ਹਾਲ ਹੀ ‘ਚ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਦੇ ਅਖੌਤੀ “ਵਿਸ਼ਲੇਸ਼ਕ” ਅਤੇ ਬੁਰਜੂਆ ਪਾਰਲੀਮਾਨੀ ਚੋਣਾਂ ਦਾ ਤਰਕ •ਕੁਲਦੀਪ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਾਲ ਹੀ ‘ਚ ਦੇਸ਼ ਦੇ ਪੰਜ ਰਾਜਾਂ ਪੰਜਾਬ, ਯੂਪੀ, ਗੋਆ, ਮਨੀਪੁਰ ਅਤੇ ਉੱਤਰਾਖੰਡ ‘ਚ ਵੋਟਾਂ ਪੈਣ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ, ਯੂਪੀ ਤੇ ਉੱਤਰਾਖੰਡ ‘ਚ ਬੀਜੇਪੀ, ਗੋਆ ਤੇ ਮਨੀਪੁਰ ‘ਚ ਬੀਜੇਪੀ ਨੇ ਹੋਰਨਾਂ ਨਾਲ਼ ਗਠਜੋੜ ਕਰਕੇ ਸਰਕਾਰਾਂ ਬਣਾਈਆਂ। ਹਰ ਵਾਰ ਦੀਆਂ ਵੋਟਾਂ ਵਾਂਗ ਇਸ ਵਾਰ ਵੀ ਵੋਟਾਂ ਵਿੱਚ ਪੈਸਾ, ਡੰਡੇ ਦਾ ਜ਼ੋਰ, ਜਾਤ-ਧਰਮ ਅਧਾਰਿਤ ਸਿਆਸਤ, ਨਸ਼ਾ, ਜੋੜ-ਤੋੜ, ਦੂਸ਼ਣਬਾਜ਼ੀ, ਝੂਠ-ਫਰੇਬ, ਝੂਠੇ ਤੇ ਹਵਾਈ ਵਾਅਦੇ ਆਦਿ ਹਰ ਜੁਗਤ ਨੂੰ ਵਰਤਿਆ ਗਿਆ। ਸਾਰੀਆਂ ਵੋਟ-ਬਟੋਰੂ ਪਾਰਟੀਆਂ ਨੇ ਵੋਟਾਂ ‘ਚ ਜਿੱਤ ਪ੍ਰਾਪਤ ਕਰਨ ਲਈ ਹਰ ਛਲ-ਕਪਟ ਤੇ ਕਮੀਨਗੀ ਨੂੰ ਆਪਣੀ ਔਕਾਤ ਅਨੁਸਾਰ ਵਰਤਣ ਤੋਂ ਗੁਰੇਜ਼ ਨਹੀਂ ਕੀਤਾ। ਪਰ ਅਖੀਰ ‘ਚ ਜੋ ਇਹਨਾਂ ਜੋੜਾਂ-ਤੋੜਾਂ ‘ਚ ਵੱਧ “ਮਾਹਿਰ” ਸੀ ਉਸ ਪਾਰਟੀ ਨੇ ਸਰਮਾਏਦਾਰਾਂ ਦੀ ਸੇਵਾ ਲਈ ਆਪਣੇ-ਆਪਣੇ ਮੁੱਖ-ਮੰਤਰੀ ਅਹੁਦੇ ਦੇ ਆਗੂਆਂ ਨੂੰ ਮੁੱਖ-ਮੰਤਰੀਆਂ ਵਜੋਂ ਸੌਂਹ ਚੁਕਾਈ।

ਪਰ ਸਮਾਜ ਦੀਆਂ “ਭੋਲੀਆਂ ਆਤਮਵਾਂ”, ਖੂਹ ਦੇ ਡੱਡੂਆਂ, ਕਨਫਿਊਜ਼ਡ ਬੁੱਧੀਜੀਵੀਆਂ ਅਤੇ ਕੁਝ ਖੱਬੇਪੱਖੀ ਸੱਜਮਾਰਗੀਆਂ ਨੂੰ ਹਰ ਵਾਰ ਦੀ ਤਰਾਂ ਇਸ ਵਾਰ ਵੀ ਵੋਟਾਂ ਦੇ ਨਤੀਜਿਆਂ ਨੇ ਸੰਤੁਸ਼ਟ ਨਹੀਂ ਕੀਤਾ ਅਤੇ ਉਹਨਾਂ ਨੇ ਵੋਟਾਂ ਵਿੱਚ ਹੋਈਆਂ ਧਾਂਦਲੀਆਂ ਤੇ ਧੱਕੇਸ਼ਾਹੀਆਂ ਨੂੰ ਰੋਕਣ ਲਈ ਸੰਵਿਧਾਨ ਦਾ ਪਿੱਟ-ਸਿਆਪਾ ਕੀਤਾ ਅਤੇ ਅੱਗੇ ਤੋਂ ਵੋਟਾਂ ਪਾਰਦਰਸ਼ੀ ਢੰਗ ਨਾਲ਼ ਕਰਾਉਣ ਲਈ ਚੋਣ ਕਮਿਸ਼ਨਰ ਨੂੰ “ਨਸੀਹਅਤਾਂ” ਦਿੱਤੀਆਂ। ਅਖ਼ੀਰ ਹਰ ਵਾਰ ਦੇ ਵਾਂਗ ਇਸ ਵਾਰ ਵੀ ਅੱਗੇ ਤੋਂ ਵੋਟਾਂ ਸਹੀ ਢੰਗ ਨਾਲ਼ ਪੈਣ ਦੀ “ਆਸ” ਲਾ ਕੇ ਬੈਠ ਗਏ ਭਾਵੇਂ ਕਿ ਪਿਛਲੇ ਲਗਪਗ 70 ਸਾਲਾਂ ਤੋਂ ਹਰ ਪੰਜ ਸਾਲ ਬਾਅਦ ਲਗਭਗ ਇਹੀ ਸੁਝਾਅ, ਨਸੀਹਅਤਾਂ ਅਤੇ ਆਸਾਂ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ ਅਤੇ ਓਨਾ ਚਿਰ ਮੁੱਕਣ ਵਾਲ਼ਾ ਨਹੀਂ ਜਿੰਨਾ ਚਿਰ ਇਸ ਸਰਮਾਏਦਾਰਾ ਪ੍ਰਬੰਧ ਦਾ ਫਸਤਾ ਨਹੀਂ ਵੱਢਿਆ ਜਾਂਦਾ।

ਪਰ ਇਸ ਵਾਰ ਦੀਆਂ ਵੋਟਾਂ ਵਿੱਚ ਸੱਤਰਵਿਆਂ ਵਾਲ਼ੀ ਜੇਪੀ ਲਹਿਰ ਤੋਂ ਬਾਅਦ ਪਹਿਲੀ ਵਾਰ ਇਹਨਾਂ “ਭੋਲੀਆਂ ਆਤਮਾਵਾਂ” ਦੀਆਂ ਆਸਾਂ ਨੂੰ ‘ਆਮ ਆਦਮੀ ਪਾਰਟੀ’ ਨੇ ਬੂਰ ਪਾਇਆ ਸੀ ਪਰ ਉਹ ਵੀ ਝੜ ਗਿਆ। ਹੁਣ ਫਿਰ ਫਾਸੀਵਾਦ ਤੋਂ ਡਰੇ ਤੇ ਘਬਰਾਏ ਇਹਨਾਂ ਖੂਹ ਦੇ ਡੱਡੂਆਂ ਤੇ ਕਨਫਿਊਜ਼ਡ ਬੁੱਧੀਜੀਵੀਆਂ ਨੇ ਲੰਬੇ-ਲੰਬੇ ਲੇਖ ਲਿਖਕੇ ਅਖ਼ਬਾਰਾਂ, ਮੈਗਜ਼ੀਨਾਂ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ‘ਛਿੱਤਰ ਦੇ ਯਾਰ’, ‘ਵਿਕਾਸ ਵਿਰੋਧੀ’, ‘ਅਨਪੜ’, “ਮਸੀਹਿਆਂ” ਦੀਆਂ ਕੁਰਬਾਨੀਆਂ ਦਾ ਮੁੱਲ ਨਾ ਪਾਉਣ ਵਾਲ਼ੇ’, ‘ਗੱਦਾਰ’ ਤੱਕ ਕਿਹਾ। ਇੱਥੋਂ ਤੱਕ ਕਿ ਇਹ ਵੀ ਕਿਹਾ ਗਿਆ ਕਿ ‘ਲੋਕ ਤਾਂ ਭਗਤ ਸਿੰਘ ਨੂੰ ਵੀ ਭੁੱਲਗੇ, ਹੁਣ ਇਮਾਨਦਾਰਾਂ ਨੂੰ ਇਹਨਾਂ ਕੀ ਪੁੱਛਣਾ’। ਇੱਥੇ “ਇਮਾਨਦਾਰਾਂ” ਤੋਂ ਉਹਨਾਂ ਦਾ ਮਤਲਬ ਭਗਵੰਤ ਮਾਨ, ਕੇਜਰੀਵਾਲ ਵਰਗੇ “ਮਹਾਂਪੁਰਖਾਂ” ਤੋਂ ਹੈ। ਅਜਿਹੇ ਲੋਕਾਂ ‘ਤੇ ਹੱਸਿਆ ਹੀ ਜਾ ਸਕਦਾ ਹੈ। ਇਹਨਾਂ ਵੋਟਾਂ ਵਿੱਚ ‘ਆਮ ਆਦਮੀ ਪਾਰਟੀ’ – ਜੋ ਪੰਜਾਬ ਵਿੱਚ ਆਪਣੀ ਜਿੱਤ ਯਕੀਨੀ ਸਮਝਦੀ ਸੀ ਅਤੇ ਪੰਜਾਬ ਦੇ ਬਹੁਤੇ ਬੁੱਧੀਜੀਵੀ ਇਸ ਤੋਂ ਕਿਸੇ “ਇਨਕਲਾਬ” ਦੀ ਆਸ ਲਾਈ ਬੈਠੇ ਸਨ ਦੇ ਸਮਰਥਕ ਜ਼ਿਆਦਾ ਨਿਰਾਸ਼ ਹੋਏ। ਆਪ ਤੋਂ ਬਿਨਾਂ ਲਾਲ ਚੁੰਝਾਂ ਵਾਲ਼ੇ ਅਖੌਤੀ ਖੱਬੇਪੱਖੀ ਜੋ ਬੁਰਜੂਆ ਵੋਟਾਂ ਰਾਹੀਂ ਹੀ ਇਨਕਲਾਬ ਦੇ ਸੁਪਨੇ ਦੇਖਦੇ ਹਨ – ਵੀ ਇਹਨਾਂ ਵੋਟਾਂ ਵਿੱਚ ਕੁਝ ਨਹੀਂ ਕਰ ਸਕੇ। ਮਨੀਪੁਰ ਵਿੱਚ ਅਫ਼ਸਫਾ ਕਾਨੂੰਨ ਵਿਰੁੱਧ ਪੰਦਰਾਂ ਸਾਲ ਲੜਾਈ ਲੜਣ ਵਾਲ਼ੀ ਇਰੋਮ ਸ਼ਰਮੀਲਾ ਵੀ ਖ਼ਾਸ ਚਰਚਾ ਦਾ ਵਿਸ਼ਾ ਬਣੀ ਜਿਸਨੇ ਆਪਣੀ ਭੁੱਖ-ਹੜਤਾਲ ਛੱਡ ਕੇ ਅਤੇ ਵੋਟਾਂ ‘ਚ ਜਿੱਤ ਕੇ ਅਫਸਫਾ ਖ਼ਿਲਾਫ਼ ਲੜਨ ਦਾ ਐਲਾਨ ਕੀਤਾ ਸੀ। ਪਰ ਉਸਨੂੰ ਕੇਵਲ 90 ਵੋਟਾਂ ਮਿਲ਼ੀਆਂ। ਉਸਦੀ ਹਾਰ ‘ਤੇ ਵੀ ਉਹੀ ਉਪਰੋਕਤ “ਤਰਕ” ਕਿ ‘ਲੋਕਾਂ ਨੇ ਇਰੋਮ ਦੇ ਸ਼ੰਘਰਸ਼ ਦਾ ਮੁੱਲ ਨਹੀਂ ਪਾਇਆ’ ਆਦਿ-ਆਦਿ।

ਇਹਨਾਂ ਵਿਦਵਾਨਾਂ ਦਾ ਖ਼ਾਸ ਤੌਰ ‘ਤੇ ਪੰਜਾਬ ‘ਚ ‘ਆਮ ਆਦਮੀ ਪਾਰਟੀ’ ਦੀ ਹਾਰ ਦੇ “ਕਾਰਨਾਂ” ਦੇ ਵਿਸ਼ਲੇਸ਼ਣ ‘ਤੇ ਜ਼ਿਆਦਾ ਧਿਆਨ ਸੀ। ‘ਆਪ’ ਦੀ ਹਾਰ ‘ਚ ਇੱਕ ਤਾਂ ਇਹ ਤਰਕ ਸੀ ਕਿ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਭ੍ਰਿਸ਼ਟ ਸਨ ਅਤੇ ਉਹਨਾਂ ਨੇ ਪੈਸੇ ਦਾ ਲੈਣ-ਦੇਣ ਕੀਤਾ, ਕੋਈ ਕਹਿੰਦਾ ਸੁੱਚਾ ਸਿੰਘ ਛੋਟੇਪੁਰ ਤੇ ਧਰਮਵੀਰ ਗਾਂਧੀ ਨੂੰ ਪਾਰਟੀ ‘ਚੋਂ ਨਹੀਂ ਕੱਢਣਾ ਚਾਹੀਦਾ ਸੀ। ਜਾਂ ਆਹ ਟਿਕਟ ਫਲਾਣੇ ਨੂੰ ਦੇਣੀ ਚਾਹੀਦੀ ਸੀ, ਜਾਂ ਪ੍ਰਧਾਨ ਆ ਹੋਣਾ ਚਾਹੀਦਾ ਸੀ, ਆਹ ਬੰਦਾ ਭ੍ਰਿਸ਼ਟ ਹੈ, ਔਹ ਸਾਫ਼-ਸੁਥਰਾ ਹੈ ਆਦਿ। ਪਰ ਜਦ “ਸਾਫ਼-ਸੁਥਰਾ” ਵੋਟਾਂ ‘ਚ ਆਉਂਦਾ ਹੈ ਤਾਂ ਉਹ ਵੀ ਭ੍ਰਿਸ਼ਟ ਹੋ ਕੇ ਇਹਨਾਂ “ਭੋਲੀਆਂ ਆਤਮਾਵਾਂ” ਨੂੰ ਨਿਰਾਸ਼ ਕਰਦਾ ਹੈ। ਬੀਜੇਪੀ, ਆਕਲੀ ਦਲ ਤੇ ਕਾਂਗਰਸ ਵਰਗੀਆਂ ਪਾਰਟੀਆਂ ਦੁਆਰਾ ਪੈਸੇ ਨਾਲ਼ ਵੋਟਾ ਖਰੀਦਣ ਨੂੰ ਵੀ ‘ਆਪ’ ਦੀ ਹਾਰ ਦੇ ਕਾਰਨਾਂ ਨਾਲ਼ ਜੋੜ ਕੇ ਦੇਖਿਆ ਗਿਆ। ਯਾਨੀ ਚੀਜਾਂ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੇ ਬਿਨਾਂ ਵਿਅਕਤੀਆਂ ‘ਚ ਸਮੱਸਿਆਵਾਂ ਦੇ ਹੱਲ ਲੱਭਣਾ।

ਦੂਜਾ ਜੋ ਇਹਨਾਂ ਵੋਟਾਂ ‘ਚ ਇੱਕ ਨਵਾਂ ਰੌਲਾ ਚਰਚਾ ‘ਚ ਰਿਹਾ ਉਹ ਇਹ ਸੀ ਕਿ ‘ਯੂਪੀ ਵਿੱਚ ਬੀਜੇਪੀ ਨੇ ਵੋਟਿੰਗ ਮਸ਼ੀਨਾਂ (ਈਵੀਐਮ) ਨਾਲ਼ ਛੇੜ-ਛਾੜ ਕੀਤੀ ਅਤੇ ਇਸੇ ਕਰਕੇ ਯੂਪੀ ਵਿੱਚ ਬੀਜੇਪੀ ਨੂੰ ਸਪੱਸ਼ਟ ਬਹੁਮਤ ਮਿਲ਼ਿਆ’। ਅਤੇ ਇਹ ਹੋ ਵੀ ਸਕਦਾ ਹੈ। ਫਿਰ ਕੀ ਮਾਇਆਵਤੀ, ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮੀਡੀਆ, ਸੋਸ਼ਲ ਮੀਡੀਆ ਤੋਂ ਲੈ ਕੇ ਆਮ ਲੋਕਾਂ ਤੱਕ ‘ਚ ਵੀ ਇਸਦਾ ਖੂਬ ਰੌਲਾ ਪਿਆ। ਪਰ ਬੀਜੇਪੀ ਪੱਖੀਆਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਮਸ਼ੀਨਾਂ ਨਾਲ਼ ਛੇੜ-ਛਾੜ ਨਹੀਂ ਹੋ ਸਕਦੀ। ਉਹਨਾਂ ਨੇ ਇੱਕ ਤਾਂ ਇਹ ਤਰਕ ਦਿੱਤਾ ਕਿ ਇਸਦਾ ਕੰਟਰੌਲ ਚੋਣ ਕਮਿਸ਼ਨਰ ਕੋਲ ਹੁੰਦਾ ਹੈ ਜਿਵੇਂ ਚੋਣ ਕਮਿਸ਼ਨਰ ਵੋਟਿੰਗ ਮਸ਼ੀਨਾਂ ਦਾ ਕੌਟਰੌਲਰ ਲੈ ਕੇ ਮੰਗਲ ਗ੍ਰਹਿ ‘ਤੇ ਜਾ ਬੈਠਾ ਹੋਵੇ। ਦੂਜਾ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਮਸ਼ੀਨ ‘ਚ ਕਿੱਥੋਂ ਦੀ ਵੋਟ ਹੈ। ਇਹ ਬਹੁਤ ਕਮਜ਼ੋਰ ਤਰਕ ਹਨ। ਜਿਸਦੇ ਕੋਲ ਅੰਨਾਂ ਪੈਸਾ, ਕੇਂਦਰ ਦਾ ਕੰਟਰੌਲ ਹੋਵੇ ਉਸ ਲਈ ਇਹਨਾਂ ਵੋਟਾਂ ‘ਚ ਕੁਝ ਵੀ ਕਰਨਾ ਔਖਾ ਨਹੀਂ।

ਪਰ ਜਦ ਅਸੀਂ ਚੀਜਾਂ ਦਾ ਵਿਗਿਆਨਕ ਵਿਸ਼ਲੇਸ਼ਣ ਕਰਦੇ ਹਾਂ ਤਾਂ ਗੱਲ ਅਸਲ ਸਤਹਿ ‘ਤੇ ਦਿਸਦੀ ਅਸਲੀਅਤ ਤੋਂ ਕੁਝ ਹੋਰ ਹੁੰਦੀ ਹੈ। ਸਾਡਾ ਮੰਨਣਾ ਹੈ ਕਿ ਭਾਰਤ ਇੱਕ ਸਰਮਾਏਦਾਰਾ ਮੁਲਕ ਹੈ ਜਿੱਥੇ ਪੈਦਾਵਾਰ ਦੇ ਸਾਧਨਾਂ ਦੀ ਮਾਲਕ ਸਰਮਾਏਦਾਰ ਜਮਾਤ ਹੈ। ਤਾਂ ਅਸਲ ਵਿੱਚ ਭਾਰਤ ‘ਚ ਹਕੂਮਤ ਜ਼ਮੀਨਾਂ, ਕਾਰਖਾਨਿਆਂ, ਖਾਣਾਂ ਆਦਿ ਦੇ ਮਾਲਕ ਸਰਮਾਏਦਾਰ ਕਰਦੇ ਹਨ। ਰਾਜਸੱਤਾ ਦੇ ਸਾਰੇ ਰੂਪ ਸਰਕਾਰ, ਨਿਆਂ ਪ੍ਰਣਾਲੀ, ਪੁਲਿਸ ਆਦਿ ਦਾ ਕੰਮ ਤਾਂ ਸਰਮਾਏਦਾਰਾਂ ਦੇ ਲੁੱਟ ਦੇ ਕਾਰੋਬਾਰ ਨੂੰ ਸੁਚਾਰੂ ਰੂਪ ਵਿੱਚ ਨਿਰਵਿਘਨ ਜਾਰੀ ਰੱਖਣ ਅਤੇ ਇਸ ਲੁੱਟ ਦਾ ਮਾਲ ਵੱਖ-ਵੱਖ ਸਰਮਾਏਦਾਰਾਂ ਵਿੱਚ ਉਹਨਾਂ ਦੀ ਆਰਥਿਕ ਹੈਸੀਅਤ ਦੇ ਹਿਸਾਬ ਨਾਲ਼ ਵੰਡੇ ਜਾਣ ਦਾ ਧਿਆਨ ਰੱਖਣਾ ਅਤੇ ਲੁੱਟ ਦੇ ਮਾਲ ਦੀ ਵੰਡ ਨੂੰ ਲੈ ਕੇ ਉਹਨਾਂ ‘ਚ ਹੋਣ ਵਾਲ਼ੇ ਝਗੜਿਆਂ ਨੂੰ ਹੱਲ ਕਰਨਾ ਹੁੰਦਾ ਹੈ। ਬੁਰਜੂਆ ਵੋਟਾਂ ਵਿੱਚ ਤਾਂ ਕੇਵਲ ਇਸ ਗੱਲ ਦਾ ਫੈਸਲਾ ਹੋਣਾ ਹੁੰਦਾ ਹੈ ਕਿ ਇਸ ਵਾਰ ਕਿਹੜੀ ਸਰਕਾਰ ਸਰਮਾਏਦਾਰਾਂ ਦੀ ਸੇਵਾ ਕਰੇਗੀ। ਭਾਰਤ ਦੇ ਪਿਛਲੇ 70 ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਹਰ ਪੰਜ ਸਾਲਾਂ ਬਾਅਦ ਨਵੀਂ ਬਣੀ ਸਰਕਾਰ ਪਿਛਲੀ ਸਰਕਾਰ ਦੇ ਛੁੱਟੇ ਜਾਂ ਅਧੂਰੇ ਕੰਮਾਂ ਨੂੰ ਹੀ ਪੂਰਾ ਕਰਦੀ ਅਤੇ ਸਰਮਾਏਦਾਰਾਂ ਦੇ ਪੱਖ ‘ਚ ਨੀਤੀਆਂ ਬਣਾਉਂਦੀ ਹੈ। ਇਸ ਤੋਂ ਬਿਨਾਂ ਬੁਰਜੂਆ ਵੋਟਾਂ ਦਾ ਹੋਰ ਕੁਝ ਮਤਲਬ ਨਹੀਂ ਹੈ। ਜੇਕਰ ਕਿਸੇ ਸਰਕਾਰ ਨੂੰ ਲੋਕਾਂ ਲਈ ਕੁਝ ਸਹੂਲਤਾਂ ਦੇਣੀਆਂ ਪੈਂਦੀਆਂ ਹਨ ਤਾਂ ਉਹ ਉਸਦੇ ਉਪ-ਉਤਪਾਦ ਵਜੋਂ ਹੁੰਦਾ ਹੈ। ਜਾਂ ਲੋਕ ਦਬਾਅ ਹੇਠ ਕਈ ਵਾਰ ਉਸਨੂੰ ਕੁਝ ਜਮਹੂਰੀ ਜਾਂ ਕਲਿਆਣਕਾਰੀ ਫੈਸਲੇ ਲੈਣੇ ਪੈਂਦੇ ਹਨ। ਲੋਕਾਂ ਦਾ ਇਸ ਤੰਤਰ ‘ਚ ਯਕੀਨ ਬਣਿਆ ਰਹੇ, ਮੀਡੀਆ, ਸੈਲੀਬਰਿਟੀਜ਼, ਨੌਕਰਸ਼ਾਹੀ ਆਦਿ ਸਰਮਾਏਦਾਰ ਜਮਾਤ ਦੇ ਅੰਗ ਵੋਟਾਂ ਵੇਲੇ ਇਹ ਪ੍ਰਚਾਰ ਕਰਦੇ ਹਨ ਕਿ ‘ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੁਮਾਇੰਦੇ ਨੂੰ ਚੁਣ ਕੇ ਆਪਣਾ ਫ਼ਰਜ਼ ਨਿਭਾਉ’, ‘ਸਮਝਦਾਰ ਵੋਟਰ ਬਣੋ’, ‘ਵੋਟ ਦੀ ਤਾਕਤ ਨੂੰ ਪਛਾਣੋ’ ਆਦਿ। ਸਰਮਾਏਦਾਰ ਜਮਾਤ ਹਰ ਹੀਲਾ ਵਰਤ ਕੇ ਬੁਰਜੂਆ ਵੋਟ ਪ੍ਰਣਾਲੀ ਨੂੰ ਵਾਜਬ ਸਿੱਧ ਕਰਨ ਅਤੇ ਲੋਕਾਂ ਤੋਂ ਇਸਦੀ ਮਾਨਤਾ ਲੈਣ ਦੇ ਹਰ ਯਤਨ ਕਰਦੀ ਹੈ। ਲੋਕਾਂ ਦੀਆਂ ਰਾਵਾਂ ਤੇ ਰਉਂ ‘ਤੇ ਹਰ ਸਮੇਂ ਨਜ਼ਰ ਰੱਖਦੀ ਹੈ ਅਤੇ ਉਸ ਅਨੁਸਾਰ ਨਵੇਂ-ਨਵੇਂ ਛੋਛੇ ਛੱਡਦੀ ਹੈ। ਜਿਵੇਂ ਪਿੱਛੇ ਜਿਹੇ “ਕੋਈ ਵੀ ਯੋਗ ਉਮੀਦਵਾਰ” ਨਾ ਹੋਣ ਦੀ ਸੂਰਤ ਵਿੱਚ ‘ਨੋਟਾ’ ਦੀ “ਕਾਢ” ਕੱਢੀ ਗਈ। ਜਾਂ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਲੋਕਾਂ ‘ਚ ਸਿਆਸੀ ਹਿਲਜੁਲ ਨੂੰ ਦੇਖਕੇ ਫੋਰਡ ਵਰਗੀਆਂ ਸੰਸਥਾਵਾਂ ਨੇ ‘ਕੇਜਰੀਵਾਲ’ ਨਾਮੀ ਜਮੂਰੇ ਨੂੰ ਵੋਟ ਅਖਾੜੇ ‘ਚ ਲਿਆ ਉਤਾਰਿਆ। ਕਿਉਂਕਿ ਸਰਮਾਏਦਾਰ ਜਮਾਤ ਆਪਣੀਆਂ ਖੁਫ਼ੀਆ ਏਜੰਸੀਆਂ, ਸੋਸ਼ਲ ਮੀਡੀਆ ਅਤੇ ਹੋਰ ਅਜਿਹੀਆਂ ਸੰਸਥਾਵਾਂ ਰਾਹੀਂ ਹਮੇਸ਼ਾ ਲੋਕ ਰਾਏ ਦਾ ਸਰਵੇਖਣ ਕਰਦੀ ਰਹਿੰਦੀ ਹੈ ਅਤੇ ਉਸੇ ਅਨੁਸਾਰ ਸਿਆਸੀ ਪੱਤਾ ਖੇਡਦੀ ਹੈ। ਜੇਕਰ ਸਭ ਹਰਬੇ ਫੇਲ ਹੋ ਜਾਣ ਤਾਂ ਨੰਗੀ ਚਿੱਟੀ ਤਾਨਾਸ਼ਾਹੀ ‘ਤੇ ਉੱਤਰ ਆਉਂਦੀ ਹੈ।

ਵੱਖ-ਵੱਖ ਬੁਰਜੂਆ ਪਾਰਟੀਆਂ ਹਰ ਤਰਾਂ ਦੀ ਜੋੜ-ਤੋੜ ਕਰਕੇ ਆਪਣੇ-ਆਪ ਨੂੰ ਸਰਮਾਏਦਾਰਾਂ ਦੀ ਸੇਵਾ ਲਈ ਪੇਸ਼ ਕਰਦੀਆਂ ਹਨ। ਇਸ ਸੇਵਾ ਲਈ ਉਹਨਾਂ ਵਿੱਚ ਭੇੜ ਚੱਲਦਾ ਹੈ। ਕੋਈ ਵੀ ਪਾਰਟੀ ਸੇਵਾ ਦਾ ਇਹ ਮੌਕਾ ਹੱਥੋਂ ਨਹੀਂ ਖੁੱਸਣ ਦੇਣਾ ਚਾਹੁੰਦੀ। ਇਸ ਕਰਕੇ ਵੋਟਾਂ ਦੌਰਾਨ ਉਹ ਹਰ ਹਰਬਾ ਵਰਤਦੀ ਹੈ। ਇਹਨਾਂ ਪਾਰਟੀਆਂ ਲਈ ਸਰਮਾਏਦਾਰਾਂ ਦੀ ਸੇਵਾ ਦੇ ਨਾਲ਼ ਇਹ ਵੋਟਾਂ ਕਮਾਈ ਦੇ ਉਦੇਸ਼ ਤਹਿਤ ਇੱਕ ਤਰਾਂ ਦਾ ਨਿਵੇਸ਼ ਵੀ ਹੁੰਦੀਆਂ ਹਨ। ਕਿਉਂਕਿ ਇੱਕ ਤਾਂ ਆਪਣੇ ਮਾਲਕਾਂ ਦੀ ਸੇਵਾ ਬਦਲੇ ਬੋਟੀਆਂ ਮਿਲ਼ਦੀਆਂ ਹਨ, ਦੂਜਾ ਘਪਲੇ-ਘੁਟਾਲਿਆਂ ਰਾਹੀਂ ਲੁੱਟ ਦੇ ਮਾਲ ‘ਚੋਂ ਕੁਝ ਹਿੱਸਾ-ਪੱਤੀ ਦੇ ਰੂਪ ‘ਚ ਵੀ ਮੋਟੀ ਕਮਾਈ ਹੁੰਦੀ ਹੈ ਤਾਂ ਕੋਈ ਵੀ ਪਾਰਟੀ ਇਸ ਮੌਕੇ ਨੂੰ ਹੱਥੋਂ ਕਿਵੇਂ ਜਾਣ ਦੇ ਸਕਦੀ ਹੈ। ਸਰਮਾਏਦਾਰਾ ਸਮਾਜ ਵਿੱਚ ਹਰ ਕੋਈ ਆਪਣੇ ਪੈਸੇ/ਮੁਨਾਫ਼ੇ ਲਈ ਜਿਉਂਦਾ ਹੈ ਤਾਂ ਫਿਰ ਕਰੋੜਾਂ/ਅਰਬਾਂ ਦੇ ਕਾਰੋਬਾਰ ਨੂੰ ਕੋਣ ਛੱਡੇ। ਇਸ ਕਰਕੇ ਇਹਨਾਂ ਬੁਰਜੂਆ ਪਾਰਲੀਮਾਨੀ ਵੋਟਾਂ ‘ਚ ਪੈਸਾ, ਡੰਡਾ, ਫਿਰਕੂਪੁਣਾ, ਧਰਮ-ਜਾਤ ਆਦਿ ਹਰ ਚੀਜ ਵਰਤ ਕੇ ਵੋਟਾਂ ਜਿੱਤਣ ਦਾ ਜ਼ੋਰ ਲਾਇਆ ਜਾਂਦਾ ਹੈ। ਜਿਹਨਾਂ ਕੋਲ ਇਹਨਾਂ ਨੂੰ ਵਰਤਣ ਦੀ ਮੁਹਾਰਤ ਹੁੰਦੀ ਹੈ ਅਤੇ ਸਰਮਾਏਦਾਰ ਜਮਾਤ ਨੂੰ ਉਹਨਾਂ ਨੂੰ ਸੱਤਾ ਹੱਥ ਦੇਣ ‘ਚ ਕੋਈ ਇਤਰਾਜ਼ ਨਹੀਂ ਹੁੰਦਾ, ਉਹਨਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸਦੀ ਤਾਜ਼ੀ ਮਿਸਾਲ ਕਿ 2014 ਦੀਆਂ ਵੋਟਾਂ ‘ਚ ਮੋਦੀ ਲਹਿਰ ਨੂੰ ਬਣਾਉਣ ਵਿੱਚ ਅੰਬਾਨੀ, ਅੰਡਾਨੀ ਤੇ ਟਾਟਾ ਆਦਿ ਸਰਮਾਏਦਾਰਾ ਘਰਾਣਿਆਂ ਦਾ ਬਹੁਤ ਯੋਗਦਾਨ ਸੀ। ਦੂਜਾ ਜਿਵੇਂ-ਜਿਵੇਂ ਸਰਮਾਏਦਾਰੀ ਸਮਾਜ ਸੰਕਟਾਂ ਵਿੱਚ ਫਸਦਾ ਜਾਂਦਾ ਹੈ ਤਾਂ ਇਹ ਜਮਹੂਰੀਅਤ ਦਾ ਹਰ ਨਕਾਬ ਲਾ ਕੇ ਪਰਾਂ ਮਾਰਦੀ ਹੋਈ ਨੰਗੀ-ਚਿੱਟੀ ਤਾਨਾਸ਼ਾਹੀ ‘ਤੇ ਉੱਤਰ ਆਉਂਦੀ ਹੈ। ਅਜੋਕੇ ਦੌਰ ‘ਚ ਸਰਮਾਏਦਾਰੀ ਦੇ ਸੰਕਟ ਤੇ ਸੰਸਾਰ ਪੱਧਰ ‘ਤੇ ਸੱਜ-ਪਛਾਖੜੀ ਤਾਕਤਾਂ ਦੇ ਉਭਾਰ ਤੋਂ ਇਹ ਗੱਲ ਦੇਖੀ ਜਾ ਸਕਦੀ ਹੈ। ਇਸ ਕਰਕੇ ਜਿੰਨਾ ਸਰਮਾਏਦਾਰੀ ਦਾ ਸੰਕਟ ਹੋਰ ਡੂੰਘਾ ਹੋਵੇਗਾ ਇਹ ਬਚੇ ਹੋਏ ਜਮਹੂਰੀਅਤ ਦੇ ਦਿਖਾਉਣ ਵਾਲ਼ੇ ਦੰਦ ਲਾਹ ਕੇ ਲੋਕਾਂ ਨੂੰ ਆਪਣੇ ਅਸਲੀ ਖ਼ੂਨੀ ਦੰਦ ਦਿਖਾਉਂਦੀ ਹੈ। ਕਿਉਂਕਿ ਸਿਆਸਤ ਆਰਥਿਕਤਾ ਦਾ ਹੀ ਇਜ਼ਹਾਰ ਹੁੰਦੀ ਹੈ।

ਤਾਂ ਅਜਿਹੇ ਮਾਹੌਲ ਵਿੱਚ ਪਹਿਲੀ ਗੱਲ ਤਾਂ ਆਮ ਬੰਦਾ ਭਾਵੇਂ ਉਹ ਕਿੰਨਾ ਵੀ ਇਮਾਨਦਾਰ ਹੋਵੇ, ਇਸ ਢਾਂਚੇ ਵਿੱਚ ਵੋਟਾਂ ‘ਚ ਲੜ ਹੀ ਨਹੀਂ ਸਕਦਾ। ਦੂਜਾ ਜੇਕਰ ਕਿਸੇ ਨੇ ਲੜਨ ਦੀ ਹਿੰਮਤ ਕਰ ਵੀ ਲਈ ਤਾਂ ਬੁਰਜੂਆ ਵੋਟ ਸਿਆਸਤ ਦੇ ਵੱਡੇ ਮਗਰਮੱਛ ਅਤੇ ਸਰਮਾਏਦਾਰਾ ਮੀਡੀਆ ਆਦਿ ਉਸਦੀ ਕੋਈ ਪੇਸ਼ ਨਹੀਂ ਜਾਣ ਦੇਣਗੇ। ਅੱਜ ਵੋਟਾਂ ‘ਚ ਜੇਕਰ ਕਿਸੇ ਨੇ ਜਿੱਤਣਾ ਹੈ ਤਾਂ ਉਸ ਕੋਲ ਅੰਨਾ ਪੈਸਾ, ਗੁੰਡਾ-ਗਿਰੋਹਾਂ ਦਾ ਹੋਣਾ ਜਿੱਥੇ ਜਰੂਰੀ ਹੈ ਉੱਥੇ ਧਰਮ-ਨਸਲ-ਜਾਤ-ਪਾਤ-ਫਿਰਕੁਪੁਣੇ ਦਾ ਪੱਤਾ ਖੇਡਣ ਦੀ ਜਾਂਚ, ਜੋੜ-ਤੋੜ, ਕਮੀਨਗੀ ਆਦਿ ਦਾ ਹੋਣਾ ਲਾਜ਼ਮੀ ਹੈ ਅਤੇ ਆਪਣੇ ਹਿੱਤਾਂ ਲਈ ਲੋਕਾਂ ਨੂੰ ਲੜਾਉਣ-ਮਰਾਉਣ ਦਾ ਢੰਗ ਹੋਣਾ ਵੀ ਓਨਾ ਹੀ ਜਰੂਰੀ ਹੈ। ਜੇਕਰ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਤਾਂ ਡੰਡਾ ਵਾਹੁਣ ਤੋਂ ਝਿਜਕੇ ਨਾ। ਜੋ ਹਰ ਬਗ਼ਾਵਤ ਨੂੰ ਲਹੂ ਦੀਆਂ ਨਦੀਆਂ ‘ਚ ਡੋਬਣ ਦਾ ਹੁਕਮ ਦੇਣ ‘ਚ ਦੇਰੀ ਨਾ ਕਰੇ। ਜੋ ਡੰਡੇ ਦੇ ਜ਼ੋਰ ‘ਤੇ ਕਿਰਤੀ-ਮਿਹਨਤਕਸ਼-ਮਜ਼ਦੂਰਾਂ ਨੂੰ ਨਿਚੋੜਣ ‘ਚ ਸਰਮਾਏਦਾਰਾਂ ਦੀ ਵੱਧ ਤੋਂ ਵੱਧ ਮਦਦ ਕਰੇ। ਉਹੀ ਅੱਜ ਦੇ ਮਾਹੌਲ ‘ਚ ਸਿਆਸਤ ‘ਚ ਭਾਰੂ ਹੋ ਸਕਦਾ ਹੈ। ਅਜਿਹੇ ਮਾਹੌਲ ‘ਚ ਇਹ ਆਸ ਕਰਨਾ ਕਿ ਕੋਈ “ਇਮਾਨਦਾਰ” ਬੰਦਾ ਅੱਗੇ ਆਵੇਗਾ ਅਤੇ ਲੋਕਾਂ ਦਾ ਭਲਾ ਕਰੇਗਾ, ਇਹ ਇੱਕ “ਚੰਗੇ” ਖਿਆਲ ਤੋਂ ਬਿਨਾਂ ਕੁਝ ਨਹੀਂ ਅਤੇ ਕੇਵਲ ਚੰਗੇ ਖ਼ਿਆਲਾਂ ਨਾਲ਼ ਕੁਝ ਨਹੀਂ ਬਣਦਾ। ਦੂਜਾ ਸਰਮਏਦਾਰਾ ਵੋਟਾਂ ‘ਚ ਇਮਾਨਦਾਰੀ ਦਾ ਮਤਲਬ ਸਰਮਾਏਦਾਰਾਂ ਪ੍ਰਤੀ ਇਮਾਨਦਾਰੀ ਹੈ। ਆਮ ਮਜ਼ਦੂਰ-ਮਿਹਨਤਕਸ਼ ਲੋਕਾਂ ਅਤੇ ਸਰਮਾਏਦਾਰਾਂ ਦਾ ਸੱਚ ਇੱਕੋ ਜਿਹਾ ਸੱਚ ਨਹੀਂ ਹੁੰਦਾ ਹੈ। ਇਹ ਦੋਵੇਂ ਅਜਿਹੇ ਵਿਰੋਧੀ ਜੋੜੇ ਨੇ ਜਿੱਥੇ ਇੱਕ ਦਾ ਸੱਚ ਦੂਜੇ ਲਈ ਝੂਠ ਹੈ। ਇਸ ਲਈ ਜੋ ਸਿਆਸੀ ਪਾਰਟੀ ਸਰਮਾਏਦਾਰਾਂ ਦਾ ਭਲਾ ਕਰੇਗੀ ਉਹ ਮਜ਼ਦੂਰਾਂ ਤੇ ਆਮ ਮਿਹਨਤਕਸ਼ ਲੋਕਾਂ ਬਾਰੇ ਕਦੇ ਨਹੀਂ ਸੋਚੇਗੀ, ਜੇਕਰ ਉਹਨਾਂ ਬਾਰੇ ਸੋਚੇਗੀ ਤਾਂ ਉਹਨਾਂ ਦੀ ਕਿਰਤ ਨੂੰ ਤਰਾਂ-ਤਰਾਂ ਦੇ ਢੰਗਾਂ ਰਾਹੀਂ ਲੁੱਟਣ ਬਾਰੇ। ਜਾਂ ਇਤਿਹਾਸ ਵਿੱਚ ਜੇਕਰ ਕੁਝ ਸਰਕਾਰਾਂ ਨੇ ਲੋਕਾਂ ਨੂੰ ਉਹਨਾਂ ਦੇ ਕੁਝ ਹੱਕ ਦਿੱਤੇ ਤਾਂ ਇਹ ਲੋਕ-ਬਗ਼ਾਵਤਾਂ ਦੇ ਡਰ ਕਰਕੇ ਉਹਨਾਂ ਨੂੰ ਅਜਿਹਾ ਕਰਨਾ ਪਿਆ ਨਾ ਕਿ ਕਿਸੇ ਇਸ ਜਾਂ ਉਸ ਬੁਰਜੂਆ ਪਾਰਟੀ ਦੀ ਚੰਗਿਆਈ ਦਾ ਸਵਾਲ ਸੀ। ਭਾਵੇਂ ਕਿ ਬੁਰਜੂਆ ਸਮਾਜ ਦੇ ਇਤਿਹਾਸ ਵਿੱਚ ਕੁਝ ਅਜਿਹੇ ਹਵਾਲੇ ਵੀ ਮਿਲ਼ਦੇ ਹਨ ਕਿ ਸੱਚੀਓਂ ਕੁਝ ਇਮਾਨਦਾਰ ਲੋਕਾਂ ਅਤੇ ਪਾਰਟੀਆਂ ਨੇ ਵੋਟ-ਸਿਆਸਤ ਰਾਹੀਂ ਸਮਾਜ ਦਾ ਸੁਧਾਰ ਕਰਨਾ ਚਾਹਿਆ, ਪਰ ਉਹਨਾਂ ਦੀਆਂ ਲਹਿਰਾਂ ਨੂੰ ਸਰਮਾਏਦਾਰਾਂ ਨੇ ਰਾਜ-ਪਲਟਿਆਂ, ਫ਼ੌਜੀ ਦਖ਼ਲ ਆਦਿ ਰਾਹੀਂ ਲਹੂ ਦੀਆਂ ਨਦੀਆਂ ਵਿੱਚ ਡੋਬ ਦਿੱਤਾ।

ਜੇ ਇਸਦੇ ਹੱਲ ਦੀ ਗੱਲ ਕਰਦੇ ਹਾਂ ਤਾਂ ਇਨਕਲਾਬ ਬਿਨਾਂ ਇਸਦਾ ਕੋਈ ਹੱਲ ਨਹੀਂ ਹੈ। ਇਸ ਗੱਲ ‘ਤੇ ਭੋਲੀਆਂ-ਆਤਮਾਵਾਂ ਦੀ ਮੰਗ ਹੁੰਦੀ ਹੈ ਕਿ ਇਨਕਲਾਬ ਤੋਂ ਉਰਾਂ-ਉਰਾਂ ਹੀ ਕੁਝ ਠੀਕ ਹੋ ਜਾਵੇ ਪਰ ਇਸਦੀ ਕੋਈ ਸੰਭਾਵਨਾ ਨਹੀਂ ਹੈ। ਕਿਉਂਕਿ ਜੇਕਰ ਬੁਰਜੂਆ ਵੋਟਾਂ ਰਾਹੀਂ ਹੱਲ ਹੋ ਜਾਣਾ ਹੁੰਦਾ ਤਾਂ ਅੱਜ ਨੂੰ ਹੋ ਗਿਆ ਹੁੰਦਾ। ਇਨਕਲਾਬ ਜਿੰਨਾ ਭਗਤ ਸਿੰਘ ਦੇ ਸਮੇਂ ਵੇਲ਼ੇ ਸੱਚ ਸੀ ਓਨਾ ਹੀ ਅੱਜ ਸੱਚ। ਇਨਕਲਾਬ ਤੋਂ ਬਾਅਦ ਹੀ ਅਸਲ ਵਿੱਚ ਲੋਕਾਂ ਪ੍ਰਤੀ ਇਮਾਨਦਾਰ ਲੋਕ ਸੱਤਾ ‘ਚ ਆ ਸਕਦੇ ਹਨ, ਜਿਹਨਾਂ ਦੀ ਉਮੀਦ “ਭੋਲੀਆਂ ਆਤਮਾਵਾਂ” ਇਸ ਲੋਕ-ਦੋਖੀ ਪ੍ਰਬੰਧ ‘ਚ ਕਰਦੀਆਂ ਹਨ। ਕਿਉਂਕਿ ਉਸੇ ਜਮਾਤ ਦੇ ਨੁਮਾਇੰਦੇ ਹੀ ਸੱਤਾ ‘ਚ ਆਉਂਦੇ ਹਨ ਜਿਸਦੇ ਕੋਲ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਹੁੰਦੀ ਹੈ। ਅੱਜ ਪੈਦਾਵਾਰੀ ਸਾਧਨਾਂ ਦੀ ਮਾਲਕੀ ਸਰਮਾਏਦਾਰਾਂ ਕੋਲ ਹੈ, ਇਸ ਲਈ ਉਹਨਾਂ ਦੇ ਨੁਮਾਇੰਦੇ ਹੀ ਸੱਤਾ ‘ਚ ਆਉਂਦੇ ਹਨ। ਜਦ ਮਜ਼ਦੂਰ ਜਮਾਤ ਦੀ ਅਗਵਾਈ ‘ਚ ਆਮ ਮਿਹਨਤਕਸ਼ ਲੋਕਾਂ ਨੇ ਪੈਦਾਵਾਰ ਦੇ ਸਾਧਨ ਸਰਮਾਏਦਾਰਾਂ ਤੋਂ ਖੋਹ ਕੇ ਇੱਕ ਲੁੱਟ ਰਹਿਤ ਸਮਾਜ ਸਥਾਪਿਤ ਕਰ ਦਿੱਤਾ ਤਾਂ ਸੱਤਾ ‘ਚ ਸੱਚੀਓਂ ਆਮ ਮਿਹਨਤਕਸ਼ਾਂ-ਮਜ਼ਦੂਰਾਂ ਦੇ ਨੁਮਾਇੰਦੇ ਆਉਣਗੇ। ਅੱਜ ਇਤਿਹਾਸ ਨੇ ਮਨੁੱਖਤਾ ਨੂੰ ਜਿਸ ਮੁਕਾਮ ‘ਤੇ ਲਿਆ ਖੜਾ ਕੀਤਾ ਹੈ, ਇੱਥੇ ਲੋਕਾਂ ਕੋਲ ਦੋ ਹੀ ਹੱਲ ਨੇ ਇਨਕਲਾਬ ਜਾਂ ਬਰਬਰਤਾ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements