ਗਿਆਨ ਪ੍ਰਸਾਰ ਸਮਾਜ ਵੱਲੋਂ ”ਮਾਡਰਨ ਟਾਈਮਜ਼” ਫਿਲਮ ਉੱਪਰ ਵਿਚਾਰ ਚਰਚਾ ਦਾ ਆਯੋਜਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਬੀਤੀ 18 ਅਗਸਤ ਨੂੰ ‘ਗਿਆਨ ਪ੍ਰਸਾਰ ਸਮਾਜ’ ਵੱਲੋਂ ਪਿੰਡ ਪੱਖੋਵਾਲ ਵਿਖੇ ਪਬਲਿਕ ਲਾਇਬ੍ਰੇਰੀ ਵਿੱਚ ਮਸ਼ਹੂਰ ਲੋਕ-ਪੱਖੀ ਫਿਲਮ ਨਿਰਦੇਸ਼ਕ ਤੇ ਅਦਾਕਾਰ ਚਾਰਲੀ ਚੈਪਲਿਨ ਦੀ ਫਿਲਮ ‘ਮਾਡਰਨ ਟਾਈਮਜ਼’ ਪਰਦਾਪੇਸ਼ ਕੀਤੀ ਗਈ। ਫਿਲਮ ਵਿਖਾਉਣ ਤੋਂ ਬਾਅਦ ਇਸ ਫਿਲਮ ‘ਤੇ ਵਿਚਾਰ ਚਰਚਾ ਵੀ ਕੀਤੀ ਗਈ। ਵਿਚਾਰ ਚਰਚਾ ਵਿੱਚ ਸਾਰਿਆਂ ਨੇ ਪੂਰੀ ਸਰਗਰਮੀ ਨਾਲ਼ ਹਿੱਸਾ ਲਿਆ। ਫਿਲਮ ਬਾਰੇ ਮੁੱਖ ਤੌਰ ‘ਤੇ ਗੱਲ ਰੱਖਦਿਆਂ ਛਿੰਦਰਪਾਲ ਨੇ ਕਿਹਾ ਫਿਲਮ ਇੱਕ ਕਾਮੇਡੀ ਹੋਣ ਦੇ ਨਾਲ਼-ਨਾਲ਼ ਸਮਾਜਿਕ ਸਰੋਕਾਰਾਂ ਨਾਲ਼ ਜੁੜੀ ਹੋਈ ਫਿਲਮ ਹੈ। ਅਜੋਕੇ ਵੇਲੇ ਆ ਰਹੀਆਂ ਫੂਹੜ ਕਾਮੇਡੀ ਫਿਲਮਾਂ ਅੱਜ ਦੇ ਸਰਮਾਏਦਾਰੀ ਢਾਂਚੇ ਦੇ ਸੱਭਿਆਚਾਰਕ ਨਿਘਾਰ ਦਾ ਹੀ ਪ੍ਰਗਟਾਵਾ ਹਨ। ਐਸੇ ਵੇਲੇ ‘ਮਾਡਰਨ ਟਾਈਮਜ਼’ ਵਰਗੀਆਂ ਫਿਲਮਾਂ, ਜਦੋਂ ਚਾਰੇ ਪਾਸੇ ਲੱਚਰ ਕਾਮੇਡੀ ਦਾ ਬੋਲ ਬਾਲਾ ਹੈ, ਅਤਿ ਦਾ ਮਹੱਤਵ ਰੱਖਦੀਆਂ ਹਨ। ਤੱਤ ਸਬੰਧੀ ਆਪਣੀ ਗੱਲ ਕਰਦਿਆਂ ਛਿੰਦਰਪਾਲ ਨੇ ਕਿਹਾ ਕਿ ਇਹ ਫਿਲਮ ਸਰਮਾਏਦਾਰੀ ਢਾਂਚੇ ਦੀ ਪੈਦਾਵਾਰੀ ਪ੍ਰਕਿਰਿਆ ਦਾ ਪਾਜ ਉਘੇੜਦੀ ਹੈ। ਕਿ ਕਿਵੇਂ ਮਾਲਕ (ਸਰਮਾਏਦਾਰ) ਹਰੇਕ ਢੰਗ ਤਰੀਕੇ ਨਾਲ਼ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਚਾਹੁੰਦਾ ਹੈ। ਇਹਦੇ ਵਾਸਤੇ ਭਾਵੇਂ ਉਹਨੂੰ ਗੈਰ-ਮਨੁੱਖੀ ਕਦਰਾਂ ਕੀਮਤਾਂ ਤੱਕ ਵੀ ਕਿਉਂ ਨਾ ਡਿੱਗਣਾ ਪਵੇ-ਉਹ ਆਪਣੇ ਕੋਲ ਕੰਮ ਕਰਦੇ ਮਜਦੂਰਾਂ ਨੂੰ ਸਿਰਫ ਉਹਦੇ ਵਾਸਤੇ ਧਨ ਪੈਦਾ ਕਰਨ ਦੀਆਂ ਮਸ਼ੀਨਾਂ ਸਮਝਦਾ ਹੈ। ਇਹਦੇ ਵਾਸਤੇ ਮਜਦੂਰਾਂ ਦਾ ਇੱਕ ਇੱਕ ਪਲ ਨਿਚੋੜਦਾ ਹੈ, ਮਜਦੂਰ ਨੂੰ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲਦੀ। ਤੇ ਦੂਜੇ ਪਾਸੇ ਫਿਲਮ ਵਿਖਾਉਂਦੀ ਹੈ ਕਿ ਕਿਵੇਂ ਮਾਲਕ ਵਿਹਲਾ ਬੈਠਾ ਰਹਿੰਦਾ ਹੈ ਤੇ ਡੱਕਾ ਤੋੜ ਕੇ ਵੀ ਦੂਹਰਾ ਨਹੀਂ ਕਰਦਾ, ਏਥੋਂ ਤੱਕ ਕਿ ਉਹਨੂੰ ਆਪ ਨੂੰ ਪਾਣੀ ਦਾ ਗਲਾਸ ਚੁੱਕ ਕੇ ਵੀ ਪੀਣਾ ਮਨਜੂਰ ਨਹੀਂ। ਇਸ ਤਰਾਂ ਇਹ ਫਿਲਮ ਸਰਮਾਏਦਾਰੀ ਪੈਦਾਵਾਰੀ ਪ੍ਰਕਿਰਿਆ ‘ਚ ਮਾਲਕ ਮਜਦੂਰ ਦੇ ਆਪਸੀ ਰਿਸ਼ਤੇ ਦਾ ਯਥਾਰਥਕ ਚਿੱਤਰਣ ਕਰਦੀ ਹੈ। ਦੂਜੀ ਜਿਹੜੀ ਗੱਲ ਫਿਲਮ ‘ਚ ਪੇਸ਼ ਕੀਤੀ ਗਈ ਹੈ ਉਹ ਹੈ ਆਰਥਕ ਮੰਦੀ ਜਾਂ ਸੰਕਟ ਦਾ ਮਜਦੂਰਾਂ ਦੀ ਜਿੰਦਗੀ ‘ਤੇ ਪੈਂਦਾ ਪ੍ਰਭਾਵ। ਨਾਇਕਾ ਦਾ ਬਾਪ ਜਿਹੜਾ ਮੰਦੀ ਕਾਰਨ ਬੇਰੁਜਗਾਰ ਹੈ-ਘਰ ਵਿੱਚ ਬੱਚੇ ਭੁੱਖੇ ਹਨ। ਬੇਰੁਜਗਾਰੀ ਦੇ ਸਤਾਏ ਮਜਦੂਰਾਂ ਨੂੰ ਚੋਰੀ ਕਰਨ ਵਾਸਤੇ ਵੀ ਮਜਬੂਰ ਹੋਣਾ ਪੈਂਦਾ ਹੈ। ਇਹ ਵਿਖਾਉਂਦੀ ਹੈ ਕਿ ਕਿਸ ਤਰਾਂ ਮਜਦੂਰਾਂ ਦੀ ਜਿੰਦਗੀ ਲਗਾਤਾਰ ਅਨਿਸ਼ਚਿਤਤਾ ‘ਚ ਬੀਤਦੀ ਹੈ। ਤੇ ਫਿਲਮ ਜਿੱਥੇ ਇੱਕ ਪਾਸੇ ਡਿਪਾਰਟਮੈਂਟਲ ਸਟੋਰ ਰਾਹੀਂ ਅਮੀਰਾਂ ਦੀਆਂ ਅੱਯਾਸ਼ੀਆਂ ਦਾ ਸਮਾਨ-ਵਧੀਆ ਬੈੱਡ, ਵਧੀਆ ਗੱਦੇ ਤੇ ਉਹਨਾਂ ਦੇ ਬੱਚਿਆਂ ਦੇ ਖੇਡਣ ਲਈ ਤਰਾਂ ਤਰਾਂ ਦੇ ਖਿਡਾਉਣੇ ਵਿਖਾਉਂਦੀ ਹੈ ਤਾਂ ਦੂਜੇ ਪਾਸੇ ਇੱਕ ਮਜਦੂਰ ਦੇ ਬੱਚਿਆਂ ਦਾ ਰੁਲ਼ਿਆ-ਖ਼ੁਲ਼ਿਆ ਬਚਪਨ ਵਿਖਾਉਂਦੀ ਹੈ। ਫਿਲਮ ‘ਚ ਪੁਲਸ-ਤੰਤਰ ਦੇ ਕੰਮ ਦਾ ਸਪਸ਼ਟ ਝਲਕਾਰਾ ਮਿਲਦਾ ਹੈ-ਕਿ ਕਿਵੇਂ ਜਦੋਂ ਮਜਦੂਰ ਆਪਣਾ ਹੱਕ ਮੰਗਦੇ ਹਨ ਤਾਂ ਸਾਰਾ ਢਾਚਾਂ(ਪੁਲਸ ਸਮੇਤ) ਨਿੱਤਰ ਕੇ ਮਾਲਕਾਂ ਦੇ ਹੱਕ ‘ਚ ਆਉਂਦਾ ਹੈ ਤੇ ਕਿਰਤੀਆਂ ‘ਤੇ ਜਬਰ ਕਰਦਾ ਹੈ। ਇਹਦੇ ਨਾਲ਼ ਨਾਲ਼ ਫਿਲਮ ਸਰਮਾਏਦਾਰੀ ਢਾਂਚੇ ਦੇ ਖੋਖਲੇ ਤੇ ਸਤਹੀ ਸੱਭਿਆਚਾਰ ਦਾ ਪਾਜ ਉਘੇੜਦੀ ਹੈ ਤੇ ਉਹਦਾ ਮਜਾਕ ਉਡਾਉਂਦੀ ਹੈ। ਜਿਵੇ ਫਿਲਮ ਦੇ ਅਖੀਰ ਵਿੱਚ ਚੈਪਲਿਨ ਜਦ ਗੀਤ ਭੁੱਲ ਜਾਂਦਾ ਹੈ ਤਾਂ ਨਾਇਕਾ ਦੇ ਕਹਿਣ ‘ਤੇ ਮੌਕੇ ‘ਤੇ ਹੀ ਆਪਣੇ ਕੋਲ਼ੋਂ ਜੋੜ ਕੇ ਇੱਕ ਬੇਸੁਰਾ ਗੀਤ ਗਾਉਣ ਲੱਗ ਪੈਂਦਾ ਹੈ ਤੇ ਧਨਪਸ਼ੂ ਉਸ ਬੇਸੁਰੇ ਗੀਤ ‘ਤੇ ਵੀ ਉਸਦੀ ਬਹੁਤ ਸ਼ਲਾਘਾ ਕਰਦੇ ਹਨ। ਇਸ ਤਰਾਂ ਫਿਲਮ ਸਰਮਾਏਦਾਰ ਕਦਰਾਂ ਕੀਮਤਾਂ ਦਾ ਵੀ ਮਜ਼ਾਕ ਉਡਾਉਂਦੀ ਹੈ।

ਚਾਰਲੀ ਚੈਪਲਿਨ ਦੀ ਇਹ ਮੂਕ ਕਾਮੇਡੀ ਫਿਲਮ ਸਮੁੱਚੇ ਰੂਪ ‘ਚ ਸਰਮਾਏਦਾਰ ਢਾਂਚੇ ਦਾ ਹੀ ਮਜਾਕ ਉਡਾਉਂਦੀ ਹੈ। ਬਾਕੀ ਇੱਕ ਹੋਰ ਗੱਲ ਬੁਲਾਰੇ ਨੇ ਕਹੀ ਕਿ ਆਮ ਤੌਰ ‘ਤੇ ਇਹ ਕਿਹਾ ਜਾਂਦਾ ਕਿ ਸਿਰਫ ਕਮਿਊਨਿਸਟ ਹੀ ਸਰਮਾਏਦਾਰੀ ਢਾਂਚੇ ਦੀਆਂ ਘਾਟਾਂ-ਕਮਜੋਰੀਆਂ ਗਿਣਾਉਂਦੇ ਰਹਿੰਦੇ ਹਨ, ਪਰ ਚਾਰਲੀ ਚੈਪਲਿਨ ਕੋਈ ਸਮਾਜਵਾਦੀ ਜਾਂ ਕਮਿਊਨਿਸਟ ਨਹੀਂ ਸੀ ਤੇ ਫਿਰ ਵੀ ਉਹ ਉਹਨਾਂ ਨਤੀਜਿਆਂ ‘ਤੇ ਪਹੁੰਚਿਆ ਜਿਹੜਿਆਂ ‘ਤੇ ਕਮਿਊਨਿਸਟ ਪਹੁੰਚਦੇ ਹਨ-ਭਾਵ ਸਰਮਾਏਦਾਰੀ ਢਾਂਚਾ ਇੱਕ ਲੋਟੂ, ਮੁਨਾਫਾਖੋਰ, ਗੈਰ-ਮਨੁੱਖੀ ਢਾਂਚਾ ਹੈ ਤੇ ਇਸ ਸੱਚਾਈ ਤੋਂ ਅੱਖਾਂ ਨਹੀਂ ਫੇਰੀਆਂ ਜਾ ਸਕਦੀਆਂ।

ਇਸ ਤੋਂ ਇਲਾਵਾ ਫਿਲਮ ਬਾਰੇ ਮਾਸਟਰ ਜਸਵੀਰ, ਜ਼ਮੀਰ ਹੁਸੈਨ, ਕੁਲਦੀਪ, ਗੁਰਮੀਤ, ਸਨਦੀਪ, ਰੰਗਕਰਮੀ ਬਲਵੀਰ ਬੱਲੀ ਤੇ ਮਾਸਟਰ ਹਰੀਸ਼ ਪੱਖੋਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ‘ਚ ਗਿਆਨ ਪ੍ਰਸਾਰ ਸਮਾਜ ਦੇ ਸਰਪ੍ਰਸਤ ਮਾਸਟਰ ਹਰੀਸ਼ ਨੇ ਅਜਿਹੀਆਂ ਲੋਕ ਪੱਖੀ ਫਿਲਮਾਂ ਵਿਖਾਉਣ ਤੇ ਸਮਾਜ ਦੇ ਵੱਖ-ਵੱਖ ਮੁੱਦਿਆਂ ‘ਤੇ ਗੋਸ਼ਟੀਆਂ/ਵਿਚਾਰ ਚਰਚਾਵਾਂ ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਤੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ।  

-ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 20, ਸਤੰਬਰ  2013 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s