ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਦੀਆਂ ਵਿਦਿਆਰਥਣਾਂ ਦਾ ਜੁਝਾਰੂ ਸੰਘਰਸ਼ ਪੀ. ਐਸ. ਯੂ. (ਲਲਕਾਰ) ਵੱਲੋਂ ਇੱਕ ਰਿਪੋਰਟ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

28 ਫਰਵਰੀ ਨੂੰ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਵਿੱਚ ਵਿਦਿਆਰਥਣਾਂ ਨੇ ਇੱਕ ਵੱਡੀ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ। ਇਸ ਹੜਤਾਲ ਦੀ ਪਿੱਠ-ਭੂਮੀ ਵਿੱਚ ਕਾਲਜ ਮੈਨੇਜਮੈਂਟ ਅਤੇ ਖਾਸਕਰ ਪਿੰਰ੍ਸੀਪਲ ਦੁਆਰਾ ਵਿਦਿਆਰਥਣਾਂ ਦੀ ਕੀਤੀ ਜਾਂਦੀ ਅੰਨੀ ਆਰਥਿਕ ਲੁੱਟ ਅਤੇ ਇਸ ਲੁੱਟ ਦੇ ਸਾਮਰਾਜ ਨੂੰ ਕਾਇਮ ਰੱਖਣ ਲਈ ਅਪਣਾਇਆ ਜਾਂਦਾ ਤਾਨਾਸ਼ਾਹ ਰਵੱਈਆ ਸੀ। ਇਸ ਕਾਲਜ ਵਿੱਚ ਇੱਕ ‘ਸਟਰੱਕ ਆਫ’ ਦਾ ਨਿਯਮ ਚਲਦਾ ਹੈ। ਜਿਸ ਅਨੁਸਾਰ ਜੇਕਰ ਕੋਈ ਵਿਦਿਆਰਥਣ ਦੋ ਦਿਨ ਕਾਲਜ ਨਹੀਂ ਆਉਂਦੀ ਤਾਂ ਉਸਦਾ ਨਾਮ ਕੱਟ ਦਿੱਤਾ ਜਾਂਦਾ ਹੈ ਅਤੇ ਫਿਰ ਉਹਦੇ ਮਾਪਿਆਂ ਤੋਂ ਹਜ਼ਾਰਾਂ ਰੁਪਏ ਜੁਰਮਾਨਾ ਲੈ ਕੇ ਵਾਪਸ ਦਾਖਲ ਕੀਤਾ ਜਾਂਦਾ ਹੈ। ਇਹ ਨੇਮ ਇੰਨੀ ਬੇਦਰਦੀ ਨਾਲ਼ ਲਾਗੂ ਕੀਤਾ ਜਾਂਦਾ ਹੈ ਕਿ ਇੱਕ ਸ਼ਾਦੀ ਸ਼ੁਦਾ ਵਿਦਿਆਰਥਣ ਨੂੰ ਜਣੇਪੇ ਲਈ ਸਿਰਫ਼ 10 ਦਿਨ ਦੀ ਛੁੱਟੀ ਦਿੱਤੀ ਗਈ ਤਾਂ ਮਜਬੂਰਨ ਉਸਨੂੰ ਵਾਪਸ ਕਾਲਜ ਆਉਣਾ ਪਿਆ ਅਤੇ ਤੀਜੀ ਮੰਜ਼ਿਲ ‘ਤੇ ਜਾਂਦੇ ਸਮੇਂ ਉਹਦੇ ਟਾਂਕੇ ਖੁੱਲ ਗਏ। ਪਰ ਕਾਲਜ ਮੈਨੇਜਮੈਂਟ ਨੇ ਕੋਈ ਢਿੱਲ ਨਾ ਵਰਤਦੇ ਹੋਏ ਚੰਦ ਪੈਸਿਆਂ ਖਾਤਰ ਉਸਨੂੰ ਸਟਰੱਕ ਆਫ ਕਰ ਦਿੱਤਾ। ਵਿਦਿਆਰਥਣ ਦਾ ਸਹੁਰਾ ਪਰਿਵਾਰ ਜਦ ਸ਼ਿਕਾਇਤ ਲੈ ਕੇ ਆਇਆ ਤਾਂ ਉਹਨਾਂ ਨੂੰ ਚੰਗਾ-ਮੰਦਾ ਬੋਲਿਆ ਗਿਆ। ਇਸੇ ਤਰਾਂ ਇੱਕ ਵਿਦਿਆਰਥਣ ਦੇ ਸਕੇ ਭਰਾ ਦੀ ਮੌਤ ਤੇ ਉਸਨੂੰ ਸਿਰਫ਼ ਦੋ ਦਿਨ ਦੀ ਛੁੱਟੀ ਦਿੱਤੀ ਗਈ। ਅਜਿਹੇ ਕਈ ਹੋਰ ਦਿਲ ਦਹਿਲਾਉਣ ਵਾਲ਼ੇ ਕੇਸ ਹਨ। ਗੱਲ ਉਦੋਂ ਵਧੀ ਜਦ 28 ਫਰਵਰੀ ਨੂੰ ਇੱਕ ਵਿਦਿਆਰਥਣ ਨੂੰ ਲੈਕਚਰ ਘੱਟ ਹੋਣ ਕਰਕੇ ਸਟਰੱਕ ਆਫ ਕੀਤਾ ਗਿਆ ਅਤੇ ਉਸਨੇ ਖੁਦਕੁਸ਼ੀ ਕਰਨ ਲਈ ਕਾਲਜ ‘ਚੋਂ ਦੌੜਨ ਦੀ ਕੋਸ਼ਿਸ਼ ਕੀਤੀ। ਗੁੱਸੇ ਵਿੱਚ ਆਈਆਂ ਵਿਦਿਆਰਥਣਾਂ ਨੇ ਸਾਰੀਆਂ ਕਲਾਸਾਂ ਖਾਲੀ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਧੇ ਘੰਟੇ ਦੇ ਅੰਦਰ-ਅੰਦਰ ਸਾਰੇ ਕਾਲਜ ਦੀਆਂ ਵਿਦਿਆਰਥਣਾਂ ਕਾਲਜ ਗਰਾਊਂਡ ਅਤੇ ਮੇਨ ਗੇਟ ਦੇ ਬਾਹਰ ਇਕੱਠੀਆਂ ਹੋ ਗਈਆਂ ਅਤੇ ਮੰਗ ਕਰਨ ਲੱਗੀਆਂ ਕਿ ਪਿੰਰ੍ਸੀਪਲ ਚਰਨਜੀਤ ਕੌਰ ਮਾਹਲ ਵਿਦਿਆਰਥਣਾਂ ਨੂੰ ਸੰਬੋਧਤ ਕਰੇ ਅਤੇ ਸਟਰੱਕ ਆਫ ਦਾ ਨਿਯਮ ਵਾਪਸ ਲਵੇ ਪਰ ਅਜਿਹਾ ਕੁੱਝ ਨਹੀਂ ਹੋਇਆ ਅਤੇ ਗੁੱਸੇ ਵਿੱਚ ਆਈਆਂ ਵਿਦਿਆਰਥਣਾਂ ਧਰਨੇ ‘ਤੇ ਬੈਠ ਗਈਆਂ।

ਹੜਤਾਲ ਦੀ ਪਿੱਠ ਭੂਮੀ ਸਿਰਫ਼ ਸਟਰੱਕ ਆਫ ਦਾ ਨੇਮ ਹੀ ਨਹੀਂ ਸੀ ਸਗੋਂ ਕਾਲਜ ਵੱਲੋਂ ਹਾਸਟਲ ਲਈ ਲਈਆਂ ਜਾਂਦੀਆਂ ਮੋਟੀਆਂ ਫੀਸਾਂ ਤੇ ਬਦਲੇ ਵਿੱਚ ਦਿੱਤੀਆਂ ਜਾਂਦੀਆਂ ਨਾਮਾਤਰ ਸਹੂਲਤਾਂ ਵੀ ਸਨ। ਹਾਸਟਲ ਦੇ ਕਮਰਿਆਂ ਵਿੱਚ ਮੋਬਾਈਲ ਚਾਰਜਿੰਗ ਪੁਆਇੰਟ ਤੱਕ ਨਹੀਂ ਦਿੱਤੇ ਜਾਂਦੇ ਕਿਉਂਕਿ ਕਾਲਜ ਚਾਰਜ ਮੋਬਾਈਲ ਦਾ ਮਤਲਬ ਵਿਗੜੀ ਹੋਈ ਵਿਦਿਆਰਥਣ ਸਮਝਦਾ ਹੈ। ਇੱਥੇ ਹੀ ਬੱਸ ਨਹੀਂ ਵਿਦਿਆਰਥਣਾਂ ਅਤੇ ਖਾਸਕਰ ਹਾਸਟਲ ਵਿਦਿਆਰਥਣਾਂ ਦੇ ਵਾਟਸਐਪ ਮੈਸਜ ਚੈੱਕ ਕੀਤੇ ਜਾਂਦੇ ਸਨ ਅਤੇ ਆਨੇ-ਬਹਾਨੇ ਉਹਨਾਂ ਦੇ ਚਰਿੱਤਰ ‘ਤੇ ਸਵਾਲ ਕਰਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ। ਇੱਕ ਪਾਸੇ ਤਾਂ ਕਾਲਜ ਮੈਨੇਜਮੈਂਟ ਇਹ ਸਭ ਕੁੱਝ ਵਿਦਿਆਰਥਣਾਂ ਦੀ ਇੱਜਤ ਦਾ ਖਿਆਲ ਰੱਖਣ ‘ਤੇ ਕਰ ਰਹੀ ਸੀ ਪਰ ਦੂਜੇ ਪਾਸੇ ਜੇਕਰ ਕੋਈ ਭੂੰਡ ਆਸ਼ਕ ਕਾਲਜ ਦੇ ਬਾਹਰ ਵਿਦਿਆਰਥਣਾਂ ਨਾਲ਼ ਛੇੜ-ਛਾੜ ਕਰਦਾ ਹੈ ਜਾਂ ਇੱਥੋਂ ਤੱਕ ਕਿ ਉਹਨਾਂ ਨੂੰ ਚੁੱਕ ਲਿਜਾਣ ਦੀ ਧਮਕੀ ਦਿੰਦਾ ਹੈ ਤਾਂ ਕਾਲਜ ਮੈਨੇਜਮੈਂਟ ਨਾ ਸਿਰਫ਼ ਮੂਕ ਦਰਸ਼ਕ ਬਣ ਬੈਠਦੀ ਹੈ ਸਗੋਂ ਉਲਟਾ ਇਹਨਾਂ ਵਿਦਿਆਰਥਣਾਂ ਨੂੰ ਦੋਸ਼ ਦਿੰਦੀ ਹੈ। ਅਜਿਹੇ ਇੱਕ ਕੇਸ ਵਿੱਚ ਜਦ ਇੱਕ ਵਿਦਿਆਰਥਣ ਪੂਨਮ ਨੇ ਕਾਲਜ ਅੱਗੇ ਸ਼ਿਕਾਇਤ ਕੀਤੀ ਤਾਂ ਮੈਨੇਜਮੈਂਟ ਨੇ ਅਰਜ਼ੀ ਲਿਖਣ ਲਈ ਕਿਹਾ, ਉਸਨੇ ਅੰਗਰੇਜ਼ੀ ਵਿੱਚ ਲਿਖਕੇ ਦਿੱਤੀ ਤਾਂ ਉਸਨੂੰ ਪੰਜਾਬੀ ਵਿੱਚ ਲਿਖਕੇ ਦੇਣ ਲਈ ਕਿਹਾ, ਉਹਨੇ ਪੰਜਾਬੀ ਵਿੱਚ ਲਿਖੀ ਤਾਂ ਉਸ ਵਿੱਚੋਂ ਬਿੰਦੀਆਂ ਟਿੱਪੀਆਂ ਦੀਆਂ ਗ਼ਲਤੀਆਂ ਕੱਢੀਆਂ ਗਈਆਂ ਅਤੇ ਆਖਰ ਨੂੰ ਇਹ ਕਿਹਾ ਕਿ ਤੇਰੇ ਵਿੱਚ ਹੀ ਕੋਈ ਦੋਸ਼ ਹੋਵੇਗਾ ਕਿਉਂਕਿ ਹੋਰ ਕਿਸੇ ਕੁੜੀ ਨੇ ਤਾਂ ਸ਼ਿਕਾਇਤ ਕੀਤੀ ਹੀ ਨਹੀਂ। ਅਜਿਹੇ ਕਈ ਹੋਰ ਕੇਸ ਹਨ ਜੋ ਕੋਈ ਵੀ ਪਾਠਕ ਇਹਨਾਂ ਵਿਦਿਆਰਥਣਾਂ ਤੋਂ ਖੁਦ ਮਿਲ਼ ਕੇ ਜਾਣ ਸਕਦਾ ਹੈ। ਇਹੀ ਉਹ ਬਰੂਦ ਸੀ ਜੋ ਅੱਗ ਫੜਨ ਦੀ ਉਡੀਕ ਕਰ ਰਿਹਾ ਸੀ ਅਤੇ 28 ਫਰਵਰੀ ਦੀ ਘਟਨਾ ਨੇ ਉਹ ਅੱਗ ਮੁਹੱਈਆ ਕਰ ਦਿੱਤੀ।

28 ਫਰਵਰੀ ਨੂੰ ਕੁੱਝ ਸਿਆਸੀ ਨੇਤਾ ਕੁੱਝ ਘੰਟੇ ਇਹਨਾਂ ਵਿਦਿਆਰਥਣਾਂ ਨਾਲ਼ ਹਮਦਰਦੀ ਵਜੋਂ ਧਰਨੇ ‘ਤੇ ਨਾਲ਼ ਬੈਠ ਗਏ ਪਰ ਫਿਰ ਦੁਬਾਰਾ ਉਹ ਨਜ਼ਰੀਂ ਨਹੀਂ ਪਏ। ਵਿਦਿਆਰਥਣਾਂ ਸ਼ਾਮ 6 ਵਜੇ ਤੱਕ ਕਾਲਜ ਦੇ ਬਾਹਰ ਧਰਨੇ ‘ਤੇ ਬੈਠੀਆਂ ਰਹੀਆਂ। ਪੰਜਾਬ ਸਟੂਡੈਂਸ ਯੂਨੀਅਨ (ਲਲਕਾਰ) ਨੂੰ ਫੇਸਬੁਕ ਅਤੇ ਯੂ ਟਿਊਬ ਤੋਂ ਇਸ ਘਟਨਾ ਬਾਰੇ ਸ਼ਾਮ ਨੂੰ ਪਤਾ ਲੱਗਾ ਤੁਰੰਤ ਇੱਕ ਟੀਮ ਨੂੰ ਇਹਨਾਂ ਵਿਦਿਆਰਥਣਾਂ ਦੀ ਮਦਦ ਲਈ ਭੇਜਣ ਦਾ ਫੈਸਲਾ ਕੀਤਾ ਗਿਆ। ਅਗਲੇ ਦਿਨ 1 ਮਾਰਚ ਨੂੰ ਪੀ.ਐਸ.ਯੂ (ਲਲਕਾਰ) ਮੌਕੇ ‘ਤੇ ਪਹੁੰਚੀ ਤਾਂ ਮੇਨ ਗੇਟ ਦੇ ਬਾਹਰ ਵੱਡੀ ਗਿਣਤੀ ਵਿੱਚ ਹੜਤਾਲੀ ਵਿਦਿਆਰਥਣਾਂ ਬੈਠੀਆਂ ਸਨ ਜਦ ਕਿ ਹਾਸਟਲ ਦੀਆਂ ਵਿਦਿਆਰਥਣਾਂ ਨੂੰ ਹਾਸਟਲ ਦੇ ਅੰਦਰ ਡੱਕ ਦਿੱਤਾ ਗਿਆ ਸੀ ਅਤੇ ਸਾਰੇ ਹਾਸਟਲ ਨੂੰ ਤਾਲਾ ਲਾ ਦਿੱਤਾ ਗਿਆ ਸੀ। ਪਰ ਉਹ ਵਿਦਿਆਰਥਣਾਂ ਅੰਦਰ ਹੀ ਧਰਨੇ ‘ਤੇ ਬੈਠ ਗਈਆਂ। ਪੀ.ਐਸ.ਯੂ. (ਲਲਕਾਰ) ਦੇ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਹੜਤਾਲੀ ਵਿਦਿਆਰਥਣਾਂ ਨੂੰ ਪੂਰੀ ਤਰਾਂ ਜਾਇਜ਼ ਠਹਿਰਾਉਂਦਿਆਂ ਹੜਤਾਲ ਦੀ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕੀਤਾ ਅਤੇ ਇਹ ਮਤਾ ਰੱਖਿਆ ਕਿ ਸਾਨੂੰ ਇੱਕ ਐਕਸ਼ਨ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ। ਪਰ ਮੌਕੇ ‘ਤੇ ਵਿਦਿਆਰਥਣਾਂ ਦੇ ਕਈ ਗਰੁੱਪ ਮੌਜੂਦ ਸਨ ਜੋ ਕਿ ਸਾਰੇ ਹੀ ਹੜਤਾਲ ਚਲਾਉਣ ਨੂੰ ਲੈ ਕੇ ਅੱਡ-ਅੱਡ ਵਿਚਾਰ ਰੱਖਦੇ ਸਨ। ਫਿਰ ਇਹਨਾਂ ਸਾਰੇ ਹੀ ਗਰੁੱਪਾਂ ਨਾਲ਼ ਗੱਲਬਾਤ ਕੀਤੀ ਗਈ ਅਤੇ ਇਹਨਾਂ ਨੂੰ ਇੱਕਜੁੱਟ ਕੀਤਾ ਗਿਆ। ਇਹਨਾਂ ਵਿਦਿਆਰਥਣਾਂ ਦਾ ਮੰਗ ਪੱਤਰ ਵੇਖਿਆ ਗਿਆ ਜਿਸ ਨੂੰ ਕਿ ਪੀ. ਐਸ. ਯੂ. (ਲਲਕਾਰ) ਦੇ ਸਾਥੀਆਂ ਨੇ ਸੁਝਾਅ ਦੇ ਕੇ ਥੋੜਾ ਸੂਤਰਬੱਧ ਕੀਤਾ। ਇਹ 1 ਮਾਰਚ ਦੇ ਦਿਨ ਦੀਆਂ ਪ੍ਰਾਪਤੀਆਂ ਸਨ। ਕਾਲਜ ਪ੍ਰਸ਼ਾਸਨ ਨੇ ਡਰਦਿਆਂ 2 ਮਾਰਚ ਦੀ ਛੁੱਟੀ ਐਲਾਨ ਦਿੱਤੀ।

3 ਮਾਰਚ ਨੂੰ ਸਵੇਰੇ ਹੀ ਐਮ. ਐਲ. ਏ. ਸਿਮਰਨਜੀਤ ਸਿੰਘ ਬੈਂਸ ਦੇ ਆਉਣ ਦੀ ਗੱਲ ਫੈਲੀ ਹੋਈ ਸੀ ਅਤੇ ਨਿਸ਼ਚੇ ਹੀ ਇਸ ਖ਼ਬਰ ਦਾ ਵਿਦਿਆਰਥਣਾਂ ‘ਤੇ ਅਸਰ ਦਿਖਿਆ। ਵਿਦਿਆਰਥਣਾਂ ਨੂੰ ਉਮੀਦ ਸੀ ਕਿ ਬੈਂਸ ਆਪਣੀ ਸਿਆਸੀ ਪਹੁੰਚ ਦੀ ਵਰਤੋਂ ਕਰਕੇ ਮਾਮਲਾ ਹੱਲ ਕਰਵਾਉਣਗੇ। ਬੈਂਸ ਕੋਈ ਢਾਈ ਘੰਟੇ ਮੀਟਿੰਗ ਕਰਕੇ ਬਾਹਰ ਆਏ ਅਤੇ ਐਲਾਨ ਕੀਤਾ ਕਿ ਵਿਦਿਆਰਥਣਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਪਰ ਪੀ. ਐਸ. ਯੂ. (ਲਲਕਾਰ) ਇਹ ਗੱਲ ਵਿਦਿਆਰਥਣਾਂ ਵਿੱਚ ਲੈ ਕੇ ਗਈ ਕਿ ਇਹ ਐਲਾਨ ਪਿੰਰ੍ਸੀਪਲ ਆਪ ਕਰੇ ਜਦ ਇਹੀ ਗੱਲ ਵਿਦਿਆਰਥਣਾਂ ਨੇ ਉਠਾਈ ਤਾਂ ਬੈਂਸ ਦੁਬਾਰਾ ਅੰਦਰ ਗਏ ਅਤੇ ਵਾਪਸ ਆ ਕੇ ਉਹਨਾਂ ਕਿਹਾ ਕੱਲ 4 ਮਾਰਚ ਨੂੰ ਵਿਦਿਆਰਥਣਾਂ ਕਲਾਸਾਂ ਲਾਉਣ ਅਤੇ ਸਵੇਰੇ ਸਾਡੇ ਗਿਆਰਾਂ ਵਜੇ ਪਿੰਰ੍ਸੀਪਲ ਆਪ ਵਿਦਿਆਰਥਣਾਂ ਨੂੰ ਸੰਬੋਧਤ ਹੋ ਕੇ ਸਾਰੀਆਂ ਮੰਗਾਂ ਮੰਨੇ ਜਾਣ ਦਾ ਐਲਾਨ ਕਰੇਗੀ। ਪੀ. ਐਸ. ਯੂ. (ਲਲਕਾਰ) ਆਪਣੇ ਤਜ਼ਰਬੇ ਵਿੱਚੋਂ ਜਾਣਦੀ ਸੀ ਕਿ ਅਜਿਹੇ ਕਈ ਝੂਠੇ ਲਾਰੇ ਮੈਨੇਜਮੈਂਟ ਅਕਸਰ ਲਾਉਂਦੀ ਰਹਿੰਦੀ ਹੈ ਜਿਹਨਾਂ ‘ਤੇ ਕਿ ਵਿਸ਼ਵਾਸ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਬਾਅਦ ਵਿੱਚ ਐਤਵਾਰ ਦੇ ਇੱਕ ਅਖ਼ਬਾਰ ਵਿੱਚ ਸਿਮਰਨਜੀਤ ਸਿੰਘ ਬੈਂਸ ਨੇ ਵਿਦਿਆਰਥਣਾਂ ਦੇ ਵਿਰੋਧ ਵਿੱਚ ਬਿਆਨ ਦੇ ਦਿੱਤਾ ਜਿਸ ਪ੍ਰਤੀ ਵਿਦਿਆਰਥਣਾਂ ਵਿੱਚ ਭਾਰੀ ਰੋਸ ਫੈਲਿਆ।  

4 ਮਾਰਚ ਨੂੰ ਸਵੇਰੇ ਵਿਦਿਆਰਥਣਾਂ ਨੇ ਕਾਲਜ ਲਾਉਣਾ ਸ਼ੁਰੂ ਕਰ ਦਿੱਤਾ ਪਰ ਹਾਲ਼ੇ ਵੀ ਕੁੱਝ ਗਿਣਤੀ ਹੜਤਾਲੀ ਵਿਦਿਆਰਥਣਾਂ ਬਾਹਰ ਖੜੀਆਂ ਸਨ ਅਤੇ ਅੰਦਰ ਜਾਣ ਲਈ ਰਾਜ਼ੀ ਨਹੀਂ ਸਨ। ਪੀ. ਐਸ. ਯੂ. (ਲਲਕਾਰ) ਦੇ ਸਾਥੀਆਂ ਨੇ ਮੌਕੇ ਦੀ ਨਜ਼ਾਕਤ ਵੇਖਦਿਆਂ ਵਿਦਿਆਰਥਣਾਂ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਉਹ ਅੰਦਰ ਜਾ ਕੇ ਕਲਾਸਾਂ ਲਾਉਣ ਪਿੰਰ੍ਸੀਪਲ ਸਾਢੇ ਗਿਆਰਾਂ ਵਜੇ ਸੰਬੋਧਤ ਹੋਣ ਤੋਂ ਮੁੱਕਰੇਗੀ ਤਾਂ ਤੁਸੀਂ ਆਪਣੀ ਗੱਲ ਫਿਰ ਤੋਂ ਰੱਖਣ ਦੇ ਕਾਬਲ ਹੋ ਸਕੋਂਗੇ। ਮੈਨੇਜਮੈਂਟ ਇਹੀ ਚਾਹੁੰਦੀ ਹੈ ਕਿ ਤੁਸੀਂ ਅੜਕੇ ਬਾਹਰ ਰਹਿ ਜਾਵੋ ਅਤੇ ਉਸਨੂੰ ਆਮ ਵਿਦਿਆਰਥਣਾਂ ਵਿੱਚ ਇਹ ਕਹਿਕੇ ਤੁਹਾਨੂੰ ਭੰਡਣ ਦਾ ਮੌਕਾ ਮਿਲ਼ ਜਾਵੇ ਕਿ ਇਹਨਾਂ ਕੁੜੀਆਂ ਦਾ ਕੰਮ ਹੀ ਕਾਲਜ ਦਾ ਮਾਹੌਲ ਖਰਾਬ ਕਰਨਾ ਹੈ। ਸਲਾਹ ਕੰਮ ਆਈ ਅਤੇ ਮੈਨੇਜਮੈਂਟ ਕੀਤੇ ਵਾਦੇ ਤੋਂ ਕੋਰੀ ਮੁੱਕਰ ਗਈ ਅਤੇ ਜਦ ਵਿਦਿਆਰਥਣਾਂ ਨੇ ਮੰਗ ਕੀਤੀ ਤਾਂ ਕਾਲਜ ਸਪੀਕਰ ਵਿੱਚ ਉਹਨਾਂ ਨੂੰ ਸਸਪੈਂਡ ਕਰਨ ਦੀ ਸ਼ਰੇਆਮ ਧਮਕੀ ਦਿੱਤੀ ਗਈ। ਜਿਸ ਨੇ ਕਿ ਬਲ਼ਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਪੂਰੇ ਕਾਲਜ ਦੀਆਂ ਵਿਦਿਆਰਥਣਾਂ ਫਿਰ ਤੋਂ ਇੱਕਮੁੱਠ ਹੋ ਗਈਆਂ। ਪੀ. ਐਸ. ਯੂ. (ਲਲਕਾਰ) ਨੇ ਇਹ ਗੱਲ ਰੱਖੀ ਕਿ ਕਾਲਜ ਮੈਨੇਜਮੈਂਟ ਦੇ ਹੱਥੋਂ ਗੱਲ ਹੁਣ ਨਿਕਲ ਚੁੱਕੀ ਹੈ ਹੁਣ ਸਾਨੂੰ ਪ੍ਰਸ਼ਾਸਨ ਉੱਤੇ ਇਹ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਮੈਨੇਜਮੈਂਟ ਨੂੰ ਵਿਦਿਆਰਥਣਾਂ ਦੀਆਂ ਮੰਗਾਂ ਮੰਨਣ ਲਈ ਮਜ਼ਬੂਰ ਕਰਨ ਅਤੇ ਨਾਲ਼ ਹੀ ਡੀ. ਸੀ. ਦਫ਼ਤਰ ਧਰਨੇ ਦਾ ਐਲਾਨ ਕੀਤਾ ਗਿਆ। 4 ਮਾਰਚ ਰਾਤ ਨੂੰ 22 ਹੜਤਾਲੀ ਵਿਦਿਆਰਥਣਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਇਸਦੀ ਲਿਸਟ ਕਾਲਜ ਦੀ ਵੈਬਸਾਈਟ ‘ਤੇ ਚੜਾ ਦਿੱਤੀ ਗਈ। ਨਾਲ਼ ਹੀ ਕਾਲਜ 14 ਮਾਰਚ ਤੱਕ ਛੁੱਟੀਆਂ ਐਲਾਨ ਦਿੱਤੀਆਂ ਗਈਆਂ। ਜਿਹੜਾ ਕਾਲਜ ਪਹਿਲਾਂ 2 ਦਿਨ ਛੁੱਟੀ ‘ਤੇ ਸਟਰੱਕ ਆਫ ਕਰ ਦਿੰਦਾ ਸੀ ਉਸਨੇ ਹੁਣ ਇੰਨੀਆਂ ਛੁੱਟੀਆਂ ਇਕੱਠੀਆਂ ਹੀ ਐਲਾਨ ਦਿੱਤੀਆਂ ਤਾਂ ਇਹ ਵਿਦਿਆਰਥੀ ਏਕਤਾ ਦਾ ਹੀ ਦਮ ਸੀ। ਰਾਤੋ ਰਾਤ ਹਾਸਟਲ ਦੀਆਂ ਵਿਦਿਆਰਥਣਾਂ ਦੇ ਘਰਾਂ ਵਿੱਚ ਫੋਨ ਕੀਤੇ ਗਏ ਕਿ ਐਤਵਾਰ ਸਵੇਰੇ ਆਪਣੇ ਬੱਚਿਆਂ ਨੂੰ ਉਹ ਲੈ ਜਾਣ ਕਿ ਉਹਨਾਂ ਨੂੰ ਸਿਰਫ਼ ਸਵੇਰ ਦਾ ਖਾਣਾ ਮਿਲ਼ੇਗਾ।

ਪੀ. ਐਸ. ਯੂ. (ਲਲਕਾਰ) ਨੂੰ ਇਹ ਗੱਲ 5 ਮਾਰਚ ਨੂੰ ਐਤਵਾਰ ਸਵੇਰੇ ਪਤਾ ਚੱਲੀ ਤਾਂ ਝੱਟ ਹੀ ਆਪਣੇ ਕੁੱਝ ਮੈਂਬਰਾਂ ਅਤੇ ਕਾਲਜ ਦੀਆਂ ਇੱਕ ਦੋ ਕੁੜੀਆਂ ਨੂੰ ਨਾਲ਼ ਲੈ ਕੇ ਇੱਕ ਟੀਮ ਦੇ ਰੂਪ ਵਿੱਚ ਹਾਸਟਲ ਤੋਂ ਬਾਹਰ ਨਿਕਲ ਰਹੀਆਂ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਤਾ ਪਿਤਾ ਨਾਲ਼ ਗੱਲ ਕੀਤੀ ਗਈ ਅਤੇ ਉਹਨਾਂ ਨੂੰ ਵਿਦਿਆਰਥਣਾਂ ਨਾਲ਼ ਹੁੰਦੇ ਮਾੜੇ ਵਿਤਕਰੇ, ਹੁਣ ਤੱਕ ਦੀ ਹੜਤਾਲ ਦੇ ਕਾਰਨ ਅਤੇ ਸੋਮਵਾਰ ਦੇ ਧਰਨੇ ਬਾਰੇ ਦੱਸਿਆ ਗਿਆ। ਮਾਤਾ ਪਿਤਾ ਤਾਂ ਪਹਿਲਾਂ ਹੀ ਕਾਲਜ ਪ੍ਰਸ਼ਾਸਨ ਪ੍ਰਤੀ ਗੁੱਸੇ ਵਿੱਚ ਸਨ। ਉਹਨਾਂ ਹਰ ਤਰਾਂ ਦਾ ਸਾਥ ਦੇਣ ਦਾ ਵਾਦਾ ਕੀਤਾ।

6 ਮਾਰਚ ਸੋਮਵਾਰ ਨੂੰ ਸਵੇਰੇ ਹੀ ਵੱਡੀ ਗਿਣਤੀ ਵਿਦਿਆਰਥਣਾਂ ਕਾਲਜ ਦੇ ਮੇਨ ਗੇਟ ਸਾਹਮਣੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇੱਥੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦੱਲ ਦੀ ਵਿਦਿਆਰਥੀ ਜਥੇਬੰਦੀ ਐਸ. ਓ. ਆਈ. ਵੀ ਪਹੁੰਚੀ ਹੋਈ ਸੀ। ਇਹਨਾਂ ਨੇ ਵੀ ਵਿਦਿਆਰਥਣਾਂ ਦੇ ਸੰਘਰਸ਼ ਦੀ ਹਰ ਤਰਾਂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਪਰ ਪ੍ਰਸ਼ਾਸਨ ਨਾਲ਼ ਸਿੱਧੇ ਟਕਰਾਅ ਵਿੱਚ ਆਉਣ ਤੋਂ ਇਹ ਵੀ ਮੁਨਕਰ ਹੀ ਦਿਖੇ। ਜੇ ਉਹ ਚਾਹੁੰਦੇ ਤਾਂ ਬਾਦਲ ਸਾਹਿਬ ਤੋਂ ਇੱਕ ਫੋਨ ਕਰਵਾ ਕੇ ਹੀ ਸਾਰਾ ਮਾਮਲਾ ਠੀਕ ਕਰਵਾ ਦਿੰਦੇ। ਪਰ ਸਾਰਾ ਦਿਨ ਉਹਨਾਂ ਧਰਨੇ ਦੇ ਐਲਾਨ ਨੂੰ ਲੀਹੋਂ ਲਾਉਣ ਵਿੱਚ ਹੀ ਬਿਤਾਇਆ। ਇੱਕ ਮੰਗ ਪੱਤਰ ਇਹ ਆਪ ਵੀ ਲੈ ਕੇ ਆਏ ਸਨ ਪਰ ਇਹ ਮੰਗ ਪੱਤਰ ਬਿਨਾ ਵਿਦਿਆਰਥਣਾਂ ਨੂੰ ਪੜਾਏ ਇਹਨਾਂ ਨੇ ਡੀ. ਸੀ. ਦਫ਼ਤਰ ਦੇ ਦਿੱਤਾ ਪਰ ਪੀ. ਐਸ. ਯੂ. (ਲਲਕਾਰ) ਨੇ ਵਿੱਚ ਦਖ਼ਲ ਦੇਕੇ ਉਹ ਮੰਗ ਪੱਤਰ ਵੀ ਨਾਲ਼ ਦਿੱਤਾ ਜੋ ਵਿਦਿਆਰਥਣਾਂ ਨੂੰ ਮਾਈਕ ‘ਤੇ ਪੜਕੇ ਸੁਣਾਇਆ ਗਿਆ ਸੀ। ਇੱਥੋਂ ਤੱਕ ਕਿ ਡੀ. ਸੀ. ਦਫ਼ਤਰ ਅਤੇ ਕਮਿਸ਼ਨਰ ਦਫ਼ਤਰ ਵਿੱਚ ਕੀ ਗੱਲ ਹੋਈ? ਇਹ ਵੀ ਇਹਨਾਂ ਪੀ. ਐਸ. ਯੂ. (ਲਲਕਾਰ) ਅਤੇ ਵਿਦਿਆਰਥਣਾਂ ਦੇ ਜ਼ੋਰ ਦੇਣ ‘ਤੇ ਹੀ ਦੱਸੀ। ਇਸ ਜ਼ੋਰ ਦੇਣ ਦੌਰਾਨ ਐਸ.ਓ.ਆਈ ਦੇ ਕਾਰਕੁੰਨ ਕੁੜੀਆਂ ਨਾਲ਼ ਹੀ ਔਖੇ ਹੋ ਪਏ। ਡੀ. ਸੀ. ਦਫ਼ਤਰ ਨੇ ਇੱਕ ਦਿਨ ਦਾ ਸਮਾਂ ਮੰਗਿਆ। 8 ਮਾਰਚ ਨੂੰ ਕਾਲਜ ਸਾਹਮਣੇ ਮੁੜ ਇਕੱਠੇ ਹੋਣ ਦੀ ਗੱਲ ਐਲਾਨੀ ਗਈ। ਵਿਦਿਆਰਥਣਾਂ ਨੂੰ ਮੁੜ ਤੋਂ ਜਥੇਬੰਦ ਕਰਨ ਅਤੇ ਸੰਘਰਸ਼ ਦੀ ਨਵੀਂ ਰਣਨੀਤੀ ਘੜਨ ਲਈ ਪੀ. ਐਸ. ਯੂ. (ਲਲਕਾਰ) ਲਈ ਇੰਨ•ਾ ਸਮਾਂ ਕਾਫ਼ੀ ਸੀ।

ਪੀ. ਐਸ. ਯੂ. (ਲਲਕਾਰ) ਵੱਲੋਂ ਰਾਤੋ ਰਾਤ ਇਹਨਾਂ ਵਿਦਿਆਰਥਣਾਂ ਦੇ ਹੱਕ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਰਚਾ ਛਾਪ ਕੇ ਸ਼ਹਿਰ ਦੇ ਦੂਜੇ ਕਾਲਜਾਂ ਦੇ ਹੋਸਟਲਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਨਤੀਜਾ ਇਹ ਹੋਇਆ ਕਿ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਪੂਰੇ ਸ਼ਹਿਰ ਅਤੇ ਕਾਲਜ ਦੀਆਂ ਕੰਧਾਂ ‘ਤੇ ਸੰਘਰਸ਼ ਦੀ ਹਮਾਇਤ ਅਤੇ ਕਾਲਜ ਮੈਨੇਜਮੈਂਟ ਦੇ ਵਿਰੋਧ ਵਿੱਚ ‘ਕੰਧ ਲਿਖਾਈ’ ਕਰ ਦਿੱਤੀ। ਹੋਰਨਾਂ ਵਿਦਿਆਰਥੀਆਂ ਦੀ ਅਜਿਹੀ ਹਮਾਇਤ ਨਾਲ਼ ਵਿਦਿਆਰਥਣਾਂ ਵਿੱਚ ਨਵਾਂ ਉਤਸ਼ਾਹ ਭਰਿਆ ਗਿਆ ਅਤੇ 8 ਮਾਰਚ ਨੂੰ ਉਹ ਫਿਰ ਕਾਲਜ ਦੇ ਬਾਹਰ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇਸ ਦਿਨ ਦੋ ਹਿੱਸਿਆਂ ਵਿੱਚ ਵਿਦਿਆਰਥਣਾਂ ਨੂੰ ਵੰਡਿਆ ਗਿਆ ਇੱਕ ਹਿੱਸਾ ਇੱਕ ਵਫ਼ਦ ਬਣਾਕੇ ਡੀ. ਸੀ. ਦਫਤਰ ਗੱਲ ਕਰਨ ਲਈ ਗਿਆ ਅਤੇ ਦੂਜਾ ਵੱਡਾ ਹਿੱਸਾ ਪੰਜ ਵੱਡੀਆਂ ਟੀਮਾਂ ਵਿੱਚ ਵੰਡਿਆ ਗਿਆ ਜਿਸ ਨੇ ਪੂਰੇ ਸ਼ਹਿਰ ਦੇ ਲੋਕਾਂ ਅਤੇ ਕਾਲਜਾਂ ਵਿੱਚ ਪੀ. ਐਸ. ਯੂ. (ਲਲਕਾਰ) ਦਾ ਪਰਚਾ ਵੰਡਿਆ। ਆਮ ਲੋਕਾਂ ਅਤੇ ਖਾਸਕਰ ਦੂਜੇ ਅਦਾਰਿਆਂ ਦੇ ਵਿਦਿਆਰਥੀਆਂ ਨੇ ਸਾਰੀ ਮੁਹਿੰਮ ਦੀ ਹਮਾਇਤ ਕੀਤੀ ਅਤੇ ਵਾਦਾ ਕੀਤਾ ਕਿ ਜੇਕਰ ਕੋਈ ਅਗਲਾ ਐਕਸ਼ਨ ਉਲੀਕਿਆ ਜਾਂਦਾ ਹੈ ਤਾਂ ਉਹ ਵੀ ਇਸ ਵਿੱਚ ਸ਼ਾਮਲ ਹੋਣਗੇ। ਡੀ. ਸੀ. ਦਫ਼ਤਰ ਨੇ ਵਿਦਿਆਰਥਣਾਂ ਨਾਲ਼ ਸ਼ਾਮ 3 ਵਜੇ ਦਾ ਸਮਾਂ ਤੈਅ ਕੀਤਾ ਅਤੇ ਮੈਨੇਜਮੈਂਟ ਨਾਲ਼ ਗੱਲਬਾਤ ਕਰਾਉਣ ਦਾ ਵਾਦਾ ਕੀਤਾ।

ਇਸ ਪੂਰੇ ਘੋਲ਼ ਦੌਰਾਨ 6 ਮਾਰਚ ਸੋਮਵਾਰ ਤੋਂ ਹੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਥੀ ਵੀ ਹਮਾਇਤ ‘ਤੇ ਪਹੁੰਚੇ ਹੋਏ ਸਨ। ਇਹਨਾਂ ਸਾਥੀਆਂ ਤੋਂ ਸਾਨੂੰ ਆਸ ਤਾਂ ਇਹੀ ਸੀ ਕਿ ਇੱਕ ਭਰਾਤਰੀ ਜਥੇਬੰਦੀ ਹੋਣ ਦੇ ਨਾਤੇ ਇਹ ਇਸ ਘੋਲ਼ ਅਤੇ ਸਾਡੀ ਮਦਦ ਕਰਨਗੇ ਪਰ ਇਹਨਾਂ ਹਮਾਇਤ ਅਤੇ ਸਾਂਝੇ ਚੱਲਣ ਨੂੰ ਅਜਿਹਾ ਰਲ਼ਗੱਡ ਕੀਤਾ ਕਿ ਸਾਡੀਆਂ ਆਸਾਂ ਤੋਂ ਉਲਟ ਇਹਨਾਂ ਨੇ ਸਮਾਨਅੰਤਰ ਸਰਗਰਮੀਆਂ ਚਲਾਕੇ ਘੋਲ਼ ਨੂੰ ਢਾਹ ਲਾਉਣ ਵਿੱਚ ਭੂਮਿਕਾ ਨਿਭਾਈ। ਜਿਹੀ ਕਿ ਸਾਨੂੰ ਆਸ ਨਹੀਂ ਸੀ।

ਖੈਰ 8 ਮਾਰਚ ਸ਼ਾਮ ਨੂੰ ਕੋਈ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਵਿੱਚ ਪੈ ਕੇ ਜੋ ਕਾਲਜ ਮੈਨੇਜਮੈਂਟ ਨਾਲ਼ ਮੰਗਾਂ ਉੱਤੇ ਜ਼ੁਬਾਨੀ ਸਮਝੌਤਾ ਕੀਤਾ ਉਸ ਵਿੱਚੋਂ ਮੁੱਖ ਮੰਗਾਂ ਹੇਠ ਲਿਖੀਆਂ ਹਨ।

1. ਸਟਰੱਕ ਆਫ਼ ਦਾ ਨੇਮ ਬਿਲਕੁਲ ਖ਼ਤਮ ਕੀਤਾ ਜਾਵੇਗਾ।
2. ਪੰਜ ਲੱਖ ਤੱਕ ਦੀ ਆਮਦਨ ਵਾਲ਼ੇ ਵਿਦਿਆਰਥੀਆਂ ਨੂੰ ਫੀਸ ਵਾਪਸੀ ਕੀਤੀ ਜਾਵੇਗੀ।
3. ਹੋਸਟਲ ਦੇ ਹਲਾਤ ਸੁਧਾਰੇ ਜਾਣਗੇ।
4. ਮੈੱਸ ਦਾ ਖਾਣਾ ਠੀਕ ਕੀਤਾ ਜਾਵੇਗਾ।
5. ਸਟਰੱਕ ਆਫ਼ ਕੀਤੀਆਂ ਵਿਦਿਆਰਥਣਾਂ ਨੂੰ ਬਿਨਾ ਸ਼ਰਤ ਵਾਪਸ ਲਿਆ ਜਾਵੇਗਾ।
6. ਵਿਦਿਆਰਥਣਾਂ ਤੇ ਕੋਈ ਡਰੈਸ ਕੋਡ ਲਾਗੂ ਨਹੀਂ ਕੀਤਾ ਜਾਵੇਗਾ।
7. ਵਿਦਿਆਰਥਣਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਬੰਦ ਕੀਤਾ ਜਾਵੇਗਾ।

ਪਰ ਇਸ ਗੱਲ ਦੀ ਉਲਝਣ ਰਹਿ ਗਈ ਸੀ ਕਿ ਜਿਹਨਾਂ 22 (ਜੋ ਬਾਅਦ ਵਿੱਚ 4 ਹੋਰ ਮਿਲਾ ਕੇ 26 ਹੋ ਗਈਆਂ ਸਨ) ਵਿਦਿਆਰਥਣਾਂ ਨੂੰ ਸਸਪੈਂਡ ਕਰਨ ਲਈ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ। ਉਹਨਾਂ ਦਾ ਕੀ ਬਣੇਗਾ? ਪਰ ਵਿਦਿਆਰਥੀ ਏਕਤਾ ਦਾ ਦਬਾਅ ਨਾ ਸਹਾਰਦੇ ਹੋਏ 10 ਮਾਰਚ ਨੂੰ ਕਾਲਜ ਵੱਲੋਂ ਨਵਾਂ ਨੋਟਿਸ ਜਾਰੀ ਕੀਤਾ ਗਿਆ ਕਿ ਸਾਰੀਆਂ 26 ਵਿਦਿਆਰਥਣਾਂ ਕਲਾਸਾਂ ਲਗਾ ਸਕਦੀਆਂ ਹਨ ਅਤੇ ਇਹ ਕਿਹਾ ਕਿ 11 ਮਾਰਚ ਤੋਂ ਕਾਲਜ ਮੁੜ ਤੋਂ ਖੁੱਲੇਗਾ। ਉੱਧਰ ਵਿਦਿਆਰਥਣਾਂ ਨੇ ਵੀ ਕਿਹਾ ਹੈ ਕਿ ਜੇਕਰ ਕਾਲਜ ਪ੍ਰਸ਼ਾਸਨ ਮੰਗਾਂ ਲਾਗੂ ਕਰਵਾਉਣ ਤੋਂ ਮੁੱਕਰਦਾ ਹੈ ਤਾਂ ਉਹ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਲੜਾਈ ਵੀ ਲੜਨਗੀਆਂ। ਇਹ ਰਿਪੋਰਟ ਲਿਖੇ ਜਾਣ ਤੱਕ ਹਾਲੇ ਕਾਲਜ ਲੱਗਣਾ ਸ਼ੁਰੂ ਨਹੀਂ ਹੋਇਆ ਹੈ।

ਇਸ ਹੜਤਾਲ ਦੀ ਹੁਣ ਤੱਕ ਦੀ ਪ੍ਰਾਪਤੀ ਇਸ ਰੂਪ ਵਿੱਚ ਹੈ ਕਿ ਸਭ ਤੋਂ ਪਹਿਲਾਂ ਤਾਂ ਵਿਦਿਆਰਥਣਾਂ ਨੇ ਕਾਲਜ ਮੈਨੇਜਮੈਂਟ ਦਾ ਇਹ ਹੰਕਾਰ ਤੋੜਿਆ ਕਿ ਉਹਨਾਂ ਦੀ ਤਾਨਾਸ਼ਾਹੀ ਵਿਰੁੱਧ ਕੋਈ ਅਵਾਜ਼ ਨਹੀਂ ਚੁੱਕ ਸਕਦਾ। ਪੂਰੀ ਮੈਨੇਜਮੈਂਟ ਨੂੰ ਵਿਦਿਆਰਥਣਾਂ ਦੀ ਏਕਤਾ ਨੇ ਧੂਹ ਕੇ ਡੀ. ਸੀ. ਦਫ਼ਤਰ ਵਿੱਚ ਟੇਬਲ ਦੇ ਪਰਲੇ ਸਿਰੇ ‘ਤੇ ਬਹਿਕੇ ਗੱਲਬਾਤ ਲਈ ਲੈਕੇ ਆਂਦਾ। ਭਾਵੇਂ ਇਸ ਸੰਘਰਸ਼ ਵਿੱਚ ਕੁੱਝ ਕੁ ਵਿਦਿਆਰਥਣਾਂ ਵਿੱਚ ਇਹ ਭਰਮ ਸੀ ਕਿ ਸਿਆਸੀ ਪਹੁੰਚ ਵਾਲ਼ੇ ਵਿਅਕਤੀ ਆਪਣੀ ਪਹੁੰਚ ਦਿਖਾਕੇ ਸਾਰਾ ਮਾਮਲਾ ਉਹਨਾਂ ਦੇ ਹੱਕ ਵਿੱਚ ਭੁਗਤਾ ਦੇਣਗੇ ਪਰ ਨਾਲ਼ ਹੀ ਉਹਨਾਂ ਪੂਰੇ ਸੰਘਰਸ਼ ਵਿੱਚ ਇਹ ਵੀ ਸਿੱਖਿਆ ਕਿ ਬਾਹਰੋਂ ਨਹੀਂ ਸਗੋਂ ਉਹਨਾਂ ਦੀ ਅੰਦਰੂਨੀ ਏਕਤਾ ਨੇ ਹੀ ਸੰਘਰਸ਼ ਨੂੰ ਕਿਸੇ ਤਣ-ਪੱਤਣ ਲਾਉਣਾ ਹੈ। ਪੀ. ਐਸ. ਯੂ. (ਲਲਕਾਰ) ਨੇ ਭਾਵੇਂ ਮੌਕਾ-ਬਾਮੌਕਾ ਸਹੀ ਸਲਾਹ ਅਤੇ ਹਮਾਇਤ ਦੇ ਕੇ ਸੰਘਰਸ਼ ਨੂੰ ਲੀਹ ਸਿਰ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਹੀ ਹੈ ਪਰ ਇਸ ਵਿੱਚ ਵੀ ਮੁੱਖ ਭੂਮਿਕਾ ਇਹਨਾਂ ਸੰਘਰਸ਼ਸ਼ੀਲ ਵਿਦਿਆਰਥਣਾਂ ਦੀ ਏਕਤਾ ਅਤੇ ਲੜਾਈ ਲਈ ਮੈਦਾਨ ਵਿੱਚ ਡਟੇ ਰਹਿਣ ਨੇ ਹੀ ਨਿਭਾਈ ਹੈ। ਜਿਹੜੀਆਂ ਪੁਲਿਸ ਤੱਕ ਦੇ ਡਰਾਵਿਆਂ ਜਾਂ ਪੁਲਿਸ ਅਫ਼ਸਰਾਂ ਵੱਲੋਂ ਨਾਮ ਤੇ ਮੋਬਾਈਲ ਨੰਬਰ ਲਿਖੇ ਜਾਣ ਤੱਕ ਤੋਂ ਨਾ ਡਰੀਆਂ। ਸਗੋਂ ਇਸ ਦਾ ਵੀ ਡਟਵਾਂ ਵਿਰੋਧ ਕੀਤਾ ਤੇ ਪੁਲਿਸ ਨੂੰ ਪੈਰ ਪਿੱਛੇ ਹਟਾਉਣਾ ਪਿਆ। ਇਸ ਪੂਰੇ ਸੰਘਰਸ਼ ਵਿੱਚ ਇੱਕ ਗੱਲ ਤਾਂ ਹੁਣ ਤੈਅ ਹੀ ਹੈ ਕਿ ਇੰਨੇ ਲੰਬੇ ਤੇ ਇੱਕਜੁੱਟ ਸੰਘਰਸ਼ ਵਿੱਚੋਂ ਨਿਕਲੀਆਂ ਇਹ ਵਿਦਿਆਰਥਣਾਂ ਹੁਣ ਉਹ ਨਹੀਂ ਰਹਿ ਜਾਣਗੀਆਂ ਜੋ 28 ਫਰਵਰੀ 2017 ਤੋਂ ਪਹਿਲਾਂ ਹੁੰਦੀਆਂ ਸਨ ਅਤੇ ਨਾ ਹੀ ਕਾਲਜ ਮੈਨੇਜਮੈਂਟ ਜਾਂ ਕਾਲਜ ਦਾ ਮਾਹੌਲ ਹੁਣ ਉਹ ਰਹਿ ਜਾਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements