‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਵੱਲੋਂ ‘ਦੂਜੀ ਤਿੰਨ ਦਿਨਾਂ ਬਾਲ ਫ਼ਿਲਮ ਮਿਲਣੀ’ ਕਰਵਾਈ ਗਈ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 16, 17, 18 ਜੂਨ ਨੂੰ ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਵੱਲੋਂ ‘ਦੂਜੀ ਤਿੰਨ ਦਿਨਾਂ ਬਾਲ ਫ਼ਿਲਮ ਮਿਲਣੀ’ ਟੀਚਰਜ਼ ਹੋਮ, ਬਠਿੰਡਾ ਵਿਖੇ ਕਰਵਾਈ ਗਈ। ਇਸ ਬਾਲ ਫ਼ਿਲਮ ਮਿਲਣੀ ਵਿੱਚ ਬਠਿੰਡਾ ਇਲਾਕੇ ਦੇ 50 ਦੇ ਕਰੀਬ ਬੱਚਿਆਂ/ਵਿਦਿਆਰਥੀਆਂ ਨੇ ਹਿੱਸਾ ਲਿਆ। ਅਜੋਕੀਆਂ ਫ਼ਿਲਮਾਂ ਜਾਂ ਕਾਰਟੂਨ ਸੀਰੀਅਲਾਂ ਰਾਹੀਂ ਬੱਚਿਆਂ ਨੂੰ ਪਰੋਸੇ ਜਾ ਰਹੇ ਅਸ਼ਲੀਲ, ਲੱਚਰ, ਹਿੰਸਕ ਮਾਹੌਲ ਰਾਹੀਂ ਬਾਲ ਮਨਾਂ ਨੂੰ ਗੰਧਲਾ ਕਰਨ ਦੀ ਜੋ ਪ੍ਰਕਿਰਿਆ ਅੱਜ ਦੇ ਸਮੇਂ ਵਿੱਚ ਚੱਲ ਰਹੀ ਹੈ, ਇਸ ਤੋਂ ਹਰ ਮਾਂ-ਬਾਪ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰਨ ਲਈ ਚਿੰਤਤ ਹੈ। ‘ਗਿਆਨ ਪ੍ਰਸਾਰ ਸਮਾਜ’ ਇਸ ਮਾਰੂ ਲੱਚਰ ਮਾਹੌਲ ਤੋਂ ਬੱਚਿਆਂ ਨੂੰ ਬਚਾਉਣ ਦੇ ਸੁਚੇਤਨ ਯਤਨ ਪਿਛਲੇ ਕੁਝ ਸਮੇਂ ਤੋਂ ਕਰ ਰਿਹਾ ਹੈ। ਇਹਨਾਂ ਯਤਨਾਂ ਦੇ ਇੱਕ ਅੰਗ ਵਜੋਂ ਹੀ ‘ਗਿਆਨ ਪ੍ਰਸਾਰ ਸਮਾਜ’ ਇਕਾਈ ਬਠਿੰਡਾ ਵੱਲੋਂ ਬਾਲ ਫ਼ਿਲਮ ਮਿਲਣੀਆਂ ਕਰਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਜਿਹਨਾਂ ਵਿੱਚ ਚੰਗੀਆਂ, ਸਮਾਜਿਕ ਸਰੋਕਾਰਾਂ ਵਾਲ਼ੀਆਂ ਅਤੇ ਗਿਆਨਵਰਧਕ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਇਸੇ ਸਿਲਸਿਲੇ ਤਹਿਤ ਹੀ ਪਿਛਲੇ ਦਿਨੀਂ ‘ਦੂਜੀ ਤਿੰਨ ਦਿਨਾਂ ਬਾਲ ਫ਼ਿਲਮ ਮਿਲਣੀ’ ਕਰਵਾਈ ਗਈ।

ਇਸ ਬਾਲ ਫ਼ਿਲਮ ਮਿਲਣੀ ਵਿੱਚ ‘ਦਿ ਸਰਕਸ’, ‘ਦਿ ਡੌਗਜ਼ ਲਾਇਫ’, ‘2+2=5’, ‘ਲਾਈਫ ਇਜ ਬਿਊਟੀਫੁਲ’, ‘ਰੂਮ ਅੋਨ ਬਰੂਮ’, ‘ਅਰਥ ਇਜ ਆਵਰ ਪਲੈਨਿਟ’, ‘ਫਾਇਡਿੰਗ ਨਿਮੋ’, ‘ਚਿਲਡਰਜ਼ ਆਫ਼ ਹੈਵਨ’ ਆਦਿ ਫਿਲਮਾਂ ਦਿਖਾਈਆਂ ਗਈਆਂ। ਹਰ ਫਿਲਮ ਖ਼ਤਮ ਹੋਣ ਤੋਂ ਬਾਅਦ ਉਸ ਉਪਰ ਵਿਚਾਰ-ਚਰਚਾ ਕੀਤੀ ਜਾਂਦੀ ਸੀ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਫ਼ਿਲਮ ਕੀ ਕਹਿਣਾ ਚਾਹੁੰਦੀ ਹੈ। ਇਸ ਵਿਚਾਰ-ਚਰਚਾ ਵਿੱਚ ਬੱਚਿਆਂ/ਵਿਦਿਆਰਥੀਆਂ ਨੇ ਬਹੁਤ ਸਰਗਰਮੀ ਨਾਲ਼ ਹਿੱਸਾ ਲਿਆ ਅਤੇ ਸਾਰੀਆਂ ਫ਼ਿਲਮਾਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਜਿੰਮੇਵਾਰੀ ਡਾ. ਸੁਮੀਰ, ਡਾ. ਜਸ਼ਨ ਅਤੇ ਸੁਖਵਿੰਦਰ ਨੇ ਨਿਭਾਈ। ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਦੇ ਕਾਰਕੁਨ ਹਰਮਨ ਵੱਲੋਂ ਹੱਥ ਨਾਲ਼ ਤਿਆਰ ਕੀਤੀਆਂ ਪੇਂਟਿੰਗਾਂ ਅਤੇ ਕੁਟੇਸ਼ਨਾਂ ਖ਼ਾਸ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ‘ਜਨਚੇਤਨਾ’ ਵੱਲੋਂ ਪੁਸਤਕ-ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਬੱਚਿਆਂ ਨੇ ਪੁਸਤਕਾਂ ਖਰੀਦਣ ਵਿੱਚ ਬਹੁਤ ਦਿਲਚਸਪੀ ਦਿਖਾਈ। ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਕਾਮਰੇਡ ਕਸ਼ਮੀਰ ਹਾਜ਼ਰ ਹੋਏ। ਉਹਨਾਂ ਨੇ ਅਜੋਕੇ ਮੀਡੀਏ ਦੇ ਬੱਚਿਆਂ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ, ਸਾਡੇ ਸਮਾਜ ਵਿੱਚ ਅਗਿਆਨਤਾ ਜਾਂ ਸੱਭਿਆਚਾਰਕ ਪੱਛੜੇਵੇਂ ਕਰਕੇ ਬੱਚਿਆਂ ਦੀ ਵਧੀਆ ਪਰਵਰਿਸ਼ ਨਾ ਹੋਣ ਬਾਰੇ, ਅਜੋਕੇ ਸਿੱਖਿਆ-ਤੰਤਰ ਦੁਆਰਾ ਬੱਚਿਆਂ ਵਿੱਚ ਦੂਜਿਆਂ ਨੂੰ ਦਰੜ ਕੇ ਅੱਗੇ ਲੰਘਣ ਤੇ ਨੰਬਰ ਕੁੱਟੂ ਮਾਨਸਿਕਤਾ ਦੇ ਸਮਾਜ ‘ਤੇ ਪੈਣ ਵਾਲ਼ੇ ਬੁਰੇ ਪ੍ਰਭਾਵਾਂ ਬਾਰੇ, ਸੋਵੀਅਤ ਯੂਨੀਅਨ ਵਿੱਚ ਬੱਚਿਆਂ ਦੀ ਵਿਗਿਆਨਕ ਪਰਵਰਿਸ਼ ਦੇ ਕੁੱਝ ਹਵਾਲਿਆਂ ਬਾਰੇ ਆਦਿ ਵਿਸ਼ਿਆਂ ਨੂੰ ਸਮੇਟਦੇ ਹੋਏ ਆਪਣੀ ਗੱਲਬਾਤ ਰੱਖੀ।

ਅਖ਼ੀਰ ਵਿੱਚ ‘ਗਿਆਨ ਪ੍ਰਸਾਰ ਸਮਾਜ’ ਵੱਲੋਂ ਬੱਚਿਆਂ ਅਤੇ ਮਾਪਿਆਂ ਦਾ ਇਸ ਫ਼ਿਲਮ ਮਿਲਣੀ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਫ਼ਿਲਮ ਮਿਲਣੀ ਬਾਰੇ ਬੱਚਿਆਂ ਦੇ ਵਿਚਾਰ ਸੀ ਕਿ ਅਜਿਹੀਆਂ ਫ਼ਿਲਮ ਮਿਲਣੀਆਂ ਸਾਲ ਵਿੱਚ ਦੋ ਵਾਰ ਹੋਣੀਆਂ ਚਾਹੀਦੀਆਂ ਹਨ। ਮਾਪਿਆਂ ਨੇ ‘ਗਿਆਨ ਪ੍ਰਸਾਰ ਸਮਾਜ’ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ। ਅੱਗੇ ਤੋਂ ਹੋਰ ਅਜਿਹੇ ਉਸਾਰੂ ਪ੍ਰੋਗਰਾਮ ਕਰਵਾਉਣ ਦੇ ਅਹਿਦ ਨਾਲ਼ ਇਹ ਫ਼ਿਲਮ ਮਿਲਣੀ ਸਮਾਪਤ ਹੋਈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements