ਗਿਆਨ ਪ੍ਰਸਾਰ ਸਮਾਜ ਵੱਲੋਂ ‘ਫ਼ਰਜ਼ੰਦ ਅਲੀ- ਜੀਵਨ ਅਤੇ ਉਹਨਾਂ ਦਾ ਰਚਨਾ ਸੰਸਾਰ’ ਵਿਸ਼ੇ ‘ਤੇ ਗੋਸ਼ਟੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 21 ਫਰਵਰੀ ਨੂੰ ਗਿਆਨ ਪ੍ਰਸਾਰ ਸਮਾਜ ਲੁਧਿਆਣਾ ਵੱਲ਼ੋਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਦਿਵਸ ‘ਤੇ ਲਹਿੰਦੇ ਪੰਜਾਬ ਦੇ ਮਰਹੂਮ ਨਾਵਲਕਾਰ ਜਨਾਬ ਫ਼ਰਜ਼ੰਦ ਅਲੀ ਦੀ ਯਾਦ ਵਿੱਚ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਰਿਜਨਲ ਕੈਂਪਸ, ਗੁਰੂ ਕਾਸ਼ੀ ਦੇ ਪ੍ਰੋਫੈਸਰ ਕੁਲਦੀਪ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਗੋਸ਼ਟੀ ਦੀ ਸ਼ੁਰੂਆਤ ਜਨਾਬ ਫ਼ਰਜ਼ੰਦ ਅਲੀ ਦੀ ਫੋਟੋ ਨੂੰ ਹਾਰ ਪਹਿਨਾ ਕੇ ਕੀਤੀ ਗਈ।

ਲੰਮੀ ਬਿਮਾਰੀ ਪਿਛੋਂ ਪਿਛਲੀ 4 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਫਰਜ਼ੰਦ ਅਲੀ ਦੇ ਥੁੜਾਂ-ਦੁੱਖਾਂ ਭਰੇ ਜੀਵਨ ਬਾਰੇ ਬੋਲਦਿਆਂ ਪ੍ਰੋਫੈਸਰ ਕੁਲਦੀਪ ਨੇ ਕਿਹਾ ਕਿ ਉਹ ਲੋਕਾਂ ‘ਚੋਂ ਪੈਦਾ ਹੋਇਆ ਲੋਕਾਂ ਦਾ ਲੇਖਕ ਸੀ ਜਿਸ ਨੇ ਸਾਰੀ ਉਮਰ ਆਪਣੀ ਰਚਨਾਤਮਕ ਕਲਮ ਰਾਹੀਂ ਲੋਕ-ਪੱਖੀ ਸਾਹਿਤ ਦੀ ਸਿਰਜਣਾ ਕੀਤੀ। ਧਾਰਮਿਕ ਕੱਟੜਵਾਦੀ, ਗੈਰ-ਜਮਹੂਰੀ ਅਤੇ ਗੈਰ-ਬਰਾਬਰੀ ਭਰੇ ਸਮਾਜ ਅੰਦਰ ਪਿਸ ਰਹੀ ਆਮ ਖਲ਼ਕਤ ਦਾ ਦਰਦ ਉਹ ਬਹੁਤ ਹੀ ਸ਼ਿੱਦਤ ਨਾਲ਼ ਮਹਿਸੂਸ ਕਰਦੇ ਸਨ। ਅੱਜ ਜਦੋਂ ਬਹੁਤੇ ਸਾਹਿਤਕਾਰ ਆਪਣੇ ਅਰਾਮਦਾਇਕ ਕੈਰੀਅਰ ਅਤੇ ਸੁੱਖ-ਸਹੂਲਤਾਂ ਭਰਪੂਰ ਜੀਵਨ ਦੀਆਂ ਸੌੜੀਆਂ ਵਲਗਣਾਂ ਅੰਦਰ ਕੈਦ ਹੋ ਕੇ ਆਮ ਜਨਤਾ ਦੇ ਜੀਵਨ ਤੋਂ ਬਹੁਤ ਹੱਦ ਤੱਕ ਦੂਰ ਚਲੇ ਗਏ ਹਨ ਅਤੇ ਇਸ ਤਰ੍ਹਾਂ ਉਹ ਜਨਤਾ ਦੇ ਜੀਵਨ ਦੇ ਕਰੂਰ ਯਥਾਰਥ ਤੇ ਇਸ ਦੀ ਬੰਦ ਖਲਾਸੀ ਲਈ ਜੂਝ ਰਹੀਆਂ ਤਬਦੀਲੀਪਸੰਦ ਸ਼ਕਤੀਆਂ ਵੱਲ਼ੋਂ ਨਿਭਾਈ ਜਾ ਰਹੀ ਇਤਿਹਾਸਿਕ ਭੂਮਿਕਾ ਤੋਂ ਵੀ ਲੱਗਭੱਗ ਕੋਰੇ ਰਹਿ ਰਹੇ ਹਨ ਅਤੇ ਅੱਜ ਦੇ ਜਟਿਲ ਕਥਾਨਕ ਨੂੰ ਆਪਣੀ ਰਚਨਾ ਦਾ ਵਿਸ਼ਾ-ਵਸਤੂ ਬਨਾਉਣ ਤੋਂ ਵੀ ਆਹਜੇ ਹੋ ਗਏ ਹਨ। ਅਜਿਹੇ ਢਾਹੂ ਸਾਹਿਤਕ ਮਹੌਲ ਅੰਦਰ ਫਰਜ਼ੰਦ ਅਲੀ ਵੱਲ਼ੋਂ ‘ਭੁੱਬਲ਼’ ਵਰਗੇ ਨਿੱਗਰ ਨਾਵਲ ਦੀ ਸਿਰਜਣਾ ਇਸੇ ਗੱਲ ਦਾ ਪ੍ਰਤੀਕ ਹੈ ਕਿ ਲੋਕ ਜੀਵਨ ਤੋਂ ਟੁੱਟ ਕੇ ਕਿਸੇ ਚਿਰਜੀਵੀ ਅਤੇ ਯੁੱਗ ਪਲਟਾਊ ਸਾਹਿਤ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ।

ਜਨਾਬ ਫਰਜ਼ੰਦ ਅਲੀ ਬਾਰੇ ਉਨ੍ਹਾਂ ਦੱਸਿਆ ਕਿ ਫਰਜ਼ੰਦ ਅਲੀ ਨੇ ਆਪ ਪਹਿਲਾਂ ਮੁਜਾਰੇ ਕਿਸਾਨ ਅਤੇ ਫਿਰ ਇੱਕ ਕਾਰਖਾਨਾ ਮਜਦੂਰ ਦੇ ਜੀਵਨ ਦੀਆਂ ਦੁਸ਼ਵਾਰੀਆਂ, ਗੁਰਬਤ ਅਤੇ ਬੇਵਸੀ ਦੇ ਦੁਖਦਾਈ ਅਹਿਸਾਸਾਂ ਅਤੇ ਉਸਦੇ ਹੋ ਰਹੇ ਭਿਅੰਕਰ ਸੋਸ਼ਣ ਨੂੰ ਖੁਦ ਆਪਣੇ ਹੱਡੀਂ ਹੰਢਾਇਆ। ਇਹੀ ਕਾਰਨ ਹੈ ਕਿ ਉਹ ਪੰਜਾਬੀ ਦੇ ਸਾਹਿਤਕ ਜਗਤ ਨੂੰ ‘ਭੁੱਬਲ਼’ ਵਰਗਾ ਸ਼ਾਹਕਾਰ ਨਾਵਲ ਦੇਣ ਦੇ ਸਮਰੱਥ ਹੋ ਸਕੇ।

ਸਰਮਾਏਦਾਰੀ ਦੇ ਦੌਰ ਅੰਦਰ ਛੋਟੀ ਤੇ ਸੀਮਾਂਤ ਕਿਸਾਨੀ ਦੇ ਆਪਣੇ ਸੰਦ ਸਾਧਨਾਂ ਅਤੇ ਜਮੀਨ ਤੋਂ ਲਗਾਤਾਰ ਵਿਰਵੇ ਹੁੰਦੇ ਜਾਣ ਅਤੇ ਹੌਲ਼ੀ-ਹੌਲ਼ੀ ਮਜ਼ਦੂਰ ਜਮਾਤ ਦਾ ਹਿੱਸਾ ਬਣਦੇ ਜਾਣ ਦੀ ਅਟੱਲ ਅਤੇ ਦੁਖਦਾਈ ਪ੍ਰਕਿਰਿਆ ਦਾ ਯਥਾਰਥਕ ਅਤੇ ਭਾਵਪੂਰਤ ਚਿੱਤਰਣ ਉਨ੍ਹਾਂ ਆਪਣੇ ਇਸ ਨਾਵਲ ਵਿੱਚ ਬਾਖੂਬੀ ਕੀਤਾ ਹੈ। ਉਨ੍ਹਾਂ ਨੇ ਭੁੱਬਲ ਤੋਂ ਇਲਾਵਾ ਤਾਈ, ਇੱਕ ਚੂੰਢੀ ਲੂਣ ਦੀ ਤੇ ਧਾੜਵੀ ਵਰਗੇ ਤਿੰਨ ਹੋਰ ਨਾਵਲਾਂ, ਦੋ ਦਰਜ਼ਨ ਤੋਂ ਵਧੇਰੇ ਨਾਟਕਾਂ ਅਤੇ ਇੱਕ ਕਹਾਣੀ ਸੰਗ੍ਰਿਹ ‘ਕੰਡ ਪਿੱਛੇ ਅੱਖੀਆਂ’ ਦੀ ਵੀ ਰਚਨਾ ਕੀਤੀ।

‘ਭੁੱਬਲ’ ਵਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਇਸ ਨਾਵਲ ਵਿੱਚ ਇਤਿਹਾਸ ਦੀ ਪੇਸ਼ਕਾਰੀ ਬਹੁਤ ਹੀ ਜੀਵੰਤ ਅਤੇ ਦਵੰਦਵਾਦੀ ਤਰੀਕੇ ਨਾਲ਼ ਹੋਈ ਹੈ। ਕਿਉਂਕਿ ਉਨ੍ਹਾਂ ਬਦਲ ਰਹੇ ਕਿਸਾਨੀ ਸਮਾਜ ਨੂੰ ਕਿਸੇ ਪ੍ਰਤੀਕਿਰਿਆ ਰਹਿਤ ਸਿੱਥਲ ਸਮੂਹ ਦੇ ਰੂਪ ਵਿੱਚ ਨਹੀਂ ਸਗੋਂ ਇਸ ਨੂੰ ਲਗਾਤਾਰ ਵਿਕਾਸਮਾਨ ਅਤੇ ਗਤੀਸ਼ੀਲ ਹੋਣ ਵਜੋਂ ਪੇਸ਼ ਕੀਤਾ। ਉਨ੍ਹਾਂ ਇਸ ਦੀਆਂ ਅੰਤਰ ਵਿਰੋਧਤਾਈਆਂ ਦਾ ਲਗਾਤਾਰਤਾ ਅਤੇ ਤਬਦੀਲ਼ੀ ਦੇ ਦਵੰਦ ਰਾਹੀਂ ਬਹੁਤ ਹੀ ਮਾਰਮਿਕ ਢੰਗ ਨਾਲ਼ ਚਿਤਰਣ ਕੀਤਾ। ਇਸੇ ਲਈ ਸਮਾਜਵਾਦੀ ਯਥਾਰਥਵਾਦ ਦੇ ਇਤਿਹਾਸਕ ਪੜਾਅ ਦੀ ਇਹ ਇਕ ਸਾਂਭਣਯੋਗ ਅਤੇ ਮਾਨਣਯੋਗ ਰਚਨਾ ਹੈ।

ਇਸ ਨਾਵਲ ਵਿੱਚ ਪਾਤਰਾਂ ਦਾ ਟਰੀਟਮੈਂਟ ਵੀ ਬਹੁਤ ਹੀ ਜੀਵੰਤ ਅਤੇ ਦਵੰਦਾਤਮਕ ਹੈ। ਤੰਗੀਆਂ-ਤੁਰਸ਼ੀਆਂ ਮਾਰੀ ਕਿਰਤੀਆਂ ਦੀ ਜ਼ਿੰਦਗੀ ਖੁਸ਼ਕ, ਬੋਝਲ਼ ਅਤੇ ਗ਼ਮ ਤੇ ਗੁੱਸੇ ਨਾਲ਼ ਲਬਰੇਜ਼ ਹੋਣ ਦੇ ਬਾਵਜੂਦ ਛੋਟੀਆਂ-ਛੋਟੀਆਂ ਖੁਸ਼ੀਆਂ ਅਤੇ ਹੁਲਾਸ ਨਾਲ ਭਰਪੂਰ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਇਕਹਿਰਾਪਣ ਨਹੀਂ। ਉਹ ਆਪਣੀਆਂ ਲੱਖ ਦੁੱਖ-ਤਕਲੀਫਾਂ ਦੇ ਬਾਵਜੂਦ ਮੌਕੇ ਮੁਤਾਬਕ ਹੱਸਦੇ-ਖੇਡਦੇ, ਰੁੱਸਦੇ-ਮਨਾਉਂਦੇ ਅਤੇ ਨੱਚਦੇ-ਗਾਉਂਦੇ ਹਨ। ਉਹ ਜ਼ਿੰਦਗੀ ਦਾ ਬੋਝ ਢੋਂਦਿਆਂ ਵੀ ਜ਼ਿੰਦਗੀ ਦਾ ਜਸ਼ਨ ਮਨਾਉਂਦੇ ਨਜਰੀਂ ਆਉਂਦੇ ਹਨ।

ਲੇਖਕ ਕਿਤੇ ਵੀ ਅਪਣੇ ਨਾਇਕ ਜਾਂ ਹੋਰ ਪਾਤਰਾਂ ਦਾ ਬੇਲੋੜਾ ਤੇ ਗੈਰ ਕੁਦਰਤੀ ਆਦਰਸ਼ੀਕਰਨ ਨਹੀਂ ਕਰਦਾ। ਨਾਵਲ ਦੇ ਪਾਤਰ ਬਿਲਕੁਲ ਵੀ ਕਾਲਪਨਿਕ ਨਹੀਂ ਸਗੋਂ ਸੱਚੀਂ ਮੁੱਚੀਂ ਦੇ ਜਿਉਂਦੇ ਜਾਗਦੇ ਇਨਸਾਨ ਹਨ। ਨਾਵਲ ਦਾ ਅਸਲ ਨਾਇਕ ਉਸਤਾਦ ਦਾਮਨ ਆਪਣੇ ਨਾਇਕਤਵ ਨਾਲ਼ ਮਰਦੇ ਦਮ ਤੱਕ ਕੋਈ ਸਮਝੌਤਾ ਨਹੀਂ ਕਰਦਾ। ਆਪਣੇ ਨਿੱਜ ਦੀਆਂ ਲੱਖ ਸਮੱਸਿਆਵਾਂ ਦੇ ਸਨਮੁੱਖ ਉਹ ਅਜੋਕੇ ਲੇਖਕਾਂ ਵਾਂਗ ਮਾਨਾਂ-ਸਨਮਾਨਾਂ ਦੇ ਪਿੱਛੇ ਨਹੀਂ ਦੌੜਦਾ। ਸਗੋਂ ਸਰਕਾਰੀ ਪੇਸ਼ਕਸ਼ਾਂ ਹੋਣ ਦੇ ਬਾਵਜੂਦ ਉਹ ਇਨ੍ਹਾਂ ਨੂੰ ਬੜੇ ਬੇਬਾਕ ਅਤੇ ਸਹਿਜ ਢੰਗ ਨਾਲ਼ ਠੁਕਰਾਉਂਦਾ ਹੈ, ਕਿਉਂਕਿ ਲੋਕ-ਦੋਖੀ ਰਾਜ ਸੱਤ੍ਹਾ ਅਤੇ ਇਸਦੇ ਨੁਮਾਇੰਦਿਆਂ ਨੂੰ ਉਹ ਧੁਰ ਅੰਦਰੋਂ ਗਹਿਰੀ ਨਫ਼ਰਤ ਕਰਦਾ ਹੈ।

ਇਹ ਨਾਵਲ ਅਜੋਕੇ ਦੌਰ ਦੀਆਂ ਸੰਨੀ ਦਿਉਲ ਮਾਰਕਾ ਬਾਲੀਵੁੱਡ ਫਿਲਮਾਂ ਦੁਆਰਾ ਪਾਕਿਸਤਾਨ ਦੇ ਸਮੁੱਚੇ ਲੋਕਾਂ ਨੂੰ ਦਹਿਸ਼ਤਗਰਦ ਬਣਾ ਕੇ ਪੇਸ ਕਰਨ ਰਾਹੀਂ ਉਭਾਰੀ ਜਾ ਰਹੀ ਫਿਰਕੂ ਮਿੱਥ ਨੂੰ ਵੀ ਤਾਰ-ਤਾਰ ਕਰਦਾ ਹੈ। ਨਾਵਲ ਪੜ੍ਹਦਿਆਂ ਪਾਠਕ ਨੂੰ ਇਧਰਲੇ ਪੂਰਬੀ ਪੰਜਾਬ ਅਤੇ ਫਰਜ਼ੰਦ ਅਲੀ ਦੇ ਪੰਜਾਬ ਦੀ ਲੋਕਾਈ ਦੇ ਦੁਖ-ਦਰਦ ਅਤੇ ਉਨ੍ਹਾਂ ਦੀਆਂ ਆਰਥਿਕ-ਸਮਾਜਿਕ ਸਮੱਸਿਆਵਾਂ ਇਕੋ-ਜਿਹੀਆਂ ਹੀ ਮਹਿਸੂਸ ਹੁੰਦੀਆਂ ਹਨ।

ਇਸ ਵਿਚਾਰ ਗੋਸ਼ਟੀ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਡਾ. ਅੰਮ੍ਰਿਤ, ਮਾਸਟਰ ਹਰੀਸ਼, ਗੁਰਪ੍ਰੀਤ, ਗੁਰਚਰਨ ਘੁਟੀਂਡ, ਕੁਲਦੀਪ ਪੱਖੋਵਾਲ, ਡਾ. ਗੁਲਜਾਰ ਪੰਧੇਰ, ਡਾ. ਗੁਰਚਰਨ ਕੌਰ ਕੋਛੜ, ਕੁਲਵਿੰਦਰ, ਸੈਲੇਸ਼ ਅਤੇ  ਅਤੇ ਪੰਦਰਵਾੜਾ ਲਲਕਾਰ ਦੇ ਸੰਪਾਦਕ ਲਖਵਿੰਦਰ ਅਤੇ ਹੋਰ ਬਹੁਤ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਅਤੇ ਕਾਰਕੁੰਨ ਵੀ ਸ਼ਾਮਿਲ ਸਨ।

ਅੰਤ ਵਿੱਚ ਗਿਆਨ ਪ੍ਰਸਾਰ ਸਮਾਜ ਵੱਲੋਂ ਡਾ. ਦਰਸ਼ਨ ਖੇੜੀ ਨੇ ਆਏ ਹੋਏ ਸ੍ਰੋਤਿਆਂ, ਪ੍ਰੋਫੈਸਰ ਕੁਲਦੀਪ ਅਤੇ ਪੰਜਾਬੀ ਸਾਹਿਤ ਅਕਾਦਮੀ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗਿਆਨ ਪ੍ਰਸਾਰ ਸਮਾਜ ਦੀ ਲੁਧਿਆਣਾ ਇਕਾਈ ਦੇ ਕਨਵੀਨਰ ਵਰੁਣ ਨੇ ਨਿਭਾਈ।  

ਰਿਪੋਰਟਤਾਜ- ਡਾ. ਦਰਸ਼ਨ ਖੇੜੀ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements