‘ਹਮਸਫ਼ਰ’ ਨਾਵਲ ਰੂਸ ਦੀ ਮਹਾਨ ਦੇਸ਼-ਭਗਤਕ ਜੰਗ ਦੌਰਾਨ ਆਮ ਲੋਕਾਂ ਦੀਆਂ ਅਥਾਹ ਕੁਰਬਾਨੀਆਂ ਦੀ ਜੀਵੰਤ ਪੇਸ਼ਕਾਰੀ ਦਾ ਦਸਤਾਵੇਜ਼ •ਕੁਲਦੀਪ

DSC_0175

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਹਮਸਫ਼ਰ’ ਨਾਵਲ ਰੂਸ ਦੀ ਪ੍ਰਸਿੱਧ ਲੇਖਿਕਾ ਵੇਰਾ ਪਨੋਵਾ ਦਾ ਲਿਖਿਆ ਹੋਇਆ ਹੈ। ਇਸ ਨਾਵਲ ਵਿੱਚ ਰੂਸ ਦੀ ਮਹਾਨ ਦੇਸ਼ ਭਗਤਕ ਜੰਗ (1941-45) ਦੇ ਸਮੇਂ ਇੱਕ ਹਸਪਤਾਲ ਵਾਲ਼ੀ ਗੱਡੀ (ਜੋ ਜੰਗ ਵਿੱਚ ਫੱਟੜ ਹੋਏ ਲੋਕਾਂ ਲਈ ਬਣਾਈਆਂ ਗਈਆਂ ਹਸਪਤਾਲ ਗੱਡੀਆਂ ਵਿੱਚੋਂ ਇੱਕ ਸੀ) ਨੰਬਰ 12 ਵਿੱਚ ਕੰਮ ਉਸਦੇ ਸਮੁੱਚੇ ਅਮਲੇ ਦੇ ਮੈਬਰਾਂ – ਗੱਡੀ ਵਿੱਚ ਇਲਾਜ ਲਈ ਆਉਂਦੇ ਫੱਟੜਾਂ-ਸਮੇਤ ਦੀ ਯਥਾਰਥਕ ਤੇ ਦਿਲ-ਟੁੰਬਵੀਂ ਤਸਵੀਰ ਪੇਸ਼ ਕਰਦੇ ਹੋਏ ਰੂਸੀ ਲੋਕਾਂ ਦੇ ਆਪਣੀ ਸਮਾਜਵਾਦੀ ਮਾਤਭੂਮੀ ਪ੍ਰਤੀ ਪ੍ਰੇਮ ਤੇ ਲਗਾਅ ਲਈ ਹਰ ਕੁਰਬਾਨੀ ਕਰ ਜਾਣ ਦੇ ਜ਼ਜ਼ਬੇ ਨੂੰ ਬੜੀ ਸਿੱਧੀ-ਸਾਦੀ ਸ਼ੈਲੀ ਵਿੱਚ ਪੇਸ਼ ਕੀਤਾ ਦਗਆ ਹੈ।

ਨਾਵਲ ਦੀ ਲੇਖਕਾ ਵੇਰਾ ਪਨੋਵਾ ਨੇ ਵੀ ਇਸ ਗੱਡੀ ਵਿੱਚ ਸੇਵਾ ਨਿਭਾਈ ਸੀ ਤੇ ਉਸਨੂੰ ਇਹਨਾਂ ਮਹਾਨ ਲੋਕਾਂ ਵੱਲੋਂ ਮਨੁੱਖਤਾ ਨੂੰ ਫਾਸੀਵਾਦੀ ਖ਼ਤਰੇ ਤੋਂ ਬਚਾਉਣ ਲਈ ਲੜੀ ਜਾ ਰਹੀ ਜੰਗ ਦੇ ਸੂਰਮਿਆਂ ਦੇ ਅੰਗ-ਸੰਗ ਰਹਿਣ ਦਾ ਮੌਕਾ ਮਿਲ਼ਿਆ ਸੀ। ਇਸ ਗੱਡੀ ਦੇ ਅਮਲੇ ਨੇ 1941 ਤੋਂ 1945 ਤੱਕ ਲਗਪਗ ਚਾਰ ਸਾਲ ਗੱਡੀ ਵਿੱਚ ਬਿਤਾਏ ਸਨ ਅਤੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਜਖ਼ਮੀਆਂ ਦਾ ਇਲਾਜ ਅਤੇ ਸਾਂਭ-ਸੰਭਾਲ਼ ਕਰਦੇ ਰਹੇ ਸਨ। ਵੇਰਾ ਨੇ ਰੂਸ ਲਈ ਇਹ ਬਿਪਤਾ ਦੇ ਸਾਲ ਅੱਖੀਂ ਦੇਖੇ ਤੇ ਹੱੱਡੀਂ ਹੰਡਾਏ ਸਨ ਜਦੋਂ ਗੋਲ਼ੀਆਂ-ਬੰਬਾਂ ਨਾਲ਼ ਲੋਕ ਮਰ ਰਹੇ ਸਨ ਅਤੇ ਫਾਸੀਵਾਦੀ ਖ਼ਤਰੇ ਦੇ ਬੱਦਲ ਮਨੁੱਖਤਾ ‘ਤੇ ਮੰਡਰਾ ਰਹੇ ਸਨ।

ਰੂਸੀ ਲੋਕਾਂ ਲਈ ਔਖੇ ਕਾਲ਼ੇ ਦੌਰ ਦਾ ਇਹ ਸਮਾਂ ਵੇਰਾ ਦੇ ਹੱਡੀਂ ਰਚਿਆ ਹੋਣ ਕਰਕੇ ਉਸਨੇ ਆਪਣੇ ਇਸ ਨਾਵਲ ਵਿੱਚ ਉਸ ਸਮੇਂ ਦੇ ਰੂਸੀ ਲੋਕਾਂ ਦੇ ਸੂਰਮਗਤੀ ਦੇ ਹਿੰਮਤੀ, ਦਲੇਰ, ਜ਼ੋਸ਼ੀਲੇ ‘ਤੇ ਮਾਤਭੂਮੀ ਪ੍ਰਤੀ ਪਿਆਰ ਤੇ ਉਸਦੀ ਰਾਖੀ ਦੇ ਜ਼ਜ਼ਬਿਆਂ ਨੂੰ ਅਤੇ ਆਪਣੇ ਫ਼ਰਜ਼ ਲਈ ਜਾਨ ਤੱਕ ਦੀ ਪ੍ਰਵਾਹ ਨਾ ਕਰਨ ਵਾਲ਼ੇ ਵੇਗਮਈ ਪੱਖਾਂ ਨੂੰ ਬਹੁਤ ਹੀ ਸੰਜੀਦਗੀ ਤੇ ਗੁੰਦੀ ਹੋਈ ਸਾਦੀ ਸ਼ੈਲੀ ਵਿੱਚ ਪੇਸ਼ ਕੀਤਾ ਹੈ। ਇਹ ਨਾਵਲ ਦਿਖਾਉਂਦਾ ਹੈ ਕਿ ਜਦ ਰੂਸ ਦੇ ਲੋਕਾਂ ਨੇ ਲੁੱਟ-ਖਸੁੱਟ ਤੇ ਅਧਾਰਿਤ ਸਰਮਾਏਦਾਰਾ ਪ੍ਰਬੰਧ ਨੂੰ ਤਬਾਹ ਕਰਕੇ ਸਮਾਜਵਾਦੀ ਪ੍ਰਬੰਧ ਉਸਾਰਿਆ ਤਾਂ ਉਦੋਂ ਹੀ ਲੋਕਾਂ ਨੂੰ ਮਾਤਭੂਮੀ ਤੇ ਉਸਦੇ ਪਿਆਰ ਦੇ ਅਰਥ ਪਤਾ ਲੱਗੇ ਜਦ ਕਿਰਤ ਕਰਨ ਵਾਲ਼ੇ ਆਮ ਲੋਕ ਆਪਣੇ ਦੇਸ਼ ਦੇ ਸੱਚੇ ਵਾਰਸ ਬਣੇ। ਕਿਉਂਕਿ ਸਰਮਾਏਦਾਰੀ ਵਿੱਚ ਦੇਸ਼ ਦਾ ਮਤਲਬ ਮੁੱਠੀਭਰ ਸਰਮਾਏਦਾਰਾਂ ਦੇ ਅਧਿਕਾਰ ਖੇਤਰ ਤੋਂ ਵੱਧ ਕੁਝ ਨਹੀਂ ਹੁੰਦਾ ਜਿੱਥੇ ਉਹ ਆਪਣੀ ਮਰਜ਼ੀ ਦੀ ਖੁੱਲ੍ਹੀ ਖੇਡ ਖੇਡਣ ਲਈ ਅਜ਼ਾਦ ਹੁੰਦੇ ਹਨ। ਪਰ ਜਦ ਰੂਸ ਵਿੱਚ ਆਮ ਕਿਰਤੀ ਲੋਕ ਆਪਣੀ ਧਰਤੀ ਦੇ ਸੱਚੇ ਵਾਰਸ ਬਣੇ ਤਾਂ ਉਹਨਾਂ ਨੇ ਬਿਪਤਾ ਦੀ ਔਖੀ ਘੜੀ ਵਿੱਚ ਆਪਣੀ ਮਾਤਭੂਮੀ ਦੇ ਸੱਚੇ ਤੇ ਦਲੇਰ ਯੋਧੇ ਵੀ ਬਣ ਕੇ ਦਿਖਾਇਆ ਅਤੇ ਆਪਣੇ ਪੁਰਖਿਆਂ ਦੇ ਖ਼ੂਨ-ਪਸੀਨੇ ਨਾਲ਼ ਸਿੰਝੀ ਮਨੁੱਖੀ ਇਤਿਹਾਸ ਦੇ ਪਹਿਲੇ ਲੁੱਟ-ਰਹਿਤ ਸਮਾਜ ਦੀ ਇਸ ਜ਼ਮੀਨ ‘ਤੇ ਜਦ ਹਿਟਲਰੀ ਗਿਰਝ ਅੱਖ ਪਈ ਤਾਂ ਉਹਨਾਂ ਨੇ ਉਸ ਅੱਖ ਨੂੰ ਕੱਢ ਕੇ ਵਗ੍ਹਾ ਮਾਰਿਆ।

ਨਾਵਲ ਦਾ ਪਲਾਟ ਦੱਸਦਾ ਹੈ ਕਿ ਰੂਸ ਵਿੱਚ ਜੰਗ ਲੱਗਣ ਤੋਂ ਪਹਿਲਾਂ ਸਾਰੇ ਲੋਕ ਸਮਾਜਵਾਦੀ ਰੂਸ ਵਿੱਚ ਆਪਣੀ ਧਰਤੀ ‘ਤੇ ਸਮਾਜਵਾਦੀ ਪ੍ਰਬੰਧ ਨੂੰ ਅੱਗੇ ਵਧਾਅ ਰਹੇ ਸਨ। ਸਾਰੇ ਲੋਕ ਆਪਣੇ-ਆਪਣੇ ਕੰਮਾਂ ਵਿੱਚ ਮਗਨ ਸਨ। ਕੋਈ ਡਾਕਟਰ ਸੀ, ਕੋਈ ਇੰਜੀਨੀਅਰ ਸੀ, ਕੋਈ ਅਧਿਆਪਕ, ਲੇਖਕ, ਕਿਸਾਨ, ਮਜ਼ਦੂਰ ਆਦਿ ਸੀ। ਪਰ ਜਦ ਹਿਟਲਰੀ ਫ਼ੌਜਾਂ ਧੋਖੇ ਨਾਲ਼ ਸੋਵੀਅਤ ਯੂਨੀਅਨ ‘ਤੇ ਹਮਲਾ ਕਰਦੀਆਂ ਹਨ ਤਾਂ ਲੋਕ ਆਪਣਾ-ਆਪਣਾ ਕੰਮ ਛੱਡ ਕੇ – ਔਰਤਾਂ ਤੇ ਬੱਚਿਆਂ ਸਮੇਤ ਮਾਤਭੂਮੀ ਦੀ ਰਾਖੀ ਲਈ ਜੰਗ ਵਿੱਚ ਕੁੱਦ ਪੈਂਦੇ ਹਨ ਤੇ ਮੁਸੀਬਤਾਂ, ਤਸੀਹੇ, ਇੱਥੋਂ ਤੱਕ ਕਿ ਮੌਤ ਤੱਕ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹੀਦੀ ਜਾਮ ਪੀਣ ਤੋਂ ਵੀ ਪਿੱਛੇ ਨਹੀਂ ਹਟਦੇ। ਅਜਿਹੀ ਮਾਤਭੂਮੀ ਜਿਸਦੇ ਲੋਕਾਂ ਨੇ ਲੁੱਟ, ਜ਼ਬਰ ਰਹਿਤ ਇੱਕ ਲੋਕਪੱਖੀ ਸਮਾਜਿਕ ਪ੍ਰਬੰਧ ਦਾ ਮਨੁੱਖਤਾ ਅੱਗੇ ਨਾ ਕੇਵਲ ਇੱਕ ਮਾਡਲ ਹੀ ਪੇਸ਼ ਕੀਤਾ ਸੀ ਸਗੋਂ ਇਸਨੂੰ ਅਮਲੀ ਜਾਮਾ ਵੀ ਪਹਿਨਾਇਆ ਸੀ। ਅਜਿਹੀ ਮਾਤਭੂਮੀ ਦੀ ਰਾਖੀ ਲਈ ਲੋਕ ਆਪਣਾ ਸਭ ਕੁੱਝ ਛੱਡ ਕੇ ਜੰਗ ਵਿੱਚ ਕੁੱਦ ਪੈਂਦੇ ਹਨ ਅਤੇ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਮੋਰਚਾ ਸੰਭਾਲ਼ ਲੈਂਦਾ ਹੈ। ਇਸਦੀ ਮਿਸਾਲ ਇੱਥੋਂ ਦੇਖੀ ਜਾ ਸਕਦੀ ਹੈ ਕਿ ਜਦ ਜੰਗ ਦਾ ਐਲਾਨ ਹੁੰਦਾ ਹੈ ਤਾਂ ਦਾਨੀਲੋਵ (ਨਾਵਲ ਦਾ ਇੱਕ ਪਾਤਰ ਜੋ ਪਾਰਟੀ ਮੈਂਬਰ ਹੈ) ਦੀ ਡਿਊਟੀ ਜਦ ਹਸਪਤਾਲ ਗੱਡੀ ਦੇ ਕਮੀਸਾਰ ਵਜੋਂ ਲੱਗਦੀ ਹੈ ਤਾਂ ਉਸਦੀ ਪਤਨੀ ਭਾਵੇਂ ਭਾਵੁਕਤਾ ਵੱਸ ਉਸਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਉਹ ਜੰਗ ਵਿੱਚੋਂ ਆਪਣਾ ਨਾਮ ਕਟਵਾ ਵੀ ਸਕਦਾ ਸੀ ਪਰ ਉਹ ਹਰ ਨਿੱਜੀ ਭਾਵਨਾ ਨੂੰ ਲੱਤ ਮਾਰ ਕੇ ਜਾਣ ਲਈ ਤਿਆਰ ਹੁੰਦਾ ਹੈ। ਨਾਵਲ ਦੀ ਇੱਕ ਪਾਤਰ ਹੈ ਲੇਨਾ ਜਿਸਦਾ ਨਵਾਂ-ਨਵਾਂ ਵਿਆਹ ਹੋਇਆ ਸੀ, ਉਹ ਆਪਣੇ ਪਤੀ ਨੂੰ ਆਪ ਤਿਆਰ ਕਰਕੇ ਮੋਰਚੇ ‘ਤੇ ਭੇਜਦੀ ਹੈ, ਪਰ ਮਰਗੋਂ ਉਦਾਸ ਵੀ ਹੁੰਦੀ ਹੈ ਤੇ ਫਿਰ ਉਹ ਵੀ ਹਸਪਤਾਲ ਗੱਡੀ ਵਿੱਚ ਸੇਵਾ ਨਿਭਾਉਂਦੀ ਹੈ। ਸੂਪਰੋਗੋਵ (ਇੱਕ ਡਾਕਟਰ ਪਾਤਰ) ਦੀ ਵਿਧਵਾ ਮਾਂ ਆਪਣੇ ਇਕਲੌਤੇ ਪੁੱਤ ਦਾ ਸਮਾਨ ਖੁਦ ਬੰਨ ਕੇ ਉਸਨੂੰ ਜੰਗ ਵਿੱਚ ਭੇਜਦੀ ਹੈ।

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਨਾਵਲ ਦਾ ਵਿਸ਼ਾ ਸਮਾਜਵਾਦੀ ਰੂਸੀ ਲੋਕਾਂ ਦੇ ਏਜੰਡੇ ‘ਤੇ ਆਏ ਜੰਗ ਦੇ ਮਸਲੇ, ਉਸ ਨਾਲ਼ ਜੂਝਣ ਤੇ ਮਨੁੱਖਤਾ ਦੀ ਬਿਹਤਰੀ ਲਈ ਹਰ ਉਹ ਕਾਰਨਾਮਾ ਕਰ ਜਾਣ ਦੀ ਦਲੇਰੀ, ਹਿੰਮਤ ਅਤੇ ਸੂਰਮਗਤੀ ਆਦਿ ਪੱਖਾਂ ਨੂੰ ਉਭਾਰਦਾ ਹੈ – ਜੋ ਜੰਗ ਦੇ ਇਸ ਔਖੇ ਸਮੇਂ ਵਿੱਚ ਹਰ ਨਿੱਜੀ ਕਮਜ਼ੋਰੀ ‘ਤੇ ਭਾਰੂ ਰਹਿੰਦੇ ਹਨ। ਨਾਲ਼ ਹੀ ਸੋਵੀਅਤ ਲੋਕਾਂ ਦੁਆਰਾ ਫਾਸੀਵਾਦ ਦਾ ਫਸਤਾ ਵੱਢਣ ਦੇ ਮਹੱਤਵਪੂਰਨ ਕਾਜ ਨੂੰ ਵੀ ਪਿੱਠਭੂਮੀ ਵਿੱਚ ਪੇਸ਼ ਕੀਤਾ ਗਿਆ ਹੈ।

ਵਿਸ਼ੇ ਦੇ ਨਾਲ਼-ਨਾਲ਼ ਨਾਵਲ ਨੂੰ ਜੋ ਗੱਲ ਮਹੱਤਵਪੂਰਨ ਬਣਾਉਂਦੀ ਹੈ ਉਹ ਹੈ ਨਾਵਲ ਦੇ ਪਾਤਰ। ਕਿਉਂਕਿ ਨਾਵਲ ਸੱਚੀਆਂ ਘਟਨਾਵਾਂ ਤੇ ਪਾਤਰਾਂ ‘ਤੇ ਅਧਾਰਿਤ ਹੈ ਅਤੇ ਇਹ ਸੱਚੀਆਂ ਘਟਨਾਵਾਂ ਦੀ ਲੇਖਕਾ ਇੱਕ ਗਵਾਹ ਹੈ, ਇਸ ਕਰਕੇ ਪਾਤਰਾਂ ਵਿੱਚ ਬਹੁਤ ਹੀ ਜੀਵੰਤਤਾ ਹੈ। ਨਾਵਲ ਵਿੱਚ ਪਾਤਰਾਂ ਦੀ ਨਿੱਜੀ ਤੇ ਸਮੂਹਿਕ ਜ਼ਿੰਦਗੀ ਦਾ ਵਰਣਨ ਹੈ। ਨਾਵਲ ਦੱਸਦਾ ਹੈ ਕਿ ਜੰਗ ਤੋਂ ਪਹਿਲਾਂ ਸਭ ਆਪਣੇ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਪਰ ਜਦ ਉਹ ਜੰਗ ਵਿੱਚ ਕੁੱਦ ਪੈਂਦੇ ਹਨ ਤਾਂ ਆਪਣੇ ਨਿੱਜੀ ਜੀਵਨ ਨੂੰ ਉੱਥੇ ਹੀ ਛੱਡ ਕੇ ਸਮੂਹਿਕ ਕੰਮ ਵਿੱਚ ਜੁੱਟ ਜਾਂਦੇ ਹਨ ਤੇ ਹਰ ਕੁਰਬਾਨੀ ਕਰਦੇ ਹਨ।

ਪਰ ਨਾਵਲ ਵਿੱਚ ਪਾਤਰਾਂ ਦੀ ਬਹਾਦਰੀ ਦੇ ਹੀ ਸੋਹਲੇ ਲੇਖਕਾ ਨੇ ਨਹੀਂ ਗਾਏ ਸਗੋਂ ਪਾਤਰਾਂ ਦੇ ਕਮਜ਼ੋਰ ਪੱਖਾਂ ‘ਤੇ ਵੀ ਗੱਲ ਕੀਤੀ ਹੈ। ਇਸ ਤਰ੍ਹਾਂ ਪਾਤਰਾਂ ਨੂੰ ਕੋਈ ਮਹਾਂਬਲੀ ਸੂਰੇ, ਕੁਰਬਾਨੀ ਦੇ ਪੁਤਲੇ, ਵੇਗੀ ਨਹੀਂ ਦਿਖਾਇਆ ਸਗੋਂ ਇਹਨਾਂ ਬਾਰੇ ਪੜ੍ਹਕੇ ਲੱਗਦਾ ਹੈ ਕਿ ਵਾਕਿਆ ਹੀ ਇਨਸਾਨਾਂ ਦੀ ਗੱਲ ਹੋ ਰਹੀ। ਉਹ ਕਿਸੇ ਹੋਰ ਗ੍ਰਹਿ ਦੇ ਵਾਸੀ ਨਹੀਂ ਜਾਪਦੇ ਸਗੋਂ ਹੱਡਮਾਸ ਦੇ ਇਨਸਾਨ ਹਨ ਜੋ ਕਿਸੇ ਸਮੂਹਿਕ ਸਰਗਰਮੀ ਵਿੱਚ ਹਿੱਸਾ ਲੈ ਰਹੇ ਹਨ ਅਤੇ ਆਪਣੇ ਸਮੂਹਿਕ ਕਾਜ ਨੂੰ ਪਹਿਲ ਦੇ ਰਹੇ ਹਨ ਭਾਵੇਂ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਨਿੱਜੀ ਕਮਜ਼ੋਰੀਆਂ ਵੀ ਹਨ। ਜਿਵੇਂ ਨਾਵਲ ਦੀ ਇੱਕ ਪਾਤਰ ਹੈ, ਯੂਲੀਆ, ਉਸਦੀ ਇਹ ਤ੍ਰਾਸਦੀ ਹੈ ਕਿ ਉਸਨੂੰ ਹਰ ਕਿਸੇ ਨਾਲ਼ ਪਿਆਰ ਹੋ ਜਾਂਦਾ ਹੈ ਪਰ ਉਸ ਨਾਲ਼ ਕਿਸੇ ਨੂੰ ਪਿਆਰ ਨਹੀਂ ਹੁੰਦਾ। ਨਾਵਲ ਵਿੱਚ ਉਸ ਬਾਰੇ ਇਸ ਤਰ੍ਹਾਂ ਜ਼ਿਕਰ ਹੋਇਆ ਹੈ,

“ਉਹ (ਯੂਲੀਆ) ਚੰਗੀ ਤਰ੍ਹਾਂ ਸਮਝਦੀ ਸੀ ਕਿ ਪਿਆਰ ਉਹਦੇ ਭਾਗਾਂ ਵਿੱਚ ਨਹੀਂ। ਜੇ ਉਸ ਦੀਆਂ ਦੱਬੀਆਂ-ਕੁਚਲੀਆਂ ਭਾਵਨਾਵਾਂ ਦਾ ਪਤਾ ਲੱਗ ਜਾਂਦਾ ਤਾਂ ਉਹ ਬੜੀ ਤਰਸਯੋਗ ਤੇ ਹਾਸੋਹੀਣੀ ਜਾਪਦੀ। ਉਸਨੂੰ ਮਾਣ ਸੀ, ਉਸਨੇ ਆਪਣੀਆਂ ਭਾਵਨਾਵਾਂ ਨਸ਼ਰ ਨਹੀਂ ਸਨ ਹੋਣ ਦਿੱਤੀਆਂ। ਉਸਦੇ ਉਹ ਸਭ ਔਰਤਾਂ ਵਾਲ਼ੇ ਭਰਮ-ਭੁਲਾਂਦਰੇ, ਉਸਦੇ ਨਰੋਏ ਦਿਲ ਦੀਆਂ ਅਤਿ ਡੂੰਘੀਆਂ ਨੁੱਕਰਾਂ ਵਿੱਚ ਲੁਕੇ ਹੋਏ ਸਨ ਤੇ ਇਹਨਾਂ ‘ਤੇ ਕਰੜਾ ਪਹਿਰਾ ਸੀ।”

ਇਸੇ ਤਰ੍ਹਾਂ ਨਾਵਲ ਦੇ ਇੱਕ ਪਾਤਰ ਡਾ. ਬੇਲੋਵ ਨੂੰ ਜਦ ਖ਼ਬਰ ਮਿਲਦੀ ਹੈ ਕਿ ਉਸਦੀ ਪਤਨੀ ਤੇ ਬੇਟੀ ਮਰ ਗਈਆਂ ਹਨ ਤਾਂ ਉਹ ਬਹੁਤ ਦੁਖੀ ਹੁੰਦਾ ਹੈ। ਪਰ ਉਸੇ ਵੇਲੇ ਜਦ ਉਸ ਕੋਲ ਇੱਕ ਗੰਭੀਰ ਜ਼ਖ਼ਮੀ ਮਰੀਜ਼ ਆਉਂਦਾ ਹੈ ਤਾਂ ਉਹ ਆਪਣਾ ਨਿੱਜੀ ਦੁੱਖ ਭੁਲਾਉਣ ਦਾ ਯਤਨ ਕਰਦਾ ਹੋਇਆ ਬਹੁਤ ਹੀ ਦਿਲ ਲਾ ਕੇ ਕੰਮ ਕਰਦਾ ਹੈ ਪਰ ਮਰੀਜ਼ (ਲੁਤੋਖ਼ਿਨ) ਦੀ ਮੌਤ ਹੋ ਜਾਂਦੀ ਹੈ ਤਾਂ ਡਾ. ਬੇਲੋਵ ਆਪਣੇ ਆਪ ਨੂੰ ਦੋਸ਼ੀ ਮੰਨਦਾ ਹੋਇਆ ਕਹਿੰਦਾ ਹੈ,

“ਮੈਨੂੰ ਬੜਾ ਭਿਆਨਕ ਨੁਕਸਾਨ ਹੋਇਆ ਹੈ ਪਰ ਇਸ ਨਾਲ਼ ਦੂਜਿਆਂ ਨੂੰ ਨੁਕਸਾਨ ਕਿਉਂ ਹੋਵੇ?… ਇਸਦੀ ਕੋਈ ਕਨੂੰਨੀ ਸਜ਼ਾ ਹੋਵੇ ਤਾਂ ਮੈਂ ਹੱਥ ਖੜ੍ਹੇ ਕਰਕੇ ਆਖਾਂਗਾ : ਮੈਨੂੰ ਸਜ਼ਾ ਦੇਵੋ, ਮੈਂ ਆਪਣੇ ਜ਼ਾਤੀ ਦੁੱਖ ਸਦਕਾ ਇੱਕ ਮਨੁੱਖੀ ਜ਼ਿੰਦਗੀ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ।”

ਇਸੇ ਤਰ੍ਹਾਂ ਹੀ ਨਾਵਲ ਦੇ ਹੋਰ ਪਾਤਰ ਕਰਾਮਿਨ, ਕੋਲੀਆ, ਨੀਫੋਨੋਵ, ਚਾਚਾ ਸਾਸ਼ਾ (ਜਿਸਦੀ ਪਤਨੀ, ਬੱਚੇ, ਭੈਣ, ਭਾਣਜੀ ਮਰ ਜਾਂਦੇ ਹਨ ਪਰ ਉਹ ਰੇਲਗੱਡੀ ਵਿੱਚ ਲੋਕਾਂ ਨੂੰ ਗੀਤ ਸੁਣਾਉਂਦਾ ਹੈ) ਆਦਿ ਸਾਰੇ ਹੀ ਇੱਕ ਦਲੇਰ, ਬਹਾਦਰ ਮਨੁੱਖ ਦਾ ਮੁਜੱਸਮਾ ਬਣਦੇ ਹਨ।

ਇੱਕ ਗੱਲ ਹੋਰ ਜੋ ਨਾਵਲ ਵਿੱਚੋਂ ਉੱਭਰ ਕੇ ਆਉਂਦੀ ਹੈ ਉਹ ਇਹ ਕਿ ਨਾਵਲ ਇਸ ਮਿੱਥ ਨੂੰ ਤੋੜਦਾ ਹੈ ਕਿ ਸਮਾਜਿਕ ਤਬਦੀਲੀ ਕੋਈ ਮੁੱਠੀਭਰ ਬਣੇ-ਬਣਾਏ ਅਵਤਾਰ, ਦਲੇਰ, ਬਹਾਦਰ, ਸੂਰਮੇ, ਸੱਚੇ-ਸੁੱਚੇ ਮਹਾਂਬਲੀ ਯੋਧੇ ਹੀ ਲਿਆ ਸਕਦੇ ਹਨ ਜਿਹਨਾਂ ਵਿੱਚ ਔਗੁਣ ਕੋਈ ਨਹੀਂ ਹੁੰਦਾ। ਇਸਦੇ ਉਲਟ ਨਾਵਲ ਦਰਸਾਉਂਦਾ ਹੈ ਕਿ ਸਮਾਜਿਕ ਤਬਦੀਲੀ ਦੀ ਅਸਲ ਤਾਕਤ ਆਮ ਕਿਰਤੀ ਲੋਕ ਹੀ ਹੁੰਦੇ ਹਨ। ਲੋਕ ਹੀ ਵੱਡੀਆਂ ਇਨਕਲਾਬੀ ਤਬਦੀਲੀਆਂ ਨੂੰ ਅੰਜ਼ਾਮ ਦਿੰਦੇ ਹਨ। ‘ਹਮਸਫ਼ਰ’ ਨਾਵਲ ਇਸਦੀ ਜੀਵੰਤ ਮਿਸਾਲ ਹੈ।

ਦੂਜਾ ਮਹੱਤਵਪੂਰਨ ਗੱਲ ਇਹ ਕਿ ਰੂਸ ਦੇ ਲੋਕਾਂ ਵਿੱਚ ਇਹ ਜਿੰਦਾਦਿਲੀ, ਹਿੰਮਤ, ਬਹਾਦਰੀ, ਮਾਤਭੂਮੀ ਨਾਲ਼ ਪਿਆਰ, ਤਸੀਹੇ ਝੱਲਣ ਦੀ ਹਿੰਮਤ ਆਦਿ ਗੁਣ ਕਿੱਥੋਂ ਆਏ? ਉਹ ਕੋਈ ਚਾਣਚੱਕੀ ਵਾਪਰੀ ਘਟਨਾ ਨਹੀਂ ਸਗੋਂ ਲੈਨਿਨ-ਸਤਾਲਿਨ ਦੀ ਬਾਲਸ਼ਵਿਕ ਪਾਰਟੀ ਨੇ ਲੋਕਾਂ ਨੂੰ ਲੁੱਟ-ਜ਼ਬਰ ਰਹਿਤ ਸਮਾਜ ਦਾ ਇੱਕ ਸੁਪਨਾ ਦਿਖਾਇਆ ਅਤੇ ਕਈ ਪੀੜ੍ਹੀਆਂ ਨੇ ਖ਼ੂਨ-ਪਸੀਨੇ ਨਾਲ਼ ਇਸ ਸੁਪਨਿਆਂ ਦੀ ਜ਼ਮੀਨ ਨੂੰ ਸਿੰਜਿਆ, ਫਿਰ ਕਿਤੇ ਜਾ ਕੇ ਸਮਾਜਵਾਦ ਦਾ ਬਗੀਚਾ ਰੂਸ ਵਿੱਚ ਖਿੜਿਆ ਸੀ ਪਰ ਜਦ ਫਾਸੀਵਾਦੀ ਇਸ ਬਗੀਚੇ ਨੂੰ ਤਬਾਹ ਕਰਨਾ ਚਾਹੁੰਦੇ ਸਨ ਤਾਂ ਲੋਕਾਂ ਨੇ ਵੀ ਮੂੰਹਤੋੜਵਾਂ ਜਵਾਬ ਦਿੱਤਾ।

ਕਹਿਣ ਦਾ ਭਾਵ ਇਹ ਪੂਰੀ ਊਰਜਾ ਮਜ਼ਦੂਰ ਜਮਾਤ ਦੀ ਬਾਲਸ਼ਵਿਕ ਪਾਰਟੀ, ਪਾਰਟੀ ਦੀਆਂ ਕੁਰਬਾਨੀਆਂ, ਲੋਕਾਂ ਦੀਆਂ ਕੁਰਬਾਨੀਆਂ, ਹਰ ਲੁੱਟ-ਖਸੁੱਟ ਨੂੰ ਖ਼ਤਮ ਕਰਕੇ ਇੱਕ ਲੁੱਟ ਜ਼ਬਰ ਰਹਿਤ ਬੇਹਤਰ ਪ੍ਰਬੰਧ ਦੀ ਸਥਾਪਤੀ ਅਤੇ ਉਸਦਾ ਅਮਲੀ ਪੱਧਰ ‘ਤੇ ਵਿਕਾਸ ਆਦਿ ਗੱਲਾਂ ਸਨ ਜਿਹਨਾਂ ਸਦਕਾ ਇਤਿਹਾਸ ਦੇ ਛੋਟੇ ਜਿਹੇ ਕਾਲਖੰਡ (1917-1956) ਵਿੱਚ ਰੂਸ ਵਰਗੇ ਪਛੜੇ ਦੇਸ਼ ਨੇ ਮਨੁੱਖਤਾ ਲਈ ਕੀ ਕੁਝ ਕੀਤਾ ਤੇ ਸਿਰਜਿਆ ਇਹ ਰੂਸ ਦਾ ਉਸ ਸਮੇਂ ਦਾ ਇਤਿਹਾਸ ਪੜ੍ਹਕੇ ਪਤਾ ਲੱਗਦਾ ਹੈ। ‘ਹਮਸਫ਼ਰ’ ਨਾਵਲ ਉਸ ਦੌਰ ਦੇ ਇੱਕ ਭਾਗ ਦਾ ਮਹੱਤਵਪੂਰਨ ਦਸਤਾਵੇਜ਼ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements