‘ਗਿਆਨ ਪ੍ਰਸਾਰ ਸਮਾਜ’ (ਇਕਾਈ-ਬਠਿੰਡਾ) ਵੱਲੋਂ ਤਿੰਨ ਦਿਨਾਂ ‘ਬਾਲ ਫ਼ਿਲਮ ਮਿਲਣੀ’ ਦਾ ਸਫ਼ਲ ਆਯੋਜਨ

13524385_1034723303288493_8906401658273352622_n

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 26 ਤੋਂ 28 ਜੂਨ ਨੂੰ ‘ਗਿਆਨ ਪ੍ਰਸਾਰ ਸਮਾਜ’ (ਇਕਾਈ – ਬਠਿੰਡਾ) ਵੱਲੋਂ ‘ਤਿੰਨ ਰੋਜ਼ਾ ਬਾਲ ਫ਼ਿਲਮ ਮਿਲਣੀ’ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਫ਼ਿਲਮ ਮਿਲਣੀ ਵਿੱਚ ਬਠਿੰਡਾ ਇਲਾਕੇ ਦੇ 50 ਦੇ ਕਰੀਬ ਵਿਦਿਆਰਥੀਆਂ/ਬੱਚਿਆਂ ਨੇ ਭਾਗ ਲਿਆ। ਪਹਿਲੇ ਦਿਨ ਫ਼ਿਲਮ ਮਿਲਣੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ‘ਗਿਆਨ ਪ੍ਰਸਾਰ ਸਮਾਜ’ ਦੇ ਮੈਂਬਰ ਪ੍ਰੋ. ਕੁਲਦੀਪ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ‘ਗਿਆਨ ਪ੍ਰਸਾਰ ਸਮਾਜ’ ਦੀ ਸਥਾਪਤੀ ਤੇ ਇਸਦੇ ਉਦੇਸ਼ਾਂ ਬਾਰੇ ਦੱਸਿਆ। ਪ੍ਰੋ. ਕੁਲਦੀਪ ਨੇ ਦੱਸਿਆ ਕਿ ਭਾਰਤੀ ਸਮਾਜ ਵਿੱਚ ਪਾਈਆਂ ਜਾਂਦੀਆਂ ਸੱਭਿਆਚਾਰਕ ਪੱਧਰ ਦੀਆਂ ਅਲਾਮਤਾਂ ਜਿਵੇਂ ਅਗਿਆਨਤਾ, ਅਣਪੜ੍ਹਤਾ, ਔਰਤ ਵਿਰੋਧੀ ਮਾਨਸਿਕਤਾ, ਜਾਤੀ-ਪਾਤੀ ਮਾਨਸਿਕਤਾ, ਧਾਰਮਿਕ ਕੱਟੜਤਾ, ਪਿੱਤਰਸੱਤ੍ਹਾ ਅਤੇ ਮੱਧਯੁਗੀ ਗ਼ੈਰ-ਜਮਹੂਰੀ ਕਦਰਾਂ-ਕੀਮਤਾਂ ਦੇ ਵਿਰੁੱਧ ਇੱਕਜੁੱਟ ਹੋ ਕੇ ਸ਼ੰਘਰਸ਼ ਕਰਨ ਅਤੇ ਇਹਨਾਂ ਅਲਾਮਤਾਂ ਖ਼ਿਲਾਫ਼ ਵਿਗਿਆਨਕ ਸੋਚ ਤੇ ਵਿਗਿਆਨਕ ਜੀਵਨ ਜਾਂਚ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਉਦੇਸ਼ ਨਾਲ਼ ‘ਗਿਆਨ ਪ੍ਰਸਾਰ ਸਮਾਜ’ ਦੀ ਸਥਾਪਨਾ ਕੀਤੀ ਗਈ ਸੀ। ਜਿਸਦੇ ਤਹਿਤ ‘ਗਿਆਨ ਪ੍ਰਸਾਰ ਸਮਾਜ’ ਸਮਾਜ ਦੇ ਸੰਵੇਦਨਸ਼ੀਲ ਲੋਕਾਂ ਦੇ ਸਹਿਯੋਗ ਨਾਲ਼ ਆਪਣੀ ਸਥਾਪਨਾ (ਲੱਗਭਗ ਢਾਈ ਸਾਲ ਪਹਿਲਾਂ) ਸਮੇਂ ਤੋਂ ਹੀ ਉਪਰੋਕਤ ਅਲਾਮਤਾਂ ਦੇ ਖ਼ਿਲਾਫ਼ ਲਗਾਤਾਰ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਕਰ ਰਿਹਾ ਹੈ ਅਤੇ ਲਗਾਤਾਰ ਫ਼ਿਲਮ ਸ਼ੋਆਂ, ਗੋਸ਼ਟੀਆਂ, ਸੈਮੀਨਾਰਾਂ, ਪੁਸਤਕ ਪ੍ਰਦਰਸ਼ਨੀਆਂ ਆਦਿ ਰਾਹੀਂ ਸੰਘਰਸ਼ ਕਰ ਰਿਹਾ ਹੈ। ਤਾਂ ਜੋ ਸੱਭਿਆਚਾਰਕ ਗੰਧਲੇਪਣ ਦੇ ਇਸ ਮਾਹੌਲ ਵਿੱਚ ਨੌਜਵਾਨ ਪੀੜ੍ਹੀ ਨੂੰ ਉਸਾਰੂ ਤੇ ਸਿਹਤਮੰਦ ਕਦਰਾਂ ਕੀਮਤਾਂ ਦਿੱਤੀਆਂ ਜਾ ਸਕਣ।

ਇਸ ‘ਤਿੰਨ ਰੋਜ਼ਾ ਬਾਲ ਫ਼ਿਲਮ ਮਿਲਣੀ’ ਦਾ ਉਦੇਸ਼ ਅਜੋਕੇ ਖਪਤੀ ਪਿੰ੍ਰਟ ਤੇ ਇਲੈਕਟ੍ਰਾਨਿਕ ਮੀਡੀਆ ਤੋਂ ਹਟਕੇ ਬੱਚਿਆਂ ਨੂੰ ਸਿਹਤਮੰਦ ਕਦਰਾਂ-ਕੀਮਤਾਂ ਦੇਣ ਦਾ ਨਿੱਕਾ ਜਿਹਾ ਯਤਨ ਸੀ। ਅਸੀਂ ਦੇਖ ਰਹੇ ਹਾਂ ਕਿ ਫ਼ਿਲਮਾਂ, ਟੀ.ਵੀ. ਸੀਰੀਅਲਾਂ ਤੇ ਕਾਰਟੂਨਾਂ ਰਾਹੀਂ ਨੌਜਵਾਨਾਂ ਤੇ ਬੱਚਿਆਂ ਨੂੰ ਪਰੋਸੀ ਜਾ ਰਹੀ ਨੰਗੇਜ਼ਤਾ, ਲੱਚਰਤਾ, ਅਸ਼ਲੀਲਤਾ, ਅਸੰਵੇਦਨਸ਼ੀਲਤਾ, ਔਰਤ-ਵਿਰੋਧੀ ਮਾਨਸਿਕਤਾ, ਹਿੰਸਾ ਤੇ ਕਾਮੁਕਤਾ ਰਾਹੀਂ ਉਹਨਾਂ ਦੀ ਸੋਚ ਨੂੰ ਲਗਾਤਾਰ ਗੰਧਲਾ ਤੇ ਖੁੰਢਾ ਕੀਤਾ ਜਾ ਰਿਹਾ ਹੈ। ਮੀਡੀਏ ਦੁਆਰਾ ਉਹਨਾਂ ਨੂੰ ਖੁਦਗ਼ਰਜ਼, ਸੰਵੇਦਨਾ-ਵਿਹੂਣੇ, ਆਪਾ-ਮਸਤ ਜਿਹੇ ਅਤੇ ਅਣਮਨੁੱਖੀ ਬਣਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ, ਜਿਸਦੇ ਤਹਿਤ ਹਰ ਇਨਸਾਨੀ ਜ਼ਜ਼ਬਾ ਤੇ ਭਾਵਨਾ ਨੂੰ ਉਹਨਾਂ ਤੋਂ ਖੋਹਿਆ ਜਾ ਰਿਹਾ ਹੈ। ਅਜੋਕੀਆਂ ਲੱਚਰ, ਹਿੰਸਕ ਫ਼ਿਲਮਾਂ, ਟੀ.ਵੀ. ਸੀਰੀਅਲ ਤੇ ਕਾਰਟੂਨ ਚੈਨਲ ਆਦਿ ਬਹੁਤ ਬਰੀਕੀ ਨਾਲ਼ ਆਪਣਾ ਕੰਮ ਕਰ ਰਹੇ ਹਨ ਅਤੇ ਇੱਕ ਹੱਦ ਤੱਕ ਇਹਨਾਂ ਦਾ ਅਸਰ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਨੌਜਵਾਨ ਗੈਂਗਵਾਰਾਂ ‘ਚ ਸ਼ਾਮਲ ਹੋ ਰਹੇ ਹਨ, ਨਸ਼ਿਆਂ ‘ਚ ਫਸ ਰਹੇ ਹਨ ਅਤੇ ਔਰਤਾਂ ਹੀ ਨਹੀਂ ਛੋਟੀਆਂ-ਛੋਟੀਆਂ ਬੱਚੀਆਂ ਨਾਲ਼ ਛੇੜ-ਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੇ ਸੱਭਿਆਚਾਰਕ ਗੰਧਲੇਪਣ ਦੇ ਇਸ ਮਾਹੌਲ ਦੇ ਬਰਕਸ ਜੇਕਰ ਅਸੀਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਤੇ ਊਸਾਰੂ ਕਦਰਾਂ-ਕੀਮਤਾਂ ਨਹੀਂ ਦੇਵਾਂਗੇ ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।

ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ‘ਗਿਆਨ ਪ੍ਰਸਾਰ ਸਮਾਜ’ ਦੇ ਯਤਨਾਂ ਵਿੱਚੋਂ ਇਹ ਇੱਕ ਨਿੱਕਾ ਜਿਹਾ ਉਪਰਾਲਾ ਸੀ ਜਿਸ ਵਿੱਚ ਅਖੌਤੀ ਫ਼ਿਲਮਾਂ ਤੋਂ ਹਟ ਕੇ ਬੱਚਿਆਂ ਨੂੰ ਸਮਾਜਿਕ ਸਰੋਕਾਰਾਂ ਨਾਲ਼ ਸਬੰਧਿਤ ਫ਼ਿਲਮਾਂ ਦਿਖਾਈਆਂ ਗਈਆਂ ਜੋ ਕਲਾਤਮਕ ਪੱਖ ਤੋਂ ਘੱਟ ਨਹੀਂ ਹਨ। ਜਿਹਨਾਂ ਵਿੱਚ ‘ਖਾਓ-ਪੀਓ ਮੌਜ਼ ਕਰੋ’ ਵਾਲ਼ੇ ਕੁੱਝ ਕੁ ਧਨਾਢਾਂ ਤੋਂ ਹਟਕੇ ਸਮਾਜ ਦੇ ਆਮ ਇਨਸਾਨਾਂ ਦਾ ਦਰਦ ਸੀ, ਬੱਚਿਆਂ ਦੀ ਮਾਸੂਮੀਅਤ ਸੀ। ਸਮਾਜ ਦੇ ਹਨ੍ਹੇਰੇ ਖੂੰਜਿਆਂ ‘ਤੇ ਰੌਸ਼ਨੀ ਮਾਰਦੀਆਂ ਹੋਈਆਂ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਜੋ ਸੰਵੇਦਨਸ਼ੀਲ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਨ। ਇਸ ਫ਼ਿਲਮ ਮਿਲਣੀ ਵਿੱਚ ‘ਮਾਡਰਨ ਟਾਇਮਜ਼’, ‘ਹਾਥੀ ਕਾ ਅੰਡਾ’, ਸੱਤਿਆਜੀਤ ਰੇਅ ਦੀ ਫ਼ਿਲਮ ‘ਟੂ’, ‘ਲਿਲਕੀ’, ‘ਰੈੱਡ ਬੈਲੂਨ’, ‘ਬਟਰਫਲਾਈ’ ਆਦਿ ਸਮੇਤ 10 ਫ਼ਿਲਮਾਂ ਦਿਖਾਈਆਂ ਗਈਆਂ। ਸਾਰੀਆਂ ਹੀ ਫ਼ਿਲਮਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਵਾਲ਼ੀਆਂ ਸਨ। ਕਿਉਂਕਿ ਕਲਾ ਦੇ ਕੁੱਲ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਸਿੱਖਿਅਤ ਕਰਨਾ ਤੇ ਗਿਆਨ ਦੇਣਾ ਵੀ ਹੁੰਦਾ ਹੈ। ਸੋ ਇਹ ਕੰਮ ਇਹਨਾਂ ਫਿਲਮਾਂ ਨੇ ਬਾਖੂਬੀ ਕੀਤਾ। ਜਿਸਦਾ ਅੰਦਾਜ਼ਾ ਬੱਚਿਆਂ ਵੱਲੋਂ ਫਿਲਮਾਂ ਵਿੱਚ ਦਿਖਾਈ ਡੂੰਘੀ ਦਿਲਚਸਪੀ ਅਤੇ ਵਿਚਾਰ-ਚਰਚਾ ਤੋਂ ਲਾਇਆ ਜਾ ਸਕਦਾ ਹੈ।

ਹਰ ਫ਼ਿਲਮ ਤੋਂ ਬਾਅਦ ਬੱਚਿਆਂ ਨੇ ਫ਼ਿਲਮ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਕਈ ਗੰਭੀਰ ਫ਼ਿਲਮਾਂ ਨੂੰ ਵੀ ਬੱਚਿਆਂ ਨੇ ਧਿਆਨ ਨਾਲ਼ ਦੇਖਿਆ। ਫ਼ਿਲਮ ਬਾਰੇ ਵਿਚਾਰ ਪ੍ਰਗਟ ਕਰਨ ਵਿੱਚ ਉਹ ਇੱਕ-ਦੂਜੇ ਤੋਂ ਅੱਗੇ ਵਧਕੇ ਹਿੱਸਾ ਲੈਂਦੇ ਸਨ। ਬੱਚਿਆਂ ਨੂੰ ਦੇਖ ਕੇ ਲੱਗਿਆ ਕਿ ਜੇਕਰ ਇਹਨਾਂ ਬੱਚਿਆਂ ਨੂੰ ਸਿਹਤਮੰਦ ਕਦਰਾਂ-ਕੀਮਤਾਂ ਦਿੱਤੀਆਂ ਜਾਣ ਤਾਂ ਸਾਡਾ ਭਵਿੱਖ ਬਹੁਤ ਸਾਜ਼ਗਾਰ ਹੋ ਸਕਦਾ ਹੈ ਕਿਉਂਕਿ ਅਜੋਕੀ ਪੀੜ੍ਹੀ ਦੇ ਬੱਚਿਆਂ ਵਿੱਚ ਯੋਗਤਾ ਦੀ ਕੋਈ ਕਮੀ ਨਹੀਂ। ਪਰ ਬਦਲ ਦੀ ਅਣਹੋਂਦ ਵਿੱਚ ਮੁਨਾਫ਼ਾ ਬਟੋਰੂ ਮੀਡੀਆ ਉਹਨਾਂ ਦੀ ਇਸ ਯੋਗਤਾ ਨੂੰ ਆਤਮ-ਮਗਤਾ, ਸੰਵੇਦਨਹੀਣਤਾ, ਕਾਮੁਕਤਾ ਆਦਿ ਪਤਾ ਨਹੀਂ ਕੀ-ਕੀ ਭੈੜੀਆਂ ਅਲਾਮਤਾਂ ਵੱਲ ਝੁਕਾਉਣ ਦੀ ਕਸਰ ਨਹੀਂ ਛੱਡਦਾ।

‘ਜਨ-ਚੇਤਨਾ’ ਵੱਲੋਂ ਪੁਸਤਕ-ਪ੍ਰਦਰਸ਼ਨੀ ਵੀ ਲਾਈ ਗਈ ਤਾਂ ਜੋ ਬੱਚਿਆਂ ਨੂੰ ਚੰਗੀਆਂ ਫ਼ਿਲਮਾਂ ਦੇ ਨਾਲ਼-ਨਾਲ਼ ਉਸਾਰੂ ਸਾਹਿਤ ਨਾਲ਼ ਵੀ ਜੋੜਿਆ ਜਾਵੇ। ਬੱਚਿਆਂ ਨੇ ਪੁਸਤਕਾਂ ਖਰੀਦਣ ਵਿੱਚ ਪੂਰੀ ਰੁਚੀ ਦਿਖਾਈ। ਬੱਚਿਆਂ ਦੇ ਮਾਪਿਆਂ ਨੇ ‘ਗਿਆਨ ਪ੍ਰਸਾਰ ਸਮਾਜ’ ਦੇ ਇਸ ਉਪਰਾਲੇ ਦੀ ਬਹੁਤ ਸ਼ਾਲਾਘਾ ਕੀਤੀ ਅਤੇ ਆਪਣੇ ਵੱਲੋਂ ਇਸ ‘ਬਾਲ ਫ਼ਿਲਮ ਮਿਲਣੀ’ ਲਈ ਪੂਰਾ ਸਹਿਯੋਗ ਕੀਤਾ। ਨਾਲ਼ ਹੀ ਉਹਨਾਂ ਭਵਿੱਖ ਵਿੱਚ ਅਜਿਹੇ ਉਪਰਾਲੇ ਕਰਨ ਲਈ ‘ਗਿਆਨ ਪ੍ਰਸਾਰ ਸਮਾਜ’ ਦੀ ਟੀਮ ਨੂੰ ਹੱਲਾਸ਼ੇਰੀ ਵੀ ਦਿੱਤੀ।

ਇਸ ਫ਼ਿਲਮ ਮਿਲਣੀ ਵਿੱਚ ਸਟੇਜ ਸੈਕਟਰੀ ਦੀ ਜਿੰਮੇਵਾਰੀ ਮੈਡਮ ਦਿਲਜੀਤ ਨੇ ਨਿਭਾਈ। ਉਸ ਤੋਂ ਬਿਨਾਂ ਪ੍ਰੋ. ਕੁਲਦੀਪ, ਡਾ. ਅਵਤਾਰ, ਡਾ. ਜਸ਼ਨ, ਡਾ. ਸੁਮੀਰ, ਹਰਜਿੰਦਰ, ਅਵਤਾਰ ਅਰਸ਼, ਮਾਸਟਰ ਜਸਵੀਰ ਭਾਗੀ ਵਾਂਦਰ, ਆਰਟਿਸਟ ਹਰਮਨ (ਆਰਟ ਸਕੂਲ, ਦਿੱਲੀ), ਸੁਖਵਿੰਦਰ ਆਦਿ ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਦੇ ਸਾਰੇ ਵਲੰਟੀਅਰ ਸ਼ਾਮਲ ਸਨ।

ਅਖ਼ੀਰ ‘ਚ ‘ਗਿਆਨ ਪ੍ਰਸਾਰ ਸਮਾਜ’ ਦੀ ਟੀਮ ਵੱਲੋਂ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਇਸ ‘ਤਿੰਨ ਦਿਨਾਂ ਬਾਲ ਫ਼ਿਲਮ ਮਿਲਣੀ’ ‘ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਭਵਿੱਖ ਵਿੱਚ ਬੱਚਿਆਂ ਲਈ ਅਜਿਹੇ ਉਸਾਰੂ ਤੇ ਸਿਹਤਮੰਦ ਪ੍ਰੋਗਰਾਮ ਕਰਦੇ ਰਹਿਣ ਦੇ ਅਹਿਦ ਨਾਲ਼ ਇਹ ਫ਼ਿਲਮ ਮਿਲਣੀ ਸਮਾਪਤ ਹੋਈ। ਬੱਚਿਆਂ ਨੂੰ ਇਹ ਉਪਰਾਲਾ ਬਹੁਤ ਪਸੰਦ ਆਇਆ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements