ਹਬੀਬ ਜਾਲਿਬ ਨੂੰ ਯਾਦ ਕਰਦਿਆਂ •ਸ਼ਾਹਰਾਮ ਅਜ਼ਹਰ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

1982 ਦੇ ਹੁਨਾਲ ਦੇ ਸ਼ੁਰੂ ਵਿੱਚ ਹੀ, ਲਾਹੌਰ ਜੇਲ੍ਹ ਦੇ ਫ਼ਰਸ਼ ਉੱਤੇ ਇੱਕ ਢਲਦੀ ਉਮਰ ਦਾ ਪਰ ਅਜੇ ਵੀ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਵਿਅਕਤੀ, ਹੱਥਾਂ ਵਿੱਚ ਕਲਮ ਅਤੇ ਕਾਗਜ਼ ਦੀਆਂ ਕੁੱਝ ਸ਼ੀਟਾਂ ਲਈ ਬੈਠਾ ਸੀ। ਉਹ ਰੁਕ-ਰੁਕ ਕੇ, ਆਪਣੀ ਹੀ ਲੋਰ ਵਿੱਚ ਲਿਖ ਰਿਹਾ ਸੀ : ਉਹ ਕੁੱਝ ਪੰਕਤੀਆਂ ਲਿਖਦਾ, ਖੜ੍ਹਾ ਹੁੰਦਾ, ਆਪਣੀ ਕੋਠੜੀ ਵਿੱਚ ਚੱਕਰ ਲਾਉਂਦਾ, ਇੱਕ ਅਸਪੱਸ਼ਟ ਪਰ ਸੁਣਾਈ ਦੇਣ ਵਾਲੀ ਆਵਾਜ਼ ਵਿੱਚ ਗੁਣਗੁਣਾਉਂਦਾ, ਆਪਣੀ ਵਿਛਾਈ ਦਰੀ ਉੱਤੇ ਵਾਪਸ ਆਉਂਦਾ ਅਤੇ ਜੋ ਪਹਿਲਾਂ ਲਿਖਿਆ ਸੀ, ਉਸ ਨੂੰ ਕੱਟ ਕੇ ਦੁਬਾਰਾ ਲਿਖਣ ਲੱਗ ਪੈਂਦਾ। ਉਸਦੀ ਕੋਠੜੀ ਵਿੱਚ ਉਸ ਨਾਲ ਰਹੇ ਉਸਦੇ ਸੰਗੀਆਂ ਨੇ, ਜਿਹਨਾਂ ਨੂੰ ਮੈਂ ਕਈ ਸਾਲਾਂ ਬਾਅਦ ਮਿਲਿਆ, ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਆਪਣੇ-ਆਪ ਨੂੰ ਜਿਉਂਦਾ ਰੱਖਿਆ ਅਤੇ ਕਿਸ ਤਰਾਂ ਕੈਦਖਾਨੇ ਦੇ ਉਸ ਘੁਟਣਭਰੇ ਮਾਹੌਲ ਅੰਦਰ ਉਸ ਨੇ ਹੋਰਾਂ ਨੂੰ ਜਿਉਣ ਵਿੱਚ ਸਹਾਇਤਾ ਕੀਤੀ। ਘੁਟਣ ਦੇ ਇਸ ਮਾਹੌਲ ਨੇ ਉਹਨਾਂ ਦੀ ਅਤੇ ਉਹਨਾਂ ਦੇ ਦੇਸ਼ਵਾਸੀਆਂ ਦੀਆਂ ਜਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਸੀ। ਉਸ ਵਿਅਕਤੀ ਨੇ ਆਪਣੀਆਂ ਕਾਵਿਕ ਰਚਨਾਵਾਂ ਵਿੱਚ ਉਸ ‘ਸੰਘਰਸ਼’ ਦਾ ਵਰਨਣ ਕੀਤਾ, ਜਿਸ ਸੰਘਰਸ਼ ਬਦਲੇ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਜੇਲ੍ਹ ਵਿੱਚ ਡੱਕਿਆ ਗਿਆ ਸੀ। ਇਹ ਸਧਾਰਨ ਜਿਹਾ ਰੂਪਕ – ਗੁੰਬਦ-ਏ-ਬੇਦਾਰ – ਉਹਨਾਂ ਸਮਿਆਂ ਦੀਆਂ ਤੁਰਸ਼ੀਆਂ ਉੱਪਰ ਇੱਕ ਪੰਛੀ ਝਾਤ ਪਵਾ ਦਿੰਦਾ ਹੈ। ਨਾਲ ਹੀ, ਇਹ ਰੂਪਕ ਉਸਦੀ ਸ਼ਾਇਰੀ ਦੀ ਤੀਜੀ ਕਿਤਾਬ ਦਾ ਸਿਰਲੇਖ ਵੀ ਬਣਨ ਵਾਲ਼ਾ ਸੀ।

ਉਹ ਵਿਅਕਤੀ ਹਬੀਬ ਜਾਲਿਬ ਸੀ ਅਤੇ ਜੇਲ੍ਹ ਉਸ ਲਈ ਕੋਈ ਓਪਰੀ ਜਗ੍ਹਾ ਨਹੀਂ ਸੀ। ਇਹ ਸਤਾਰਵੀਂ ਵਾਰ ਸੀ ਜਦੋਂ ਜਾਲਿਬ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾ ਰਿਹਾ ਸੀ, ਪਰ ਮੁੜ ਕੁੱਝ ਸਾਲਾਂ ਬਾਅਦ, ਅਠਾਰਵੀਂ ਵਾਰ ਫ਼ਿਰ ਪਰਤਣ ਲਈ। ਮਾਰਸ਼ਲ ਲਾੱਅ ਵਾਲ਼ੇ ਪ੍ਰਸ਼ਾਸਨ ਮੁਤਾਬਕ ਉਸ ਦਾ ‘ਜੁਰਮ’ ਇਹ ਸੀ ਕਿ ਉਸ ਨੇ ‘ਭੜਕਾਊ’ ਕਵਿਤਾ ਲਿਖੀ ਸੀ ਜੋ ਪਾਕਿਸਤਾਨ ਦੀ ਸੁਰੱਖਿਆ ਲਈ ‘ਖ਼ਤਰਾ’ ਬਣ ਸਕਦੀ ਸੀ। ਜਾਲਿਬ ਲਈ ਭਾਵੇਂ, ਅਜਿਹੀ ਨਕਲੀ ‘ਸੁੱਰਖਿਆ’ ਅਤੇ ‘ਸਥਿਰਤਾ’ ਜੋ ਜਨਰਲ ਜ਼ਿਆ-ਉਲ-ਹੱਕ ਦੀ ਮਾਰਸ਼ਲ ਸਰਕਾਰ ਵੱਲੋਂ ਖੜ੍ਹੀ ਕੀਤੀ ਗਈ ਸੀ, ਨੂੰ ਢਾਹ ਲਾਉਣਾ ਕੋਈ ਤੁੱਛ ਮਸਲਾ ਨਹੀਂ ਸੀ। ਇਸ ਨੂੰ ਤੁਰੰਤ ਅਤੇ ਇੱਕਸਾਰਤਾ ਨਾਲ ਢੇਰੀ ਕਰਨਾ ਬਣਦਾ ਸੀ ਜੇਕਰ ਪਾਕਿਸਤਾਨ ਨੂੰ ਇਸਲਾਮੀ ਮੂਲਵਾਦੀਆਂ, ਫੌਜੀ ਤਾਨਾਸ਼ਾਹਾਂ ਅਤੇ ਅਮਰੀਕੀ ਸਾਮਰਾਜਵਾਦ ਦੀ ਤਿੱਕੜੀ ਤੋਂ ਬਚਾਉਣਾ ਸੀ।

ਬਦਕਿਸਮਤੀ ਨਾਲ ਅੱਜ ਅਸੀਂ ਐਸੇ ਸਮਿਆਂ ਵਿੱਚ ਰਹਿ ਰਹੇ ਹਾਂ ਜਦੋਂ ਜਾਲਿਬ ਦੇ ਤੌਖ਼ਲਿਆਂ ਨੂੰ ਅਸੀਂ ਆਪਣੇ ਸਾਹਮਣੇ ਹਕੀਕਤ ਵਿੱਚ ਬਦਲਦੇ ਹੋਏ ਦੇਖ ਰਹੇ ਹਾਂ : ਧਾਰਮਿਕ ਕੱਟੜਪੁਣਾ, ਖੁੱਲ੍ਹੇ ਵਿਚਾਰਾਂ ਦੇ ਇਜ਼ਹਾਰ ਕਰਨ ਉੱਤੇ ਰੋਕਾਂ, ਬੇਤੁਕਾ ਕੌਮਵਾਦ, ਗਰੀਬੀ, ਆਰਥਿਕ ਅਤੇ ਸਿਆਸੀ ਅਜ਼ਾਦੀ ਦਾ ਵਿਦੇਸ਼ੀ ਤਾਕਤਾਂ ਅਤੇ ਏਜੰਡਿਆਂ ਮੂਹਰੇ ਲਗਾਤਾਰ ਗੋਡੇ ਟੇਕਣਾ – ਇਹ ਅੱਜ ਦੇ ਪਾਕਿਸਤਾਨ ਨੂੰ ਨਿਰਧਾਰਿਤ ਕਰਦੀਆਂ ਵਿਸ਼ੇਸ਼ਤਾਵਾਂ ਹਨ। ਇਸ ਲਈ, ਅੱਜ ਇਹ ਹੋਰ ਵੀ ਜਰੂਰੀ ਬਣ ਗਿਆ ਹੈ ਕਿ ਉਹ ਨੌਜਵਾਨ ਲੋਕ ਜੋ ਇਹਨਾਂ ਮਾੜੀਆਂ ਹਾਲਤਾਂ ਨੂੰ ਬਦਲਣਾ ਚਾਹੁੰਦੇ ਹਨ, ਉਹ ਅੱਜ ਫਿਰ ਤੋਂ ਜਾਲਿਬ ਵੱਲ ਨੂੰ ਪਰਤਣ, ਤਾਂ ਕਿ ਇਸ ਸ਼ਾਇਰ ਦੇ ਵਿਚਾਰਾਂ ਨੂੰ ਸਮਝਿਆ ਜਾ ਸਕੇ। ਉਸਦੀ ਮੌਤ ਦੇ 22 ਸਾਲਾਂ ਬਾਅਦ, ਅੱਜ ਇਹ ਜ਼ਰੂਰੀ ਹੈ ਕਿ ਉਸਦੇ ਜੀਵਨ ਨੂੰ ਅਤੇ ਉਹਨਾਂ ਇਤਿਹਾਸਿਕ ਅਤੇ ਵਿਅਕਤੀਗਤ ਹਾਲਤਾਂ ਦੇ ਜੋੜ ਨੂੰ ਸਮਝਿਆ ਜਾਵੇ ਜਿਹਨਾਂ ਦਾ ਪ੍ਰਭਾਵ ਜਾਲਿਬ ਉੱਪਰ ਪਿਆ ਅਤੇ ਉਹ ਇੱਕ ਵਿਦਰੋਹੀ ਅਤੇ ਮਨਸੂਰ ਹੱਲਾਜ ਜਿਹੀ ਰੂਹ ਵਾਲਾ ਕਮਿਊਨਿਸਟ ਬਣ ਸਕਿਆ।

1928 ਵਿੱਚ ਪੂਰਬੀ ਪੰਜਾਬ ਦੇ ਹੁਸ਼ਿਆਰਪੁਰ ਜਿਲੇ ਵਿੱਚ ਜਨਮੇ ਹਬੀਬ ਅਹਿਮਦ ਦੀ ਅਹਿਮਦ ਤੋਂ ‘ਜਾਲਿਬ’ ਵੱਲ ਨੂੰ ਤਬਦੀਲੀ ਇੱਕ ਅਜਿਹੇ ਦੌਰ ਅੰਦਰ ਹੋਈ ਜਦੋਂ ਬਰਤਾਨਵੀ ਬਸਤੀਵਾਦ ਦੇ ਪਤਨ ਅਤੇ ਹਿੰਦੁਸਤਾਨ ਦੀ ਵੰਡ ਦੇ ਨਾਲ ਪਾਕਿਸਤਾਨ ਹੋਂਦ ਵਿੱਚ ਆਇਆ। ਜਿਵੇਂ-ਜਿਵੇਂ ਇਹ ਦੌਰ ਅੱਗੇ ਵਧਿਆ, ਉਵੇਂ ਹੀ ਆਜ਼ਾਦੀ ਅਤੇ ਬਰਾਬਰਰੀ ਦੇ ਜਿਹਨਾਂ ਆਦਰਸ਼ਾਂ ਨੂੰ ਲੈ ਕੇ ਬਸਤੀਵਾਦੀ-ਵਿਰੋਧੀ ਲਹਿਰਾਂ ਚੱਲੀਆਂ ਸਨ, ਉਹਨਾਂ ਆਦਰਸ਼ਾਂ ਦਾ ਲਗਾਤਾਰ ਘਾਣ ਹੋਇਆ। 1947 ਦੀ ਵੰਡ ਤੋਂ ਬਾਅਦ ਭੜਕੇ ਫਿਰਕੂ ਪਾਗਲਪਣ ਦੇ ਵਿਚਕਾਰ, 19 ਸਾਲਾ ਅਹਿਮਦ ਨੂੰ ਵੀ ਲੱਖਾਂ ਲੋਕਾਂ ਦੀ ਤਰ੍ਹਾਂ ਆਪਣਾ ਜੱਦੀ ਪਿੰਡ ਛੱਡਣਾ ਪਿਆ। ਅਹਿਮਦ ਜਿਹੇ ਨੌਜਵਾਨਾਂ, ਜਿਹਨਾਂ ਦੀ ਪਰਵਰਿਸ਼ ਬਸਤੀਵਾਦੀ ਗੁਲਾਮੀ ਦੇ ਦੌਰਾਨ ਹੋਈ ਸੀ, ਨੂੰ ਆਜ਼ਾਦੀ ਤੋਂ ਬਾਅਦ ਇੱਕ ਨਵੀਂ ਦੁਨੀਆਂ ਦੇ ਵਾਅਦੇ ਕੀਤੇ ਗਏ ਸਨ। ਭਾਵੇਂ ਉਸ ਨੂੰ ਆਪਣੇ ਬਚਪਨ ਦੇ ਮਿੱਤਰਾਂ ਅਤੇ ਯਾਦਾਂ ਦੇ ਗੁਆਚ ਜਾਣ ਦਾ ਬੇਹੱਦ ਗ਼ਮ ਸੀ, ਪਰ ਨਾਲ਼ ਹੀ ਨਾਲ਼ ਇੱਕ ਉਮੀਦ ਵੀ ਸੀ ਕਿ ਨਵੇਂ ਬਣੇ ਮੁਲਕ ਪਾਕਿਸਤਾਨ ਅੰਦਰ ਮਿਲੀ ਨਵੀਂ ‘ਆਜ਼ਾਦੀ’ ਅਤੇ ਸਮੇਂ ਦੇ ਪ੍ਰਭਾਵ ਨਾਲ ਇਹ ਘਾਟੇ ਪੂਰ ਲਏ ਜਾਣਗੇ। ਸਾਲਾਂ ਬਾਅਦ, ਜਾਲਿਬ ਨੇ ਆਪਣੀ ਜ਼ਿੰਦਗੀ ਦੇ ਇਹਨਾਂ ਸਮਿਆਂ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਇਹ “ਪ੍ਰਵਾਸ ਅਤੇ ਤਿੜਕੇ ਸੁਪਨਿਆਂ ਦੀ ਕਹਾਣੀ” ਸੀ। ਆਪਣੀ ਮੁੱਢਲੀ ਜ਼ਿੰਦਗੀ ਨੂੰ ਯਾਦ ਕਰਦਿਆਂ ਜਾਲਿਬ ਨੇ 1975 ਵਿੱਚ ਇੱਕ ਮਸਨਵੀ ਲਿਖੀ, ਜੋ ਬਾਅਦ ਵਿੱਚ ਉਸ ਦੀ ਦੂਜੀ ਮੁੱਖ ਲਿਖਤ ‘ਜ਼ਿਕਰ ਵਹਿੰਦੇ ਲਹੂ ਦਾ’ ਵਿੱਚ ਵੀ ਛਪੀ –

ਇੱਕ ਹਸੀਨ ਗਾਓਂ ਥਾ ਕਿਨਾਰੇ-ਆਬ।।।
ਕਿਤਨਾ ਦਿਲਦਾਰ ਥਾ, ਦਿਆਰੇ-ਆਬ
ਕਿਆ ਅਜਬ, ਬੇਨਿਆਜ਼ ਬਸਤੀ ਥੇ।।।
ਮੁਫ਼ਲਿਸੀ ਮੇਂ ਭੀ ਏਕ ਮਸਤੀ ਥੇ।।।
ਕਿਤਨੇ ਦਿਲਦਾਰ ਥੇ ਹਮਾਰੇ ਦੋਸਤ।।।
ਵੋ ਬੇਚਾਰੇ, ਵੋ ਬੇਸਹਾਰੇ ਦੋਸਤ

ਪਾਕਿਸਤਾਨ ਪਹੁੰਚ ਕੇ ਜਾਲਿਬ ਕਰਾਚੀ ਰਹਿਣ ਲੱਗੇ ਅਤੇ ਉੱਥੇ ਉਰਦੂ ਅਖ਼ਬਾਰ ‘ਇਮਰੋਜ਼’ ਵਿੱਚ ਇੱਕ ਸੋਧਕ ਦੇ ਤੌਰ ਉੱਤੇ ਕੰਮ ਕਰਨ ਲੱਗੇ। ਇਮਰੋਜ਼ ਦੇ ਮੁੱਖ ਸੰਪਾਦਕ ‘ਲੈਨਿਨ ਅਮਨ ਪੁਰਸਕਾਰ’ ਨਾਲ ਸਨਮਾਨਿਤ ਲੇਖਕ ਫੈਜ਼ ਅਹਿਮਦ ਫੈਜ਼ ਸਨ। ਫੈਜ਼ ਨਾਲ ਇਹਨਾਂ ਮੁਲਾਕਾਤਾਂ ਦਾ ਜਾਲਿਬ ਉੱਪਰ ਡੂੰਘਾ ਪ੍ਰਭਾਵ ਪਿਆ ਅਤੇ ਉਹਨਾਂ ਦੀ ਕਲਾ ਬਾਰੇ ਸਮਝ ਅਤੇ ਸਮਾਜ ਵਿੱਚ ਇਸਦੇ ਮਕਸਦ ਅਤੇ ਉਦੇਸ਼ ਬਾਰੇ ਸਮਝ ਵਿੱਚ ਮਿਸਾਲੀ ਬਦਲਾਅ ਆਇਆ। ਇਹ ਫੈਜ਼ ਅਤੇ ਉਹਨਾਂ ਦੇ ਪ੍ਰਗਤੀਸ਼ੀਲ ਲੇਖਕ ਸੰਘ ਵਿਚਲੇ ਸਾਥੀਆਂ ਨਾਲ਼ ਸੰਗਤ ਹੀ ਸੀ ਜਿਸਨੇ ਜਾਲਿਬ ਅੰਦਰ ਮਿਆਰੀ ਅਤੇ ਉਸਾਰੂ ਕਲਾ ਸਿਰਜਣ ਦੀ ਤਾਂਘ ਪੈਦਾ ਕੀਤੀ। ਅਜਿਹੀ ਕਲਾ ਜਿਸਦਾ ਮਕਸਦ ਬੁਰਜੂਆਜ਼ੀ ਦੇ ਨਿਠੱਲੇ ਚਿੰਤਨ ਨੂੰ ਪੱਠੇ ਪਾਉਣਾ ਨਹੀਂ ਸਗੋਂ ਆਮ ਲੋਕਾਂ ਅੰਦਰ ਇਹ ਧਾਰਨਾ ਕਾਇਮ ਕਰਨਾ ਸੀ ਕਿ ਵਿਦਰੋਹ ਨਿਆਂਸੰਗਤ ਹੈ। ਸਿੱਟੇ ਵਜੋਂ, ਜਾਲਿਬ, ਜੋ ਕਿ ਸਕੂਲ ਦੇ ਦਿਨਾਂ ਤੋਂ ਹੀ ਉਰਦੂ ਸ਼ਾਇਰੀ ਕਰ ਰਿਹਾ ਸੀ, ਨੇ ਆਪਣੀ ਸ਼ਾਇਰੀ ਨੂੰ ਨਿੱਜਵਾਦੀ ਰੁਮਾਂਸਾਂ ਤੋਂ ਮੋੜ ਕੇ ਮਨੁੱਖਤਾ ਦੀ ਮੁਕਤੀ ਦੇ ਵਡੇਰੇ ਕਾਰਜ ਵੱਲ ਸੇਧਿਆ। ਇਸ ਕਰਕੇ ਜਾਲਿਬ ਦੇ ਕਈ ਸਮਕਾਲੀਆਂ ਨੂੰ ਉਸ ਨਾਲ ਆਪੱਤੀ ਵੀ ਹੋਈ ਕਿਉਂ ਜੋ ਉਹਨਾਂ ਦਾ ਮੰਨਣਾ ਸੀ ਕਿ ਕਲਾਕਾਰ ਨੂੰ ਟਕਸਾਲੀ ਉਰਦੂ ਰਵਾਇਤਾਂ ਦੇ ਮੁਤਾਬਕ ਚਲਦਿਆਂ ਆਪਣਾ ਧਿਆਨ ਨਿੱਜੀ ਪ੍ਰੇਮ ਦੇ ਦੁੱਖਾਂ-ਸੁੱਖਾਂ ਅਤੇ ਵਲਵਲਿਆਂ ਤੱਕ ਹੀ ਸੀਮਤ ਕਰਨਾ ਚਾਹੀਦਾ ਹੈ ਅਤੇ ਸ਼ਾਇਰੀ ਦਾ ਇਸਤੇਮਾਲ ਜ਼ਿੰਦਗੀ ਅਤੇ ਪ੍ਰੇਮ ਦੇ ਸੁਖਾਂਤਕ ਪਹਿਲੂਆਂ ਨੂੰ ਦਰਸਾਉਣ ਲਈ ਕਰਨਾ ਚਾਹੀਦਾ ਹੈ। ਉਹਨਾਂ ਨੇ ਜਾਲਿਬ ਵੱਲੋਂ ਆਪਣੀ ਲਿਖਣ-ਸ਼ੈਲੀ ਵਿੱਚ ਆਮ ਲਹਿਜਾ ਅਪਣਾਏ ਜਾਣ ਦੀ ਆਲੋਚਨਾ ਕੀਤੀ ਕਿਉਂ ਜੋ ਉਹਨਾਂ ਮੁਤਾਬਕ ਇਹ ਇੱਕ ‘ਵਿਦਵਾਨ’ ਸ਼ਾਇਰ ਨੂੰ ਸ਼ੋਭਾ ਨਹੀਂ ਸੀ ਦਿੰਦਾ। ਇਸ ਆਲੋਚਨਾ ਦਾ ਜਾਲਿਬ ਨੇ ਇਉਂ ਜਵਾਬ ਦਿੱਤਾ :

ਜੋ ਸਦਾਏਂ ਸੁਨ ਰਹਾ ਹੂੰ, ਮੁਝੇ ਬਸ ਉਨ੍ਹੀਂ ਕਾ ਗ਼ਮ ਹੈ
ਤੁਮਹੇਂ ਸ਼ੇਅਰ ਕੀ ਪੜੀ ਹੈ, ਮੁਝੇ ਆਦਮੀ ਕਾ ਗ਼ਮ ਹੈ

1951 ਦੇ ਰਾਵਲਪਿੰਡੀ ਸਾਜਿਸ਼ ਕੇਸ ਤੋਂ ਬਾਅਦ ਕਮਿਊਨਿਸਟ ਪਾਰਟੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਉੱਪਰ ਕਨੂੰਨੀ ਰੋਕ ਲੱਗਣ ਨਾਲ਼, ਪਾਕਿਸਤਾਨ ਵਿੱਚ ਯਥਾ-ਸਥਿਤੀ ਵਿਰੋਧੀ ਲਿਖਤਾਂ ਲਿਖਣਾ ਅਤੇ ਉਹਨਾਂ ਦਾ ਪ੍ਰਚਾਰ ਕਰਨਾ ਜੁਰਮ ਮੰਨਿਆ ਜਾਣ ਲੱਗਾ। ਜੇਕਰ ਫੌਜੀ ਤਾਨਾਸ਼ਾਹੀ ਨੇ ਇਹ ਗੁਮਾਨ ਕੀਤਾ ਸੀ ਕਿ ਇਸ ਤਰਾਂ ਕਰਨ ਨਾਲ ਵਿਰੋਧ ਦੀਆਂ ਸੁਰਾਂ ਨੂੰ ਦਬਾਇਆ ਜਾ ਸਕੇਗਾ ਤਾਂ ਉਹ ਮੁਗਾਲ਼ਤੇ ਵਿੱਚ ਹੀ ਸੀ। 1958 ਵਿੱਚ ਅਯੂਬ ਦੀ ਤਾਨਾਸ਼ਾਹੀ ਨੂੰ ਅਜੇ ਮਹਿਜ਼ ਸਾਲ ਹੀ ਹੋਇਆ ਸੀ ਕਿ ਰੇਡੀਓ ਪਾਕਿਸਤਾਂਨ ਵੱਲੋਂ ਕਰਵਾਏ ਅਤੇ ਪ੍ਰਸਾਰਿਤ ਕੀਤੇ ਗਏ ਇੱਕ ਮੁਸ਼ਾਇਰੇ ਵਿੱਚ ਇਹ ਬੋਲ ਸੁਣਾਈ ਦਿੱਤੇ :

ਕਹੀਂ ਗੈਸ ਕਾ ਧੂੰਆਂ ਹੈ
ਕਹੀਂ ਗੋਲਿਓਂ ਕੀ ਬਾਰਿਸ਼
ਸ਼ਬ-ਏ-ਅਹਿਦ-ਏ ਕਮ ਨਿਗਾਹੀ
ਤੁਝੇ ਕਿਸ ਤਰਹਿ ਸਰਾਹੇਂ

ਜਾਲਿਬ ਨੂੰ ਫ਼ੌਰਨ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਰੇਡੀਓ ਪਾਕਿਸਤਾਨ ਦੇ ਕਿਸੇ ਵੀ ਜਨਤਕ ਪ੍ਰੋਗਰਾਮ ਵਿੱਚ ਉਸ ਦੇ ਹਿੱਸਾ ਲੈਣ ਉੱਤੇ ਰੋਕ ਲਗਾ ਦਿੱਤੀ ਗਈ। ਪਰ ਇਸ ਤਰਾਂ ਜਾਲਿਬ ਦੀ ਕਲਮ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਅਤੇ ਤਿੰਨ ਸਾਲ ਬਾਅਦ ਹੀ 1962 ਵਿੱਚ ਉਸ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ, ਇਸ ਵਾਰ ਅਯੂਬ ਵੱਲੋਂ ਪਾਸ ਕੀਤੇ ਗਏ ਲੋਕ-ਵਿਰੋਧੀ ਸੰਵਿਧਾਨ ਦੇ ਵਿਰੋਧ ਵਿੱਚ ਦਸਤੂਰ ਨਜ਼ਮ ਪੜ੍ਹਨ ਬਦਲੇ। ਇਹ ਨਜ਼ਮ ਪੂਰੇ ਪਾਕਿਸਤਾਨ ਅੰਦਰ ਅੱਗ ਵਾਂਗੂ ਫੈਲ ਗਈ – ਕੁੱਝ ਹੀ ਦਿਨਾਂ ਅੰਦਰ ‘ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ’ ਦਾ ਨਾਅਰਾ ਪੂਰੇ ਪਾਕਿਸਤਾਨ ਅੰਦਰ, ਜਨਰਲ ਅਯੂਬ ਖਾਨ ਦੀ ਤਾਨਾਸ਼ਾਹੀ ਦੇ ਖਿਲਾਫ਼, ਲੋਕਾਂ ਦੇ ਵਿਰੋਧ ਦਾ ਪ੍ਰਤੀਕ ਬਣ ਗਿਆ। ਜਮਹੂਰੀਅਤ-ਪੱਖੀ ਤਾਕਤਾਂ ਅਤੇ ਤਾਨਾਸ਼ਾਹੀ ਦਰਮਿਆਨ ਇਹ ਮੁਕਾਬਲਾ 1965 ਵਿੱਚ ਅਯੂਬ ਬਨਾਮ ਫਾਤਿਮਾ ਜਿਨਾਹ ਦੇ ਚੋਣ ਪ੍ਰਚਾਰ ਨਾਲ ਆਪਣੀ ਸਿਖ਼ਰ ਉੱਤੇ ਪਹੁੰਚਿਆ, ਜਿਸ ਵਿੱਚ ਜਾਲਿਬ ਨੇ ਫਾਤਿਮਾ ਜਿਨਾਹ ਦਾ ਸਾਥ ਦਿੱਤਾ। ਚੋਣਾਂ ਵਿੱਚ ਧਾਂਦਲੀ ਜਰੀਏ ਅਯੂਬ, ਫਾਤਿਮਾ ਨੂੰ ਹਰਾਉਣ ਵਿੱਚ ਕਾਮਯਾਬ ਰਿਹਾ ਪਰ ਇਸ ਨਾਲ ਫੌਜੀ ਤਾਨਾਸ਼ਾਹੀ ਲੋਕਾਂ ਦੇ ਉਸ ਉਬਾਲ ਨੂੰ ਨਾ ਰੋਕ ਸਕੀ ਜਿਸ ਦਾ ਸਿੱਟਾ 1968-69 ਦੀ ਲੋਕਾਂ ਅਤੇ ਵਿਦਿਆਰਥੀਆਂ ਦੀ ਬਗਾਵਤ ਵਿੱਚ ਨਿੱਕਲਿਆ। ਜਾਲਿਬ ਵੱਲੋਂ ਇਸ ਦੌਰ ਦੌਰਾਨ ਲਿਖੀ ਸ਼ਾਇਰੀ ਉਸ ਸਮੇਂ ਦੇ ਸਮਾਜੀ ਅਤੇ ਸਿਆਸੀ ਸੰਦਰਭਾਂ ਨੂੰ ਸਮਝਣ ਲਈ ਇੱਕ ਅਹਿਮ ਕੜੀ ਹੈ। ਇਸ ਦੌਰ ਦੀ ਸ਼ਾਇਰੀ ਨੂੰ ਉਸ ਦੇ ਪਹਿਲੇ ਸੰਗ੍ਰਿਹ ‘ਸਰ-ਏ-ਮਕਤਲ’ ਵਿੱਚ ਛਾਪਿਆ ਗਿਆ।

ਜਨਰਲ ਯਾਹੀਆ ਖਾਨ ਅਤੇ ਫ਼ਿਰ ਜੁਲਫੀਕਾਰ ਅਲੀ ਭੁੱਟੋ ਦੇ ਉਭਾਰ ਦੇ ਨਾਲ ਹੀ 1971 ਵਿੱਚ ਪਾਕਿਸਤਾਨ ਵੀ ਵੰਡਿਆ ਗਿਆ। ਜਾਲਿਬ ਨੇ ਇਸ ਵੰਡ ਨੂੰ ਦੋ ਕਾਰਨਾਂ ਦੇ ਸਿੱਟੇ ਵਜੋਂ ਸਮਝਿਆ : ਜਗੀਰੂ ਤਾਕਤਾਂ ਦੀ ਇਜਾਰੇਦਾਰੀ ਵਾਲੀ ਕੇਂਦਰੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕੌਮੀ ਭੇਦ-ਭਾਵ ਦੀਆਂ ਨੀਤੀਆਂ ਅਤੇ ਅਜਿਹੀ ਫ਼ੌਜੀ ਤਾਕਤ ਜੋ ਖ਼ਰੀਆਂ ਕੌਮੀ ਲਹਿਰਾਂ ਨੂੰ ਸਿਆਸੀ ਆਜ਼ਾਦੀ ਦੇਣ ਲਈ ਤਿਆਰ ਨਹੀਂ ਸੀ। ਹਾਲਾਂਕਿ ਕਈ ਖੱਬੇ-ਪੱਖੀ ਬੁੱਧੀਜੀਵੀ ਭੁੱਟੋ ਦੇ “ਸਮਾਜਵਾਦੀ” ਸੁਧਾਰਾਂ ਤੋਂ ਪ੍ਰਭਾਵਿਤ ਹੋ ਰਹੇ ਸਨ ਪਰ ਜਾਲਿਬ ਨੇ ਪੂਰੀ ਦ੍ਰਿੜਤਾ ਨਾਲ ਆਲੋਚਨਾਤਮਕ ਸਟੈਂਡ ਕਾਇਮ ਰੱਖਿਆ। ਇੱਕ ਖਾਸ ਮੌਕੇ ਉੱਤੇ, ਭੁੱਟੋ ਨੇ ਜਾਲਿਬ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਜੁੜਨ ਲਈ ਵੀ ਕਿਹਾ ਸੀ, ਜਿਸਦੇ ਜਵਾਬ ਵਿੱਚ ਹਬੀਬ ਜਾਲਿਬ ਨੇ ਕਿਹਾ ਸੀ :“ਕਿਤੇ ਸਮੁੰਦਰ ਵੀ ਦਰਿਆਵਾਂ ਵਿੱਚ ਉੱਤਰੇ ਨੇ?”

ਭੁੱਟੋ ਸਰਕਾਰ ਦੀਆਂ ਨੀਤੀਆਂ ਦੇ ਜ਼ੋਰਦਾਰ ਆਲੋਚਕ ਹੋਣ ਦੇ ਬਾਵਜੂਦ ਜਾਲਿਬ ਆਪਣੇ ਵਿਸ਼ਵਾਸਾਂ ਉੱਤੇ ਖ਼ਰਾ ਸੀ ਅਤੇ 1977 ਵਿੱਚ ਜ਼ਿਆ-ਉਲ-ਹੱਕ ਵੱਲੋਂ ਭੁੱਟੋ ਸਰਕਾਰ ਦਾ ਤਖਤਾ ਪਲਟ ਕੀਤੇ ਜਾਣ ਦੇ ਖਿਲਾਫ਼ ਜਮਹੂਰੀਅਤ ਦੀ ਮੁੜ-ਬਹਾਲੀ ਲਈ ਚੱਲੀ ਲਹਿਰ ਦਾ ਤੁਰੰਤ ਹੀ ਹਿੱਸਾ ਬਣ ਗਿਆ। ਜ਼ਿਆ-ਉਲ-ਹੱਕ ਦੇ 11 ਸਾਲਾਂ ਦੇ ਸ਼ਾਸਨ ਦਾ ਬਹੁਤਾ ਸਮਾਂ ਜਾਲਿਬ ਜੇਲ੍ਹ ਵਿੱਚ ਹੀ ਰਿਹਾ; ਇਸ ਸਮੇਂ ਦੌਰਾਨ ਉਸ ਦੀਆਂ ਕਿਤਾਬਾਂ ‘ਜ਼ਿਕਰ ਬਹਿਤੇ ਖ਼ੂਨ ਕਾ’ ਅਤੇ ‘ਗੁੰਬਦ-ਏ-ਬੇਦਾਰ’ ਛਪੀਆਂ ਅਤੇ ਤੁਰੰਤ ਹੀ ਇਹਨਾਂ ਉੱਪਰ ਰੋਕ ਵੀ ਲਗਾ ਦਿੱਤੀ ਗਈ।

1988-89 ਵਿੱਚ ਜ਼ਿਆ-ਉਲ-ਹੱਕ ਦੀ ਮੌਤ ਮਗਰੋਂ ਜਮਹੂਰੀਅਤ ਦੀ ਹੋਈ ਵਾਪਸੀ ਵੇਲੇ ਜਾਲਿਬ ਨੇ ਮੁੜ ਲੋਕਾਂ ਨੂੰ ਚਿਤਾਇਆ ਕਿ ਇਹ ਕੋਈ ਅੰਤਿਮ ਟੀਚਾ ਨਹੀਂ ਸੀ ਸਗੋਂ ਇਹ ਤਾਂ ਟੀਚੇ ਵੱਲ ਨੂੰ ਜਾਣ ਦਾ ਇੱਕ ਜ਼ਰੀਆ ਮਾਤਰ ਸੀ।

ਹਬੀਬ ਜਾਲਿਬ ਦੀ ਅੱਜ ਤੋਂ 22 ਸਾਲ ਪਹਿਲਾਂ, ਅੱਜ ਦੇ ਹੀ ਦਿਨ, 13 ਮਾਰਚ, 1993 ਨੂੰ 64 ਸਾਲਾਂ ਦੀ ਉਮਰ ਵਿੱਚ ਮੌਤ ਹੋਈ। ਹੁਸ਼ਿਆਰਪੁਰ ਅਤੇ ਜਲੰਧਰ ਦੇ ਉਹਨਾਂ ਹੀ ਜ਼ਿਲਿਆਂ ਦੇ, ਜਿੱਥੋਂ ਦਾ ਕਿ ਜਾਲਿਬ ਖ਼ੁਦ ਸੀ, ਪਰਵਾਸੀਆਂ ਦੀ ਤੀਜੀ ਪੀੜੀ ਦੀ ਔਲਾਦ ਹੋਣ ਕਰਕੇ ਮੈਨੂੰ ਜਾਲਿਬ ਦੀ ਸ਼ਾਇਰੀ ਵਿੱਚ ਉਹਨਾਂ ਹੀ ਬਿਖਰੇ ਸੁਪਨਿਆਂ ਅਤੇ ਇਕੱਲੇਪਣ ਦਾ ਜਵਾਬ ਲੱਭਦਾ ਹੈ ਜਿਹਨਾਂ ਬਾਰੇ ਮੇਰੇ ਪੁਰਖੇ ਗੱਲਾਂ ਕਰਦੇ ਹੁੰਦੇ ਸਨ। ਪਰ ਜਾਲਿਬ ਨੇ ਆਪਣੇ-ਆਪ ਨੂੰ ਮਹਿਜ਼ ਸੰਸਾਰ ਦੀ ਵਿਆਖਿਆ ਕਰਨ ਤੱਕ ਹੀ ਸੀਮਤ ਨਹੀਂ ਰੱਖਿਆ। ਉਹ ਕੋਈ ਸ਼ਾਂਤੀਵਾਦੀ ਨਹੀਂ ਸੀ ਜੋ ‘ਵਿਆਖਿਆ’ ਤੱਕ ਹੀ ਸੀਮਤ ਰਹਿੰਦਾ ਸੀ। ਸੱਚ ਤਾਂ ਇਹ ਹੈ ਕਿ ਜਾਲਿਬ ਨੇ ਮਾਰਕਸਵਾਦ ਦੀ ਇਹ ਅਖੌਤ ਕਿ ਸਾਨੂੰ ਕੇਵਲ ਸੰਸਾਰ ਦੀ ਵਿਆਖਿਆ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਇਸ ਨੂੰ ਸਰਗਰਮੀ ਜ਼ਰੀਏ ਬਦਲਣ ਵੱਲ ਵੀ ਵਧਣਾ ਚਾਹੀਦਾ ਹੈ, ਨੂੰ ਆਪਣੇ ਵਿੱਚ ਸਾਕਾਰ ਕਰ ਲਿਆ ਸੀ। ਇਸ ਲਈ ਅੱਜ ਜਾਲਿਬ ਨੂੰ ਲਾਜ਼ਮੀ ਹੀ ਪੜ੍ਹਿਆ ਅਤੇ ਗਾਇਆ ਜਾਣਾ ਚਾਹੀਦਾ ਹੈ ਅਤੇ ਉਸਦੇ ਸੁਨੇਹੇ ਨੂੰ ਵਿਆਪਕ ਲੋਕਾਈ ਵਿੱਚ ਲਿਜਾਣਾ ਚਾਹੀਦਾ ਹੈ। ਅਤੇ ਇਹ ਕਾਰਜ ਪਹਿਲਾਂ ਨਾਲੋਂ ਅੱਜ ਕਿਤੇ ਜ਼ਿਆਦਾ ਜਰੂਰੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 51, 1 ਅਪ੍ਰੈਲ 2016