ਹਾਕਮ ਜਮਾਤ ਅਤੇ ਹਾਕਮ ਵਿਚਾਰ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੁੱਢ-ਕਦੀਮੀ ਕਮਿਊਨਿਜ਼ਮ ਦੇ ਖ਼ਾਤਮੇ ਤੋਂ ਬਾਅਦ ਸਮਾਜ ਪਰਸਪਰ ਵਿਰੋਧੀ ਜਮਾਤਾਂ ‘ਚ, ਲੋਟੂਆਂ ਅਤੇ ਪਸਿੱਤਿਆਂ ‘ਚ ਵੰਡਿਆ ਰਿਹਾ ਹੈ, ਇਹ ਜਮਾਤਾਂ ਖੁਦ ਆਰਥਿਕ ਵਿਕਾਸ ਦੀ ਪੈਦਾਵਾਰ ਰਹੀਆਂ ਹਨ। ਵਿਕਾਸ ਦੇ ਹਾਸਲ ਪੱਧਰ ‘ਤੇ ਸਮਾਜ ਦੇ ਆਰਥਿਕ ਢਾਂਚੇ ਅਤੇ ਪੈਦਾਵਾਰੀ ਸਬੰਧਾਂ ਦੇ ਹਾਸਲ ਢਾਂਚੇ ਦੇ ਅਨੁਸਾਰ ਇੱਕ ਜਾਂ ਦੂਜੀ ਜਮਾਤ ਨੇ ਅਰਥਚਾਰੇ ‘ਚ ਭਾਰੂ ਥਾਂ ਪ੍ਰਾਪਤ ਕੀਤੀ ਹੈ, ਅਤੇ ਹਾਕਮ ਜਮਾਤ ਵਜੋਂ ਸਮਾਜ ਦੀ ਅਗਵਾਈ ਆਪਣੇ ਹੱਥ ਲਈ।

ਇਸ ਤਰ੍ਹਾਂ ਮਤ ਅਤੇ ਸੰਸਥਾਵਾਂ, ਜੋ ਸਮਾਜ ਦੇ ਹਾਸਲ ਆਰਥਿਕ ਢਾਂਚੇ ਨੂੰ ਪ੍ਰਤੀਬਿੰਬਤ ਕਰਦੀਆਂ ਹਨ, ਉਸ ਜਮਾਤ ਦੇ ਹਿੱਤਾਂ ਨੂੰ, ਹਾਕਮ ਜਮਾਤ ਦੇ ਹਿੱਤਾਂ ਨੂੰ ਪ੍ਰਤੀਬਿੰਬਤ ਕਰਦੀਆਂ ਹਨ, ਜਿਸਦਾ ਦਾਬਾ ਉਸ ਆਰਥਿਕ ਢਾਂਚੇ ‘ਤੇ ਨਿਰਭਰ ਕਰਦਾ ਹੈ।

ਇਸ ਤਰ੍ਹਾਂ, ਮਾਰਕਸ ਤੇ ਏਂਗਲਜ਼ ਨੇ ਲਿਖਿਆ ਹੈ, “ਹਰੇਕ ਯੁੱਗ ਦੇ ਹਾਕਮ ਵਿਚਾਰ ਹਮੇਸ਼ਾ ਹਾਕਮ ਜਮਾਤ ਦੇ  ਵਿਚਾਰ ਰਹੇ ਹਨ।”2

ਮਤਾਂ ਅਤੇ ਸੰਸਥਾਵਾਂ ਦਾ ਉੱਚ-ਉਸਾਰ, ਜੋ ਆਰਥਿਕ ਆਧਾਰ ਦੇ ਉਤਪਾਦ ਵਜੋਂ ਪੈਦਾ ਹੁੰਦਾ ਹੈ ਅਤੇ ਉਸ ਆਰਥਿਕ ਆਧਾਰ ਨੂੰ ਪ੍ਰਤੀਬਿੰਬਤ ਕਰਦਾ ਹੈ, ਹਮੇਸ਼ਾ ਕਿਸੇ ਖ਼ਾਸ ਜਮਾਤ ਦੇ ਦਾਬੇ ਦਾ ਵੀ ਉਤਪਾਦ ਹੁੰਦਾ ਹੈ।

ਮਾਰਕਸ ਤੇ ਏਂਗਲਜ਼ ਨੇ ਲਿਖਿਆ ਹੈ: “ਹਾਕਮ ਵਿਚਾਰ ਭਾਰੂ ਪਦਾਰਥਕ ਸਬੰਧਾਂ, ਵਿਚਾਰਾਂ ਦੇ ਰੂਪ ‘ਚ ਪ੍ਰਵਾਨ ਭਾਰੂ ਪਦਾਰਥਕ ਸਬੰਧਾਂ, ਇਸ ਤਰ੍ਹਾਂ ਉਹਨਾਂ ਸਬੰਧਾਂ ਦੀ, ਜੋ ਕਿਸੇ ਜਮਾਤ ਨੂੰ ਹਾਕਮ ਜਮਾਤ ਬਣਾਉਂਦੇ ਹਨ, ਦੇ ਆਦਰਸ਼ ਪ੍ਰਗਟਾਵੇ ਤੋਂ ਵੱਧ ਕੁਝ ਨਹੀਂ ਹੁੰਦੇ, ਇਸ ਲਈ ਉਹ ਉਸ ਜਮਾਤ ਦੇ ਦਾਬੇ ਦੇ ਵਿਚਾਰ ਹੁੰਦੇ ਹਨ।”3

ਆਧਾਰ ਦੀ ਸੇਵਾ ਹਾਕਮ ਜਮਾਤ ਦੀ ਸੇਵਾ ਦੇ ਸਮਤੁੱਲ ਹੈ। ਵਿਚਾਰ ਅਤੇ ਸੰਸਥਾਵਾਂ, ਜੋ ਆਰਥਿਕ ਢਾਂਚੇ ਨੂੰ, ਜਿਸ ‘ਚ ਖ਼ਾਸ ਜਮਾਤ ਭਾਰੂ ਹੁੰਦੀ ਹੈ, ਅਤੇ ਜਿਸਦੀ ਹੋਣੀ ਨਾਲ਼ ਉਸਦੀ ਹੋਣੀ ਜੁੜੀ ਹੁੰਦੀ ਹੈ, ਸਰੂਪ ਗ੍ਰਹਿਣ ਕਰਨ ਅਤੇ ਮਜ਼ਬੂਤ ਹੋਣ ‘ਚ ਸਹਾਇਕ ਦੇ ਰੂਪ ‘ਚ ਸਰਗਰਮ ਭੂਮਿਕਾ ਨਿਭਾਉਂਦੇ ਹਨ, ਇਸ ਤਰ੍ਹਾਂ ਉਸ ਜਮਾਤ ਦੀ ਹਕੂਮਤ ਕਾਇਮ ਰੱਖਣ ਲਈ ਹਥਿਆਰ ਤੇ ਸੰਦ ਬਣਕੇ ਉਸਦੀ ਸੇਵਾ ਕਰਦੇ ਹਨ।

ਇੱਕ ਖ਼ਾਸ ਜਮਾਤ ਹੀ ਹਮੇਸ਼ਾ ਹਾਸਲ ਆਰਥਿਕ ਢਾਂਚੇ ਨੂੰ, ਜਿਸ ‘ਚ ਉਹ ਜਮਾਤ ਭਾਰੂ ਹੁੰਦੀ ਹੈ ਅਤੇ ਜਿਸ ‘ਚ ਉਹ ਹਾਕਮ ਜਮਾਤ ਹੁੰਦੀ ਹੈ, ਸਥਾਪਿਤ ਕਰਨ ਅਤੇ ਉਸ ਤੋਂ ਬਾਅਦ ਉਸ ਨੂੰ ਸਰੂਪ ਦੇਣ ਤੇ ਮਜ਼ਬੂਤ ਕਰਨ ‘ਚ ਅਗਵਾਨੂੰ ਭੂਮਿਕਾ ਨਿਭਾਉਂਦੀ ਹੈ। ਨਤੀਜਨ ਇਹੀ ਜਮਾਤ ਆਪਣੇ ਅਨੁਸਾਰ ਮਤਾਂ-ਹਾਕਮਾਂ ਵਿਚਾਰਾਂ – ਅਤੇ ਆਪਣੇ ਅਨੁਸਾਰੀ ਸੰਸਥਾਵਾਂ ਵਿਕਸਿਤ ਕਰਨ ਲਈ ਮੁੱਢਲੇ ਰੂਪ ‘ਚ ਜ਼ਿੰਮੇਵਾਰ ਹੁੰਦੀ ਹੈ। ਉਹ ਜਾਇਦਾਦ ਦੇ ਸਰੂਪਾਂ ਅਤੇ ਸਮਾਜਿਕ ਸਬੰਧਾਂ ਦੇ ਆਧਾਰ ‘ਤੇ ਵਿਕਸਤ ਕੀਤੇ ਜਾਂਦੇ ਹਨ, ਜਿਹਨਾਂ ਨਾਲ਼ ਉਸ ਜਮਾਤ ਦੇ ਹਿੱਤ ਅਤੇ ਕਾਰਜ ਸਬੰਧਿਤ ਹੁੰਦੇ ਹਨ।

ਇਸਦਾ ਇਹ ਅਰਥ ਨਹੀਂ ਹੈ ਕਿ ਹਾਕਮ ਜਮਾਤ ਜਿਹਨਾਂ ਮਤਾਂ ਨੂੰ ਪਹਿਲਾਂ ਤੋਂ ਮੌਜੂਦ ਪਾਉਂਦੀ ਹੈ, ਉਹਨਾਂ ‘ਤੇ ਧਿਆਨ ਦਿੱਤੇ ਬਿਨਾਂ ਹੀ ਆਪਣੇ ਨਿੱਜੀ ਮਤ ਵਿਕਸਿਤ ਕਰਦੀ ਹੈ। ਇਸਦੇ ਉਲਟ, ਕਿਸੇ ਖ਼ਾਸ ਹਾਕਮ ਜਮਾਤ ਦੁਆਰਾ ਕਿਸੇ ਸਮੇਂ ਵਿਕਸਿਤ ਕੀਤੇ ਗਏ ਮਤ – ਉਸੇ ਤਰ੍ਹਾਂ ਉਹਨਾਂ ਦੇ ਅਨੁਸਾਰੀ ਸੰਸਥਾਵਾਂ – ਪਹਿਲੇ ਕਾਲ਼ ‘ਚ ਵਿਕਸਿਤ ਮਤਾਂ ਅਤੇ ਸੰਸਥਾਵਾਂ ਨੂੰ ਆਪਣਾ ਰਵਾਨਗੀ-ਬਿੰਦੂ ਮੰਨਦੇ ਹਨ। ਜੋ ਖ਼ਾਸ ਸਰੂਪ ਉਹਨਾਂ ਨੂੰ ਦਿੱਤਾ ਜਾਂਦਾ ਹੈ, ਉਹ ਆਮ ਤੌਰ ‘ਤੇ ਪਹਿਲੇ ਕਾਲ਼ ‘ਚ ਮੌਜੂਦ ਸਰੂਪਾਂ ਤੋਂ ਹਾਸਲ ਕੀਤਾ ਗਿਆ ਹੁੰਦਾ ਹੈ, ਪਰ ਉਹਨਾਂ ਦਾ ਸਾਰਤੱਤ ਹਾਸਲ ਸਮੇਂ ‘ਚ ਇੱਕ ਖ਼ਾਸ ਜਮਾਤ ਦੀ ਹੋਂਦ ਦੀਆਂ ਹਾਲਤਾਂ ‘ਚੋਂ ਉਭਰਦਾ ਹੈ ਅਤੇ ਉਹਨਾਂ ਨੂੰ ਪ੍ਰਤੀਬਿੰਬਤ ਕਰਦਾ ਹੈ। (ਇਸ ਤਰ੍ਹਾਂ ਉੱਚ-ਉਸਾਰ ਦੇ ਵਿਕਾਸ ‘ਚ ਪੁਰਾਣੇ ਸਰੂਪਾਂ ਨੂੰ ਨਵੇਂ ਸਾਰਤੱਤ ਦਿੱਤੇ ਜਾਣ ਅਤੇ ਉਸ ਤੋਂ ਬਾਅਦ ਸਾਰਤੱਤ ਦੀਆਂ ਇੱਛਾਵਾਂ ਦੀ ਪੂਰਤੀ ਲਈ ਸਰੂਪ ਬਦਲੇ ਜਾਣ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਹੈ)।

ਮਾਰਕਸ ਨੇ ਲਿਖਿਆ ਹੈ: “ਜਾਇਦਾਦ ਦੇ ਵੱਖ-ਵੱਖ ਸਰੂਪਾਂ ਉੱਤੇ, ਹੋਂਦ ਦੀਆਂ ਸਮਾਜਿਕ ਹਾਲਤਾਂ ਉੱਤੇ ਨਿਸ਼ਚਿਤ ਤੇ ਖ਼ਾਸ ਰੂਪ ਨਾਲ਼ ਉਸਰੇ ਸੰਵੇਗਾਂ, ਭਰਮਾਂ, ਚਿੰਤਨ ਪ੍ਰਣਾਲੀਆਂ ਅਤੇ ਜੀਵਨ ਦੇ ਮਤਾਂ ਦਾ ਸੰਪੂਰਨ ਉੱਚ-ਉਸਾਰ ਉੱਭਰਦਾ ਹੈ। ਸੰਪੂਰਨ ਜਮਾਤ ਆਪਣੀਆਂ ਪਦਾਰਥਕ ਬੁਨਿਆਦਾਂ ਅਤੇ ਉਹਨਾਂ ਅਨੁਸਾਰ ਸਮਾਜਿਕ ਸਬੰਧਾਂ ‘ਚੋਂ ਉਹਨਾਂ ਦੀ ਰਚਨਾ ਤੇ ਗਠਨ ਕਰਦੀ ਹੈ।”4

ਇਸ ਤਰ੍ਹਾਂ ਹਮੇਸ਼ਾ ਇਹੀ ਨਤੀਜਾ ਨਿਕਲਦਾ ਹੈ, “ਉਹ ਜਮਾਤ, ਜੋ ਸਮਾਜ ਦੀ ਹਾਕਮ ਪਦਾਰਥਕ ਤਾਕਤ ਹੁੰਦੀ ਹੈ, ਨਾਲ਼ ਹੀ ਨਾਲ਼ ਉਸੇ ਸਮੇਂ ਉਸਦੀ ਹਾਕਮ ਬੌਧਿਕ ਤਾਕਤ ਵੀ ਬਣ ਜਾਂਦੀ ਹੈ। ਉਹ ਜਮਾਤ ਜੋ ਪਦਾਰਥਕ ਪੈਦਾਵਾਰ ਦੇ ਸਾਧਨਾਂ ਨੂੰ ਆਪਣੇ ਮਤਹਿਤ ਰੱਖਦੀ ਹੈ, ਉਸੇ ਦੇ ਨਾਲ਼ ਮਾਨਸਿਕ ਪੈਦਾਵਾਰ ਦੇ ਸਾਧਨਾਂ ਨੂੰ ਵੀ ਕੰਟਰੌਲ ਕਰਦੀ ਹੈ, ਆਮ ਰੂਪ ‘ਚ ਕਹੀਏ ਤਾਂ, ਉਹਨਾਂ ਲੋਕਾਂ ਦੇ ਵਿਚਾਰ ਜੋ ਮਾਨਸਿਕ ਪੈਦਾਵਾਰ ਦੇ ਸਾਧਨਾਂ ਤੋਂ ਵਾਂਝੇ ਹਨ, ਉਸਦੇ (ਹਾਕਮ ਜਮਾਤ-ਅਨੁ) ਅਧੀਨ ਹੋ ਜਾਂਦੇ ਹਨ।”5

ਇਹ ਵਿਚਾਰਧਾਰਕ ਦਾਬਾ ਅਸਲ ‘ਚ ਜਮਾਤੀ-ਦਾਬੇ ਦਾ ਬੁਨਿਆਦੀ ਤੱਤ ਹੁੰਦਾ ਹੈ। ਆਪਣੀ ਪਦਾਰਥਕ ਹਕੂਮਤ ਕਾਇਮ ਰੱਖਣ ਲਈ ਹਾਕਮ ਜਮਾਤ ਨੂੰ ਮਨੁੱਖਾਂ ਦੇ ਦਿਮਾਗ਼ਾਂ ‘ਤੇ ਆਪਣੀ ਹਕੂਮਤ ਲਾਜ਼ਮੀ ਹੀ ਕਾਇਮ ਰੱਖਣੀ ਪੈਂਦੀ ਹੈ। ਸਮਾਜ ਦੀਆਂ ਬੌਧਿਕ ਤਾਕਤਾਂ ਨੂੰ ਉਸਨੂੰ ਖੁਦ ਆਪਣੇ ਨਾਲ਼ ਲਾਜ਼ਮੀ ਹੀ ਸਬੰਧਿਤ ਕਰਨਾ ਹੁੰਦਾ ਹੈ ਅਤੇ ਉਹਨਾਂ ਵਿਚਾਰਾਂ ਦੇ ਪ੍ਰਚਾਰ ਦਾ ਪ੍ਰਬੰਧ ਕਰਨਾ ਹੁੰਦਾ ਹੈ ਜੋ ਦਾਬੇ ਨੂੰ ਪ੍ਰਗਟਾਉਂਦੇ ਹੋਏ ਉਸਦੇ ਮੂਹਰੇ ਆਉਣ ਵਾਲ਼ੀ ਕਿਸੇ ਵੀ ਵੰਗਾਰ ਨੂੰ ਅੱਗੇ ਵੱਧ ਕੇ ਰੋਕਦੇ ਹਨ।

ਬੁੱਧੀਜੀਵੀਆਂ ਦੀ ਭੂਮਿਕਾ

ਜਦ ਅਸੀਂ ਹਾਕਮ ਜਮਾਤ ਦੇ ਵਿਚਾਰਾਂ ਨੂੰ ਹਾਕਮ ਵਿਚਾਰ ਦਾ ਨਾਂ ਦਿੰਦੇ ਹਾਂ, ਤਾਂ ਅਸਲ ‘ਚ ਉਸਦਾ ਅਰਥ ਇਹ ਨਹੀਂ ਹੁੰਦਾ ਕਿ ਹਾਕਮ ਜਮਾਤ ਦੇ ਸਾਰੇ ਮੈਂਬਰ ਉਹਨਾਂ ਵਿਚਾਰਾਂ ਨੂੰ ਘੜਨ ਤੇ ਪ੍ਰਚਾਰਨ ‘ਚ ਭਾਗ ਲੈਂਦੇ ਹਨ। ਆਰਥਿਕ ਢਾਂਚੇ ਅਤੇ ਜਮਾਤੀ ਹਕੂਮਤ ਦੇ ਢੰਗਾਂ ਦੇ ਪੱਕੇ ਪੈਰੀਂ ਹੋਣ ਨਾਲ਼ ਹਮੇਸ਼ਾ ਇਹ ਤੱਥ ਜੁੜਿਆ ਹੁੰਦਾ ਹੈ ਕਿ ਜਿਵੇਂ ਕੁਝ ਖ਼ਾਸ ਵਿਅਕਤੀ ਪ੍ਰਸ਼ਾਸਨਿਕ ਅਤੇ ਹੋਰ ਹਕੂਮਤ-ਸਬੰਧੀ ਕਾਰਜ ਸੰਭਾਲਦੇ ਹਨ, ਇਸੇ ਤਰ੍ਹਾਂ ਕੁਝ ਨਿਸ਼ਚਿਤ ਵਿਅਕਤੀ ਹਮੇਸ਼ਾ ਬੌਧਿਕ ਕਾਰਜਾਂ ‘ਚ ਖ਼ਾਸ-ਯੋਗਤਾ ਪ੍ਰਾਪਤ ਕਰ ਲੈਂਦੇ ਹਨ।

ਜਿਵੇਂ ਪ੍ਰਸ਼ਾਸਨ ਅਤੇ ਮੁਲਾਜ਼ਮ ਖੁਦ ਆਪਣੇ-ਆਪ ‘ਚ ਕੋਈ ਜਮਾਤ ਨਹੀਂ ਹੁੰਦੇ, ਉਸੇ ਤਰ੍ਹਾਂ ਬੁੱਧੀਜੀਵੀ ਵੀ ਖੁਦ ਕੋਈ ਜਮਾਤ ਨਹੀਂ ਹੁੰਦੇ। ਇਹ ਸੱਚ ਹੈ ਕਿ ਅਜਿਹੇ ਖ਼ਾਸ ਯੋਗਤਾ ਪ੍ਰਾਪਤ ਹਿੱਸੇ ਸਮੇਂ-ਸਮੇਂ ‘ਤੇ ਖੁਦ ਆਪਣੇ ਸਵਾਰਥ ਵਿਕਸਿਤ ਕਰ ਲੈਂਦੇ ਹਨ। ਉਹ ਖੁਦ ਆਪਣੇ ਆਲ੍ਹਣੇ ਸਜਾਉਣ ਅਤੇ ਆਪਣੇ ਲਈ ਖ਼ਾਸ ਸਹੂਲਤਾਂ ਹਾਸਲ ਕਰਨ ‘ਚ ਮਾਹਰ ਹੋ ਜਾਂਦੇ ਹਨ। ਇਸ ਨਾਲ਼ ਕਦੇ ਕੁਝ ਮੌਕਿਆਂ ‘ਤੇ, ਜਿਵੇਂ ਕਿ ਮਾਰਕਸ ਤੇ ਏਂਗਲਜ਼ ਨੇ ਕਿਹਾ ਹੈ, ਉਹਨਾਂ ਦੇ ਅਤੇ ਹਾਕਮ ਜਮਾਤ ਦੇ ਮੁੱਖ ਹਿੱਸੇ ਵਿਚਾਲੇ “ਵਿਰੋਧ ਅਤੇ ਵੈਰ-ਭਾਵ ਵੀ ਉਪਜ ਸਕਦਾ ਹੈ।” ਪਰ “ਅਮਲੀ ਟਕਰਾਅ ਦੀ ਹਾਲਤ ਪੈਦਾ ਹੁੰਦੇ ਹੀ, ਜਿਸ ‘ਚ ਖੁਦ ਜਮਾਤ ਹੀ ਖ਼ਤਰੇ ‘ਚ ਪੈ ਜਾਵੇ,” ਇਹ ਵਿਰੋਧ ਅਤੇ ਵੈਰ “ਆਪਣੇ ਆਪ ਠੁਸ” ਹੋ ਜਾਂਦੇ ਹਨ। 6 ਬੁੱਧੀਜੀਵੀ ਵੱਖਰੇ ਜਮਾਤੀ-ਹਿੱਤਾਂ ਵਾਲ਼ੀ ਕੋਈ ਅਲੱਗ ਜਮਾਤ ਨਹੀਂ ਹੁੰਦੇ, ਸਗੋਂ ਸਮਾਜ ਨੂੰ ਬਣਾਉਣ ਵਾਲ਼ੀਆਂ ਜਮਾਤਾਂ ‘ਚੋਂ ਕਿਸੇ ਨਾ ਕਿਸੇ ਜਮਾਤ ਦੇ ਬੌਧਿਕ ਨੁਮਾਇੰਦੇ ਦੇ ਰੂਪ ‘ਚ ਕਾਰਜ ਕਰਦੇ ਹਨ।

ਹਰੇਕ ਜਮਾਤ, ਜੋ ਸਮਾਜਿਕ ਤਬਦੀਲੀ ‘ਚ ਗ਼ੈਰ-ਸਰਗਰਮ ਭੂਮਿਕਾ ਤੱਕ ਸੀਮਿਤ ਨਾ ਰਹਿ ਕੇ ਇੱਕ ਅਲੱਗ ਸਰਗਰਮ ਭੂਮਿਕਾ ਨਿਭਾਉਂਦੀ ਹੈ, ਖੁਦ ਆਪਣੇ ਬੌਧਿਕ ਨੁਮਾਇੰਦਿਆਂ ਦੀ ਖੋਜ ਕਰ ਲੈਂਦੀ ਹੈ। ਅਤੇ ਹਾਕਮ ਜਮਾਤ ਹਮੇਸ਼ਾ ਬੁੱਧੀਜੀਵੀਆਂ ਦੀ ਜਥੇਬੰਦੀ ਰੱਖਦੀ ਹੈ, ਜੋ ਕਿਸੇ ਵਿਸ਼ੇਸ਼ ਦੌਰ ‘ਚ ਸਮਾਜ ਦੀ ਭਾਰੂ ਬੌਧਿਕ ਤਾਕਤ ਬਣਦੇ ਹਨ, ਅਤੇ ਜੋ ਉਸਦੇ “ਭਾਵਨਾਵਾਂ, ਭਰਮਾਂ, ਚਿੰਤਨ-ਪ੍ਰਣਾਲੀ ਅਤੇ ਜੀਵਨ ਦੇ ਮਤਾਂ” ਨੂੰ ਵਿਸਥਾਰਦੇ ਹਨ।

ਇਹ ਕਿ ਉਹ ਆਮ ਤੌਰ ‘ਤੇ ਸਚੇਤਨ ਹੋ ਕੇ ਇਹ ਕਾਰਜ ਨਹੀਂ ਕਰਦੇ, ਇਸ ਤੱਥ ਦਾ ਖੰਡਨ ਕਰਦਾ ਲੱਗਦਾ ਹੈ ਕਿ ਉਹ ਸੱਚਮੁਚ ਹੀ ਇਹੀ ਕਾਰਜ ਪੂਰਾ ਕਰਦੇ ਹਨ।

ਏਂਗਲਜ਼ ਨੇ ਲਿਖਿਆ ਹੈ: “ਵਿਚਾਰਧਾਰਾ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸਨੂੰ ਅਖੌਤੀ ਬੁੱਧੀਜੀਵੀ ਸੱਚਮੁੱਚ ਸਚੇਤਨ ਭਾਵ ਨਾਲ਼, ਪਰ ਝੂਠੀ ਚੇਤਨਾ ਦੇ ਨਾਲ਼ ਪੂਰਾ ਕਰਦਾ ਹੈ। ਉਸਤੋਂ ਇਹ ਕਾਰਜ ਕਰਵਾਉਣ ਵਾਲ਼ੇ ਅਸਲ ਪ੍ਰੇਰਕਾਂ ਦਾ ਉਸਨੂੰ ਗਿਆਨ ਨਹੀਂ ਹੁੰਦਾ… ਉਹ ਕੇਵਲ ਵਿਚਾਰਕ-ਸਮੱਗਰੀ ਨਾਲ਼ ਕੰਮ ਕਰਦਾ ਹੈ, ਜਿਸਨੂੰ ਉਹ ਜਾਂਚ-ਪੜਤਾਲ ਕੀਤੇ ਬਿਨਾਂ ਸੋਚ ਦੀ ਪੈਦਾਵਾਰ ਮੰਨ ਕੇ ਪ੍ਰਵਾਨ ਕਰ ਲੈਦਾ ਹੈ, ਉਹ ਸੋਚ ਤੋਂ ਆਜ਼ਾਦ, ਜ਼ਿਆਦਾ ਅਦਿੱਖ ਪ੍ਰਕਿਰਿਆ ਲਈ, ਅੱਗੇ ਛਾਣਬੀਣ ਨਹੀਂ ਕਰਦਾ।”7

ਅੱਜ ਸਾਨੂੰ ਇਸ ਪ੍ਰਕਿਰਿਆ ਦੇ ਹੈਰਾਨੀਜਨਕ ਉਦਾਹਰਨ ਮਿਲਦੇ ਹਨ। ਸਭ ਤੋਂ ਜ਼ਿਆਦਾ ਵੱਖਰੇ ਮਤਾਂ ਦੇ ਵਿਚਾਰਕ – ਨਾਸਤਿਕ ਅਤੇ ਪੱਕੇ ਈਸਾਈ, ਸਮਾਜਿਕ ਜਮਹੂਰੀ ਅਤੇ ਰੂੜ੍ਹੀਵਾਦੀ – ਸਾਰੇ ਇੱਕ ਹੀ ਨਜ਼ਰੀਏ ਨੂੰ ਪ੍ਰਗਟਾਉਣ ਲਈ ਮਜ਼ਬੂਰ ਹਨ ਕਿ ਮਨੁੱਖ ਆਪਣੀ ਹੋਣੀ ਦੇ ਵਿਸ਼ੇ ‘ਚ ਗਿਆਨ-ਵਿਹੂਣਾ ਹੈ ਅਤੇ ਉਹ ਰਹੱਸਵਾਦੀ ਤਾਕਤਾਂ ਦੀ ਕਿਰਪਾ ‘ਤੇ ਰਹਿੰਦਾ ਹੈ, ਜਿਹਨਾਂ ਨੂੰ ਉਹ ਸਮਝ ਨਹੀਂ ਸਕਦਾ। ਇਹ ਨਜ਼ਰੀਆ ਅੰਤਿਮ ਸੰਕਟ ਨਾਲ਼ ਔਖੇ ਘੋਲ਼ ‘ਚ ਫਸੀ ਹਾਕਮ ਸਰਮਾਏਦਾਰ ਜਮਾਤ ਦੇ ਨਜ਼ਰੀਏ ਤੋਂ ਬਿਨਾਂ ਹੋਰ ਕੀ ਹੈ? ਇਹ ਵਿਚਾਰਕ ਵੱਖਰੇ-ਵੱਖਰੇ ਸਮਾਜਿਕ ਤਬਕਿਆਂ ‘ਤੋਂ ਆਏ ਹੋ ਸਕਦੇ ਹਨ, ਪਰ ਉਹ ਹਾਕਮ ਜਮਾਤ ਦੀ ਸੇਵਾ ‘ਚ ਉਹਨਾਂ ਹੀ ਮਤਾਂ ਨੂੰ ਅੱਗੇ ਵਧਾਉਂਦੇ ਹਨ ਅਤੇ ਆਪਣੇ ਸਰੋਤਿਆਂ ਤੇ ਪਾਠਕਾਂ ਦੇ ਦਿਮਾਗ਼ ਨੂੰ ਉਹਨਾਂ ਹੀ ਵਿਚਾਰਾਂ ਨਾਲ਼ ਗੰਧਲਾ ਕਰਦੇ ਹਨ।
ਬੁੱਧੀਜੀਵੀਆਂ ਦੀ ਉਸ ਜਮਾਤ ਨਾਲ਼ ਸਬੰਧ, ਜਿਸਦੀ ਉਹ ਨੁਮਾਇੰਦਗੀ ਕਰਦੇ ਹਨ, ਨੂੰ ਮਾਰਕਸ ਨੇ ਫਰਾਂਸ ‘ਚ 1848 ਦੇ ਸਮੇਂ ਦੀ ਨਿੱਕ-ਬੁਰਜੂਆ ਜਮਾਤ ਦੇ ਸਾਹਿਤਕ ਅਤੇ ਸਿਆਸੀ ਨੁਮਾਇੰਦਿਆਂ ਬਾਰੇ ਲਿਖਦੇ ਹੋਏ ਸਪੱਸ਼ਟ ਕੀਤਾ।

ਉਹਨਾਂ ਨੇ ਲਿਖਿਆ ਸੀ, “ਇਹ ਕਲਪਨਾ ਨਹੀਂ ਕਰਨੀ ਚਾਹੀਦੀ ਕਿ ਦੁਕਾਨਦਾਰਾਂ ਦੇ ਇਹ ਸਿਧਾਂਤਕਾਰ ਸਾਰੇ ਖੁਦ ਦੁਕਾਨਦਾਰ ਜਾਂ ਦੁਕਾਨਦਾਰਾਂ ਦੇ ਉਤਸ਼ਾਹੀ ਯੋਧੇ ਹਨ। ਉਹ ਆਪਣੀ ਸਿੱਖਿਆ ਅਤੇ ਆਪਣੀ ਨਿੱਜੀ ਸਥਿਤੀ ਅਨੁਸਾਰ ਇਹਨਾਂ ਤੋਂ ਇੰਨੇ ਦੂਰ ਹੋ ਸਕਦੇ ਹਨ, ਜਿੰਨੀ ਦੂਰੀ ਅਸਮਾਨ ਤੇ ਧਰਤੀ ਵਿਚਾਲੇ ਹੈ। ਜੋ ਤੱਥ ਉਹਨਾਂ ਨੂੰ ਨਿੱਕ-ਬੁਰਜੂਆ ਜਮਾਤ ਦਾ ਨੁਮਾਇੰਦਾ ਬਣਾਉਂਦਾ ਹੈ, ਉਹ ਇਹ ਹੈ ਕਿ ਉਹ ਆਪਣੇ ਦਿਮਾਗ਼ ਨਾਲ਼ ਉਹਨਾਂ ਹੱਦਾਂ ਤੋਂ ਪਾਰ ਨਹੀਂ ਜਾਂਦੇ, ਜਿਹਨਾਂ ਹੱਦਾਂ ਨੂੰ ਨਿੱਕ-ਬੁਰਜੂਆ ਜਮਾਤ ਆਪਣੀ ਜ਼ਿੰਦਗੀ ‘ਚ ਨਹੀਂ ਉਲੰਘਦੀ ਅਤੇ ਨਤੀਜਨ ਉਹ ਸਿਧਾਂਤਕ ਰੂਪ ‘ਚ ਉਹਨਾਂ ਹੀ ਸਮੱਸਿਆਵਾਂ ਅਤੇ ਹੱਲਾਂ ਵੱਲ ਪ੍ਰੇਰਿਤ ਹੁੰਦੇ ਹਨ, ਜਿਹਨਾਂ ਵੱਲ ਨਿੱਕ-ਬੁਰਜੂਆ ਜਮਾਤ ਨੂੰ ਅਮਲੀ ਤੌਰ ‘ਤੇ ਉਸਦੇ ਪਦਾਰਥਕ ਹਿੱਤ ਅਤੇ ਸਮਾਜਿਕ ਸਥਿਤੀ ਪ੍ਰੇਰਿਤ ਕਰਦੀ ਹੈ। ਆਮ ਤੌਰ ‘ਤੇ ਇੱਕ ਜਮਾਤ ਦੇ ਸਿਆਸੀ ਅਤੇ ਸਾਹਿਤਕ ਨੁਮਾਇੰਦਿਆਂ ਅਤੇ ਉਸ ਜਮਾਤ ਵਿਚਾਲੇ, ਜਿਸਦੀ ਉਹ ਨੁਮਾਇੰਦਗੀ ਕਰਦੇ ਹਨ, ਇਹੀ ਸਬੰਧ ਹੁੰਦਾ ਹੈ।”8

ਇਸ ਤਰ੍ਹਾਂ ਹਾਕਮ ਜਮਾਤ ਦੇ ਬੁੱਧੀਜੀਵੀ ਲਾਜ਼ਮੀ ਹੀ ਉਸ ਜਮਾਤ ‘ਚ ਜਨਮ ਲੈਣ ਜਾਂ ਉਸਦੇ ਸਾਰੇ ਖ਼ਾਸ ਹੱਕ ਭੋਗਣ ਦੇ ਅਰਥਾਂ ‘ਚ ਉਸ ਜਮਾਤ ਦੇ ਮੈਂਬਰ ਨਹੀਂ ਹੁੰਦੇ। ਕਦੇ-ਕਦੇ ਸੱਚਮੁੱਚ ਅਜਿਹੇ ਖ਼ਾਸ ਹੱਕ ਭੋਗਣ ਦੀ ਗੱਲ ਤਾਂ ਦੂਰ, ਉਹਨਾਂ ਨਾਲ਼ ਨੌਕਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਮਿਸਾਲ ਵਜੋਂ ਜਗੀਰੂ ਰਈਸਾਂ ਦੇ ਅਨੇਕ ਅਗਵਾਨੂੰ ਬੁੱਧੀਜੀਵੀ ਕਿਸਾਨਾਂ ‘ਚੋਂ ਆਏ ਸਨ ਅਤੇ ਸਰਮਾਏਦਾਰ ਜਮਾਤ ਦੇ ਅਨੇਕ ਅਗਵਾਨੂੰ ਬੁੱਧੀਜੀਵੀ ਨਿੱਕ-ਬੁਰਜੂਆ ਜਮਾਤ ਅਤੇ ਇੱਥੋਂ ਤੱਕ ਕਿ ਮਜ਼ਦੂਰ ਜਮਾਤ ‘ਚੋਂ ਨਿਕਲਦੇ ਸਨ। ਅਸਲ ‘ਚ ਜਿਵੇਂ ਮਾਰਕਸ ਨੇ ਸਪੱਸ਼ਟ ਕੀਤਾ ਹੈ: “ਹਾਕਮ ਜਮਾਤ ਪਸਿੱਤੀ ਜਮਾਤ ਦੇ ਸਭ ਤੋਂ ਪ੍ਰਮੁੱਖ ਵਿਅਕਤੀਆਂ ਨੂੰ ਆਪਣੇ ਅੰਦਰ ਸਮੋਣ ‘ਚ ਜਿੰਨੀ ਯੋਗ ਹੁੰਦੀ ਹੈ, ਉਸਦੀ ਹਕੂਮਤ ਓਨੀ ਹੀ ਜ਼ਿਆਦਾ ਠੋਸ ਅਤੇ ਖ਼ਤਰਨਾਕ ਹੁੰਦੀ ਹੈ।”9

ਇਹ ਪ੍ਰਕਿਰਿਆ ਉਲਟੀ ਵੀ ਚੱਲਦੀ ਹੈ। ਜਦ ਕੋਈ ਹਾਕਮ ਜਮਾਤ ਪਤਨ ਵੱਲ ਚੱਲ ਪੈਂਦੀ ਹੈ, ਅਤੇ ਦੂਜੀ ਜਮਾਤ ਉਸਨੂੰ ਵੰਗਾਰ ਦੇਣ ਲਈ ਉੱਠ ਖੜ੍ਹੀ ਹੋ ਰਹੀ ਹੁੰਦੀ ਹੈ, ਤਾਂ ਉਸਦੀਆਂ ਆਪਣੀਆਂ ਕਤਾਰਾਂ ਦੇ ਵਿਅਕਤੀ, ਜਿਸ ‘ਚ ਆਮ ਤੌਰ ‘ਤੇ ਸਭ ਤੋਂ ਯੋਗ ਅਤੇ ਬੌਧਿਕ ਪੱਖੋਂ ਪ੍ਰਤਿਭਾਸ਼ੀਲ ਲੋਕ ਵੀ ਹੁੰਦੇ ਹਨ, ਪੱਖ ਬਦਲ ਕੇ ਵਿਰੋਧੀ ਇਨਕਲਾਬੀ ਜਮਾਤ ਦੀ ਸੇਵਾ ਲਈ ਚਲੇ ਜਾਂਦੇ ਹਨ।

ਜਿਵੇਂ ਅਸੀਂ ਕਿਹਾ ਹੈ, ਹਰੇਕ ਜਮਾਤ ਜੋ ਇਤਿਹਾਸ ਦੇ ਪਿੜ ‘ਚ ਸਰਗਰਮ ਹੁੰਦੀ ਹੈ, ਖੁਦ ਆਪਣੇ ਬੌਧਿਕ ਨੁਮਾਇੰਦੇ ਪ੍ਰਾਪਤ ਕਰ ਲੈਂਦੀ ਹੈ, ਜੋ ਉਸ ਜਮਾਤ ਦੀਆਂ ਸਮਾਜਿਕ ਪ੍ਰਵਿਰਤੀਆਂ, ਉਸਦੀਆਂ ਭਾਵਨਾਵਾਂ ਅਤੇ ਮਤਾਂ ਨੂੰ ਪ੍ਰਗਟਾਉਂਦੇ ਹਨ। ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਵੱਡੀਆਂ ਸਮਾਜਿਕ ਤਬਦੀਲੀਆਂ ਦੇ ਸਮਿਆਂ ‘ਚ, ਜਦ ਸਾਰੀਆਂ ਜਮਾਤਾਂ ਘੋਲ਼ ‘ਚ ਉਤਰਦੀਆਂ ਹਨ, ਤਾਂ ਹਮੇਸ਼ਾ ਵਿਚਾਰਾਂ ਦੀ ਮਹਾਨ ਰਚਨਾਤਮਕ ਹਨੇਰੀ ਉੱਭਰਦੀ ਹੈ। ਅਜਿਹੇ ਸਮਿਆਂ ਦਾ ਬੌਧਿਕ ਜੀਵਨ ਕੇਵਲ ਇੱਕ ਜਮਾਤ ਦੀ ਸਰਗਰਮੀ ਨੂੰ ਨਹੀਂ, ਸਗੋਂ ਸਾਰੀਆਂ ਜਮਾਤਾਂ ਦੀ ਸਰਗਰਮੀ ਦੀ ਹਨੇਰੀ ਨੂੰ ਪ੍ਰਗਟਾਉਂਦਾ ਹੈ।

ਜੋ ਜਮਾਤ ਸਮਾਜਿਕ ਢਾਂਚੇ ਨੂੰ ਸਰੂਪ ਦੇਣ ‘ਚ ਆਗੂ ਭੂਮਿਕਾ ਨਿਭਾਉਂਦੀ ਹੈ ਉਸਦਾ ਕਾਰਜ ਕੇਵਲ ਆਪਣੇ ਵਿਚਾਰਾਂ ਨੂੰ ਸੂਤਰਬੱਧ ਅਤੇ ਵਿਉਂਤਬੱਧ ਕਰਨ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਆਪਣੇ ਵਿਚਾਰਾਂ ਲਈ ਸੰਪੂਰਨ ਸਮਾਜ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਹੁੰਦਾ ਹੈ। ਇਸ ਹਾਲਤ ‘ਚ ਇਨਕਲਾਬੀ ਬੁੱਧੀਜੀਵੀਆਂ, ਇਨਕਲਾਬੀ ਵਿਚਾਰਾਂ ਅਤੇ ਪ੍ਰਚਾਰ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਜਦ ਪੁਰਾਣਾ ਸਮਾਜਿਕ ਪ੍ਰਬੰਧ ਪਤਨ ਦੇ ਰਾਹ ਚੱਲ ਪੈਂਦਾ ਹੈ ਤਾਂ ਹਾਕਮ ਜਮਾਤ ਦੇ ਵਿਚਾਰ ਆਪਣੀ ਜੀਵੰਤਤਾ ਗਵਾਉਣ ਲੱਗਦੇ ਹਨ, ਉਹ ਹੋਰ ਅੱਗੇ ਵਿਕਾਸ ਕਰਨ ‘ਚ ਅਯੋਗ ਹੋ ਜਾਂਦੇ ਹਨ, ਅਤੇ ਲੋਕਾਂ ਦੇ ਵਿਸ਼ਾਲ ਹਿੱਸੇ ਉਹਨਾਂ ਨੂੰ ਵੱਧ ਤੋਂ ਵੱਧ ਤ੍ਰਿਸਕਾਰਦੇ ਜਾਂਦੇ ਹਨ। ਇਹੀ ਬਿਜਲੀ ਜਗੀਰੂ ਹਾਕਮਾਂ ਦੇ ਸਮੇਂ ਉਹਨਾਂ ‘ਤੇ ਡਿੱਗੀ ਸੀ, ਇਹੀ ਬਿਜਲੀ ਅੱਜ ਸਰਮਾਏਦਾਰਾ ਸੰਸਾਰ ਦੇ ਹਾਕਮਾਂ ‘ਤੇ ਡਿੱਗੀ ਹੈ। ਉਹ ਆਪਣਾ ਕੰਟਰੌਲ ਕਾਇਮ ਰੱਖਣ ਅਤੇ “ਖ਼ਤਰਨਾਕ” ਵਿਚਾਰਾਂ ਨੂੰ ਬਦਨਾਮ ਕਰਨ ਤੇ ਸਜ਼ਾ ਦੇਣ ਦੀ ਗਰਜ਼ ਨਾਲ਼ ਆਪਣੇ ਕੰਟਰੌਲ ਦੇ ਸਾਰੇ ਸਾਧਨਾਂ ਨੂੰ ਵਰਤਣ ਲਈ ਵੱਧ ਤੋਂ ਵੱਧ ਜ਼ੋਸ਼ ਨਾਲ਼ ਘੋਲ਼ ਕਰਦੇ ਹਨ। ਦੂਜੇ ਪਾਸੇ ਨਵੀਂ ਇਨਕਲਾਬੀ ਜਮਾਤ ਨੂੰ ਪੁਰਾਣੇ ਢਾਂਚੇ ਦੇ ਖ਼ਿਲਾਫ਼ ਸੰਪੂਰਨ ਲਹਿਰ ਦੀ ਅਗਵਾਈ ਆਪਣੇ ਹੱਥਾਂ ‘ਚ ਕਰਨ ਲਈ ਆਪਣੇ ਨਿੱਜੀ ਵਿਚਾਰਾਂ ਨੂੰ ਸੰਪੂਰਨ ਲਹਿਰ, ਨਾਲ਼ ਜੋੜਣ ਵਾਲ਼ੀ ਅਤੇ ਲਾਮਬੰਦ ਕਰਨ ਵਾਲ਼ੀ ਤਾਕਤ ਬਣਾਉਣਾ ਹੁੰਦਾ ਹੈ।

ਹਵਾਲੇ :

2.ਮਾਰਕਸ ਅਤੇ ਏਂਗਲਜ਼, ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ, ਪਾਠ 2
3. ਮਾਰਕਸ ਅਤੇ ਏਂਗਲਜ਼, ਜਰਮਨ ਵਿਚਾਰਧਾਰਾ, ਭਾਗ ਪਹਿਲਾ, ਪਾਠ 1
4. ਮਾਰਕਸ, ਲੂਈ ਬੋਨਪਰਟ ਦਾ ਅਠਾਰਵਾਂ ਬਰੂਮੇਰ, ਪਾਠ 3
5. ਮਾਰਕਸ ਅਤੇ ਏਂਗਲਜ਼, ਜਰਮਨ ਵਿਚਾਰਧਾਰਾ, ਭਾਗ ਪਹਿਲਾ, ਪਾਠ 1
6. ਉਪਰੋਕਤ
7. ਏਂਗਲਜ਼, ਮੇਹਰਿੰਗ ਨੂੰ ਖਤ, 14 ਜੁਲਾਈ, 1893
8. ਮਾਰਕਸ,  ਲੂਈ ਬੋਨਪਰਟ ਦਾ ਅਠਾਰਵਾਂ ਬਰੂਮੇਰ, ਪਾਠ 3
9. ਮਾਰਕਸ, ਸਰਮਾਇਆ, ਸੈਂਚੀ 3, ਪਾਠ 36

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements