੋ ਆਪਣੇ ਲਈ ਨਹੀਂ ਸਗੋਂ ਆਪਣੇ ਮਾਲਕਾਂ ਵਾਸਤੇ, ਪਾੜ ਪੂਰਨਗੇ। ਤੇ ਮੁੱਠੀ ਭਰ ਮਾਲਕ ਆਪਣੀ ਪੂੰਜੀ ਦੀ ਭਰਪਾਈ ਲਈ ਇਸ ਵਿੱਚ ਹਿੱਸਾ ਪਾਉਣਗੇ। ਪ੍ਰਵਾਸੀ ਤੇ ਸਥਾਨਕ ਉਜਰਤੀ ਗੁਲਾਮ (ਮਜ਼ਦੂਰ) ਹੜ੍ਹ ਨਾਲ ਬਰਬਾਦ ਹੋਈ ਬਾਸਮਤੀ ਲਾਉਣਗੇ। ਅਜਿਹਾ ਓਨਾ ਚਿਰ ਹੁੰਦਾ ਰਹੇਗਾ, ਜਿੰਨਾ ਚਿਰ ਮਜ਼ਦੂਰ ਆਪਣੀ ਪਾਰਟੀ ਦੀ ਅਗਵਾਈ ਥੱਲੇ ਇਸ ਗਲ਼ੇ-ਸੜ੍ਹੇ ਪ੍ਰਬੰਧ ਨੂੰ ਵਗਾਹ ਪਰੇ ਨਹੀਂ ਮਾਰਦੇ।

 —ਕਸ਼ਮੀਰ  
ਸ਼ਹੀਦ ਭਗਤ ਸਿੰਘ ਵਿਚਾਰ ਮੰਚ
ਸੰਤ ਨਗਰ

“ਲਲਕਾਰ” – ਅੰਕ 14, ਸਤੰਬਰ-ਅਕਤੂਬਰ, 2010 ਵਿਚ ਪ੍ਰਕਾਸ਼ਿਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s